Friday, September 24, 2010

ਪੈੜਾਂ ਤੇ ਪਰਛਾਵੇਂ / ਦਰਸ਼ਨ ਦਰਵੇਸ਼

ਮੈਂ ਦੋਬਾਰਾ ਪੜ੍ਹਨਾਂ ਚਾਹੁੰਦਾ ਹਾਂ-ਗੁਰਨਾਮ ਗਿੱਲ
ਦਰਸ਼ਨ ਦਰਵੇਸ਼: ਤੁਹਾਡਾ ਪਹਿਲਾ ਸਕੂਲ ਅਤੇ ਪਹਿਲਾ ਮਨਪਸੰਦ ਕਾਲਜ ਜਿੱਥੇ ਤੁਸੀਂ ਲੱਖ ਚਾਹਕੇ ਵੀ ਨਹੀਂ ਜਾ ਸਕੇ ?
ਗੁਰਨਾਮ ਗਿੱਲ: ਲਾਇਲਪੁਰ ਖਾਲਸਾ ਕਾਲਿਜ, ਜਲੰਧਰ।
ਦਰਵੇਸ਼: ਤੁਸੀਂ ਜਿਸ ਵੀ ਸਕੂਲ ਜਾਂ ਕਾਲਜ ਵਿੱਚ ਪੜ੍ਹੇ ਉਸ ਵਿੱਚ ਕਿੰਨਾਂ ਕੁੱਝ ਅਣਮੰਨੇ ਮਨ ਨਾਲ ਕੀਤਾ ?
ਗਿੱਲ: ਸਧਾਰਣ ਕਿਸਾਨ ਪ੍ਰਵਾਰ ਵਿੱਚ ਜਨਮ ਲਿਆ ਅਤੇ ਜ਼ਿੰਦਗੀ ਪ੍ਰਤੀ ਸੇਧ ਨਾ ਹੋਣ ਕਰ ਕੇ, ਸਭ ਕੁੱਝ ਅਣਮੰਨੇ ਮਨ ਨਾਲ਼ ਹੀ ਹੋਇਆ। ਘਰੇਲੂ ਵਾਤਾਵਰਣ ਹੀ ਇਹੋ ਜਿਹਾ ਸੀ, ਫਿਰ ਮੇਰਾ ਕੀ ਕਸੂਰ?

ਦਰਵੇਸ਼: ਜਦੋਂ ਤੁਹਾਨੂੰ ਪਹਿਲੀ ਵਾਰ ਪਾਕੇੱਟ ਮਨੀਂ ਮਿਲੀ ਤਾਂ ਤੁਹਾਡੇ ਮਨ ਦੀ ਖੁਸ਼ੀ ਕਿਹੋ ਜਿਹੀ ਸੀ ?
ਗਿੱਲ: ਪਾਕੇਟ ਮਨੀ ਮੈਨੂੰ ਮਿਲੀ ਨਹੀਂ ਸੀ, ਮੈਂ ਆਪਣੀ ਮਾਂ ਦੇ ਸੰਦੂਕ ਵਿੱਚੋਂ ਚੋਰੀ ਕੀਤੀ ਸੀ। ਖਾਲਸਾ ਹਾਈ ਸਕੂਲ ਸਮਰਾਏ-ਜੰਡਿਆਲਾ ਦੀ ਕੰਟੀਨ ਅੱਗੇ ਖੜ੍ਹਕੇ ਪਕੌੜੇ ਖਾਂਦਿਆਂ, ਮੈਂ ਵੀ ਹਮਜਮਾਤੀਆਂ ‘ਚ ਖੜਾ ਮਾਣ ਮਹਿਸੂਸ ਕਰ ਰਿਹਾ ਸੀ, ਅਮੀਰ ਮਾਂ-ਬਾਪ ਦੇ ਬੱਚਿਆਂ ਵਾਂਗੂ!

ਦਰਵੇਸ਼: ਜੇਕਰ ਤੁਹਾਨੂੰ ਦੋਬਾਰਾ 16 ਸਾਲ ਦਾ ਹੋਣ ਦਾ ਮੌਕਾ ਦਿੱਤਾ ਜਾਵੇ ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰੋਗੇ ?
ਗਿੱਲ: ਮੈਨੂੰ ਤੁਸੀਂ ਹੁਣ 16 ਸਾਲ ਵਿੱਚ ਦੋਬਾਰਾ ਜਾਣ ਦਾ ਮੌਕਾ ਨਾ ਹੀ ਦਿਓ ਤਾਂ ਅੱਛਾ ਰਹੇਗਾ। ਜੇਕਰ ਤੁਹਾਡੀ ਜ਼ਿਦ ਹੈ ਤਾਂ ਫੇਰ ਮੈਂ ਆਪਣੇ ਮਾਂ-ਬਾਪ ਨੂੰ ਬੇਨਤੀ ਕਰਾਂਗਾ ਕਿ ਮੈਨੂੰ ਪੜ੍ਹਨ ਦਾ ਮੌਕਾ ਦੇਣ ਅਤੇ ਮੇਰੇ ਆਪਣੇ ਸੁਪਨਿਆਂ ਅਨੁਸਾਰ।

