Thursday, July 17, 2014

THE BLOOD STREET - A film by DARSHAN DARVESH

" ਦ ਬਲੱਡ ਸਟਰੀਟ " ਪਿਆਰੇ ਵੀਰ ਸੁਰਿੰਦਰ ਨੇ, ਜਿਹੜਾ ਸਿਨੇਮਾ ਦੀ ਸਾਰਥਿਕ ਸਮਝ ਰੱਖਦਾ ਹੈ ਅਤੇ ਸਿਨੇਮਾ ਨੂੰ ਅਥਾਹ ਪਿਆਰ ਵੀ ਕਰਦਾ ਹੈ, ਇੱਕ ਦਿਨ ਅਚਾਨਕ ਹੀ ਹੁਕਮ ਭਰਿਆ ਬੁਲਾਵਾ ਭੇਜ ਦਿੱਤਾ ਤਾਂ ਮੈਂ ਕੀ ਕਰਦਾ ਚੁੱਪ ਚਾਪ ਜਾ ਕੇ ਰਾਜ ਘਾਲੀ ਦੇ ਕੈਮਰੇ ਅੱਗੇ ਜਾ ਬੈਠਾ ਐ ਕਰਨ ਲੱਗ ਪਿਆ ਗੱਲਾਂ 'ਦ ਬਲੱਡ ਸਟਰੀਟ ਦੀਆਂ.. .. .. .. ..!!!!!
http://www.youtube.com/watch?v=LWXpRunJMIA
 https://www.youtube.com/watch?v=Nt6Hry5IoQ4

Wednesday, August 14, 2013

ਸਿਨੇਮਾਈ ਕਰਮ ਭੂਮੀ ਬਣਿਆ ਪੰਜਾਬ


ਪੰਜਾਬ ਦੇ ਖੇਤਾਂ, ਘਰਾਂ, ਦਫ਼ਤਰਾਂ, ਸੜਕਾਂ, ਪਾਰਕਾਂ, ਗੁਰਦੁਆਰਿਆਂ, ਮੰਦਰਾਂ, ਨਹਿਰਾਂ, ਦਰਿਆਵਾਂ ਆਦਿ ਵਿੱਚੋਂ ਅੱਜ ਕੋਈ ਵੀ ਅਜਿਹੀ ਥਾਂ ਨਹੀਂ ਜਿੱਥੇ ਅੱਜ ਕਿਸੇ ਨਾਂ ਕਿਸੇ ਪੰਜਾਬੀ ਜਾਂ ਹਿੰਦੀ ਫਿਲਮ ਦੀ ਸ਼ੂਟਿੰਗ ਨਾਂ ਚੱਲ ਰਹੀ ਹੋਵੇ ਅਤੇ ਉਸ ਵਿੱਚ ਬਹੁਤ ਸਾਰੇ ਪੰਜਾਬੀ, ਹਿਮਾਚਲੀ, ਹਰਿਆਣਵੀ ਲੋਕਾਂ ਲਈ ਰੁਜ਼ਗਾਰ ਦੇ ਰਸਤੇ ਨਾਂ ਖੁੱਲ੍ਹੇ ਹੋਣ। ਇੱਕ ਤਰਾਂ ਨਾਲ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਫਿਲਮੀ ਕਾਰਖਾਨੇਦਾਰਾਂ ਨੇ ਇੱਥੋਂ ਦੀ ਪ੍ਰਤਿਭਾ ਉੱਪਰ ਆਪਣਾ ਹਲ ਵਾਹੁਣਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਨਤੀਜੇ ਵਜੋਂ ਫਿਲਮਕਾਰਾਂ ਅਤੇ ਕਲਾਕਾਰਾਂ ਦੋਨਾਂ ਦੇ ਆਪੋ ਆਪਣੇ ਫਾਇਦੇ ਸਾਕਾਰ ਹੋਣੇ ਸ਼ੁਰੂ ਹੋ ਗਏ ਹਨ ਅਤੇ ਇਹ ਹੋਣੇ ਵੀ ਚਾਹੀਦੇ ਹਨ।

ਪੰਜਾਬ ਦੇ ਕਿਸੇ ਨਾਂ ਕਿਸੇ ਸ਼ਹਿਰ ਵਿੱਚ ਹਰ ਰੋਜ਼ ਕੋਈ ਨਾਂ ਕੋਈ ਸਕਰੀਨ ਟੈਸਟ ਚੱਲ ਹੀ ਰਿਹਾ ਹੁੰਦਾ ਹੈ ਚਾਹੇ ਉਹ ਕਿਸੇ ਫਿਲਮ ਦਾ ਹੋਵੇ, ਟੈਲੀਵੀਜ਼ਨ ਲੜੀਵਾਰ ਦਾ, ਰੋਡੀਜ਼, ਰੀਆਲਟੀ ਸ਼ੌਅ, ਕਿਡਜ਼ ਟੇਲੈਂਟ ਜਾਂ ਫਿਰ ਕਿਸੇ ਸਿੰਗਿੰਗ ਮੁਕਾਬਲੇ ਦਾ। ਜਿੱਥੋਂ ਵੀ ਪਤਾ ਲੱਗਦਾ ਹੈ ਕਲਾਕਾਰ ਬਿਨਾਂ ਕਿਸੇ ਸੱਦੇ ਦੀ ਇੰਤਜ਼ਾਰ ਕੀਤਿਆਂ ਮਿਥੀ ਹੋਈ ਥਾਂ ਪੁੱਜ ਜਾਂਦੇ ਹਨ ਆਪਣੇ ਅੰਦਰਲੇ ਕਲਾਕਾਰ ਦਾ ਕਈ ਰੂਪਾਂ ਵਾਲਾ ਚਿਹਰਾ ਦਿਖਾਉਣ ਲਈ। ਨਹੀਂ ਤਾਂ ਸਿਰਫ਼ ਇਹ ਕਲਾ ਦੇ ਧਨੀ ਲੋਕ ਸਿਰਫ਼ ਰੰਗਮੰਚ ਤੱਕ ਹੀ ਸੀਮਤ ਹੁੰਦੇ ਸਨ ਅਤੇ ਕਿਸੇ ਨਾ ਕਿਸੇ ਨਾਟਕ ਵਿੱਚ ਕੋਈ ਛੋਟਾ ਜਾਂ ਵੱਡਾ ਕਿਰਦਾਰ ਨਿਭਾ ਕੇ ਆਪਣੇ ਅੰਦਰਲੀ ਭੁੱਖ ਨੂੰ ਸ਼ਾਂਤ ਕਰ ਲਿਆ ਕਰਦੇ ਸਨ।ਫਿਰ ਟੀ.ਵੀ. ਲੜੀਵਾਰ ਬਣਨੇ ਸ਼ੁਰੂ ਹੋਏ। 'ਸਰਹੱਦ', 'ਦਾਣੇ ਅਨਾਰ ਦੇ', 'ਦੋ ਅਕਾਲਗੜ੍ਹ' ਵਰਗੇ ਕਿੰਨੇ ਹੀ ਲੜੀਵਾਰਾਂ ਨੇ ਇਹਨਾਂ ਕਲਾਕਾਰਾਂ ਦੇ ਮੋਢੇ ਉੱਪਰ ਹੱਥ ਰੱਖਿਆ ਜਿਹੜਾਂ ਇਹਨਾਂ ਦੀ ਰੋਜ਼ੀ ਦਾ ਵਸੀਲਾ ਵੀ ਬਣ ਗਿਆ ਅਤੇ ਉਦੋਂ ਤੋਂ ਲੈਕੇ ਹੁਣ ਤੱਕ ਹੀਰੇ ਦੀ ਡਲੀ ਨੂੰ ਪਹਿਚਾਨਣ ਵਾਲੇ ਪਾਰਖੂ ਅੱਜ ਵੀ ਪੰਜਾਬ ਦੀ ਧਰਤੀ ਉੱਪਰ ਕਿਧਰੇ ਨਾਂ ਕਿਧਰੇ ਕੁੱਝ ਨਾਂ ਕੁੱਝ ਤਲਾਸ਼ ਰਹੇ ਹੁੰਦੇ ਹਨ। ਕਿਉਂਕਿ ਬਾਲੀਵੁੱਡ ਦਾ ਇਤਿਹਾਸ ਗਵਾਹ ਹੈ ਕਿ ਪੰਜਾਬੀ ਹੀਰਿਆਂ ਦੀ ਫਿਲਮੀ ਦੁਨੀਆਂ ਵਿੱਚ ਕਿਹੋ ਜਿਹੀ ਥਾਂ ਹੈ, ਕਿਹੋ ਜਿਹੀ ਦੇਣ ਹੈ ? 
ਸਾਲਾਂ ਦਾ ਇੱਕ ਲੰਮਾ ਅਰਸਾ ਬੀਤ ਜਾਣ ਤੋਂ ਬਾਦ ਅੱਜ ਪੰਜਾਬ ਨੂੰ ਇਹ ਸੁਭਾਗ ਪ੍ਰਾਪਤ ਹੋਇਆ ਹੈ ਜਿਸ ਦੀ ਵਜਾਹ ਨਾਲ ਅੱਜ ਫਿਲਮੀ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਤੋਂ ਫੋਨ ਕਰਕੇ ਉਹਨਾਂ ਦੀਆਂ ਡੇਟਸ ਦੀ ਮੰਗ ਕੀਤੀ ਜਾ ਰਹੀ ਹੈ। ਉਹ ਸਟਾਰ ਸ਼ਬਦ ਨਾਲ ਨਵਾਜੇ ਜਾਣ ਲੱਗ ਪਏ ਹਨ। ਉਹਨਾਂ ਨੂੰ ਹਿੰਦੀ ਫਿਲਮਾਂ ਤੋਂ ਆਫ਼ਰਜ਼ ਆਉਣ ਲੱਗ ਪਈਆਂ ਹਨ। ਉਹ ਕਮਰਸ਼ੀਅਲ਼, ਕਾਰਪੋਰੇਟ ਫਿਲਮਾਂ ਵਿੱਚ ਨਜ਼ਰ ਆ ਰਹੇ ਹਨ। ਉਹ ਬਦੇਸ਼ਾਂ ਵਿੱਚ ਸ਼ੋਅਜ਼ ਕਰ ਰਹੇ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਕਿ ਪੰਜਾਬ ਦੀ ਇਸੇ ਧਰਤੀ ਉੱਪਰ ਸਿਰਫ਼ ਮਹਿੰਗੇ ਫਿਲਮ ਪੁਰਸਕਾਰ ਵੀ ਆਯੋਜਿਤ ਹੋਣ ਲੱਗ ਪਏ ਹਨ। ਅੱਜ ਪੰਦਰਾਂ ਸਾਲ ਦਾ ਵਕਫ਼ਾ ਹੋ ਗਿਆ ਹੈ ਕਿ ਇਹ ਫਿਲਮੀਆਂ ਦਾ ਮੇਲਾ ਦਿਨ ਬਦਿਨ ਵੱਡਾ ਹੀ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਅਖਬਾਰਾਂ ਹਰ ਰੋਜ਼ ਪੰਜਾਬੀ ਕਲਾਕਾਰਾਂ ਦੀਆਂ ਤਸਵੀਰਾਂ ਦੀ ਸਤਰੰਗੀ ਨਜ਼ਰ ਆਉਂਦੀ ਹੈ। ਮੁੰਬਈ ਤੋਂ ਚੰਡੀਗੜ੍ਹ ਪੁੱਜਣ ਵਾਲ਼ੀਆਂ ਉਡਾਣਾਂ ਵਿੱਚ ਜ਼ਿਆਦਾ ਟਿਕਟਾਂ ਫਿਲਮਾਂ ਬਣਾਉਣ ਵਾਲਿਆਂ ਦੀਆਂ ਬੁੱਕ ਹੁੰਦੀਆਂ ਨੇ। ਜੰਮੂ ਤਵੀ ਜਾਂ ਫਿਰ ਪੱਛਿਮ ਐਕਸਪ੍ਰੈਸ ਹਰ ਰੋਜ਼ ਕਿਸੇ ਨਾ ਕਿਸੇ ਫਿਲਮੀ ਯੂਨਿਟ ਨੂੰ ਅੰਬਾਲਾ ਸਟੇਸ਼ਨ ਉੱਪਰ ਉਤਾਰਦੀ ਹੈ। ਪੰਜਾਬ ਦੇ ਹੋਟਲ ਭਰੇ ਭਰਾਏ ਮਿਲਦੇ ਨੇ। ਕੀ ਇਹ ਸਾਰਾ ਕੁੱਝ ਪੰਜਾਬ ਦੇ ਕਾਮਿਆਂ ਅਤੇ ਪ੍ਰਤਿਭਾਵਾਂ ਲਈ ਸ਼ੁੱਭ ਸੰਕੇਤ ਨਹੀਂ ਹੈ। ਇਸ ਨੂੰ ਸੰਭਾਲ ਕੇ ਰੱਖਣਾ ਪੰਜਾਬੀਓ । ਇਹ ਫਿਰ ਤੋਂ ਦੁਨੀਆਂ ਵਿੱਚ ਤੁਹਾਡੀ ਚੜ੍ਹਤ ਕਾਇਮ ਕਰੇਗਾ। ਹਾਲੀਵੁੱਡ ਵਾਲਿਆਂ ਨੇ ਵੀ 'ਪਾਰਟੀਸ਼ਨ' ਫਿਲਮ ਵੇਲੇ ਪੰਜਾਬ ਵਿੱਚ ਫੇਰੀ ਪਾਈ ਸੀ ਅਤੇ ਇੱਕਾ ਦੁੱਕਾ ਕੰਮ ਕਰਦੇ 'ਜ਼ੀਰੋ ਡਾਰਕ ਥਰਟੀ' ਤੱਕ ਪਹੁੰਚ ਗਏ ਹਨ ਜਿਹਨਾਂ ਵਿੱਚ ਪੰਜਾਬ ਦੀ ਪ੍ਰਤਿਭਾ ਹਰ ਪਾਸੇ ਦਿਖਾਈ ਦਿੱਤੀ ਸੀ.. ਸੋ ਇਸ ਕਰਮ ਭੂਮੀ ਨੂੰ ਹਰ ਚੜ੍ਹਦੀ ਸਵੇਰ ਸਲਾਮ ਕਰੋ ਅਤੇ ਇੰਤਜ਼ਾਰ ਕਰੋ ਇੱਕ ਹੋਰ ਨਵੇਂ ਫਿਲਮਕਾਰ ਦਾ.. ..!

