Saturday, October 2, 2010

ਪੈੜਾਂ ਤੇ ਪਰਛਾਵੇਂ / ਦਰਸ਼ਨ ਦਰਵੇਸ਼


ਰਵਿੰਦਰ ਰਵੀ

ਰਵਿੰਦਰ ਰਵੀ ਹੁਰਾਂ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ ਜਦੋਂ ਮੈਨੂੰ ਅਜੇ ਅਖਬਾਰਾਂ ਅੰਦਰਲਾ ਸਾਹਿਤ ਪੜ੍ਹਨ ਦੀ ਚੇਟਕ ਜਿਹੀ ਹੀ ਲੱਗੀ ਸੀ ਮੈਂ ਸਭ ਤੋਂ ਪਹਿਲਾਂ ਆਰਸੀ ਵਿੱਚ ਉਹਨਾਂ ਦੀਆਂ ਕਵਿਤਾਵਾਂ ਪੜ੍ਹੀਆਂ ਸਨ ਉਦੋਂ ਤੋਂ ਹੀ ਮੇਰੇ ਮਨ ਵਿੱਚ ਇਹ ਲਲਕ ਸੀ ਕਿ ਕਦੇ ਨਾਂ ਕਦੇ ਇਸ ਬੰਦੇ ਨੂੰ ਮਿਲਣਾਂ ਹੈ, ਮਿਲਿਆ ਭਾਵੇਂ ਅੱਜ ਤੱਕ ਵੀ ਨਹੀਂ ਹਾਂ ਪਰ ਇੱਕ ਸਾਂਝ ਜਿਹੀ ਉੱਸਰ ਗਈ ਹੈ ਮੈਨੂੰ ਉਸਦੀਆਂ ਹੱਸਦੀਆਂ ਖੂਬਸੂਰਤ ਅੱਖਾਂ ਤੋਂ ਪਤਾ ਨੀਂ ਕਿਉਂ ਅਜੇ ਵੀ ਅੱਖ ਦੀ ਸ਼ਰਮ ਜਿਹੀ ਮਾਰਦੀ ਹੈ ਉਸ ਨਾਲ ਸਾਰੀਆਂ ਇਹ ਗੱਲਾਂ ਉਹਨਾਂ ਪਲਾਂ ਨੂੰ ਸਮਰਪਿਤ ਨੇ ਜਿਹੜੇ ਮੈਂ ਉਸਦੇ ਨਾਟਕਾਂ ਨੂੰ ਦੇਣੇਂ ਸਨ ਪਰ ਅੱਜ ਤੱਕ ਵੀ ਨਹੀਂ ਦੇ ਸਕਿਆ

1. ਤੁਹਾਡੀ ਸਭ ਤੋˆ ਪਿਆਰੀ ਖੁਸ਼ੀ ਕਿਹੜੀ ਹੈ ?
ਜਦੋਂ ਆਪਣੀ ਰਚਨਾ ਦੇ ਮਾਧਿਅਮ ਰਾਹੀਂ ਮੈਂ ਆਪਣੇ ਆਪ ਕੋਲ ਪਹੁੰਚ ਜਾਵਾਂ!
2. ਤੁਸੀ ਜ਼ਿੰਦਗੀ ਵਿੱਚ ਕਿਸ ਵਿਅਕਤੀ ਜਾਂ ਘਟਨਾਂ ਤੋਂ ਪ੍ਰਭਾਵਿਤ ਹੋਏ ਹੋ ?
ਆਪਣੇ ਆਪ ਤੋਂ!
3. ਤੁਹਾਨੂੰ ਕਿਸ ਗੱਲ ਤੋਂ ਸਭ ਤੋਂ ਜ਼ਿਆਦਾ ਡਰ ਲੱਗਦਾ ਹੈ ?
ਆਪਣੇ ਆਪ ਨੂੰ ਝੂਠਾ ਹੋਣ ਤੋਂ!
4. ਤੁਹਾਡਾ ਸਭ ਤੋˆ ਪਿਆਰਾ ਅਤੇ ਬੁਰਾ ਸੁਪਨਾ ਕਿਹੜਾ ਹੈ ?
ਜਦੋਂ ਸੱਜਣ, ਸੱਤ-ਰੰਗੀ ਪੀਂਘ ਬਣ ਕਲਪਨਾਂ ਨੂੰ ਮੱਲ ਲੈਣ, ਚੰਗਾ ਲੱਗਦਾ ਹੈ
ਤੇ ਜਦੋਂ ਸ਼ੀਸ਼ੇ ਵਿਚ ਵੇਖਿਆਂ, ਆਪਣਾ ਆਪ ਵੀ ਨਜ਼ਰ ਨਾਂ ਆਵੇ, ਬੁਰਾ ਲੱਗਦਾ ਹੈ!