ਦਰਵੇਸ਼: ਤੁਹਾਡਾ ਅੱਜ ਤੱਕ ਦਾ ਸਭ ਤੋਂ ਯਾਦਗਾਰੀ ਅਤੇ ਕੌੜਾ ਪਲ ਕਿਹੜਾ ਹੈ ?
ਗਿੱਲ: ਬਹੁਤਾ ਯਾਦਗਾਰੀ ਤਾਂ ਨਹੀਂ ਪਰ ਕੌੜਾ ਜ਼ਰੂਰ ਹੈ। ਬਾਪ ਦੇ ਰੁੱਖੇ ਵਤੀਰੇ ਤੋਂ ਤੰਗ ਆ ਕੇ, ਆਪਣੇ ਗੁਆਢੀ ਹਮਜਮਾਤੀ ਸੁਭਾਸ਼ਬੀਰ ਸਿੰਘ ਮਲਹੋਤਰਾ ਨਾਲ਼, ਸਕੂਲ ਦੀਆਂ ਕਿਤਾਬਾਂ ਵੇਚ ਕੇ ਜਲੰਧਰੋਂ, ਅੰਬਾਲ਼ੇ ਚਲੇ ਜਾਣਾ ਅਤੇ ਮਾਯੂਸੀ ਵਿੱਚ ਵਾਪਸ ਪਰਤ ਆਉਣਾ। ਦੂਸਰੇ ਦਿਨ ਸ਼ਰਮਿੰਦਾ ਜਿਹਾ ਹੋਇਆ ਆਪਣੇ ਸਕੂਲ ਦੇ ਮਾਸਟਰ ਸ੍ਰ ਬਲਵਿੰਦਰ ਸਿੰਘ ਸਮਰਾ ਸਾਹਮਣੇ ਹਾਜ਼ਰ ਹੋਣਾ ਪਿਆ ਸੀ। ਸਕੂਲੋਂ ਵਾਪਸ ਆਣ ਕੇ ਚੁਬਾਰੇ ਵਿੱਚ ਬੈਠਾ ਸੀ ਜਦੋਂ ਸੁਭਾਸ਼ ਦੀ ਭੈਣ, ਸੁਰਜੀਤ ਆ ਕੇ ਮੈਨੂੰ ਘਰੋਂ ਭੱਜ ਜਾਣ ਦਾ ਕਾਰਣ ਪੁੱਛਣ ਲੱਗੀ, ਮੈਂ ਕੀ ਦੱਸਦਾ? ਉਹ ਮੈਨੂੰ ਗਲ਼ ਨਾਲ਼ ਲਾ ਕੇ ਰੋਣ ਲੱਗ ਪਈ ਅਤੇ ਮੈਂ ਵੀ ਰੋਣ ਲੱਗ ਪਿਆ ਸਾਂ। ਫੇਰ ਇੱਕ ਵਾਰੀ ਗੱਡੀ ਥੱਲੇ ਆ ਕੇ ਆਤਮ ਹੱਤਿਆ ਕਰਨੀ ਚਾਹੀ; ਮੌਲ਼ੀ ਦੇ ਫਾਟਕ ਕੋਲ਼ ਖੜਾ ਰਿਹਾ, ਜਦੋਂ ਗੱਡੀ ਆਈ ਉਦੋਂ ਤੱਕ ਗੁੱਸਾ ਠੰਡਾ ਹੋ ਚੁੱਕਾ ਸੀ। ਫਿਰ ਸਾਈਕਲ ਉੱਤੇ ਆਪਣੇ ਪਿੰਡ ਵੱਲ ਚਾਲੇ ਪਾ ਲਏ ਕਿਉਂ ਕਿ ਖੁਦਕੁਸ਼ੀ ਲਈ, ਨਿਰੀ ਬੁਜ਼ਦਿਲੀ ਨਹੀਂ ਸਗੋਂ ਬਹਾਦਰੀ ਦੀ ਵੀ ਲੋੜ ਹੁੰਦੀ ਹੈ!

ਦਰਵੇਸ਼: ਤੁਹਾਡੇ ਮਨਪਸੰਦ ਖਾਣੇਂ ਕਿਹੜੇ ਹਨ ਅਤੇ ਉਹੀ ਕਿਉਂ ਹਨ ?
ਗਿੱਲ: ਮੈਂ ਵਧੇਰੇ ਕਰਕੇ ਵੈਸ਼ਨੋ ਖਾਣਾ, ਆਪਣੇ ਹੀ ਸੁਆਦ ਅਨੁਸਾਰ, ਖੁਦ ਬਣਾ ਕੇ ਖਾਣਾ ਪਸੰਦ ਕਰਦਾ ਹਾਂ। ਸਾਦਾ, ਪੌਸ਼ਟਿਕ ਅਤੇ ਸੁਆਦੀ। ਅੱਜ ਕਲ੍ਹ ਤਲ਼ੇ ਹੋਏ ਖਾਣੇ ਮੈਂ ਬਿਲਕੁਲ ਪਸੰਦ ਨਹੀਂ ਕਰਦਾ।

ਦਰਵੇਸ਼: ਤੁਹਾਡੀ ਅਦਾ ਕਿਸ ਤਰਾਂ ਅਤੇ ਕਿਹੋ ਜਿਹੇ ਰੂਪ ਵਿੱਚ ਝਲਕਦੀ ਹੈ ?
ਗਿੱਲ: ਤੁਸੀਂ ਤਾਂ ਮੇਰੇ ਨਾਲ਼ ਮੁੰਬਈ ਵਿੱਚ ਰਹਿ ਕੇ ਚੰਗੀ ਤਰ੍ਹਾਂ ਦੇਖ ਚੁੱਕੇ ਹੋ! ਸ਼ਇਦ ਸਾਦ-ਮੁਰਾਦੇ, ਨਿਮਰ, ਪਾਰਦਰਸ਼ੀ ਵਿਅੱਕਤੀ ਦੇ ਰੂਪ ਵਿੱਚ। ਨਿਮਰ ਅਤੇ ਨਿਰਵੈਰ ਹਾਂ ਪਰ ਬੁਜ਼ਦਿਲ ਬਿਲਕੁਲ ਨਹੀਂ। ਬਾਕੀ ਤੁਸੀਂ ਜਾਣਦੇ ਹੋ।

ਦਰਵੇਸ਼: ਆਪਣਾਂ ਮਨਪਸੰਦ ਸੰਗੀਤ ਸੁਣਨ ਵੇਲੇ ਤੁਹਾਡੇ ਆਲੇ ਦੁਆਲੇ ਦਾ ਮਹੌਲ ਕਿਹੋ ਜਿਹਾ ਹੁੰਦਾ ਹੈ ?
ਗਿੱਲ: ਖ਼ਾਮੋਸ਼-ਇਕਾਂਤ ਦੀ ਹੋਂਦ ਵਰਗਾ! ਆਪਣੀ ਚੋਣ ਅਤੇ ਸੁਆਦ ਨੂੰ ਮਾਨਣ ਵਾਲੇ ਸਾਥੀ ਦੀ ਹੋਂਦ ਦੇ ਭੁਲੇਖੇ ਵਰਗਾ! (ਚਲਦਾ)

Tuesday, September 7, 2010

ਪੈੜਾਂ 'ਤੇ ਪਰਛਾਵੇਂ / ਦਰਸ਼ਨ ਦਰਵੇਸ਼

ਜੋ ਚਾਹਿਆ ਸੀ, ਉਹ ਹੋ ਨਹੀਂ ਸਕਿਆ-ਗੁਰਨਾਮ ਗਿੱਲ
ਦਰਵੇਸ਼: ਤੁਹਾਡੀ ਸਭ ਤੋਂ ਪਿਆਰੀ ਖੁਸ਼ੀ ਕਿਹੜੀ ਹੈ ?
ਗੁਰਨਾਮ ਗਿੱਲ: ਮੇਰੇ ਆਪਣਿਆਂ ਅਤੇ ਸਰਬਤ ਦੇ ਭਲੇ ਵਿੱਚ!