Tuesday, February 5, 2013

ਕੌਫ਼ੀ ਸ਼ਾੱਪ / ਪਰਮਿੰਦਰ ਸੋਢੀ - ਦਰਸ਼ਨ ਦਰਵੇਸ਼

                                                         ਪਰਮਿੰਦਰ ਸੋਢੀ - ਦਰਸ਼ਨ ਦਰਵੇਸ਼ਨਵੇਂ ਵਰ੍ਹੇ ਦੀ ਆਮਦ ਉੱਪਰ ਮੈਂ 'ਪੱਤੇ ਦੀ ਮਹਾਯਾਤਰਾ' ਦੇ ਸਮਰੱਥ ਸ਼ਾਇਰ ਪਰਮਿੰਦਰ ਸੋਢੀ ਨਾਲ ਕੌਫ਼ੀ ਦਾ ਪਿਆਲਾ ਸਾਂਝਾ ਕੀਤਾ ਹੈ ਅਤੇ ਹਰ ਘੁੱਟ ਦਾ ਲੁਤਫ਼ ਜੀਵਿਆ ਹੈ। ਮੈਂ ਜਦੋਂ ਜਦੋਂ ਵੀ ਉਸਦੀ ਸ਼ਾਇਰੀ ਨਾਲ ਅੱਖਾਂ ਚਾਰ ਕੀਤੀਆਂ ਨੇ ਮੈਨੂੰ ਮਹਿਸੂਸ ਹੋਇਆ ਹੈ ਨਸ਼ੇ ਦੀ ਘੁੱਟ ਕਦੇ ਵੀ ਡੀਕ ਲਾ ਕੇ ਨਹੀਂ ਸੜ੍ਹਾਕੀ ਜਾ ਸਕਦੀ। ਉਸਦੀ ਸ਼ਾਇਰੀ ਵਿੱਚ ਤੇਹ ਅਤੇ ਚੁੰਮਣ ਦਾ ਜੁਗਰਾਫ਼ੀਆ ਮੈਂ ਬਗਲਗੀਰ ਹੁੰਦੇ ਵੇਖਿਆ ਹੈ ਬਹੁਤ ਨੇੜਿਉਂ.. .. ਅੱਜ ਕੌਫ਼ੀ ਦਾ ਪਿਆਲਾ ਠੰਡਾ ਕਰਕੇ ਅਸੀਂ ਉਸ ਵਿੱਚੋਂ ਸਾਡੀ ਤੇਹ ਦੇ ਅਰਥ ਤਲਾਸ਼ੇ ਨੇ, ਕਿੰਝ ਲੱਗੇ ਦੱਸਿਉ ਜ਼ਰਾ...

1. ਸਭ ਤੋਂ ਵੱਡੀ ਖੁਸ਼ੀ ਸਭ ਤੋਂ ਪਹਿਲਾਂ ਕਿਸ ਨਾਲ ਸਾਂਝੀ ਕਰਦੇ ਹੋ ?
ਪਹਿਲਾਂ ਆਪਣੇ ਆਪ ਨਾਲ।ਫਿਰ ਜੋ ਆਸ ਪਾਸ ਹੋਵੇ ।ਫਿਰ ਪਰਿਵਾਰ ਤੇ ਮਿੱਤਰਾਂ ਪਿਆਰਿਆਂ ਨਾਲ।

... 2. ਆਪਣੇਂ ਆਪ ਨਾਲ ਸੰਵਾਦ ਕਰਕੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ ?
-ਬਹੁਤੀ ਵਾਰ ਅਸੀਂ ਬਾਹਰੀ ਸੰਸਾਰ ਤੇ ਹਾਲਾਤਾਂ ਨਾਲ ਹੀ ਸੰਵਾਦ 'ਚ ਪਏ ਰਹਿੰਦੇ ਹਾਂ। ਪਰ ਜਦੋਂ ਆਪਣੇ ਆਪ ਨਾਲ ਸੰਵਾਦ ਸ਼ੁਰੂ ਹੋ ਜਾਵੇ ਤਾਂ ਸਹਿਜ ਹੋ ਜਾਂਦਾ ਹਾਂ।

3. ਕਦੇ ਵੀ ਪ੍ਰਭਾਵਿਤ ਵਿਅਕਤੀ ਕਰਦਾ ਹੈ ਜਾਂ ਉਸਦਾ ਵਿਅਕਤੀਤਵ ?
- ਵਿਅਕਤੀ ਅਤੇ ਉਸਦਾ ਵਿਅਕਤੀਤਵ ਵੱਖ-ਵੱਖ ਵਰਤਾਰੇ ਨਹੀਂ ਹੁੰਦੇ। ਦੋਵੇਂ ਇੱਕੋ ਚੀਜ਼ ਹੁੰਦੇ ਨੇ। ਇਸ ਲਈ ਜਦੋਂ ਕਿਸੇ ਨੂੰ ਮਿਲਣ ਜਾਣਨ ਦਾ ਮੌਕਾ ਮਿਲੇ ਤਾਂ ਪ੍ਰਭਾਵਿਤ ਹੋ ਜਾਂਦਾ ਹਾਂ।

 


