Saturday, April 28, 2012

ਨਜ਼ਮ ਦਾ ਅਨੁਮਾਨ.. ..

ਕੁੱਝ ਦੋਸਤਾਂ ਨਾਲ਼ ਕੀਤੇ ਇਕਰਾਰ ਮੁਤਾਬਿਕ ਆਪਣੀਂ ਇੱਕ ਨਵੀਂ ਨਜ਼ਮ ਸਭ ਦੀ ਨਜ਼ਰ ਕਰ ਰਿਹਾ ਹਾਂ, ਹੋ ਸਕਦੈ ਸਭ ਨੂੰ ਹੀ ਪਸੰਦ ਆ ਜਾਵੇ। ਇਹ ਨਜ਼ਮ ਮੈਂ ਮੁੰਬਈ ਗੋਰਾਈ ਬੀਚ ਦੇ ਉਸ ਪਾਰ ਜਾਕੇ ਇੱਕ ਛੋਟੇ ਜਿਹੇ ਪਿੰਡ ਅਤੇ ਸਮੁੰਦਰ ਦੀਆਂ ਲਹਿਰਾਂ ਦੇ ਵਿਚਕਾਰ ਬਹਿਕੇ ਉਸ ਵੇਲ਼ੇ ਲਿਖੀ ਸੀ ਜਦੋਂ ਇੱਕ ਬਹੁਤ ਹੀ ਖੂਬਸੂਰਤ ਕਰਿਸ਼ਚੀਅਨ ਕੁੜੀ 'ਚਾਰੀ' ਮੈਨੂੰ ਇਕੱਲਾ ਬੈਠਾ ਦੇਖਕੇ ਮੈਨੂੰ ਉਹਨਾਂ ਦੀ ਘਰ ਦੀ ਕੱਢੀ ਸ਼ਰਾਬ 'ਜਾਮੁਲ' ਦੀ ਬੋਤਲ ਵੇਚਣ ਆਈ ਸੀ ਅਤੇ ਕਿੰਨੀਂ ਹੀ ਦੇਰ ਮੇਰੇ ਨਾਲ਼ ਬੈਠੀ ਗੱਲਾਂ ਮਾਰਦੀ ਇਹ ਵਾਅਦਾ ਲੈਕੇ ਗਈ ਸੀ ਕਿ ਜਦੋਂ ਵੀ ਮੈਂ ਉਸ ਪਾਸੇ ਆਵਾਂਗਾ, ਤਾਂ ਉਸੇ ਤੋਂ ਹੀ 'ਜਾਮੁਲ' ਖਰੀਦਕੇ ਆਪਣੀਂ ਸ਼ਾਮ ਨੂੰ ਸ਼ਬਦਾਂ ਦੇ ਹਵਾਲੇ ਕਰਿਆ ਕਰਾਂਗਾ।  

ਸਿਰਫ ਇੱਕ ਵੇਰ.......


 ਤੂੰ ਲਹਿਰ ਹੈਂ
 ਇੱਕ ਪਲ ਰੁਕ
 ਮੈਨੂੰ ਤੇਰੇ ਮੱਥੇ 'ਚ
         ਆਪਣਾ ਨਾਮ ਲਿਖ ਲੈਣ ਦੇ
 ਫਿਰ ਚਾਹੇ
 ਮੈਨੂੰ ਕਿਧਰੇ ਵੀ ਵਹਾ ਕੇ ਲੈ ਜਾਈਂ

 ਇੱਕ ਪਲ ਰੁਕ
 ਮੈਨੂੰ ਤੇਰੇ ਮੱਥੇ 'ਚ ਆਪਣਾ
                 ਨਾਮ ਲਿਖ ਲੈਣਦੇ


 ਮੈਂ ਆਪਣੀ
 ਹਰ ਸਵੇਰ ,ਹਰ ਸ਼ਾਮ
 ਆਪਣੀ ਜਿੰਦਗੀ ਦੇ ਸਾਰੇ ਰੰਗ
 ਰੰਗਾਂ ਦੀ ਸਾਰੀ ਖੂਸਬੂ
 ਤੇਰੇ ਨਾਮ ਲੁਆ ਸਕਦਾ ਹਾਂ
 ਮੈਨੂੰ ਤੇਰੇ ਮੱਥੇ 'ਚ
          ਆਪਣਾਂ ਨਾਮ ਲਿਖ ਲੈਣ ਦੇ

 ਕੁਦਰਤ ਨੇ ਦਿੱਤੀ ਮੇਰੇ ਹਿੱਸੇ ਦੀ
                       ਬਸੰਤ –ਬਹਾਰ
 ਹਰ ਮੌਸਮ ਦੀ ਹਰ ਰੁੱਤ
 ਤੇਰੇ ਲਈ
 ਮਹਿਫੂਜ ਰੱਖੇ ਮੋਹ ਦੇ ਬੋਲ
 ਉਹਨਾਂ ਬੋਲਾਂ 'ਚ
 ਪਨਾਹ ਲਈ ਬੈਠੀ ਬਰਸਾਤ                                                          
 ਤੇਰੇ ਨਾਮ ਲੁਆ ਸਕਦਾ ਹਾਂ
 ਮੈਨੂੰ ਇੱਕ ਵੇਰ
 ਤੇਰੇ ਮੱਥੇ 'ਚ
           ਆਪਣਾਂ ਨਾਮ ਲਿਖ ਲੈਣਦੇ                                                        

                                                 
 ਮੇਰੀਆਂ ਨਜ਼ਮਾਂ 'ਚ
 ਸ਼ਹਿ ਲਾਈ ਬੈਠਾ ਤੇਰਾ
                 ਕਪਾਹੀ ਹੁਸਨ
                                                           
 ਮੇਰੇ ਗੀਤਾਂ ਦੀ ਜੂਨ ਭੋਗਦੀ
 ਤੇਰੀ ਚਾਨਣੀ ਜਿਹੀ ਉਮਰ
 ਸੱਚ ਪੁੱਛੇ—
 ਤਾਂ ਆਪਣੀ ਸ਼ਾਇਰੀ
 ਤੇਰੇ ਨਾਮ ਲੁਆ ਸਕਦਾ ਹਾਂ
 ਮੈਨੂੰ ਇੱਕ ਵਾਰ
 ਤੇਰੇ ਮੱਥੇ 'ਚ
     ਆਪਣਾ ਨਾਮ ਲਿਖ ਲ਼ੈਣਦੇ  

 ਤੂੰ ਲਹਿਰ ਹੈਂ ,ਨਦੀ ਹੈਂ
 ਇੱਕ ਪਲ ਰੁਕ
 ਮੈਨੂੰ ਸਿਰਫ ਇੱਕ ਵੇਰ
 ਤੇਰੇ ਮੱਥੇ 'ਚ
     ਆਪਣਾ ਨਾਮ ਲਿਖ ਲੈਣਦੇ
 ਫਿਰ ਚਾਹੇ
 ਕਿਧਰੇ ਵੀ ਵਹਾ ਕੇ ਲੈ ਜਾਵੀਂ ਮੈਨੂੰ .. ।

Thursday, April 26, 2012

 "ਵਿਵੇਕ ਸ਼ੌਕ".. .. .. .. ..!!!!!

ਰਾਣਾਂ ਰਣਬੀਰ ਪੰਜਾਬੀ ਸਿਨੇਮਾਂ ਦਾ ਇੱਕ ਉਮਦਾ ਅਤੇ ਬਹੁ ਦਿਸ਼ਾਵੀਂ ਕਲਾਕਾਰ ਹੈ, ਲੇਕਿਨ ਇਸ ਫਿਲਮ (ਅੱਜ ਦੇ ਰਾਂਝੇ) ਅੰਦਰਲਾ ਉਸਦਾ ਕਿਰਦਾਰ ਸਾਹਮਣੇਂ ਆਉਂਦਿਆਂ ਹੀ ਅੱਖਾਂ ਵਿੱਚ ਸਿੱਲ੍ਹ ਉੱਤਰ ਆਉਂਦੀ ਹੈ, ਕਿਉਂਕਿ ਜਿਸ ਸਖ਼ਸ ਲਈ ਇਹ ਕਿਰਦਾਰ ਲਿਖਿਆ ਗਿਆ ਸੀ ਉਹ ਉਹਨਾਂ ਦਿਨਾਂ ਵਿੱਚ ਹੀ ਇਸ ਜਗਤ ਨੂੰ... ਅਲਵਿਦਾ ਕਹਿ ਗਿਆ ਸੀ ਜਿਹਨਾਂ ਦਿਨਾਂ ਵਿੱਚ ਸਰਾਓ ਹੋਟਲ ਵਿੱਚ ਬੈਠਕੇ ਰਾਣਾਂ ਜੀ ਉਸਦੇ ਕਿਰਦਾਰ ਦਾ ਮੁਹਾਂਦਰਾ ਉਲੀਕ ਰਹੇ ਸਨ !.. .. ਤੇ ਜੇਕਰ ਉਹ ਅੱਜ ਸਾਡੇ ਦਰਮਿਆਨ ਹੁੰਦਾ ਤਾਂ ਉਸ ਅਜ਼ੀਮ ਕਲਾਕਾਰ "ਵਿਵੇਕ ਸ਼ੌਕ" ਨੇ ਵੀ 'ਅੱਜ ਦੇ ਰਾਂਝੇ' ਦੇ ਪ੍ਰੀਵਾਰ ਦਾ ਮੈਂਬਰ ਹੋਣਾਂ ਸੀ.. .. ਉਫ਼.. ..!!!!!

Saturday, July 30, 2011

(ਇਨ ਕੌਫ਼ੀ ਕਲੱਬ)-ਤਨਦੀਪ ਤਮੰਨਾਂ-ਦਰਸ਼ਨ ਦਰਵੇਸ਼


ਤਨਦੀਪ - ਤੁਹਾਡੇ ਕਿਰਦਾਰ 'ਚ ਸਭ ਤੋਂ ਵਧੀਆ ਖ਼ੂਬੀ ਕੀ ਹੈ
ਦਰਵੇਸ਼ - ਅੱਖਾਂ ਬੰਦ ਕਰਕੇ ਹਰ ਨਵੇਂ ਚਿਹਰੇ ਉੱਪਰ ਵਿਸ਼ਵਾਸ ਕਰ ਲੈਣਾ। ਹਰ ਵੇਲ਼ੇ ਗੁਰਬਾਣੀ ਦੀ ਛੱਤ ਮਹਿਸੂਸ ਕਰਨਾ।ਨਾਮ ਤੋਂ ਵੱਧ ਕਿਰਤ ਨੂੰ ਪਹਿਲ ਦੇਣੀ।
......
ਤਨਦੀਪ - ਉਹ ਇੱਕ ਨਾਮ ਜਿਹੜਾ ਤੁਹਾਨੂੰ ਕਦੇ ਨਹੀਂ ਭੁੱਲਿਆ
ਦਰਵੇਸ਼ - ਮੈਂ ਉਸਨੂੰ ਕਦੇ ਨਾਮ ਲੈ ਕੇ ਨਹੀਂ ਸੀ ਬੁਲਾਇਆ, ਹਮੇਸ਼ਾ ਆਪਣੇ ਦਿੱਤੇ ਨਾਮ 'ਸਿਰਲੇਖ' ਨਾਲ ਹੀ ਪੁਕਾਰਦਾ ਸੀ।
........
ਤਨਦੀਪ - ਮੌਕਾ ਮਿਲ਼ੇ ਤਾਂ ਤੁਸੀਂ ਪੰਜਾਬੀ ਪ੍ਰਕਾਸ਼ਕਾਂ ਅਤੇ ਪੰਜਾਬੀ ਫਿਲਮ ਨਿਰਮਾਤਾਵਾਂ 'ਚੋਂ ਕੀਹਦੇ 'ਤੇ ਨਜ਼ਲਾ ਝਾੜੋਂਗੇ
ਦਰਵੇਸ਼ - ਇਹ ਮੌਕਾ ਤਾਂ ਮਿਲ਼ਦਾ ਹੀ ਰਹਿੰਦਾ ਹੈ। ਮੈਂ ਇਹਨਾਂ ਦੇ ਹਾਲ ਉੱਪਰ ਹੱਸਦਾ ਵੀ ਹਾਂ, ਮਾਯੂਸ ਵੀ ਹੁੰਦਾ ਹਾਂ। ਦੋਨੋਂ ਹੀ ਮੇਰੇ ਸੱਜੇ ਖੱਬੇ ਰਹਿੰਦੇ ਨੇ। ਦੋਨੋਂ ਹੀ ਤਕਰੀਬਨ ਸਿਰਫ਼ ਵਪਾਰੀ ਨੇ। ਦੋਨਾਂ ਕੋਲ਼ ਹੀ ਸਮਾਜ ਦੇ ਕੋਹਜ ਨੂੰ ਵੇਖਣ ਵਾਲੀ ਅੱਖ ਨਹੀਂ। ਦੋਨਾਂ ਬਾਰੇ ਹੀ ਬਿਨਾਂ ਰੁਕਿਆਂ ਬੜਾ ਕੁਝ ਲਿਖਿਆ, ਬੋਲਿਆ ਜਾ ਸਕਦਾ ਹੈ।
.........
ਤਨਦੀਪ - ਉਹ ਸ਼ਖ਼ਸ ਜਿਹਨਾਂ ਨੂੰ ਮਿਲ਼ਣ ਦੀ ਤੁਹਾਨੂੰ ਹਰ ਵਕਤ ਤਾਂਘ ਰਹਿੰਦੀ ਹੈ
ਦਰਵੇਸ਼ - ਮੇਰਾ ਪਿੰਡ, ਮਾਂ-ਬਾਪ, ਗੁਰੂਦੇਵ ਮਨਮੋਹਨ ਸਿੰਘ, ਤਨਦੀਪ ਤਮੰਨਾ ਅਤੇ ਸਿਮਰਪਾਲ ਸੰਧੂ।
.........
ਤਨਦੀਪ - ਜ਼ਿੰਦਗੀ 'ਚ ਕਿੰਨੀ ਵਾਰ ਮੁਹੱਬਤ ਕੀਤੀ ਹੈ
ਦਰਵੇਸ਼ - ਸਿਰਫ਼ ਇੱਕ ਵਾਰ ਅਤੇ ਅਨੇਕਾਂ ਵਾਰ ਕਰ ਰਿਹਾ ਹਾਂ, ਕਰਦਾ ਰਹਾਂਗਾ ਆਪਣੇ ਅਮਰ ਹੋਣ ਤੱਕ ਵੀ।
..........
ਤਨਦੀਪ - ਉਹ ਕਿਹੜਾ ਖਾਣਾ, ਜਿਸਨੂੰ ਤੁਸੀਂ ਖਾਣੇ ਦੇ ਮੇਜ਼ 'ਤੇ ਕਦੇ ਵੀ ਵੇਖਣਾ ਨਹੀਂ ਚਾਹੁੰਦੇ
ਦਰਵੇਸ਼ - ਜਿਸ ਅੰਦਰੋਂ ਮਨ ਦੀ ਮਹਿਕ ਨਾ ਆਉਂਦੀ ਹੋਵੇ।
..........
ਤਨਦੀਪ - ਤੁਹਾਨੂੰ ਤੁਹਾਡੇ ਦੋਸਤਾਂ ਦੀ ਕਿਹੜੀ ਗੱਲ ਜ਼ਿਆਦਾ ਚੰਗੀ ਲੱਗਦੀ ਹੈ
ਦਰਵੇਸ਼ - ਕੋਈ ਵੀ ਗੱਲ ਨਹੀਂ। ਕਿਉਂਕਿ ਕਿਸੇ ਕੋਲ਼ ਵੀ ਦੋਸਤੀ ਨੂੰ ਪਰਖਣ ਵਾਸਤੇ ਸਮਾਂ ਹੀ ਨਹੀਂ ਰਿਹਾ। ਜੀਤ ਚਚੋਹਰ ਦੇ ਲਿਖਣ ਵਾਂਗ-'ਮਿੰਟਾਂ ਸਕਿੰਟਾਂ 'ਚ ਟੁੱਟ ਜਾਂਦੀ ਯਾਰੀ ਅੱਜ ਕੱਲ੍ਹ ਤਾਂ ਜੁਆਕਾਂ ਵਾਂਗੂੰ ਯਾਰਾਂ ਦੀ'।
............
ਤਨਦੀਪ - ਲੋਕ-ਗਾਥਾਵਾਂ/ਕਿੱਸਿਆਂ ਵਿਚ ਤੁਹਾਡਾ ਚਹੇਤੇ ਨਾਇਕ/ਨਾਇਕਾ ਕੌਣ ਹਨ
ਦਰਵੇਸ਼ - ਮਿਰਜ਼ਾ , ਸੋਹਣੀ ਅਤੇ ਇੰਦਰ-ਬੇਗੋ।
..........
ਤਨਦੀਪ - ਉਹ ਗੀਤ ਜੋ ਤੁਸੀਂ ਅਕਸਰ ਗੁਣਗੁਣਾਉਣਾ ਪਸੰਦ ਕਰਦੇ ਹੋ
ਦਰਵੇਸ਼ - ਵੈਸੇ ਤਾਂ ਕਈ ਨੇ ਜਿਹੜੇ ਅਕਸਰ ਮੇਰੇ ਬੁੱਲ੍ਹਾਂ ਤੇ ਲਰਜ਼ਦੇ ਰਹਿੰਦੇ ਨੇ ਪਰ ਇੱਕ ਗੀਤ ਸਦਾ ਰਈ ਚੇਤਿਆਂ ਵਿਚ ਖੁਣਿਆ ਗਿਆ ਹੈ, ਜਿਹੜਾ 1984 ਨਾਲ ਸਬੰਧਿਤ ਸੀ-'ਵੇ ਨਿੱਕਿਆ ਤੇਰਾ ਜੂੜਾ ਕਰਦੀ। ਕਦੇ ਮੈਂ ਜਿਊਂਦੀ ਕਦੇ ਮੈਂ ਮਰਦੀ'। ਹੁਣ ਮੈਂ ਇਸਨੂੰ 1947 ਨਾਲ਼ ਵੀ ਜੋੜ ਲੈਂਦਾ ਹੈ ਜਾਂ ਉਹੋ ਜਿਹੀ ਕਿਸੇ ਵੀ ਕਾਲ਼ੀ ਹਵਾ ਵਾਲ਼ੇ ਦੌਰ ਨਾਲ਼।
...........
ਤਨਦੀਪ - ਸ਼ਾਇਰ ਦਰਵੇਸ਼ ਨੂੰ ਸਭ ਤੋਂ ਵੱਧ ਕੌਣ ਜਾਣਦੈ...
ਦਰਵੇਸ਼ - ਮੇਰੀ ਸ਼ਾਇਰੀ, ਮੇਰੇ ਗੀਤ, ਮੇਰੀ ਲਾਇਬਰੇਰੀ ਦੀਆਂ ਫਿਲਮਾਂ ਅਤੇ ਕਿਤਾਬਾਂ, ਅਤੇ ਕਿਸੇ ਪਹਾੜੀ ਉਪਰਲਾ ਉਹ ਘਰ, ਜਿਹੜਾ ਮੇਰੇ ਮਨ ਅੰਦਰ ਉੱਸਰਿਆ ਹੋਇਆ ਹੈ।