5. ਭਾਰਤੀ ਇਤਿਹਾਸ ਵਿੱਚ ਤੁਹਾਡਾ ਸਭ ਤੋਂ ਪਿਆਰਾ ਵਿਅਕਤੀ ਕੌਣ ਹੈ ?
ਗੁਰੁ ਨਾਨਕ!
6. ਕਦੇ ਆਪਣੇ ਆਪ ਨਾਲ ਵੀ ਲੜਾਈ ਕੀਤੀ ਹੈ ਜਾਂ ਨਹੀਂ ?
ਆਪਣੇ ਆਪ ਨਾਲ ਹੀ ਤਾਂ ਲੜ ਰਿਹਾ ਹਾਂ, ਲਗਾਤਾਰ, ਆਪਣੀ ਰਚਨਾਂ ਵਿਚ!
7. ਜੇਕਰ ਤੁਸੀਂ ਜ਼ਿੰਦਗੀ ਵਿੱਚ ਕਦੇ ਰੋਏ ਹੋ ਤਾਂ ਕਦੋ ਅਤੇ ਕਿਉ ?
ਇਸ ਤਰ੍ਹਾਂ ਦੇ ਰੋਣ ਦੀ ਇੰਤਜ਼ਾਰ ਜ਼ਰੂਰ ਹੈ! ਉਰਦੂ ਦਾ ਇਕ ਸ਼ਿਅਰ ਯਾਦ ਆ ਰਿਹਾ ਹੈ:
ਹਮ ਰੋਨੇਂ ਪੇ ਆਏਂ ਤੋ ਦਰਿਆ ਹੀ ਬਹਾ ਦੇਂ ਸ਼ਬਨਮ ਕੀ ਤਰਹਿ ਹਮ ਕੋ ਤੋ ਰੋਨਾਂ ਨਹੀਂ ਆਤਾ
8. ਆਪਣੇ ਫੁਰਸਤ ਦੇ ਪਲਾਂ ਵਿੱਚ ਤੁਸੀ ਆਪਣੇ ਆਪ ਲਈ ਕਿੰਨ੍ਹਾ ਕੁ ਜਿਊਂਦੇ ਹੋ ?
ਮੈਂ ਤਾਂ ਜੀਵਿਆ ਹੀ ਆਪਣੇ ਆਪ ਲਈ ਹਾਂ..ਕੀ ਫੁਰਸਤ ਤੇ ਕੀ ਨਾਂ ਫੁਰਸਤ!
9. ਤੁਹਾਡੇ ਜਿਹੜੇ ਵੀ ਸ਼ੌਕ ਹਨ ਉਹਨਾਂ ਵਾਸਤੇ ਆਪਣੀ ਮਿਹਨਤ ਦੀ ਕਮਾਈ ਵਿੱਚੋਂ
ਕਿੰਨ੍ਹਾ ਕੁ ਖਰਚ ਕਰਦੇ ਹੋ ?
ਕੌਈ ਵੀ ਸ਼ੌਕ ਅਧੂਰਾ ਨਹੀਂ ਛੱਡਿਆ….ਫਿਰ ਚਾਹੇ ਫਾਕਾਮਸਤੀ ਹੀ ਕਿਉਂ ਨਾਂ ਪੱਲੇ ਪਵੇ!
10. ਤੁਹਾਨੂੰ ਕਿਹੜੀਆਂ ਅਤੇ ਕਿਹੋ ਜਿਹੀਆਂ ਗੱਲਾਂ ਉੱਪਰ ਹਾਸਾ ਆਉਂਦਾ ਹੈ ?
ਜਦੋਂ ਕੋਈ ਪੰਜਾਬੀ ਆਲੋਚਕ ਮੇਰੀ ਰਚਨਾਂ ਨੂੰ ਬਿਨਾਂ ਪੜ੍ਹੇ ਤੇ ਸਮਝੇ, ਮੇਰਾ ਲਿਖਿਆ ਮੁੱਖਬੰਧ ਪੜ੍ਹਕੇ ਹੀ ਮੇਰੀ ਤਾਰੀਫ ਕਰ ਦੇਵੇ!
11. ਦੂਜਿਆਂ ਦੇ ਵਿਅਕਤੀਤਵ ਵਿੱਚੋਂ ਤੁਹਾਨੂੰ ਕੀ ਪਸੰਦ ਆਉਂਦਾ ਹੈ ?
ਕਰਤਾਰੀ, ਵਿਲੱਖਣ ਤੇ ਚਮਤਕਾਰੀ ਗੱਲਾਂ!
12. ਆਪਣੇ ਵਿਅਕਤੀਤਵ ਵਿੱਚੋਂ ਤੁਸੀਂ ਕੀ ਕੀ ਹੋਰਨਾਂ ਨੂੰ ਵੰਡ ਦੇਣਾਂ ਚਾਹੁੰਦੇ ਹੋ ?
ਇਹਦਾ ਖੰਡ, ਖੰਡ…ਇਹਦਾ ਪਿੰਡ…..ਇਹਦਾ ਬ੍ਰਹਿਮੰਡ!
13. ਕੀ ਕਦੇ ਜ਼ਿੰਦਗੀ ਵਿੱਚ ਸ਼ਰਮਿੰਦਾ ਵੀ ਹੋਣਾਂ ਪਿਆ ਹੈ ਜਾਂ ਨਹੀ ?
ਅਜੇ ਤਕ ਇਹ ਨੌਬਤ ਨਹੀਂ ਆਈ!
14. ਤੁਹਾਡੀਆਂ ਪਿਆਰੀਆਂ ਥਾਵਾਂ ਅਤੇ ਮਨਪਸੰਦ ਖਾਣੇ ਕਿਹੜੇ ਨੇ ?
ਮੈਨੂੰ ਪੈਰਸ, ਲੰਡਨ, ਸਟੌਕਹੋਮ, ਕੋਪਨਹੈਗਨ, ਡਬਲਨ, ਐਮਸਟਰਡੈਮ, ਬਰੱਸਲਜ਼, ਲਕਸਮਬਰਗ, ਡਿਜ਼ਨੀਲੈਂਡ, ਜਨੀਵਾ, ਵਿਕਟੋਰੀਆ, ਸਿੰਘਾਪੁਰ, ਸਟਰੈਟਫੋਰਡ ਅਪੌਨ ਐਵਨ ਆਦਿ ਤੇ ਕਈ ਹੋਰ ਸ਼ਹਿਰ ਬਹੁਤ ਚੰਗੇ ਲੱਗਦੇ ਹਨ! ਖਾਣਿਆਂ ਵਿਚ ਰੋਸਟਡ ਮੀਟ, ਭਿੰਡੀ ਤੇ ਸਾਗ ਦਾ ਸ਼ੌਕੀਨ ਹਾਂ! ਰਸਮਲਾਈ, ਕਸਟਰਡ, ਆਈਸ ਕਰੀਮ ਤੇ ਖੀਰ ਵੀ ਪਸੰਦ ਹਨ!
15. ਤੁਸੀਂ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਕਿਸਨੂੰ ਮੰਨਦੇ ਹੋ ?
ਦੇਸ਼ ਦੇ ਅਸਾਵੇਂ ਤੇ ਬੇਇਨਸਾਫੀ ਵਾਲੇ ਸਿਸਟਮ ਨੂੰ ਕਾਇਮ ਰੱਖਣ ਵਾਲੀਆਂ ਸ਼ਕਤੀਆਂ ਨੂੰ!
16. ਜੋ ਤੁਸੀਂ ਅੱਜ ਕਰ ਰਹੇ ਹੋ ਇਸਨੂੰ ਆਪਣੇ ਆਪ ਚੁਣਿਆ ਸੀ ਜਾਂ ਕਿਸੇ ਮਜ਼ਬੂਰੀ ਵੱਸ ?
ਇਹ ਚੋਣ 24 ਕੈਰਟ ਮੇਰੀ ਹੈ!
17. ਆਪਣੀ ਪਹਿਲੀ ਮੁਹੱਬਤ ਦੀ ਸੁੱਚਤਾ ਨੂੰ ਆਪਣੇ ਸ਼ਬਦ ‘ਚ ਕਿਵੇ ਬਿਆਨ ਕਰੋਗੇ ?
ਸੁੱਚਤਾ ਨੈਤਿਕਤਾ ਨਾਲ ਜੁੜਿਆ ਸ਼ਬਦ ਹੈ! ਮੁਹੱਬਤ ਸੱਚੀ, ਸੁਹਿਰਦ ਤੇ ਆਪਾ-ਵਾਰੂ ਹੁੰਦੀ ਹੈ!
18. ਤੁਸੀਂ ਕਿਸ ਰੂਪ ਵਿੱਚ ਯਾਦ ਕੀਤਾ ਜਾਣਾਂ ਪਸੰਦ ਕਰੋਗੇ ?
ਸਮੁੱਚੀ ਜ਼ਿੰਦਗੀ ਨੂੰ ਵਚਨਬੱਧ ਤੇ ਜਿਊਂਕੇ ਲਿਖਣ ਵਾਲੇ ਲੇਖਕ ਦੇ ਤੌਰ ‘ਤੇ!
19. ਜੇਕਰ ਪੁਨਰ ਜਨਮ ਵਿੱਚ ਵਿਸ਼ਵਾਸ਼ ਹੈ ਤਾਂ ਕਿਸ ਰੂਪ ਵਿੱਚ ਪੈਦਾ ਹੋਣਾ ਚਾਹੋਗੇ ?
ਹਰ ਰਚਨਾਂ ਹੀ ਮੇਰਾ ਪੁਨਰ ਜਨਮ ਹੈ! ਇਹਨਾਂ ਜਨਮਾਂ ਦੀ ਲੜੀ ਨਿਰੰਤਰ ਜਾਰੀ ਹੈ!