 4. ਕੋਈ ਘਟਨਾਂ ਰੋਣ ਲਈ ਮਜ਼ਬੂਰ ਕਰਦੀ ਹੈ ਜਾਂ ਕੋਈ ਯਾਦ ?
- ਯਾਦ ਕਿਹੋ ਜਿਹੀ ਵੀ ਹੋਵੇ ਰੁਆ ਨਹੀਂ ਸਕਦੀ।ਯਾਦ ਸੱਚ ਨਹੀਂ ਹੁੰਦੀ,ਮਹਿਜ਼ ਸਿਮਰਤੀ ਦਾ ਹਿੱਸਾ ਹੁੰਦੀ ਹੈ।ਘਟਨਾ ਹੁਣ ਵਾਲੇ ਪਲ 'ਚ ਵਾਪਰਦੀ ਹੈ ਇਸ ਲਈ ਤਨ-ਮਨ 'ਤੇ ਅਸਰ ਕਰ ਸਕਦੀ ਹੈ।

5. ਕਿਹੜੀ ਆਦਤ ਹੈ ਜਿਹੜੀ ਕਿਸੇ ਵਿੱਚ ਵੇਖਦੇ ਹੋ ਤਾਂ ਜਲਨ ਮਹਿਸੂਸ ਹੁੰਦੀ ਹੈ ?
-ਗੁੱਸੇ 'ਚ ਵੀ ਸਹਿਜ ਬਣਾਈ ਰਖਣ ਵਾਲੀ ਆਦਤ।

6. ਜਾਗਦੀਆਂ ਅੱਖਾਂ ਨਾਲ ਕਿਹੋ ਜਿਹਾ ਸੁਪਨਾਂ ਵੇਖਣਾਂ ਪਸੰਦ ਕਰਦੇ ਹੋ ?
-ਜਾਗਦੀਆਂ ਅੱਖਾਂ ਨਾਲ ਸੁਪਨਾ ਨਹੀਂ ਦੇਖਦਾ ।ਉਂਝ ਕਾਮਨਾ ਕਰਦਾ ਹਾਂ ਕਿ ਅਸੀਂ ਆਪਣੀਆਂ ਪਾਸ਼ਵੀ ਬਿਰਤੀਆਂ ਤੋਂ ਪਾਰ ਹੋਕੇ ਸੋਹਣਾ-ਨਿੱਘਾ-ਮੋਹ ਭਰਿਆ ਸੰਸਾਰ ਸਿਰਜੀਏ।

7. ਕਿਹੋ ਜਿਹੇ ਰੰਗਾਂ ਦੀ ਪੁਸ਼ਾਕ ਵਿੱਚ ਆਪਣੇਂ ਆਪ ਨੂੰ ਚੁਸਤ ਦਰੁਸਤ ਮਹਿਸੂਸ ਕਰਦੇ ਹੋ ?
-ਚੁਸਤੀ ਦਰੁਸਤੀ ਤਨ-ਮਨ ਦੀ ਚੜਦੀ-ਕਲਾ 'ਤੇ ਨਿਰਭਰ ਕਰਦੀ ਹੈ। ਪਰ ਰੰਗ-ਪੁਸ਼ਾਕ...ਨੀਲੀ ਜੀਨਜ਼ ਅਤੇ ਸਫ਼ੇਦ ਕਮੀਜ਼ ਦਾ ਆਸਰਾ ਲੈਣਾ ਚੰਗਾ ਲਗਦਾ ਹੈ ।
 


8. ਅੱਜ ਤੱਕ ਸਭ ਤੋਂ ਵੱਧ ਕਿਸ ਕਿਤਾਬ ਨੇ ਪ੍ਰਭਾਵਿਤ ਕੀਤਾ ?
-ਉਮਰ ਦੇ ਵੱਖੋ-ਵੱਖਰੇ ਪੜਾਵਾਂ 'ਤੇ ਵੱਖੋ-ਵੱਖਰੀਆਂ ਕਿਤਾਬਾਂ ਨੇ ਪ੍ਰਭਾਵਿਤ ਕੀਤਾ, ਪਰ ਬੁੱਧ-ਬਾਣੀ 'ਧੱਮਪਦ' ਨੂੰ ਕਦੇ ਵੀ ਕਿਤੇ ਵੀ ਪੜ੍ਹਨਾ ਚੰਗਾ ਲਗਦਾ ਹੈ ।

9. ਦੇਸ਼ ਅੰਦਰਲੀਆਂ ਕਿਹੜੀਆਂ ਦੁਰਘਟਨਾਵਾਂ ਨੇ ਦੇਸ਼ ਛੱਡ ਦੇਣ ਦਾ ਖਿਆਲ ਮਨ 'ਚ ਪੈਦਾ ਕੀਤਾ ?
- ਕਿਸੇ ਨੇ ਵੀ ਨਹੀਂ । ਦੇਸ਼ ਕਦੇ ਵੀ ਨਹੀਂ ਛਡਿਆ ।ਜਪਾਨ 'ਚ ਰਹਿਣ ਦੇ ਦੋ ਕਾਰਨ ਸਨ ਤੇ ਹਨ ।ਇੱਕ ਆਪਣੀ ਮੁਹਬੱਤ,ਦੂਜਾ ਨਵੇਂ ਸਭਿਆਚਾਰ ਤੇ ਨਵੇਂ ਲੋਕਾਂ ਨੂੰ ਜਾਣਨ-ਮਾਨਣ ਦੀ ਤਾਂਘ।

10. ਕਿਹੋ ਜਿਹੀ ਖੁਸ਼ੀ ਵੇਲ਼ੇ ਬਿੱਲਕੁਲ ਇਕੱਲੇ ਰਹਿਣਾਂ ਪਸੰਦ ਕਰਦੇ ਹੋ ?
-ਜਦੋਂ ਇੱਕਲੇ ਰਹਿਣ ਨੂੰ ਦਿਲ ਕਰੇ ਤਾਂ ਖੁਸ਼ੀ ਕੀ ਤੇ ਦੁੱਖ ਕੀ ! ਉਂਝ ਖੁਸ਼ੀ ਤਾਂ ਹੋਰਾਂ ਨਾਲ ਸਾਂਝੀ ਕਰਨ ਵਾਲੀ ਚੀਜ਼ ਹੁੰਦੀ ਹੈ।

11. ਪੂਰੇ ਹੋਏ ਸੁਪਨੇ ਅਤੇ ਅਪੂਰਤ ਰਹੇ ਸੁਪਨਿਆਂ ਬਾਰੇ ਕੀ ਕੀ ਲਿਖਿਆ ਹੈ ?
-ਹਰ ਲਿਖਤ ਵਿਚ ਮੇਰੀ ਹੱਡ-ਬੀਤੀ,ਜ਼ਿੰਦਗੀ ਨੂੰ ਦੇਖਣ ਪਰਖਣ ਦਾ ਮੇਰਾ ਨਜ਼ਰਿਆ ਤੇ 'ਸਤਿਅਮ-ਸ਼ਿਵਮ-ਸੁੰਦਰਮ' ਭਰੀ ਮਨੁੱਖਤਾ ਦੀ ਕਾਮਨਾ ਸ਼ਾਮਲ ਹੁੰਦੀ ਹੈ।ਪੂਰੇ-ਅਧੂਰੇ ਸੁਪਨਿਆਂ ਬਾਰੇ ਮੈਂ ਮਿੱਥਕੇ ਕੁਝ ਨਹੀਂ ਲਿਖਿਆ ।
 


12. ਕਿਹੜਾ ਗਮ ਹੈ ਜੋ ਉਮਰ ਭਰ ਚੁਭਦਾ ਰਹੇਗਾ ?
- ਕੋਈ ਵੀ ਨਹੀਂ ।
13. ਜੇ ਦੋਬਾਰਾ ਜਨਮ ਮਿਲਿਆ ਤਾਂ ਕਿਸ ਰੂਪ ਵਿੱਚ ਲੈਣਾਂ ਚਾਹੋਗੇ ?
-ਹੁਣ ਵਾਲੇ ਰੂਪ ਵਿਚ ਹੀ ।

14. ਕਿਸ ਰੂਪ 'ਚ ਯਾਦ ਕੀਤਾ ਜਾਣਾਂ ਪਸੰਦ ਕਰੋਗੇ ?
-ਕੋਈ ਮੈਨੂੰ ਕਿਵੇਂ ਯਾਦ ਕਰੇ ਇਹ ਤਾਂ ਯਾਦ ਕਰਨ ਵਾਲੇ ਦੀ ਮਰਜ਼ੀ।ਮੈਂ ਆਮੋ-ਆਮ ਜਿਹਾ ਬੰਦਾ ਹਾਂ ਇਸ ਲਈ ਇਵੇਂ ਹੀ ਪਸੰਦ ਕਰ ਲਵੋਗੇ ਤਾਂ ਧੰਨਵਾਦੀ ਹੋਵਾਂਗਾ,ਬਾਕੀ ਤੇਰੇ ਮੁਹਰੇ ਥਾਨ ਸੁੱਟਿਆ,ਭਾਵੇਂ ਲਹਿੰਗਾ ਸੁਆ ਲੈ ਭਾਵੇਂ ਕੁੜਤੀ...

Saturday, April 28, 2012

ਨਜ਼ਮ ਦਾ ਅਨੁਮਾਨ.. ..