(ਇਨ ਕੌਫ਼ੀ ਕਲੱਬ)-ਤਨਦੀਪ ਤਮੰਨਾਂ-ਰਵਿੰਦਰ ਰਵੀ


ਤਨਦੀਪ - ਤੁਹਾਡੇ ਕਿਰਦਾਰ 'ਚ ਸਭ ਤੋਂ ਵਧੀਆ ਖ਼ੂਬੀ ਕੀ ਹੈ
ਰਵੀ - ਮੈਂ ਜੀਵਨ ਤੇ ਸਾਹਿਤ ਨੂੰ ਪੂਰਨ ਰੂਪ ਵਿਚ ਵਚਨਬੱਧ ਹਾਂ! ਰੱਜ ਕੇ ਜਿਊਂਦਾ ਹਾਂ ਤੇ ਲਗਾਤਾਰ ਲਿਖਦਾ ਹਾਂ! ਮੇਰਾ ਜੀਵਨ ਤੇ ਸਾਹਿਤ ਇਕ ਦੂਜੇ ਦੇ ਪੂਰਕ ਹਨ!
...........
ਤਨਦੀਪ - ਜੇ ਦੁਬਾਰਾ ਜ਼ਿੰਦਗੀ ਸ਼ੁਰੂ ਕਰਨੀ ਹੋਵੇ, ਤਾਂ ਤੁਹਾਡਾ ਜੀਵਨ-ਸਾਥੀ ਕਿਹੋ ਜਿਹਾ ਹੋਵੇਗਾ
ਰਵੀ - ਪੂਰਨ ਰੂਪ ਵਿਚ ਮਨ ਦਾ ਹਾਣੀ!
ਮਨ ਨੂੰ ਮਿਲੇ ਜੇ ਮਨ ਦਾ ਹਾਣੀ
ਤਨ ਵੀ ਹਾਣੀ ਹੋ ਜਾਂਦਾ ਹੈ
ਸੂਰਜ ਦੇ ਨਾਲ ਚਾਨਣ ਵਾਂਗੂੰ
ਮੋਢਾ ਜੋੜ ਖੜੋ ਜਾਂਦਾ ਹੈ
(ਕਾਵਿ-ਨਾਟਕ: "ਮਨ ਦੇ ਹਾਣੀ" ਵਿੱਚੋਂ)
..........
ਤਨਦੀਪ - ਪਿਤਾ ਦੀ ਇਕ ਐਸੀ ਝਿੜਕ ਜੋ ਅੱਜ ਤੱਕ ਨਾ ਭੁੱਲੀ ਹੋਵੇ?
ਰਵੀ - ਉਨ੍ਹਾਂ ਨੂੰ ਨਾ-ਪਸੰਦ ਮੇਰਾ ਨੇੜਲੇ ਪਿੰਡ ਦੀ ਕੁੜੀ ਨਾਲ਼ ਇਸ਼ਕ, ਜਿਸ ਨੂੰ ਉਹ ਮੇਰੇ ਐਫ.ਐਸ਼.ਸੀ. (ਮੈਡੀਕਲ) ਵਿੱਚੋਂ ਦੋ ਤਿੰਨ ਵਾਰੀ ਫੇਲ੍ਹ ਹੋਣ ਦਾ ਕਾਰਨ ਮੰਨਦੇ ਸਨ!
..........
ਤਨਦੀਪ - ਦੁਨੀਆਂ ਦੇ ਇਤਿਹਾਸ 'ਚ ਉਹ ਕਿਹੜਾ ਸ਼ਖ਼ਸ ਹੈ ਜਿਸ ਨੇ ਤੁਹਾਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਹੋਵੇ
ਰਵੀ - ਯੂਨਾਨੀ ਨਾਵਲਿਸਟ ਕਜ਼ਾਨ ਜ਼ਾਕਸ, ਜਿਸਦੇ ਨਾਵਲ "ਜ਼ੋਰਬਾ ਦ ਗਰੀਕ" ਵਿੱਚੋਂ ਜੀਵਨ ਨੂੰ ਭਰਪੂਰ ਰੂਪ ਵਿਚ ਜੀਵਣ ਤੇ ਮਾਨਣ ਦੀ ਪ੍ਰੇਰਨਾ ਮਿਲਦੀ ਹੈ!
..........
ਤਨਦੀਪ - ਕਿਹੜਾ ਕਸੂਰ ਸੀ ਜਿਸ ਦੀ ਸਜ਼ਾ ਤੁਸੀਂ ਚੁੱਪ ਚਾਪ ਕਬੂਲ ਲਈ ਸੀ?
ਰਵੀ - ਕੋਈ ਵੀ ਨਹੀਂ! ਮੈਂ ਬਚਪਨ ਤੋਂ ਹੀ ਵਿਦਰੋਹੀ ਸਾਂ! ਬੋਸੀਦਾ ਰਸਮਾਂ ਤੇ ਰਵਾਇਤਾਂ ਨੂੰ ਤੋੜਨ ਵਿਚ ਯਕੀਨ ਰੱਖਦਾ ਸਾਂ!
...........
ਤਨਦੀਪ - ਕਿਤਾਬ ਲਿਖਣ ਵੇਲੇ ਤੁਹਾਡਾ ਸਭ ਤੋਂ ਵੱਡਾ ਪ੍ਰੇਰਣਾ-ਸ੍ਰੋਤ ਕੌਣ ਹੁੰਦੈ?
ਰਵੀ - ਮੇਰਾ ਆਪਣਾ ਜੀਵਨ, ਜੀਵਨ-ਅਨੁਭਵ! ਮੇਰਾ ਸਿਧਾਂਤ ਹੈ ਕਿ ਰਚਨਾ, ਰਚਨਹਾਰੇ ਦਾ ਰਚਨਾਤਮਿਕ ਆਪਾ ਹੰਦੀ ਹੈ ਤੇ ਸੁਹਿਰਦ ਅਨੁਭਵ ਉਸ ਦੀ ਰੀੜ੍ਹ ਦੀ ਹੱਡੀ!
............
ਤਨਦੀਪ - ਤੁਸੀਂ ਕਦੋਂ ਅਤੇ ਕਿਹੜੀ ਜਗ੍ਹਾ 'ਤੇ ਜ਼ਿਆਦਾ ਖ਼ੁਸ਼ ਰਹੇ ਹੋ?
ਰਵੀ - ਕੀਨੀਆ ਵਿਚ ਬਿਤਾਏ 1967 ਤੋਂ 1974 ਤਕ ਦੇ ਵਰ੍ਹੇ, ਮੇਰੇ ਜੀਵਨ ਦੇ ਖ਼ੁਸ਼ੀਆਂ-ਭਰਪੂਰ ਅਭੁੱਲ ਵਰ੍ਹੇ ਹਨ!

(ਇਨ ਕੌਫ਼ੀ ਕਲੱਬ)-ਤਨਦੀਪ ਤਮੰਨਾਂ-ਅਮਰੀਕ ਗਾਫ਼ਿਲ


ਤਨਦੀਪ - ਤੁਹਾਡੇ ਕਿਰਦਾਰ ‘ਚ ਸਭ ਤੋਂ ਵਧੀਆ ਖ਼ੂਬੀ ਕੀ ਹੈ
ਗ਼ਾਫ਼ਿਲ - ਮੈਂ ਹਰ ਹਾਲ ਚ ਖ਼ੁਸ਼ ਰਹਿਣ ਦੀ ਤੇ ਦੂਜੇ ਨੂੰ ਖ਼ੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਹਾਂ .....
..........
ਤਨਦੀਪ - ਇਕ ਔਰਤ ਦੋਸਤ ਵਿਚ ਕਿਹੜਾ ਗੁਣ ਤੁਹਾਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ
ਗ਼ਾਫ਼ਿਲ -ਇਕ ਔਰਤ ਦੋਸਤ ਦਾ ਸੱਭ ਤੋਂ ਵੱਡਾ ਗੁਣ ਤਾਂ ਇਹ ਹੈ ਕਿ ਉਹ frank .... ਹੋਵੇ ਤੇ ਐਵੇਂ ਛੋਟੀ ਛੋਟੀ ਗੱਲ ਨੂੰ ਅੱਲ੍ਹੜਾਂ ਵਾਂਗ ਨਾ ਲੈਂਦੀ ਹੋਵੇ......ਮੈਨੂੰ ਕਿਸੇ ਗੱਲ ਤੋਂ ਟੋਕਦੀ ਹੋਵੇ ਤੇ ਖ਼ੁਦ ਵੀ ਡਾਂਟ ਖਾਣ ਦੀ ਸਮਰੱਥਾ ਰੱਖਦੀ ਹੋਵੇ ...ਜੇ ਦੋਸਤੀ ਕਰੇ ਤਾਂ ਫਿਰ ਕੋਈ ਗੱਲ ਛੁਪਾ ਕੇ ਨਾ ਰੱਖੇ...ਮੇਰੀ ਇਕ ਦੋਸਤ ਹੈ ਬਸ....ਉਹਦੀਆਂ ਖ਼ੂਬੀਆਂ ਨੇ ਇਹ ਸਭ..
...........
ਤਨਦੀਪ - ਜ਼ਿੰਦਗੀ ਵਿਚ ਮੁਹੱਬਤ ਨੇ ਗ਼ਮ ਜ਼ਿਆਦਾ ਦਿੱਤੇ ਹਨ ਕਿ ਖ਼ੁਸ਼ੀ
ਗ਼ਾਫ਼ਿਲ -ਮੁਹੱਬਤ ਤੁਹਾਨੂੰ ਕੀ ਦਿੰਦੀ ਏ....ਇਹ ਜਵਾਬ ਤਾ ਸਭ ਲੋਕ ਇਹ ਹੀ ਦਿੰਦੇ ਨੇ ..ਗ਼ਮ...ਪਰ ਤੁਸੀਂ ਮੁਹੱਬਤ ਨੂੰ ਕੀ ਦਿੱਤਾ ਇਹਦਾ ਜਵਾਬ ਕੋਈ ਨਹੀਂ ਦਿੰਦਾ ਤੇ ਨਾ ਕੋਈ ਪੁੱਛਦਾ ਏ...
...........
ਤਨਦੀਪ - ਕੋਈ ਐਸੀ ਗੱਲ ਜੋ ਅੱਜ ਕਬੂਲਣਾ ਚਾਹੁੰਦੇ ਹੋਵੋ
ਗ਼ਾਫ਼ਿਲ -ਬਹੁਤ ਕੁਛ ਗ਼ਲਤ ਹੋ ਗਿਆ ਹੈ ਅਣਜਾਣੇ ਵਿੱਚ......ਜ਼ਿੰਦਗੀ ਨੂੰ ਚੁਰਾਹੇ ‘ਤੇ ਲਿਆ ਲਿਆ ਕੇ ਭੰਡ ਬੈਠਾ ਹਾਂ....ਪਤਾ ਨਹੀਂ ਕੀ ਕਰਨਾ ਪਏਗਾ ਪਸ਼ਚਾਤਾਪ ਜਾਂ ਪ੍ਰਾਸ਼ਚਿਤ....
...........
ਤਨਦੀਪ - ਤੁਹਾਡੀ ਮਨ-ਪਸੰਦ ਕਿਤਾਬ ਕਿਹੜੀ ਤੇ ਕਿਉਂ ਹੈ
ਗ਼ਾਫ਼ਿਲ - ਅਸਲ ਚ ਮੈਂ ਉਨਾਂ ਚੋਂ ਹਾਂ ਜਿਨ੍ਹਾਂ ਨੂੰ ਕਿਤਾਬਾਂ ਨਾਲ ਰਹਿਣ ਦਾ ਏਨਾ ਮੌਕ਼ਾ ਨਹੀਂ ਮਿਲਿਆ ....ਉਹ ਕੁਝ ਹੀ ਪੜ੍ਹ ਸਕਿਆ ਹਾਂ ਜੋ ਸਿਲੇਬਸ ਵਿੱਚ ਹੁੰਦਾ ਸੀ ਸਕੂਲ-ਕਾਲਜ ਵਿੱਚ....ਮੜ੍ਹੀ ਦਾ ਦੀਵਾ..ਨਾਵਲ ਚੰਗਾ ਲੱਗਦਾ ਏ....ਅਸਮਾਜਿਕ ਅਸਮਾਨਤਾ
..........
ਤਨਦੀਪ - ਮਾਂ ਦੀ ਇਕ ਆਸੀਸ/ਗੱਲ ਜਿਹੜੀ ਪਰਦੇਸ ‘ਚ ਹਮੇਸ਼ਾ ਯਾਦ ਆਉਂਦੀ ਹੋਵੇ
ਗ਼ਾਫ਼ਿਲ - ਮਾਂ ਨੂੰ ਕਦੇ ਮੈਂ ਭੁੱਲਿਆ ਹੀ ਨਹੀਂ ਜਦ ਮੈਂ ਪਹਿਲੀ ਵਾਰ ਪ੍ਰਦੇਸ ਵਾਸਤੇ ਘਰੋਂ ਨਿਕਲਿਆ ਸਾਂ ਮਾਂ ਨੇ ਖੰਡ ਪਾ ਕੇ ਦਹੀਂ ਦਿੱਤਾ ਸੀ...ਜਿੱਦਾਂ ਮੈਂ ਲਾਮ ‘ਤੇ ਚੱਲਿਆ ਹੋਵਾਂ ..ਮੇਰੀ ਭੋਲ਼ੀ ਮਾਂ...!
...........
ਤਨਦੀਪ - ਜੇ ਮੌਕਾ ਮਿਲ਼ੇ ਤਾਂ ਜ਼ਿੰਦਗੀ ‘ਚੋਂ ਕੀ ਬਦਲਨਾ ਚਾਹੋਂਗੇ
ਗ਼ਾਫ਼ਿਲ - ਜ਼ਿੰਦਗੀ ਚੋਂ ਬਦਲਣ ਦੀ ਗੱਲ ਤਾਂ ਇਸਤਰ੍ਹਾਂ ਹੀ ਹੈ ਕਿ ਖ਼ੁਦ ਨੂੰ ਹੀ ਮਨਫ਼ੀ ਕਰਨ ਦੀ ਇੱਛਾ ਹੈ....
ये भी सच है ज़िंदगी जैसा नहीँ कुछ भी बचा
हमसे लेकिन चाह के भी खुदकुशी होती नहीं।
..........
ਤਨਦੀਪ - ਗੱਲਾਂ-ਗੱਲਾਂ ‘ਚ ਕਿਤੇ ਕੋਈ ਮਿਲ਼ ਜਾਏ ਤਾਂ ਕੀ ਕਰੋਗੇ
ਗ਼ਾਫ਼ਿਲ - ਇਹ ਤਾਂ ਪ੍ਰਸਥਿਤੀਆਂ ਤੇ ਨਿਰਭਰ ਕਰਦੈ..ਕਿਉਂਕਿ ਇਹ ਕੋਈ ਪੈਂਤਰੇਬਾਜ਼ੀ ਦਾ ਮਾਮਲਾ ਤਾਂ
ਨਹੀਂ ਹੈ....
...........
ਤਨਦੀਪ - ਤੁਹਾਡੇ ਮਨ ‘ਤੇ ਕਿਹੜੀ ਕੈਫ਼ੀਅਤ ਜ਼ਿਆਦਾ ਭਾਰੂ ਰਹਿੰਦੀ ਹੈ
ਗ਼ਾਫ਼ਿਲ - ਮੈਂ ਆਪਣੇ ਆਪ ਨੂੰ ਰਖਦਾ ਹਾਂ ਬਾਲ਼ ਕੇ ਗ਼ਾਫ਼ਿਲ
ਰਹੇ ਮਲਾਲ ਨਾ ਤੈਨੂੰ ਕਿ ਬੇ-ਚਰਾਗ਼ ਹਾਂ ਮੈਂ....
...........
ਤਨਦੀਪ - ਦੁਨੀਆਂ ‘ਚ ਵਸਣ ਲਈ ਤੁਹਾਡੀ ਮਨ-ਪਸੰਦ ਜਗ੍ਹਾ ਕਿਹੜੀ ਹੈ
ਗ਼ਾਫ਼ਿਲ - ਤਨਦੀਪ ਜੀ! ਦੇਖਿਓ ਮੈਨੂੰ ਘਰ ਜਾਣ ਜੋਗਾ ਛੱਡ ਦਿਓ ਹੋਰ ਨਾ ਘਰ no-entry ਦਾ ਬੋਰਡ ਲੱਗਾ ਮਿਲ਼ੇ...ਤੁਹਾਡੇ ਸਵਾਲਾਂ ਦੇ ਚੱਕਰ ‘ਚ..... :)

Sunday, June 26, 2011

ਸ਼ਬਦ ਤੇ ਸੁਪਨੇਂ.. .. .. ?