20. ਕੀ ਤੁਸੀਂ ਆਪਣੀਆਂ ਅੱਜ ਤੱਕ ਦੀਆਂ ਪ੍ਰਾਪਤੀਆਂ ਤੋਂ ਸੰਤੁਸ਼ਟ ਹੋ ?
ਬਹੁਤ ਹੱਦ ਤਕ….ਉੰਜ ਮੇਰੀ ਨਜ਼ਰ ਹਮੇਸ਼ਾ ਹੀ ਖਿਤਿਜ ਤੋਂ ਅੱਗੇ ਹੋਰ ਖਿਤਿਜ ਵੇਖਣ ਦੀ ਆਦੀ ਹੋ ਚੁੱਕੀ ਹੈ!
21. ਤੁਹਾਡੀ ਪਿਆਰੀ ਫਿਲਮ ਅਤੇ ਮਨਪਸੰਦ ਟੀ.ਵੀ. ਪ੍ਰੋਗਰਾਮ ਕਿਹੜਾ ਹੈ ?
ਗੁਰੁ ਦੱਤ ਦੀ “ਸਾਹਿਬ ਬੀਬੀ ਔਰ ਗ਼ੁਲਾਮ” ਬਹੁਤ ਚੰਗੀ ਲੱਗੀ ਸੀ! “ਹਿਸਟਰੀ ਚੈਨਲ” ਮੇਰਾ ਮਨਪਸੰਦ ਟੀ. ਵੀ. ਚੈਨਲ ਹੈ
22. ਤੁਹਾਨੂੰ ਦੂਜਿਆਂ ਦੀਆਂ ਕਿਹੜੀਆਂ ਗੱਲਾਂ ਤੋਂ ਜਲਨ ਮਹਿਸੂਸ ਹੁੰਦੀ ਹੈ ?
ਇਹ ਨੌਬਤ ਅਜੇ ਤਕ ਨਹੀਂ ਆਈ! ਮੈਂ ਆਪ ਹੀ ਆਪਣੀ ਸਮਰੱਥਾ ਤੇ ਆਪ ਹੀ ਆਪਣੀ ਸੀਮਾਂ ਹਾਂ!
23. ਤੁਸੀਂ ਕਿਹੜੀਆਂ ਗੱਲਾਂ ਅਤੇ ਕਿਹੜੇ ਮੌਕਿਆਂ ਉੱਪਰ ਝੂਠ ਬੋਲਣਾਂ ਪਸੰਦ ਕਰਦੇ ਹੋ ?
ਕਦੇ ਵੀ ਨਹੀਂ! ਉੰਜ ਜ਼ਿੰਦਗੀ ਇਕ ਬਹੁਤ ਵੱਡਾ ਝੂਠ ਜਾਂ ਭਰਮ ਵਰਗਾ ਸੱਚ ਹੈ! ਭੋਗ ਰਿਹਾ ਹਾਂ!
24. ਕੋਈ ਅਜਿਹਾ ਕੌੜਾ ਸੱਚ ਜੋ ਤੁਹਾਨੂੰ ਅੱਜ ਤੱਕ ਨਾਂ ਭੁਲਾਇਆਂ ਭੁੱਲਾ ਹੋਵੇ ?
1947 ਦਾ ਬਟਵਾਰਾ!
25. ਤੁਹਾਡੀ ਕੋਈ ਅਜਿਹੀ ਆਦਤ ਜਿਹੜੀ ਤੁਸੀਂ ਵਾਰ ਵਾਰ ਬਦਲਨਾਂ ਚਾਹੁੰਦੇ ਹੋਏ ਵੀ ਬਦਲ ਨਹੀਂ ਸਕੇ ?
ਕਦੇ, ਕਦੇ ਗ਼ੈਰ-ਹਾਜ਼ਰ ਮਨ ਨਾਲ, ਮਸ਼ੀਨੀ ਹੁੰਗਾਰਾ ਭਰਨ ਦੀ ਆਦਤ!
26. ਤੁਸੀਂ ਕਿਹੋ ਜਿਹੇ ਕੱਪੜਿਆਂ ਵਿੱਚ ਚੁਸਤ ਦਰੁਸਤ ਮਹਿਸੂਸ ਕਰਦੇ ਹੋ ?
ਟਰੈਕ ਸੂਟ ਜਾਂ ਕੁਰਤੇ ਅਤੇ ਸਲਵਾਰ ਜਾਂ ਪਾਜਾਮੇਂ ਵਿਚ!
27. ਤੁਸੀਂ ਆਪਣੀਆਂ ਗਲਤੀਆਂ ਨੂੰ ਕਿਸ ਤਰਾਂ ਛੁਪਾਉਂਦੇ ਹੋ ?
ਗ਼ਲਤੀਆਂ ਨੂੰ ਸੁਭਾਵਕ ਰੂਪ ਵਿਚ, ਇਨਸਾਨੀ ਫਿਤਰਤ ਦਾ ਅਨਿੱਖੜ ਅੰਗ ਮੰਨਕੇ!