ਕੁੱਝ ਦੋਸਤਾਂ ਨਾਲ਼ ਕੀਤੇ ਇਕਰਾਰ ਮੁਤਾਬਿਕ ਆਪਣੀਂ ਇੱਕ ਨਵੀਂ ਨਜ਼ਮ ਸਭ ਦੀ ਨਜ਼ਰ ਕਰ ਰਿਹਾ ਹਾਂ, ਹੋ ਸਕਦੈ ਸਭ ਨੂੰ ਹੀ ਪਸੰਦ ਆ ਜਾਵੇ। ਇਹ ਨਜ਼ਮ ਮੈਂ ਮੁੰਬਈ ਗੋਰਾਈ ਬੀਚ ਦੇ ਉਸ ਪਾਰ ਜਾਕੇ ਇੱਕ ਛੋਟੇ ਜਿਹੇ ਪਿੰਡ ਅਤੇ ਸਮੁੰਦਰ ਦੀਆਂ ਲਹਿਰਾਂ ਦੇ ਵਿਚਕਾਰ ਬਹਿਕੇ ਉਸ ਵੇਲ਼ੇ ਲਿਖੀ ਸੀ ਜਦੋਂ ਇੱਕ ਬਹੁਤ ਹੀ ਖੂਬਸੂਰਤ ਕਰਿਸ਼ਚੀਅਨ ਕੁੜੀ 'ਚਾਰੀ' ਮੈਨੂੰ ਇਕੱਲਾ ਬੈਠਾ ਦੇਖਕੇ ਮੈਨੂੰ ਉਹਨਾਂ ਦੀ ਘਰ ਦੀ ਕੱਢੀ ਸ਼ਰਾਬ 'ਜਾਮੁਲ' ਦੀ ਬੋਤਲ ਵੇਚਣ ਆਈ ਸੀ ਅਤੇ ਕਿੰਨੀਂ ਹੀ ਦੇਰ ਮੇਰੇ ਨਾਲ਼ ਬੈਠੀ ਗੱਲਾਂ ਮਾਰਦੀ ਇਹ ਵਾਅਦਾ ਲੈਕੇ ਗਈ ਸੀ ਕਿ ਜਦੋਂ ਵੀ ਮੈਂ ਉਸ ਪਾਸੇ ਆਵਾਂਗਾ, ਤਾਂ ਉਸੇ ਤੋਂ ਹੀ 'ਜਾਮੁਲ' ਖਰੀਦਕੇ ਆਪਣੀਂ ਸ਼ਾਮ ਨੂੰ ਸ਼ਬਦਾਂ ਦੇ ਹਵਾਲੇ ਕਰਿਆ ਕਰਾਂਗਾ।  

ਸਿਰਫ ਇੱਕ ਵੇਰ.......


 ਤੂੰ ਲਹਿਰ ਹੈਂ
 ਇੱਕ ਪਲ ਰੁਕ
 ਮੈਨੂੰ ਤੇਰੇ ਮੱਥੇ 'ਚ
         ਆਪਣਾ ਨਾਮ ਲਿਖ ਲੈਣ ਦੇ
 ਫਿਰ ਚਾਹੇ
 ਮੈਨੂੰ ਕਿਧਰੇ ਵੀ ਵਹਾ ਕੇ ਲੈ ਜਾਈਂ

 ਇੱਕ ਪਲ ਰੁਕ
 ਮੈਨੂੰ ਤੇਰੇ ਮੱਥੇ 'ਚ ਆਪਣਾ
                 ਨਾਮ ਲਿਖ ਲੈਣਦੇ


 ਮੈਂ ਆਪਣੀ
 ਹਰ ਸਵੇਰ ,ਹਰ ਸ਼ਾਮ
 ਆਪਣੀ ਜਿੰਦਗੀ ਦੇ ਸਾਰੇ ਰੰਗ
 ਰੰਗਾਂ ਦੀ ਸਾਰੀ ਖੂਸਬੂ
 ਤੇਰੇ ਨਾਮ ਲੁਆ ਸਕਦਾ ਹਾਂ
 ਮੈਨੂੰ ਤੇਰੇ ਮੱਥੇ 'ਚ
          ਆਪਣਾਂ ਨਾਮ ਲਿਖ ਲੈਣ ਦੇ

 ਕੁਦਰਤ ਨੇ ਦਿੱਤੀ ਮੇਰੇ ਹਿੱਸੇ ਦੀ
                       ਬਸੰਤ –ਬਹਾਰ
 ਹਰ ਮੌਸਮ ਦੀ ਹਰ ਰੁੱਤ
 ਤੇਰੇ ਲਈ
 ਮਹਿਫੂਜ ਰੱਖੇ ਮੋਹ ਦੇ ਬੋਲ
 ਉਹਨਾਂ ਬੋਲਾਂ 'ਚ
 ਪਨਾਹ ਲਈ ਬੈਠੀ ਬਰਸਾਤ                                                          
 ਤੇਰੇ ਨਾਮ ਲੁਆ ਸਕਦਾ ਹਾਂ
 ਮੈਨੂੰ ਇੱਕ ਵੇਰ
 ਤੇਰੇ ਮੱਥੇ 'ਚ
           ਆਪਣਾਂ ਨਾਮ ਲਿਖ ਲੈਣਦੇ                                                        

                                                 
 ਮੇਰੀਆਂ ਨਜ਼ਮਾਂ 'ਚ
 ਸ਼ਹਿ ਲਾਈ ਬੈਠਾ ਤੇਰਾ
                 ਕਪਾਹੀ ਹੁਸਨ
                                                           
 ਮੇਰੇ ਗੀਤਾਂ ਦੀ ਜੂਨ ਭੋਗਦੀ
 ਤੇਰੀ ਚਾਨਣੀ ਜਿਹੀ ਉਮਰ
 ਸੱਚ ਪੁੱਛੇ—
 ਤਾਂ ਆਪਣੀ ਸ਼ਾਇਰੀ
 ਤੇਰੇ ਨਾਮ ਲੁਆ ਸਕਦਾ ਹਾਂ
 ਮੈਨੂੰ ਇੱਕ ਵਾਰ
 ਤੇਰੇ ਮੱਥੇ 'ਚ
     ਆਪਣਾ ਨਾਮ ਲਿਖ ਲ਼ੈਣਦੇ  

 ਤੂੰ ਲਹਿਰ ਹੈਂ ,ਨਦੀ ਹੈਂ
 ਇੱਕ ਪਲ ਰੁਕ
 ਮੈਨੂੰ ਸਿਰਫ ਇੱਕ ਵੇਰ
 ਤੇਰੇ ਮੱਥੇ 'ਚ
     ਆਪਣਾ ਨਾਮ ਲਿਖ ਲੈਣਦੇ
 ਫਿਰ ਚਾਹੇ
 ਕਿਧਰੇ ਵੀ ਵਹਾ ਕੇ ਲੈ ਜਾਵੀਂ ਮੈਨੂੰ .. ।

Thursday, April 26, 2012

 "ਵਿਵੇਕ ਸ਼ੌਕ".. .. .. .. ..!!!!!

ਰਾਣਾਂ ਰਣਬੀਰ ਪੰਜਾਬੀ ਸਿਨੇਮਾਂ ਦਾ ਇੱਕ ਉਮਦਾ ਅਤੇ ਬਹੁ ਦਿਸ਼ਾਵੀਂ ਕਲਾਕਾਰ ਹੈ, ਲੇਕਿਨ ਇਸ ਫਿਲਮ (ਅੱਜ ਦੇ ਰਾਂਝੇ) ਅੰਦਰਲਾ ਉਸਦਾ ਕਿਰਦਾਰ ਸਾਹਮਣੇਂ ਆਉਂਦਿਆਂ ਹੀ ਅੱਖਾਂ ਵਿੱਚ ਸਿੱਲ੍ਹ ਉੱਤਰ ਆਉਂਦੀ ਹੈ, ਕਿਉਂਕਿ ਜਿਸ ਸਖ਼ਸ ਲਈ ਇਹ ਕਿਰਦਾਰ ਲਿਖਿਆ ਗਿਆ ਸੀ ਉਹ ਉਹਨਾਂ ਦਿਨਾਂ ਵਿੱਚ ਹੀ ਇਸ ਜਗਤ ਨੂੰ... ਅਲਵਿਦਾ ਕਹਿ ਗਿਆ ਸੀ ਜਿਹਨਾਂ ਦਿਨਾਂ ਵਿੱਚ ਸਰਾਓ ਹੋਟਲ ਵਿੱਚ ਬੈਠਕੇ ਰਾਣਾਂ ਜੀ ਉਸਦੇ ਕਿਰਦਾਰ ਦਾ ਮੁਹਾਂਦਰਾ ਉਲੀਕ ਰਹੇ ਸਨ !.. .. ਤੇ ਜੇਕਰ ਉਹ ਅੱਜ ਸਾਡੇ ਦਰਮਿਆਨ ਹੁੰਦਾ ਤਾਂ ਉਸ ਅਜ਼ੀਮ ਕਲਾਕਾਰ "ਵਿਵੇਕ ਸ਼ੌਕ" ਨੇ ਵੀ 'ਅੱਜ ਦੇ ਰਾਂਝੇ' ਦੇ ਪ੍ਰੀਵਾਰ ਦਾ ਮੈਂਬਰ ਹੋਣਾਂ ਸੀ.. .. ਉਫ਼.. ..!!!!!

Saturday, July 30, 2011

(ਇਨ ਕੌਫ਼ੀ ਕਲੱਬ)-ਤਨਦੀਪ ਤਮੰਨਾਂ-ਦਰਸ਼ਨ ਦਰਵੇਸ਼


ਤਨਦੀਪ - ਤੁਹਾਡੇ ਕਿਰਦਾਰ 'ਚ ਸਭ ਤੋਂ ਵਧੀਆ ਖ਼ੂਬੀ ਕੀ ਹੈ
ਦਰਵੇਸ਼ - ਅੱਖਾਂ ਬੰਦ ਕਰਕੇ ਹਰ ਨਵੇਂ ਚਿਹਰੇ ਉੱਪਰ ਵਿਸ਼ਵਾਸ ਕਰ ਲੈਣਾ। ਹਰ ਵੇਲ਼ੇ ਗੁਰਬਾਣੀ ਦੀ ਛੱਤ ਮਹਿਸੂਸ ਕਰਨਾ।ਨਾਮ ਤੋਂ ਵੱਧ ਕਿਰਤ ਨੂੰ ਪਹਿਲ ਦੇਣੀ।
......
ਤਨਦੀਪ - ਉਹ ਇੱਕ ਨਾਮ ਜਿਹੜਾ ਤੁਹਾਨੂੰ ਕਦੇ ਨਹੀਂ ਭੁੱਲਿਆ
ਦਰਵੇਸ਼ - ਮੈਂ ਉਸਨੂੰ ਕਦੇ ਨਾਮ ਲੈ ਕੇ ਨਹੀਂ ਸੀ ਬੁਲਾਇਆ, ਹਮੇਸ਼ਾ ਆਪਣੇ ਦਿੱਤੇ ਨਾਮ 'ਸਿਰਲੇਖ' ਨਾਲ ਹੀ ਪੁਕਾਰਦਾ ਸੀ।
........
ਤਨਦੀਪ - ਮੌਕਾ ਮਿਲ਼ੇ ਤਾਂ ਤੁਸੀਂ ਪੰਜਾਬੀ ਪ੍ਰਕਾਸ਼ਕਾਂ ਅਤੇ ਪੰਜਾਬੀ ਫਿਲਮ ਨਿਰਮਾਤਾਵਾਂ 'ਚੋਂ ਕੀਹਦੇ 'ਤੇ ਨਜ਼ਲਾ ਝਾੜੋਂਗੇ
ਦਰਵੇਸ਼ - ਇਹ ਮੌਕਾ ਤਾਂ ਮਿਲ਼ਦਾ ਹੀ ਰਹਿੰਦਾ ਹੈ। ਮੈਂ ਇਹਨਾਂ ਦੇ ਹਾਲ ਉੱਪਰ ਹੱਸਦਾ ਵੀ ਹਾਂ, ਮਾਯੂਸ ਵੀ ਹੁੰਦਾ ਹਾਂ। ਦੋਨੋਂ ਹੀ ਮੇਰੇ ਸੱਜੇ ਖੱਬੇ ਰਹਿੰਦੇ ਨੇ। ਦੋਨੋਂ ਹੀ ਤਕਰੀਬਨ ਸਿਰਫ਼ ਵਪਾਰੀ ਨੇ। ਦੋਨਾਂ ਕੋਲ਼ ਹੀ ਸਮਾਜ ਦੇ ਕੋਹਜ ਨੂੰ ਵੇਖਣ ਵਾਲੀ ਅੱਖ ਨਹੀਂ। ਦੋਨਾਂ ਬਾਰੇ ਹੀ ਬਿਨਾਂ ਰੁਕਿਆਂ ਬੜਾ ਕੁਝ ਲਿਖਿਆ, ਬੋਲਿਆ ਜਾ ਸਕਦਾ ਹੈ।
.........
ਤਨਦੀਪ - ਉਹ ਸ਼ਖ਼ਸ ਜਿਹਨਾਂ ਨੂੰ ਮਿਲ਼ਣ ਦੀ ਤੁਹਾਨੂੰ ਹਰ ਵਕਤ ਤਾਂਘ ਰਹਿੰਦੀ ਹੈ
ਦਰਵੇਸ਼ - ਮੇਰਾ ਪਿੰਡ, ਮਾਂ-ਬਾਪ, ਗੁਰੂਦੇਵ ਮਨਮੋਹਨ ਸਿੰਘ, ਤਨਦੀਪ ਤਮੰਨਾ ਅਤੇ ਸਿਮਰਪਾਲ ਸੰਧੂ।
.........
ਤਨਦੀਪ - ਜ਼ਿੰਦਗੀ 'ਚ ਕਿੰਨੀ ਵਾਰ ਮੁਹੱਬਤ ਕੀਤੀ ਹੈ
ਦਰਵੇਸ਼ - ਸਿਰਫ਼ ਇੱਕ ਵਾਰ ਅਤੇ ਅਨੇਕਾਂ ਵਾਰ ਕਰ ਰਿਹਾ ਹਾਂ, ਕਰਦਾ ਰਹਾਂਗਾ ਆਪਣੇ ਅਮਰ ਹੋਣ ਤੱਕ ਵੀ।
..........
ਤਨਦੀਪ - ਉਹ ਕਿਹੜਾ ਖਾਣਾ, ਜਿਸਨੂੰ ਤੁਸੀਂ ਖਾਣੇ ਦੇ ਮੇਜ਼ 'ਤੇ ਕਦੇ ਵੀ ਵੇਖਣਾ ਨਹੀਂ ਚਾਹੁੰਦੇ
ਦਰਵੇਸ਼ - ਜਿਸ ਅੰਦਰੋਂ ਮਨ ਦੀ ਮਹਿਕ ਨਾ ਆਉਂਦੀ ਹੋਵੇ।
..........
ਤਨਦੀਪ - ਤੁਹਾਨੂੰ ਤੁਹਾਡੇ ਦੋਸਤਾਂ ਦੀ ਕਿਹੜੀ ਗੱਲ ਜ਼ਿਆਦਾ ਚੰਗੀ ਲੱਗਦੀ ਹੈ
ਦਰਵੇਸ਼ - ਕੋਈ ਵੀ ਗੱਲ ਨਹੀਂ। ਕਿਉਂਕਿ ਕਿਸੇ ਕੋਲ਼ ਵੀ ਦੋਸਤੀ ਨੂੰ ਪਰਖਣ ਵਾਸਤੇ ਸਮਾਂ ਹੀ ਨਹੀਂ ਰਿਹਾ। ਜੀਤ ਚਚੋਹਰ ਦੇ ਲਿਖਣ ਵਾਂਗ-'ਮਿੰਟਾਂ ਸਕਿੰਟਾਂ 'ਚ ਟੁੱਟ ਜਾਂਦੀ ਯਾਰੀ ਅੱਜ ਕੱਲ੍ਹ ਤਾਂ ਜੁਆਕਾਂ ਵਾਂਗੂੰ ਯਾਰਾਂ ਦੀ'।
............
ਤਨਦੀਪ - ਲੋਕ-ਗਾਥਾਵਾਂ/ਕਿੱਸਿਆਂ ਵਿਚ ਤੁਹਾਡਾ ਚਹੇਤੇ ਨਾਇਕ/ਨਾਇਕਾ ਕੌਣ ਹਨ
ਦਰਵੇਸ਼ - ਮਿਰਜ਼ਾ , ਸੋਹਣੀ ਅਤੇ ਇੰਦਰ-ਬੇਗੋ।
..........
ਤਨਦੀਪ - ਉਹ ਗੀਤ ਜੋ ਤੁਸੀਂ ਅਕਸਰ ਗੁਣਗੁਣਾਉਣਾ ਪਸੰਦ ਕਰਦੇ ਹੋ
ਦਰਵੇਸ਼ - ਵੈਸੇ ਤਾਂ ਕਈ ਨੇ ਜਿਹੜੇ ਅਕਸਰ ਮੇਰੇ ਬੁੱਲ੍ਹਾਂ ਤੇ ਲਰਜ਼ਦੇ ਰਹਿੰਦੇ ਨੇ ਪਰ ਇੱਕ ਗੀਤ ਸਦਾ ਰਈ ਚੇਤਿਆਂ ਵਿਚ ਖੁਣਿਆ ਗਿਆ ਹੈ, ਜਿਹੜਾ 1984 ਨਾਲ ਸਬੰਧਿਤ ਸੀ-'ਵੇ ਨਿੱਕਿਆ ਤੇਰਾ ਜੂੜਾ ਕਰਦੀ। ਕਦੇ ਮੈਂ ਜਿਊਂਦੀ ਕਦੇ ਮੈਂ ਮਰਦੀ'। ਹੁਣ ਮੈਂ ਇਸਨੂੰ 1947 ਨਾਲ਼ ਵੀ ਜੋੜ ਲੈਂਦਾ ਹੈ ਜਾਂ ਉਹੋ ਜਿਹੀ ਕਿਸੇ ਵੀ ਕਾਲ਼ੀ ਹਵਾ ਵਾਲ਼ੇ ਦੌਰ ਨਾਲ਼।
...........
ਤਨਦੀਪ - ਸ਼ਾਇਰ ਦਰਵੇਸ਼ ਨੂੰ ਸਭ ਤੋਂ ਵੱਧ ਕੌਣ ਜਾਣਦੈ...
ਦਰਵੇਸ਼ - ਮੇਰੀ ਸ਼ਾਇਰੀ, ਮੇਰੇ ਗੀਤ, ਮੇਰੀ ਲਾਇਬਰੇਰੀ ਦੀਆਂ ਫਿਲਮਾਂ ਅਤੇ ਕਿਤਾਬਾਂ, ਅਤੇ ਕਿਸੇ ਪਹਾੜੀ ਉਪਰਲਾ ਉਹ ਘਰ, ਜਿਹੜਾ ਮੇਰੇ ਮਨ ਅੰਦਰ ਉੱਸਰਿਆ ਹੋਇਆ ਹੈ।

(ਇਨ ਕੌਫ਼ੀ ਕਲੱਬ)-ਤਨਦੀਪ ਤਮੰਨਾਂ-ਰਵਿੰਦਰ ਰਵੀ


ਤਨਦੀਪ - ਤੁਹਾਡੇ ਕਿਰਦਾਰ 'ਚ ਸਭ ਤੋਂ ਵਧੀਆ ਖ਼ੂਬੀ ਕੀ ਹੈ
ਰਵੀ - ਮੈਂ ਜੀਵਨ ਤੇ ਸਾਹਿਤ ਨੂੰ ਪੂਰਨ ਰੂਪ ਵਿਚ ਵਚਨਬੱਧ ਹਾਂ! ਰੱਜ ਕੇ ਜਿਊਂਦਾ ਹਾਂ ਤੇ ਲਗਾਤਾਰ ਲਿਖਦਾ ਹਾਂ! ਮੇਰਾ ਜੀਵਨ ਤੇ ਸਾਹਿਤ ਇਕ ਦੂਜੇ ਦੇ ਪੂਰਕ ਹਨ!
...........
ਤਨਦੀਪ - ਜੇ ਦੁਬਾਰਾ ਜ਼ਿੰਦਗੀ ਸ਼ੁਰੂ ਕਰਨੀ ਹੋਵੇ, ਤਾਂ ਤੁਹਾਡਾ ਜੀਵਨ-ਸਾਥੀ ਕਿਹੋ ਜਿਹਾ ਹੋਵੇਗਾ
ਰਵੀ - ਪੂਰਨ ਰੂਪ ਵਿਚ ਮਨ ਦਾ ਹਾਣੀ!
ਮਨ ਨੂੰ ਮਿਲੇ ਜੇ ਮਨ ਦਾ ਹਾਣੀ
ਤਨ ਵੀ ਹਾਣੀ ਹੋ ਜਾਂਦਾ ਹੈ
ਸੂਰਜ ਦੇ ਨਾਲ ਚਾਨਣ ਵਾਂਗੂੰ
ਮੋਢਾ ਜੋੜ ਖੜੋ ਜਾਂਦਾ ਹੈ
(ਕਾਵਿ-ਨਾਟਕ: "ਮਨ ਦੇ ਹਾਣੀ" ਵਿੱਚੋਂ)
..........
ਤਨਦੀਪ - ਪਿਤਾ ਦੀ ਇਕ ਐਸੀ ਝਿੜਕ ਜੋ ਅੱਜ ਤੱਕ ਨਾ ਭੁੱਲੀ ਹੋਵੇ?
ਰਵੀ - ਉਨ੍ਹਾਂ ਨੂੰ ਨਾ-ਪਸੰਦ ਮੇਰਾ ਨੇੜਲੇ ਪਿੰਡ ਦੀ ਕੁੜੀ ਨਾਲ਼ ਇਸ਼ਕ, ਜਿਸ ਨੂੰ ਉਹ ਮੇਰੇ ਐਫ.ਐਸ਼.ਸੀ. (ਮੈਡੀਕਲ) ਵਿੱਚੋਂ ਦੋ ਤਿੰਨ ਵਾਰੀ ਫੇਲ੍ਹ ਹੋਣ ਦਾ ਕਾਰਨ ਮੰਨਦੇ ਸਨ!
..........
ਤਨਦੀਪ - ਦੁਨੀਆਂ ਦੇ ਇਤਿਹਾਸ 'ਚ ਉਹ ਕਿਹੜਾ ਸ਼ਖ਼ਸ ਹੈ ਜਿਸ ਨੇ ਤੁਹਾਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਹੋਵੇ
ਰਵੀ - ਯੂਨਾਨੀ ਨਾਵਲਿਸਟ ਕਜ਼ਾਨ ਜ਼ਾਕਸ, ਜਿਸਦੇ ਨਾਵਲ "ਜ਼ੋਰਬਾ ਦ ਗਰੀਕ" ਵਿੱਚੋਂ ਜੀਵਨ ਨੂੰ ਭਰਪੂਰ ਰੂਪ ਵਿਚ ਜੀਵਣ ਤੇ ਮਾਨਣ ਦੀ ਪ੍ਰੇਰਨਾ ਮਿਲਦੀ ਹੈ!
..........
ਤਨਦੀਪ - ਕਿਹੜਾ ਕਸੂਰ ਸੀ ਜਿਸ ਦੀ ਸਜ਼ਾ ਤੁਸੀਂ ਚੁੱਪ ਚਾਪ ਕਬੂਲ ਲਈ ਸੀ?
ਰਵੀ - ਕੋਈ ਵੀ ਨਹੀਂ! ਮੈਂ ਬਚਪਨ ਤੋਂ ਹੀ ਵਿਦਰੋਹੀ ਸਾਂ! ਬੋਸੀਦਾ ਰਸਮਾਂ ਤੇ ਰਵਾਇਤਾਂ ਨੂੰ ਤੋੜਨ ਵਿਚ ਯਕੀਨ ਰੱਖਦਾ ਸਾਂ!
...........
ਤਨਦੀਪ - ਕਿਤਾਬ ਲਿਖਣ ਵੇਲੇ ਤੁਹਾਡਾ ਸਭ ਤੋਂ ਵੱਡਾ ਪ੍ਰੇਰਣਾ-ਸ੍ਰੋਤ ਕੌਣ ਹੁੰਦੈ?
ਰਵੀ - ਮੇਰਾ ਆਪਣਾ ਜੀਵਨ, ਜੀਵਨ-ਅਨੁਭਵ! ਮੇਰਾ ਸਿਧਾਂਤ ਹੈ ਕਿ ਰਚਨਾ, ਰਚਨਹਾਰੇ ਦਾ ਰਚਨਾਤਮਿਕ ਆਪਾ ਹੰਦੀ ਹੈ ਤੇ ਸੁਹਿਰਦ ਅਨੁਭਵ ਉਸ ਦੀ ਰੀੜ੍ਹ ਦੀ ਹੱਡੀ!
............
ਤਨਦੀਪ - ਤੁਸੀਂ ਕਦੋਂ ਅਤੇ ਕਿਹੜੀ ਜਗ੍ਹਾ 'ਤੇ ਜ਼ਿਆਦਾ ਖ਼ੁਸ਼ ਰਹੇ ਹੋ?
ਰਵੀ - ਕੀਨੀਆ ਵਿਚ ਬਿਤਾਏ 1967 ਤੋਂ 1974 ਤਕ ਦੇ ਵਰ੍ਹੇ, ਮੇਰੇ ਜੀਵਨ ਦੇ ਖ਼ੁਸ਼ੀਆਂ-ਭਰਪੂਰ ਅਭੁੱਲ ਵਰ੍ਹੇ ਹਨ!