ਦਰਵੇਸ਼: ਤੁਸੀਂ ਜ਼ਿੰਦਗੀ ਵਿੱਚ ਕਿਸ ਵਿਅਕਤੀ ਜਾਂ ਘਟਨਾ ਤੋਂ ਪ੍ਰਭਾਵਿਤ ਹੋਏ ਹੋ ?
ਗਿੱਲ: ਆਪਣੇ ਜਿਗਰੀ ਦੋਸਤ ਸੋਹਣ ਸਿੰਘ ਧਾਰੀਵਾਲ ਤੋਂ ਜਿਸ ਨੇ ਜੀਵਨ ਦੀਆਂ ਔਕੜਾਂ ਸਾਹਵੇਂ ਕਦੀ ਹਾਰ ਨਹੀਂ ਸੀ ਮੰਨੀ। ਅੱਜ ਉਹ ਇਸ ਦੁਨੀਆਂ ਵਿੱਚ ਨਹੀਂ ਹੈ ਪਰ ਉਸ ਦੀ ਪ੍ਰੇਰਨਾ ਮੇਰੇ ਅੰਗ-ਸੰਗ ਹੈ।

ਦਰਵੇਸ਼: ਤੁਹਾਨੂੰ ਕਿਸ ਗੱਲ ਤੋਂ ਸਭ ਤੋਂ ਜ਼ਿਆਦਾ ਡਰ ਲੱਗਦਾ ਹੈ ?
ਗਿੱਲ: ਕਾਸ਼ ਕਿਤੇ ਮੇਰੇ ਸ਼ਬਦ ਜਾਂ ਹਰਕਤ, ਕਿਸੇ ਦੇ ਦਿਲ ਨੂੰ ਠੇਸ ਪਹੁੰਚਾਣ ਦਾ ਕਾਰਣ ਨਾ ਬਣ ਜਾਣ! ਕਿਸੇ ਦਾ ਦਿਲ ਦੁਖਾਉਣ ਤੋਂ ਮੈਂ ਬਹੁਤ ਡਰਦਾ ਹਾਂ।

ਦਰਵੇਸ਼: ਤੁਹਾਡਾ ਸਭ ਤੋਂ ਪਿਆਰਾ ਅਤੇ ਬੁਰਾ ਸੁਪਨਾਂ ਕਿਹੜਾ ਹੈ ?
ਗਿੱਲ: ਸਭ ਤੋਂ ਪਿਆਰਾ ਸੁਪਨਾ ਪਾਰਦਰਸ਼ੀ ਲੋਕਾਂ ਦੀ ਸੰਗਤ ਮਾਨਣ ਦਾ ਅਤੇ ਬੁਰਾ, ਜਜ਼ਬਾਤੀ ਅਤੇ ਮਾਨਸਿਕ ਤੌਰ ਤੇ ਤਨਹਾ ਰਹਿ ਜਾਣ ਦਾ!

ਦਰਵੇਸ਼: ਭਾਰਤੀ ਇਤਿਹਾਸ ਵਿੱਚ ਤੁਹਾਡਾ ਸਭ ਤੋਂ ਪਿਆਰਾ ਵਿਅਕਤੀ ਕੌਣ ਹੈ ?
ਗਿੱਲ: ਇਤਿਹਾਸ ਦੇ ਖੋਜਕਾਰ ਜਦੋਂ ਤੱਥਾਂ ਨੂੰ ਰੀਸ਼ੇਪ ਕਰਨ ਦੀ ਸਾਜਿਸ਼ ਕਰਦੇ ਹਨ ਤਾਂ ਦਿਲ ਕਰਦਾ ਹੈ ਕਿ ਕੀ ਲੈਣਾ ਹੈ ਬੀਤੇ ਦੀਆਂ ਕਬਰਾਂ ਫਰੋਲ਼ ਕੇ! ਵਾਸਤਵਿਕ ਤੱਥ, ਵਰਤਮਾਨ ਅਤੇ ਭਵਿਖ ਨੂੰ ਸੁੰਦਰ ਬਨਾਉਣ ਅਤੇ ਗ਼ਲਤੀਆਂ ਸਧਾਰਨ ਲਈ ਸਹਾਈ ਹੋ ਸਕਦੇ ਹਨ। ਜੇ ਆਪਾਂ ਮੌਜੂਦਾ ਸਮੇਂ ਦੀ ਗੱਲ ਕਰੀਏ, ਜੋ ਕਲ੍ਹ ਦਾ ਇਤਿਹਾਸ ਹੋਣਾ ਹੈ, ਫਿਰ ਮੇਰੀ ਜ਼ੁਬਾਨ 'ਤੇ ਖੁਸ਼ਵੰਤ ਸਿੰਘ ਦਾ ਨਾਮ ਆ ਜਾਣਾ ਸੁਭਾਵਕ ਹੈ। ਹੋਰ ਭਾਰਤੀ ਇਤਿਹਾਸ ਵਿੱਚ ਮੇਰਾ ਸਭ ਤੋਂ ਪਿਆਰਾ ਵਿਅੱਕਤੀ ਡਾ: ਅੰਬੇਦਕਰ ਹੈ ਜਿਸ ਨੇ ਸਮਾਜਿਕ ਬਰਾਬਰਤਾ ਦੀ ਗੱਲ ਤੋਰੀ, ਜਿਸ ਕਾਰਣ ਸ਼ਾਇਦ ਇੱਕ ਦਿਨ, ਮਰਦਮ ਸ਼ੁਮਾਰੀ ਜ਼ਾਤ-ਅਧਾਰਤ ਨਾ ਹੋਵੇ!

ਦਰਵੇਸ਼: ਕਦੇ ਆਪਣੇਂ ਆਪ ਨਾਲ ਵੀ ਲੜਾਈ ਕੀਤੀ ਹੈ ਜਾਂ ਨਹੀਂ ?
ਗਿੱਲ: ਸਾਰੀ ਜ਼ਿੰਦਗੀ ਹੀ, ਪਰ ਜਿੱਤਿਆ ਘੱਟ ਤੇ ਹਾਰਿਆ ਬਹੁਤਾ। ਆਰਥਿਕ, ਮਾਨਸਿਕ, ਭਾਵਨਾਤਮਿਕ ਅਤੇ ਸਮਾਜਿਕ ਯੁੱਧ ਉਮਰ ਭਰ ਕਰਨਾ ਪਿਆ ਹੈ ਅਤੇ ਨਿਰੰਤਰ ਜਾਰੀ ਹੈ।