28. ਜੇਕਰ ਤੁਹਾਨੂੰ ਅਨਿਆਂ ਦੇ ਖਿਲਾਫ ਆਵਾਜ਼ ਉਠਾਉਣੀ ਪੈ ਜਾਵੇ ਤਾਂ ਕਿਸ ਰੂਪ ਵਿੱਚ ਉਠਾਉਗੇ ?
ਸ਼ਬਦ ਨੂੰ ਇਕ ਕਾਰਗਰ ਹੱਥਿਆਰ ਬਣਾ ਕੇ!
29. ਹਰ ਪਲ ਸੁਰਖੀਆਂ ਵਿੱਚ ਬਣੇ ਰਹਿਣ ਵਾਸਤੇ ਕੀ ਕੀ ਤਰੀਕੇ ਅਪਣਾਉਂਦੇ ਹੋ ?
ਇੱਕੋ ਤਰੀਕਾ: ਪੂਰੀ ਵਚਨਬੱਧਤਾ ਨਾਲ ਲਗਾਤਾਰ ਵਿਲੱਖਣ ਲਿਖਣ ਤੇ ਲਗਾਤਾਰ ਛਪਣ ਦਾ!
30. ਜੇਕਰ ਆਪਣੇ ਸੰਘਰਸ਼ ਦੀ ਕਹਾਣੀ ਘੱਟ ਤੋਂ ਘੱਟ ਲਫਜ਼ਾ ਵਿੱਚ ਹੋਵੇ ਤਾਂ ਕਿਸ ਤਰਾਂ ਕਹੋਗੇ ?
“ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ”…..ਚਲੇ ਚੱਲੋ… ਡੋਂਟ ਲੁੱਕ ਬੈਕ!
31. ਤੁਹਾਨੂੰ ਜ਼ਿੰਦਗੀ ਵਿੱਚ ਕਿਸਦਾ ਸਾਥ ਸਭ ਤੋਂ ਵਧੀਆ ਲੱਗਦਾ ਹੈ ?
ਆਪਣੇ ਆਪ ਦਾ! “ਆਪਣੇ ਸੰਗ ‘ਚ ਕਦੇ ਆਦਮੀਂ, ਕੱਲਾ ਨਹੀਂ ਹੁੰਦਾ!”
32. ਤੁਹਾਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਕਦੋਂ ਅਤੇ ਕਿੱਥੋਂ ਮਿਲਿਆ ਸੀ ?
ਹਰ ਠੋਹਕਰ ਹੀ ਮੇਰੀ ਪੁਸਤਕ, ਅਧਿਆਪਕ ਤੇ ਰਹਿਬਰ ਰਹੀ ਹੈ ਜ਼ਿੰਦਗੀ ਭਰ!
33. ਅਜਿਹਾ ਕੰਮ ਜਿਹੜਾ ਹਰ ਰੋਜ਼ ਕਰਨ ਲਈ ਉਤਸੁਕ ਰਹਿੰਦੇ ਹੋ ਅਤੇ ਸਭ ਤੋਂ ਪਹਿਲਾਂ ਉਹੀ ਕਰਦੇ ਹੋ ?
ਸਵੇਰ ਵੇਲੇ, ਘੰਟੇ ਕੁ ਦੀ ਸੈਰ ਤੇ ਸੈਰ ਕਰਦਿਆਂ ਕੁਝ ਨਵਾਂ, ਕੁਝ ਵੱਖਰਾ ਲਿਖਣ ਦੀ ਸੋਚ!
34. ਜੇਕਰ ਤੁਹਾਨੂੰ ਦੇਸ਼ ਦੇ ਇਤਿਹਾਸਿਕ ਦੌਰ ਵਿੱਚ ਜਾਣ ਵਾਸਤੇ ਆਖਿਆ ਜਾਵੇ, ਤਾਂ ਕਿਸ ਦੌਰ ਵਿੱਚ ਜਾਕੇ ਰਹਿਣਾਂ ਅਤੇ ਜਿਊਣਾਂ ਜਾਂ ਫੇਰ ਉਸ ਦੌਰ ਬਾਰੇ ਵੱਧ ਤੋਂ ਵੱਧ ਜਣਕਾਰੀ ਅਤੇ ਖੋਜ ਕਰਨੀਂ ਪਸੰਦ ਕਰੋਗੇ ?
ਮੈਂ ਵਰਤਮਾਨ ਨੂੰ ਪੂਰੀ ਤਰ੍ਹਾਂ ਜਿਊਣ ਵਾਲਾ, ਭਵਿੱਖ ਦਾ ਜੀਵ ਹਾਂ! ਭੂਤ ਦਾ ਚਿੰਤਨ, ਮੇਰੇ ਅਵਚੇਤਨ ਦਾ ਅਨਿੱਖੜ ਅੰਗ ਹੈ!
