Tuesday, July 27, 2010

ਗਜ਼ਲ / ਗੁਰਨਾਮ ਗਿੱਲ

ਬਦਲਦੀ ਸੋਚ ਹੈ ਜਦ ਵੀ, ਬਦਲ ਜਾਂਦੀ ਹੈ ਖਲਕਤ ਵੀ।
ਚਮਨ ਦੇ ਰੰਗ ਬਦਲ ਜਾਂਦੇ, ਬਦਲ ਜਾਂਦੀ ਹਕੂਮਤ ਵੀ।

ਬਦਲ ਜਾਏ ਜਦੋਂ ਸੰਗਤ, ਬਦਲ ਫਿਰ ਆਦਮੀ ਜਾਵੇ,
ਬਦਲ ਜਾਵੇ ਅਗਰ ਪੇਸ਼ਾ, ਬਦਲ ਜਾਂਦੀ ਹੈ ਫਿਤਰਤ ਵੀ!

ਜਿਨ੍ਹਾਂ ਦੇ ਮਨ ਹੀ ਨੇ ਊਣੇ, ਉਨ੍ਹਾਂ ਦੇ ਘਰ ਵੀ ਨੇ ਊਣੇ,
ਜਦੋਂ ਭਰਪੂਰ ਮਨ ਹੋਵੇ, ਚਲੀ ਆਉਂਦੀ ਹੈ ਬਰਕਤ ਵੀ।

ਖੁਦਾ ਚਾਰਾ ਕਰੂ ਕੀ? ਨ੍ਹੇਰ ਵਿਚ ਹੀ ਭਟਕਣਾ ਜੇਕਰ,
ਨਿਖਾਰੋ ਸੋਚ ਪਹਿਲਾਂ ਫਿਰ ਸੁਧਰ ਜਾਏਗੀ ਕਿਸਮਤ ਵੀ।

ਨਾ ਐਵੇਂ ਰੋਸ ਕਰ, ਕੋਈ ਨਹੀਂ ਪੁਛੱਦਾ ਜੇ ਹੁਣ ਤੈਨੂੰ,
ਕਮੀ ਤੇਰੇ 'ਚ ਹੀ ਹੋਣੀ, ਕਦੇ ਸੀ ਤੇਰੀ ਬੁਕੱਤ ਵੀ।

ਜੋ ਲੋਕੀ ਸਾਫ ਨੇ ਦਿਲ ਦੇ, ਉਨ੍ਹਾਂ ਦੇ ਪਾਰਦਰਸ਼ੀ ਯਾਰ,
ਉਨ੍ਹਾਂ ਨੂੰ ਸਾਥ ਵੀ ਮਿਲਦਾ 'ਤੇ ਮਿਲਦੀ ਹੈ ਮੁਹੱਬਤ ਵੀ!

ਨਾ ਬਣ ਕਮਜ਼ੋਰ, ਕਰ ਹਿੰਮਤ, ਭਰੋਸਾ ਰੱਖ ਤੂੰ ਮਨ 'ਤੇ,
ਬੜਾ ਮਜ਼ਬੂਤ ਤੇਰਾ ਦਿਲ, ਬੁਲੰਦੀ 'ਤੇ ਹੈ ਤਾਕਤ ਵੀ।

Saturday, July 24, 2010

ਲੰਮੀਂ ਚੁੱਪ ਤੋਂ ਬਾਦ ਦਾ ਦਸਤਖ਼ਤ-ਜਰਨੈਲ ਘੁਮਾਣ

ਪੰਜਾਬੀ ਗੀਤਕਾਰੀ ਮੈਦਾਨ ਦੇ ਯੋਧੇ ਅਤੇ ਸੁਰਾਂ ਦੇ ਛੇੜੂਆਂ ਨੂੰ ਇਹ ਗੱਲ ਦੱਸਣ ਦੀ ਕਦੇ ਵੀ ਜਰੂਰਤ ਨਹੀਂ ਪਵੇਗੀ ਕਿ ਜਰਨੈਲ ਘੁਮਾਣ ਕੌਣ ਹੈ ? ਸ਼ਾਇਰੀ ਦੇ ਪਿੜ ਦੇ ਬਹੁਤੇ ਹਸਤਾਖ਼ਰ ਵੀ ਉਸ ਦੇ ਸਭਿੱਆਚਾਰਕ ਗੀਤਾਂ ਦੇ ਮੁਹਾਵਰੇ ਨੂੰ ਬਹੁਤ ਚੰਗੀ ਤਰਾਂ ਜਾਣਦੇ ਨੇ।ਉਸ ਦੇ ਗੀਤਾਂ ਵਿਚਲੇ ਨਾਇਕਾਂ ਦੇ ਦਰਸ਼ਨ ਬੇਸ਼ੱਕ ਅੱਜ ਦੇ ਜੀਵਨ ਵਿੱਚ ਬਹੁਤ ਘੱਟ ਨਜ਼ਰ ਆਉਂਦੇ ਨੇ, ਪਰ ਉਹ ਨਾਇਕ ਰੂਪੀ ਲੋਕ ਅੱਜ ਵੀ ਉਸਦੇ ਨਾਲ ਤੁਰਦੇ ਨੇ.. .. .. ਭਾਵੇਂ ਦੇਰ ਬਾਦ ਹੀ ਸਹੀ ਅੱਜ ਫੇਰ ਉਸਦੀ ਕਲਮ ਨੇ ਅੰਗੜਾਈ ਭਰੀ ਹੈ ਹੈ ਅਤੇ ਗੀਤਕਾਰੀ ਦੇ ਵਿਹੜੇ ਅੰਦਰ ਹੀ ਸ਼ਾਇਰੀ ਨੁਮਾ ਸ਼ਬਦਾਂ ਦੀ ਤੰਦ ਵਿਹੜਾ ਸੰਭਰਕੇ ਲੋਕ-ਪੱਖੀ ਚਰਖੇ ਉੱਪਰ ਕੱਤੀ ਗਈ ਹੈ ਇਸ ਵਾਸਤੇ ਉਸਦੀ ਇਸ ਖੂਬਸੂਰਤ ਆਮਦ ਦਾ ਮੈਂ ਸਵਾਗਤ ਕਰਦਾ ਹਾਂ !

ਸਭਿਆਚਾਰ ਦੇ ਵਾਰਿਸ ਵੀਰੋ

ਮਾਂ ਬੋਲੀ ਦੇ ਸੇਵਾਦਾਰੋ , ਕੁੱਝ ਨਾ ਕੁੱਝ ਤਾਂ ਸ਼ਰਮ ਕਰੋ ।
ਮਾਂ ਦੇ ਕਪੜੇ ਲੀਰਾਂ ਕਰਕੇ , ਨਾ ਜੇਬਾਂ ਨੂੰ ਗਰਮ ਕਰੋ ।

ਇੱਕ ਨਾ ਇੱਕ ਦਿਨ, ਦਮ ਘੁੱਟ ਜਾਣੀ , ਹੋ ਕੇ ਅਤਿ ਲਾਚਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਯਮਲੇ ਜੱਟ ਦੀ ਤੂੰਬੀ ਵਾਲੀ , ਤਾਰ ਤੋੜ ਕੇ ਬਹਿ ਗਏ ਓ ।
ਭੁੱਲ ਕੇ ਆਪਣਾ ਅਸਲੀ ਵਿਰਸਾ ,ਕਿਹੜੇ ਰਸਤੇ ਪੈ ਗਏ ਓ ।
ਲ਼ੱਚਰਤਾ ਦੀ ਕਿਧਰੋਂ ਲਿਆਂਦੀ ,ਜਿੱਦ ਜਿੱਦ ਮਾਰੋ ਮਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

* ਗੀਤ ਚਲਾਉਣ ਦੀ ਖਾਤਿਰ , ਲੈਂਦੇ ਫਿਰੋਂ ਸਹਾਰਾ ਕੁੜੀਆਂ ਦਾ ।
ਫੈਸ਼ਨ ਪੱਟੀਆਂ ,ਜ਼ਾਅਲੀ ਪੰਜਾਬਣਾਂ,ਕੱਪੜਿਆਂ ਤੋਂ ਵੀ ਥੁੜੀਆਂ ਦਾ ।
ਸਾਰੇ ਤਨ ’ਤੇ ਪਾਉਣ ਨਾ ਕਪੜਾ , ਮਿਣ ਕੇ ਗਿੱਠਾਂ ਚਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਚਰਖ਼ੇ , ਡੀ.ਜੇ. ਵਾਲੇ ਥੋਡੇ , ਸਾਂਭੋ ਨਵੇਂ ਕਬੀਲੇ ਨੂੰ ।
ਲੋਕਾਂ ਵਿੱਚ ਜ਼ਲੀਲ਼ ਕਰਨ ਨਾ ,ਰੋਜ਼ੀ ਵਾਲੇ ਵਸੀਲੇ ਨੂੰ ।
ਜ਼ਾਅਲੀ ਐਕਟਿੰਗ ਬਾਜ਼ੀ ਵਾਲੇ ,ਜੰਮ ਪਏ ਨਵੇਂ ਨਚਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਨਕਲੀ ਮਾਣਕ ,ਛਿੰਦੇ , ਆ ਗਏ , ਹੰਸ ,ਸਿਕੰਦਰ ,ਜ਼ੈਜੀ ਬੀ ।
ਅਸਲੀ ਕਿਧਰੇ ਹੋਰ ਰੁੱਝ ਗਏ , ਲੋਕ ਵਿਚਾਰੇ ਸੁਨਣ ਵੀ ਕੀ ।
ਮਾਨੋ ,ਗਿੱਲੋ , ਮਾਰੋ ਹੰਭਲਾ , ਛਾ ਚੱਲਿਆ ਅੰਧਕਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਕਲਾਕਾਰ ਵੀ ਭੁੱਲ ਗਏ ਆਪਣੇ , ਗਾਇਕੀ ਦੇ ਪਹਿਰਾਵੇ ਨੂੰ ।
ਕੁੜਤਾ ਚਾਦਰਾ ,ਗਲ ਵਿੱਚ ਕੈਂਠਾ ,ਪੱਗ ’ਤੇ ਲਾਉਣਾ ਮਾਵੇ ਨੂੰ ।
ਖ਼ੱਬਲ ਵਾਗੂੰ ਵਾਲ ਖ਼ਿਲਾਰੇ , ਨਾ ਲੱਗਦੇ ਸਰਦਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥


• ਗਾਉਣ ਵਜਾਉਣ ਹੋ ਗਿਆ ਸੌਖ਼ਾ , ਜਣੇ ਖ਼ਣੇ ਨੇ ਪਾਈਆਂ ਮੁੰਦਰਾਂ ।
ਨਾ ਉਹ ਗਾਉਂਦੇ ਮਿਰਜ਼ਾ ਸੱਸੀ , ਨਾ ਉਹ ਗਾਉਦੇ ਰਾਣੀ ਸੁੰਦਰਾਂ ।
ਕਿੱਲਾ ਵੇਚ ਜ਼ਮੀਨ ਦਾ ਪੱਲਿਓ , ਕਰਨ ਤੁਰੇ ਵਪਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਚੁੱਕ ਚੱਕਾ ਕੇ ਰੀਲ ਕੱਢਾਤੀ , ਸਾਰਾ ਟੱਬਰ ਹੁੱਬ ਗਿਆ ।
ਦੋ ਤਿੰਨ ਮਹੀਨੇ ਚੱਲੇ ਪਟਾਕੇ , ਆਖਿਰ ਦਸ ਲੱਖ਼ ਡੁੱਬ ਗਿਆ ।
ਨਾ ਤਾਲ ਨਾ ਵਾਜਾ ਸਿੱਖਿਆ ,ਸੁਰੋਂ ਵੀ ਗਾਉਂਦਾ ਬਾਹਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਮਾਣਕ ਦੀਆਂ ਕਲੀਆਂ ,ਵਾਰ ਗਾ ਬੰਦਾ ਸਿੰਘ ਬਹਾਦਰ ਦੀ ।
ਗੱਲ ਕਰੋ ਸਦੀਕ ਜੇਹੀ ,ਕਿਸੇ ਅੱਲ੍ਹੜ ਕੱਢਦੀ ਚਾਦਰ ਦੀ ।
ਦਿਲ ਟੁੰਬਦੇ ਸੀ ,ਸੁਨਣ ਵਾਲੇ ਦਾ , ਗਾਣੇ ਸਦਾ ਬਹਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਮਾਂ ਬੋਲੀ ਦੀ ਸੇਵਾ ਜੇ ਕਰ , ਸੱਚ ਮੁੱਚ ਕਰਨਾ ਚਾਹੁੰਦੇ ਹੋ ।
ਟੱਪੇ, ਢੋਲਾ, ਮਾਹੀਆ ਗਾਓ ,ਕਿਉਂ ਮਿਸ ਕਾਲਾਂ ਗਾਉਂਦੇ ਹੋ ।
ਗੀਤਾਂ ਦੇ ਵਿੱਚ ਫਿਰੇ ਭੂਸਰੀ , ਪੰਜਾਬਣ ਨਾ ਮੁਟਿਆਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਧੀਆਂ ਭੈਣਾਂ ਨੇ ਕਾਲਜ ਦੇ ਵਿੱਚ , ਜਾਂਦੀਆਂ ਕਰਨ ਪੜ੍ਹਾਈਆਂ ਨੂੰ ।
ਗੀਤਾਂ ਦੇ ਵਿੱਚ ਫਿਰੋਂ ਵਿਖ਼ਾਉਂਦੇ , ਆਸ਼ਕੀ ਅਤੇ ਲੜਾਈਆਂ ਨੂੰ ।
ਮੋਬਾਇਲ ਫੋਨ ਵੀ ਇਸ਼ਕ ਮੁਸ਼ਕ ਲਈ ,ਲੈ ਆਏ ਹਥਿਆਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥


• ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ , ਸੰਭਲੋ ਸਭ ਨੂੰ ਕਹਿ ਦੇਵੋ ।
ਠੀਕ ਹੀ ਗਾਓ, ਠੀਕ ਗਵਾਓ , ਨਾ ਗਲਤ ਬੰਦੇ ਨੂੰ ਛਹਿ ਦੋਵੋ ।
ਤੁਸੀਂ ਹੀ ਕਰਲੋ , ਏਸ ਪਾਸੇ ਕੁੱਝ , ਕਰਦੀ ਨਾ ਸਰਕਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਮਾੜੀ ਗਾਇਕੀ , ਮਾੜੇ ਗੀਤਾਂ , ਉਪਰ ਜਦ ਤੱਕ ਰੋਕ ਨਹੀਂ ।
ਜਾਂ ਫਿਰ ਮਾੜਾ ਸੁਣਨੋ ਜਦ ਤੱਕ ,ਖ਼ੁਦ ਹੀ ਹੱਟਦੇ ਲੋਕ ਨਹੀਂ ।
ਕੈਂਸਰ ਜਿਹੀ ਬਿਮਾਰੀ ਵੱਧ ਗਈ ,ਹੋਣਾ ਨਹੀਂ ਸੁਧਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਮੈਂ ਨਹੀਂ ਕਹਿੰਦਾ ਗਾਇਕ ਭਰਾ ਵੀ ,ਕਰ ਗਏ ਕਿਉਂ ਤਰੱਕੀ ਨੂੰ ।
ਲੱਚਰਤਾ ਦੇ ਰੋੜ ਪੀਹ ਰਹੀ , ਬਦਲੋ ਪਹਿਲਾਂ ਚੱਕੀ ਨੂੰ ।
ਸੌਖੇ ਰਹਿਣਾ ਛੇਤੀ ਛੇਤੀ , ਲਾਹ ਦਿਓ ਸਿਰ ਤੋਂ ਭਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਸਮੇਂ ਨਾਲ ਬਦਲਾਅ ਜਰੂਰੀ , ਬਦਲ ਜਾਓ “ ਘੁਮਾਣ ” ਤੁਸੀਂ ।
ਮਾਂ ਬੋਲੀ ਤੇ ਵਿਰਸਾ ਬਦਲ ਕੇ , ਖੋ ਨਾ ਲਿਉ ਪਛਾਣ ਤੁਸੀਂ ।
ਸ਼ੇਰ ਪੰਜਾਬੀ ਨਾਲ ਜਾਣਦਾ , ਤੁਸਾਂ ਨੂੰ ਕੁੱਲ ਸੰਸਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