ਦਰਵੇਸ਼: ਜੇਕਰ ਤੁਸੀਂ ਜਿੰਦਗੀ ਵਿੱਚ ਕਦੇ ਰੋਏ ਹੋ ਤਾਂ ਕਦੋਂ ਅਤੇ ਕਿਉਂ ?
ਗਿੱਲ: ਫਰਵਰੀ 2008 ਵਿੱਚ ਭਾਰਤ ਫੇਰੀ ਸਮੇਂ; ਸਾਡੇ ਬਹੁਤ ਹੀ ਅੱਛੇ ਪੁਤੱਰ (ਜਵਾਈ) ਦੀ ਅਚਾਨਕ ਮੌਤ ਹੋ ਜਾਣ ਕਾਰਣ! ਕਿਊਂ?-ਜਿਹਨਾਂ ਨੂੰ ਅਸੀਂ ਆਪਣੇ ਦੁੱਖ-ਸੁਖ ਦੇ ਸਾਂਝੀਦਾਰ ਹੋਣ ਦਾ ਭਰਮ ਪਾਲਦੇ ਸਾਂ, ਉਹਨਾਂ ਲਈ ਇਹ ਦਰਦ ਸਿਰਫ ਸਾਡਾ ਆਪਣਾ ਸੀ; ਉਹ ਕੋਲ਼ ਬੈਠਣ ਵਾਸਤੇ ਵੀ ਨਹੀਂ ਢੁੱਕੇ, ਸਿਵਾਏ ਮੇਰੀ ਪਤਨੀ ਦੇ ਭਰਾ ਸੇਵਾ ਸਿੰਘ ਅਤੇ ਉਸਦੀ ਬੜੀ ਭੈਣ ਗੁਰਦੇਵ ਕੌਰ ਤੋਂ ਬਿਨਾਂ। ਉਹਨਾਂ ਦੀ ਇਸ ਪੱਥਰ-ਦਿਲੀ ਦਾ ਸਿੱਟਾ-ਮੇਰੀ ਪਤਨੀ ਪਾਗ਼ਲ ਹੋ ਗਈ ਸੀ! ਪਰ ਉਹਨਾਂ ਕਦੇ ਫੋਨ ਕਰਕੇ ਵੀ ਖ਼ਬਰ-ਸਾਰ ਨਹੀਂ ਲਈ, ਜਿਹਨਾਂ ਦੇ ਬੱਚਿਆਂ ਨੂੰ ਅਸੀਂ ਆਪਣੇ ਬੱਚਿਆਂ ਨਾਲੋਂ ਵੀ ਵੱਧ ਸਮਝਦੇ ਰਹੇ ਹਾਂ!

ਦਰਵੇਸ਼: ਆਪਣੇਂ ਫੁਰਸਤ ਦੇ ਪਲਾਂ ਵਿੱਚ ਤੁਸੀਂ ਆਪਣੇਂ ਆਪ ਲਈ ਕਿੰਨਾ ਕੁ ਜਿਉਂਦੇ ਹੋ ?
ਗਿੱਲ: ਜਦੋਂ ਕੋਈ ਮਨ ਪਸੰਦ ਟੀ ਵੀ ਪ੍ਰੋਗਰਾਮ ਦੇਖ ਰਿਹਾ ਹੋਵਾਂ ਜਾਂ ਕੋਈ ਫਿਲਮ; ਕਿਸੇ ਚੰਗੇ ਦੋਸਤ, ਰਿਸ਼ਤੇਦਾਰ ਜਾਂ ਕਲਾਕਾਰ ਦੇ ਸਾਥ ਵਿੱਚ, ਜਾਂ ਫਿਰ ਸ਼ਾਮ ਢਲ਼ੇ ਛੇ ਤੋਂ ਨੌਂ ਵਜੇ ਦੇ ਵਿਚਕਾਰ!

ਦਰਵੇਸ਼: ਤੁਹਾਡੇ ਜਿਹੜੇ ਵੀ ਸ਼ੌਕ ਹਨ ਉਹਨਾਂ ਵਾਸਤੇ ਆਪਣੀਂ ਮਿਹਨਤ ਦੀ ਕਮੱਈ ਵਿੱਚੋਂ ਕਿੰਨਾ ਕੁ ਖਰਚ ਕਰਦੇ ਹੋ ?
ਗਿੱਲ: ਪਹਿਲਾਂ ਪਰਵਾਰਿਕ ਫ਼ਰਜ਼ ਤੇ ਜ਼ਿਮੇਦਾਰੀ, ਬਾਅਦ ਵਿੱਚ ਸ਼ੌਕ! ਫਿਰ ਵੀ ਦਸ ਕੁ ਫੀ ਸਦੀ ਆਪਣੇ ਸ਼ੌਕਾਂ ਦੀ ਪੂਰਤੀ ਲਈ ਖਰਚ ਕਰਦਾ ਰਿਹਾ ਹਾਂ। ਦੂਜਿਆਂ ਦੀਆਂ ਨਿੱਕੀਆਂ-ਨਿੱਕੀਆਂ ਲੋੜਾਂ ਲਈ ਖਰਚ ਕਰਨ ਨਾਲ਼ ਜੋ ਆਨੰਦ ਮਿਲਦਾ ਹੈ, ਉਸਦਾ ਆਪਣਾ ਹੀ ਵਿਸਮਾਦ ਹੁੰਦਾ ਹੈ!

ਦਰਵੇਸ਼: ਤੁਹਾਨੂੰ ਕਿਹੜੀਆਂ ਅਤੇ ਕਿਹੋ ਜਿਹੀਆਂ ਗੱਲਾਂ ਉੱਪਰ ਹਾਸਾ ਆਉਂਦਾ ਹੈ ?
ਗਿੱਲ: ਅਵਿਗਿਆਨਿਕ ਅਤੇ ਤਰਕਹੀਣ ਗੱਲਾਂ ਉਪੱਰ। ਉਂਜ ਹੱਸਣ ਦਾ ਬਹਾਨਾ ਲੱਭਣ ਲਈ, ਖੁਸ਼ਵੰਤ ਸਿੰਘ ਵਰਗੇ ਲਤੀਫੇਬਾਜ਼ ਬੰਦਿਆਂ ਦੀ ਸੰਗਤ ਮੈਨੂੰ ਬਹੁਤ ਅੱਛੀ ਲਗਦੀ ਹੈ।

ਦਰਵੇਸ਼: ਦੂਜਿਆਂ ਦੇ ਵਿਅਕਤੀਤਵ ਵਿੱਚੋਂ ਤੁਹਾਨੂੰ ਕੀ ਪਸੰਦ ਆਉਂਦਾ ਹੈ ?
ਗਿੱਲ: ਪਾਰਦਰਸ਼ਤਾ, ਸਹਾਨੁਭੂਤੀ, ਚਿਹਰੇ ਅਤੇ ਅੱਖਾਂ 'ਚ ਝਲਕਦੀ ਸੱਚੀ-ਸੁੱਚੀ ਮੁਸਕ੍ਰਾਹਟ; ਸ਼ੁਗਲੀ ਫਿਤਰਤ, ਵੈਸ਼ਨੋ ਸੁਆਦ। ਖਾਣ-ਪੀਣ, ਰਹਿਣ-ਸਹਿਣ, ਸੋਚਣ, ਪਹਿਨਣ ਅਤੇ ਗੱਲਬਾਤ ਦਾ ਖ਼ੂਬਸੂਰਤ ਸਲੀਕਾ; ਸੰਗੀਤਕ ਅਤੇ ਸਾਹਿਤਕ ਸ਼ੌਕ!

