Saturday, July 30, 2011

(ਇਨ ਕੌਫ਼ੀ ਕਲੱਬ)-ਤਨਦੀਪ ਤਮੰਨਾਂ-ਰਵਿੰਦਰ ਰਵੀ


ਤਨਦੀਪ - ਤੁਹਾਡੇ ਕਿਰਦਾਰ 'ਚ ਸਭ ਤੋਂ ਵਧੀਆ ਖ਼ੂਬੀ ਕੀ ਹੈ
ਰਵੀ - ਮੈਂ ਜੀਵਨ ਤੇ ਸਾਹਿਤ ਨੂੰ ਪੂਰਨ ਰੂਪ ਵਿਚ ਵਚਨਬੱਧ ਹਾਂ! ਰੱਜ ਕੇ ਜਿਊਂਦਾ ਹਾਂ ਤੇ ਲਗਾਤਾਰ ਲਿਖਦਾ ਹਾਂ! ਮੇਰਾ ਜੀਵਨ ਤੇ ਸਾਹਿਤ ਇਕ ਦੂਜੇ ਦੇ ਪੂਰਕ ਹਨ!
...........
ਤਨਦੀਪ - ਜੇ ਦੁਬਾਰਾ ਜ਼ਿੰਦਗੀ ਸ਼ੁਰੂ ਕਰਨੀ ਹੋਵੇ, ਤਾਂ ਤੁਹਾਡਾ ਜੀਵਨ-ਸਾਥੀ ਕਿਹੋ ਜਿਹਾ ਹੋਵੇਗਾ
ਰਵੀ - ਪੂਰਨ ਰੂਪ ਵਿਚ ਮਨ ਦਾ ਹਾਣੀ!
ਮਨ ਨੂੰ ਮਿਲੇ ਜੇ ਮਨ ਦਾ ਹਾਣੀ
ਤਨ ਵੀ ਹਾਣੀ ਹੋ ਜਾਂਦਾ ਹੈ
ਸੂਰਜ ਦੇ ਨਾਲ ਚਾਨਣ ਵਾਂਗੂੰ
ਮੋਢਾ ਜੋੜ ਖੜੋ ਜਾਂਦਾ ਹੈ
(ਕਾਵਿ-ਨਾਟਕ: "ਮਨ ਦੇ ਹਾਣੀ" ਵਿੱਚੋਂ)
..........
ਤਨਦੀਪ - ਪਿਤਾ ਦੀ ਇਕ ਐਸੀ ਝਿੜਕ ਜੋ ਅੱਜ ਤੱਕ ਨਾ ਭੁੱਲੀ ਹੋਵੇ?
ਰਵੀ - ਉਨ੍ਹਾਂ ਨੂੰ ਨਾ-ਪਸੰਦ ਮੇਰਾ ਨੇੜਲੇ ਪਿੰਡ ਦੀ ਕੁੜੀ ਨਾਲ਼ ਇਸ਼ਕ, ਜਿਸ ਨੂੰ ਉਹ ਮੇਰੇ ਐਫ.ਐਸ਼.ਸੀ. (ਮੈਡੀਕਲ) ਵਿੱਚੋਂ ਦੋ ਤਿੰਨ ਵਾਰੀ ਫੇਲ੍ਹ ਹੋਣ ਦਾ ਕਾਰਨ ਮੰਨਦੇ ਸਨ!
..........
ਤਨਦੀਪ - ਦੁਨੀਆਂ ਦੇ ਇਤਿਹਾਸ 'ਚ ਉਹ ਕਿਹੜਾ ਸ਼ਖ਼ਸ ਹੈ ਜਿਸ ਨੇ ਤੁਹਾਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਹੋਵੇ
ਰਵੀ - ਯੂਨਾਨੀ ਨਾਵਲਿਸਟ ਕਜ਼ਾਨ ਜ਼ਾਕਸ, ਜਿਸਦੇ ਨਾਵਲ "ਜ਼ੋਰਬਾ ਦ ਗਰੀਕ" ਵਿੱਚੋਂ ਜੀਵਨ ਨੂੰ ਭਰਪੂਰ ਰੂਪ ਵਿਚ ਜੀਵਣ ਤੇ ਮਾਨਣ ਦੀ ਪ੍ਰੇਰਨਾ ਮਿਲਦੀ ਹੈ!
..........
ਤਨਦੀਪ - ਕਿਹੜਾ ਕਸੂਰ ਸੀ ਜਿਸ ਦੀ ਸਜ਼ਾ ਤੁਸੀਂ ਚੁੱਪ ਚਾਪ ਕਬੂਲ ਲਈ ਸੀ?
ਰਵੀ - ਕੋਈ ਵੀ ਨਹੀਂ! ਮੈਂ ਬਚਪਨ ਤੋਂ ਹੀ ਵਿਦਰੋਹੀ ਸਾਂ! ਬੋਸੀਦਾ ਰਸਮਾਂ ਤੇ ਰਵਾਇਤਾਂ ਨੂੰ ਤੋੜਨ ਵਿਚ ਯਕੀਨ ਰੱਖਦਾ ਸਾਂ!
...........
ਤਨਦੀਪ - ਕਿਤਾਬ ਲਿਖਣ ਵੇਲੇ ਤੁਹਾਡਾ ਸਭ ਤੋਂ ਵੱਡਾ ਪ੍ਰੇਰਣਾ-ਸ੍ਰੋਤ ਕੌਣ ਹੁੰਦੈ?
ਰਵੀ - ਮੇਰਾ ਆਪਣਾ ਜੀਵਨ, ਜੀਵਨ-ਅਨੁਭਵ! ਮੇਰਾ ਸਿਧਾਂਤ ਹੈ ਕਿ ਰਚਨਾ, ਰਚਨਹਾਰੇ ਦਾ ਰਚਨਾਤਮਿਕ ਆਪਾ ਹੰਦੀ ਹੈ ਤੇ ਸੁਹਿਰਦ ਅਨੁਭਵ ਉਸ ਦੀ ਰੀੜ੍ਹ ਦੀ ਹੱਡੀ!
............
ਤਨਦੀਪ - ਤੁਸੀਂ ਕਦੋਂ ਅਤੇ ਕਿਹੜੀ ਜਗ੍ਹਾ 'ਤੇ ਜ਼ਿਆਦਾ ਖ਼ੁਸ਼ ਰਹੇ ਹੋ?
ਰਵੀ - ਕੀਨੀਆ ਵਿਚ ਬਿਤਾਏ 1967 ਤੋਂ 1974 ਤਕ ਦੇ ਵਰ੍ਹੇ, ਮੇਰੇ ਜੀਵਨ ਦੇ ਖ਼ੁਸ਼ੀਆਂ-ਭਰਪੂਰ ਅਭੁੱਲ ਵਰ੍ਹੇ ਹਨ!

No comments: