Saturday, April 28, 2012

ਨਜ਼ਮ ਦਾ ਅਨੁਮਾਨ.. ..

ਕੁੱਝ ਦੋਸਤਾਂ ਨਾਲ਼ ਕੀਤੇ ਇਕਰਾਰ ਮੁਤਾਬਿਕ ਆਪਣੀਂ ਇੱਕ ਨਵੀਂ ਨਜ਼ਮ ਸਭ ਦੀ ਨਜ਼ਰ ਕਰ ਰਿਹਾ ਹਾਂ, ਹੋ ਸਕਦੈ ਸਭ ਨੂੰ ਹੀ ਪਸੰਦ ਆ ਜਾਵੇ। ਇਹ ਨਜ਼ਮ ਮੈਂ ਮੁੰਬਈ ਗੋਰਾਈ ਬੀਚ ਦੇ ਉਸ ਪਾਰ ਜਾਕੇ ਇੱਕ ਛੋਟੇ ਜਿਹੇ ਪਿੰਡ ਅਤੇ ਸਮੁੰਦਰ ਦੀਆਂ ਲਹਿਰਾਂ ਦੇ ਵਿਚਕਾਰ ਬਹਿਕੇ ਉਸ ਵੇਲ਼ੇ ਲਿਖੀ ਸੀ ਜਦੋਂ ਇੱਕ ਬਹੁਤ ਹੀ ਖੂਬਸੂਰਤ ਕਰਿਸ਼ਚੀਅਨ ਕੁੜੀ 'ਚਾਰੀ' ਮੈਨੂੰ ਇਕੱਲਾ ਬੈਠਾ ਦੇਖਕੇ ਮੈਨੂੰ ਉਹਨਾਂ ਦੀ ਘਰ ਦੀ ਕੱਢੀ ਸ਼ਰਾਬ 'ਜਾਮੁਲ' ਦੀ ਬੋਤਲ ਵੇਚਣ ਆਈ ਸੀ ਅਤੇ ਕਿੰਨੀਂ ਹੀ ਦੇਰ ਮੇਰੇ ਨਾਲ਼ ਬੈਠੀ ਗੱਲਾਂ ਮਾਰਦੀ ਇਹ ਵਾਅਦਾ ਲੈਕੇ ਗਈ ਸੀ ਕਿ ਜਦੋਂ ਵੀ ਮੈਂ ਉਸ ਪਾਸੇ ਆਵਾਂਗਾ, ਤਾਂ ਉਸੇ ਤੋਂ ਹੀ 'ਜਾਮੁਲ' ਖਰੀਦਕੇ ਆਪਣੀਂ ਸ਼ਾਮ ਨੂੰ ਸ਼ਬਦਾਂ ਦੇ ਹਵਾਲੇ ਕਰਿਆ ਕਰਾਂਗਾ।  

ਸਿਰਫ ਇੱਕ ਵੇਰ.......


 ਤੂੰ ਲਹਿਰ ਹੈਂ
 ਇੱਕ ਪਲ ਰੁਕ
 ਮੈਨੂੰ ਤੇਰੇ ਮੱਥੇ 'ਚ
         ਆਪਣਾ ਨਾਮ ਲਿਖ ਲੈਣ ਦੇ
 ਫਿਰ ਚਾਹੇ
 ਮੈਨੂੰ ਕਿਧਰੇ ਵੀ ਵਹਾ ਕੇ ਲੈ ਜਾਈਂ

 ਇੱਕ ਪਲ ਰੁਕ
 ਮੈਨੂੰ ਤੇਰੇ ਮੱਥੇ 'ਚ ਆਪਣਾ
                 ਨਾਮ ਲਿਖ ਲੈਣਦੇ


 ਮੈਂ ਆਪਣੀ
 ਹਰ ਸਵੇਰ ,ਹਰ ਸ਼ਾਮ
 ਆਪਣੀ ਜਿੰਦਗੀ ਦੇ ਸਾਰੇ ਰੰਗ
 ਰੰਗਾਂ ਦੀ ਸਾਰੀ ਖੂਸਬੂ
 ਤੇਰੇ ਨਾਮ ਲੁਆ ਸਕਦਾ ਹਾਂ
 ਮੈਨੂੰ ਤੇਰੇ ਮੱਥੇ 'ਚ
          ਆਪਣਾਂ ਨਾਮ ਲਿਖ ਲੈਣ ਦੇ

 ਕੁਦਰਤ ਨੇ ਦਿੱਤੀ ਮੇਰੇ ਹਿੱਸੇ ਦੀ
                       ਬਸੰਤ –ਬਹਾਰ
 ਹਰ ਮੌਸਮ ਦੀ ਹਰ ਰੁੱਤ
 ਤੇਰੇ ਲਈ
 ਮਹਿਫੂਜ ਰੱਖੇ ਮੋਹ ਦੇ ਬੋਲ
 ਉਹਨਾਂ ਬੋਲਾਂ 'ਚ
 ਪਨਾਹ ਲਈ ਬੈਠੀ ਬਰਸਾਤ                                                          
 ਤੇਰੇ ਨਾਮ ਲੁਆ ਸਕਦਾ ਹਾਂ
 ਮੈਨੂੰ ਇੱਕ ਵੇਰ
 ਤੇਰੇ ਮੱਥੇ 'ਚ
           ਆਪਣਾਂ ਨਾਮ ਲਿਖ ਲੈਣਦੇ                                                        

                                                 
 ਮੇਰੀਆਂ ਨਜ਼ਮਾਂ 'ਚ
 ਸ਼ਹਿ ਲਾਈ ਬੈਠਾ ਤੇਰਾ
                 ਕਪਾਹੀ ਹੁਸਨ
                                                           
 ਮੇਰੇ ਗੀਤਾਂ ਦੀ ਜੂਨ ਭੋਗਦੀ
 ਤੇਰੀ ਚਾਨਣੀ ਜਿਹੀ ਉਮਰ
 ਸੱਚ ਪੁੱਛੇ—
 ਤਾਂ ਆਪਣੀ ਸ਼ਾਇਰੀ
 ਤੇਰੇ ਨਾਮ ਲੁਆ ਸਕਦਾ ਹਾਂ
 ਮੈਨੂੰ ਇੱਕ ਵਾਰ
 ਤੇਰੇ ਮੱਥੇ 'ਚ
     ਆਪਣਾ ਨਾਮ ਲਿਖ ਲ਼ੈਣਦੇ  

 ਤੂੰ ਲਹਿਰ ਹੈਂ ,ਨਦੀ ਹੈਂ
 ਇੱਕ ਪਲ ਰੁਕ
 ਮੈਨੂੰ ਸਿਰਫ ਇੱਕ ਵੇਰ
 ਤੇਰੇ ਮੱਥੇ 'ਚ
     ਆਪਣਾ ਨਾਮ ਲਿਖ ਲੈਣਦੇ
 ਫਿਰ ਚਾਹੇ
 ਕਿਧਰੇ ਵੀ ਵਹਾ ਕੇ ਲੈ ਜਾਵੀਂ ਮੈਨੂੰ .. ।

2 comments:

Kulwant Happy said...

ਰੁੱਕ ਜਰਾ, ਮੈਨੂੰ ਆਪਣੀ ਗੱਲ ਕਹਿ ਲੈਣ ਦੇ। ਬਹੁਤ ਵਧੀਆ ਰਚਨਾ

Gurnam Kanwar said...

Darvesh Sekhonji, Bahut khubsurt ahsas ne is kavita de mathe vch! on your birthday my congratulations
and best wishes are for more such poems and long long life. - Gurnam Kanwar