ਦਰਵੇਸ਼: ਆਪਣੇਂ ਵਿਅਕਤੀਤਵ ਵਿੱਚੋਂ ਤੁਸੀਂ ਕੀ ਕੀ ਹੋਰਨਾਂ ਨੂੰ ਵੰਡ ਦੇਣਾ ਚਾਹੁੰਦੇ ਹੋ ?
ਗਿੱਲ: ਪਿਆਰ, ਦਇਆ, ਪਾਰਦਰਸ਼ਤਾ ਅਤੇ ਸਾਂਝ ਦੀ ਭਾਵਨਾ।

ਦਰਵੇਸ਼: ਕੀ ਕਦੇ ਜ਼ਿੰਦਗੀ ਵਿੱਚ ਸ਼ਰਮਿੰਦਾ ਵੀ ਹੋਣਾ ਪਿਆ ਹੈ ਜਾਂ ਨਹੀਂ ?
ਗਿੱਲ: ਹਾਂ ਇੱਕ ਬਾਰ ਮੈਂ ਕਿਸੇ ਦੇ ਭਲੇ ਖਾਤਰ, ਝੂਠ ਬੋਲਿਆ ਸੀ ਜੋ ਬਾਅਦ ਵਿੱਚ ਨੰਗਾ ਹੋ ਗਿਆ ਸੀ।

ਦਰਵੇਸ਼: ਤੁਹਡੀਆਂ ਪਿਆਰੀਆਂ ਥਾਵਾਂ ਅਤੇ ਮਨਪਸੰਦ ਖਾਣੇਂ ਕਿਹੜੇ ਨੇ ?
ਗਿੱਲ: ਥਾਵਾਂ ਕੁਦਰਤੀ ਵਾਤਾਵਰਣ ਅਤੇ ਅਪਣੱਤ ਵਾਲ਼ੀਆਂ; ਖਾਣਾ ਜੋ ਸਾਦਾ, ਸ਼ਾਕਹਾਰੀ ਅਤੇ ਪੌਸ਼ਟਿਕ ਹੋਵੇ, ਇਸਦੇ ਨਾਲ਼-ਨਾਲ਼ ਸੁਆਦੀ ਵੀ।

ਦਰਵੇਸ਼: ਤੁਸੀਂ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਕਿਸਨੂੰ ਮੰਨਦੇ ਹੋ ?
ਗਿੱਲ: ਜੋ ਦੇਸ਼ ਦਾ ਜੰਮਪਲ ਜਾਂ ਨਾਗਰਿਕ ਹੋ ਕੇ, ਦੇਸ਼ ਜਾਂ ਵਿਦੇਸ਼ ਵਿੱਚ ਰਹਿੰਦਾ ਹੋਵੇ ਪਰ ਉਸਦੀਆਂ ਹਰਕਤਾਂ/ਨੀਤੀਆਂ ਦੇਸ਼ ਵਿਰੋਧੀ ਹੋਣ!

ਦਰਵੇਸ਼: ਜੋ ਤੁਸੀਂ ਅੱਜ ਕਰ ਰਹੇ ਹੋ ਇਸਨੂੰ ਆਪਣੇਂ ਆਪ ਚੁਣਿਆ ਸੀ ਜਾਂ ਕਿਸੇ ਮਜਬੂਰੀ ਵੱਸ ?
ਗਿੱਲ: ਜੋ ਚਾਹਿਆ ਸੀ, ਉਹ ਹੋ ਨਹੀਂ ਸਕਿਆ। ਜ਼ਿੰਦਗੀ ਦੇ ਸਫ਼ਰ ਵਿੱਚ ਅਚਾਨਕ, ਕਈ ਅਣਕਿਆਸੇ ਮੋੜ ਆ ਜਾਂਦੇ ਹਨ ਜਿੱਥੇ ਆਦਮੀ ਨੂੰ ਮਜਬੂਰ ਹੋ ਕੇ, ਰਸਤੇ ਬਦਲਣੇ ਪੈਂਦੇ ਹਨ। ਸਮਝੌਤੇ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਨਿੱਜੀ ਖੁਸ਼ੀ ਦਾ ਕੁੱਝ ਹਿੱਸਾ ਕੁਰਬਾਨ ਕਰਨਾ ਪੈਂਦਾ ਹੈ। ਪਰ ਫੇਰ ਵੀ ਅਫਸੋਸ ਨਹੀਂ ਹੋਣਾ ਚਾਹੀਦਾ, ਸਗੋਂ ਹਾਲਾਤ ਦੀ ਮਜਬੂਰੀ ਨੂੰ ਸਵੀਕਾਰਦਿਆਂ, ਜਿੰਦਗੀ ਨੂੰ ਜੀਉਣ ਦੀ ਕਲਾ ਸਿੱਖਣ ਵਿੱਚ ਹੀ ਭਲਾ ਹੈ।
ਦਰਵੇਸ਼: ਆਪਣੀਂ ਪਹਿਲੀ ਮੁਹੱਬਤ ਦੀ ਸੁੱਚਤਾ ਨੂੰ, ਆਪਣੇਂ ਸ਼ਬਦਾਂ ਵਿੱਚ ਕਿਵੇਂ ਬਿਆਨ ਕਰੋਗੇ ?
ਗਿੱਲ: ਮਾਸੂਮੀਅਤ ਅਤੇ ਸਾਦਗੀ ਦੇ ਪਲਾਂ ਵਿੱਚ ਕੁਦਰਤੀ ਪ੍ਰਵਿਰਤੀਆਂ ਦੇ ਪ੍ਰਭਾਵ-ਹਿਤ ਵਹਿ ਜਾਣਾ । ਕਲਪਨਾ ਵਿੱਚ ਹਰ ਸਮੇਂ ਇੱਕੋ ਹੀ ਚਿਹਰਾ ਲਹਿ ਜਾਣਾ ਅਤੇ ਉਮਰ ਭਰ ਲਈ ਉਹੀ ਅਕਸ ਯਾਦਾਂ ਵਿੱਚ ਰਹਿ ਜਾਣਾ! ਹੌਲ਼ੀ-ਹੌਲ਼ੀ ਇਸ ਅਹਿਸਾਸ ਦਾ ਜਿਸਮ-ਮੁਕਤ ਹੋ ਜਾਣਾ ਅਤੇ ਆਖਰ ਇੱਕ ਦਿਨ, ਰੂਹਾਨੀ ਮੁਹੱਬਤ ਦੇ ਦਰ ਤੱਕ ਪਹੁੰਚ ਜਾਣਾ!

ਦਰਵੇਸ਼: ਤੁਸੀਂ ਕਿਸ ਰੂਪ ਵਿੱਚ ਯਾਦ ਕੀਤੇ ਜਾਣਾ ਪਸੰਦ ਕਰੋਗੇ ?
ਗਿੱਲ: ਰੰਗ, ਨਸਲ, ਜ਼ਾਤ-ਪਾਤ ਅਤੇ ਲਿੰਗ ਵਖਰੇਵੇਂ ਤੋਂ ਉਪੱਰ ਉੱਠੱਕੇ, ਇੱਕ ਸਧਾਰਣ ਮਨੁੱਖ, ਲੋਕਾਂ ਪ੍ਰਤੀ ਹਮਦਰਦੀ ਅਤੇ ਸੱਚੀ-ਸੁੱਚੀ ਮੁਹੱਬਤ ਦੇ ਕਾਇਲ, ਸ਼ਾਇਰ ਦੇ ਰੂਪ ਵਿੱਚ। ਉਸ ਮਨੁੱਖ ਦੇ ਰੂਪ ਵਿੱਚ ਵੀ, ਜਿਹੜਾ transformation and equality ਵਿੱਚ ਵਿਸ਼ਵਾਸ ਰੱਖਦਾ ਹੋਵੇ।