Monday, July 19, 2010

ਮੇਲ ਕਰਾ ਦੇ ਰੱਬਾ’ ਦਰਸ਼ਕਾਂ ਅਤੇ ਸਿਨੇਮਾਂ ਸੀਟਾਂ ਦਾ ਭਰਵਾਂ ਮੇਲ / ਹਰਿੰਦਰ ਭੁੱਲਰ

‘‘ਤੇਰਾ ਮੇਰਾ ਕੀ ਰਿਸ਼ਤਾ’ ਦੀ ਸਫ਼ਲਤਾ ਤੋਂ ਬਾਅਦ ਨਿਰਦੇਸ਼ਕ ਨਵਨੀਤ ਸਿੰਘ ਦੀ ਅਗਲੀ ਫ਼ਿਲਮ ‘ਮੇਲ ਕਰਾ ਦੇ ਰੱਬਾ’ ਬਤਰਾ ਸ਼ੋਅਬਿਜ਼ ਦੀ ਪੇਸ਼ਕਸ਼ ਹੇਠ ੧੬ ਜੁਲਾਈ ਨੂੰ ਰਿਲੀਜ਼ ਹੋ ਗਈ ਹੈ।ਨਿਰਮਾਤਾ ਰਾਜਨ ਬਤਰਾ,ਵਿਵੇਕ ਓਹਰੀ ਅਤੇ ਬੱਬੀ ਕੈਂਟ ਦੁਆਰਾ ਨਿਰਮਿਤ ਇਸ ਫ਼ਿਲਮ ਨੂੰ ਧੀਰਜ ਰਤਨ ਨੇ ਲਿਖਿਆ ਹੈ। ਪ੍ਰਸਿੱਧ ਸੰਗੀਤ ਕੰਪਨੀ ਟਿਪਸ ਵੱਲੋਂ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਵਿੱਚ ਹੀਰੋ ਦੀ ਭੂਮਿਕਾ ਵਿੱਚ ਇੱਕ ਵਾਰ ਫਿਰ ਜਿੰਮੀ ਸ਼ੇਰਗਿੱਲ ਨਜ਼ਰੀਂ ਪਵੇਗਾ। ਇਸ ਫ਼ਿਲਮ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਪਹਿਲੀ ਵਾਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਵੀ ਬਤੌਰ ਹੀਰੋ ਆਇਆ ਹੈ।ਫ਼ਿਲਮ ਦੀ ਹੀਰੋਇਨ ਨੀਰੂ ਬਾਜਵਾ ਹੈ ਅਤੇ ਫ਼ਿਲਮ ਵਿੱਚ ਹਾਸੇ ਦੀਆਂ ਫੁਹਾਰਾਂ ਛੱਡਣ ਦਾ ਕੰਮ ਇਸ ਵਾਰ ਪ੍ਰਸਿੱਧ ਕਾਮੇਡੀਅਨ ਜਸਵਿੰਦਰ ਭੱਲਾ ਅਤੇ ਭੋਟੂ ਸ਼ਾਹ ਨੇ ਕੀਤਾ ਹੈ। ਬਾਕੀ ਕਲਾਕਾਰਾਂ ਵਿੱਚ ਸ਼ਵਿੰਦਰ ਮਾਹਲ, ਅਮਰ ਨੂਰੀ ਅਤੇ ਸੁਨੀਤਾ ਧੀਰ ਆਦਿ ਪ੍ਰਮੁੱਖ ਹਨ।ਫ਼ਿਲਮ ਦੀ ਫ਼ੋਟੋਗ੍ਰਾਫ਼ੀ ਪ੍ਰਸਿੱਧ ਕੈਮਰਾਮੈਨ ਹਰਮੀਤ ਸਿੰਘ ਦੀ ਹੈ ਜੋ ਕਿ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਕਈ ਨਾਮੀ ਫ਼ਿਲਮਾਂ ਦੀ ਫ਼ੋਟੋਗ੍ਰਾਫ਼ੀ ਕਰ ਚੁੱਕੇ ਹਨ। ਗੀਤਕਾਰ ਐੱਸ.ਐੱਲ ਸਾਧਪੁਰੀ, ਜੱਗੀ ਸਿੰਘ ਅਤੇ ਕੁਮਾਰ ਦੁਆਰਾ ਰਚਿਤ ਗੀਤਾਂ ਨੂੰ ਗਿੱਪੀ ਗਰੇਵਾਲ, ਦਿਲਜੀਤ ਦੁਸਾਂਝ, ਜਸਬੀਰ ਜੱਸੀ, ਫ਼ਿਰੋਜ਼ ਖਾਨ, ਸਲੀਮ ਅਤੇ ਬਹੁ-ਚਰਚਿਤ ਪਾਕਿਸਤਾਨੀ ਨੌਜਵਾਨ ਗਾਇਕ ਆਤਿਫ਼ ਅਸਲਮ ਜਿਹੇ ਪ੍ਰਸਿੱਧ ਗਾਇਕਾਂ ਨੇ ਆਪਣੀਆਂ ਆਵਾਜ਼ਾਂ ਨਾਲ ਸ਼ਿੰਗਾਰਿਆ ਹੈ।ਯਾਦ ਰਹੇ ਕਿ ਇਹ ਆਤਿਫ਼ ਅਸਲਮ ਦੁਆਰਾ ਕਿਸੇ ਵੀ ਪੰਜਾਬੀ ਫ਼ਿਲਮ ਲਈ ਗਾਇਆ ਗਿਆ ਪਹਿਲਾ ਗੀਤ ਹੈ ਇਸ ਤੋਂ ਪਹਿਲਾਂ ਉਹ ਬਾਲੀਵੁੱਡ ਦੀਆਂ ਸੁਪਰ-ਹਿੱਟ ਫ਼ਿਲਮਾਂ ‘ਰੇਸ, ‘ਪ੍ਰਿੰਸ’, ਅਤੇ ‘ਅਜ਼ਬ ਪ੍ਰੇਮ ਕੀ ਗ਼ਜ਼ਬ ਕਹਾਣੀ’ ਲਈ ਆਪਣੀ ਆਵਾਜ਼ ਦੇ ਚੁੱਕਾ ਹੈ। ਫ਼ਿਲਮ ਨੂੰ ਸੰਗੀਤਕ ਪੱਖੋਂ ਮਜ਼ਬੂਤੀ ਦੇਣ ਲਈ ਜੈ ਦੇਵ ਕੁਮਾਰ, ਅਮਨ ਹੇਅਰ ਅਤੇ ਡੀ.ਜੇ.ਸੰਝ ਜਿਹੇ ਤਿੰਨ ਪ੍ਰਸਿੱਧ ਸੰਗੀਤਕਾਰਾਂ ਨੇ ਪੂਰੀ ਵਾਹ ਲਾਈ ਹੈ। ਇਸ ਫ਼ਿਲਮ ਦੀ ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਪਹਿਲਾਂ ਇਸ ਵਿੱਚ ਗਾਇਕ ਗਿੱਪੀ ਗਰੇਵਾਲ ਨੂੰ ਬਤੌਰ ਅਦਾਕਾਰ ਹੀ ਲਿਆ ਗਿਆ ਸੀ ਅਤੇ ਉਸ ਦੁਆਰਾ ਗਾਇਆ ਕੋਈ ਵੀ ਗੀਤ ਫ਼ਿਲਮ ਵਿੱਚ ਸ਼ਾਮਿਲ ਨਹੀਂ ਸੀ ਪਰ ਬਾਅਦ ਵਿੱਚ ਟਿਪਸ ਸੰਗੀਤ ਕੰਪਨੀ ਦੇ ਜ਼ੋਰ ਦੇਣ ‘ਤੇ ਪੂਰੀ ਫ਼ਿਲਮ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਇੱਕ ਗੀਤ ‘ਸ਼ੇਰ ਬਣਕੇ’ ਉਸਦੀ ਆਵਾਜ਼ ਵਿੱਚ ਰਿਕਾਰਡ ਕੀਤਾ ਗਿਆ ਤੇ ਫਿਰ ਫ਼ਿਲਮਾਇਆ ਵੀ ਗਿਆ ਜੋ ਕਿ ਹੁਣ ਇਸ ਫ਼ਿਲਮ ਦਾ ਇੱਕ ਪ੍ਰਮੋਸ਼ਨਲ ਗੀਤ ਹੈ। ਫ਼ਿਲਮ ਦੀ ਕਹਾਣੀ ਅਜੋਕੀ ਕਾਲਜਾਂ ਵਿੱਚ ਪੜ੍ਹਦੀ ਨੌਜਵਾਨ ਪੀੜ੍ਹੀ ਦੀ ਮਨੋਦਸ਼ਾ ਨੂੰ ਪ੍ਰਗਟ ਕਰਦੀ ਹੈ ਕਿ ਕਿਵੇਂ ੳੇੇੇੁਹ ਕਾਲਜਾਂ ਵਿੱਚ ਛੋਟੇ-ਛੋਟੇ ਕਾਰਨਾਂ ਤੋਂ ਲੜਦੇ ਰਹਿੰਦੇ ਹਨ ਅਤੇ ਕਿਸ ਤਰਾਂ ਆਪਣੇ ਮਾਂ-ਬਾਪ ਨੂੰ ਝੂਠ ਬੋਲਦੇ ਹਨ। ਅੰਤ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਇਸ ਤਰਾਂ ਦੇ ਕੰਮਾਂ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਅਤੇ ਭਵਿੱਖ ਵਿੱਚ ਇਸਦੇ ਗੰਭੀਰ ਸਿੱਟੇ ਨਿਕਲਦੇ ਹਨ।ਫ਼ਿਲਮ ਵਿੱਚ ਗਿੱਪੀ ਗਰੇਵਾਲ ਕਾਲਜ ਵਿੱਚ ਪੜ੍ਹਦੇ ਮੁੰਡੇ ‘ਨਿਹਾਲ’ ਦੀ ਭੂਮਿਕਾ ਵਿੱਚ ਹੈ ਜੋ ਕਿ ਵੇਖਣ ਨੂੰ ਇੱਕ ਨੈਗੇਟਿਵ ਸ਼ੇਡ ਦਾ ਕਿਰਦਾਰ ਲੱਗਦਾ ਹੈ ਪਰ ਅੰਤ ਵਿੱਚ ਇਹ ਕਿਰਦਾਰ ਆਪਣੇ ਕੀਤੇ ਕੰਮਾਂ ਨਾਲ ਸਭ ਦਾ ਦਿਲ ਜਿੱਤ ਲੈਂਦਾ ਹੈ। ਫ਼ਿਲਮ ਦੇਖਣ ਤੋਂ ਬਾਅਦ ਦਰਸ਼ਕਾਂ ਨੂੰ ਗਿੱਪੀ ਗਰੇਵਾਲ ਦਾ ਕਿਰਦਾਰ ਨਿਸ਼ਚੇ ਹੀ ਪ੍ਰਭਾਵਿਤ ਕਰਦਾ ਹੈ। ਜਿੰਮੀ ਸ਼ੇਰਗਿੱਲ ਅਤੇ ਗਿੱਪੀ ਗਰੇਵਾਲ ਦੋਨਾਂ ਨੇ ਹੀ ਇਸ ਫ਼ਿਲਮ ਰਾਹੀਂ ਦਰਸ਼ਕਾਂ ਅਤੇ ਸਿਨੇਮਾਂ ਸੀਟਾਂ ਦੀ ਭਰਵੀਂ ਗਲਵੱਕੜੀ ਪਵਾਈ ਹੈ।ਬਹੁਤ ਮਹੱਤਵ ਰੱਖਦੀ ਐਨੇ ਖੂਬਸੂਰਤ ਸਿਤਾਰਿਆਂ, ਮਨਮੋਹਕ ਸੰਗੀਤ ਅਤੇ ਸੁਰੀਲੇ ਗਾਇਕਾਂ ਦੇ ਗੀਤਾਂ ਨਾਲ ਸਜੀ ਇਸ ਫ਼ਿਲਮ ਤੋਂ ਦਰਸ਼ਕਾਂ ਨੂੰ ਜੋ ਉਮੀਦਾਂ ਸਨ ਉਹਨਾਂ ਉੱਪਰ ਇਹ ਫਿਲਮ ਖਰੀ ਤਾਂ ਉੱਤਰਦੀ ਹੈ ਪਰ ਫਿਲਮ ਦਾ ਕਲਾਈਮੈਕਸ ਕਿਸੇ ਵੀ ਤਰਾਂ ਦਰਸ਼ਕ ਵਰਗ ਦੇ ਹਜ਼ਮ ਨਹੀਂ ਹੋ ਸਕਿਆ।

Saturday, July 17, 2010

ਕੈਨੇਡੀਅਨ ਪੰਜਾਬੀ ਸਾਹਿਤ.- ਪਹਿਲੀ ਆਲੋਚਨਾ ਪੁਸਤਕ //ਵਰਿਆਮ ਸਿੰਘ ਸੰਧੂ

ਸੁਖਿੰਦਰ ਬਹੁ-ਵਿਧਾਈ ਲੇਖਕ ਹੈ ਭਾਵੇਂ ਉਸਨੂੰ ਮੁੱਖ ਤੌਰ ’ਤੇ ਕਵੀ ਵਜੋਂ ਹੀ ਜਾਣਿਆਂ ਜਾਂਦਾ ਹੈ। ਲਗਭਗ ਦਸ ਕਾਵਿ ਸੰਗ੍ਰਹਿ ਰਚਣ ਵਾਲੇ ਸੁਖਿੰਦਰ ਨੇ ਵਿਗਿਆਨ ਸੰਬੰਧੀ ਵੀ ਤਿੰਨ ਪੁਸਤਕਾਂ ਲਿਖੀਆਂ ਹਨ, ਇੱਕ ਪੁਸਤਕ ਬਾਲ ਸਾਹਿਤ ਨਾਲ ਵੀ ਸੰਬੰਧਿਤ ਹੈ। ਅੰਗਰੇਜ਼ੀ ਵਿਚ ਵੀ ਕਵਿਤਾਵਾਂ ਲਿਖੀਆਂ ਹਨ। ਕਵਿਤਾ ਦੀ ਇਕ ਪੁਸਤਕ ਸੰਪਾਦਤ ਕਰਨ ਤੋਂ ਇਲਾਵਾ ਸਾਹਿਤਕ ਮੈਗ਼ਜ਼ੀਨ ਸੰਵਾਦ. ਦੀ ਸੰਪਾਦਨਾ ਵੀ ਕਰ ਰਿਹਾ ਹੈ। ਕਨੇਡਾ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਬਾਰੇ ਸਮੇਂ ਸਮੇਂ ਉਸਦੇ ਆਲੋਚਨਾਤਮਕ ਲੇਖ ਵੀ ਅਖ਼ਬਾਰਾਂ/ਮੈਗ਼ਜ਼ੀਨਾਂ ਵਿਚ ਵੇਖਣ/ਪੜ੍ਹਨ ਨੂੰ ਮਿਲਦੇ ਰਹਿੰਦੇ ਹਨ। ਹੱਥਲੀ ਪੁਸਤਕ ਕੈਨੀਡਅਨ ਪੰਜਾਬੀ ਸਾਹਿਤ.ਉਸਦੇ ਉਹਨਾਂ

ਆਲੋਚਨਾਤਮਕ ਨਿਬੰਧਾਂ ਦਾ ਹੀ ਸੰਕਲਨ ਹੈ। ਇਸ ਪੁਸਤਕ ਵਿਚ ਉਸਨੇ ਕਨੇਡਾ ਦੇ ਵਿਭਿੰਨ ਭੁਗੋਲਿਕ ਖਿੱਤਿਆਂ ਵਿਚ ਵੱਸਦੇ 57 ਪੰਜਾਬੀ ਲੇਖਕਾਂ ਦੀਆਂ ਚਰਚਿਤ ਪੁਸਤਕਾਂ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਹੈ। ਇਹਨਾਂ ਵਿਚੋਂ 34 ਸ਼ਾਇਰ, ਅੱਠ ਕਹਾਣੀਕਾਰ, ਅੱਠ ਹੀ ਵਾਰਤਕ ਲੇਖਕ ਤੇ ਛੇ ਨਾਵਲਕਾਰ ਹਨ। ਇੱਕ ਨਾਟਕਕਾਰ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈ। ਇਹਨਾਂ ਵਿਚੋਂ ਕੁਝ ਪੁਸਤਕਾਂ ਸੰਪਾਦਤ ਵੀ ਕੀਤੀਆਂ ਹੋਈਆਂ ਹਨ। ਉਦਾਹਰਣ ਵਜੋਂ ਹਰਜੀਤ ਦੌਧਰੀਆ ਵੱਲੋਂ ਸੰਪਾਦਿਤ ਵਾਰਤਕ ਦੀ ਪੁਸਤਕ ਦਰਸ਼ਨ. ਉਸਦੀ ਆਪਣੀ ਰਚਨਾ ਨਹੀਂ ਸਗੋਂ ਦਰਸ਼ਨ ਸਿੰਘ ਕਨੇਡੀਅਨ ਦੇ ਜੀਵਨ ਸਮਾਚਾਰਾਂ ਨੂੰ ਬਿਆਨਦੇ ਵਿਭਿੰਨ ਲੇਖਕਾਂ ਦੇ ਜੀਵਨੀ ਜਾਂ ਰੇਖਾ-ਚਿਤਰ ਨੁਮਾ ਲੇਖਾਂ ਦਾ ਸੰਗ੍ਰਹਿ ਹੈ। ਇੰਝ ਹੀ ਕਸ਼ਮੀਰਾ ਸਿੰਘ ਚਮਨ ਦਾ ਗ਼ਜ਼ਲ-ਸੰਗ੍ਰਹਿ ਸ਼ਮਸ਼ੇਰ ਸਿੰਘ ਸੰਧੂ ਦੁਆਰਾ ਸੰਪਾਦਿਤ ਕੀਤਾ ਹੋਇਆ ਹੈ ਤੇ ਬਲਬੀਰ ਮੋਮੀ ਨੇ ਆਪਣੀਆਂ ਲਿਖਤਾਂ ਵਿਚੋਂ ਕਹਾਣੀਆਂ, ਨਿਬੰਧ, ਰੇਖਾ-ਚਿਤਰ ਤੇ ਵਿਅੰਗ ਚੁਣ ਕੇ ਆਪ ਹੀ ਵਿਚਾਰ-ਅਧੀਨ ਪੁਸਤਕ ਦਾ ਸੰਪਾਦਨ ਕੀਤਾ ਹੈ। ਬਲਬੀਰ ਮੋਮੀ ਦੀ ਪੁਸਤਕ ਤੋਂ ਇਹ ਗੱਲ ਸਾਬਤ ਵੀ ਹੁੰਦੀ ਹੈ ਤੇ ਇਹ ਗੱਲ ਅਸੀਂ ਵੀ ਭਲੀਭਾਂਤ ਜਾਣਦੇ ਹਾਂ ਕਿ ਇਹਨਾਂ ਚਰਚਾ-ਅਧੀਨ ਲੇਖਕਾਂ ਵਿਚੋਂ ਬਹੁਤ ਸਾਰੇ ਲੇਖਕ ਬਹੁ-ਵਿਧਾਈ ਲੇਖਕ ਵੀ ਹਨ। ਉਹ ਇੱਕੋ ਵੇਲੇ ਵੱਖ ਵੱਖ ਵਿਧਾਵਾਂ ਵਿਚ ਲਿਖ ਰਹੇ ਹਨ। ਪਰ ਲੇਖਕ ਨੇ ਉਹਨਾਂ ਦੇ ਕਿਸੇ ਇਕ ਰੂਪ ਨੂੰ ਹੀ ਪੇਸ਼ ਕੀਤਾ ਹੈ। ਪੁਸਤਕ ਦੀ ਆਪਣੀ ਨੌਈਅਤ ਮੁਤਾਬਕ ਰਹਣੁ ਕਿਥਾਊ ਨਾਹਿ. ਦੇ ਲੇਖਕ ਸੁਖਪਾਲ ਨੂੰ ਇੱਕੋ ਵੇਲੇ ਕਵੀ ਤੇ ਵਾਰਤਾਕਾਰ ਵਜੋਂ ਜਾਣਿਆਂ ਗਿਆ ਹੈ। ਇਹ ਵੀ ਜ਼ਰੂਰੀ ਨਹੀਂ ਕਿ ਲੇਖਕ ਦੀ ਜਿਹੜੀ ਵਿਧਾ ਦੀ ਪੁਸਤਕ ਚਰਚਾ ਅਧੀਨ ਹੈ, ਉਹ ਲੇਖਕ ਉਸ ਵਿਧਾ ਵਿਚ ਹੀ ਵਿਸ਼ੇਸ਼ਗ ਹੋਵੇ; ਸਗੋਂ ਕਈ ਸੂਰਤਾਂ ਵਿਚ ਤਾਂ ਸੰਬੰਧਿਤ ਲੇਖਕ ਜਾਣਿਆਂ ਤਾਂ ਕਿਸੇ ਹੋਰ ਵਿਧਾ ਦੇ ਲੇਖਕ ਵਜੋਂ ਜਾਂਦਾ ਹੈ ਪਰ ਏਥੇ ਉਸਦੀ ਅਜਿਹੀ ਵਿਧਾ ਵਾਲੀ ਪੁਸਤਕ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਹੜੀ ਵਿਧਾ ਕਿ ਸੰਬੰਧਿਤ ਲੇਖਕ ਦਾ ਪਹਿਲਾ ਪਿਆਰ. ਨਹੀਂ। ਮਸਲਨ: ਸਾਧੂ ਬਿਨਿੰਗ ਨੂੰ ਸਾਹਿਤਕ ਹਲਕਿਆਂ ਵਿਚ ਬਹੁਤਾ ਕਹਾਣੀਕਾਰ ਵਜੋਂ ਹੀ ਜਾਣਿਆਂ ਜਾਂਦਾ ਹੈ ਪਰ ਸੁਖਿੰਦਰ ਨੇ ਏਥੇ ਉਸਦਾ ਕਵੀ ਵਾਲਾ ਰੂਪ ਪੇਸ਼ ਕੀਤਾ ਹੈ। ਇਸ ਪੱਖੋਂ ਵੀ ਇਹ ਚੰਗੀ ਗੱਲ ਹੈ ਕਿਉਂਕਿ ਇਸਤਰ੍ਹਾਂ ਕਿਸੇ œਵੱਖਰੀ ਵਿਧਾ. ਵਿਚ ਕੀਤੇ ਲੇਖਕ ਦੇ ਯਤਨਾਂ ਨੂੰ ਸਰਾਹ ਕੇ ਉਸਦਾ ਉਸ ਸੰਬੰਧਿਤ ਵਿਧਾ ਨਾਲ ਪੱਕਾ ਤੇ ਗੂੜ੍ਹਾ ਨਾਤਾ ਜੋੜਨ ਵਿਚ ਸਹਾਇਤਾ ਮਿਲ ਸਕਦੀ ਹੈ।
ਸੁਖਿੰਦਰ ਦੇ ਆਪਣੇ ਕਹਿਣ ਮੁਤਾਬਕ ਕਨੇਡਾ ਵਿਚ ਦੋ ਸੌ ਦੇ ਲਗਭਗ ਪੰਜਾਬੀ ਲੇਖਕ ਕਾਰਜਸ਼ੀਲ ਹਨ। ਉਸਨੇ ਇਹਨਾਂ ਵਿਚੋਂ ੫੭ ਲੇਖਕਾਂ ਦੀ ਚੋਣ ਕੀਤੀ ਹੈ। ਇਹਨਾਂ ਵਿਚੋਂ ਬਹੁਤ ਸਾਰੇ ਅਜਿਹੇ ਨਾਂ ਵੀ ਹਨ ਜਿਨ੍ਹਾਂ ਦਾ ਪੰਜਾਬੀ ਸਾਹਿਤ ਦੀ ਮੁਖਧਾਰਾ ਵਿਚ ਵੀ ਚੰਗਾ ਨਾਂ-ਥਾਂ ਹੈ। ਇਹਨਾਂ ਵਿਚੋਂ ਸ਼ਾਇਰ ਗੁਰਚਰਨ ਰਾਮਪੁਰੀ, ਸੁਖਮਿੰਦਰ ਰਾਮਪੁਰੀ; ਕਹਾਣੀਕਾਰ ਜਰਨੈਲ ਸਿੰਘ, ਵਾਰਤਕ-ਲੇਖਕ ਸੁਰਜਨ ਜ਼ੀਰਵੀ, ਬਹੁਵਿਧਾਈ ਲੇਖਕ ਰਵਿੰਦਰ ਰਵੀ ਤੇ ਬਲਬੀਰ ਸਿੰਘ ਮੋਮੀ ਅਤੇ ਨਿਸਬਤਨ ਨਵੇਂ ਪਰ ਚੰਗੇ ਲੇਖਕ ਸੁਖਪਾਲ, ਕੁਲਜੀਤ ਮਾਨ ਤੇ ਇੰਝ ਹੀ ਕੁਝ ਹੋਰ ਲੇਖਕ ਪੰਜਾਬੀ ਸਾਹਿਤ ਦੀ ਮੁੱਖਧਾਰਾ ਵਿਚ ਵੀ ਆਦਰਯੋਗ ਥਾਂ ਰੱਖਦੇ ਹਨ। ਸੁਖਿੰਦਰ ਨੇ ਕੁਝ ਘੱਟ ਚਰਚਿਤ ਚਿਹਰਿਆਂ ਨਾਲ ਵੀ ਸਾਡੀ ਜਾਣ-ਪਛਾਣ ਕਰਵਾਈ ਹੈ। ਚੋਣ ਦਾ ਆਧਾਰ ਉਸਦਾ ਨਿੱਜੀ ਹੈ। ਉਸਨੇ ਬਹੁਤ ਸਾਰੇ ਉਹਨਾਂ ਚਰਚਿਤ ਕਨੇਡੀਅਨ ਲੇਖਕਾਂ ਨੂੰ ਇਸ ਵਿਚ ਸ਼ਾਮਲ ਨਹੀਂ ਕੀਤਾ ਜਿਹੜੇ ਕਨੇਡੀਅਨ ਪੰਜਾਬੀ ਸਾਹਿਤ ਦੇ ਜਾਣੇ ਪਛਾਣੇ ਨਾਂ ਹਨ। ਇਹਨਾਂ ਵਿਚ ਅਮਨਪਾਲ ਸਾਰਾ, ਨਵਤੇਜ ਭਾਰਤੀ, ਅਜਮੇਰ ਰੋਡੇ, ਇਕਬਾਲ ਰਾਮੂਵਾਲੀਆ ਤੇ ਅਸਲੋਂ ਨਵਿਆਂ ਵਿਚੋਂ ਬਹੁਚਰਚਿਤ ਕਥਾਕਾਰ ਹਰਪ੍ਰੀਤ ਸੇਖਾ ਦੇ ਨਾਂ ਸ਼ਾਮਲ ਕੀਤੇ ਜਾ ਸਕਦੇ ਹਨ। ਸੁਖਿੰਦਰ ਆਪਣੀ ਚੋਣ ਨੂੰ ਨਿਆਂ ਸੰਗਤ ਠਹਿਰਾਉਂਦਾ ਹੋਇਆ ਆਖਦਾ ਹੈ, “ਇਹਨਾਂ ਲੇਖਕਾਂ ਦੀ ਚੋਣ ਕਰਨ ਵੇਲੇ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਕਿ ਇਹ ਪੁਸਤਕ ਮਹਿਜ਼ ਉਹਨਾਂ ਲੇਖਕਾਂ ਬਾਰੇ ਹੀ ਨਾ ਬਣ ਜਾਵੇ ਜਿਹੜੇ ਕਿ ਪਹਿਲਾਂ ਹੀ ਚਰਚਿਤ ਹਨ, ਇਸ ਲਈ ਇਸ ਪੁਸਤਕ ਵਿਚ ਕੁਝ ਉਹ ਲੇਖਕ ਵੀ ਸ਼ਾਮਲ ਕੀਤੇ ਗਏ ਹਨ, ਜੋ ਕਿ ਅਜੇ ਪਾਠਕਾਂ ਦਾ ਧਿਆਨ ਨਹੀਂ ਖਿੱਚ ਸਕੇ। ਇਸੇਤਰ੍ਹਾਂ ਕੁਝ ਬਿਲਕੁਲ ਹੀ ਨਵੇਂ ਲੇਖਕਾਂ ਨੂੰ ਉਤਸ਼ਾਹ ਦੇਣ ਲਈ ਇਸ ਪੁਸਤਕ ਵਿਚ ਸ਼ਾਮਲ ਕੀਤਾ ਗਿਆ ਹੈ।”
ਉਸਦੀ ਚੋਣ ਦੇ ਤਰਕ ਨੂੰ ਆਦਰ ਦਿੰਦਿਆਂ ਹੋਇਆਂ ਵੀ ਸਾਡਾ ਮੱਤ ਹੈ ਕਿ ਜੇ ਕੁਝ ਹੋਰ ਜ਼ਿਕਰਯੋਗ ਲੇਖਕ ਇਸ ਪੁਸਤਕ ਵਿਚ ਸ਼ਾਮਲ ਕਰ ਲਏ ਜਾਂਦੇ ਤਾਂ ਪੁਸਤਕ ਹੋਰ ਵੀ ਵੱਡਾ ਸਾਹਿਤਕ ਮੁੱਲ ਇਖ਼ਤਿਆਰ ਕਰ ਸਕਦੀ ਸੀ। ਪਰ ਉਹਨਾਂ ਲੇਖਕਾ ਦੀ ਗ਼ੈਰ-ਸ਼ਮੂਲੀਅਤ ਨਾਲ ਇਸ ਪੁਸਤਕ ਦਾ ਮਹੱਤਵ ਤੇ ਮੁੱਲ ਘਟ ਗਿਆ ਹੋਵੇ ਅਜਿਹੀ ਗੱਲ ਵੀ ਬਿਲਕੁਲ ਨਹੀਂ। ਸਗੋਂ ਸਾਨੂੰ ਸੁਖਿੰਦਰ ਨੂੰ ਦਾਦ ਦੇਣੀ ਬਣਦੀ ਹੈ ਕਿ ਉਸਨੇ ਪਹਿਲੀ ਵਾਰ ਇਸ ਪਸੁਤਕ ਦੇ ਮਾਧਿਅਮ ਰਾਹੀਂ ਕਨੇਡੀਅਨ ਪੰਜਾਬੀ ਸਾਹਿਤ ’ਤੇ ਸਾਡੀ ਸੰਗਠਿਤ ਤੇ ਸਮੁੱਚੀ ਝਾਤ ਪੁਆਈ ਹੈ। ਇਸ ਰਾਹੀਂ ਸਾਨੂੰ ਪਹਿਲੀ ਵਾਰ ਏਨੇ ਵੱਡੇ ਪੱਧਰ ’ਤੇ ਜਾਣਕਾਰੀ ਮਿਲੀ ਹੈ ਕਿ ਕਨੇਡਾ ਵਿਚ ਵੱਖ ਵੱਖ ਵਿਧਾਵਾਂ ਵਿਚ ਕਿੰਨੇ ਤੇ ਕਿਹੋ ਜਿਹੇ ਲੇਖਕ ਇਕ ਟੀਮ ਵਜੋਂ ਕਾਰਜਸ਼ੀਲ ਹੋ ਕੇ ਕਨੇਡੀਅਨ ਪੰਜਾਬੀ ਸਾਹਿਤ ਦਾ ਮੂੰਹ-ਮੱਥਾ ਬਨਾਉਣ ਤੇ ਸਵਾਰਨ ਵਿਚ ਜੁੱਟੇ ਹੋਏ ਹਨ। ਵੱਖ ਵੱਖ ਵਿਧਾਵਾਂ ਦੇ ਚੁਨਿੰਦਾ ਤੇ ਚੰਗੇ ਲੇਖਕਾਂ ਨੂੰ ਚਰਚਾ ਅਧੀਨ ਲਿਆ ਕੇ ਸੁਖਿੰਦਰ ਨੇ ਵਿਭਿੰਨ ਵਿਧਾਵਾਂ ਵਿਚ ਹੋ ਰਹੇ ਕੰਮ ਨੂੰ ਰੌਸ਼ਨੀ ਵਿਚ ਲਿਆਂਦਾ ਹੈ। ਕਿਸੇ ਕੱਥ ਜਾਂ ਵੱਥ ਦੇ ਸਮੱਚ ਨੂੰ ਜਾਨਣ ਤੇ ਪਛਾਨਣ ਲਈ ਅਕਸਰ ਉਸਦੇ ਚੋਣਵੇਂ ਅੰਸ਼ਾਂ ਨੂੰ ਦੇਗ਼ ’ਚੋਂ ਦਾਣਾ ਟੋਹਣ. ਵਾਂਗ ਪੇਸ਼ ਕੀਤਾ ਜਾਂਦਾ ਹੈ ਪਰ ਸੁਖਿੰਦਰ ਨੇ ਤਾਂ ਇੱਕ ਚੌਥਾਈ ਪੱਕੀ ਪਕਾਈ ਦੇਗ਼. ਸਾਡੇ ਸਾਹਮਣੇ ਲਿਆ ਰੱਖੀ ਹੈ, ਇਹ ਕੋਈ ਛੋਟੀ ਗੱਲ ਨਹੀਂ। ਇਸਤੋਂ ਪਹਿਲਾਂ ਕਨੇਡੀਅਨ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਅਜਿਹੀ ਘਟਨਾ ਨਹੀਂ ਵਾਪਰੀ ਕਿ ਕਨੇਡੀਅਨ ਪੰਜਾਬੀ ਸਾਹਿਤ ਦਾ ਅਜਿਹਾ ਸੰਗਠਿਤ ਬਿੰਬ ਪ੍ਰਸਤੁੱਤ ਹੋਇਆ ਹੋਵੇ। ਇਹ ਕਨੇਡੀਅਨ ਪੰਜਾਬੀ ਆਲੋਚਨਾ ਦੀ ਪਹਿਲੀ ਪੁਸਤਕ ਹੈ। ਇਸ ਕਰਕੇ ਇਹ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਮ ਕਰਕੇ ਤੇ ਕਨੇਡੀਅਨ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਖ਼ਾਸ ਕਰਕੇ ਇੱਕ ਮਹੱਤਵਪੂਰਨ ਸਾਹਿਤਕ ਘਟਨਾ ਵਜੋਂ ਯਾਦ ਰੱਖੀ ਜਾਵੇਗੀ।
ਇਸ ਆਲੋਚਨਾ ਪੁਸਤਕ ਦਾ ਇਸ ਪੱਖੋਂ ਵੀ ਇਤਿਹਾਸਕ ਮਹੱਤਵ ਹੈ ਕਿ ਇਸਨੇ ਮੁੱਖਧਾਰਾ ਦੀ ਪੰਜਾਬੀ ਆਲੋਚਨਾ ਦੇ ਸਾਮਰਾਜ ਦੀ ਜਕੜ ਨੂੰ ਪਹਿਲੀ ਵਾਰ ਤੋੜਿਆ ਹੈ। ਜਿੱਥੇ ਵੀ ਤੇ ਜਿਸ ਵਿਧਾ ਵਿਚ ਵੀ ਕੋਈ ਸਾਹਿਤ ਰਚਿਆ ਜਾ ਰਿਹਾ ਹੋਵੇ ਤਾਂ ਉਸਦੀ ਪਹਿਲੀ ਲੋੜ ਓਥੇ ਤੇ ਓਸ ਵਿਧਾ ਵਿਚ ਆਪਣੇ ਆਲੋਚਕ ਵੀ ਪੈਦਾ ਕਰਨ ਦੀ ਹੁੰਦੀ ਹੈ। ਇਹ ਵਾਜਬ ਨਹੀਂ ਕਿ ਕੋਈ ਲੇਖਕ ਸਾਹਿਤ ਤਾਂ ਕਨੇਡਾ ਵਿਚ ਲਿਖੇ ਤੇ ਉਸਦਾ ਮੁਲਾਂਕਣ ਤੇ ਵਿਸ਼ਲੇਸ਼ਣ ਕਰਨ/ਕਰਾਉਣ ਲਈ ਭਾਰਤ/ਪੰਜਾਬ ਦੇ ਆਲੋਚਕਾਂ ਦੇ ਮੂੰਹ ਵੱਲ ਵੇਖੇ ਜਾਂ ਉਹਨਾਂ ਦੇ ਤਰਲੇ ਲਵੇ; ਉਹਨਾਂ ਕੋਲ ਓਥੇ ਜਾਵੇ ਤੇ ਉਹਨਾਂ ਦੀ ਸੇਵਾ ਕਰੇ ਤੇ ਜਾਂ ਉਹਨਾਂ ਨੂੰ ਆਪਣੇ ਖ਼ਰਚੇ ’ਤੇ ਬਾਹਰ. ਸਦਵਾਏ ਤੇ ਆਪਣੀ ਚਰਚਾ ਕਰਵਾਏ ਤੇ ਉਸਦੀ ਪ੍ਰਾਹੁਣਚਾਰੀ ਦਾ ਜ਼ਿੰਮਾ ਵੀ ਲਵੇ। ਇਹ ਬਿਲਕੁਲ ਉਸਤਰ੍ਹਾਂ ਹੀ ਹੈ ਜਿਵੇਂ ਇਰਾਕ, ਅਫ਼ਗਾਨਸਿਤਾਨ ਜਾਂ ਹੋਰ ਮੁਲਕਾਂ ਵਿਚ ਜਾ ਕੇ ਅਮਰੀਕਾ ਦੱਸੇ ਕਿ ਓਥੇ ਕਿਹੋ ਜਿਹਾ ਪਰਬੰਧ ਹੈ ਤੇ ਕਿਹੋ ਜਿਹਾ ਉਹ ਖ਼ੁਦ ਹੋਣਾ ਤੇ ਵੇਖਣਾ ਚਾਹੁੰਦਾ ਹੈ। ਏਸੇ ਕਰਕੇ ਮੈਂ ਇਸਨੂੰ ਆਲੋਚਨਾ ਦਾ ਸਾਮਰਾਜ. ਆਖਦਾ ਹਾਂ। ਸੁਖਿੰਦਰ ਨੇ ਪਹਿਲੀ ਵਾਰ ਦਖ਼ਲ ਦੇ ਕੇ ਇਸ ਸਾਮਰਾਜ ਵਿਚ ਮਘੋਰਾ ਕਰ ਦਿੱਤਾ ਹੈ। ਉਂਝ ਵੀ ਕਿਸੇ ਵਿਸ਼ੇਸ਼ ਭੁਗੋਲਿਕ ਖਿੱਤੇ ਵਿਚ ਰਚੇ ਜਾਂਦੇ ਸਾਹਿਤ ਦਾ ਮੁਲਾਂਕਣ ਤੇ ਵਿਸ਼ਲੇਸ਼ਣ ਕਰਨ ਲਈ ਆਪਣੇ ਆਲੋਚਕ. ਦੀ ਲੋੜ ਇਸ ਕਰਕੇ ਵੀ ਹੁੰਦੀ ਹੈ ਕਿ ਉਹ ਆਪਣਾ ਆਲੋਚਕ. ਹੀ ਉਸ ਖਿੱਤੇ ਦੇ ਜੀਵਨ ਤੇ ਸਮੱਸਿਆਵਾਂ ਬਾਰੇ ਪ੍ਰਮਾਣਿਕ ਜਾਣਕਾਰੀ ਰੱਖ ਸਕਦਾ ਹੈ। ਬਾਹਰੋਂ ਆਏ ਆਲੋਚਕ ਕੋਲ ਉਸ ਸਾਹਿਤ ਦੀ ਕਿਸੇ ਵਿਸ਼ੇਸ਼ ਵਿਧਾ ਦੀ ਕਲਾਤਮਕਤਾ ਨੂੰ ਪਛਾਨਣ ਵਾਲੀ ਦੂਰ-ਦ੍ਰਿਸ਼ਟੀ. ਤਾਂ ਹੋ ਸਕਦੀ ਹੈ ਪਰ ਉਸ ਖਿੱਤੇ ਦੇ ਸਾਹਿਤ ਵਿਚ ਪੇਸ਼ ਸੰਬੰਧਿਤ ਜੀਵਨ ਬਾਰੇ ਨਿਕਟ-ਦ੍ਰਿਸ਼ਟੀ. ਦੀ ਅਣਹੋਂਦ ਕਾਰਨ ਉਹ ਸੰਬੰਧਿਤ ਸਾਹਿਤ ਦਾ ਸ਼ਾਇਦ ਏਨਾ ਸਹੀ ਮੁਲਾਂਕਣ ਨਹੀਂ ਕਰ ਸਕਦਾ। ਇਸ ਮਕਸਦ ਦੀ ਪੂਰਤੀ ਉਸ ਵਿਸ਼ੇਸ਼ ਖਿੱਤੇ ਦਾ ਆਪਣਾ ਆਲੋਚਕ. ਹੀ ਸ਼ਾਇਦ ਵਧੇਰੇ ਚੰਗੀ ਤਰ੍ਹਾਂ ਕਰ ਸਕਦਾ ਹੈ, ਬਸ਼ਰਤੇ ਕਿ ਉਸ ਕੋਲ ਆਲੋਚਨਾਤਮਕ ਪ੍ਰਤਿਭਾ ਦੀ ਅਣਹੋਂਦ ਨਾ ਹੋਵੇ। ਕਨੇਡੀਅਨ ਪੰਜਾਬੀ ਸਾਹਿਤ ਦੇ ਧੰਨਭਾਗ ਹਨ ਕਿ ਉਸਨੂੰ ਇਸ ਪੁਸਤਕ ਦੇ ਮਾਧਿਅਮ ਰਾਹੀਂ ਪਹਿਲੀ ਵਾਰ ਉਸਦਾ œਆਪਣਾ ਆਲੋਚਕ. ਪ੍ਰਾਪਤ ਹੋਇਆ ਹੈ। ਇਸ ਪਹਿਲ-ਪਲੱਕੜੀ ਪਾਈ ਇਤਿਹਾਸਕ ਪੈੜ ਦੇ ਪਿੱਛੇ ਪੈਰ ਰੱਖ ਕੇ ਤੁਰਨ ਲਈ ਸੁਖਿੰਦਰ ਨੇ ਭਵਿੱਖ ਦੇ ਕਨੇਡੀਅਨ ਪੰਜਾਬੀ ਆਲੋਚਕਾਂ ਨੂੰ ਰਾਹ ਵੀ ਵਿਖਾਇਆ ਹੈ।
ਅੱਜ ਜਦੋਂ ਸਾਰਾ ਸੰਸਾਰ ਮੰਡੀ ਕੀਮਤਾਂ ਦੇ ਜਕੜ-ਜੰਜਾਲ ਵਿਚ ਫ਼ਸ ਕੇ ਰਹਿ ਗਿਆ ਹੈ ਤੇ ਮਨੁੱਖ ਅਤੇ ਰਿਸ਼ਤੇ ਵੀ ਖ਼ਰੀਦੇ ਜਾਣ ਵਾਲੀ ਵਸਤ ਤੱਕ ਘਟ ਜਾਂ ਘਟਾ ਦਿੱਤੇ ਗਏ ਹਨ, ਉਸ ਸਮੇਂ ਵਿਚ ਕੋਈ ਕਾਰਜ ਇਸ ਮਨਸ਼ਾ ਨਾਲ ਕਰਨਾ ਕਿ ਉਸ ਵਿਚ ਲੇਖਕ ਨੂੰ ਕਿਸੇ ਕਿਸਮ ਦਾ ਮੁਨਾਫ਼ਾ ਹਾਸਲ ਨਾ ਹੋਣਾ ਹੋਵੇ, ਬਹੁਤੀ ਵਾਰ ਸੰਭਵ ਵਿਖਾਈ ਨਹੀਂ ਦਿੰਦਾ। ਇਸ ਪੁਸਤਕ ਨੂੰ ਸਿਰਜਿਦਿਆਂ ਤੇ ਛਾਪਦਿਆਂ ਸੁਖਿੰਦਰ ਨੂੰ ਕਿਸੇ ਅਜਿਹੇ œਮੁਨਾਫ਼ੇ. ਦੀ ਝਾਕ ਨਹੀਂ। ਉਸਨੇ ਨਿਰੋਲ ਬੇਗ਼ਰਜ਼ ਭਾਵਨਾ ਨਾਲ ਇਸ ਪੁਸਤਕ ਨੂੰ ਕੇਵਲ ਇਸ ਕਰਕੇ ਰਚਿਆ ਹੈ ਕਿ ਇਸ ਨਾਲ ਇਕ ਤਾਂ ਸਮੁੱਚੇ ਕਨੇਡੀਅਨ ਪੰਜਾਬੀ ਸਾਹਿਤ ਦਾ ਇੱਕ ਸੰਗਠਿਤ ਬਿੰਬ ਉਜਾਗਰ ਹੋ ਸਕੇ ਤੇ ਦੂਜਾ ਕਨੇਡੀਅਨ ਪੰਜਾਬੀ ਆਲੋਚਨਾ ਦਾ ਮੁੱਢ ਬੰਨ੍ਹਿਆਂ ਜਾ ਸਕੇ। ਹਾਂ, ਪਹਿਲੇ ਕਨੇਡੀਅਨ ਪੰਜਾਬੀ ਆਲੋਚਕ ਵਜੋਂ ਆਪਣੀ ਪੈਂਠ ਬਨਾਉਣ ਦੀ ਭਾਵਨਾ ਜ਼ਰੂਰ ਇਸ ਪਿੱਛੇ ਕਾਰਜਸ਼ੀਲ ਹੋ ਸਕਦੀ ਹੈ ਪਰ ਇਸ ਭਾਵਨਾ ਨੂੰ ਕਿਸੇ ਵੀ ਤਰੀਕੇ ਨਾਲ ਮੰਡੀ ਕੀਮਤਾਂ ਦੇ ਲਾਲਚ ਨਾਲ ਨਹੀਂ ਜੋੜਿਆ ਜਾ ਸਕਦਾ। ਇਸ ਬੇਗ਼ਰਜ਼ ਕਾਰਜ-ਸਿਧੀ ਲਈ ਵੀ ਸੁਖਿੰਦਰ ਵਧਾਈ ਦਾ ਪਾਤਰ ਹੈ।
ਇਹ ਪੁਸਤਕ ਕਿਉਂਕਿ ਕਨੇਡੀਅਨ ਪੰਜਾਬੀ ਸਾਹਿਤ. ਦੀ ਸਮੀਖਿਆ ਨਾਲ ਸੰਬੰਧਿਤ ਹੈ, ਇਸ ਲਈ ਇਸਦਾ ਪਾਠਕ ਸਭ ਤੋਂ ਪਹਿਲਾਂ ਇਹ ਵੇਖਣਾ ਜਾਂ ਜਾਨਣਾ ਚਾਹਵੇਗਾ ਕਿ ਕਨੇਡੀਅਨ ਪੰਜਾਬੀ ਸਾਹਿਤ. ਦੇ ਪਛਾਣ-ਚਿੰਨ੍ਹ ਕੀ ਹਨ। ਇਸ ਸਾਹਿਤ ਨੂੰ ਕਨੇਡੀਅਨ. ਅਖਵਾਉਣ ਲਈ ਜ਼ਰੂਰੀ ਹੈ ਕਿ ਜਿੱਥੇ ਇਸ ਵਿੱਚ ਕਨੇਡਾ ਦੇ ਭੂਗੋਲ, ਪ੍ਰਕਿਰਤੀ, ਸ਼ਹਿਰਾਂ, ਥਾਵਾਂ, ਮੌਸਮ ਆਦਿ ਦੇ ਦਿੱਖ ਦੀ ਪੱਧਰ ਵਾਲੇ ਹਵਾਲੇ ਹੋਣ ਓਥੇ ਇਸ ਮੁਲਕ ਦੇ ਬਹੁ-ਸਭਿਆਚਾਰਕ ਸਰੂਪ ਦੇ ਪਰਸੰਗ ਵਿੱਚ ਪੰਜਾਬੀਆਂ. ਅਤੇ ਪੱਛਮੀ. ਲੋਕਾਂ ਦੀ ਦਵੰਦਾਤਮਕ ਰਿਸ਼ਤਗੀ ਦੇ ਬਿਰਤਾਂਤ ਤੋਂ ਇਲਾਵਾ ਵਿਸ਼ੇਸ਼ ਪਰਕਾਰ ਦੀ ਕਨੇਡੀਅਨ ਜੀਵਨ-ਸ਼ੈਲੀ ਦਾ (ਟਰੈਫ਼ਿਕ, ਪੁਲਿਸ ਪ੍ਰਬੰਧ, ਮਾਲਜ਼, ਵਿਦਿਅਕ ਮਾਹੌਲ, ਸਿਹਤ ਸੇਵਾਵਾਂ, ਰੁਜ਼ਗਾਰ, ਰਾਜਨੀਤੀ ਜਾਂ ਧਾਰਮਿਕ ਵਿਸ਼ਵਾਸ ਵਗ਼ੈਰਾ ਆਦਿ ਦਾ ਸੰਕੇਤਿਕ) ਸਜਿੰਦ ਚਿਤਰ ਵੀ ਹੋਵੇ ਅਤੇ ਕਨੇਡਾ ਆਣ ਵੱਸੇ ਪੰਜਾਬੀਆਂ ਦੇ ਉਹਨਾਂ ਜੀਵਨ ਸਰੋਕਾਰਾਂ ਦੀ ਕਹਾਣੀ ਵੀ ਕਹੀ ਹੋਵੇ ਜਿਹੜੇ ਸਰੋਕਾਰ; ਜੇ ਉਹ ਲੋਕ ਕਨੇਡਾ ਵਿੱਚ ਨਾ ਆਉਂਦੇ ਤਾਂ, ਕਦੀ ਪੰਜਾਬੀ ਸਾਹਿਤ ਦਾ ਵਿਸ਼ਾ-ਵਸਤੂ ਨਹੀਂ ਸਨ ਬਣਨੇ। ਭਾਵੇਂ ਬਹੁਤੇ ਪਰਵਾਸੀ ਪੰਜਾਬੀਆਂ ਦੇ ਪੱਛਮੀ ਰਹਿਤਲ ਨਾਲ ਸੰਵਾਦ-ਵਿਵਾਦ ਵਿੱਚ ਪੈਣ ਵਾਲੇ ਵਧੇਰੇ ਸਰੋਕਾਰ ਬਹੁਤ ਹੱਦ ਤੱਕ ਸਾਂਝੇ ਹੀ ਹੋਣਗੇ (ਹੇਰਵਾ, ਨਸਲੀ ਵਿਤਕਰਾ, ਪੀੜ੍ਹੀ-ਪਾੜਾ, ਸਭਿਆਚਾਰਕ ਤਣਾਓ, ਸਭਿਆਚਾਰਕ ਅਨੁਕੂਲਣ ਆਦਿ) ਫਿਰ ਵੀ ਉਹਨਾਂ ਮੁਲਕਾਂ ਵਿੱਚ ਵੱਸਦੇ ਲੇਖਕਾਂ ਦੇ ਵਿਸ਼ੇਸ਼ ਲਿਖਣ-ਅੰਦਾਜ਼, ਰਚਨਾਤਮਕ-ਦ੍ਰਿਸ਼ਟੀ, ਪ੍ਰਤਿਭਾ ਅਨੁਸਾਰ ਆਪਣੇ ਅਵਾਸ ਦੇ ਮੁਲਕ ਦੇ ਨਿਰੋਲ ਨਿੱਜੀ ਪਛਾਣ-ਚਿੰਨ੍ਹਾਂ ਦੇ ਜ਼ਿਕਰ ਦੇ ਹਵਾਲੇ ਨਾਲ ਉਸ ਸਾਹਿਤ ਨੂੰ ਕਨੇਡੀਅਨ ਪੰਜਾਬੀ ਸਾਹਿਤ ਨਾਲੋਂ ਨਿਖੇੜਿਆ ਜਾ ਸਕਦਾ ਹੈ। ਫਿਰ ਵੀ ਅਮਰੀਕੀ ਪੰਜਾਬੀ ਸਾਹਿਤ. ਨਾਲੋਂ ਕਨੇਡੀਅਨ ਪੰਜਾਬੀ ਸਾਹਿਤ. ਨੂੰ ਨਿਖੇੜਨ ਲਈ ਸ਼ਾਇਦ ਬਾਹਰੀ ਹਵਾਲਿਆਂ ਤੋਂ ਇਲਾਵਾ ਕੇਵਲ ਲੇਖਕ ਦੇ œਕਨੇਡੀਅਨ ਪੰਜਾਬੀ. ਜਾਂ ਅਮਰੀਕਨ ਪੰਜਾਬੀ. ਹੋਣ ਦੇ ਹਵਾਲਿਆਂ ਨਾਲ ਹੀ ਨਿਖੇੜਿਆ ਜਾ ਸਕਦਾ ਹੈ।
ਭਾਵੇਂ ਕਿ ਅਜਿਹੀ ਇਤਿਹਾਸਕ ਮਹੱਤਵ ਵਾਲੀ ਪੁਸਤਕ ਵਿਚ ਲੇਖਕ ਤੋਂ ਇਹ ਉਮੀਦ ਕੀਤੀ ਜਾਣੀ ਵਾਜਬ ਹੈ ਕਿ ਉੁਹ ਮੁਖ-ਬੰਧ ਵਿਚ ਨਿਰਣਾਜਨਕ ਢੰਗ ਨਾਲ ਕਨੇਡੀਅਨ ਪੰਜਾਬੀ ਸਾਹਿਤ ਦੇ ਪਛਾਣ ਤੇ ਨਿਖੇੜ-ਚਿੰਨ੍ਹਾਂ ਬਾਰੇ ਚਰਚਾ ਕਰਦਾ ਤੇ ਇਹ ਵੀ ਦੱਸਦਾ ਕਿ ਇਸਨੂੰ ਹੋਰ ਮੁਲਕਾਂ ਵਿਚ ਅਤੇ ਪੰਜਾਬ/ਭਾਰਤ ਵਿਚ ਲਿਖੇ ਜਾ ਰਹੇ ਸਾਹਿਤ ਨਾਲੋਂ ਕਿਵੇਂ ਵਖਰਿਆਇਆ ਜਾ ਸਕਦਾ ਹੈ। ਲੇਖਕ ਅਜਿਹੀ ਲੋੜ ਨੂੰ ਮੁੱਖ-ਬੰਧ ਵਿਚ ਸੰਕੇਤਿਕ ਤੌਰ ’ਤੇ ਹੀ ਪੂਰਿਆਂ ਕਰਦਾ ਹੈ। ਉਹ ਜਾਣਦਾ ਹੈ ਕਿ , ਕਨੇਡੀਅਨ ਸਮਾਜ ਵਿਚ ਹੋਰਨਾਂ ਪੱਛਮੀ ਦੇਸ਼ਾਂ ਨਾਲੋਂ ਕਈ ਗੱਲਾਂ ਵੱਖਰੀਆਂ ਹਨ. ਅਤੇ ਇਸ ਵੱਖਰੇਪਨ ਨੂੰ ਉਹ ਕਨੇਡਾ ਦੇ ਬਹੁ-ਸਭਿਆਚਾਰਕ. ਸਮਾਜ ਵਜੋਂ ਪਛਾਣਦਾ ਹੈ ਤੇ ਇਸ ਸਮਾਜ ਦੀਆਂ ਪ੍ਰਾਪਤੀਆਂ ਤੇ ਵਿਸੰਗਤੀਆਂ ਦੀ ਪੇਸ਼ਕਾਰੀ ਨੂੰ ਕਨੇਡੀਅਨ ਪੰਜਾਬੀ ਸਾਹਿਤ ਦਾ ਮੁੱਖ ਪਛਾਣ-ਚਿੰਨ੍ਹ ਨਿਰਧਾਰਤ ਕਰਦਾ ਹੈ। ਪਰ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਦੇ ਸਮੁਚੇ ਹਵਾਲੇ ਨਾਲ ਜੇ ਇਹਨਾਂ ਪਛਾਣ-ਚਿੰਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਤਾਂ ਵਧੇਰੇ ਸਾਰਥਿਕ ਗੱਲ ਹੋਣੀ ਸੀ। ਇਸੇ ਕਰਕੇ ਇਹਨਾਂ ਨਿਖੇੜ-ਚਿੰਨ੍ਹਾਂ ਨੂੰ ਜਾਨਣ ਪਛਾਨਣ ਲਈ ਪਾਠਕ ਨੂੰ ਵੱਖ ਵੱਖ ਲੇਖਕਾਂ ਦੀਆਂ ਰਚਨਾਵਾਂ ਬਾਰੇ ਕੀਤੀ ਚਰਚਾ ਵਿਚ ਡੂੰਘਾ ਉੱਤਰਨਾ ਪੈਂਦਾ ਹੈ। ਲੋੜ ਇਸ ਗੱਲ ਦੀ ਵੀ ਸੀ ਕਿ ਸਾਡਾ ਆਲੋਚਕ ਵਿਭਿੰਨ ਵਿਧਾਵਾਂ ਵਿਚ ਲਿਖੇ ਜਾ ਰਹੇ ਸਾਹਿਤ ਦੀ ਵਿਲੱਖਣਤਾ ਤੇ ਵੱਖਰਤਾ ਬਾਰੇ ਕੋਈ ਜਚਵਾਂ ਨਿਰਣਾ ਦਿੰਦਾ ਅਤੇ ਦੱਸਦਾ ਕਿ ਕਨੇਡੀਅਨ ਪੰਜਾਬੀ ਕਵਿਤਾ, ਨਾਵਲ, ਕਹਾਣੀ, ਨਾਟਕ ਜਾਂ ਵਾਰਤਕ ਦੀਆਂ ਵਿਧਾਵਾਂ ਸਮੁੱਚੇ ਤੌਰ ’ਤੇ ਕਿਸ ਪੱਧਰ ਦੀਆਂ ਹਨ ਅਤੇ ਇਹਨਾਂ ਵਿਧਾਵਾਂ ਨੂੰ ਮੁੱਖ ਧਾਰਾ ਵਿਚ ਲਿਖੇ ਜਾ ਰਹੇ ਸਾਹਿਤ ਦੇ ਤੁੱਲ ਕਿੱਥੇ ਕੁ ਰੱਖਿਆ ਜਾ ਸਕਦਾ ਹੈ ਅਤੇ ਉਸ ਪੱਧਰ. ਨੂੰ ਮਾਪਣ ਦੇ ਕਿਹੜੇ ਮਾਪ-ਦੰਡ ਹਨ! ਲੇਖਕ ਉਸ ਸਵਾਲ ਦੇ ਵੀ ਸਿੱਧਾ ਰੁਬਰੂ ਨਹੀਂ ਹੁੰਦਾ, ਜਿਸ ਸਵਾਲ ਨੂੰ ਕਈ ਚਰਚਿਤ ਪੰਜਾਬੀ ਲੇਖਕ ਅਕਸਰ ਉਠਾਉਂਦੇ ਹਨ ਕਿ ਉਹਨਾਂ ਦੇ ਲਿਖੇ ਸਾਹਿਤ ਨੂੰ ਖ਼ਾਨਿਆਂ ਵਿਚ ਵੰਡ ਕੇ ਨਾ ਵੇਖਿਆ ਜਾਵੇ ਸਗੋਂ ਉਸਦਾ ਮੁਲਾਂਕਣ ਜਾਂ ਵਿਸ਼ਲੇਸ਼ਣ ਮੁੱਖਧਾਰਾ ਦੇ ਸਾਹਿਤ ਦੇ ਅੰਤਰਗਤ ਹੀ ਕੀਤਾ ਜਾਵੇ। ਇਸ ਪੁਸਤਕ ਦੇ ਟਾਈਟਲ ਕਵਰ ’ਤੇ ਹੀ ਸੁਖਪਾਲ ਨੇ ਸਾਹਿਤ ਨੂੰ œਦੇਸੀ-ਪਰਵਾਸੀ-ਪਾਕਿਸਤਾਨੀ ਜਾਂ ਅਜਿਹੇ ਹੋਰ ਮਨਘੜਤ ਖ਼ਿਤਿਆਂ ਵਿਚ ਵੰਡੇ ਜਾਣ. ’ਤੇ ਇਤਰਾਜ਼ ਕੀਤਾ ਹੈ। ਸੁਖਿੰਦਰ ਨੂੰ ਇਸ ਸਵਾਲ ਦੇ ਰੂਬਰੂ ਵੀ ਹੋਣਾ ਚਾਹੀਦਾ ਸੀ ਤੇ ਸਪਸ਼ਟ ਤੌਰ ’ਤੇ ਕਨੇਡੀਅਨ ਸਾਹਿਤ ਲਈ ਵੱਖਰਾ œਖ਼ਾਨਾ. ਨਿਯਤ ਕਰਨ ਦਾ ਤਰਕ ਵੀ ਦੇਣਾ ਚਾਹੀਦਾ ਸੀ। ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਇਹ ਤਰਕ ਉਸਦੀ ਆਲੋਚਨਾ ਵਿਚ ਵੱਖ ਵੱਖ ਥਾਵਾਂ ’ਤੇ ਖਿੰਡਿਆ ਹੋਇਆ ਤਾਂ ਪਿਆ ਹੈ ਪਰ ਇਸਦਾ ਸੰਗਠਿਤ ਤੇ ਸਮੁੱਚਾ ਉੱਤਰ ਇੱਕੋ ਥਾਂ ਤੇ ਨਿਰਣਾਜਨਕ ਢੰਗ ਨਾਲ ਉਪਲਬਧ ਹੁੰਦਾ ਤਾਂ ਪੁਸਤਕ ਦੀ ਸਾਰਥਿਕਤਾ ਹੋਰ ਵੀ ਵਧ ਜਾਣੀ ਸੀ।
ਇਸੇ ਕਾਰਨ ਕਈ ਸਵਾਲ ਹੋਰ ਵੀ ਅਣਸੁੁਲਝੇ ਰਹਿ ਗਏ ਹਨ। ਲੇਖਕ ਅਨੁਸਾਰ ਕਨੇਡੀਅਨ ਪੰਜਾਬੀ ਸਾਹਿਤ ਦਾ ਮੀਰੀ ਗੁਣ. ਕਨੇਡੀਅਨ ਪੰਜਾਬੀ ਮਾਨਸਿਕਤਾ ਨੂੰ ਦਰਪੇਸ਼ ਸਭਿਆਚਾਰਕ, ਸਮਾਜਿਕ ਤੇ ਆਰਥਿਕ ਸੰਕਟਾਂ ਦੀ ਨਿਸ਼ਾਨਦੇਹੀ ਕਰਨਾ ਹੈ (ਪੰਨਾ-419)। ਮੁੱਖਬੰਧ ਵਿਚ ਵੀ ਕਨੇਡੀਅਨ ਬਹੁਸਭਿਆਚਾਰ ਦੇ ਹਵਾਲੇ ਨਾਲ ਲੇਖਕ ਨੇ ਕਨੇਡੀਅਨ ਪੰਜਾਬੀ ਸਾਹਿਤ ਨੂੰ ਨਿਖੇੜਿਆ ਸੀ ਪਰ ਜਦੋਂ ਲੇਖਕ ਵੱਲੋਂ ਚਰਚਾ ਅਧੀਨ ਲਿਆਂਦੇ ਲੇਖਕਾਂ ਦੀਆਂ ਸੰਬੰਧਿਤ ਪੁਸਤਕਾਂ ਵਿਚਲੇ ਵਸਤੂ ਵੱਲ ਧਿਆਨ ਮਾਰੀਏ ਤਾਂ ਉਹਨਾਂ ਵਿਚੋਂ ਬਹੁਤ ਸਾਰੇ ਲੇਖਕ ਅਜਿਹੇ ਹਨ ਜਿਨ੍ਹਾਂ ਦੀਆਂ ਲਿਖਤਾਂ ਵਿਚੋਂ ਕਨੇਡੀਅਨ ਪੰਜਾਬੀ ਸਾਹਿਤ ਦੇ ਪਛਾਣ-ਚਿੰਨ੍ਹਾਂ ਦੇ ਝਲਕਾਰੇ ਨਹੀਂ ਮਿਲਦੇ। ਉਹ ਮੁੱਖ ਧਾਰਾ ਦੇ ਪੰਜਾਬੀ ਜੀਵਨ ਦੇ ਸਰੋਕਾਰਾਂ ਦੀ ਬਾਤ ਹੀ ਪਾਉਂਦੇ ਨਜ਼ਰ ਆਉਂਦੇ ਹਨ। ਕਨੇਡਾ. ਉਹਨਾਂ ਦੀਆਂ ਰਚਨਾਵਾਂ ਵਿਚ ਕਿਧਰੇ ਦਿਖਾਈ ਨਹੀਂ ਦਿੰਦਾ। ਉਦਾਹਰਣ ਦੇ ਤੌਰ ’ਤੇ ਅਸੀਂ ਗੁਰਚਰਨ ਰਾਮਪੁਰੀ ਦੀ ਪੁਸਤਕ œਅਗਨਾਰ. ਦਾ ਜ਼ਿਕਰ ਕਰ ਸਕਦੇ ਹਾਂ ਜਿਸ ਵਿਚ ਪੰਜਾਬ/ ਭਾਰਤ ਵਿਚਲੇ ਅੱਤਵਾਦ ਦੇ ਦੌਰ ਦਾ ਹੀ ਕਾਵਿਕ ਬਿਆਨ ਹੈ। ਪੂਰਨ ਸਿੰਘ ਪਾਂਧੀ ਦੀ ਪੁਸਤਕ ਵੀ ਸਮੁੱਚੀ ਜੀਵਨ-ਜਾਚ ਨਾਲ ਸੰਬੰਧਿਤ ਹੈ ਕਿਸੇ œਵਿਸ਼ੇਸ਼ ਕਨੇਡੀਅਨ ਜੀਵਨ ਜਾਚ. ਨਾਲ ਨਹੀਂ। ਜਸਵੀਰ ਕਾਲਰਵੀ ਦੇ ਨਾਵਲ ਵਿਚੋਂ ਵੀ ਕਨੇਡੀਅਨ ਪਰਸੰਗ ਗ਼ੈਰ ਹਾਜ਼ਰ ਹਨ। ਓਸੇ ਤਰ੍ਹਾਂ ਗੁਰਦੇਵ ਚੌਹਾਨ ਦੀ ਪੁਸਤਕ ਚਸ਼ਮਦੀਦ. ਵਿਚਲੇ ਰੇਖਾ-ਚਿਤਰ ਅਤੇ ਨਿਬੰਧ ਕਿਸੇ ਵੀ ਤਰ੍ਹਾਂ œਕਨੇਡੀਅਨ ਪੰਜਾਬੀ ਸਾਹਿਤ. ਦੀ ਪਰਿਭਾਸ਼ਾ ’ਤੇ ਪੂਰੇ ਨਹੀਂ ਉੱਤਰਦੇ। ਉਹ ਮੁਖਧਾਰਾ ਦੇ ਪੰਜਾਬੀ ਸਾਹਿਤ ਦਾ ਹੀ ਅੰਗ ਹਨ। ਗੁਰਬਖ਼ਸ਼ ਭੰਡਾਲ ਦੀ ਕਵਿਤਾ ਦੇ ਹਵਾਲੇ ਵੀ ਉਸਨੂੰ ਕਨੇਡੀਅਨ ਸਾਹਿਤਕਾਰ ਅਖਵਾਉਣ ਦੇ ਰਾਹ ਵਿਚ ਰੁਕਾਵਟ ਬਣਦੇ ਦਿਖਾਈ ਦਿੰਦੇ ਹਨ।
ਮੈਂ ਇਹ ਨਹੀਂ ਕਹਿੰਦਾ ਕਿ ਇਹਨਾਂ ਲੇਖਕਾਂ ਦੀਆਂ ਹੋਰ ਰਚਨਾਵਾਂ ਵਿਚ ਵੀ ਕਨੇਡੀਅਨ ਜੀਵਨ ਸਰੋਕਾਰ. ਗ਼ੈਰਹਾਜ਼ਰ ਹੋਣਗੇ। ਹੋ ਸਕਦਾ ਹੈ ਕਿ ਉਹਨਾਂ ਦੀਆਂ ਉਹ ਲਿਖਤਾਂ ਸੁਖਿੰਦਰ ਵੱਲੋਂ ਸਿਰਜੀ ਕਨੇਡੀਅਨ ਪੰਜਾਬੀ ਸਾਹਿਤ. ਦੀ ਹਕੀਕੀ ਕਸਵੱਟੀ ’ਤੇ ਪੂਰਾ ਉੱਤਰਦੇ ਹੋਏ ਕਨੇਡੀਅਨ ਸਾਹਿਤ ਦਾ ਹੀ ਅੰਗ ਹੋਣ। ਪਰ ਨਿਰੋਲ ਕਨੇਡੀਅਨ ਸਰੋਕਾਰਾਂ ਤੋਂ ਬਾਹਰ ਨਿਕਲ ਕੇ ਸਮੁੱਚੇ ਪੰਜਾਬੀ ਜੀਵਨ ਨੂੰ ਜਾਂ ਭਾਰਤੀ ਪੰਜਾਬੀ ਜੀਵਨ ਨੂੰ ਕਲਾਵੇ ਵਿਚ ਲੈਂਦੀਆਂ ਇਹਨਾਂ ਲੇਖਕਾਂ ਦੀਆਂ ਪੁਸਤਕਾਂ ਨੂੰ ਇਸ ਪੁਸਤਕ ਵਿਚ ਚਰਚਾ ਅਧੀਨ ਲੈ ਆਉਣਾ ਏਥੇ ਇਹ ਸਵਾਲ ਉਠਾਉਣ ਲਈ ਪ੍ਰੇਰਿਤ ਕਰਦਾ ਕਿ ਕੀ ਕਨੇਡਾ ਵਿਚ ਆਵਾਸ ਗ੍ਰਹਿਣ ਕਰ ਲੈਣ ਨਾਲ ਹੀ ਕੋਈ ਲੇਖਕ œਕਨੇਡੀਅਨ ਲੇਖਕ. ਤੇ ਉਸ ਦੁਆਰਾ ਰਚਿਤ ਸਾਹਿਤ ਕਨੇਡੀਅਨ ਪੰਜਾਬੀ ਸਾਹਿਤ. ਬਣ ਜਾਂਦਾ ਹੈ? ਲੇਖਕ ਵੱਲੋਂ ਆਪ ਹੀ ਨਿਰਧਾਰਤ ਕੀਤੇ œਕਨੇਡੀਅਨ ਪੰਜਾਬੀ ਸਾਹਿਤ. ਦੀ ਪਰਿਭਾਸ਼ਾ ’ਤੇ ਇਹ ਗੱਲ ਪੂਰੀ ਨਹੀਂ ਉੱਤਰਦੀ। ਲੇਖਕ ਨੂੰ ਇਸ ਮਸਲੇ ਨਾਲ ਵੀ ਨਜਿੱਠਣਾ ਚਾਹੀਦਾ ਸੀ। ਸਵਾਲ ਤਾਂ ਇਹ ਵੀ ਬਣਦਾ ਹੈ ਕਿ ਕੀ ਕੋਈ ਲੇਖਕ ਕਨੇਡਾ ਦਾ ਵਸਨੀਕ ਨਾ ਹੋਵੇ; ਰਹਿੰਦਾ ਵੀ ਪੰਜਾਬ ਵਿੱਚ ਹੋਵੇ ਪਰ ਰਚਨਾ ਕਨੇਡੀਅਨ ਜੀਵਨ ਸਰੋਕਾਰਾਂ ਬਾਰੇ ਕਰ ਰਿਹਾ ਹੋਵੇ ਤਾਂ ਉਸਦੀ ਰਚਨਾ ਨੂੰ ਕਨੇਡੀਅਨ ਪੰਜਾਬੀ ਰਚਨਾ. ਕਿਹਾ ਜਾ ਸਕਦਾ ਹੈ। ਭਾਰਤ ਵੱਸਦੇ ਬਲਵਿੰਦਰ ਗਰੇਵਾਲ ਦੀ ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ. ਬਹੁ-ਚਰਚਿਤ ਕਹਾਣੀ ਦਾ ਇਸ ਪਰਸੰਗ ਵਿੱਚ ਜ਼ਿਕਰ ਕੀਤਾ ਜਾ ਸਕਦਾ ਹੈ ਜਿਸਦੇ ਸਰੋਕਾਰ ਤੇ ਪੇਸ਼ਕਾਰੀ ਦਾ ਸਾਰਾ ਧਰਾਤਲ ਹੀ ਕਨੇਡਾ ਹੈ ਤੇ ਉਸਨੂੰ ਪੰਜਾਬੀ ਦੀਆਂ ਬਹੁਤ ਵਧੀਆ ਕਹਾਣੀਆਂ ਵਿਚ ਵੀ ਸ਼ਾਮਲ ਕੀਤਾ ਜਾਂਦਾ ਹੈ।
ਕਿਸੇ ਆਲੋਚਨਾਤਮਕ ਕਿਰਤ ਬਾਰੇ ਜਾਨਣ/ਸਮਝਣ ਲਈ ਜ਼ਰੂਰੀ ਹੈ ਕਿ ਉਹ ਆਲੋਚਕ ਸੰਬੰਧਿਤ ਰਚਨਾ ਨੂੰ ਪਰਖ਼ਣ ਪੜਚੋਲਣ ਲਈ ਕਿਸ ਆਲੋਚਨਾ-ਵਿਧੀ ਦਾ ਸਹਾਰਾ ਲੈਂਦਾ ਹੈ। ਸੁਖਿੰਦਰ ਨੇ ਜੋ ਆਲੋਚਨਾ-ਵਿਧੀ ਵਰਤੀ ਹੈ, ਉਹ ਸਮਾਜ-ਸ਼ਾਸ਼ਤਰੀ ਆਲੋਚਨਾ ਪ੍ਰਣਾਲੀ ਦੇ ਨਜ਼ਦੀਕ ਹੈ। ਕਿਸੇ ਰਚਨਾ ਨੂੰ ਸਮਝਣ ਲਈ ਉਹ ਉਸ ਵਿਚ ਪੇਸ਼ ਵਿਸ਼ਾ-ਵਸਤੂ ਦੀ ਵਿਆਖਿਆ ਤੇ ਵਿਵੇਚਨ ਤੱਕ ਹੀ ਸੀਮਤ ਰਹਿੰਦਾ ਹੈ। ਵਿਸ਼ਾ-ਕੇਂਦਰਿਤ ਆਲੋਚਨਾ ਵਿਧੀ ਅਪਨਾਉਣ ਕਰਕੇ ਉਹ ਕਿਸੇ ਵਿਸ਼ੇਸ਼ ਰਚਨਾ ਵਿਚ ਪੇਸ਼ ਜੀਵਨ ਸਰੋਕਾਰਾਂ ਜਾਂ ਸਮੱਸਿਆਵਾਂ ਬਾਰੇ ਪਹਿਲਾਂ ਆਪਣੀ ਸਾਧਾਰਨੀਕ੍ਰਿਤ ਰਾਇ ਪ੍ਰਸਤੁਤ ਕਰਦਾ ਹੈ। ਫਿਰ ਸੰਬੰਧਿਤ ਰਚਨਾ ਵਿਚੋਂ ਲੰਮੀ ਟੂਕ, ਵਾਰਤਾਲਾਪ ਦਾ ਲੰਮਾਂ ਅੰਸ਼ ਜਾਂ ਕਾਵਿ-ਟੋਟਾ/ਟੋਟੇ ਦੇ ਕੇ ਆਪਣੀ ਪਹਿਲਾਂ ਦਿੱਤੀ ਹੋਈ ਰਾਇ ਨੂੰ ਪੁਸ਼ਟ ਤੇ ਪ੍ਰਮਾਣਿਤ ਕਰਦਾ ਹੈ। ਫਿਰ ਪਹਿਲਾਂ ਦਿੱਤੀ ਰਾਇ ਦਾ ਹੀ ਕੋਈ ਅਗਲਾ ਵਿਸਥਾਰ ਦਿੰਦਾ ਹੈ ਜਾਂ ਕਿਸੇ ਨਵੇਂ ਨੁਕਤੇ ਨੂੰ ਛੂੰਹਦਾ ਹੈ ਤੇ ਉਸਨੂੰ ਪੁਸ਼ਟ ਕਰਨ ਲਈ ਉਸ ਰਚਨਾ ਵਿਚੋਂ ਲੰਮਾਂ ਹਵਾਲਾ ਬਿਆਨ ਕਰਦਾ ਹੈ। ਕਈ ਵਾਰ ਇਹ ਤਰਤੀਬ ਬਦਲ ਵੀ ਜਾਂਦੀ ਹੈ। ਉਹ ਪਹਿਲਾਂ ਸਮੱਸਿਆ ਵੱਲ ਸੰਕੇਤ ਕਰ ਦਿੰਦਾ ਹੈ ਤੇ ਫਿਰ ਰਚਨਾ ਵਿਚੋਂ ਟੂਕ ਦਿੰਦਾ ਹੈ। ਉਸਤੋਂ ਉਪਰੰਤ ਉਸ ਟੂਕ ਦੇ ਹਵਾਲੇ ਨਾਲ ਉਸ ਵਿਸ਼ੇਸ਼ ਪੱਖ ਦੀ ਵਿਆਖਿਆ ਵੀ ਕਰਦਾ ਹੈ ਤੇ ਨਾਲ ਦੇ ਨਾਲ ਸੰਬੰਧਿਤ ਮਸਲੇ ਬਾਰੇ ਆਪਣਾ ਮੱਤ ਵੀ ਪ੍ਰਸਤੁਤ ਕਰਦਾ ਹੈ। ਇੰਝ ਲੜੀ ਦਰ ਲੜੀ ਇਹ ਵਿਆਖਿਆ ਚੱਲਦੀ ਰਹਿੰਦੀ ਹੈ। ਇੰਝ ਉਹ ਮਸਲਿਆਂ ਪ੍ਰਤੀ ਲੇਖਕ ਦੇ ਵਿਸ਼ੇਸ਼ ਸਿਧਾਂਤਕ ਪੈਂਤੜਿਆਂ ਦੀ ਨਿਸ਼ਾਨਦੇਹੀ ਕਰਦਾ ਤੁਰਿਆ ਜਾਂਦਾ ਹੈ।
ਜਦੋਂ ਕੋਈ ਆਲੋਚਕ ਕਨੇਡੀਅਨ ਸਮਾਜ ਦੀਆਂ ਸਮੱਸਿਆਵਾਂ ਅਤੇ ਸਰੋਕਾਰਾਂ ਬਾਰੇ ਕਿਸੇ ਵਿਸ਼ੇਸ਼ ਲੇਖਕ ਦੀ ਵਿਸ਼ੇਸ਼ ਰਚਨਾ ਦੇ ਹਵਾਲੇ ਨਾਲ ਆਲੋਚਨਾ ਜਾਂ ਵਿਆਖਿਆ ਕਰ ਰਿਹਾ ਹੋਵੇ ਤਾਂ ਉਹਨਾਂ ਸਮਾਜਿਕ-ਸਭਿਆਚਾਰਕ, ਰਾਜਨੀਤਕ, ਧਾਰਮਿਕ ਤੇ ਆਰਥਿਕ ਮਸਲਿਆਂ ਬਾਰੇ ਉਸ ਕੋਲ ਲੋੜੀਂਦੀ ਜਾਣਕਾਰੀ ਤੇ ਉਹਨਾਂ ਮਸਲਿਆਂ ਦਾ ਵਿਸ਼ਲੇਸ਼ਣ ਕਰ ਸਕਣ ਦੀ ਪ੍ਰਮਾਣਿਕ ਸਮਝ ਹੋਣੀ ਵੀ ਲਾਜ਼ਮੀ ਹੈ। ਸੁਖਿੰਦਰ ਇਸ ਜਾਣਕਾਰੀ ਨਾਲ ਭਰਪੂਰ ਹੈ। ਉਹ ਕਨੇਡੀਅਨ ਪੰਜਾਬੀ ਸਮਾਜ, ਧਰਮ, ਸਭਿਆਚਾਰ, ਰਾਜਨੀਤੀ ਬਾਰੇ ਭਰੋਸੇਯੋਗ ਜਾਣਕਾਰੀ ਹੀ ਨਹੀਂ ਰੱਖਦਾ ਸਗੋਂ ਇਸਦੇ ਨਾਲ ਹੀ ਇਹਨਾਂ ਪੱਖਾਂ ਬਾਰੇ ਉਸਦਾ ਇਕ ਆਪਣਾ ਨਿਸਚਿਤ ਮੱਤ ਵੀ ਹੈ। ਇਸ ਮੱਤ ਪਿੱਛੇ ਉਸਦਾ ਆਪਣਾ ਦਿਕਾਰਜਸ਼ੀਲ ਹੈ। ਇਹ ਦ੍ਰਿਸ਼ਟੀਕੋਨ ਰਾਜਨੀਤਕ ਸ਼ਬਦਾਵਲੀ ਅਨੁਸਾਰ œਮਾਰਕਸਵਾਦੀ. ਜਾਂ ਸਾਹਿਤਕ ਸ਼ਬਦਾਵਾਲੀ ਅਨੁਸਾਰ, œਪ੍ਰਗਤੀਵਾਦੀ. ਆਖਿਆ ਜਾ ਸਕਦਾ ਹੈ। ਉਹ ਜਦੋਂ ਵੀ ਰਚਨਾਵਾਂ ਵਿਚ ਪੇਸ਼ ਮਸਲਿਆਂ ਜਾਂ ਵਰਤਾਰਿਆਂ ਨੂੰ ਪਛਾਣ ਰਿਹਾ ਹੁੰਦਾ ਹੈ ਤਾਂ ਇਸ ਪਛਾਣ ਪਿੱਛੇ ਉਸਦਾ ਪ੍ਰਗਤੀਵਾਦੀ ਦ੍ਰਿਸ਼ਟੀਕੋਨ ਹੀ ਕਾਰਜਸ਼ੀਲ ਦਿਖਾਈ ਦਿੰਦਾ ਹੈ। ਵਿਚਾਰ ਅਧੀਨ ਸਤਵੰਜਾ ਲੇਖਕਾਂ ਨੇ ਪਰਵਾਸੀ ਪੰਜਾਬੀਆਂ ਨਾਲ ਸੰਬੰਧਿਤ ਲਗਭਗ ਸਾਰੇ ਹੀ ਮੁੱਦੇ ਆਪਣੀਆਂ ਰਚਨਾਵਾਂ ਵਿਚ ਚਰਚਾ ਅਧੀਨ ਲੈ ਆਂਦੇ ਹਨ ਅਤੇ ਇਹਨਾਂ ਮੁੱਦਿਆਂ ਬਾਰੇ ਇਕ ਸਮਾਜ ਵਿਗਿਆਨੀ ਵਾਂਗ ਸੁਖਿੰਦਰ ਨੇ ਆਪਣੀ ਪ੍ਰਮਾਣਿਕ ਅਤੇ ਨਿਰਣਾਜਨਕ ਰਾਇ ਵੀ ਪ੍ਰਸਤੁਤ ਕੀਤੀ ਹੈ। ਪਾਠਕ ਪੁਸਤਕ ਨੂੰ ਪੜ੍ਹਦਿਆਂ ਕਨੇਡੀਅਨ ਪੰਜਾਬੀ ਪਰਵਾਸੀਆਂ ਦੇ ਜੀਵਨ ਇਤਿਹਾਸ, ਏਥੇ ਸਥਾਪਤ ਹੋਣ ਲਈ ਕੀਤੇ ਸੰਘਰਸ਼ ਅਤੇ ਇਥੋਂ ਤੇ ਸਮਾਜ-ਸਭਿਆਚਾਰ ਨਾਲ ਤਣਾਓਸ਼ੀਲ ਰਿਸ਼ਤੇ ਦੇ ਵਿਭਿੰਨ ਪਸਾਰਾਂ ਦੀ ਸੋਝੀ ਗ੍ਰਹਿਣ ਕਰਦਾ ਹੈ। ਇਸ ਪੱਖੋਂ ਸਾਹਿਤਕ ਦੇ ਨਾਲ ਨਾਲ ਇਸ ਪੁਸਤਕ ਦਾ ਸਮਾਜਿਕ-ਸਭਿਆਚਾਰਕ ਤੇ ਇਤਿਹਾਸਕ ਮਹੱਤਵ ਵੀ ਬਣ ਜਾਂਦਾ ਹੈ। ਕਨੇਡੀਅਨ ਸਾਹਿਤ ਨੂੰ ਜਾਨਣ ਤੇ ਖੋਜਣ ਦੀ ਇੱਛਾ ਰੱਖਣ ਵਾਲਿਆਂ ਵੱਲੋਂ ਇਸਨੂੰ ਇਕ ਸੰਦਰਭ-ਗ੍ਰੰਥ ਵਜੋਂ ਵੀ ਇਸਤੇਮਾਲ ਕੀਤਾ ਜਾ ਸਕੇਗਾ।