35. ਜੇਕਰ ਤੁਹਾਨੂੰ ਆਪਣੀਂ ਇੱਛਾ ਪੂਰੀ ਕਰਨ ਦਾ ਮੌਕਾ ਦਿੱਤਾ ਜਾਵੇ ਸਭ ਤੋˆ ਪਹਿਲਾਂ ਕਿਹੜੀ ਇੱਛਾ ਪੂਰੀ ਕਰਨੀਂ ਚਾਹੋਗੇ ?
ਆਪਣੇ ਅੰਦਰਲੀ ਆਦਰਸ਼ ਔਰਤ ਜਾਂ ਸੁਪਨ-ਕੁੜੀ ਦੀ ਪ੍ਰਾਪਤੀ ਤੋਂ ਪਹਿਲਾਂ ਕਿਸੇ ਵੀ ਪੱਕੇ ਦੁਨਿਆਵੀ ਰਿਸ਼ਤੇ ਵਿਚ ਬੱਝਣ ਤੌਂ ਇਨਕਾਰ!
36. ਤੁਹਾਡਾ ਪਹਿਲਾ ਸਕੂਲ ਅਤੇ ਪਹਿਲਾ ਮਨਪਸੰਦ ਕਾਲਜ ਜਿੱਥੇ ਲੱਖ ਚਾਹਕੇ ਵੀ ਨਹੀਂ ਜਾ ਸਕੇ ?
ਕੋਈ ਵੀ ਨਹੀਂ! ਆਈ ਗੌਟ ਦ ਬੈਸਟ ਐਵਰੀ ਟਾਈਮ!
37. ਤੁਸੀ ਜਿਸ ਵੀ ਸਕੂਲ, ਕਾਲਜ ਵਿੱਚ ਪੜ੍ਹੇ ਉਸ ਵਿੱਚ ਕਿੰਨ੍ਹਾ ਕੁੱਝ ਅਣਮੰਨੇ ਮਨ ਨਾਲ ਕੀਤਾ ?

ਕਾਲਜ ਵਿਚ ਸਿਵਾਏ ਸਪੋਰਟਸ ਤੋਂ ਸਭ ਕੁਝ ਹੀ ਐਸਾ ਸੀ! ਮੇਰੇ ਕੋਲ ਮੈਡੀਕਲ ਦੇ ਵਿਸ਼ੇ ਸਨ ਪਰ ਮੈਨੂੰ ਆਰਟਸ ਵਿਚ ਦਿਲਚਸਪੀ ਸੀ!
38. ਜਦੋਂ ਪਹਿਲੀ ਵਾਰ ਪਾਕੇੱਟ ਮਨੀ ਮਿਲੀ, ਤੁਹਾਡੇ ਮਨ ਦੀ ਖੁਸ਼ੀ ਕਿਹੋ ਜਿਹੀ ਸੀ ?
ਆਪਣੀ ਜ਼ਿੰਦਗੀ ਨੂੰ ਆਪਣੀ ਮਰਜ਼ੀ ਨਾਲ ਆਪ ਖਰਚਣ ਤੇ ਆਪ ਜਿਊਣ ਜਿੰਨੀਂ!
39. ਜੇਕਰ ਤੁਹਾਨੂੰ ਦੋਬਾਰਾ 16 ਸਾਲ ਦਾ ਹੋਣ ਦਾ ਮੌਕਾ ਦਿੱਤਾ ਜਾਵੇ ਸਭ ਤੋˆ ਪਹਿਲਾਂ ਕੀ ਕਰੋਗੇ ?
ਸੈਲੀਬਰੇਸ਼ਨ ਆਫ ਸਵੀਟ ਸਿਕਸਟੀਨ ਐਟ ਗਲੋਬਲ ਲੈਵਲ!
40. ਤੁਹਾਡਾ ਅੱਜ ਤੱਕ ਦਾ ਸਭ ਤੋˆ ਯਾਦਗਾਰੀ ਅਤੇ ਕੌੜਾ ਪਲ ਕਿਹੜਾ ਹੈ ?
ਯਾਦਗਾਰੀ ਸੀ ਜ਼ਿੰਦਗੀ ਦੀ ਪਹਿਲੀ ਮੁਹੱਬਤ ਜੋ ਕੌੜੀ ਏਸ ਲਈ ਬਣੀ ਕਿ ਉਹ ਅਫਲਾਤੂਨੀ ਨਿਕਲੀ!
41. ਤੁਹਾਡੇ ਮਨਪਸੰਦ ਖਾਣੇਂ ਕਿਹੜੇ ਹਨ ਅਤੇ ਉਹੀ ਕਿਉਂ ਹਨ ?