ਪਹਾੜ, ਪਰਬਤ, ਨਦੀਆਂ, ਅੱਗ, ਪਾਣੀਂ, ਸਮੁੰਦਰ, ਰੇਗਿਸਤਾਨ, ਬਾਦਬਾਨ, ਬੀਆਬਾਨ, ਕਿਸ਼ਤੀ, ਇਤਿਹਾਸ, ਚਾਂਦਨੀ, ਨੀਲਾ, ਹਰਾ, ਅਤੇ ਸੁਪਨੇਂ ਇਹੋ ਜਿਹੇ ਸ਼ਬਦਾਂ ਨਾਲ਼ ਪਤਾ ਨਹੀਂ ਮੇਰਾ ਕੀ ਰਿਸਤਾ ਹੈ ਕਿ ਇਹ ਸਾਰੇ ਮੈਨੂੰ ਆਪਣੇਂ ਹੀ ਖ਼ੂਨ ਦੇ ਸਕੇ ਸੋਦਰੇ ਲੱਗਦੇ ਨੇ। ਮੈਂ ਇਹਨਾਂ ਸਭ ਨੂੰ ਹਰ ਵੇਲ਼ੇ ਆਪਣੇਂ ਉੱਪਰ ਲੋਈ ਵਾਂਗ ਪਹਿਨਕੇ ਰੱਖਦਾ ਹਾਂ। ਕਦੇ ਕਦੇ ਇਹ ਮੈਨੂੰ ਅੰਤਾਂ ਦਾ ਨਿੱਘ ਦਿੰਦੇ ਨੇ ਅਤੇ ਕਦੇ ਕਦੇ ਮੈਂ ਇਹਨਾਂ ਦੀ ਕਚਹਿਰੀ ਵਿੱਚ ਖੜ੍ਹਾ ਹੁੰਦਾ ਹਾਂ ਕਿਸੇ ਮੁਜ਼ਰਿਮ ਵਾਂਗ। ਇਹਨਾਂ ਸ਼ਬਦਾਂ ਦੇ ਸੁਆਲ ਮੈਨੂੰ ਥਕਾਉਂਦੇ ਨਹੀਂ, ਅੱਗੇ ਤੋਰਦੇ ਨੇ ਬਿਲਕੁੱਲ ਓਵੇਂ ਜਿਵੇਂ .. .. .. ਬੱਦਲ਼ਾਂ ਦੇ ਉਹਲੇ ਵਿੱਚ ਚੰਨ ਤੁਰਦਾ ਹੈ.. ਕਿਸੇ ਦੀ ਇੰਤਜ਼ਾਰ ਵਿੱਚ ਹੌਸਲਾ ਤੁਰਦਾ ਹੈ.. ਅਤੇ ... ... ਅਤੇ ਮੇਰੀ ਨੀਂਦ ਵਿੱਚ ਕੋਈ ਸੁਪਨਾਂ ਤੁਰਦਾ ਹੈ।

ਮੈਂ ਉਸਨੂੰ ਸੁਪਨੇਂ ਵਿੱਚ ਆਵਾਜ਼ ਦਿੱਤੀ - 'ਕਿੱਥੇ ਹੈਂ?'

ਜਵਾਬ ਵਿੱਚ ਮੈਂ ਚੁੱਪ ਹੋ ਗਿਆ

ਤੇ.. ਉਹ ਸ਼ਾਇਦ ਦੂਰ ਚਲੀ ਗਈ.. ..

ਮੈਂ ਫੇਰ ਪੁੱਛਿਆ - ਕਿੱਥੇ ਹੈਂ ਬੋਲਦੀ ਕਿਉਂ ਨਹੀਂ?

ਹੁਣ ਮੈਂ ਫੇਰ ਚੁੱਪ ਸੀ

ਉਹ ਨਹੀਂ ਉਸਦਾ ਰੁਦਨ ਸੁਣਿਆ ਸੀ.. ..

.. .. .. ਉਸਦੇ ਗੀਤਾਂ ਨੇ ਪਾਣੀਂ ਮੰਗਿਆ

ਮੇਰੀ ਤੇਹ ਸੁਪਨੇਂ ਵਿੱਚ ਡੁੱਬ ਗਈ.. ..

..

.. ..

ਉਸਦਾ ਫਿਕਰ ਮੈਥੋਂ ਝੱਲਿਆ ਨਾਂ ਗਿਆ ਕਿ ਮੈਂ ਆਪਣੇਂ ਸਾਰੇ ਸਫ਼ਰ ਨੂੰ ਆਖਿਰ ਜਿੰਦਰਾ ਕਿਉਂ ਮਾਰ ਲੈਂਦਾ ਹਾਂ ? ਕੋਈ ਕਿਸੇ ਨੂੰ ਪਾਗਲਾਂ ਹਾਰ ਲੱਭੇ ਵੀ ਤਾਂ ਕਿਵੇਂ ਲੱਭੇ ?

Friday, May 20, 2011

ਕਿਸੇ ਤਲਾਸ਼ ਵਿੱਚ.. .. .. .. .. !!!!!


ਬਹੁਤ ਡੂੰਘਾ ਹੈ ਲੇਹ ਦੀਆਂ ਪਹਾੜੀਆਂ ਦੇ ਜਿਸਮ ਤੋਂ ਪਿਘਲਕੇ ਆਇਆ ਪਾਣੀਂ…ਮੇਰੀ ਮਹਿਸੂਸੀਅਤ ਦਾ ਵੀ ਆਪਣੀਂ ਹੀ ਕਿਸਮ ਦਾ ਅੰਦਾਜ਼ ਹੈ..ਮੈਂ ਇਸ ਪਾਣੀਂ ਨੂੰ ਨਾਗ਼ਣ ਵਾਂਗ ਮੇਲ੍ਹਦਿਆਂ ਅਤੇ ਕਿਸੇ ਤਲਾਸ਼ ਵਿੱਚ ਦੌੜਦਿਆਂ ਵੀ ਵੇਖਿਆ ਹੈ ਪਹਾੜੀ ਦੀ ਐਨ ਟੀਸੀ ਉੱਪਰ ਖੜ੍ਹਕੇ ਅਤੇ ਮੀਨਾਂ ਕੁਮਾਰੀ ਵਾਂਗ ਨ੍ਰਿਤ ਕਰਦਿਆਂ ਵੀ ਵੇਖਿਆ ਹੈ ਐਨ ਪਹਾੜੀ ਦਿਆਂ ਕਦਮਾਂ ਵਿੱਚ ਖੜ੍ਹਕੇ… … ਉਸ ਦਿਨ ਮੇਰੇ ਨਾਲ਼ ਕੋਈ ਨਹੀਂ ਸੀ। ਲੇਹ ਤੱਕ ਦੇ ਉਸ ਸਫ਼ਰ ਅਤੇ ਵਾਪਸੀ ਦੌਰਾਨ ਮੈਂ ਪਹਾੜਾਂ ਦੇ ਉਸ ਪਿਘਲਦੇ ਜਿਸਮ ਦਾ ਗੁੱਸਾ ਵੀ ਵੇਖਿਆ ਅਤੇ ਠਹਾਕਾ ਵੀ.. ..ਸ਼ਾਇਦ ਮੇਰੀ ਜ਼ਿੰਦਗੀ ਦਾ ਉਹ ਪਹਿਲਾ ਦਿਨ ਸੀ ਜਦੋਂ ਮੈਂ ਹਿਮਾਲਿਆ ਦੇ ਸਿਰ ਉੱਪਰ ਬੈਠਕੇ ਸੂਰਜ ਨੂੰ ਦਸਤਕ ਦਿੱਤੀ ਸੀ ਅਤੇ ਮੈਂ ਉਸ ਨੀਲੇ ਪਾਣੀਆਂ ਦੀਆਂ ਰਗ਼ਾਂ ਅੰਦਰ ਵਗਦੇ ਖ਼ੂਨ ਦਾ ਰਾਜ਼ਦਾਰ ਬਣਿਆ ਸੀ.. .. .. ਚੈਂਚਲੋ ਉਸ ਪਾਣੀਂ ਦੀ ਨਾਭੀ ਵਿੱਚੋਂ ਪੰਖ ਲਗਾਕੇ ਉੱਡਦੀ ਆਈ ਅਤੇ ਮੇਰੇ ਅੰਦਰ ਕਿਤੇ ਡੂੰਘਿਆਂ ਉੱਤਰ ਗਈ…ਆਪਣੇਂ ਹੀ ਰੰਗਾਂ ਨਾਲ਼ ਨਹਾਉਂਦੀ ਹੋਈ ਚੈਂਚਲੋ ਨੂੰ ਮੈਂ ਪਹਿਲੀ ਵਾਰ ਵੇਖਿਆ.. .. ਕੋਈ ਸੂਰਜ ਵਿੱਚੋਂ ਵੀ ਆਪਣਾਂ ਚਿਹਰਾ ਨਿਹਾਰ ਸਕਦਾ ਹੈ.. ਕੋਈ ਵਗਦੇ ਪਾਣੀਂ ਤੋਂ ਉਸਦੀ ਉਮਰ ਪੁੱਛ ਸਕਦਾ ਹੈ.. .. ਕੋਈ ਮੇਰੇ ਅੰਦਰੋਂ ਸ਼ਬਦਾਂ ਦੀਆਂ ਘੰਟੀਆਂ ਵਜਾਉਂਦਾ ਹੋਇਆ ਖ਼ੁਦ ਨਦੀ ਬਣ ਜਾਣ ਦੀ ਜ਼ਿੱਦ ਕਰ ਸਕਦਾ ਹੈ…ਇਹ ਸਭ ਮੈਂ ਮਹਿਸੂਸਿਆ ਨਹੀਂ ਜਿਊਂਕੇ ਵੇਖਿਆ ਉਸ ਦਿਨ, ਜਿਸ ਦਿਨ ਮੈਂ ਉਸ ਨਦੀ ਵਿੱਚ ਵਹਿ ਰਿਹਾ ਸੀ ਉਸਨੂੰ ਜੀਅ ਰਿਹਾ ਸੀ ਉਸਨੂੰ ਪੀਅ ਰਿਹਾ ਸੀ.. .. .. ਉਹ ਬਹੁਤ ਜ਼ਿੱਦ ਕਰ ਰਹੀ ਸੀ, ਮੇਰੇ ਸੁਪਨੇਂ ਅੰਦਰ ਵਹਿੰਦੇ ਪਾਣੀਂ ਅੰਦਰ ਉੱਤਰ ਜਾਣ ਦੀ… ਇਹ ਪਹਿਲੀ ਵਾਰ ਸੀ ਜਦੋਂ ਮੈਂ ਲੇਹ ਦੀ ਬਰਫ਼ ਦੇ ਦਰਮਿਆਨ ਖੜ੍ਹਾ ਆਪਣੇਂ ਆਪ ਨੂੰ ਸਿੰਜ ਰਿਹਾ ਸੀ.. .. ਇਹਨਾਂ ਪਲਾਂ ਨੇ ਮੈਨੂੰ ਮੇਰੀ ਸ਼ਾਇਰੀ ਅੰਦਰ ਸਾਲਾਂ ਤੋਂ ਜਿਊਂਦੇ ਚਿਹਰਿਆਂ ਦੀ ਮਿੱਟੀ ਦੀ ਪਹਿਚਾਣ ਕਰਵਾਈ ਸੀ.. .. .. ਮੈਨੂੰ ਲੱਗ ਰਿਹਾ ਸੀ ਮੈਂ ਭਾਫ਼ ਬਣ ਰਿਹਾ ਹਾਂ ਅਤੇ ਮੈਨੂੰ ਮੇਰਾ ਆਸਮਾਨ ਨਹੀਂ ਚੈਂਚਲੋ ਦੀ ਜ਼ਮੀਨ ਸੋਕ ਰਹੀ ਹੈ.. .. .. .. ਉਸਤੋਂ ਅਗਲੇ ਦਿਨ ਮੈਂ ਵਾਪਿਸ ਆ ਗਿਆ, ਪਤਾ ਨਹੀਂ ਕਿਉਂ ਮੈਨੂੰ ਲੱਗਾ ਕਿ ਮੈਨੂੰ ਕਿਸੇ ਦੀ ਤਲਾਸ਼ ਹੈ.. .. ਦੂਰੋਂ ਕੋਈ ਫ਼ੋਨ ਆਇਆ ਬ ਹੁ ਤ ਲੰਮਾਂ ਫ਼ੋਨ .. .. ਚੈਂਚਲੋ ਤਾਂ ਨਹੀਂ ਸੀ ਪਰ ਉਸਦਾ ਦੁੱਖ ਬੋਲ ਰਿਹਾ ਸੀ.. ..
ਤੂੰ ਆਪਣੇਂ ਆਪ ਨੂੰ
ਬਲਦਾ ਦੀਵਾ ਨਾਂ ਆਖ ਸਕਿਆ
ਮੈਂ ਆਪਣੇਂ ਆਪ ਨੂੰ
ਜਿਉਂਦੀ ਰਾਤ ਕਹਿੰਦੀ ਰਹੀ
.. .. .. .. ..
ਨਾਂ ਤਾਂ ਰਾਤਾਂ ਹੀ ਚਾਨਣੀਆਂ ਹੋਈਆਂ
ਅਤੇ ਨਾਂ ਹੀ
ਸਾਡੇ ਬਨਵਾਸ ਦੀ ਉਮਰ ਮਿਣੀਂ ਗਈ.. .. ..

Thursday, November 4, 2010

ਪੈੜਾਂ ਤੇ ਪਰਛਾਵੇਂ / ਦਰਸ਼ਨ ਦਰਵੇਸ਼

ਸ਼ਬਦ ਪੰਛੀ ਹੁੰਦੇ ਨੇ ਤੇ ਪੰਛੀਆਂ ਦਾ ਕੋਈ ਦੇਸ਼ ਨਹੀਂ ਹੁੰਦਾ – ਸਲੀਮ ਪਾਸ਼ਾ


ਦਰਵੇਸ਼ - ਸਭ ਤੋਂ ਪਹਿਲਾਂ ਇਹ ਦੱਸੋ ਕਿ ਸਾਹਿਤ ਨਾਲ ਤੁਹਾਡੀ ਪਹਿਲੀ ਯਾਰੀ ਕਦੋ ਪਈ ਸੀ ?
ਪਾਸ਼ਾ – ਮੇਰਾ ਖਿਆਲ ਹੈ ਕਿ ਸ਼ਾਇਦ ਮੇਰਾ ਸਾਹਿਤ ਨਾਲ ਰਿਸ਼ਤਾ ਬਚਪਨ ਤੋਂ ਹੀ ਹੈ। ਜਦੋਂ ਮੈਂ ਲੋਕ ਗੀਤ ਅਤੇ ਸੂਫ਼ੀਆਨਾਂ ਕਲਾਮ ਸੁਣਦਾ ਸੁਣਦਾ ਆਪਣੇਂ ਮਨ ਵਿੱਚ ਸ਼ਾਤੀ ਜਿਹੀ ਮਹਿਸੂਸ ਕਰਦਾ ਸੀ।ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਸੁਲਤਾਨ ਬਾਹੂ, ਸ਼ਾਹ ਹੁਸੈਨ ਅਤੇ ਮੀਆਂ ਮੁਹੰਮਦ ਬਖਸ਼ ਹੋਰਾਂ ਦਾ ਕਲਾਮ ਸੁਣਕੇ ਬੰਦੇ ਨੂੰ ਆਪ ਹੀ ਜਾਗ ਜਿਹੀ ਲੱਗ ਜਾਂਦੀ ਹੈ।