ਇਹ ਪੁਸਤਕ ਕਿਉਂਕਿ ਕਨੇਡੀਅਨ ਪੰਜਾਬੀ ਸਾਹਿਤ ਬਾਰੇ ਪਹਿਲੀ ਪੁਸਤਕ ਹੈ ਤੇ ਇਸ ਪੱਖੋਂ ਵਿਆਪਕ ਪੱਧਰ ਤੇ ਇਕੋ ਵੇਲੇ ਵੱਖ ਵੱਖ ਵਿਧਾਵਾਂ ਦੇ ਲੇਖਕਾਂ ਦੀਆਂ ਅਨੇਕਾਂ ਪੁਸਤਕਾਂ ਦੇ ਵਿਵੇਚਨ ਨੂੰ ਇਕੋ ਥਾਂ ਤੇ ਪ੍ਰਸਤੁਤ ਕਰਕੇ ਤੇ ਪਾਠਕਾ ਨੂੰ ਇਸ ਸਾਹਿਤ ਨੂੰ ਪੜ੍ਹਨ ਲਈ ਤੇ ਨਵੇਂ ਆਲੋਚਕਾਂ ਨੂੰ ਇਸ ਸਾਹਿਤ ਨੂੰ ਸਮਝਣ ਤੇ ਪਰਖ਼ਣ ਲਈ ਪ੍ਰੇਰਿਤ ਕਰਨ ਲਈ ਇਸ ਪੁਸਤਕ ਨੇ ਇਤਿਹਾਸਕ ਰੋਲ ਤਾਂ ਨਿਭਾਇਆ ਹੀ ਹੈ ਪਰ ਇਸਦੇ ਨਾਲ ਪਹਿਲੀ ਪੁਸਤਕ ਵਾਲੀਆਂ ਕੁਝ ਸੀਮਾਵਾਂ ਵੀ ਇਸ ਵਿਚ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਕਿਸੇ ਵੀ ਰਚਨਾ ਦੀ ਆਲੋਚਨਾ ਕਰਨ ਲਈ ਵਿਧੀ ਭਾਵੇਂ ਕੋਈ ਵੀ ਵਰਤੀ ਜਾਵੇ, ਸੁਚੇਤ ਪਾਠਕ ਦੀ ਆਲੋਚਕ ਕੋਲੋਂ ਇਹ ਮੰਗ ਹੁੰਦੀ ਹੈ ਕਿ ਉਹ ਸੰਬੰਧਿਤ ਰਚਨਾ ਦੇ ਅੰਦਰ ਦਾਖ਼ਲ ਹੋਣ ਲਈ ਉਸ ਅੱਗੇ ਸਾਰੇ ਦਰਵਾਜ਼ੇ ਖੋਲ੍ਹੇ। ਮਸਲਨ: ਕਿਸੇ ਰਚਨਾ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਉਸ ਵਿਚ ਪੇਸ਼ ਰਚਨਾ ਵਸਤੂ ਦੇ ਵਿਸ਼ਲੇਸ਼ਣ ਲਈ ਕਾਰਜਸ਼ੀਲ ਰਚਨਾ-ਦ੍ਰਿਸ਼ਟੀ ਨੂੰ ਵੀ ਸਮਝਿਆ ਜਾਵੇ ਤੇ ਫਿਰ ਇਹ ਵੀ ਸਮਝਿਆ ਜਾਵੇ ਕਿ ਉਸ ਵਿਸ਼ੇਸ਼ ਰਚਨਾ ਦ੍ਰਿਸ਼ਟੀ ਦੇ ਹਵਾਲੇ ਨਾਲ ਕਿਸੇ ਵਸਤੂ ਨੂੰ ਚੁਣਨ ਤੇ ਫਿਰ ਪੇਸ਼ ਕਰਨ ਲਈ ਕਿਸ ਹੁਨਰਮੰਦੀ ਦਾ ਕਮਾਲ ਕੀਤਾ ਗਿਆ ਹੈ। ਕੋਈ ਵੀ ਲੇਖਕ ਆਪਣੇ ਅਨੁਭਵ ਅਤੇ ਕਲਪਨਾ ਦੇ ਸਹਾਰੇ ਵਿਸ਼ਾਲ ਜੀਵਨ ਵਿਚੋਂ ਕੁਝ ਟੋਟੇ ਆਪਣੀ ਰਚਨਾ ਵਿਚ ਪੇਸ਼ ਕਰਨ ਲਈ ਚੁਣਦਾ ਹੈ ਅਤੇ ਫਿਰ ਉਸਨੂੰ ਆਪਣੇ ਆਤਮ-ਅਨੁਭਵ ਦਾ ਭਾਗ ਬਣਾ ਕੇ ਹੁਨਰਮੰਦੀ ਨਾਲ ਉਸ ਵਿਸ਼ੇਸ਼ ਵਿਧਾ ਦੀ ਸ਼ਕਲ ਵਿਚ ਕਾਗ਼ਜ਼ਾਂ ’ਤੇ ਉੇਤਾਰਦਾ ਹੈ। ਇਸ ਲਈ ਕਿਸੇ ਵੀ ਰਚਨਾ ਦਾ ਸਹੀ ਮੁੱਲ ਪਾਉਣ ਲਈ ਉਸ ਰਚਨਾ ਦੀ ਵਿਧਾਗਤ ਵਿਲੱਖਣਤਾ ਨੂੰ ਪਛਾਨਣਾ ਬਹੁਤ ਜ਼ਰੂਰੀ ਹੈ। ਕੀ ਉਹ ਵਿਸ਼ੇਸ਼ ਰਚਨਾ ਕਵਿਤਾ, ਕਹਾਣੀ, ਨਾਵਲ ਜਾਂ ਨਾਟਕ ਬਣ ਵੀ ਸਕੀ ਹੈ ਜਾਂ ਨਹੀਂ, ਇਹ ਜਾਨਣਾ ਵੀ ਬਹੁਤ ਜ਼ਰੂਰੀ ਹੈ। ਸਾਹਿਤ ਦੇ ਸਿਆਣੇ ਤਾਂ ਇਹ ਵੀ ਕਹਿੰਦੇ ਹਨ ਕਿ ਸਿਆਣਾ ਆਲੋਚਕ ਰਚਨਾ ਦੀ ਤਕਨੀਕ ਨੂੰ ਖੋਲ੍ਹਣ ਦਾ ਆਹਰ ਕਰਦਿਆਂ ਹੀ ਰਚਨਾ ਦੀ ਕਲਾਤਮਕਤਾ, ਉਸ ਵਿਚ ਪੇਸ਼ ਰਚਨਾ ਦ੍ਰਿਸ਼ਟੀ ਤੇ ਰਚਨਾ ਵਸਤੂ ਦਾ ਸਹੀ ਮੁਲਾਂਕਣ ਕਰ ਲੈਂਦਾ ਹੈ। ਮਾਰਕ ਸ਼ੋਰਰ ਦਾ ਕਥਨ, ਤਕਨੀਕ ਹੀ ਦਰਿਆਫ਼ਤ ਹੈ. ਇਸ ਮਕਸਦ ਲਈ ਅਕਸਰ ਹੀ ਦੁਹਰਾਇਆ ਜਾਂਦਾ ਹੈ।
ਸੁਖਿੰਦਰ ਨੇ ਸੰਬੰਧਿਤ ਰਚਨਾਵਾਂ ਨੂੰ ਸਮਝਦਿਆਂ ਰਚਨਾ ਦੀ ਕਲਾ, ਸੁਹਜਾਤਮਕਤਾ ਜਾਂ ਉਸਦੇ ਤਕਨੀਕੀ ਪੱਖ ਨੂੰ ਅਸਲੋਂ ਹੀ ਅਣਗੌਲਾ ਕੀਤੀ ਰੱਖਿਆ ਹੈ। ਉਸਦੀ ਆਲੋਚਨਾ ਪੜ੍ਹਦਿਆਂ ਇਹ ਤਾਂ ਪਤਾ ਲੱਗਦਾ ਹੈ ਕਿ ਲੇਖਕ ਨੇ ਕਿਹੜੇ ਵਿਸ਼ੇ ਤੇ ਕਲਮ-ਅਜ਼ਮਾਈ ਕੀਤੀ ਹੈ ਤੇ ਉਸਦੀ ਉਸ ਮਸਲੇ ’ਤੇ ਕਿੰਨੀ ਕੁ ਪਕੜ ਹੈ ਤੇ ਉਸ ਵਿਸ਼ੇਸ਼ ਲੇਖਕ ਦਾ ਉਸ ਵਿਸ਼ੇਸ਼ ਮਸਲੇ ਬਾਰੇ ਦ੍ਰਿਸ਼ਟੀਕੋਨ ਕੀ ਹੈ, ਪਰ ਉਸ ਰਚਨਾ ਦੀ ਤਕਨੀਕ ਜਾਂ ਕਲਾਪੱਖ ਬਾਰੇ ਡੂੰਘਾਈ ਵਿਚ ਜਾ ਕੇ ਉਸਨੂੰ ਸਮਝਣ ਦੀ ਖ਼ੇਚਲ ਕਰਨੋਂ ਆਲੋਚਕ ਉੱਕ ਗਿਆ ਹੈ। ਮਿਸਾਲ ਦੇ ਤੌਰ ’ਤੇ ਨਦੀਮ ਪਰਮਾਰ ਦੇ ਨਾਵਲ ਚਿੱਟੀ ਮੌਤ ਬਾਰੇ ਸੁਖਿੰਦਰ ਦੀ ਆਲੋਚਨਾ ਪੜ੍ਹਦਿਆਂ ਮੈਨੂੰ ਉਸ ਵਿਚ ਪੇਸ਼ ਪਾਤਰ ਦੇ ਏਡਜ਼ ਪੀੜਤ ਹੋਣ ਬਾਰੇ ਤਾਂ ਜਾਣਕਾਰੀ ਮਿਲਦੀ ਹੈ ਤੇ ਏਡਜ਼ ਦੀ ਬੀਮਾਰੀ ਦੇ ਹੋਣ, ਫ਼ੈਲਣ ਜਾਂ ਇਲਾਜ ਬਾਰੇ ਗਿਆਨ ਵੀ ਮਿਲਦਾ ਹੈ ਪਰ ਬਤੌਰ ਨਾਵਲ. ਉਹ ਰਚਨਾ ਕਿਹੋ ਜਿਹੀ ਹੈ, ਇਸਦੀ ਕੋਈ ਵੀ ਜਾਣਕਾਰੀ ਉਪਲਬਧ ਨਹੀਂ। ਇਕ ਸੁਚੇਤ ਪਾਠਕ ਵਜੋਂ ਮੈਂ ਇਹ ਵੀ ਜਾਨਣਾ ਚਾਹੁੰਦਾ ਹਾਂ ਕਿ ਉਸ ਵਿਚ ਪਾਤਰ ਉਸਾਰੀ ਦਾ ਵਿਧਾਨ ਕਿਹੋ ਜਿਹਾ ਹੈ, ਬਿਰਤਾਂਤ ਦੀ ਪੇਸ਼ਕਾਰੀ ਦਾ ਪੱਧਰ ਕਿਹੋ ਕਿਹਾ ਹੈ, ਨਾਵਲਕਾਰ ਦੀ ਰਚਨਾ-ਸ਼ੈਲੀ ਕਿਹੋ ਜਿਹੀ ਹੈ ਆਦਿ ਆਦਿ; ਪਰ ਮੈਨੂੰ ਇਸਦੀ ਕਿਧਰੇ ਇਕ ਝਲਕ ਵੀ ਨਹੀਂ ਮਿਲਦੀ। ਕਲਾ ਦੇ ਨਾਂ ’ਤੇ ਲੇਖ ਦੀ ਆਖ਼ਰੀ ਸਤਰ ਵਿਚ ਉਹ ਇਸਨੂੰ œਖ਼ੂਬਸੂਰਤ. ਨਾਵਲ ਆਖ ਕੇ ਵਡਿਆਉਂਦਾ ਹੈ ਪਰ ਇਹ ਭੁੱਲ ਜਾਂਦਾ ਹੈ ਕਿ ਕਿਸੇ ਰਚਨਾ ਦੀ ਖ਼ੂਬਸੂਰਤੀ ਉਸਦੀ ਕਲਾਤਮਕਤਾ ਦੇ ਨਕਸ਼-ਨਿਗ਼ਾਰ ਵਿਚ ਪਈ ਹੁੰਦੀ ਹੈ। ਜਸਵੀਰ ਕਾਲਰਵੀ, ਤ੍ਰਿਲੋਚਨ ਗਿੱਲ ਅਤੇ ਅਮਰਜੀਤ ਸਿੰਘ ਦੇ ਨਾਵਲਾਂ ਬਾਰੇ ਵੀ ਇਹੋ ਗੱਲ ਆਖੀ ਜਾ ਸਕਦੀ ਹੈ। ਕੇਵਲ ਉਹ ਤ੍ਰਿਲੋਚਨ ਗਿੱਲ ਦੇ ਨਾਵਲ ਵਿਚਲੀ ਵਿਉਂਤਬੰਦੀ ਵਿਚ ਬੇਲੋੜੇ ਵਿਸਥਾਰ ਵੱਲ ਹੀ ਮਾੜਾ ਜਿਹਾ ਸੰਕੇਤ ਕਰਦਾ ਹੈ ਤੇ ਫਿਰ ਆਮ ਵਾਂਗ ਨਾਵਲ ਦੀ ਵਿਆਖਿਆ ਕਰਨ ਵੱਲ ਰੁਚਿਤ ਹੋ ਜਾਂਦਾ ਹੈ। ਇੰਝ ਹੀ ਕਵੀਆਂ ਦੀਆਂ ਰਚਨਾਵਾਂ ਬਾਰੇ ਇਹ ਚਰਚਾ ਕਿਧਰੇ ਨਹੀਂ ਛਿੜਦੀ ਕਿ ਕੀ œਉਹਨਾਂ ਦੀ ਕਵਿਤਾ, ਕਵਿਤਾ ਵੀ ਬਣੀ ਹੈ ਕਿ ਨਹੀਂ?. ਜੇ ਉਹ ਗੁਰਦਰਸ਼ਨ ਬਾਦਲ ਦੇ ਗੀਤਾਂ ਦੀ ਗੱਲ ਕਰ ਰਿਹਾ ਹੈ ਤਾਂ ਮੇਰੀ ਇੱਛਾ ਹੈ ਕਿ ਉਹ ਇਹ ਵੀ ਦੱਸੇ ਕਿ ਚੰਗੇ ਗੀਤ ਦੀ ਰੂਹ ਕਿੱਥੇ ਲੁਕੀ ਹੁੰਦੀ ਹੈ ਤੇ ਗੁਰਦਰਸ਼ਨ ਬਾਦਲ ਨੇ ਉਹਨਾਂ ਗੀਤਾਂ ਦੀ ਰੂਹ ਨੂੰ ਕਿੰਨਾਂ ਕੁ ਲੱਭਿਆ ਹੈ। ਇੰਝ ਹੀ ਕਸ਼ਮੀਰਾ ਸਿੰਘ ਚਮਨ ਜਾਂ ਸ਼ਮਸ਼ੇਰ ਸਿੰਘ ਸੰਧੂ ਦੀਆਂ ਗ਼ਜ਼ਲਾਂ ਬਾਰੇ ਪੜ੍ਹਦਿਆਂ ਸੁਹਿਰਦ ਪਾਠਕ ਇਹਨਾਂ ਦੀ ਗ਼ਜ਼ਲੀਅਤ ਬਾਰੇ ਵੀ ਜਾਨਣਾ ਚਾਹੇਗਾ ਤੇ ਇਹ ਪੁੱਛਣਾ ਵੀ ਉਸਦਾ ਹੱਕ ਹੈ ਕਿ ਗ਼ਜ਼ਲ ਲੇਖਕ ਨੇ ਗ਼ਜ਼ਲ ਦਾ ਵਿਧਾਨ ਕਿਹੋ ਜਿਹਾ ਨਿਭਾਇਆ ਹੈ। ਵਾਰਤਕ ਭਾਵੇਂ ਗੁਰਦੇਵ ਚੌਹਾਨ ਲਿਖ ਰਿਹਾ ਹੋਵੇ, ਭਾਵੇਂ ਬਲਬੀਰ ਮੋਮੀ ਜਾਂ ਇਕਬਾਲ ਮਾਹਲ ਪਾਠਕ ਦਾ ਇਹ ਪੁੱਛਣਾ ਵੀ ਹੱਕ-ਬ-ਜਾਨਬ ਹੈ ਕਿ ਲੇਖਕ ਕੋਲ ਸ਼ਬਦਾਂ ਨੂੰ ਜੋੜਨ-ਬੀੜਨ ਦਾ ਹੁਨਰ ਕਿਹੋ ਜਿਹਾ ਹੈ, ਉਸਦੀ ਰਚਨਾ ਸ਼ੈਲੀ ਦੀਆਂ ਕੀ ਵਿਸ਼ੇਸ਼ਤਾਈਆਂ ਹਨ, ਜਿਨ੍ਹਾਂ ਦੇ ਆਧਾਰ ’ਤੇ ਉਸਨੂੰ ਹੋਰ ਲੇਖਕਾਂ ਦੀਆਂ ਲਿਖਤਾਂ ਤੋਂ ਨਿਖੇੜਿਆ ਤੇ ਵੱਖਰਾ ਪਛਾਣਿਆਂ ਜਾ ਸਕਦਾ ਹੈ। ਅਸਲ ਵਿਚ ਸੁਖਿੰਦਰ ਦਾ ਸਾਰਾ ਜ਼ੋਰ ਸੰਬੰਧਿਤ ਰਚਨਾਵਾਂ ਵਿਚ ਪੇਸ਼ ਮਸਲੇ ਤੇ ਉਸ ਵਿਚ ਨਿਹਿਤ ਵਿਚਾਰਧਾਰਾ ਦੀ ਵਿਆਖਿਆ ਅਤੇ ਵਿਸ਼ਲੇਸ਼ਣ ’ਤੇ ਹੀ ਲੱਗਾ ਰਹਿੰਦਾ ਹੈ ਪਰ ਕੋਈ ਵਿਚਾਰ ਸਾਹਿਤ ਕਿਵੇਂ ਬਣਦਾ ਹੈ ਇਸ ਵੱਲ ਉਸਦਾ ਬਹੁਤ ਘੱਟ ਧਿਆਨ ਜਾਂਦਾ ਹੈ। ਇਹ ਤਾਂ ਐਵੇਂ ਚੱਲਦੇ ਚੱਲਦੇ ਕੁਝ ਇਕ ਰਚਨਾਵਾਂ ਦਾ ਹਵਾਲਾ ਦਿੱਤਾ ਗਿਆ ਹੈ, ਪਰ ਇਸ ਪੁਸਤਕ ਵਿਚੋਂ ਬਹੁਤ ਸਾਰੀਆਂ ਅਜਿਹੀਆਂ ਰਚਨਾਵਾਂ ਹਨ ਜਿਨ੍ਹਾਂ ਦੇ ਕਲਾ ਪੱਖ ਨੂੰ ਲੇਖਕ ਨੇ ਛੁਹਿਆ ਤੱਕ ਨਹੀਂ। ਵਿਸਥਾਰ ਤੋਂ ਬਚਣ ਲਈ ਮੈਂ ਹੋਰ ਹਵਾਲੇ ਦੇਣ ਤੋਂ ਸੰਕੋਚ ਕਰਦਾ ਹਾਂ।
ਕੋਈ ਲੇਖਕ ਕਿਸ ਕਲਾਤਮਕ ਮੁਹਾਰਤ ਨਾਲ ਸੰਬੰਧਿਤ ਮਸਲਿਆਂ ਨੂੰ ਬਿਆਨ ਕਰਦਾ ਹੈ, ਏਸੇ ਵਿਚ ਹੀ ਉਸ ਲੇਖਕ ਦੀ ਹੁਨਰਮੰਦੀ ਦਾ ਹੁਸਨ ਲੁਕਿਆ ਹੁੰਦਾ ਹੈ ਅਤੇ ਇਸ ਹੁਸਨ. ਨੇ ਹੀ ਉਸ ਲੇਖਕ ਨੂੰ ਉੱਤਮ, ਮੱਧਮ ਜਾਂ ਨਿਮਨ ਦਰਜੇ ਦਾ ਲੇਖਕ ਸਾਬਤ ਕਰਨਾ ਹੁੰਦਾ ਹੈ। ਅਜਿਹੀ ਗੱਲ ਵੀ ਨਹੀਂ ਕਿ ਸੁਖਿੰਦਰ ਕੋਲ ਕਿਸੇ ਰਚਨਾ ਦੀ ਕਲਾ ਨੂੰ ਪਰਖਣਦੀ ਅਸਲੋਂ ਹੀ ਸੋਝੀ ਨਾ ਹੋਵੇ ਜਾਂ ਉਹ ਸਾਹਿਤਕ ਰਚਨਾਵਾਂ ਦੇ ਕਲਾਤਮਕ ਮਹੱਤਵ ਨੂੰ ਅਸਲੋਂ ਘਟਾ ਕੇ ਵੇਖਦਾ ਹੋਵੇ। ਸਿਧਾਂਤਕ ਪੱਧਰ ’ਤੇ ਉਹ ਭਲੀ-ਭਾਂਤ ਜਾਣਦਾ ਹੈ ਕਿ ਕਿਸੇ ਲੇਖਕ ਦੀ ਵਡਿਆਈ ਦਾ ਪਹਿਲਾ ਮਾਪ-ਦੰਡ ਲੇਖਕ ਦੀ ਕਲਾ-ਕੌਸ਼ਲਤਾ ਹੀ ਹੈ। ਬਲਬੀਰ ਸਿੰਘ ਮੋਮੀ ਬਾਰੇ ਚਰਚਾ ਕਰਦਿਆਂ ਉਹ ਦੱਸਦਾ ਹੈ ਕਿ ਮੋਮੀ ਨੇ ਸੰਸਾਰ ਦੇ ਪ੍ਰਸਿੱਧ ਲੇਖਕ ਪੜ੍ਹੇ ਹੋਏ ਹਨ ਅਤੇ ਮੋਮੀ ਦੀਆਂ ਲਿਖਤਾਂ ਵਿਚ ਇਹੋ ਜਿਹੇ ਮਹਾਨ ਸਾਹਿਤਕਾਰਾਂ ਦੀਆਂ ਲਿਖਤਾਂ ਦੇ ਸ਼ਿਲਪੀ ਝਲਕਾਰੇ ਪੈਂਦੇ ਹਨ, ਬਲਬੀਰ ਮੋਮੀ ਦੀਆਂ ਲਿਖਤਾਂ ਦੇ ਅਜਿਹੇ ਗੁਣਾਂ ਕਰਕੇ ਹੀ ਉਸਨੂੰ ਕਨੇਡਾ ਦੇ ਨਾਮਵਰ ਅਤੇ ਚਰਚਿਤ ਪੰਜਾਬੀ ਲੇਖਕਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ।.(ਪੰਨਾਂ:430) ਪਰ ਸੁਖਿੰਦਰ ਆਪ ਪਤਾ ਨਹੀਂ ਕਿਉਂ ਵਿਚਾਰ-ਅਧੀਨ ਲੇਖਕਾਂ ਦੀਆਂ ਰਚਨਾਵਾਂ ਵਿਚਲੇ ਸ਼ਿਲਪੀ ਝਲਕਾਰਿਆਂ ਤੋਂ ਨਜ਼ਰਾਂ ਚੁਰਾ ਕੇ ਲੰਘ ਜਾਂਦਾ ਹੈ। ਕਿਉਂਕਿ ਆਲੋਚਕ ਰਚਨਾ ਦੇ ਕਲਾਤਮਕ ਪਹਿਲੂਆਂ ਨੂੰ ਬਹੁਤ ਹੀ ਘੱਟ ਛੂੰਹਦਾ ਹੈ, ਇਸ ਲਈ ਸਾਧਾਰਨ ਪਾਠਕ ਨੂੰ ਕਨੇਡੀਅਨ ਨਾਵਲਕਾਰਾਂ, ਕਹਾਣੀਕਾਰਾਂ, ਕਵੀਆਂ ਜਾਂ ਵਾਰਤਕ ਲੇਖਕਾਂ ਦੀਆਂ ਰਚਨਾਵਾਂ ਬਾਰੇ ਜਾਣਕਾਰੀ ਤਾਂ ਮਿਲ ਜਾਂਦੀ ਹੈ,ਉਹਨਾਂ ਵਿਚ ਪੇਸ਼ ਸਮਾਜ-ਸਭਿਆਚਾਰ ਦੀਆਂ ਵੰਨਗੀਆਂ ਤੇ ਸ਼ਿਲੇਸ਼ਣ ਵੀ ਪ੍ਰਾਪਤ ਹੋ ਜਾਂਦਾ ਹੈ ਪਰ ਇਹ ਪਤਾ ਲਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਕਲਾ ਦੇ ਪੱਖੋਂ ਇਹਨਾਂ ਵਿਚੋਂ ਕਿਹੜਾ ਉੱਤਮ, ਮੱਧਮ ਜਾਂ ਨਿਮਨ ਦਰਜੇ ਦਾ ਲੇਖਕ ਹੈ। ਇਸ ਪੁਸਤਕ ਵਿਚ ਸਾਰੇ ਲੇਖਕ ਇਕੋ ਜਿਹੇ ਨਜ਼ਰ ਆਉਂਦੇ ਹਨ।