ਇਸ ਦਾ ਉੱਤਰ ਉੱਪਰ ਦੇ ਚੁੱਕਾ ਹਾਂ! ਮੁਰਗ਼ ਮੁਸੱਲਮ ਤੇ ਬੱਕਰੇ ਦਾ ਰੌਗ਼ਨ ਜੋਸ਼ ਵੀ ਐਡ ਕਰ ਲਓ ਆਈ ਐਮ ਏ ਲਾਈਫਿਸਟ!
42. ਤੁਹਾਡੀ ਅਦਾ ਕਿਸ ਤਰ੍ਹਾਂ ਅਤੇ ਕਿਹੋ ਜਿਹੇ ਰੂਪ ਵਿੱਚ ਝਲਕਦੀ ਹੈ ?
ਐਸ ਉਮਰ ਵਿਚ ਤਾਂ ਉਮਰ ਹੀ ਇਕ ਅਦਾ ਬਣ ਗਈ ਜਾਪਦੀ ਹੈ!
43. ਆਪਣਾਂ ਮਨਪਸੰਦ ਸੰਗੀਤ ਸੁਣਨ ਵੇਲੇ ਤੁਹਾਡੇ ਆਲੇ ਦੁਆਲੇ ਦਾ ਮਹੌਲ ਕਿਹੋ ਜਿਹਾ ਹੁੰਦਾ ਹੈ ?
ਚੁੱਪ! ਸ਼ਾਂਤ! ਪੱਤਾ ਤਕ ਨਹੀਂ ਹਿੱਲਦਾ!
44. ਤੁਹਾਡਾ ਰੋਡ ਸਾਈਡ ਫੇਵਰਟ ਫੂਡ ਕਿਹੜਾ ਹੈ ?
ਹੈਮਬਰਗਰ
45. ਤੁਹਾਡੇ ਆਪਣੇ ਸ਼ਹਿਰ ਦਾ ਫੇਵਰਟ ਰੈਸਟੋਰੈਂਟ ਕਿਹੜਾ ਹੈ ?
ਮਿਸਟਰ ਮਾਈਕ’ਸ ਸਟੇਕ ਹਾਊਸ!
46. ਤੁਹਡਾ ਮਨਪਸੰਦ ਨਾਈਟ ਸਪੌਟ ਕਿਹੜਾ ਹੈ ?
“ ਹੈਂਕੀ ਪੈਂਕੀ ਨਾਈਟ ਕਲੱਬ!”
47. ਤੁਸੀˆ ਅੱਜ ਤੱਕ ਦਾ ਸਭ ਤੋˆ ਮਹਿੰਗਾ ਖਾਣਾਂ ਕਦੋਂ ਅਤੇ ਕਿੱਥੇ ਖਾਧਾ ?
1968 ਵਿਚ, ਪੈਰਸ ਵਿਚ!
48. ਤੁਹਾਨੂੰ ਕਿਸੇ ਮਜ਼ਬੂਰੀ ਵੱਸ ਸਭ ਤੋਂ ਸਸਤਾ ਖਾਣਾਂ ਕਦੋਂ ਅਤੇ ਕਿੱਥੇ ਖਾਣਾਂ ਪਿਆ ?
1965 ਵਿਚ ਜਲੰਧਰ!
49. ਘੱਟ ਬਿਲ ਵਿੱਚ ਕਿਸ ਥਾਂ ਦਾ ਖਾਣਾਂ ਸਭ ਤੋਂ ਵਧੀਆ ਲੱਗਦਾ ਹੈ ?
ਇੰਡੀਅਨ ਬਫੇ, ਕਿਸੇ ਵੀ ਇੰਡੀਅਨ ਰੈਸਤੋਰਾਂ ਵਿਚ!
50. ਕਿਸ ਥਾਂ ਤੋਂ ਆਊਟਫਿਟਸ ਖਰੀਦਣ ਵਾਸਤੇ ਹਰ ਪਲ ਤੁਹਾਡਾ ਮਨ ਕਾਹਲਾ ਪੈˆਦਾ ਰਹਿੰਦਾ ਹੈ ?
“ਹਡਸਨਜ਼ ਬੇ” ਤੇ “ਸੀਅਰਜ਼” ਡਿਪਾਰਟਮੈਂਟ ਸਟੋਰਾਂ ਤੋਂ!
51. ਕਿਥੋˆ ਦੀ ਮਾਰਕੀਟ ਵਿੱਚੋˆ ਤੁਹਾਡੀ ਪਸੰਦ ਦੇ ਕੱਪੜੇ ਮਿਲ ਹੀ ਜਾਂਦੇ ਨੇ ?
ਵੈਨਕੂਵਰ ਦੀ ਮਾਰਕੀਟ ਵਿੱਚੌਂ!

52. ਆਪਣੇਂ ਸ਼ਹਿਰ, ਦੇਸ਼ ਦੇ ਕਿਸ ਡਰੈੱਸ ਡਿਜ਼ਾਈਨਰ ਤੋ ਕੱਪੜੇ ਬਣਵਾਉਣਾਂ ਪਸੰਦ ਕਰਦੇ ਹੋ ?