ਦਰਵੇਸ਼ - ਜਦੋਂ ਤੁਸੀਂ ਪਹਿਲੀ ਵਾਰ ਕੋਈ ਵੀ ਸਾਹਿਤਕ ਰਚਨਾਂ ਪੜ੍ਹੀ ਤਾਂ ਉਸ ਰਚਨਾਂ ਬਾਰੇ ਕਿਹੋ ਜਿਹੇ ਵਿਚਾਰ ਮਨ ਵਿੱਚ ਆਏ ਸੀ ?
ਪਾਸ਼ਾ – ਮਨ ਤਾਂ ਵਿਚਾਰਾ ਕੱਚੀ ਮਿੱਟੀ ਵਾਂਗ ਹੈ।ਜਿਸ ਅੰਦਰ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਹੀ ਪੈਦਾ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਮੈਂ ਬਾਲ ਸਾਹਿਤ ਦੀਆਂ ਕਿਤਾਬਾ ਪੜ੍ਹਨੀਆਂ ਸ਼ੁਰੂ ਕੀਤੀਆਂ। ਬੱਸ ਫੇਰ ਕੀ ਸੀ ਇਹ ਸ਼ੌਕ ਇਸ ਤਰਾਂ ਵਧਦਾ ਗਿਆ ਕਿ ਮੈਂ ਆਪਣੇਂ ਸ਼ਹਿਰ ਗੁਜਰਾਤ (ਪੱਛਮੀਂ ਪੰਜਾਬ) ਦੀਆਂ ਗਲੀ ਮੁਹੱਲੇ ਵਾਲੀਆਂ ਲਾਇਬਰੇਰੀਆਂ ਦੀਆਂ ਸਾਰੀਆਂ ਕਿਤਾਬਾਂ ਪੜ੍ਹਕੇ ਮੁਕਾ ਦਿੱਤੀਆਂ। ਜਿੰਨਾਂ, ਭੂਤਾਂ, ਪਰੇਤਾਂ ਦੀਆਂ ਕਹਾਣੀਆਂ ਤੋਂ ਹੁੰਦਾ ਹੋਇਆਂ, ਜਾਸੂਸੀ ਸਾਹਿਤ ਪੜ੍ਹਦਾ ਮੈਂ ਲਿਟਰੇਚਰ, ਕਵਿਤਾ ਅਤੇ ਅਫ਼ਸਾਨਿਆਂ ਵਾਲੇ ਪਾਸੇ ਆ ਗਿਆ। ਹਾਂ ਮੈਂ ਤਲਿਸਮ ਹੋਸ਼ੁਰਬਾ ਅਤੇ ਅਲਿਫ ਲੈਲਾ ਤੋਂ ਬਹੁਤ ਹੀ ਮੁਤਾਸਿਰ ਸੀ।

ਦਰਵੇਸ਼ - ਪਹਿਲੀ ਵਾਰ ਸਾਹਿਤ ਨਾਲ ਜੁੜਕੇ ਆਪਣੇਂ ਆਪ ਵਿੱਚ ਕੀ ਮਹਿਸੂਸ ਹੋਇਆ ਸੀ ?
ਪਾਸ਼ਾ – ਬੁੱਲ੍ਹੇ ਸ਼ਾਹ ਹੋਰਾਂ ਕਿਹਾ ਸੀ-‘ ਰਾਂਝਾ ਰਾਂਝਾ ਕਰਦੀ ਨੀਂ ਮੈਂ ਆਪੇ ਰਾਂਝਾ ਹੋਈ’। ਮੇਰਾ ਵੀ ਏਹੋ ਹਾਲ ਹੋਇਆ ਹੈ, ਮੈਂ ਸਾਹਿਤ ਪੜ੍ਹ ਪੜ੍ਹਕੇ ਆਪ ਲੇਖਕ ਬਣ ਗਿਆ। ਤੇ ਹੁਣ ਤਾਂ ਬਹੁਤ ਹੀ ਚੰਗਾ ਲੱਗਦਾ ਹੈ ਜਦੋਂ ਲੋਕ ਮੇਰੀ ਜਾਣ ਪਛਾਣ ਇੱਕ ਲੇਖਕ ਦੇ ਤੌਰ ਉੱਤੇ ਕਰਵਾਉਂਦੇ ਨੇ। ਮੇਰਾ ਖਿਆਲ ਐ ਕਿ ਸਾਹਿਤ ਜਦੋਂ ਤੁਹਾਡੀ ਪਹਿਚਾਣ ਬਣ ਜਾਵੇ ਤਾਂ ਫੇਰ ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੁੰਦੀ ਹੈ।

ਦਰਵੇਸ਼ - ਇਸ ਗੱਲ ਦੀ ਤੁਹਾਡੀ ਨਜ਼ਰ ਵਿੱਚ ਕੀ ਅਹਿਮੀਅਤ ਹੈ ਕਿ ਕਿਸੇ ਵੀ ਲੇਖਕ ਦਾ ਲੇਖਕ ਤੋਂ ਵੱਧ ਪਾਠਕ ਹੋਣਾਂ ਜਿਆਦਾ ਜਰੂਰੀ ਹੁੰਦਾ ਹੈ?
ਪਾਸ਼ਾ – ਥੋੜ੍ਹਾ ਜਿਹਾ ਵੀ ਲਿਖਣ ਲਈ ਬਹੁਤ ਜ਼ਿਆਦਾ ਪੜ੍ਹਨਾਂ ਪੈਂਦਾ ਹੈ।ਖਾਸ ਤੌਰ ਉੱਤੇ ਖੋਜ ਦੇ ਕੰਮ ਵਿੱਚ ਤਾਂ ਕਵਿਤਾ ਲਿਖਦਿਆਂ ਇਤਿਹਾਸ ਦੇ ਹਵਾਲੇ ਬੜੇ ਹੀ ਜਾਨਦਾਰ ਹੋਣੇਂ ਚਾਹੀਦੇ ਨੇ, ਵਰਨਾਂ ਓਸ ਲਿਖਤ ਦਾ ਕੋਈ ਫਾਇਦਾ ਨਹੀਂ ਜਿਸ ਵਿਚਲਾ ਮੈਟੀਰੀਅਲ ਸ਼ੱਕੀ ਹੋਵੇ। ਮੈ ਇਤਿਹਾਸ ਨੂੰ ਬਦਲ ਤਾਂ ਨਹੀਂ ਸਕਦਾ ਹਾਂ ਇੱਕ ਨਵੀਂ ਡਾਈਮੈਂਸ਼ਨ ਜਰੂਰ ਦੇ ਸਕਦਾ ਹਾਂ, ਆਪਣਾਂ ਨਵਾਂ ਐਂਗਲ ਵੀ ਪੇਸ਼ ਕਰ ਸਕਦਾ ਹਾਂ, ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆ ਕਿ ਇਤਿਹਾਸ ਦਾ ਨੁਕਸਾਨ ਨਹੀਂ ਹੋਣਾਂ ਚਾਹੀਦਾ।

ਦਰਵੇਸ਼ - ਤੁਹਾਨੂੰ ਹੁਣ ਤੱਕ ਸਾਹਿਤ ਦੀ ਕਿਹੜੀ ਵਿਧਾ ਵਿੱਚ ਜ਼ਿਆਦਾ ਪਸੰਦ ਆਈ ਹੈ?
ਪਾਸ਼ਾ- ਮੈਂ ਕਦੇ ਵੀ ਇਹ ਕਲੇਮ ਨਹੀਂ ਕਰ ਸਕਦਾ ਕਿ ਮੈਂ ਬਹੁਤ ਪੜ੍ਹਿਆ ਹਾਂ।ਪਰ ਮੈਂ ਇਹ ਜਰੂਰ ਕਹਾਂਗਾ ਕਿ ਮੈਂ ਪੰਜਾਬੀ ਅਤੇ ਉਰਦੂ ਸਾਹਿਤ ਨੂੰ ਪੜ੍ਹਨ ਦੀ ਕੋਸ਼ਿਸ਼ ਜਰੂਰ ਕੀਤੀ ਹੈ।ਏਥੇ ਮੈਂ ਆਪਣੀਂ ਇੱਕ ਨਿੱਕੀ ਜਿਹੀ ਕਵਿਤਾ ਜਰੂਰ ਪੇਸ਼ ਕਰਦਾ ਹਾਂ।
ਅਜੇ ਮੈਂ ਵੇਖਿਆ ਨਹੀਂ,
ਬੂਹਾ ਖੋਲ੍ਹਕੇ ਅੰਦਰ ਦਾ
ਅਜੇ ਮੈਂ ਬਿੱਟ ਬਿੱਟ ਵੇਖ ਰਿਹਾਂ,
ਬਾਹਰ ਦੀਆਂ ਸ਼ੈਆਂ ਨੂੰ।
ਮੈਂ ਸੂਫ਼ੀਆਨਾਂ ਕਲਾਮ ਨੂੰ ਚੋਖਾ ਪੜ੍ਹਿਆ ਅਤੇ ਸੁਣਿਆ ਹੈ।ਏਸ ਤੋਂ ਇਲਾਵਾ ਉਰਦੂ ਪੰਜਾਬੀ ਨਾਵਲ, ਕਹਾਣੀਆਂ, ਜੀਵਨੀਆਂ, ਸਫ਼ਰਨਾਮੇਂ ਅਤੇ ਹਾਸ ਵਿਅੰਗ ਨੂੰ ਵੀ ਪਸੰਦ ਕੀਤਾ ਹੈ।

ਦਰਵੇਸ਼ - ਉਹ ਕਿਹੜੀਆਂ ਸਾਹਿਤਕ ਕਿਰਤਾਂ ਨੇ ਜਿਹੜੀਆਂ ਸਦਾ ਲਈ ਤੁਹਾਡੇ ਮਨ-ਮਸਤਕ ਉੱਪਰ
ਛਪੀਆ ਰਹਿਣਗੀਆਂ ?
ਪਾਸ਼ਾ –ਕਾਫ਼ੀ ਲੰਮੀਂ ਲਿਸਟ ਹੈ ਜਿਹੜੀ ਮਨ ਉੱਪਰ ਨਕਸ਼ ਬਣਕੇ ਛਪ ਗਈ ਹੈ ਅਤੇ ਸ਼ਾਇਦ ਕਦੇ ਵੀ ਨਹੀਂ ਮਿਟੇਗੀ।ਮੇਰੇ ਖਿਆਲ ਵਿੱਚ ਪਹਿਲਾਂ ਸਾਨੂੰ ਇਹ ਫੈਸਲਾ ਲੈਣਾਂ ਪਵੇਗਾ, ਕਿਹੜੇ ਸਮੇਂ ਵਿੱਚ ਕੀ ਲਿਖਕੇ ਕਿਹੜੀ ਰਚਨਾਂ ਦੀ ਚਰਚਾ ਕਰਨੀਂ ਚਾਹੀਦੀ ਹੈ। ਬਟਵਾਰੇ ਦੇ ਸਾਹਿੱਤ ਦੇ ਨੇੜਿਉਂ ਅੰਮ੍ਰਿਤਾ ਪ੍ਰੀਤਮ ਦੀ ਅੱਜ ਆਖਾਂ ਵਾਰਿਸ਼ ਸ਼ਾਹ ਨੂੰ, ਸ਼ਿਵ ਕੁਮਾਰ ਦੀ ਸ਼ਿਕਰਾ, ਕੰਡਿਆਲੀ ਥ੍ਹੋਰ, ਯਾਰ ਦੀ ਮੜ੍ਹੀ ‘ਤੇ, ਗੀਤਾਂ ਦੇ ਨੈਣਾਂ ਵਿੱਚ, ਪਾਸ਼ ਦੀ ਮੈਂ ਪੁੱਛਦਾ ਹਾਂ ਅਸਮਾਨ ਤੋਂ, ਸੁਰਜੀਤ ਪਾਤਰ ਦੀ ਪੁਲ, ਸਭ ਨਾਂ ਭੁੱਲਣ ਵਾਲੀਆਂ ਚੀਜ਼ਾਂ ਨੇ।

ਦਰਵੇਸ਼ - ਇੱਕ ਸਾਹਿਤਕਾਰ ਦੇ ਤੌਰ ਉੱਤੇ ਅੱਜ ਆਪਣੇਂ ਆਪ ਨੂੰ ਕਿੱਥੇ ਕੁ ਖੜ੍ਹਾ ਕਰਕੇ ਦੇਖਦੇ ਹੋ ?
ਪਾਸ਼ਾ – ਜੇ ਮੈਂ ਆਪਣੇਂ ਸਾਹਿਤ ਨਾਲ ਜ਼ਿੰਮੇਵਾਰ ਹਾਂ ਤਾਂ ਮੈਂ ਆਪਣੇਂ ਆਪ ਨੂੰ ਕੋਈ ਨੰਬਰ ਨਹੀਂ ਦੇ ਸਕਦਾ।ਆਪਣੇਂ ਆਪ ਨੂੰ ਅਜਿਹਾ ਦੇਖਣ ਲਈ ਮੈਰੇ ਕੋਲ ਅਜਿਹਾ ਕੁੱਝ ਹੈ ਹੀ ਨਹੀਂ। ਇੱਕ ਕਿਤਾਬ ਹੈ ਮੇਰੀ ਬੁੱਕਲ ਵਿੱਚ ‘ਵੱਖ ਹੋਣ ਤੋਂ ਪਹਿਲਾਂ’, ਕੁੱਝ ਆਰਟੀਕਲ ਤੇ ਜਾਂ ਇੱਕ ਮੁਲਾਕਾਤ ਇਮਰੋਜ਼ ਜੀ ਨਾਲ।ਇਹ ਕੰਮ ਤਾਂ ਪਾਠਕਾਂ ਦਾ ਹੈ ਕਿ ਉਹ ਆਪਣੇਂ ਲੇਖਕ ਨੂੰ ਕਿਹੜਾ ਰੁਤਬਾ ਦਿੰਦੇ ਨੇ।

ਦਰਵੇਸ਼ - ਜਦੋਂ ਕਿਸੇ ਵੀ ਨਵੀਂ ਰਚਨਾਂ ਦਾ ਤਾਣਾਂ ਬਾਣਾਂ ਸੁਹਾਡੇ ਮਨ ਅੰਦਰ ਫੁੱਟਦਾ ਹੈ, ਤਾਂ ਕਿੰਨੇ ਕੁ ਸਮੇਂ ਤੱਕ ਉਲਝਣ ਤੋਂ ਬਾਦ ਉਹ ਸਫਿਆਂ ਦੀ ਜ਼ਮੀਨ ਉੱਪਰ ਆਉਂਦਾ ਹੈ?
ਪਾਸ਼ਾ -ਆਮਦ (Creative moments) ਦਾ ਕੋਈ ਵੀ ਫਿਕਸ ਸਮਾਂ ਨਹੀਂ ਹੁੰਦਾ, ਖਿਆਲ ਕਿਸੇ ਥਾਂ ਕਿਸੇ ਵੀ ਵੇਲੇ ਆ ਸਕਦਾ ਹੈ।ਕਈ ਵਾਰ ਤਾਂ ਸੁਪਨਿਆਂ ਵਿੱਚ ਵੀ ਬੜਾ ਕੁੱਝ ਆ ਜਾਂਦਾ ਹੈ।ਚੇਤਿਆਂ ਵਿੱਚ ਖੁਣੀਆਂ ਚੀਜ਼ਾਂ ਵੀ ਬੜਾ ਸਮਾਂ ਜਿਊਂਦੀਆਂ ਰਹਿੰਦੀਆਂ ਨੇ।ਰਸੂਲ ਹਮਜ਼ਾਤੋਜ਼ ਨੇ ਲਿਖਿਆ ਹੈ।‘ਜਦੋਂ ਤੁਸੀਂ ਸੁਭਾ ਸਵੇਰੇ ਜਾਗੋ ਤਾਂ ਇੰਝ ਨਾਂ ਉੱਠੋ ਜਿਵੇਂ ਕਿਸੇ ਨੇ ਡੰਗ ਮਾਰਿਆ ਹੋਵੇ।ਸਗੋਂ ਉਸ ਸੁਪਨੇ ਬਾਰੇ ਸੋਚੋ ਜਿਹੜਾ ਰਾਤ ਨੂੰ ਵੇਖਿਆ ਸੀ’। ਸੋ ਅਸਲੀ ਖਿਆਲ ਤਾਂ ਮਨ ਵਿੱਚ ਆਉਣ ਤੋਂ ਬਾਦ ਹੀ ਪੱਕਦਾ ਹੈ।

ਦਰਵੇਸ਼ - ਕਿਸੇ ਵੀ ਰਚਨਾਂ ਦੀ ਸ਼ੁਰੂਆਤ ਅਤੇ ਅੰਤ ਕਰਨ ਲੱਗਿਆਂ ਤੁਸੀਂ ਉਸਦੀ ਸ਼ੁਰੂਆਤ ਅਤੇ ਅੰਤ ਦਾ ਫੈਸਲਾ ਕਿਵੇਂ ਕਰਦੇ ਹੋ ?
ਪਾਸ਼ਾ – ਕੋਈ ਵੀ ਖਿਆਲ ਆਪਣੇਂ ਆਗਾਜ਼ ਅਤੇ ਅੰਜ਼ਾਮ ਦਾ ਫੈਸਲਾ ਆਪ ਹੀ ਕਰਦਾ ਹੈ।ਬਲਕਿ ਉਹ ਤਾਂ ਆਪਣੀਂ ਜ਼ੁਬਾਨ ਵੀ ਆਪਣੇਂ ਨਾਲ ਹੀ ਲੈਕੇ ਆਉੰਦਾ ਹੈ।