(ਇਨ ਕੌਫ਼ੀ ਕਲੱਬ)-ਤਨਦੀਪ ਤਮੰਨਾਂ-ਅਮਰੀਕ ਗਾਫ਼ਿਲ


ਤਨਦੀਪ - ਤੁਹਾਡੇ ਕਿਰਦਾਰ ‘ਚ ਸਭ ਤੋਂ ਵਧੀਆ ਖ਼ੂਬੀ ਕੀ ਹੈ
ਗ਼ਾਫ਼ਿਲ - ਮੈਂ ਹਰ ਹਾਲ ਚ ਖ਼ੁਸ਼ ਰਹਿਣ ਦੀ ਤੇ ਦੂਜੇ ਨੂੰ ਖ਼ੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਹਾਂ .....
..........
ਤਨਦੀਪ - ਇਕ ਔਰਤ ਦੋਸਤ ਵਿਚ ਕਿਹੜਾ ਗੁਣ ਤੁਹਾਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ
ਗ਼ਾਫ਼ਿਲ -ਇਕ ਔਰਤ ਦੋਸਤ ਦਾ ਸੱਭ ਤੋਂ ਵੱਡਾ ਗੁਣ ਤਾਂ ਇਹ ਹੈ ਕਿ ਉਹ frank .... ਹੋਵੇ ਤੇ ਐਵੇਂ ਛੋਟੀ ਛੋਟੀ ਗੱਲ ਨੂੰ ਅੱਲ੍ਹੜਾਂ ਵਾਂਗ ਨਾ ਲੈਂਦੀ ਹੋਵੇ......ਮੈਨੂੰ ਕਿਸੇ ਗੱਲ ਤੋਂ ਟੋਕਦੀ ਹੋਵੇ ਤੇ ਖ਼ੁਦ ਵੀ ਡਾਂਟ ਖਾਣ ਦੀ ਸਮਰੱਥਾ ਰੱਖਦੀ ਹੋਵੇ ...ਜੇ ਦੋਸਤੀ ਕਰੇ ਤਾਂ ਫਿਰ ਕੋਈ ਗੱਲ ਛੁਪਾ ਕੇ ਨਾ ਰੱਖੇ...ਮੇਰੀ ਇਕ ਦੋਸਤ ਹੈ ਬਸ....ਉਹਦੀਆਂ ਖ਼ੂਬੀਆਂ ਨੇ ਇਹ ਸਭ..
...........
ਤਨਦੀਪ - ਜ਼ਿੰਦਗੀ ਵਿਚ ਮੁਹੱਬਤ ਨੇ ਗ਼ਮ ਜ਼ਿਆਦਾ ਦਿੱਤੇ ਹਨ ਕਿ ਖ਼ੁਸ਼ੀ
ਗ਼ਾਫ਼ਿਲ -ਮੁਹੱਬਤ ਤੁਹਾਨੂੰ ਕੀ ਦਿੰਦੀ ਏ....ਇਹ ਜਵਾਬ ਤਾ ਸਭ ਲੋਕ ਇਹ ਹੀ ਦਿੰਦੇ ਨੇ ..ਗ਼ਮ...ਪਰ ਤੁਸੀਂ ਮੁਹੱਬਤ ਨੂੰ ਕੀ ਦਿੱਤਾ ਇਹਦਾ ਜਵਾਬ ਕੋਈ ਨਹੀਂ ਦਿੰਦਾ ਤੇ ਨਾ ਕੋਈ ਪੁੱਛਦਾ ਏ...
...........
ਤਨਦੀਪ - ਕੋਈ ਐਸੀ ਗੱਲ ਜੋ ਅੱਜ ਕਬੂਲਣਾ ਚਾਹੁੰਦੇ ਹੋਵੋ
ਗ਼ਾਫ਼ਿਲ -ਬਹੁਤ ਕੁਛ ਗ਼ਲਤ ਹੋ ਗਿਆ ਹੈ ਅਣਜਾਣੇ ਵਿੱਚ......ਜ਼ਿੰਦਗੀ ਨੂੰ ਚੁਰਾਹੇ ‘ਤੇ ਲਿਆ ਲਿਆ ਕੇ ਭੰਡ ਬੈਠਾ ਹਾਂ....ਪਤਾ ਨਹੀਂ ਕੀ ਕਰਨਾ ਪਏਗਾ ਪਸ਼ਚਾਤਾਪ ਜਾਂ ਪ੍ਰਾਸ਼ਚਿਤ....
...........
ਤਨਦੀਪ - ਤੁਹਾਡੀ ਮਨ-ਪਸੰਦ ਕਿਤਾਬ ਕਿਹੜੀ ਤੇ ਕਿਉਂ ਹੈ
ਗ਼ਾਫ਼ਿਲ - ਅਸਲ ਚ ਮੈਂ ਉਨਾਂ ਚੋਂ ਹਾਂ ਜਿਨ੍ਹਾਂ ਨੂੰ ਕਿਤਾਬਾਂ ਨਾਲ ਰਹਿਣ ਦਾ ਏਨਾ ਮੌਕ਼ਾ ਨਹੀਂ ਮਿਲਿਆ ....ਉਹ ਕੁਝ ਹੀ ਪੜ੍ਹ ਸਕਿਆ ਹਾਂ ਜੋ ਸਿਲੇਬਸ ਵਿੱਚ ਹੁੰਦਾ ਸੀ ਸਕੂਲ-ਕਾਲਜ ਵਿੱਚ....ਮੜ੍ਹੀ ਦਾ ਦੀਵਾ..ਨਾਵਲ ਚੰਗਾ ਲੱਗਦਾ ਏ....ਅਸਮਾਜਿਕ ਅਸਮਾਨਤਾ
..........
ਤਨਦੀਪ - ਮਾਂ ਦੀ ਇਕ ਆਸੀਸ/ਗੱਲ ਜਿਹੜੀ ਪਰਦੇਸ ‘ਚ ਹਮੇਸ਼ਾ ਯਾਦ ਆਉਂਦੀ ਹੋਵੇ
ਗ਼ਾਫ਼ਿਲ - ਮਾਂ ਨੂੰ ਕਦੇ ਮੈਂ ਭੁੱਲਿਆ ਹੀ ਨਹੀਂ ਜਦ ਮੈਂ ਪਹਿਲੀ ਵਾਰ ਪ੍ਰਦੇਸ ਵਾਸਤੇ ਘਰੋਂ ਨਿਕਲਿਆ ਸਾਂ ਮਾਂ ਨੇ ਖੰਡ ਪਾ ਕੇ ਦਹੀਂ ਦਿੱਤਾ ਸੀ...ਜਿੱਦਾਂ ਮੈਂ ਲਾਮ ‘ਤੇ ਚੱਲਿਆ ਹੋਵਾਂ ..ਮੇਰੀ ਭੋਲ਼ੀ ਮਾਂ...!
...........
ਤਨਦੀਪ - ਜੇ ਮੌਕਾ ਮਿਲ਼ੇ ਤਾਂ ਜ਼ਿੰਦਗੀ ‘ਚੋਂ ਕੀ ਬਦਲਨਾ ਚਾਹੋਂਗੇ
ਗ਼ਾਫ਼ਿਲ - ਜ਼ਿੰਦਗੀ ਚੋਂ ਬਦਲਣ ਦੀ ਗੱਲ ਤਾਂ ਇਸਤਰ੍ਹਾਂ ਹੀ ਹੈ ਕਿ ਖ਼ੁਦ ਨੂੰ ਹੀ ਮਨਫ਼ੀ ਕਰਨ ਦੀ ਇੱਛਾ ਹੈ....
ये भी सच है ज़िंदगी जैसा नहीँ कुछ भी बचा
हमसे लेकिन चाह के भी खुदकुशी होती नहीं।
..........
ਤਨਦੀਪ - ਗੱਲਾਂ-ਗੱਲਾਂ ‘ਚ ਕਿਤੇ ਕੋਈ ਮਿਲ਼ ਜਾਏ ਤਾਂ ਕੀ ਕਰੋਗੇ
ਗ਼ਾਫ਼ਿਲ - ਇਹ ਤਾਂ ਪ੍ਰਸਥਿਤੀਆਂ ਤੇ ਨਿਰਭਰ ਕਰਦੈ..ਕਿਉਂਕਿ ਇਹ ਕੋਈ ਪੈਂਤਰੇਬਾਜ਼ੀ ਦਾ ਮਾਮਲਾ ਤਾਂ
ਨਹੀਂ ਹੈ....
...........
ਤਨਦੀਪ - ਤੁਹਾਡੇ ਮਨ ‘ਤੇ ਕਿਹੜੀ ਕੈਫ਼ੀਅਤ ਜ਼ਿਆਦਾ ਭਾਰੂ ਰਹਿੰਦੀ ਹੈ
ਗ਼ਾਫ਼ਿਲ - ਮੈਂ ਆਪਣੇ ਆਪ ਨੂੰ ਰਖਦਾ ਹਾਂ ਬਾਲ਼ ਕੇ ਗ਼ਾਫ਼ਿਲ
ਰਹੇ ਮਲਾਲ ਨਾ ਤੈਨੂੰ ਕਿ ਬੇ-ਚਰਾਗ਼ ਹਾਂ ਮੈਂ....
...........
ਤਨਦੀਪ - ਦੁਨੀਆਂ ‘ਚ ਵਸਣ ਲਈ ਤੁਹਾਡੀ ਮਨ-ਪਸੰਦ ਜਗ੍ਹਾ ਕਿਹੜੀ ਹੈ
ਗ਼ਾਫ਼ਿਲ - ਤਨਦੀਪ ਜੀ! ਦੇਖਿਓ ਮੈਨੂੰ ਘਰ ਜਾਣ ਜੋਗਾ ਛੱਡ ਦਿਓ ਹੋਰ ਨਾ ਘਰ no-entry ਦਾ ਬੋਰਡ ਲੱਗਾ ਮਿਲ਼ੇ...ਤੁਹਾਡੇ ਸਵਾਲਾਂ ਦੇ ਚੱਕਰ ‘ਚ..... :)

Sunday, June 26, 2011

ਸ਼ਬਦ ਤੇ ਸੁਪਨੇਂ.. .. .. ?


ਪਹਾੜ, ਪਰਬਤ, ਨਦੀਆਂ, ਅੱਗ, ਪਾਣੀਂ, ਸਮੁੰਦਰ, ਰੇਗਿਸਤਾਨ, ਬਾਦਬਾਨ, ਬੀਆਬਾਨ, ਕਿਸ਼ਤੀ, ਇਤਿਹਾਸ, ਚਾਂਦਨੀ, ਨੀਲਾ, ਹਰਾ, ਅਤੇ ਸੁਪਨੇਂ ਇਹੋ ਜਿਹੇ ਸ਼ਬਦਾਂ ਨਾਲ਼ ਪਤਾ ਨਹੀਂ ਮੇਰਾ ਕੀ ਰਿਸਤਾ ਹੈ ਕਿ ਇਹ ਸਾਰੇ ਮੈਨੂੰ ਆਪਣੇਂ ਹੀ ਖ਼ੂਨ ਦੇ ਸਕੇ ਸੋਦਰੇ ਲੱਗਦੇ ਨੇ। ਮੈਂ ਇਹਨਾਂ ਸਭ ਨੂੰ ਹਰ ਵੇਲ਼ੇ ਆਪਣੇਂ ਉੱਪਰ ਲੋਈ ਵਾਂਗ ਪਹਿਨਕੇ ਰੱਖਦਾ ਹਾਂ। ਕਦੇ ਕਦੇ ਇਹ ਮੈਨੂੰ ਅੰਤਾਂ ਦਾ ਨਿੱਘ ਦਿੰਦੇ ਨੇ ਅਤੇ ਕਦੇ ਕਦੇ ਮੈਂ ਇਹਨਾਂ ਦੀ ਕਚਹਿਰੀ ਵਿੱਚ ਖੜ੍ਹਾ ਹੁੰਦਾ ਹਾਂ ਕਿਸੇ ਮੁਜ਼ਰਿਮ ਵਾਂਗ। ਇਹਨਾਂ ਸ਼ਬਦਾਂ ਦੇ ਸੁਆਲ ਮੈਨੂੰ ਥਕਾਉਂਦੇ ਨਹੀਂ, ਅੱਗੇ ਤੋਰਦੇ ਨੇ ਬਿਲਕੁੱਲ ਓਵੇਂ ਜਿਵੇਂ .. .. .. ਬੱਦਲ਼ਾਂ ਦੇ ਉਹਲੇ ਵਿੱਚ ਚੰਨ ਤੁਰਦਾ ਹੈ.. ਕਿਸੇ ਦੀ ਇੰਤਜ਼ਾਰ ਵਿੱਚ ਹੌਸਲਾ ਤੁਰਦਾ ਹੈ.. ਅਤੇ ... ... ਅਤੇ ਮੇਰੀ ਨੀਂਦ ਵਿੱਚ ਕੋਈ ਸੁਪਨਾਂ ਤੁਰਦਾ ਹੈ।

ਮੈਂ ਉਸਨੂੰ ਸੁਪਨੇਂ ਵਿੱਚ ਆਵਾਜ਼ ਦਿੱਤੀ - 'ਕਿੱਥੇ ਹੈਂ?'

ਜਵਾਬ ਵਿੱਚ ਮੈਂ ਚੁੱਪ ਹੋ ਗਿਆ

ਤੇ.. ਉਹ ਸ਼ਾਇਦ ਦੂਰ ਚਲੀ ਗਈ.. ..

ਮੈਂ ਫੇਰ ਪੁੱਛਿਆ - ਕਿੱਥੇ ਹੈਂ ਬੋਲਦੀ ਕਿਉਂ ਨਹੀਂ?