ਦਰਵੇਸ਼: ਜੇਕਰ ਪੁਨਰ ਜਨਮ ਵਿੱਚ ਵਿਸ਼ਵਾਸ ਹੈ ਤਾਂ ਕਿਸ ਰੂਪ ਵਿੱਚ ਪੈਦਾ ਹੋਣਾਂ ਚਾਹੋਗੇ ?
ਗਿੱਲ: ਮੈਂ ਪਹਿਲੀ ਵਾਰ ਜਨਮ ਲਿਆ, ਮੇਰੇ ਮਾਂ-ਬਾਪ ਨੇ ਮੈਨੂੰ ਪੈਦਾ ਕੀਤਾ। ਹੁਣ ਮਰਨ ਲਈ ਬੋਰੀਆ-ਬਿਸਤਰਾ ਬੰਨ੍ਹੀ ਬੈਠਾ ਹਾਂ; ਏਨੀ ਗੱਲ ਪੂਰਨ ਵਿਸ਼ਵਾਸ ਨਾਲ਼ ਕਹਿ ਸਕਦਾ ਹਾਂ ਕਿ ਮੌਤ ਬਾਦ, ਜਿਸ ਮਿੱਟੀ 'ਚੋਂ ਪੈਦਾ ਹੋਇਆ ਸਾਂ, ਉਸੇ ਵਿੱਚ ਫਿਰ ਮਿਲ ਜਾਵਾਂਗਾ। ਮਰਨ ਬਾਦ ਮੇਰਾ ਕੋਈ ਦੂਜਾ ਜਨਮ ਨਹੀਂ ਹੋਵੇਗਾ ਅਤੇ ਨਾ ਹੀ ਕੋਈ ਪਹਿਲਾਂ ਸੀ।

ਦਰਵੇਸ਼: ਕੀ ਤੁਸੀਂ ਆਪਣੀਆਂ ਅੱਜ ਤੱਕ ਦੀਆਂ ਪ੍ਰਾਪਤੀਆਂ ਤੋਂ ਸੰਤੁਸ਼ਟ ਹੋ ?
ਗਿੱਲ: ਮੇਰੀਆਂ ਕੁੱਝ ਪ੍ਰਾਪਤੀਆਂ ਹੋ ਸਕਦੀਆਂ ਹਨ; ਜਿਵੇਂ ਮੈਂ 'ਅਕਸ ਅਤੇ ਆਈਨਾਂ' ਰਾਹੀਂ ਆਪਣੇ ਆਪ ਨੂੰ ਸ਼ਾਇਰਾਂ ਵਿੱਚ ਸ਼ੁਮਾਰ ਹੋਇਆ ਮਹਿਸੂਸ ਕਰਦਾ ਹਾਂ। 'ਕੁਦਰਤ ਸਰਬ ਆਕਾਰ' ਵਿੱਚ ਮੈਂ ਪਰਮਾਤਮਾ ਨੂੰ ਬ੍ਰਹਿਮੰਡ ਦੇ ਕੁਦਰਤੀ ਪਸਾਰੇ 'ਚੋਂ ਖੋਜਣ ਦਾ ਜਤਨ ਕਰਦਾ ਹਾਂ। ਮੇਰੀਆਂ ਕੁੱਝ ਕਹਾਣੀਆਂ ਵੀ ਗੌਲਣਯੋਗ ਹਨ। "ਮੈਂ ਇੱਕਲਾ ਨਹੀਂ" ਕਹਾਣੀ-ਸੰਗ੍ਰਹਿ, ਸਫਲ ਸੰਗ੍ਰਹਾਂ 'ਚੋਂ ਇੱਕ ਕਿਹਾ ਜਾ ਸਕਦਾ ਹੈ ਪਰ ਇਹ ਸਮਾਂ ਹੀ ਦੱਸੇਗਾ! ਨਾਵਲਾਂ ਨਾਲ਼ ਮੈਨੂੰ ਪੂਰੀ ਤਸੱਲੀ ਨਹੀਂ ਹੈ ਹਾਲਾਂ ਕਿ ਕਈਆਂ ਨੇ 'ਤੇ ਹਵਾ ਰੁਕ ਗਈ' ਨਾਵਲ ਦੀ ਸ਼ਲਾਘਾ ਕੀਤੀ ਸੀ। ਫੇਰ ਵੀ ਮੈਂ ਜੋ ਵੀ ਹਾਂ, ਜਿੱਦਾਂ ਵੀ ਹਾਂ, ਖੁਸ਼ ਹਾਂ।

ਦਰਵੇਸ਼: ਤੁਹਾਡੀ ਪਿਆਰੀ ਫਿਲਮ ਅਤੇ ਮਨਪਸੰਦ ਟੀ ਵੀ ਪ੍ਰੋਗਰਾਮ ਕਿਹੜਾ ਹੈ ?
ਗਿੱਲ: ਸਭ ਤੋਂ ਪਿਆਰੀ ਫ਼ਿਲਮ (ਬਲੈਕ ਐਂਡ ਵਾਈਟ) 'ਗੁੰਮਰਾਹ' ਜਿਸ ਵਿੱਚ ਸੁਨੀਲ ਦੱਤ ਹੀਰੋ ਸੀ ਅਤੇ ਬਾਅਦ ਵਿੱਚ ਦੋ ਹੋਰ ਫਿਲਮਾਂ, 'ਫ਼ੂਲ ਔਰ ਪੱਥਰ, 'ਤੇ 'ਕਭੀ-ਕਭੀ'। ਰਹੀ ਗੱਲ ਟੀ ਵੀ ਪ੍ਰੋਗਰਾਮਾਂ ਦੀ, ਕਾਮੇਡੀ ਅਤੇ ਮੁਲਾਕਾਤਾਂ ਜਾਂ ਫਿਰ ਜੋ ਜ਼ਿੰਦਗੀ ਦੀਆਂ ਬਦਲ ਰਹੀਆਂ ਕਦਰਾਂ-ਕੀਮਤਾਂ ਦੀ ਹਕੀਕਤ ਦਾ ਕਲਾਤਮਿਕ ਢੰਗ ਨਾਲ਼ ਚਿੱਤਰਣ ਕਰਦੇ ਹੋਣ!