ਦਰਵੇਸ਼ - ਕੋਈ ਵੀ ਰਚਨਾਂ ਲਿਖੇ ਜਾਣ ਅਤੇ ਬਾਰ ਬਾਰ ਸੋਧੇ ਜਾਣ ਤੋਂ ਬਾਦ ਕਿੰਨੇ ਕੁ ਸਮੇਂ ਅੰਦਰ ਪਾਠਕਾਂ ਦੇ ਦਰਬਾਰ ਲਈ ਵਿਦਾ ਹੋ ਜਾਂਦੀ ਹੈ ?
ਪਾਸ਼ਾ – ਜੇ ਰਚਨਾਂ ਦੀ ਸ਼ੁਰੂਆਤ ਖਿਆਲ ਦੇ ਆਉਣ ਤੇ ਹੁੰਦੀ ਹੈ ਤਾਂ ਇਸ ਤੋਂ ਬਾਦ ਭਾਵੇਂ ਕਾਗਜ਼ ਤੇ ਲਿਖ ਲਈ ਜਾਵੇ ਜਾਂ ਮਸਤਕ ਅੰਦਰ ਹੋਵੇ ਉਸ ਨੂੰ ਲੇਖਕ ਆਪਣੇਂ ਸਕਿੱਲ ਅਤੇ ਹੁਨਰ ਨਾਲ ਆਪਣੇਂ ਲੈਵਲ ਉੱਪਰ ਲੈ ਆਉਂਦਾ ਹੈ।ਤੇ ਜਦੋਂ ਲੇਖਕ ਦਾ ਆਪਣਾਂ ਅੰਤਰੀਵ ਉਸ ਨੂੰ ਇਜ਼ਾਜ਼ਤ ਦਿੰਦਾ ਹੈ ਕਿ ਹੁਣ ਤਾਂ ਇਹ ਆਪਣੇਂ ਆਪ ਵਿੱਚ ਸੰਪੂਰਣ ਹੈ ਉਸ ਤੋਂ ਬਾਦ ਹੀ ਲੇਖਕ ਉਸ ਨੂੰ ਪਾਠਕਾਂ ਨਾਲ ਸਾਂਝੀ ਕਰਨ ਬਾਰੇ ਸੋਚਦਾ ਹੈ।ਹਰ ਇੱਕ ਪਾਠਕ ਨੇ ਆਪਣੇਂ ਪਿਆਰੇ ਲੇਖਕ ਵਾਸਤੇ ਉਸਦੀ ਨਵੀਂ ਰਚਨਾਂ ਪ੍ਰਤੀ ਪਹਿਲਾਂ ਤੋਂ ਹੀ ਆਪਣਾਂ ਮਾਈਂਡ ਸੈੱਟ ਕੀਤਾ ਹੁੰਦਾ ਹੈ ਕਿ ਆਉਣ ਵਾਲੀ ਰਚਨਾਂ ਪਹਿਲਾਂ ਤੋਂ ਕਿਤੇ ਬਿਹਤਰ ਹੋਵੇਗੀ।

ਦਰਵੇਸ਼ - ਇੱਕੋ ਸਮੇਂ ਕਿੰਨੀਆਂ ਲਿਖਤਾਂ ਉੱਪਰ ਕੰਮ ਕਰਦੇ ਹੋ ?
ਪਾਸ਼ਾ – ਮੇਰਾ ਖਿਆਲ ਹੈ ਕਿ ਇੱਕ ਸਮੇਂ ਵਿੱਚ ਲੇਖਕ ਇੱਕੋ ਰਚਨਾਂ ਉੱਪਰ ਹੀ ਪੂਰਾ ਧਿਆਨ ਦੇ ਸਕਦਾ ਹੈ।ਲਿਉਨਾਰਦੋ ਦਾ ਵਿੰਚੀ ਵਾਂਗ ਇੱਕ ਸਮੇਂ ਵਿੱਚ ਦੋ ਪੇਟਿੰਗਜ਼ ਨਹੀਂ ਸ਼ੁਰੂ ਕੀਤੀਆਂ ਜਾ ਸਕਦੀਆਂ। ਸੋ ਮੈਂ ਵੀ ਇੱਕ ਆਮ ਬੰਦਾ ਹੋਣ ਦੇ ਨਾਤੇ ਇੱਕ ਵਕਤ ਵਿੱਚ ਇੱਕੋ ਕੰਮ ਬਾਰੇ ਹੀ ਸੋਚਦਾ ਹਾਂ।

ਦਰਵੇਸ਼ - ਜਦੋਂ ਤੱਕ ਰਚਨਾਂ ਪਾਠਕਾਂ ਦੀ ਨਹੀਂ ਹੋ ਜਾਂਦੀ, ਉਸ ਬਾਰੇ ਲਏ ਆਖਰੀ ਫੈਸਲਿਆਂ ਵਿੱਚ ਕਿੰਨੀ ਕੁ ਵਾਰ ਤਬਦੀਲ਼ੀਆਂ ਕਰਦੇ ਹੋ ?
ਪਾਸ਼ਾ – ਸਾਡੇ ਏਥੇ ਇਸਲਾਮਾਬਾਦ ਵਿੱਚ ਅਕਾਦਮੀਂ ਆਫ਼ ਲੈਟਰਜ਼ ਦੇ ਲੇਖਕ ਹਾਊਸ ਵਿੱਚ ਹਰ ਸ਼ੁੱਕਰਵਾਰ ਨੂੰ ਸ਼ਹਿਰ ਦੇ ਲੇਖਕਾਂ ਦਾ ਇਕੱਠ ਹੁੰਦਾ ਹੈ। ਜਿੱਥੇ ਹਰ ਕੋਈ ਆਪਣੀਂ ਤਾਜ਼ੀ ਰਚਨਾ ਇੱਕ ਦੂਜੇ ਨਾਲ ਸਾਂਝੀ ਕਰਦੇ ਨੇ। ਇਸ ਪੇਸ਼ਕਾਰੀ ਤੋਂ ਪਹਿਲਾਂ ਲੇਖਕ ਆਪਣਾਂ ਪੂਰਾ ਟਿੱਲ ਲਾਕੇ ਆਪਣੀਂ ਰਚਨਾਂ ਦੀਆਂ ਸਾਰੀਆਂ ਖਾਮੀਆਂ ਦੂਰ ਕਰਕੇ ਲਿਆਉਂਦਾ ਹੈ ਤਾਂ ਕਿ ਲੋਕ ਉਸ ਉੱਪਰ ਹੱਸਣ ਨਾਂ। ਫੇਰ ਵੀ ਇਹੋ ਵੇਖਿਆ ਗਿਆ ਹੈ ਕਿ ਆਲੋਚਕ ਉਸਦੀਆਂ ਲੀਰਾਂ ਕਰਕੇ ਲੇਖਕ ਦੇ ਹੱਥ ਫੜਾ ਦਿੰਦੇ ਨੇ, ਇਸ ਲਈ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕਰਨ ਤੋਂ ਪਹਿਲਾਂ ਲੇਖਕ ਨੂੰ ਆਪਣੀਂ ਰਚਨਾਂ ਸੌ ਵਾਰੀ ਸੋਧਣੀਂ ਪੈਂਦੀ ਹੈ।

ਦਰਵੇਸ਼ - ਤੁਹਾਡੀਆਂ ਉਹ ਕਿਹੜੀਆਂ ਰਚਨਾਵਾਂ ਨੇ ਜਿਹੜੀਆਂ ਅਖਬਾਰਾਂ, ਰਸਾਲਿਆਂ ਜਾਂ ਕਿਤਾਬੀ ਰੂਪ ਵਿੱਚ ਛਪਣ ਤੋਂ ਬਾਦ ਅੱਜ ਵੀ ਕਿਸੇ ਤਬਦੀਲੀ ਦੀ ਮੰਗ ਕਰਦੀਆਂ ਨੇ? ਜਾਣੀਂ ਤੁਹਾਨੂੰ ਹੁਣ ਵੀ ਲੱਗਦਾ ਹੈ ਕਿ ਤੁਸੀਂ ਆਪਣੇਂ ਕਿਰਦਾਰ ਨਾਲ ਇਨਸਾਫ ਨਹੀਂ ਕਰ ਸਕੇ ?
ਪਾਸ਼ਾ – ਕਿਸੇ ਨੇ ਸੱਚ ਹੀ ਕਿਹਾ ਹੈ ਕਿ ਅਸਲੀ ਕਲਾਕਾਰ ਕਦੇ ਵੀ ਆਪਣੇਂ ਕੰਮ ਤੋਂ ਸੰਤੁਸ਼ਟ ਨਹੀਂ ਹੁੰਦਾ। ਮੈਂ ਵੀ ਇਸ ਮੱਤ ਨੂੰ ਮੰਨਣ ਵਾਲਾ ਹੀ ਹਾਂ। ਮੈਂ ਆਪਣੀਂ ਕਿਤਾਬ ਨੂੰ ਵੇਖਦਾ ਹਾਂ ਤਾਂ ਬਹੁਤ ਗਲਤੀਆਂ ਨਜ਼ਰ ਆਉਂਦੀਆਂ ਨੇ। ਅੰਮ੍ਰਿਤਾ ਜੀ ਨੇ ਸੱਚ ਹੀ ਆਖਿਆ ਸੀ –
ਜੋ ਪਾਣੀਂ ਅੱਜ ਪੱਤਣੋਂ ਲੰਘਣਾਂ,
ਫੇਰ ਨਾਂ ਆਉਣਾਂ ਭਲਕੇ।
ਬੇੜੀ ਦਾ ਪੂਰ ਤ੍ਰਿੰਝਣ ਦੀਆਂ ਕੁੜੀਆਂ,
ਫੇਰ ਨਾਂ ਬੈਠਣ ਰਲਕੇ।……ਤੇ ਮੇਰਾ ਵੀ ਇਹੋ ਹਾਲ ਹੈ, ਵੇਲਾ ਮੁੜ ਆਵੇ ਤਾਂ ਮੈਂ ਵੀ ਆਪਣੀਂ ਕਿਤਾਬ ਦਾ ਮੂੰਹ ਮੁਹਾਂਦਰਾ ਬਦਲ ਦਿਆਂ।

ਦਰਵੇਸ਼ - ਆਪਣੀਆਂ ਰਚਨਾਵਾਂ ਬਾਰੇ ਪਾਠਕਾਂ ਦੀ ਰਾਏ ਉੱਪਰ ਕਿੰਨਾਂ ਕੁ ਅਸਰ ਕਬੂਲਦੇ ਹੋ?
ਪਾਸ਼ਾ – ਜਿਵੇਂ ਪਾਠਕਾਂ ਨੇ ਲੇਖਕਾਂ ਲਈ ਆਪਣੇਂ ਦਿਲਾਂ ਵਿੱਚ ਵੱਖਰੀ ਵੱਖਰੀ ਥਾਂ ਬਣਾਈ ਹੁਦੀ ਹੈ, ਇਸੇ ਤਰਾਂ ਲੇਖਕ ਵੀ ਪਾਠਕਾਂ ਦੀ ਗਿਣਤੀ ਮਿਣਤੀ ਕਰਦਾ ਰਹਿੰਦਾ ਹੈ।ਤੇ ਉਸਨੂੰ ਚੋਖਾ ਸੁਆਦ ਉਸ ਵੇਲੇ ਆਉਂਦਾ ਹੈ।ਜਦੋਂ ਉਸਦੀ ਰਚਨਾਂ ਨੂੰ ਆਪਣੇਂ ਤੋਂ ਵੱਡਾ ਲੇਖਕ ਮੰਨ ਜਾਵੇ। ਸਾਂਝੇ ਪਾਠਕਾਂ ਦੀ ਹੱਲਾਸ਼ੇਰੀ ਦਾ ਵੀ ਮਜ਼ਾ ਹੁੰਦਾ ਹੈ ਪਰ ਉਹਨਾ ਦੀ ਤੁਲਨਾਂ ਘੱਟ ਹੁੰਦੀ ਹੈ।

ਦਰਵੇਸ਼ - ਸਾਹਿਤ ਤੁਹਾਡੇ ਵਾਸਤੇ ਕੀ ਹੈ , ਇਸ਼ਕ, ਇਬਾਦਤ, ਯਾਤਰਾ ਜਾਂ ਸ਼ੀਸ਼ਾ ?
ਪਾਸ਼ਾ – ਸਾਹਿਤ ਪਹਿਲਾ ਇਸ਼ਕ ਹੈ ਅਤੇ ਫੇਰ ਸ਼ੀਸ਼ਾ। ਇਸ਼ਕ ਨਾਂ ਹੋਵੇ ਤਾਂ ਸੁੱਚੀ ਚੀਜ਼ ਦਾ ਦਿਮਾਗ ਵਿੱਚੋਂ ਉਦੈ ਹੋਣਾਂ ਸੰਭਵ ਨਹੀਂ।ਇਹ ਕੋਈ ਲੁਹਾਰਾ ਤਰਖਾਣਾਂ ਕੰਮ ਤਾਂ ਹੈ ਨਹੀਂ ਕਿ ਜਿਸ ਨੂੰ ਘੜਿਆ ਜਾ ਸਕੇ। ਇਸ਼ਕ ਦੀ ਧੂਣੀਂ ਧੁਖਦੀ ਹੈ ਫੇਰ ਹੀ ਅੰਦਰੋਂ ਕੋਈ ਸੁੱਚੀ ਚੀਜ਼ ਨਿੱਕਲਦੀ ਹੈ।ਲੇਖਕ ਤਾਂ ਸੰਸਾਰ ਦਾ ਅਕਸ ਹੈ ਜਿਸ ਵਿੱਚੋਂ ਸੁਸਾਇਟੀ ਨੂੰ ਆਪਣਾਂ ਮੂੰਹ ਨਜ਼ਰ ਆਉਂਦਾ ਹੈ।

ਦਰਵੇਸ਼ - ਉਹ ਕਿਹੜੀ ਰਚਨਾਂ ਸੀ ਜਿਸਨੂੰ ਪੜ੍ਹਕੇ ਤੁਸੀਂ ਵੱਧੋ ਵੱਧ ਡਿਸਟਰਬ ਹੋਏ, ਹਾਂ ਜਾਂ ਨਾਂਹ ਪੱਖੀ ?
ਪਾਸ਼ਾ – ਹੀਰ ਵਾਰਿਸ਼ ਸ਼ਾਹ, ਸਾਹ ਹੁਸੈਨ ਦੀ ਕਾਫ਼ੀ, ਸ਼ਿਵ ਦਾ ਸ਼ਿਕਰਾ, ਅਮ੍ਰਿਤਾ ਪ੍ਰੀਤਮ ਦੀ ਅੱਜ ਆਖਾਂ ਵਾਰਿਸ਼ ਸ਼ਾਹ ਨੂੰ, ਅਤੇ ਪਾਸ਼ ਦੀਆਂ ਨਜ਼ਮਾਂ।

ਦਰਵੇਸ਼ - ਬਹੁਤ ਕਿਸਮ ਦਾ ਸਾਹਿਤ ਲਿਖਿਆ ਜਾ ਰਿਹਾ ਹੈ ਅਸਲ ਵਿੱਚ ਤੁਹਾਡੀ ਨਜ਼ਰ ਵਿੱਚ ਕਿਹੋ ਜਿਹਾ ਸਾਹਿਤ ਲਿਖਿਆ ਜਾਣਾਂ ਚਾਹੀਦਾ ਹੈ ?
ਪਾਸ਼ਾ – ਮੇਰਾ ਨਹੀਂ ਖਿਆਲ ਜੇ ਤੁਸੀਂ ਕਿਸੇ ਲੇਖਕ ਉੱਤੇ ਪਾਬੰਦੀ ਲਗਾਉਂ ਜੇ ਉਹ ਸਿਰਫ ਚੁਣੇਂ ਹੋਏ ਵਿਸ਼ੇ ੳਪਰ ਹੀ ਆਪਣੀਂ ਰਚਨਾਂ ਲਿਖੇ, ਸ਼ਬਦ ਪੰਛੀ ਹੁੰਦੇ ਨੇ ਅਤੇ ਪੰਛੀਆਂ ਦਾ ਕੋਈ ਦੇਸ਼, ਧਰਮ ਜਾਂ ਕਾਨੂੰਨ ਨਹੀਂ ਹੁੰਦਾ। ਉਹ ਤਾਂ ਮਹਿਕ ਵਾਂਗ ਆਜ਼ਾਦ ਹੁੰਦੇ ਨੇ, ਹਵਾ ਵਾਂਗ, ਕਿਸੇ ਬੱਚੇ ਦੀ ਮੁਸਕਾਨ ਵਾਂਗ।ਇਸ ਲਈ ਸਾਹਿਤ ਉਹੋ ਹੀ ਵਧੀਆ ਹੁੰਦਾ ਹੈ ਜਿਸ ਵਿੱਚ ਸੱਚ ਹੋਵੇ।ਕਿਸੇ ਵੀ ਲੇਖਕ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਸੱਚ ਲਿਖਣਾਂ ਹੈ। ਭਾਵੇਂ ਸੂਲੀ ਉੱਪਰ ਖਲੋਕੇ ਲਿਖਣਾਂ ਪਵੇ।ਸੱਚ ਦੀ ਆਪਣੀਂ ਤਾਕਤ ਅਤੇ ਵਜ਼ਨ ਹੁੰਦਾ ਹੈ।

