Saturday, April 28, 2012

ਨਜ਼ਮ ਦਾ ਅਨੁਮਾਨ.. ..

ਕੁੱਝ ਦੋਸਤਾਂ ਨਾਲ਼ ਕੀਤੇ ਇਕਰਾਰ ਮੁਤਾਬਿਕ ਆਪਣੀਂ ਇੱਕ ਨਵੀਂ ਨਜ਼ਮ ਸਭ ਦੀ ਨਜ਼ਰ ਕਰ ਰਿਹਾ ਹਾਂ, ਹੋ ਸਕਦੈ ਸਭ ਨੂੰ ਹੀ ਪਸੰਦ ਆ ਜਾਵੇ। ਇਹ ਨਜ਼ਮ ਮੈਂ ਮੁੰਬਈ ਗੋਰਾਈ ਬੀਚ ਦੇ ਉਸ ਪਾਰ ਜਾਕੇ ਇੱਕ ਛੋਟੇ ਜਿਹੇ ਪਿੰਡ ਅਤੇ ਸਮੁੰਦਰ ਦੀਆਂ ਲਹਿਰਾਂ ਦੇ ਵਿਚਕਾਰ ਬਹਿਕੇ ਉਸ ਵੇਲ਼ੇ ਲਿਖੀ ਸੀ ਜਦੋਂ ਇੱਕ ਬਹੁਤ ਹੀ ਖੂਬਸੂਰਤ ਕਰਿਸ਼ਚੀਅਨ ਕੁੜੀ 'ਚਾਰੀ' ਮੈਨੂੰ ਇਕੱਲਾ ਬੈਠਾ ਦੇਖਕੇ ਮੈਨੂੰ ਉਹਨਾਂ ਦੀ ਘਰ ਦੀ ਕੱਢੀ ਸ਼ਰਾਬ 'ਜਾਮੁਲ' ਦੀ ਬੋਤਲ ਵੇਚਣ ਆਈ ਸੀ ਅਤੇ ਕਿੰਨੀਂ ਹੀ ਦੇਰ ਮੇਰੇ ਨਾਲ਼ ਬੈਠੀ ਗੱਲਾਂ ਮਾਰਦੀ ਇਹ ਵਾਅਦਾ ਲੈਕੇ ਗਈ ਸੀ ਕਿ ਜਦੋਂ ਵੀ ਮੈਂ ਉਸ ਪਾਸੇ ਆਵਾਂਗਾ, ਤਾਂ ਉਸੇ ਤੋਂ ਹੀ 'ਜਾਮੁਲ' ਖਰੀਦਕੇ ਆਪਣੀਂ ਸ਼ਾਮ ਨੂੰ ਸ਼ਬਦਾਂ ਦੇ ਹਵਾਲੇ ਕਰਿਆ ਕਰਾਂਗਾ।  

ਸਿਰਫ ਇੱਕ ਵੇਰ.......


 ਤੂੰ ਲਹਿਰ ਹੈਂ
 ਇੱਕ ਪਲ ਰੁਕ
 ਮੈਨੂੰ ਤੇਰੇ ਮੱਥੇ 'ਚ
         ਆਪਣਾ ਨਾਮ ਲਿਖ ਲੈਣ ਦੇ
 ਫਿਰ ਚਾਹੇ
 ਮੈਨੂੰ ਕਿਧਰੇ ਵੀ ਵਹਾ ਕੇ ਲੈ ਜਾਈਂ

 ਇੱਕ ਪਲ ਰੁਕ
 ਮੈਨੂੰ ਤੇਰੇ ਮੱਥੇ 'ਚ ਆਪਣਾ
                 ਨਾਮ ਲਿਖ ਲੈਣਦੇ


 ਮੈਂ ਆਪਣੀ
 ਹਰ ਸਵੇਰ ,ਹਰ ਸ਼ਾਮ
 ਆਪਣੀ ਜਿੰਦਗੀ ਦੇ ਸਾਰੇ ਰੰਗ
 ਰੰਗਾਂ ਦੀ ਸਾਰੀ ਖੂਸਬੂ
 ਤੇਰੇ ਨਾਮ ਲੁਆ ਸਕਦਾ ਹਾਂ
 ਮੈਨੂੰ ਤੇਰੇ ਮੱਥੇ 'ਚ
          ਆਪਣਾਂ ਨਾਮ ਲਿਖ ਲੈਣ ਦੇ