ਹੁਣ ਮੈਂ ਫੇਰ ਚੁੱਪ ਸੀ

ਉਹ ਨਹੀਂ ਉਸਦਾ ਰੁਦਨ ਸੁਣਿਆ ਸੀ.. ..

.. .. .. ਉਸਦੇ ਗੀਤਾਂ ਨੇ ਪਾਣੀਂ ਮੰਗਿਆ

ਮੇਰੀ ਤੇਹ ਸੁਪਨੇਂ ਵਿੱਚ ਡੁੱਬ ਗਈ.. ..

..

.. ..

ਉਸਦਾ ਫਿਕਰ ਮੈਥੋਂ ਝੱਲਿਆ ਨਾਂ ਗਿਆ ਕਿ ਮੈਂ ਆਪਣੇਂ ਸਾਰੇ ਸਫ਼ਰ ਨੂੰ ਆਖਿਰ ਜਿੰਦਰਾ ਕਿਉਂ ਮਾਰ ਲੈਂਦਾ ਹਾਂ ? ਕੋਈ ਕਿਸੇ ਨੂੰ ਪਾਗਲਾਂ ਹਾਰ ਲੱਭੇ ਵੀ ਤਾਂ ਕਿਵੇਂ ਲੱਭੇ ?

Friday, May 20, 2011

ਕਿਸੇ ਤਲਾਸ਼ ਵਿੱਚ.. .. .. .. .. !!!!!


ਬਹੁਤ ਡੂੰਘਾ ਹੈ ਲੇਹ ਦੀਆਂ ਪਹਾੜੀਆਂ ਦੇ ਜਿਸਮ ਤੋਂ ਪਿਘਲਕੇ ਆਇਆ ਪਾਣੀਂ…ਮੇਰੀ ਮਹਿਸੂਸੀਅਤ ਦਾ ਵੀ ਆਪਣੀਂ ਹੀ ਕਿਸਮ ਦਾ ਅੰਦਾਜ਼ ਹੈ..ਮੈਂ ਇਸ ਪਾਣੀਂ ਨੂੰ ਨਾਗ਼ਣ ਵਾਂਗ ਮੇਲ੍ਹਦਿਆਂ ਅਤੇ ਕਿਸੇ ਤਲਾਸ਼ ਵਿੱਚ ਦੌੜਦਿਆਂ ਵੀ ਵੇਖਿਆ ਹੈ ਪਹਾੜੀ ਦੀ ਐਨ ਟੀਸੀ ਉੱਪਰ ਖੜ੍ਹਕੇ ਅਤੇ ਮੀਨਾਂ ਕੁਮਾਰੀ ਵਾਂਗ ਨ੍ਰਿਤ ਕਰਦਿਆਂ ਵੀ ਵੇਖਿਆ ਹੈ ਐਨ ਪਹਾੜੀ ਦਿਆਂ ਕਦਮਾਂ ਵਿੱਚ ਖੜ੍ਹਕੇ… … ਉਸ ਦਿਨ ਮੇਰੇ ਨਾਲ਼ ਕੋਈ ਨਹੀਂ ਸੀ। ਲੇਹ ਤੱਕ ਦੇ ਉਸ ਸਫ਼ਰ ਅਤੇ ਵਾਪਸੀ ਦੌਰਾਨ ਮੈਂ ਪਹਾੜਾਂ ਦੇ ਉਸ ਪਿਘਲਦੇ ਜਿਸਮ ਦਾ ਗੁੱਸਾ ਵੀ ਵੇਖਿਆ ਅਤੇ ਠਹਾਕਾ ਵੀ.. ..ਸ਼ਾਇਦ ਮੇਰੀ ਜ਼ਿੰਦਗੀ ਦਾ ਉਹ ਪਹਿਲਾ ਦਿਨ ਸੀ ਜਦੋਂ ਮੈਂ ਹਿਮਾਲਿਆ ਦੇ ਸਿਰ ਉੱਪਰ ਬੈਠਕੇ ਸੂਰਜ ਨੂੰ ਦਸਤਕ ਦਿੱਤੀ ਸੀ ਅਤੇ ਮੈਂ ਉਸ ਨੀਲੇ ਪਾਣੀਆਂ ਦੀਆਂ ਰਗ਼ਾਂ ਅੰਦਰ ਵਗਦੇ ਖ਼ੂਨ ਦਾ ਰਾਜ਼ਦਾਰ ਬਣਿਆ ਸੀ.. .. .. ਚੈਂਚਲੋ ਉਸ ਪਾਣੀਂ ਦੀ ਨਾਭੀ ਵਿੱਚੋਂ ਪੰਖ ਲਗਾਕੇ ਉੱਡਦੀ ਆਈ ਅਤੇ ਮੇਰੇ ਅੰਦਰ ਕਿਤੇ ਡੂੰਘਿਆਂ ਉੱਤਰ ਗਈ…ਆਪਣੇਂ ਹੀ ਰੰਗਾਂ ਨਾਲ਼ ਨਹਾਉਂਦੀ ਹੋਈ ਚੈਂਚਲੋ ਨੂੰ ਮੈਂ ਪਹਿਲੀ ਵਾਰ ਵੇਖਿਆ.. .. ਕੋਈ ਸੂਰਜ ਵਿੱਚੋਂ ਵੀ ਆਪਣਾਂ ਚਿਹਰਾ ਨਿਹਾਰ ਸਕਦਾ ਹੈ.. ਕੋਈ ਵਗਦੇ ਪਾਣੀਂ ਤੋਂ ਉਸਦੀ ਉਮਰ ਪੁੱਛ ਸਕਦਾ ਹੈ.. .. ਕੋਈ ਮੇਰੇ ਅੰਦਰੋਂ ਸ਼ਬਦਾਂ ਦੀਆਂ ਘੰਟੀਆਂ ਵਜਾਉਂਦਾ ਹੋਇਆ ਖ਼ੁਦ ਨਦੀ ਬਣ ਜਾਣ ਦੀ ਜ਼ਿੱਦ ਕਰ ਸਕਦਾ ਹੈ…ਇਹ ਸਭ ਮੈਂ ਮਹਿਸੂਸਿਆ ਨਹੀਂ ਜਿਊਂਕੇ ਵੇਖਿਆ ਉਸ ਦਿਨ, ਜਿਸ ਦਿਨ ਮੈਂ ਉਸ ਨਦੀ ਵਿੱਚ ਵਹਿ ਰਿਹਾ ਸੀ ਉਸਨੂੰ ਜੀਅ ਰਿਹਾ ਸੀ ਉਸਨੂੰ ਪੀਅ ਰਿਹਾ ਸੀ.. .. .. ਉਹ ਬਹੁਤ ਜ਼ਿੱਦ ਕਰ ਰਹੀ ਸੀ, ਮੇਰੇ ਸੁਪਨੇਂ ਅੰਦਰ ਵਹਿੰਦੇ ਪਾਣੀਂ ਅੰਦਰ ਉੱਤਰ ਜਾਣ ਦੀ… ਇਹ ਪਹਿਲੀ ਵਾਰ ਸੀ ਜਦੋਂ ਮੈਂ ਲੇਹ ਦੀ ਬਰਫ਼ ਦੇ ਦਰਮਿਆਨ ਖੜ੍ਹਾ ਆਪਣੇਂ ਆਪ ਨੂੰ ਸਿੰਜ ਰਿਹਾ ਸੀ.. .. ਇਹਨਾਂ ਪਲਾਂ ਨੇ ਮੈਨੂੰ ਮੇਰੀ ਸ਼ਾਇਰੀ ਅੰਦਰ ਸਾਲਾਂ ਤੋਂ ਜਿਊਂਦੇ ਚਿਹਰਿਆਂ ਦੀ ਮਿੱਟੀ ਦੀ ਪਹਿਚਾਣ ਕਰਵਾਈ ਸੀ.. .. .. ਮੈਨੂੰ ਲੱਗ ਰਿਹਾ ਸੀ ਮੈਂ ਭਾਫ਼ ਬਣ ਰਿਹਾ ਹਾਂ ਅਤੇ ਮੈਨੂੰ ਮੇਰਾ ਆਸਮਾਨ ਨਹੀਂ ਚੈਂਚਲੋ ਦੀ ਜ਼ਮੀਨ ਸੋਕ ਰਹੀ ਹੈ.. .. .. .. ਉਸਤੋਂ ਅਗਲੇ ਦਿਨ ਮੈਂ ਵਾਪਿਸ ਆ ਗਿਆ, ਪਤਾ ਨਹੀਂ ਕਿਉਂ ਮੈਨੂੰ ਲੱਗਾ ਕਿ ਮੈਨੂੰ ਕਿਸੇ ਦੀ ਤਲਾਸ਼ ਹੈ.. .. ਦੂਰੋਂ ਕੋਈ ਫ਼ੋਨ ਆਇਆ ਬ ਹੁ ਤ ਲੰਮਾਂ ਫ਼ੋਨ .. .. ਚੈਂਚਲੋ ਤਾਂ ਨਹੀਂ ਸੀ ਪਰ ਉਸਦਾ ਦੁੱਖ ਬੋਲ ਰਿਹਾ ਸੀ.. ..
ਤੂੰ ਆਪਣੇਂ ਆਪ ਨੂੰ
ਬਲਦਾ ਦੀਵਾ ਨਾਂ ਆਖ ਸਕਿਆ
ਮੈਂ ਆਪਣੇਂ ਆਪ ਨੂੰ
ਜਿਉਂਦੀ ਰਾਤ ਕਹਿੰਦੀ ਰਹੀ
.. .. .. .. ..
ਨਾਂ ਤਾਂ ਰਾਤਾਂ ਹੀ ਚਾਨਣੀਆਂ ਹੋਈਆਂ
ਅਤੇ ਨਾਂ ਹੀ
ਸਾਡੇ ਬਨਵਾਸ ਦੀ ਉਮਰ ਮਿਣੀਂ ਗਈ.. .. ..