ਦਰਵੇਸ਼ - ਤੁਸੀਂ ਸਾਹਿੱਤ ਨੂੰ ਘਰ ਘਰ ਪੁਚਾਉਣ ਅਤੇ ਪਾਠਕ ਪੈਦਾ ਕਰਨ ਲਈ ਕੀ ਜੁਗਤ ਘੜ ਸਕਦੇ ਹੋ ?
ਪਾਸ਼ਾ – ਲੇਖਕ ਹੁਣ ਆਪਣੀਆਂ ਕਿਤਾਬਾਂ ਮਰਾਸੀਆਂ ਕੋਲੋਂ ਵੰਡਵਾਉਣਗੇ ਜਿਹੜੇ ਢੋਲ ਵਜਾਕੇ ਪਿੰਡ ਪਿੰਡ ਜਾਕੇ ਲਾਭੇ ਟੱਲੇ ਵਾਲੇ ਵਾਂਗ ਕਿਤਾਬ ਦੀ ਮਸ਼ਹੂਰੀ ਕਰਨ[
ਦਰਵੇਸ਼ - ਲੇਖਕ ਪਾਠਕ, ਪਬਲਿਸ਼ਰ ਅਤੇ ਵਿਕਰੇਤਾ ਦਾ ਰਿਸ਼ਤਾ ਵੱਧ ਤੋਂ ਵੱਧ ਪਾਠਕ ਪੈਦਾ ਕਰਨ ਵਾਸਤੇ ਕੀ ਭੂਮਿਕਾ ਨਿਭਾ ਸਕਦਾ ਹੈ ?
ਪਾਸ਼ਾ – ਕਿਤਾਬਾਂ ਪੜ੍ਹਨ ਦਾ ਸ਼ੌਕ ਹੁਣ ਸਿਰਫ ਸਾਡੇ ਵਰਗੇ ਸਿਰਫਿਰਿਆਂ ਦੇ ਹਿੱਸੇ ਵਿੱਚ ਹੀ ਰਹਿ ਗਿਆ ਹੈ। ਲੇਖਕ, ਪਾਠਕ ਅਤੇ ਪ੍ਰਕਾਸ਼ਕ ਇਹ ਤਿੱਕੜੀ ਮਿਲਕੇ ਹੀ ਕਿਤਾਬਾਂ ਪੜ੍ਹਨ ਦਾ ਸ਼ੌਕ ਵਧਾ ਸਕਦੇ ਨੇ। ਜਿਵੇਂ ਇੱਕ ਗੀਤ ਦੀ ਕਾਮਯਾਬੀ ਵਿੱਚ ਗੀਤਕਾਰ, ਸੰਗੀਤਕਾਰ, ਫ਼ਨਕਾਰ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਇਸੇ ਤਰਾਂ ਇਸ ਫੀਲਡ ਵਿੱਚ ਵੀ ਇਹਨਾਂ ਤਿੰਨਾਂ ਨੂੰ ਮਿਲਕੇ ਆਪਣੀਂ ਆਪਣੀਂ ਜ਼ਿੰਮੇਵਾਰੀ ਨਿਭਾਉਣੀਂ ਪਵੇਗੀ। ਇਹ ਕੰਮ ਸਭ ਤੋਂ ਪਹਿਲਾਂ ਆਪਣੇਂ ਗੁਆਂਢ ਤੋਂ ਸ਼ੁਰੂ ਕਰਨਾਂ ਪਵੇਗਾ।




Saturday, October 2, 2010

ਪੈੜਾਂ ਤੇ ਪਰਛਾਵੇਂ / ਦਰਸ਼ਨ ਦਰਵੇਸ਼


ਰਵਿੰਦਰ ਰਵੀ

ਰਵਿੰਦਰ ਰਵੀ ਹੁਰਾਂ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ ਜਦੋਂ ਮੈਨੂੰ ਅਜੇ ਅਖਬਾਰਾਂ ਅੰਦਰਲਾ ਸਾਹਿਤ ਪੜ੍ਹਨ ਦੀ ਚੇਟਕ ਜਿਹੀ ਹੀ ਲੱਗੀ ਸੀ ਮੈਂ ਸਭ ਤੋਂ ਪਹਿਲਾਂ ਆਰਸੀ ਵਿੱਚ ਉਹਨਾਂ ਦੀਆਂ ਕਵਿਤਾਵਾਂ ਪੜ੍ਹੀਆਂ ਸਨ ਉਦੋਂ ਤੋਂ ਹੀ ਮੇਰੇ ਮਨ ਵਿੱਚ ਇਹ ਲਲਕ ਸੀ ਕਿ ਕਦੇ ਨਾਂ ਕਦੇ ਇਸ ਬੰਦੇ ਨੂੰ ਮਿਲਣਾਂ ਹੈ, ਮਿਲਿਆ ਭਾਵੇਂ ਅੱਜ ਤੱਕ ਵੀ ਨਹੀਂ ਹਾਂ ਪਰ ਇੱਕ ਸਾਂਝ ਜਿਹੀ ਉੱਸਰ ਗਈ ਹੈ ਮੈਨੂੰ ਉਸਦੀਆਂ ਹੱਸਦੀਆਂ ਖੂਬਸੂਰਤ ਅੱਖਾਂ ਤੋਂ ਪਤਾ ਨੀਂ ਕਿਉਂ ਅਜੇ ਵੀ ਅੱਖ ਦੀ ਸ਼ਰਮ ਜਿਹੀ ਮਾਰਦੀ ਹੈ ਉਸ ਨਾਲ ਸਾਰੀਆਂ ਇਹ ਗੱਲਾਂ ਉਹਨਾਂ ਪਲਾਂ ਨੂੰ ਸਮਰਪਿਤ ਨੇ ਜਿਹੜੇ ਮੈਂ ਉਸਦੇ ਨਾਟਕਾਂ ਨੂੰ ਦੇਣੇਂ ਸਨ ਪਰ ਅੱਜ ਤੱਕ ਵੀ ਨਹੀਂ ਦੇ ਸਕਿਆ

1. ਤੁਹਾਡੀ ਸਭ ਤੋˆ ਪਿਆਰੀ ਖੁਸ਼ੀ ਕਿਹੜੀ ਹੈ ?
ਜਦੋਂ ਆਪਣੀ ਰਚਨਾ ਦੇ ਮਾਧਿਅਮ ਰਾਹੀਂ ਮੈਂ ਆਪਣੇ ਆਪ ਕੋਲ ਪਹੁੰਚ ਜਾਵਾਂ!
2. ਤੁਸੀ ਜ਼ਿੰਦਗੀ ਵਿੱਚ ਕਿਸ ਵਿਅਕਤੀ ਜਾਂ ਘਟਨਾਂ ਤੋਂ ਪ੍ਰਭਾਵਿਤ ਹੋਏ ਹੋ ?
ਆਪਣੇ ਆਪ ਤੋਂ!
3. ਤੁਹਾਨੂੰ ਕਿਸ ਗੱਲ ਤੋਂ ਸਭ ਤੋਂ ਜ਼ਿਆਦਾ ਡਰ ਲੱਗਦਾ ਹੈ ?
ਆਪਣੇ ਆਪ ਨੂੰ ਝੂਠਾ ਹੋਣ ਤੋਂ!
4. ਤੁਹਾਡਾ ਸਭ ਤੋˆ ਪਿਆਰਾ ਅਤੇ ਬੁਰਾ ਸੁਪਨਾ ਕਿਹੜਾ ਹੈ ?
ਜਦੋਂ ਸੱਜਣ, ਸੱਤ-ਰੰਗੀ ਪੀਂਘ ਬਣ ਕਲਪਨਾਂ ਨੂੰ ਮੱਲ ਲੈਣ, ਚੰਗਾ ਲੱਗਦਾ ਹੈ
ਤੇ ਜਦੋਂ ਸ਼ੀਸ਼ੇ ਵਿਚ ਵੇਖਿਆਂ, ਆਪਣਾ ਆਪ ਵੀ ਨਜ਼ਰ ਨਾਂ ਆਵੇ, ਬੁਰਾ ਲੱਗਦਾ ਹੈ!
5. ਭਾਰਤੀ ਇਤਿਹਾਸ ਵਿੱਚ ਤੁਹਾਡਾ ਸਭ ਤੋਂ ਪਿਆਰਾ ਵਿਅਕਤੀ ਕੌਣ ਹੈ ?
ਗੁਰੁ ਨਾਨਕ!
6. ਕਦੇ ਆਪਣੇ ਆਪ ਨਾਲ ਵੀ ਲੜਾਈ ਕੀਤੀ ਹੈ ਜਾਂ ਨਹੀਂ ?
ਆਪਣੇ ਆਪ ਨਾਲ ਹੀ ਤਾਂ ਲੜ ਰਿਹਾ ਹਾਂ, ਲਗਾਤਾਰ, ਆਪਣੀ ਰਚਨਾਂ ਵਿਚ!
7. ਜੇਕਰ ਤੁਸੀਂ ਜ਼ਿੰਦਗੀ ਵਿੱਚ ਕਦੇ ਰੋਏ ਹੋ ਤਾਂ ਕਦੋ ਅਤੇ ਕਿਉ ?
ਇਸ ਤਰ੍ਹਾਂ ਦੇ ਰੋਣ ਦੀ ਇੰਤਜ਼ਾਰ ਜ਼ਰੂਰ ਹੈ! ਉਰਦੂ ਦਾ ਇਕ ਸ਼ਿਅਰ ਯਾਦ ਆ ਰਿਹਾ ਹੈ:
ਹਮ ਰੋਨੇਂ ਪੇ ਆਏਂ ਤੋ ਦਰਿਆ ਹੀ ਬਹਾ ਦੇਂ ਸ਼ਬਨਮ ਕੀ ਤਰਹਿ ਹਮ ਕੋ ਤੋ ਰੋਨਾਂ ਨਹੀਂ ਆਤਾ
8. ਆਪਣੇ ਫੁਰਸਤ ਦੇ ਪਲਾਂ ਵਿੱਚ ਤੁਸੀ ਆਪਣੇ ਆਪ ਲਈ ਕਿੰਨ੍ਹਾ ਕੁ ਜਿਊਂਦੇ ਹੋ ?
ਮੈਂ ਤਾਂ ਜੀਵਿਆ ਹੀ ਆਪਣੇ ਆਪ ਲਈ ਹਾਂ..ਕੀ ਫੁਰਸਤ ਤੇ ਕੀ ਨਾਂ ਫੁਰਸਤ!
9. ਤੁਹਾਡੇ ਜਿਹੜੇ ਵੀ ਸ਼ੌਕ ਹਨ ਉਹਨਾਂ ਵਾਸਤੇ ਆਪਣੀ ਮਿਹਨਤ ਦੀ ਕਮਾਈ ਵਿੱਚੋਂ
ਕਿੰਨ੍ਹਾ ਕੁ ਖਰਚ ਕਰਦੇ ਹੋ ?
ਕੌਈ ਵੀ ਸ਼ੌਕ ਅਧੂਰਾ ਨਹੀਂ ਛੱਡਿਆ….ਫਿਰ ਚਾਹੇ ਫਾਕਾਮਸਤੀ ਹੀ ਕਿਉਂ ਨਾਂ ਪੱਲੇ ਪਵੇ!
10. ਤੁਹਾਨੂੰ ਕਿਹੜੀਆਂ ਅਤੇ ਕਿਹੋ ਜਿਹੀਆਂ ਗੱਲਾਂ ਉੱਪਰ ਹਾਸਾ ਆਉਂਦਾ ਹੈ ?
ਜਦੋਂ ਕੋਈ ਪੰਜਾਬੀ ਆਲੋਚਕ ਮੇਰੀ ਰਚਨਾਂ ਨੂੰ ਬਿਨਾਂ ਪੜ੍ਹੇ ਤੇ ਸਮਝੇ, ਮੇਰਾ ਲਿਖਿਆ ਮੁੱਖਬੰਧ ਪੜ੍ਹਕੇ ਹੀ ਮੇਰੀ ਤਾਰੀਫ ਕਰ ਦੇਵੇ!
11. ਦੂਜਿਆਂ ਦੇ ਵਿਅਕਤੀਤਵ ਵਿੱਚੋਂ ਤੁਹਾਨੂੰ ਕੀ ਪਸੰਦ ਆਉਂਦਾ ਹੈ ?
ਕਰਤਾਰੀ, ਵਿਲੱਖਣ ਤੇ ਚਮਤਕਾਰੀ ਗੱਲਾਂ!
12. ਆਪਣੇ ਵਿਅਕਤੀਤਵ ਵਿੱਚੋਂ ਤੁਸੀਂ ਕੀ ਕੀ ਹੋਰਨਾਂ ਨੂੰ ਵੰਡ ਦੇਣਾਂ ਚਾਹੁੰਦੇ ਹੋ ?
ਇਹਦਾ ਖੰਡ, ਖੰਡ…ਇਹਦਾ ਪਿੰਡ…..ਇਹਦਾ ਬ੍ਰਹਿਮੰਡ!
13. ਕੀ ਕਦੇ ਜ਼ਿੰਦਗੀ ਵਿੱਚ ਸ਼ਰਮਿੰਦਾ ਵੀ ਹੋਣਾਂ ਪਿਆ ਹੈ ਜਾਂ ਨਹੀ ?
ਅਜੇ ਤਕ ਇਹ ਨੌਬਤ ਨਹੀਂ ਆਈ!
14. ਤੁਹਾਡੀਆਂ ਪਿਆਰੀਆਂ ਥਾਵਾਂ ਅਤੇ ਮਨਪਸੰਦ ਖਾਣੇ ਕਿਹੜੇ ਨੇ ?
ਮੈਨੂੰ ਪੈਰਸ, ਲੰਡਨ, ਸਟੌਕਹੋਮ, ਕੋਪਨਹੈਗਨ, ਡਬਲਨ, ਐਮਸਟਰਡੈਮ, ਬਰੱਸਲਜ਼, ਲਕਸਮਬਰਗ, ਡਿਜ਼ਨੀਲੈਂਡ, ਜਨੀਵਾ, ਵਿਕਟੋਰੀਆ, ਸਿੰਘਾਪੁਰ, ਸਟਰੈਟਫੋਰਡ ਅਪੌਨ ਐਵਨ ਆਦਿ ਤੇ ਕਈ ਹੋਰ ਸ਼ਹਿਰ ਬਹੁਤ ਚੰਗੇ ਲੱਗਦੇ ਹਨ! ਖਾਣਿਆਂ ਵਿਚ ਰੋਸਟਡ ਮੀਟ, ਭਿੰਡੀ ਤੇ ਸਾਗ ਦਾ ਸ਼ੌਕੀਨ ਹਾਂ! ਰਸਮਲਾਈ, ਕਸਟਰਡ, ਆਈਸ ਕਰੀਮ ਤੇ ਖੀਰ ਵੀ ਪਸੰਦ ਹਨ!
15. ਤੁਸੀਂ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਕਿਸਨੂੰ ਮੰਨਦੇ ਹੋ ?
ਦੇਸ਼ ਦੇ ਅਸਾਵੇਂ ਤੇ ਬੇਇਨਸਾਫੀ ਵਾਲੇ ਸਿਸਟਮ ਨੂੰ ਕਾਇਮ ਰੱਖਣ ਵਾਲੀਆਂ ਸ਼ਕਤੀਆਂ ਨੂੰ!
16. ਜੋ ਤੁਸੀਂ ਅੱਜ ਕਰ ਰਹੇ ਹੋ ਇਸਨੂੰ ਆਪਣੇ ਆਪ ਚੁਣਿਆ ਸੀ ਜਾਂ ਕਿਸੇ ਮਜ਼ਬੂਰੀ ਵੱਸ ?
ਇਹ ਚੋਣ 24 ਕੈਰਟ ਮੇਰੀ ਹੈ!
17. ਆਪਣੀ ਪਹਿਲੀ ਮੁਹੱਬਤ ਦੀ ਸੁੱਚਤਾ ਨੂੰ ਆਪਣੇ ਸ਼ਬਦ ‘ਚ ਕਿਵੇ ਬਿਆਨ ਕਰੋਗੇ ?
ਸੁੱਚਤਾ ਨੈਤਿਕਤਾ ਨਾਲ ਜੁੜਿਆ ਸ਼ਬਦ ਹੈ! ਮੁਹੱਬਤ ਸੱਚੀ, ਸੁਹਿਰਦ ਤੇ ਆਪਾ-ਵਾਰੂ ਹੁੰਦੀ ਹੈ!
18. ਤੁਸੀਂ ਕਿਸ ਰੂਪ ਵਿੱਚ ਯਾਦ ਕੀਤਾ ਜਾਣਾਂ ਪਸੰਦ ਕਰੋਗੇ ?
ਸਮੁੱਚੀ ਜ਼ਿੰਦਗੀ ਨੂੰ ਵਚਨਬੱਧ ਤੇ ਜਿਊਂਕੇ ਲਿਖਣ ਵਾਲੇ ਲੇਖਕ ਦੇ ਤੌਰ ‘ਤੇ!
19. ਜੇਕਰ ਪੁਨਰ ਜਨਮ ਵਿੱਚ ਵਿਸ਼ਵਾਸ਼ ਹੈ ਤਾਂ ਕਿਸ ਰੂਪ ਵਿੱਚ ਪੈਦਾ ਹੋਣਾ ਚਾਹੋਗੇ ?
ਹਰ ਰਚਨਾਂ ਹੀ ਮੇਰਾ ਪੁਨਰ ਜਨਮ ਹੈ! ਇਹਨਾਂ ਜਨਮਾਂ ਦੀ ਲੜੀ ਨਿਰੰਤਰ ਜਾਰੀ ਹੈ!
20. ਕੀ ਤੁਸੀਂ ਆਪਣੀਆਂ ਅੱਜ ਤੱਕ ਦੀਆਂ ਪ੍ਰਾਪਤੀਆਂ ਤੋਂ ਸੰਤੁਸ਼ਟ ਹੋ ?
ਬਹੁਤ ਹੱਦ ਤਕ….ਉੰਜ ਮੇਰੀ ਨਜ਼ਰ ਹਮੇਸ਼ਾ ਹੀ ਖਿਤਿਜ ਤੋਂ ਅੱਗੇ ਹੋਰ ਖਿਤਿਜ ਵੇਖਣ ਦੀ ਆਦੀ ਹੋ ਚੁੱਕੀ ਹੈ!
21. ਤੁਹਾਡੀ ਪਿਆਰੀ ਫਿਲਮ ਅਤੇ ਮਨਪਸੰਦ ਟੀ.ਵੀ. ਪ੍ਰੋਗਰਾਮ ਕਿਹੜਾ ਹੈ ?
ਗੁਰੁ ਦੱਤ ਦੀ “ਸਾਹਿਬ ਬੀਬੀ ਔਰ ਗ਼ੁਲਾਮ” ਬਹੁਤ ਚੰਗੀ ਲੱਗੀ ਸੀ! “ਹਿਸਟਰੀ ਚੈਨਲ” ਮੇਰਾ ਮਨਪਸੰਦ ਟੀ. ਵੀ. ਚੈਨਲ ਹੈ
22. ਤੁਹਾਨੂੰ ਦੂਜਿਆਂ ਦੀਆਂ ਕਿਹੜੀਆਂ ਗੱਲਾਂ ਤੋਂ ਜਲਨ ਮਹਿਸੂਸ ਹੁੰਦੀ ਹੈ ?
ਇਹ ਨੌਬਤ ਅਜੇ ਤਕ ਨਹੀਂ ਆਈ! ਮੈਂ ਆਪ ਹੀ ਆਪਣੀ ਸਮਰੱਥਾ ਤੇ ਆਪ ਹੀ ਆਪਣੀ ਸੀਮਾਂ ਹਾਂ!
23. ਤੁਸੀਂ ਕਿਹੜੀਆਂ ਗੱਲਾਂ ਅਤੇ ਕਿਹੜੇ ਮੌਕਿਆਂ ਉੱਪਰ ਝੂਠ ਬੋਲਣਾਂ ਪਸੰਦ ਕਰਦੇ ਹੋ ?
ਕਦੇ ਵੀ ਨਹੀਂ! ਉੰਜ ਜ਼ਿੰਦਗੀ ਇਕ ਬਹੁਤ ਵੱਡਾ ਝੂਠ ਜਾਂ ਭਰਮ ਵਰਗਾ ਸੱਚ ਹੈ! ਭੋਗ ਰਿਹਾ ਹਾਂ!
24. ਕੋਈ ਅਜਿਹਾ ਕੌੜਾ ਸੱਚ ਜੋ ਤੁਹਾਨੂੰ ਅੱਜ ਤੱਕ ਨਾਂ ਭੁਲਾਇਆਂ ਭੁੱਲਾ ਹੋਵੇ ?
1947 ਦਾ ਬਟਵਾਰਾ!
25. ਤੁਹਾਡੀ ਕੋਈ ਅਜਿਹੀ ਆਦਤ ਜਿਹੜੀ ਤੁਸੀਂ ਵਾਰ ਵਾਰ ਬਦਲਨਾਂ ਚਾਹੁੰਦੇ ਹੋਏ ਵੀ ਬਦਲ ਨਹੀਂ ਸਕੇ ?
ਕਦੇ, ਕਦੇ ਗ਼ੈਰ-ਹਾਜ਼ਰ ਮਨ ਨਾਲ, ਮਸ਼ੀਨੀ ਹੁੰਗਾਰਾ ਭਰਨ ਦੀ ਆਦਤ!
26. ਤੁਸੀਂ ਕਿਹੋ ਜਿਹੇ ਕੱਪੜਿਆਂ ਵਿੱਚ ਚੁਸਤ ਦਰੁਸਤ ਮਹਿਸੂਸ ਕਰਦੇ ਹੋ ?
ਟਰੈਕ ਸੂਟ ਜਾਂ ਕੁਰਤੇ ਅਤੇ ਸਲਵਾਰ ਜਾਂ ਪਾਜਾਮੇਂ ਵਿਚ!
27. ਤੁਸੀਂ ਆਪਣੀਆਂ ਗਲਤੀਆਂ ਨੂੰ ਕਿਸ ਤਰਾਂ ਛੁਪਾਉਂਦੇ ਹੋ ?
ਗ਼ਲਤੀਆਂ ਨੂੰ ਸੁਭਾਵਕ ਰੂਪ ਵਿਚ, ਇਨਸਾਨੀ ਫਿਤਰਤ ਦਾ ਅਨਿੱਖੜ ਅੰਗ ਮੰਨਕੇ!
28. ਜੇਕਰ ਤੁਹਾਨੂੰ ਅਨਿਆਂ ਦੇ ਖਿਲਾਫ ਆਵਾਜ਼ ਉਠਾਉਣੀ ਪੈ ਜਾਵੇ ਤਾਂ ਕਿਸ ਰੂਪ ਵਿੱਚ ਉਠਾਉਗੇ ?
ਸ਼ਬਦ ਨੂੰ ਇਕ ਕਾਰਗਰ ਹੱਥਿਆਰ ਬਣਾ ਕੇ!
29. ਹਰ ਪਲ ਸੁਰਖੀਆਂ ਵਿੱਚ ਬਣੇ ਰਹਿਣ ਵਾਸਤੇ ਕੀ ਕੀ ਤਰੀਕੇ ਅਪਣਾਉਂਦੇ ਹੋ ?
ਇੱਕੋ ਤਰੀਕਾ: ਪੂਰੀ ਵਚਨਬੱਧਤਾ ਨਾਲ ਲਗਾਤਾਰ ਵਿਲੱਖਣ ਲਿਖਣ ਤੇ ਲਗਾਤਾਰ ਛਪਣ ਦਾ!
30. ਜੇਕਰ ਆਪਣੇ ਸੰਘਰਸ਼ ਦੀ ਕਹਾਣੀ ਘੱਟ ਤੋਂ ਘੱਟ ਲਫਜ਼ਾ ਵਿੱਚ ਹੋਵੇ ਤਾਂ ਕਿਸ ਤਰਾਂ ਕਹੋਗੇ ?
“ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ”…..ਚਲੇ ਚੱਲੋ… ਡੋਂਟ ਲੁੱਕ ਬੈਕ!
31. ਤੁਹਾਨੂੰ ਜ਼ਿੰਦਗੀ ਵਿੱਚ ਕਿਸਦਾ ਸਾਥ ਸਭ ਤੋਂ ਵਧੀਆ ਲੱਗਦਾ ਹੈ ?
ਆਪਣੇ ਆਪ ਦਾ! “ਆਪਣੇ ਸੰਗ ‘ਚ ਕਦੇ ਆਦਮੀਂ, ਕੱਲਾ ਨਹੀਂ ਹੁੰਦਾ!”
32. ਤੁਹਾਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਕਦੋਂ ਅਤੇ ਕਿੱਥੋਂ ਮਿਲਿਆ ਸੀ ?
ਹਰ ਠੋਹਕਰ ਹੀ ਮੇਰੀ ਪੁਸਤਕ, ਅਧਿਆਪਕ ਤੇ ਰਹਿਬਰ ਰਹੀ ਹੈ ਜ਼ਿੰਦਗੀ ਭਰ!
33. ਅਜਿਹਾ ਕੰਮ ਜਿਹੜਾ ਹਰ ਰੋਜ਼ ਕਰਨ ਲਈ ਉਤਸੁਕ ਰਹਿੰਦੇ ਹੋ ਅਤੇ ਸਭ ਤੋਂ ਪਹਿਲਾਂ ਉਹੀ ਕਰਦੇ ਹੋ ?
ਸਵੇਰ ਵੇਲੇ, ਘੰਟੇ ਕੁ ਦੀ ਸੈਰ ਤੇ ਸੈਰ ਕਰਦਿਆਂ ਕੁਝ ਨਵਾਂ, ਕੁਝ ਵੱਖਰਾ ਲਿਖਣ ਦੀ ਸੋਚ!
34. ਜੇਕਰ ਤੁਹਾਨੂੰ ਦੇਸ਼ ਦੇ ਇਤਿਹਾਸਿਕ ਦੌਰ ਵਿੱਚ ਜਾਣ ਵਾਸਤੇ ਆਖਿਆ ਜਾਵੇ, ਤਾਂ ਕਿਸ ਦੌਰ ਵਿੱਚ ਜਾਕੇ ਰਹਿਣਾਂ ਅਤੇ ਜਿਊਣਾਂ ਜਾਂ ਫੇਰ ਉਸ ਦੌਰ ਬਾਰੇ ਵੱਧ ਤੋਂ ਵੱਧ ਜਣਕਾਰੀ ਅਤੇ ਖੋਜ ਕਰਨੀਂ ਪਸੰਦ ਕਰੋਗੇ ?
ਮੈਂ ਵਰਤਮਾਨ ਨੂੰ ਪੂਰੀ ਤਰ੍ਹਾਂ ਜਿਊਣ ਵਾਲਾ, ਭਵਿੱਖ ਦਾ ਜੀਵ ਹਾਂ! ਭੂਤ ਦਾ ਚਿੰਤਨ, ਮੇਰੇ ਅਵਚੇਤਨ ਦਾ ਅਨਿੱਖੜ ਅੰਗ ਹੈ!
35. ਜੇਕਰ ਤੁਹਾਨੂੰ ਆਪਣੀਂ ਇੱਛਾ ਪੂਰੀ ਕਰਨ ਦਾ ਮੌਕਾ ਦਿੱਤਾ ਜਾਵੇ ਸਭ ਤੋˆ ਪਹਿਲਾਂ ਕਿਹੜੀ ਇੱਛਾ ਪੂਰੀ ਕਰਨੀਂ ਚਾਹੋਗੇ ?
ਆਪਣੇ ਅੰਦਰਲੀ ਆਦਰਸ਼ ਔਰਤ ਜਾਂ ਸੁਪਨ-ਕੁੜੀ ਦੀ ਪ੍ਰਾਪਤੀ ਤੋਂ ਪਹਿਲਾਂ ਕਿਸੇ ਵੀ ਪੱਕੇ ਦੁਨਿਆਵੀ ਰਿਸ਼ਤੇ ਵਿਚ ਬੱਝਣ ਤੌਂ ਇਨਕਾਰ!
36. ਤੁਹਾਡਾ ਪਹਿਲਾ ਸਕੂਲ ਅਤੇ ਪਹਿਲਾ ਮਨਪਸੰਦ ਕਾਲਜ ਜਿੱਥੇ ਲੱਖ ਚਾਹਕੇ ਵੀ ਨਹੀਂ ਜਾ ਸਕੇ ?
ਕੋਈ ਵੀ ਨਹੀਂ! ਆਈ ਗੌਟ ਦ ਬੈਸਟ ਐਵਰੀ ਟਾਈਮ!
37. ਤੁਸੀ ਜਿਸ ਵੀ ਸਕੂਲ, ਕਾਲਜ ਵਿੱਚ ਪੜ੍ਹੇ ਉਸ ਵਿੱਚ ਕਿੰਨ੍ਹਾ ਕੁੱਝ ਅਣਮੰਨੇ ਮਨ ਨਾਲ ਕੀਤਾ ?