ਦਰਵੇਸ਼: ਤੁਹਾਨੂੰ ਦੂਜਿਆਂ ਦੀਆਂ ਕਿਹੜੀਆਂ ਗੱਲਾਂ ਤੋਂ ਜਲਨ ਮਹਿਸੂਸ ਹੁੰਦੀ ਹੈ ?
ਗਿੱਲ: ਮੈਨੂੰ ਦੋਗਲੀਆਂ ਗੱਲਾਂ ਚੰਗੀਆਂ ਨਹੀਂ ਲਗਦੀਆਂ ਜਾਂ ਫਿਰ ਚੁਗਲਖੋਰ ਅਤੇ ਈਰਖਾਲੂ ਫਿਤਰਤ।

ਦਰਵੇਸ਼: ਤੁਸੀਂ ਕਿਹੜੀਆਂ ਗੱਲਾਂ ਅਤੇ ਕਿਹੜੇ ਮੌਕਿਆਂ ਉਪਰ ਝੂਠ ਬੋਲਣਾਂ ਪਸੰਦ ਕਰਦੇ ਹੋ ?
ਗਿੱਲ: ਝੂਠ ਬੋਲਣਾ ਪਸੰਦ ਨਹੀਂ ਕਰਦਾ ਪਰ ਕਦੇ-ਕਦਾਈਂ, ਝੂਠ ਬੋਲਣ ਲਈ ਮਜਬੂਰ ਹੋਣਾ ਪੈ ਜਾਂਦਾ ਹੈ। ਝੂਠ ਬੋਲਿਆਂ ਜੇ ਦੋ ਧਿਰਾਂ ਵਿਚਕਾਰ ਝਗੜਾ ਹੋਣੋ ਟਲ਼ ਜਾਵੇ, ਰਿਸ਼ਤਾ ਟੁੱਟਣੋਂ ਬਚ ਸਕਦਾ ਹੋਵੇ।

ਦਰਵੇਸ਼: ਕੋਈ ਅਜਿਹਾ ਕੌੜਾ ਸੱਚ ਜੋ ਤੁਹਾਨੂੰ ਅੱਜ ਤੱਕ ਨਾਂ ਭੁਲਾਇਆ ਭੁੱਲਾ ਹੋਵੇ ?
ਗੁਰਨਾਮ ਗਿੱਲ: ਜ਼ਿੰਦਗੀ ਦੇ ਸਫ਼ਰ ਚਲਦਿਆਂ ਇਹ ਮਹਿਸੂਸ ਕੀਤਾ ਕਿ ਸੁਆਰਥ ਦੇ ਅਧਾਰ ਤੇ ਰਿਸ਼ਤਾ ਹਰਗ਼ਿਜ਼ ਨਹੀਂ ਸਿਰਜਣਾ ਚਾਹੀਦਾ, ਅਜਿਹੇ ਰਿਸ਼ਤੇ ਦੀ ਉਮਰ ਲੰਬੀ ਨਹੀਂ ਹੋ ਸਕਦੀ; ਫਲਸਰੂਪ ਪਛਤਾਵਾ ਪੱਲੇ ਰਹਿ ਜਾਂਦਾ ਹੈ ਜੋ ਜ਼ਿੰਦਗੀ ਲਈ ਇੱਕ ਸਰਾਪ ਬਣ ਸਕਦਾ ਹੈ।

ਦਰਵੇਸ਼: ਤੁਹਾਡੀ ਕੋਈ ਅਜਿਹੀ ਆਦਤ ਜਿਹੜੀ ਤੁਸੀਂ ਵਾਰ-ਵਾਰ ਬਦਲਨਾ ਚਾਹੁੰਦੇ ਹੋਏ ਵੀ ਬਦਲ ਨਹੀਂ ਸਕੇ ?
ਗਿੱਲ: ਸਿਰਫ ਇੱਕੋ-ਇੱਕ, ਸ਼ਰਾਬ ਨਾ ਛੱਡ ਸਕਣ ਦੀ, ਹਾਲਾਂਕਿ ਮੈਂ ਦਿਨ ਵੇਲੇ ਕਦੇ ਨਹੀਂ ਪੀਂਦਾ।

ਦਰਵੇਸ਼: ਤੁਸੀਂ ਕਿਹੋ ਜਿਹੇ ਕੱਪੜਿਆਂ ਵਿੱਚ ਚੁਸਤ ਦਰੁਸਤ ਮਹਿਸੂਸ ਕਰਦੇ ਹੋ ?
ਗਿੱਲ: ਰੁੱਤ ਅਨੁਸਾਰ ਸਾਦੀ ਪੁਸ਼ਾਕ, ਪਜਾਮਾ-ਕੁਰਤਾ, ਪੈਂਟ-ਕਮੀਜ਼ ਤੇ ਸੂਟ।

ਦਰਵੇਸ਼: ਤੁਸੀਂ ਆਪਣੀਆਂ ਗਲਤੀਆਂ ਨੂੰ ਕਿਸ ਤਰਾਂ ਛੁਪਾਉਂਦੇ ਹੋ ?
ਗਿੱਲ: ਜਿਵੇਂ ਮਾਂ-ਬਾਪ ਆਪਣੇ ਬੈੱਡ-ਰੂਮ ਦੇ ਜੀਵਨ ਨੂੰ ਆਪਣੀ ਸੰਤਾਨ ਕੋਲੋਂ!

ਦਰਵੇਸ਼: ਜੇਕਰ ਤੁਹਾਨੂੰ ਅਨਿਆਂ ਦੇ ਖਿਲਾਫ ਆਵਾਜ਼ ਉਠਾਉਣੀਂ ਪੈ ਜਾਵੇ ਤਾਂ ਕਿਸ ਰੂਪ ਵਿੱਚ ਉਠਾਉਗੇ ?
ਗਿੱਲ: ਨਾਅਰੇ-ਬਾਜ਼ੀ ਜਾਂ ਭੀੜ ਇਕੱਠੀ ਕਰ ਕੇ ਬਿਲਕੁਲ ਨਹੀਂ; ਸਗੋਂ ਸਾਂਝ, ਸਹਿਯੋਗ ਅਤੇ ਸਤਿਕਾਰ ਨਾਲ਼, ਸੈਮੀਨਾਰਾਂ ਦੌਰਾਨ ਵਿਚਾਰ-ਵਟਾਂਦਰਾ ਕਰਦਿਆਂ, ਕਰਵਾਉਂਦਿਆਂ।

ਦਰਵੇਸ਼: ਹਰ ਪਲ ਸੁਰਖੀਆਂ ਵਿੱਚ ਬਣੇ ਰਹਿਣ ਵਾਸਤੇ ਤੁਸੀਂ ਕੀ ਕੀ ਤਰੀਕੇ ਅਪਣਾਉਂਂਦੇ ਹੋ ?
ਗਿੱਲ: ਤਰੀਕੇ ਨਾ ਆਉਣ ਜਾਂ ਨਾ ਅਪਨਾਉਣ ਕਰਕੇ ਹੀ ਤਾਂ ਮੈਂ ਸੁਰਖੀਆਂ ਵਿੱਚ ਨਹੀਂ ਰਹਿੰਦਾ। ਕਈ ਪਰਚਿਆਂ ਵਲੋਂ, ਕੁੱਝ ਸੂਤਰਾਂ ਤੋਂ ਪਤਾ ਲੱਗਾ ਕਿ ਨੁਕਤਾ-ਚੀਨੀ ਕੀਤੀ ਗਈ ਹੈ ਕਿ ਇਹ ਬੰਦਾ ਤਾਂ ਕਾਂਗਰਸੀ ਲੀਡਰਾਂ ਨਾਲ਼ ਨੇੜ ਰੱਖਦਾ ਹੈ! ਇਸ ਨੂੰ ਅਸੀਂ ਇਸ ਕਰਕੇ ਨਹੀਂ ਛਾਪਦੇ, ਕੋਈ ਕਹਿੰਦਾ ਹੈ ਅਖੇ ਜੀ ਇਹ ਤਾਂ ਕੌਮਨਿਸਟ ਹੈ। ਉਹ ਇਹ ਨਹੀਂ ਸਮਝਦੇ ਕਿ ਲੋਕਾਂ ਦਾ ਦਰਦ ਮਹਿਸੂਸ ਕਰ ਸਕਣ ਵਾਲ਼ੇ ਇਨਸਾਨ ਵੀ ਆਪਣੀਆਂ ਭਾਵਨਾਵਾਂ ਵਿਅੱਕਤ ਕਰਨ ਦਾ ਹੱਕ ਹੁੰਦਾ ਹੈ।