 ਕੁਦਰਤ ਨੇ ਦਿੱਤੀ ਮੇਰੇ ਹਿੱਸੇ ਦੀ
                       ਬਸੰਤ –ਬਹਾਰ
 ਹਰ ਮੌਸਮ ਦੀ ਹਰ ਰੁੱਤ
 ਤੇਰੇ ਲਈ
 ਮਹਿਫੂਜ ਰੱਖੇ ਮੋਹ ਦੇ ਬੋਲ
 ਉਹਨਾਂ ਬੋਲਾਂ 'ਚ
 ਪਨਾਹ ਲਈ ਬੈਠੀ ਬਰਸਾਤ                                                          
 ਤੇਰੇ ਨਾਮ ਲੁਆ ਸਕਦਾ ਹਾਂ
 ਮੈਨੂੰ ਇੱਕ ਵੇਰ
 ਤੇਰੇ ਮੱਥੇ 'ਚ
           ਆਪਣਾਂ ਨਾਮ ਲਿਖ ਲੈਣਦੇ                                                        

                                                 
 ਮੇਰੀਆਂ ਨਜ਼ਮਾਂ 'ਚ
 ਸ਼ਹਿ ਲਾਈ ਬੈਠਾ ਤੇਰਾ
                 ਕਪਾਹੀ ਹੁਸਨ
                                                           
 ਮੇਰੇ ਗੀਤਾਂ ਦੀ ਜੂਨ ਭੋਗਦੀ
 ਤੇਰੀ ਚਾਨਣੀ ਜਿਹੀ ਉਮਰ
 ਸੱਚ ਪੁੱਛੇ—
 ਤਾਂ ਆਪਣੀ ਸ਼ਾਇਰੀ
 ਤੇਰੇ ਨਾਮ ਲੁਆ ਸਕਦਾ ਹਾਂ
 ਮੈਨੂੰ ਇੱਕ ਵਾਰ
 ਤੇਰੇ ਮੱਥੇ 'ਚ
     ਆਪਣਾ ਨਾਮ ਲਿਖ ਲ਼ੈਣਦੇ  

 ਤੂੰ ਲਹਿਰ ਹੈਂ ,ਨਦੀ ਹੈਂ
 ਇੱਕ ਪਲ ਰੁਕ
 ਮੈਨੂੰ ਸਿਰਫ ਇੱਕ ਵੇਰ
 ਤੇਰੇ ਮੱਥੇ 'ਚ
     ਆਪਣਾ ਨਾਮ ਲਿਖ ਲੈਣਦੇ
 ਫਿਰ ਚਾਹੇ
 ਕਿਧਰੇ ਵੀ ਵਹਾ ਕੇ ਲੈ ਜਾਵੀਂ ਮੈਨੂੰ .. ।

Thursday, April 26, 2012

 "ਵਿਵੇਕ ਸ਼ੌਕ".. .. .. .. ..!!!!!

ਰਾਣਾਂ ਰਣਬੀਰ ਪੰਜਾਬੀ ਸਿਨੇਮਾਂ ਦਾ ਇੱਕ ਉਮਦਾ ਅਤੇ ਬਹੁ ਦਿਸ਼ਾਵੀਂ ਕਲਾਕਾਰ ਹੈ, ਲੇਕਿਨ ਇਸ ਫਿਲਮ (ਅੱਜ ਦੇ ਰਾਂਝੇ) ਅੰਦਰਲਾ ਉਸਦਾ ਕਿਰਦਾਰ ਸਾਹਮਣੇਂ ਆਉਂਦਿਆਂ ਹੀ ਅੱਖਾਂ ਵਿੱਚ ਸਿੱਲ੍ਹ ਉੱਤਰ ਆਉਂਦੀ ਹੈ, ਕਿਉਂਕਿ ਜਿਸ ਸਖ਼ਸ ਲਈ ਇਹ ਕਿਰਦਾਰ ਲਿਖਿਆ ਗਿਆ ਸੀ ਉਹ ਉਹਨਾਂ ਦਿਨਾਂ ਵਿੱਚ ਹੀ ਇਸ ਜਗਤ ਨੂੰ... ਅਲਵਿਦਾ ਕਹਿ ਗਿਆ ਸੀ ਜਿਹਨਾਂ ਦਿਨਾਂ ਵਿੱਚ ਸਰਾਓ ਹੋਟਲ ਵਿੱਚ ਬੈਠਕੇ ਰਾਣਾਂ ਜੀ ਉਸਦੇ ਕਿਰਦਾਰ ਦਾ ਮੁਹਾਂਦਰਾ ਉਲੀਕ ਰਹੇ ਸਨ !.. .. ਤੇ ਜੇਕਰ ਉਹ ਅੱਜ ਸਾਡੇ ਦਰਮਿਆਨ ਹੁੰਦਾ ਤਾਂ ਉਸ ਅਜ਼ੀਮ ਕਲਾਕਾਰ "ਵਿਵੇਕ ਸ਼ੌਕ" ਨੇ ਵੀ 'ਅੱਜ ਦੇ ਰਾਂਝੇ' ਦੇ ਪ੍ਰੀਵਾਰ ਦਾ ਮੈਂਬਰ ਹੋਣਾਂ ਸੀ.. .. ਉਫ਼.. ..!!!!!