ਕਾਲਜ ਵਿਚ ਸਿਵਾਏ ਸਪੋਰਟਸ ਤੋਂ ਸਭ ਕੁਝ ਹੀ ਐਸਾ ਸੀ! ਮੇਰੇ ਕੋਲ ਮੈਡੀਕਲ ਦੇ ਵਿਸ਼ੇ ਸਨ ਪਰ ਮੈਨੂੰ ਆਰਟਸ ਵਿਚ ਦਿਲਚਸਪੀ ਸੀ!
38. ਜਦੋਂ ਪਹਿਲੀ ਵਾਰ ਪਾਕੇੱਟ ਮਨੀ ਮਿਲੀ, ਤੁਹਾਡੇ ਮਨ ਦੀ ਖੁਸ਼ੀ ਕਿਹੋ ਜਿਹੀ ਸੀ ?
ਆਪਣੀ ਜ਼ਿੰਦਗੀ ਨੂੰ ਆਪਣੀ ਮਰਜ਼ੀ ਨਾਲ ਆਪ ਖਰਚਣ ਤੇ ਆਪ ਜਿਊਣ ਜਿੰਨੀਂ!
39. ਜੇਕਰ ਤੁਹਾਨੂੰ ਦੋਬਾਰਾ 16 ਸਾਲ ਦਾ ਹੋਣ ਦਾ ਮੌਕਾ ਦਿੱਤਾ ਜਾਵੇ ਸਭ ਤੋˆ ਪਹਿਲਾਂ ਕੀ ਕਰੋਗੇ ?
ਸੈਲੀਬਰੇਸ਼ਨ ਆਫ ਸਵੀਟ ਸਿਕਸਟੀਨ ਐਟ ਗਲੋਬਲ ਲੈਵਲ!
40. ਤੁਹਾਡਾ ਅੱਜ ਤੱਕ ਦਾ ਸਭ ਤੋˆ ਯਾਦਗਾਰੀ ਅਤੇ ਕੌੜਾ ਪਲ ਕਿਹੜਾ ਹੈ ?
ਯਾਦਗਾਰੀ ਸੀ ਜ਼ਿੰਦਗੀ ਦੀ ਪਹਿਲੀ ਮੁਹੱਬਤ ਜੋ ਕੌੜੀ ਏਸ ਲਈ ਬਣੀ ਕਿ ਉਹ ਅਫਲਾਤੂਨੀ ਨਿਕਲੀ!
41. ਤੁਹਾਡੇ ਮਨਪਸੰਦ ਖਾਣੇਂ ਕਿਹੜੇ ਹਨ ਅਤੇ ਉਹੀ ਕਿਉਂ ਹਨ ?
ਇਸ ਦਾ ਉੱਤਰ ਉੱਪਰ ਦੇ ਚੁੱਕਾ ਹਾਂ! ਮੁਰਗ਼ ਮੁਸੱਲਮ ਤੇ ਬੱਕਰੇ ਦਾ ਰੌਗ਼ਨ ਜੋਸ਼ ਵੀ ਐਡ ਕਰ ਲਓ ਆਈ ਐਮ ਏ ਲਾਈਫਿਸਟ!
42. ਤੁਹਾਡੀ ਅਦਾ ਕਿਸ ਤਰ੍ਹਾਂ ਅਤੇ ਕਿਹੋ ਜਿਹੇ ਰੂਪ ਵਿੱਚ ਝਲਕਦੀ ਹੈ ?
ਐਸ ਉਮਰ ਵਿਚ ਤਾਂ ਉਮਰ ਹੀ ਇਕ ਅਦਾ ਬਣ ਗਈ ਜਾਪਦੀ ਹੈ!
43. ਆਪਣਾਂ ਮਨਪਸੰਦ ਸੰਗੀਤ ਸੁਣਨ ਵੇਲੇ ਤੁਹਾਡੇ ਆਲੇ ਦੁਆਲੇ ਦਾ ਮਹੌਲ ਕਿਹੋ ਜਿਹਾ ਹੁੰਦਾ ਹੈ ?
ਚੁੱਪ! ਸ਼ਾਂਤ! ਪੱਤਾ ਤਕ ਨਹੀਂ ਹਿੱਲਦਾ!
44. ਤੁਹਾਡਾ ਰੋਡ ਸਾਈਡ ਫੇਵਰਟ ਫੂਡ ਕਿਹੜਾ ਹੈ ?
ਹੈਮਬਰਗਰ
45. ਤੁਹਾਡੇ ਆਪਣੇ ਸ਼ਹਿਰ ਦਾ ਫੇਵਰਟ ਰੈਸਟੋਰੈਂਟ ਕਿਹੜਾ ਹੈ ?
ਮਿਸਟਰ ਮਾਈਕ’ਸ ਸਟੇਕ ਹਾਊਸ!
46. ਤੁਹਡਾ ਮਨਪਸੰਦ ਨਾਈਟ ਸਪੌਟ ਕਿਹੜਾ ਹੈ ?
“ ਹੈਂਕੀ ਪੈਂਕੀ ਨਾਈਟ ਕਲੱਬ!”
47. ਤੁਸੀˆ ਅੱਜ ਤੱਕ ਦਾ ਸਭ ਤੋˆ ਮਹਿੰਗਾ ਖਾਣਾਂ ਕਦੋਂ ਅਤੇ ਕਿੱਥੇ ਖਾਧਾ ?
1968 ਵਿਚ, ਪੈਰਸ ਵਿਚ!
48. ਤੁਹਾਨੂੰ ਕਿਸੇ ਮਜ਼ਬੂਰੀ ਵੱਸ ਸਭ ਤੋਂ ਸਸਤਾ ਖਾਣਾਂ ਕਦੋਂ ਅਤੇ ਕਿੱਥੇ ਖਾਣਾਂ ਪਿਆ ?
1965 ਵਿਚ ਜਲੰਧਰ!
49. ਘੱਟ ਬਿਲ ਵਿੱਚ ਕਿਸ ਥਾਂ ਦਾ ਖਾਣਾਂ ਸਭ ਤੋਂ ਵਧੀਆ ਲੱਗਦਾ ਹੈ ?
ਇੰਡੀਅਨ ਬਫੇ, ਕਿਸੇ ਵੀ ਇੰਡੀਅਨ ਰੈਸਤੋਰਾਂ ਵਿਚ!
50. ਕਿਸ ਥਾਂ ਤੋਂ ਆਊਟਫਿਟਸ ਖਰੀਦਣ ਵਾਸਤੇ ਹਰ ਪਲ ਤੁਹਾਡਾ ਮਨ ਕਾਹਲਾ ਪੈˆਦਾ ਰਹਿੰਦਾ ਹੈ ?
“ਹਡਸਨਜ਼ ਬੇ” ਤੇ “ਸੀਅਰਜ਼” ਡਿਪਾਰਟਮੈਂਟ ਸਟੋਰਾਂ ਤੋਂ!
51. ਕਿਥੋˆ ਦੀ ਮਾਰਕੀਟ ਵਿੱਚੋˆ ਤੁਹਾਡੀ ਪਸੰਦ ਦੇ ਕੱਪੜੇ ਮਿਲ ਹੀ ਜਾਂਦੇ ਨੇ ?
ਵੈਨਕੂਵਰ ਦੀ ਮਾਰਕੀਟ ਵਿੱਚੌਂ!