ਜਲੰਧਰ ਕਦੇ “ਬਲੂ ਸਟਾਰ” ਹੁੰਦਾ ਸੀ ਕਾਲਜ ਦੇ ਜ਼ਮਾਨੇਂ ਵਿਚ! ਹੁਣ ਰੈਡੀਮੇਡ ਨਾਲ ਕੰਮ ਚੱਲ ਜਾਂਦਾ ਹੈ!
53. ਆਊਟਫਿੱਟਸ ਵਿੱਚ ਤੁਹਾਨੂੰ ਕਿਹੋ ਜਿਹੇ ਰੰਗ ਪਸੰਦ ਆਉˆਦੇ ਨੇ ?
ਗੂੜ੍ਹੇ, ਸ਼ੋਖ ਤੇ ਸਫੈਦ!
54. ਆਪਣੀਂ ਖਰੀਦ ਵਿੱਚੋਂ ਕਿਹੜੇ ਕੱਪੜੇ ਜ਼ਿਆਦਾ ਪਹਿਨਦੇ ਹੋ ?
ਈਜ਼ੀ ਟੂ ਵੇਅਰ ਐਂਡ ਰੀਲੈਕਸਿੰਗ!
55. ਜਿਹਨਾਂ ਕੱਪੜਿਆਂ ਤੋˆ ਮਨ ਭਰ ਜਾਂਦਾ ਹੈ ਉਹਨਾਂ ਦਾ ਕੀ ਕਰਦੇ ਹੋ ?
ਸਾਲਵੇਸ਼ਨ ਆਰਮੀਂ ਜਾਂ ਕਿਸੇ ਹੋਰ ਚੈਰੇਟੀ ਨੂੰ ਦਾਨ ਕਰ ਦਿੰਦਾ ਹਾਂ!
56. ਦੇਸ਼ ਦੀ ਕਿਸ ਥਾਂ ਉੱਪਰ ਰਹਿਣਾਂ ਪਸੰਦ ਹੈ ?
ਪਹਾੜੀ ਥਾਂ ਉੱਤੇ! ਜੰਗਲਾਂ ਤੇ ਝੀਲਾਂ ਵਿਚਕਾਰ!
57. ਮਨਪਸੰਦ ਇਤਿਹਾਸਿਕ ਥਾਂ ਕਿਹੜੀ ਹੈ ?
ਪੈਰਸ ਦਾ ਆਈਫਲ ਟਾਵਰ!
58. ਸਭ ਤੋਂ ਚੰਗੀ ਅਤੇ ਮਾੜੀ ਯਾਦ ਕਿਸ ਥਾਂ ਨਾਲ ਜੁੜੀ ਹੋਈ ਹੈ ?
ਕੀਨੀਆਂ ਨਾਲ!
59. ਉਹ ਥਾਂ ਜਿੱਥੇ ਰਹਿਣ ਦਾ ਸੁਪਨਾਂ ਅਜੇ ਪੂਰਾ ਨਹੀਂ ਹੋਇਆ ?
ਆਸਟਰੇਲੀਆ ਅਤੇ ਦੱਖਣੀ ਅਮਰੀਕਾ ਦੇ ਕੁਝ ਦੇਸ਼!
60. ਇੱਕ ਖੂਬਸੂਰਤ ਘਰ ਕਿਹੋ ਜਿਹਾ ਹੋਣਾਂ ਚਾਹੀਦਾ ਹੈ ?
ਆਪਣੇ ਆਪ ਵਰਗਾ, ਆਪਣੇ ਸੁਫਨੇ ਵਰਗਾ!
“ਜਿੱਥੇ ਸੁਫਨਾਂ ਤੇ ਸੱਚ ਮਿਲਦੇ,
ਹੈ ਉਹ ਘਰ ਮੇਰਾ, ਉਹ ਘਰ ਮੇਰਾ!”

1 comment:

Anonymous said...

ਦਰਵੇਸ਼ ਜੀ,ਰਵਿੰਦਰ ਰਵੀ ਜੀ ਨਾਲ ਮੁਲਾਕਾਤ ਚੰਗੀ ਲੱਗੀ | ਤੁਹਾਡੇ ਸਵਾਲ ਵੀ ਕਮਾਲ ਦੇ ਨੇ | ਵਾਕਿਆ, ਸਵਾਲ ਵੱਖਰੇ-੨ ਕੋਣਾਂ ਹੋਣ ਤਾਂ ਹੀ ਅਸੀਂ ਰੂਹ ਤਕ ਜਾਣ ਸਕਦੇ ਹਾਂ | ਤੁਹਾਡੇ ਅਤੇ ਰਵੀ ਜੀ ਲਈ ਮੈਂ ਸੁਭ ਕਾਮਨਾਵਾਂ ਭੇਜਦਾ ਹਾਂ -ਰੂਪ ਦਬੁਰਜੀ