ਦਰਵੇਸ਼: ਜੇਕਰ ਆਪਣੇਂ ਸੰਘਰਸ਼ ਦੀ ਕਹਾਣੀਂ ਘੱਟ ਤੋਂ ਘੱਟ ਲਫਜ਼ਾਂ ਵਿੱਚ ਕਹਿਣੀਂ ਹੋਵੇ, ਤਾਂ ਕਿਸ ਤਰਾਂ ਕਹੋਗੇ ?
ਗਿੱਲ: ਤਾਅ-ਉਮਰ ਹੀ ਬੇਬਸੀ, ਮਜਬੂਰੀਆਂ; ਪਲ ਚੁਰਾਏ ਚਾਰ ਹੱਸਣ ਵਾਸਤੇ!

ਦਰਵੇਸ਼: ਤੁਹਾਨੂੰ ਜ਼ਿੰਦਗੀ ਵਿੱਚ ਕਿਸਦਾ ਸਾਥ ਸਭ ਤੋਂ ਵਧੀਆ ਲੱਗਦਾ ਹੈ ?
ਗਿੱਲ: ਸੁਹਿਰਦ, ਸੱਚੇ ਅਤੇ ਈਮਾਨਦਾਰ ਦੋਸਤਾਂ/ਰਿਸ਼ਤਿਆਂ ਦਾ, ਇਸੇ ਤਰ੍ਹਾਂ ਦੇ ਕਲਾਕਾਰਾਂ ਅਤੇ ਲੇਖਕਾਂ ਦਾ। ਸੰਗੀਤ, ਸਾਹਿਤ ਅਤੇ ਸਿਰਜਣਾ ਦੇ ਆਸ਼ਕਾਂ-ਉਪਾਸ਼ਕਾਂ ਦਾ।

ਦਰਵੇਸ਼: ਤੁਹਾਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਕਦੋਂ ਅਤੇ ਕਿੱਥੋਂ ਮਿਲਿਆ ਸੀ ?
ਗਿੱਲ: ਪੰਜ-ਸੱਤ ਸਾਲ ਪਹਿਲਾਂ ਜਦੋਂ ਕੁੱਝ ਰਿਸ਼ਤਿਆਂ ਅਤੇ ਦੋਸਤਾਂ ਨੇ ਮੇਰੀ over immotional and compassionate nature ਦਾ ਨਜਾਇਜ਼ ਫਾਇਦਾ ਉਠਾ ਕੇ, ਮੈਨੂੰ ਬਲੈਕ-ਮੇਲ ਕਰਨ ਦੀ ਕੋਸ਼ਿਸ਼ ਕੀਤੀ ਸੀ।
ਦਰਵੇਸ਼: ਅਜਿਹਾ ਕੰਮ ਜਿਹੜਾ ਤੁਸੀਂ ਹਰ ਰੋਜ਼ ਕਰਨ ਲਈ ਉਤਸੁਕ ਰਹਿੰਦੇ ਹੋ ਅਤੇ ਸਭ ਤੋਂ ਪਹਿਲਾਂ ਉਹੀ ਕਰਦੇ ਹੋ ?
ਗਿੱਲ: ਖ਼ਬਰਾਂ ਦੇਖਣਾਂ, ਯੋਗਾ, ਮੈਡੀਟੇਸ਼ਨ ਅਤੇ ਰੇਕੀ ਅਭਿਆਸ; ਆਪਣੇ ਕੀਤੇ ਹੋਏ ਵਾਅਦੇ ਅਤੇ ਛੋਟੇ ਭਾਈਚਾਰਿਕ-ਦਾਇਰੇ ਅੰਦਰ ਵਿਚਰਦੇ, ਮਾਸੂਮ ਅਤੇ ਥੁੜੇ ਹੋਏ ਲੋਕਾਂ ਦੀਆਂ ਨਿੱਕੀਆਂ-ਨਿੱਕੀਆਂ ਦਾ ਖ਼ਿਆਲ!

ਦਰਵੇਸ਼: ਜੇਕਰ ਤੁਹਾਨੂੰ ਦੇਸ਼ ਦੇ ਇਤਿਹਾਸਕ ਦੌਰ ਵਿੱਚ ਜਾਣ ਵਾਸਤੇ ਆਖਿਆ ਜਾਵੇ, ਤਾਂ ਤੁਸੀਂ ਕਿਸ ਦੌਰ ਵਿੱਚ ਜਾਕੇ ਰਹਿਣਾਂ ਅਤੇ ਜਿਊਣਾਂ ਜਾਂ ਫੇਰ ਉਸ ਦੌਰ ਬਾਰੇ, ਵੱਧ ਤੋਂ ਵੱਧ ਜਣਕਾਰੀ ਅਤੇ ਖੋਜ ਕਰਨੀਂ ਪਸੰਦ ਕਰੋਗੇ ?
ਗਿੱਲ: ਅਜੋਕੇ ਯੁਗ ਵਿੱਚ ਰਹਿ ਕੇ, ਬ੍ਰਹਿਮੰਡ ਦੀ ਖੋਜ ਬਾਰੇ।

ਦਰਵੇਸ਼: ਜੇਕਰ ਤੁਹਾਨੂੰ ਆਪਣੀਂ ਇੱਛਾ ਪੂਰੀ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਸਭ ਤੋਂ ਪਹਿਲਾਂ ਆਪਣੀਂ ਕਿਹੜੀ ਇੱਛਾ ਪੂਰੀ ਕਰਨੀਂ ਚੱਹੋਗੇ ?
ਗਿੱਲ: ਗਿਆਨ-ਵਿਗਿਆਨ, ਸਾਹਿਤ ਅਤੇ ਸੰਗੀਤ ਦੀ ਜਾਣਕਾਰੀ ਅਤੇ ਸਿੱਖਿਆ ਬਾਰੇ, ਯੋਗ ਗੁਰੁ ਦੀ ਤਲਾਸ਼ ਕਰਨ ਦੀ ਇੱਛਾ! (ਚਲਦਾ)