52. ਆਪਣੇਂ ਸ਼ਹਿਰ, ਦੇਸ਼ ਦੇ ਕਿਸ ਡਰੈੱਸ ਡਿਜ਼ਾਈਨਰ ਤੋ ਕੱਪੜੇ ਬਣਵਾਉਣਾਂ ਪਸੰਦ ਕਰਦੇ ਹੋ ?
ਜਲੰਧਰ ਕਦੇ “ਬਲੂ ਸਟਾਰ” ਹੁੰਦਾ ਸੀ ਕਾਲਜ ਦੇ ਜ਼ਮਾਨੇਂ ਵਿਚ! ਹੁਣ ਰੈਡੀਮੇਡ ਨਾਲ ਕੰਮ ਚੱਲ ਜਾਂਦਾ ਹੈ!
53. ਆਊਟਫਿੱਟਸ ਵਿੱਚ ਤੁਹਾਨੂੰ ਕਿਹੋ ਜਿਹੇ ਰੰਗ ਪਸੰਦ ਆਉˆਦੇ ਨੇ ?
ਗੂੜ੍ਹੇ, ਸ਼ੋਖ ਤੇ ਸਫੈਦ!
54. ਆਪਣੀਂ ਖਰੀਦ ਵਿੱਚੋਂ ਕਿਹੜੇ ਕੱਪੜੇ ਜ਼ਿਆਦਾ ਪਹਿਨਦੇ ਹੋ ?
ਈਜ਼ੀ ਟੂ ਵੇਅਰ ਐਂਡ ਰੀਲੈਕਸਿੰਗ!
55. ਜਿਹਨਾਂ ਕੱਪੜਿਆਂ ਤੋˆ ਮਨ ਭਰ ਜਾਂਦਾ ਹੈ ਉਹਨਾਂ ਦਾ ਕੀ ਕਰਦੇ ਹੋ ?
ਸਾਲਵੇਸ਼ਨ ਆਰਮੀਂ ਜਾਂ ਕਿਸੇ ਹੋਰ ਚੈਰੇਟੀ ਨੂੰ ਦਾਨ ਕਰ ਦਿੰਦਾ ਹਾਂ!
56. ਦੇਸ਼ ਦੀ ਕਿਸ ਥਾਂ ਉੱਪਰ ਰਹਿਣਾਂ ਪਸੰਦ ਹੈ ?
ਪਹਾੜੀ ਥਾਂ ਉੱਤੇ! ਜੰਗਲਾਂ ਤੇ ਝੀਲਾਂ ਵਿਚਕਾਰ!
57. ਮਨਪਸੰਦ ਇਤਿਹਾਸਿਕ ਥਾਂ ਕਿਹੜੀ ਹੈ ?
ਪੈਰਸ ਦਾ ਆਈਫਲ ਟਾਵਰ!
58. ਸਭ ਤੋਂ ਚੰਗੀ ਅਤੇ ਮਾੜੀ ਯਾਦ ਕਿਸ ਥਾਂ ਨਾਲ ਜੁੜੀ ਹੋਈ ਹੈ ?
ਕੀਨੀਆਂ ਨਾਲ!
59. ਉਹ ਥਾਂ ਜਿੱਥੇ ਰਹਿਣ ਦਾ ਸੁਪਨਾਂ ਅਜੇ ਪੂਰਾ ਨਹੀਂ ਹੋਇਆ ?
ਆਸਟਰੇਲੀਆ ਅਤੇ ਦੱਖਣੀ ਅਮਰੀਕਾ ਦੇ ਕੁਝ ਦੇਸ਼!
60. ਇੱਕ ਖੂਬਸੂਰਤ ਘਰ ਕਿਹੋ ਜਿਹਾ ਹੋਣਾਂ ਚਾਹੀਦਾ ਹੈ ?
ਆਪਣੇ ਆਪ ਵਰਗਾ, ਆਪਣੇ ਸੁਫਨੇ ਵਰਗਾ!
“ਜਿੱਥੇ ਸੁਫਨਾਂ ਤੇ ਸੱਚ ਮਿਲਦੇ,
ਹੈ ਉਹ ਘਰ ਮੇਰਾ, ਉਹ ਘਰ ਮੇਰਾ!”

Friday, September 24, 2010

ਪੈੜਾਂ ਤੇ ਪਰਛਾਵੇਂ / ਦਰਸ਼ਨ ਦਰਵੇਸ਼

ਮੈਂ ਦੋਬਾਰਾ ਪੜ੍ਹਨਾਂ ਚਾਹੁੰਦਾ ਹਾਂ-ਗੁਰਨਾਮ ਗਿੱਲ
ਦਰਸ਼ਨ ਦਰਵੇਸ਼: ਤੁਹਾਡਾ ਪਹਿਲਾ ਸਕੂਲ ਅਤੇ ਪਹਿਲਾ ਮਨਪਸੰਦ ਕਾਲਜ ਜਿੱਥੇ ਤੁਸੀਂ ਲੱਖ ਚਾਹਕੇ ਵੀ ਨਹੀਂ ਜਾ ਸਕੇ ?
ਗੁਰਨਾਮ ਗਿੱਲ: ਲਾਇਲਪੁਰ ਖਾਲਸਾ ਕਾਲਿਜ, ਜਲੰਧਰ।
ਦਰਵੇਸ਼: ਤੁਸੀਂ ਜਿਸ ਵੀ ਸਕੂਲ ਜਾਂ ਕਾਲਜ ਵਿੱਚ ਪੜ੍ਹੇ ਉਸ ਵਿੱਚ ਕਿੰਨਾਂ ਕੁੱਝ ਅਣਮੰਨੇ ਮਨ ਨਾਲ ਕੀਤਾ ?
ਗਿੱਲ: ਸਧਾਰਣ ਕਿਸਾਨ ਪ੍ਰਵਾਰ ਵਿੱਚ ਜਨਮ ਲਿਆ ਅਤੇ ਜ਼ਿੰਦਗੀ ਪ੍ਰਤੀ ਸੇਧ ਨਾ ਹੋਣ ਕਰ ਕੇ, ਸਭ ਕੁੱਝ ਅਣਮੰਨੇ ਮਨ ਨਾਲ਼ ਹੀ ਹੋਇਆ। ਘਰੇਲੂ ਵਾਤਾਵਰਣ ਹੀ ਇਹੋ ਜਿਹਾ ਸੀ, ਫਿਰ ਮੇਰਾ ਕੀ ਕਸੂਰ?

ਦਰਵੇਸ਼: ਜਦੋਂ ਤੁਹਾਨੂੰ ਪਹਿਲੀ ਵਾਰ ਪਾਕੇੱਟ ਮਨੀਂ ਮਿਲੀ ਤਾਂ ਤੁਹਾਡੇ ਮਨ ਦੀ ਖੁਸ਼ੀ ਕਿਹੋ ਜਿਹੀ ਸੀ ?
ਗਿੱਲ: ਪਾਕੇਟ ਮਨੀ ਮੈਨੂੰ ਮਿਲੀ ਨਹੀਂ ਸੀ, ਮੈਂ ਆਪਣੀ ਮਾਂ ਦੇ ਸੰਦੂਕ ਵਿੱਚੋਂ ਚੋਰੀ ਕੀਤੀ ਸੀ। ਖਾਲਸਾ ਹਾਈ ਸਕੂਲ ਸਮਰਾਏ-ਜੰਡਿਆਲਾ ਦੀ ਕੰਟੀਨ ਅੱਗੇ ਖੜ੍ਹਕੇ ਪਕੌੜੇ ਖਾਂਦਿਆਂ, ਮੈਂ ਵੀ ਹਮਜਮਾਤੀਆਂ ‘ਚ ਖੜਾ ਮਾਣ ਮਹਿਸੂਸ ਕਰ ਰਿਹਾ ਸੀ, ਅਮੀਰ ਮਾਂ-ਬਾਪ ਦੇ ਬੱਚਿਆਂ ਵਾਂਗੂ!

ਦਰਵੇਸ਼: ਜੇਕਰ ਤੁਹਾਨੂੰ ਦੋਬਾਰਾ 16 ਸਾਲ ਦਾ ਹੋਣ ਦਾ ਮੌਕਾ ਦਿੱਤਾ ਜਾਵੇ ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰੋਗੇ ?
ਗਿੱਲ: ਮੈਨੂੰ ਤੁਸੀਂ ਹੁਣ 16 ਸਾਲ ਵਿੱਚ ਦੋਬਾਰਾ ਜਾਣ ਦਾ ਮੌਕਾ ਨਾ ਹੀ ਦਿਓ ਤਾਂ ਅੱਛਾ ਰਹੇਗਾ। ਜੇਕਰ ਤੁਹਾਡੀ ਜ਼ਿਦ ਹੈ ਤਾਂ ਫੇਰ ਮੈਂ ਆਪਣੇ ਮਾਂ-ਬਾਪ ਨੂੰ ਬੇਨਤੀ ਕਰਾਂਗਾ ਕਿ ਮੈਨੂੰ ਪੜ੍ਹਨ ਦਾ ਮੌਕਾ ਦੇਣ ਅਤੇ ਮੇਰੇ ਆਪਣੇ ਸੁਪਨਿਆਂ ਅਨੁਸਾਰ।

ਦਰਵੇਸ਼: ਤੁਹਾਡਾ ਅੱਜ ਤੱਕ ਦਾ ਸਭ ਤੋਂ ਯਾਦਗਾਰੀ ਅਤੇ ਕੌੜਾ ਪਲ ਕਿਹੜਾ ਹੈ ?
ਗਿੱਲ: ਬਹੁਤਾ ਯਾਦਗਾਰੀ ਤਾਂ ਨਹੀਂ ਪਰ ਕੌੜਾ ਜ਼ਰੂਰ ਹੈ। ਬਾਪ ਦੇ ਰੁੱਖੇ ਵਤੀਰੇ ਤੋਂ ਤੰਗ ਆ ਕੇ, ਆਪਣੇ ਗੁਆਢੀ ਹਮਜਮਾਤੀ ਸੁਭਾਸ਼ਬੀਰ ਸਿੰਘ ਮਲਹੋਤਰਾ ਨਾਲ਼, ਸਕੂਲ ਦੀਆਂ ਕਿਤਾਬਾਂ ਵੇਚ ਕੇ ਜਲੰਧਰੋਂ, ਅੰਬਾਲ਼ੇ ਚਲੇ ਜਾਣਾ ਅਤੇ ਮਾਯੂਸੀ ਵਿੱਚ ਵਾਪਸ ਪਰਤ ਆਉਣਾ। ਦੂਸਰੇ ਦਿਨ ਸ਼ਰਮਿੰਦਾ ਜਿਹਾ ਹੋਇਆ ਆਪਣੇ ਸਕੂਲ ਦੇ ਮਾਸਟਰ ਸ੍ਰ ਬਲਵਿੰਦਰ ਸਿੰਘ ਸਮਰਾ ਸਾਹਮਣੇ ਹਾਜ਼ਰ ਹੋਣਾ ਪਿਆ ਸੀ। ਸਕੂਲੋਂ ਵਾਪਸ ਆਣ ਕੇ ਚੁਬਾਰੇ ਵਿੱਚ ਬੈਠਾ ਸੀ ਜਦੋਂ ਸੁਭਾਸ਼ ਦੀ ਭੈਣ, ਸੁਰਜੀਤ ਆ ਕੇ ਮੈਨੂੰ ਘਰੋਂ ਭੱਜ ਜਾਣ ਦਾ ਕਾਰਣ ਪੁੱਛਣ ਲੱਗੀ, ਮੈਂ ਕੀ ਦੱਸਦਾ? ਉਹ ਮੈਨੂੰ ਗਲ਼ ਨਾਲ਼ ਲਾ ਕੇ ਰੋਣ ਲੱਗ ਪਈ ਅਤੇ ਮੈਂ ਵੀ ਰੋਣ ਲੱਗ ਪਿਆ ਸਾਂ। ਫੇਰ ਇੱਕ ਵਾਰੀ ਗੱਡੀ ਥੱਲੇ ਆ ਕੇ ਆਤਮ ਹੱਤਿਆ ਕਰਨੀ ਚਾਹੀ; ਮੌਲ਼ੀ ਦੇ ਫਾਟਕ ਕੋਲ਼ ਖੜਾ ਰਿਹਾ, ਜਦੋਂ ਗੱਡੀ ਆਈ ਉਦੋਂ ਤੱਕ ਗੁੱਸਾ ਠੰਡਾ ਹੋ ਚੁੱਕਾ ਸੀ। ਫਿਰ ਸਾਈਕਲ ਉੱਤੇ ਆਪਣੇ ਪਿੰਡ ਵੱਲ ਚਾਲੇ ਪਾ ਲਏ ਕਿਉਂ ਕਿ ਖੁਦਕੁਸ਼ੀ ਲਈ, ਨਿਰੀ ਬੁਜ਼ਦਿਲੀ ਨਹੀਂ ਸਗੋਂ ਬਹਾਦਰੀ ਦੀ ਵੀ ਲੋੜ ਹੁੰਦੀ ਹੈ!

ਦਰਵੇਸ਼: ਤੁਹਾਡੇ ਮਨਪਸੰਦ ਖਾਣੇਂ ਕਿਹੜੇ ਹਨ ਅਤੇ ਉਹੀ ਕਿਉਂ ਹਨ ?
ਗਿੱਲ: ਮੈਂ ਵਧੇਰੇ ਕਰਕੇ ਵੈਸ਼ਨੋ ਖਾਣਾ, ਆਪਣੇ ਹੀ ਸੁਆਦ ਅਨੁਸਾਰ, ਖੁਦ ਬਣਾ ਕੇ ਖਾਣਾ ਪਸੰਦ ਕਰਦਾ ਹਾਂ। ਸਾਦਾ, ਪੌਸ਼ਟਿਕ ਅਤੇ ਸੁਆਦੀ। ਅੱਜ ਕਲ੍ਹ ਤਲ਼ੇ ਹੋਏ ਖਾਣੇ ਮੈਂ ਬਿਲਕੁਲ ਪਸੰਦ ਨਹੀਂ ਕਰਦਾ।

ਦਰਵੇਸ਼: ਤੁਹਾਡੀ ਅਦਾ ਕਿਸ ਤਰਾਂ ਅਤੇ ਕਿਹੋ ਜਿਹੇ ਰੂਪ ਵਿੱਚ ਝਲਕਦੀ ਹੈ ?
ਗਿੱਲ: ਤੁਸੀਂ ਤਾਂ ਮੇਰੇ ਨਾਲ਼ ਮੁੰਬਈ ਵਿੱਚ ਰਹਿ ਕੇ ਚੰਗੀ ਤਰ੍ਹਾਂ ਦੇਖ ਚੁੱਕੇ ਹੋ! ਸ਼ਇਦ ਸਾਦ-ਮੁਰਾਦੇ, ਨਿਮਰ, ਪਾਰਦਰਸ਼ੀ ਵਿਅੱਕਤੀ ਦੇ ਰੂਪ ਵਿੱਚ। ਨਿਮਰ ਅਤੇ ਨਿਰਵੈਰ ਹਾਂ ਪਰ ਬੁਜ਼ਦਿਲ ਬਿਲਕੁਲ ਨਹੀਂ। ਬਾਕੀ ਤੁਸੀਂ ਜਾਣਦੇ ਹੋ।

ਦਰਵੇਸ਼: ਆਪਣਾਂ ਮਨਪਸੰਦ ਸੰਗੀਤ ਸੁਣਨ ਵੇਲੇ ਤੁਹਾਡੇ ਆਲੇ ਦੁਆਲੇ ਦਾ ਮਹੌਲ ਕਿਹੋ ਜਿਹਾ ਹੁੰਦਾ ਹੈ ?
ਗਿੱਲ: ਖ਼ਾਮੋਸ਼-ਇਕਾਂਤ ਦੀ ਹੋਂਦ ਵਰਗਾ! ਆਪਣੀ ਚੋਣ ਅਤੇ ਸੁਆਦ ਨੂੰ ਮਾਨਣ ਵਾਲੇ ਸਾਥੀ ਦੀ ਹੋਂਦ ਦੇ ਭੁਲੇਖੇ ਵਰਗਾ! (ਚਲਦਾ)