ਸਿਰਫ਼ ਕੁਝ ਇਕ ਲੇਖਕਾਂ ਦੀਆਂ ਰਚਨਾਵਾਂ ਦੀ ਗੱਲ ਕਰਦਿਆਂ ਉਹ ਸੰਬੰਧਿਤ ਵਿਧਾ ਦੇ ਕਲਾ-ਵਿਧਾਨ ਵੱਲ ਵੀ ਸੰਕੇਤ ਕਰਦਾ ਹੈ ਤੇ ਵਿਧਾਗਤ ਨੇਮਾਂ ਦੀ ਰੌਸ਼ਨੀ ਵਿਚ ਸੰਬੰਧਿਤ ਲੇਖਕਾਂ ਦੀਆਂ ਰਚਨਾਵਾਂ ਬਾਰੇ ਆਪਣੀ ਨਿਰਣਾ-ਜਨਕ ਰਾਇ ਵੀ ਪੇਸ਼ ਕਰਦਾ ਹੈ। ਉਹਨਾਂ ਕੁਝ ਇਕ ਲੇਖਕਾਂ, ਜਿਨ੍ਹਾਂ ਦੇ ਲਿਖਣ-ਢੰਗ ਬਾਰੇ ਉਸਨੇ ਸੰਕੇਤਿਕ ਜਿਹੀ ਚਰਚਾ ਕੀਤੀ ਹੈ, ਵਿਚੋਂ ਇਸ ਤੱਥ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਜਰਨੈਲ ਸਿੰਘ ਕਹਾਣੀਕਾਰ, ਬਲਬੀਰ ਸੰਘੇੜਾ, ਕੁਲਜੀਤ ਮਾਨ, ਜਰਨੈਲ ਸਿੰਘ ਗਰਚਾ ਬਾਰੇ ਚਰਚਾ ਕਰਦਿਆਂ ਉਹ ਚੰਗੀ ਕਲਾਤਮਕ ਕਹਾਣੀ ਦੀਆਂ ਕਲਾਤਮਕ ਲੋੜਾਂ ਵੱਲ ਸਹਿਜੇ ਹੀ ਧਿਆਨ ਦਿਵਾ ਜਾਂਦਾ ਹੈ ਅਤੇ ਕਿਸੇ ਕਹਾਣੀ ਨੂੰ ਸਮਝਣ ਲਈ ਆਪਣੇ ਕਲਾਤਮਕ ਪੈਮਾਨੇ ਵੱਲ ਸੰਕੇਤਿਕ ਝਾਤ ਵੀ ਪੁਆ ਜਾਂਦਾ ਹੈ। ਉਸ ਅਨੁਸਾਰ ਕਹਾਣੀ ਦੀ ਧੀਮੀ ਤੋਰ ਨਾਲ ਕਹਾਣੀਆਂ ਵਿਚ ਤਨਾਓ ਵੀ ਹੌਲੀ ਹੌਲੀ ਪੈਦਾ ਹੁੰਦਾ ਹੈ। (ਪੰਨਾਂ:419) ਜ਼ਾਹਿਰ ਹੈ ਕਿ ਉਸ ਅਨੁਸਾਰ ਕਹਾਣੀ ਦੀ ਤੋਰ ਨਾਵਲੀ ਜਾਂ ਮੱਧਮ ਗਤੀ ਵਾਲੀ ਹੋਣ ਦੀ ਥਾਂ ਤੇਜ਼ ਗਤੀ ਵਾਲੀ ਹੋਣੀ ਚਾਹੀਦੀ ਹੈ ਅਤੇ ਕਹਾਣੀ ਵਿਚ ਪਾਠਕ ਦੀ ਜਗਿਆਸਾ ਜਗਾਈ ਰੱਖਣ ਲਈ ਤਨਾਓ ਵੀ ਮਘਦਾ ਰਹਿਣਾ ਚਾਹੀਦਾ ਹੈ। ਕਹਾਣੀ ਦਾ ਅੰਤ ਵੀ ਉਸ ਅਨੁਸਾਰ ਝੰਜੋੜਨ ਵਾਲਾ. ਹੋਣਾ ਚਾਹੀਦਾ ਹੈ ਅਤੇ ਕਹਾਣੀ ਭਾਵ-ਵਿਰੇਚਨ ਕਰਨ ਵਾਲੀ ਨਾ ਹੋ ਕੇ ਪਾਠਕ ਨੂੰ ਬੇਚੈਨ ਕਰਨ ਵਾਲੀ ਹੋਵੇ, ਜਿਸਨੂੰ ਪੜ੍ਹ ਕੇ ਪਾਠਕ ਨੂੰ ਰਾਤ ਭਰ ਨੀਂਦ ਨਾ ਆਵੇ।(ਪੰਨਾਂ:320-21) ਜਾਣਦਾ ਤਾਂ ਉਹ ਇਹ ਵੀ ਹੈ ਕਿ ਕਹਾਣੀ ਵਿਚ ਵਾਰਤਾਲਾਪ ਸਿਰਜਣ ਦੀ ਵੀ ਵਿਸ਼ੇਸ਼ ਕਲਾ ਹੈ ਤੇ ਵਾਰਤਾਲਾਪ ਉਹੋ ਹੀ ਪ੍ਰਭਾਵਸ਼ਾਲੀ ਹੋਣਗੇ ਜਿਨ੍ਹਾਂ ਦੀ ਉਚਾਰਣੀ ਭਾਸ਼ਾ ਜੀਵਨ ਅਤੇ ਪਾਤਰਾਂ ਦੀ ਉਮਰ, ਕਿੱਤੇ, ਪਿਛੋਕੜ ਅਤੇ ਸਮਝ ਦਾ ਯਥਾਰਥਕ ਬਿਆਨ ਕਰਨ ਵਾਲੀ ਹੋਵੇ। ਨਹੀਂ ਤਾਂ ਵਾਰਤਾਲਾਪ ਨਕਲੀ.(ਪੰਨਾਂ:257) ਜਾਪਣਗੇ। ਕੁਲਜੀਤ ਮਾਨ ਦੀ ਕਹਾਣੀ ਚਿੜੀ. ਦੇ ਹਵਾਲੇ ਨਾਲ ਉਹ ਉਸਦੀ ਭਾਸ਼ਾ ਵਿਚਲੀ ਵਧੇਰੀ ਕਾਵਿਕਤਾ ਵੱਲ ਧਿਆਨ ਦਿਵਾਉਂਦਾ (ਪੰਨਾ: 256) ਅਚੇਤ ਹੀ ਇਸ ਗੱਲ ਵੱਲ ਵੀ ਅਣਕਿਹਾ ਸੰਕੇਤ ਛੱਡ ਜਾਂਦਾ ਹੈ ਕਿ ਕਵਿਤਾ ਨੂੰ ਭਾਵੇਂ ਗਲਪ ਵਿਚ ਵਰਤੇ ਜਾਣ ਦੀ ਮਨਾਹੀ ਨਹੀਂ ਪਰ ਗਲਪ ਲਿਖਦਿਆਂ ਕਵਿਤਾ ਨੂੰ ਗਲਪ ਦੀ ਭਾਸ਼ਾ ਦਾ ਅੰਗ ਬਣ ਕੇ ਹੀ ਸ਼ਾਮਲ ਹੋਣਾ ਪੈਣਾ ਹੈ। ਉਹ ਕਹਾਣੀ ਵਿਚ ਵਰਤੀ ਜਾਣ ਵਾਲੀ ਨਵੀਨ ਕਲਾ-ਜੁਗਤ ਸਥਿਤੀ-ਮੁਖਤਾ. ਦੇ ਮਹੱਤਵ ਨੂੰ ਵੀ ਪਛਾਣਦਾ ਤੇ ਸਮਝਦਾ ਹੈ ਜਿਵੇਂ ਕਿ ਕਿਸੇ ਨਾਟਕ ਵਿਚ ਕੋਈ ਸਥਿਤੀ ਪੇਸ਼ ਕਰਨ ਵਾਲੇ ਪਾਤਰ ਆਪਣੀ ਅਦਾਕਾਰੀ ਦਿਖਾ ਰਹੇ ਹੁੰਦੇ ਹਨ ਅਤੇ ਪਿੱਠ-ਭੁਮੀ ਵਿਚ ਪਰਦੇ ਉੱਤੇ ਕੋਈ ਫ਼ਿਲਮ ਦਿਖਾਈ ਜਾ ਰਹੀ ਹੁੰਦੀ ਹੈ ਜਾਂ ਕੋਈ ਦ੍ਰਿਸ਼ ਦਿਖਾਏ ਜਾ ਰਹੇ ਹੁੰਦੇ ਹਨ( ਪੰਨਾਂ:256)।” ਇੰਝ ਉਹ ਕਹਾਣੀ ਵਿਚ ਦ੍ਰਿਸ਼ ਸਿਰਜਣ ਦੀ ਕਲਾ ਦੇ ਮਹੱਤਵ ਨੂੰ ਦ੍ਰਿੜ੍ਹਾਉਂਦਿਆਂ ਇਸ ਜੁਗਤ ਨੂੰ ਪਾਤਰਾਂ ਦੇ ਕਿਰਦਾਰ ਤੇ ਵਿਹਾਰ ਨੂੰ ਸਮਝਣ ਦਾ ਕਲਾਤਮਕ ਮਾਧਿਅਮ ਮੰਨਦਾ ਹੈ। ਮੇਜਰ ਮਾਂਗਟ ਦੀਆਂ ਕਹਾਣੀਆਂ ਵਿਚ ਉਹ ਰੂਪਕ. ਪੱਖ ਅਤੇ ਤੱਤ. ਵਿਚ ਸੰਤੁਲਨ ਸਿਰਜਣ ਵਾਲੀ ਕਲਾ ਦਾ ਇਕ ਸਤਰੀ ਸੰਕੇਤ ਤਾਂ ਕਰਦਾ ਹੈ ਪਰ ਇਸ ਸੰਤੁਲਨ ਨੂੰ ਕਿਸੇ ਕਹਾਣੀ ਦੇ ਹਵਾਲੇ ਨਾਲ ਪੁਸ਼ਟ ਨਹੀਂ ਕਰਦਾ। ਮਿੰਨੀ ਗਰੇਵਾਲ ਦੀਆਂ ਕਹਾਣੀਆਂ ਵਿਚ ਉਸਦੀ ਤਕਨੀਕੀ. ਵਿਲੱਖਣਤਾ ਵੱਲ ਇਸ਼ਾਰਾ ਕਰਕੇ ਵੀ ਉਹ ਇਸ ਵਿਲੱਖਣਤਾ ਦਾ ਕੋਈ ਦਰਵਾਜ਼ਾ ਸਾਡੇ ਸਾਹਮਣੇ ਨਹੀਂ ਖੋਲ੍ਹਦਾ। ਇਹਨਾਂ ਵੇਰਵਿਆਂ ਤੋਂ ਇਹ ਤਾਂ ਭਲੀਭਾਂਤ ਮਾਲੂਮ ਹੋ ਜਾਂਦਾ ਹੈ ਕਿ ਉਸਨੂੰ ਕਿਸੇ ਰਚਨਾ ਦੇ ਤਕਨੀਕੀ, ਕਲਾਤਮਕ ਜਾਂ ਸੁਹਜਾਤਮਕ ਮਹੱਤਵ ਦਾ ਅਹਿਸਾਸ ਹੈ ਪਰ ਚੰਗੀ ਕਹਾਣੀ ਦੇ ਕਲਾਤਮਕ ਵਿਧਾਨ ਦੀ ਸੋਝੀ ਰੱਖਦਿਆਂ ਹੋਇਆਂ ਵੀ ਨਾ ਤਾਂ ਉਹ ਕਹਾਣੀਕਾਰਾਂ ਨੂੰ ਤੇ ਨਾ ਹੀ ਦੂਜੀਆਂ ਵਿਧਾਵਾਂ ਦੇ ਲੇਖਕਾਂ ਦੀਆਂ ਰਚਨਾਵਾਂ ਨੂੰ ਉਸ ਵਿਧਾ ਦੀਆਂ ਕਲਾਤਮਕ ਲੋੜਾਂ ਅਨੁਸਾਰ ਪਰਖ਼ਦਾ ਪੜਚੋਲਦਾ ਹੈ। ਇਹਨਾਂ ਕਹਾਣੀਕਾਰਾਂ ਬਾਰੇ ਵੀ ਬਹੁਤੀ ਵਾਰ ਉਹ ਕੇਵਲ ਬਿਆਨ ਦੀ ਪੱਧਰ ’ਤੇ ਹੀ ਉਹਨਾਂ ਦੀ ਕਹਾਣੀ ਕਲਾ ਬਾਰੇ ਆਪਣਾ ਮੱਤ ਪ੍ਰਸਤੁਤ ਕਰਦਾ ਹੈ, ਇਸ ਮੱਤ ਨੂੰ ਕਹਾਣੀਆਂ ਦੇ ਹਵਾਲੇ ਨਾਲ ਪੁਸ਼ਟ ਨਹੀਂ ਕਰਦਾ।
ਰਚਨਾ ਵਿਚ ਸ਼ਿਲਪੀ ਝਲਕਾਰਿਆਂ. ਦੇ ਮਹੱਤਵ ਨੂੰ ਭਲੀ-ਭਾਂਤ ਸਮਝਦਿਆਂ ਹੋਇਆਂ ਵੀ ਜੇ ਆਲੋਚਕ ਦਾ ਧਿਆਨ ਇਸ ਪਾਸੇ ਨਹੀਂ ਗਿਆ ਤਾਂ ਸਾਨੂੰ ਇਸਦੀ ਵੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ ਵੀ ਕਰਨੀ ਚਾਹੀਦੀ ਹੈ। ਕਿਸੇ ਕੁਲਜੀਤ ਮਾਨ ਦੀ ਕਹਾਣੀ œਰੰਗ ਕਾਟ. ਬਾਰੇ ਗੱਲ ਕਰਦਿਆਂ ਉਹ ਇੱਕ ਥਾਂ ਲਿਖਦਾ ਹੈ, “ਇਹ ਕਹਾਣੀ ਮੈਨੂੰ ਬਹੁਤ ਕਾਹਲੀ ਵਿਚ ਲਿਖੀ ਲੱਗੀ।”(ਪੰਨਾਂ: 257) ਕੀ ਕਿਤੇ ਸਾਡਾ ਆਲੋਚਕ ਵੀ ਕਿਸੇ ਅਜਿਹੀ ਕਾਹਲੀ ਦਾ ਸ਼ਿਕਾਰ ਤਾਂ ਨਹੀਂ ਹੈ, ਜਿਸ ਕਾਹਲੀ ਕਰਕੇ ਉਹ ਇਹਨਾਂ ਰਚਨਾਵਾਂ ਦੇ ਸਰਬਪੱਖੀ ਅਧਿਅਨ ਲਈ ਲੋੜੀਂਦਾ ਸਮਾਂ ਹੀ ਨਾ ਕੱਢ ਸਕਿਆ ਹੋਵੇ! ਆਲੋਚਕ ਨੇ ਕੁਝ ਇੱਕ ਲੇਖਾਂ ਨੂੰ ਛੱਡ ਕੇ ਬਹੁਤੇ ਲੇਖਾਂ ਹੇਠ ਉਸ ਲੇਖ ਦੇ ਲਿਖਣ ਦੀ ਮਿਤੀ, ਮਹੀਨਾ, ਸਾਲ ਤੇ ਥਾਂ ਦਾ ਨਾਂ ਵੀ ਲਿਖਿਆ ਹੈ। ਅਸੀਂ ਵੇਖਿਆ ਹੈ ਕਿ ਇਹ ਲੇਖ 2008-09ਵਿਚ ਲਿਖੇ ਗਏ ਹਨ। ਲੱਗਦਾ ਹੈ ਕਿ ਸਾਡਾ ਆਲੋਚਕ ਇਕ ਮੁਹਿੰਮ ਬਣਾ ਕੇ ਇੱਕ ਨਿਵੇਕਲੀ ਪਹਿਲਕਦਮੀ ਦਾ ਝੰਡਾ ਆਪਣੇ ਹੱਥ ਵਿਚ ਲੈਣ ਲਈ ਦੌੜ ਰਿਹਾ ਹੈ। ਇਹਨਾਂ ਦੋ ਸਾਲਾਂ ਵਿਚ 2008 ਦਾ ਕੋਈ ਮਹੀਨਾ ਹੀ ਹੈ ਜਿਹੜਾ ਖ਼ਾਲੀ ਗਿਆ ਹੋਵੇ ਤੇ ਉਸਨੇ ਕਿਸੇ ਕਿਤਾਬ ਬਾਰੇ ਲੇਖ ਨਾ ਲਿਖਿਆ ਹੋਵੇ। 2009 ਵਿਚ ਤਾਂ ਕਿਸੇ ਕਿਸੇ ਮਹੀਨੇ ਤਾਂ ਉਹ ਪੰਜ-ਪੰਜ, ਛੇ-ਛੇ ਕਿਤਾਬਾਂ ਬਾਰੇ ਇਕੋ ਸਾਹੇ ਲਿਖਦਾ ਨਜ਼ਰ ਆਉਂਦਾ ਹੈ। ਫਰਵਰੀ 2009 ਦੇ ਮਹੀਨੇ ਵਿਚ ਤਾਂ ਉਹ ਆਪਣੇ ਨਾਲ ਨਾਲ ਵਿਚਾਰੇ ਨਿੱਕੇ ਜਿਹੇ ਮਹੀਨੇ. ਨੂੰ ਵੀ ਲੇਖਾਂ ਦੇ ਭਾਰ ਹੇਠ ਦੱਬ ਦਿੰਦਾ ਹੈ। ਇਸ ਇੱਕ ਮਹੀਨੇ ਵਿਚ ਹੀ ਉਸਨੇ ਤੇਰਾਂ ਪੁਸਤਕਾਂ ਬਾਰੇ ਆਪਣੇ ਲੇਖ ਮੁਕੰਮਲ ਕੀਤੇ ਹਨ। ਜ਼ਾਹਿਰ ਹੈ ਕਿ ਇਸ ਮਹੀਨੇ ਉਸਨੂੰ ਪੁਸਤਕ ਪੜ੍ਹਨ ਅਤੇ ਉਸ ਬਾਰੇ ਲਿਖਣ ਲਈ ਕੇਵਲ ਔਸਤਨ ਦੋ ਦਿਨ ਹੀ ਨਸੀਬ ਹੋਏ ਹਨ। ਇਹਨਾਂ ਵਿਚੋਂ ਇਕ ਦਿਨ ਪੁਸਤਕ ਪੜ੍ਹਨ ਨੂੰ ਤੇ ਦੂਜਾ ਦਿਨ ਉਸ ਪੁਸਤਕ ਬਾਰੇ ਲਿਖਣ ਨੂੰ ਦਿੱਤਾ ਮੰਨਿਆਂ ਜਾ ਸਕਦਾ ਹੈ। ਜਿੱਥੇ ਦਿਨ ਰਾਤ ਕੀਤੀ ਨਿਰੰਤਰ ਮਿਹਨਤ ਪੱਖੋਂ ਉਸਦੀ ਦਾਦ ਦੇਣੀ ਬਣਦੀ ਹੈ ਓਥੇ ਇਸ ਤੱਥ ਵੱਲ ਵੀ ਧਿਆਨ ਜਾਂਦਾ ਹੈ ਕਿ ਆਲੋਚਕ ਨੇ ਪੁਸਤਕ ਪੜ੍ਹਨ ਤੇ ਉਸ ਬਾਰੇ ਰਾਇ ਬਨਾਉਣ ਅਤੇ ਦੇਣ ਵਿਚ ਕਾਹਲੀ ਕੀਤੀ ਲੱਗਦੀ ਹੈ।
ਕਿਸੇ ਵੀ ਪੁਸਤਕ ਬਾਰੇ ਆਪਣਾ ਸਰਬਾਂਗੀ ਆਲੋਚਨਾਤਮਕ ਨਿਰਣਾ ਦੇਣ ਲਈ ਉਸ ਪੁਸਤਕ ਦੇ ਇੱਕ ਤੋਂ ਵਧੇਰੇ ਪਾਠ ਕਰਨ ਦੀ ਲੋੜ ਹੁੰਦੀ ਹੈ ਤੇ ਫਿਰ ਉਸ ਬਾਰੇ ਚਿੰਤਨ-ਮਨਨ ਕਰਨ ਲਈ ਵੀ ਸਮਾਂ ਦਰਕਾਰ ਹੁੰਦਾ ਹੈ। ਫਿਰ ਕਿਤੇ ਜਾ ਕੇ ਹੀ ਕੋਈ ਆਲੋਚਕ ਕਿਸੇ ਲਿਖਤ ਬਾਰੇ ਨਿਰਣਾ ਦੇਣ ਦਾ ਅਧਿਕਾਰੀ ਹੋ ਸਕਦਾ ਹੈ। ਪਰ ਅਸੀਂ ਵੇਖਦੇ ਹਾਂ ਕਿ ਸਾਡੇ ਆਲੋਚਕ ਕੋਲ ਨਿਸਚੈ ਹੀ ਸਮੇਂ ਦੀ ਘਾਟ ਵੀ ਲੱਗਦੀ ਹੈ। ਕਿਸੇ ਰਚਨਾ ਵਿਚ ਡੂੰਘਾ ਉੱਤਰਨ ਦੀ ਲੰਮੀ ਮਾਨਸਿਕ ਘਾਲਣਾ ਘਾਲਣ ਦੀ ਜਿਹੜੀ ਲੋੜ ਹੁੰਦੀ ਹੈ, ਸ਼ਾਇਦ ਇਸ ਘਾਲਣਾ ਲਈ ਸਾਡਾ ਆਲੋਚਕ ਲੋੜੀਂਦਾ ਸਮਾਂ ਨਹੀਂ ਜੁਟਾ ਸਕਿਆ। ਏਸੇ ਕਰਕੇ ਹੀ ਸ਼ਾਇਦ ਉਹ ਰਚਨਾਵਾਂ ਦੇ ਸ਼ਿਲਪੀ ਝਲਕਾਰਿਆਂ. ਵੱਲ ਸਾਡਾ ਧਿਆਨ ਨਹੀਂ ਦਿਵਾ ਸਕਿਆ। ਅਸੀਂ ਆਸ ਕਰਦੇ ਹਾਂ ਕਿ ਆਪਣੀ ਅਗਲੀ ਪੁਸਤਕ ਵਿਚ, ਜਿਸਨੂੰ ਅਗਲੇ ਹੀ ਸਾਲ ਤੱਕ ਮੁਕੰਮਲ ਕਰ ਦੇਣ ਦਾ ਉਸਨੇ ਐਲਾਨ ਵੀ ਕਰ ਦਿੱਤਾ ਹੈ, ਉਹ ਸਾਡਾ ਇਹ ਉਲ੍ਹਾਮਾਂ ਵੀ ਦੂਰ ਕਰ ਦੇਵੇਗਾ।
ਪਰ œਉਲ੍ਹਾਮੇ. ਦੇਈ ਜਾਣਾ ਤੇ ਪ੍ਰਾਪਤੀ ਨੂੰ ਅੱਖੋਂ ਓਹਲੇ ਕਰੀ ਰੱਖਣਾ ਵੀ ਦਿਆਨਤਦਾਰੀ ਨਹੀਂ। ਮੈਂ ਅਜਿਹਾ ਬਦ-ਦਿਆਨਤਦਾਰ ਵਿਸ਼ਲੇਸ਼ਕ ਨਹੀਂ ਹਾਂ ਜਿਹੜਾ ਸੁਖਿੰਦਰ ਦੀ ਇਸ ਇਤਿਹਾਸਕ ਪਹਿਲਕਦਮੀ ਨੂੰ ਘਟਾ ਕੇ ਵੇਖਣ ਦੀ ਦੁਰਭਾਵਨਾ ਦਾ ਸ਼ਿਕਾਰ ਹੋਵੇ। ਸੁਖਿੰਦਰ ਨੇ ਕਨੇਡੀਅਨ ਪੰਜਾਬੀ ਆਲੋਚਨਾ ਦੇ ਖ਼ੇਤਰ ਵਿਚ ਸਚਮੁੱਚ ਇਤਿਹਾਸ ਸਿਰਜ ਦਿੱਤਾ ਹੈ। ਇਸ ਪੱਖੋਂ ਲੇਖਕਾਂ ਦੇ ਨਾਲ ਨਾਲ ਕਨੇਡੀਅਨ ਪੰਜਾਬੀ ਸਾਹਿਤ ਦੇ ਭਵਿੱਖੀ ਆਲੋਚਕ ਸਦਾ ਸੁਖਿੰਦਰ ਦਾ ਰਿਣ ਮਹਿਸੂਸ ਕਰਦੇ ਰਹਿਣਗੇ।

Saturday, July 10, 2010

ਅਗਲੀ ਗੱਲ ਹਾਜ਼ਿਰ ਹੈ...

ਖੁਸ਼ਵੰਤ ਸਿੰਘ ਦੀ ਇੱਕ ਇੰਟਰਵਿਊ ਦੀਆਂ ਕੁਝ ਦਿਲਚਸਪ ਗੱਲਾˆ....ਸਰਬਜੀਤ ਕੌਰ
ਸਵਾਲ..... ਤੁਹਾਡੇ ਤੇ ਇਲਜ਼ਾਮ ਹੈ ਕਿ ਤੁਸੀˆ ਸ਼ਰਾਬ ਬਹੁਤ ਪੀਂਦੇ ਹੋ? ਖੁਸ਼ਵੰਤ.... ਹਾਂ ਪੀਂਦਾ ਹਾਂ ਪਰ ਇਹ ਕੋਈ ਇਲਜ਼ਾਮ ਤੇ ਨਾਂ ਹੋਇਆ।

ਸਵਾਲ ਕਰਤਾ......... ਕੁਝ ਜਥੇਬੰਦੀ ਨੇ ਇਲਜ਼ਾਮ ਲਾਇਆ ਹੈ ਕਿ ਤੁਸੀ ਗੁਰਬਾਣੀ ਸੁਣਦਿਆ ਵੀ ਸ਼ਰਾਬ ਪੀਂਦੇ ਹੋ , ਇਸ ਤਰਾਂ ਗੁਰਬਾਣੀ ਦੀ ਤੌਹੀਨ ਕਰਦੇ ਹੋ?
ਖੁਸ਼ਵੰਤ ਸਿੰਘ......... ਸ਼ਰਾਬ ਪੀ ਕੇ ਗਾਲੀ ਗਲੋਚ, ਕੁੱਟ ਮਾਰ ਕਰਾਂ ਤੇ ਇਲਜ਼ਾਮ ਲਾਓ, ਮੈ ਸ਼ਰਾਬ ਪੀ ਕੇ ਗੁਰਦੁਆਰੇ ਜਾਵਾਂ ਤੇ ਇਲਜ਼ਾਮ ਲਾਓ, ਮੈ ਆਪਣੇ ਘਰ ਬੈਠਕੇ, ਹੱਥ ਚ ਵਿਸਕੀ ਲੈ ਕੇ ਚਾਹੇ ਗੁਰਬਾਣੀ ਸੁਣਾਂ ਚਾਹੇ ਚਮਕੀਲਾ ਸੁਣਾਂ, ਕਿਸੇ ਨੂੰ ਕੀ........

ਸਵਾਲ ਕਰਤਾ....... ਲੋਕ ਕਹਿੰਦੇ ਨੇ ਕਿ ਤੁਸੀਂ ਮੁਫਤ ਦੀ ਸ਼ਰਾਬ ਪੀਂਦੇ ਹੋ? ਖੁਸ਼ਵੰਤ ਸਿੰਘ....... ਸਹੀ ਕਹਿੰਦੇ ਨੇ, ਮੇਰੇ ਕੋਲ ਆਉਂਦੇ ਜਾਂਦੇ ਦੋਸਤ ਮਿੱਤਰ ਹਰ ਕੋਈ ਤੋਹਫੇ ਵਜੋਂ ਵਿਸਕੀ ਹੀ ਲਿਆਉਂਦਾ ਹੈ , ਮੈਨੂੰ ਆਮ ਤੌਰ ਤੇ ਸ਼ਰਾਬ ਖਰੀਦਣ ਦੀ ਜ਼ਰੂਰਤ ਹੀ ਨਹੀ ਪੈਦੀਂ ਜਿਸ ਦਿਨ ਮੁੱਕ ਗਈ ਖਰੀਦ ਲਵਗਾ

ਸਵਾਲ ਕਰਤਾ....... ਤਾਂ ਫਿਰ ਇਹ ਇਲਜ਼ਾਮ ਸਹੀ ਹੋਇਆ ਕਿ ਤੁਸੀਂ ਲੋਕਾਂ ਤੋˆ ਸ਼ਰਾਬ ਪੀ ਕੇ ਲਿਖਦੇ ਹੋ?
ਖੁਸ਼ਵੰਤ ਸਿੰਘ......... ਨਹੀਂ ਤੁਸੀ ਗਲਤ ਕਿਹਾ ਹੈ, ਮੈ ਲੋਕਾਂ ਤੋˆ ਸ਼ਰਾਬ ਪੀ ਕੇ ਨਹੀ ਲਿਖਦਾ, ਸਗੋˆ ਮੈ ਲਿਖਦਾ ਹਾਂ ਇਸ ਲਈ ਲੋਕ ਮੈਨੂੰ ਸ਼ਰਾਬ ਪਿਆਉਂਦੇ ਹਨ।

Thursday, July 8, 2010

ਪਾਸ਼ ਬਨਾਮ ਹਰਿਂਦਰ ਸਿੰਘ ਮਹਿਬੂਬ ਬਰਾਸਤਾ ਵਰਿਆਮ ਸੰਧੂ

ਨਿਮਨ ਲਿਖਤ ਸਤਰਾਂ ਹਰਿੰਦਰ ਸਿੰਘ ਮਹਿਬੂਬ ਵੱਲੋਂ ਗੁਰਦਿਆਲ ਬੱਲ ਨੂੰ ਲਿਖੇ ਖ਼ਤ ਵਿਚੋਂ ਲਈਆਂ ਗਈਆਂ ਹਨ। ਇਹ ਖ਼ਤ 31-3-88 ਨੂੰ ਪਾਸ਼ ਦੇ ਕਤਲ ਤੋਂ ਹਫ਼ਤਾ ਕੁ ਬਾਅਦ ਦਾ ਲਿਖਿਆ ਹੋਇਆ ਹੈ। ਮੈਂ ਸਿਰਫ਼ ਇਸ ਖ਼ਤ ਦਾ ਉਹੋ ਹਿੱਸਾ ਉਧਰਿਤ ਕੀਤਾ ਹੈ, ਜੋ ਪਾਸ਼ ਦੇ ਕਤਲ ਨਾਲ 'ਤੇ ਮਹਿਬੂਬ ਵੱਲੋਂ ਕੀਤੇ 'ਅਫ਼ਸੋਸ' ਨਾਲ ਸੰਬੰਧਿਤ ਹੈ। ਇਹ ਖ਼ਤ ਅਮਰੀਕਾ ਤੋਂ ਛਪਦੀ ਅਖ਼ਬਾਰ 'ਪੰਜਾਬ ਟਾਈਮਜ਼' ਦੇ 27 ਫਰਵਰੀ ਦੇ 'ਸ਼ਿਕਾਗੋ ਐਡੀਸ਼ਨ' ਵਿਚ ਛਪਿਆ ਹੈ।

--ਮੈਨੂੰ ਪਾਸ਼ ਦੀ ਮੌਤ ਉੱਤੇ ਬਹੁਤ ਤਰਸ ਆਇਆ। ਅਸੀਂ ਇਕ ਅਜੀਬ ਬੇਰਹਿਮ ਸਮੇਂ ਵਿਚੋਂ ਗੁਜ਼ਰ ਰਹੇ ਹਾਂ। ਪਾਸ਼ ਈਮਾਨਦਾਰ ਜ਼ਰੂਰ ਸੀ ਪਰ ਅਜਿਹੇ ਸੰਕਟ ਲੱਦੇ ਸਮੇਂ ਵਿਚ ਜ਼ਖ਼ਮੀ ਦਿਲਾਂ ਦੇ ਸਭ ਪਹਿਲੂਆਂ ਦਾ ਜਾਇਜ਼ਾ ਲਏ ਬਿਨਾਂ ਈਮਾਨਦਾਰੀ ਦਾ ਹਥਿਆਰ ਵਰਤਣਾ ਗ਼ਲਤੀ ਵੀ ਹੋ ਸਕਦੀ ਹੈ। ਹੋ ਸਕਦਾ ਹੈ ਕਤਲ ਹੋਣ ਵਾਲੇ ਦੀ ਈਮਾਨਦਾਰੀ ਦਾ ਘੇਰਾ ਛੋਟਾ ਹੋਵੇ ਤੇ ਕਾਤਲ ਦੇ ਜ਼ਖ਼ਮੀ ਦਿਲ ਦੀ ਪੀੜ ਵੱਡੀ ਹੋਵੇ। ਫਿਰ ਵੀ ਅਸੀਂ ਇਨਸਾਨ ਹਾਂ, ਤੇ ਰਹਿਮ ਦੇ ਸਹਾਰੇ ਹੀ ਦਿਲ ਦਾ ਲਹੂ ਜ਼ਿੰਦਾ ਹੈ। ਈਮਾਨ ਦੇ ਕਿਸੇ ਵੀ ਨੁਕਤੇ ਉੱਤੇ ਖਲੋ ਕੇ ਰਹਿਮ ਕੀਤਾ ਜਾ ਸਕਦਾ ਹੈ।-- ਹਰਿੰਦਰ ਸਿੰਘ-ਗੜ੍ਹਦੀ ਵਾਲਾ 31-3-88

ਮੇਰੀ ਅਲਪ-ਬੁੱਧ ਨੂੰ ਤਾਂ ਇਹੋ ਹੀ ਲੱਗਾ ਹੈ ਕਿ ਇਹ ਖ਼ਤ ਪਾਸ਼ ਦੇ ਕਤਲ ਨੂੰ ਹੱਕ-ਬ-ਜਾਨਬ ਠਹਿਰਾਉਂਦਾ ਹੈ। ਮਹਿਬੂਬ ਪਾਸ਼ ਨੂੰ 'ਈਮਾਨਦਾਰ' ਤਾਂ ਆਖਦਾ ਹੈ ਪਰ ਉਸਦੀ 'ਈਮਾਨਦਾਰੀ' ਨਾਲ ਧਿਰ ਬਣ ਕੇ ਖਲੋਤਾ ਨਹੀਂ ਹੋਇਆ ਸਗੋਂ 'ਕਾਤਲ ਧਿਰ ਦੇ ਜ਼ਖ਼ਮੀ ਦਿਲ ਦੀ ਵੱਡੀ ਪੀੜ' ਨਾਲ ਖਲੋਤਾ ਨਜ਼ਰ ਆਉਂਦਾ ਹੈ। ਉਹ 'ਈਮਾਨ' ਦੇ 'ਕਿਸੇ ਹੋਰ' ਨੁਕਤੇ 'ਤੇ ਖਲੋਤਾ ਹੈ। ਇਸ ਨੁਕਤੇ ਤੋਂ ਉਸਦੀ 'ਈਮਾਨਦਾਰ' ਨਜ਼ਰ ਨੂੰ ਪਾਸ਼ ਦਾ ਕਤਲ ਕਰਨ ਵਾਲੀ ਧਿਰ ਦਾ 'ਐਕਸ਼ਨ' ਠੀਕ ਲੱਗਦਾ ਜਾਪਦਾ ਹੈ। ਪਾਸ਼ ਦੀ ਈਮਾਨਦਾਰੀ ਦਾ ਘੇਰਾ ਛੋਟਾ ਆਖਣ ਤੋਂ ਭਾਵ ਉਸਨੂੰ ਇਕ ਤਰ੍ਹਾਂ 'ਬੇਸਮਝ' ਆਖਣ ਤੋਂ ਵੀ ਹੈ ਜਿਹੜਾ 'ਸਮੇਂ ਦੀ ਨਬਜ਼' ਨਹੀਂ ਸੀ ਪਛਾਣ ਸਕਿਆ ਤੇ ਜਿਸ ਵਿਚ 'ਕਾਤਲਾਂ ਦੇ ਜ਼ਖ਼ਮੀ ਦਿਲ ਦੇ ਦਰਦ' ਨੂੰ ਸਮਝਣ ਤੇ ਮਹਿਸੂਸਣ ਦੀ ਸੋਝੀ ਨਹੀਂ ਸੀ। ਮਹਿਬੂਬ ਕਹਿੰਦਾ ਲੱਗਦਾ ਹੈ ਕਿ ਪਾਸ਼ ਨੇ 'ਜ਼ਖ਼ਮੀ ਦਿਲਾਂ ਨੂੰ ਦੁਖਾ ਕੇ ਗ਼ਲਤੀ ਕੀਤੀ ਤੇ ਉਸਦਾ ਫ਼ਲ਼ ਉਸਨੂੰ ਭੁਗਤਣਾ ਹੀ ਪੈਣਾ ਸੀ!' ਮਹਿਬੂਬ ਸ਼ਾਇਦ ਇਹ ਕਹਿਣਾ ਚਾਹ ਰਿਹਾ ਹੈ ਕਿ 'ਪਾਸ਼ ਵਰਗੇ ਅਜਿਹੇ ਬੰਦੇ ਅਣਆਈ-ਮੌਤ ਮਰਦੇ ਹੀ ਹੁੰਦੇ ਨੇ!'

ਪਾਸ਼ ਦੀ ਮੌਤ 'ਤੇ ਉਸ ਵੱਲੋਂ ਕੀਤਾ 'ਅਫ਼ਸੋਸ' ਵੀ 'ਈਮਾਨ' ਦੇ ਓਸ ਨੁਕਤੇ ਤੇ ਖਲੋ ਕੇ ਹੀ ਕੀਤਾ ਗਿਆ ਹੈ ਜਿਥੋਂ 'ਪਾਸ਼ ਦੀ ਈਮਾਨਦਾਰੀ' ਨੂੰ 'ਈਮਾਨਦਾਰੀ' ਆਖਣਾ ਵੀ ਐਵੇਂ ਸ਼ਬਦਾਂ ਦਾ ਹੇਰ-ਫ਼ੇਰ ਹੀ ਹੈ। ਅਸਲ ਵਿਚ ਏਥੇ 'ਈਮਾਨਦਾਰੀ' ਦੇ ਅਰਥ 'ਮੂਰਖ਼ਤਾ' ਨਿਕਲਦੇ ਜਾਪਦੇ ਨੇ।

ਜੇ ਮੇਰੇ ਵਿਚਾਰਾਂ ਦੀ ਕੋਈ ਤੁਕ ਬਣਦੀ ਹੈ ਤਾਂ ਮੇਰੀ ਇਛਾ ਹੈ ਕਿ 'ਮਹਾਨ ਸਿੱਖ ਵਿਦਵਾਨ' ਕਰ ਕੇ ਜਾਣੇ ਤੇ ਪਰਚਾਰੇ ਜਾਂਦੇ ਮਹਿਬੂਬ ਦੀ 'ਸਿੱਖੀ' ਤੇ ਉਸਦਾ 'ਦਰਦਮੰਦ ਦਿਲ' ਵੀ ਲੋਕ ਵੇਖ ਲੈਣ। -ਵਰਿਆਮ ਸਿੰਘ ਸੰਧੂ

Thursday, July 1, 2010

ਡੰਡੀਆਂ-ਪਗਡੰਡੀਆਂ/ਦਰਸ਼ਨ ਦਰਵੇਸ਼


ਜੇ ਥੀਏਟਰ ਨਾਂ ਹੁੰਦਾ ਤਾਂ ਮੇਰਾ ਅੱਜ ਨਾਂ ਹੁੰਦਾ- ਰਾਣਾਂ ਰਣਬੀਰ


ਮੁਲਾਕਾਤੀ – ਦਰਸ਼ਨ ਦਰਵੇਸ਼


ਰਾਣਾਂ ਰਣਬੀਰ ਇੱਕ ਅਣਲਿਖਿਆ ਮੀਲ-ਪੱਥਰ ਹੈ।ਬਿਨ ਰੁਕਿਆਂ ਤੁਰੇ ਰਹਿਣ ਦਾ ਨਾਂਅ।ਸ਼ਬਦ,ਸਟੇਜ ਤੇ ਸਿਨੇਮਾ ਉਸਦੀ ਪਨਾਹਗਾਹ ਨੇ।ਕਈ ਵਾਰ ਉਸਦੇ ਹਾਸੇ ਵਿੱਚ ਸਮਾਜ ਦੀਆਂ ਤੰਗ ਗਲੀਆਂ ਦੇ ਅੱਥਰੂ ਛੁਪੇ ਹੁੰਦੇ ਨੇ ਤੇ ਕਦੇ ਕਦੇ ਉਸਦੇ ਮੱਥੇ ਦੀ ਸ਼ਿਕਨ ਵਿੱਚ ਬੇਤਰਤੀਬ ਸਮਾਜ ਦੇ ਤਹਿਖਾਨਿਆਂ ਦਾ ਕਰੂਰ ਹਾਸਾ ਛੁਪਿਆ ਹੁੰਦਾ ਹੈ।ਮੈਂ ਬਿਨਾਂ ਝਿਜਕ ਬੜੇ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇੱਕ ਸਮਰਪਣ ਦਾ ਨਾਂਅ ਹੈ ਰਾਣਾਂ ਰਣਬੀਰ।ਮੰਗਣ ਲੱਗਿਆਂ ਉਸਨੂੰ ਸ਼ਰਮ ਕਾਹਦੀ ? ਕਿਉਂਕਿ ਇਵਜ਼ ਵਿੱਚ ਦੇਣ ਵਾਲੇ ਨੂੰ ਦੇਣ ਲਈ ਉਸ ਕੋਲ ਵੀ ਬਹੁਤ ਕੁੱਝ ਹੈ।ਲੇਕਿਨ ਰੋਟੀ ਖੋਹਣ ਵਾਲੇ ਨੂੰ ਉਸਦੇ ਸ਼ਬਦਾਂ ਦੀ ਤਲਵਾਰ ਏਨਾਂ ਕੁ ਕਹਿਕੇ ਮਰਿਆਂ ਵਰਗਾ ਕਰ ਦਿੰਦੀ ਹੈ ‘ਜਾਹ ਰੱਬ ਤੈਨੂੰ ਸੁਮੱਤ ਬਖਸ਼ੇ’।
ਏਨੇ ‘ਉੱਚੇ ਕੱਦ’ ਵਾਲਾ ਵਿਅਕਤੀ ਮੈਨੂੰ ਪਹਿਲੀ ਵਾਰ ਮਿਲਿਆ ਹੈ।ਜਿਸਦੇ ਸਾਹਾਂ ‘ਚੋਂ ਮਾਲਵੇ ਦੀ ਮਿੱਟੀ ਦੀ ਮਹਿਕ ਖਤਮ ਹੋਣ ਦਾ ਨਾਂਅ ਹੀ ਨਹੀਂ ਲੈਂਦੀ।ਪਹਿਲੀ ਮਿਲਣੀਂ ਵਿੱਚ ਹੀ ਮੈਂ ਉਸਦੇ ਲੰਬੇ ਸੰਘਰਸ਼ ਦੇ ਨਿਸ਼ਾਨ ਮੈਂ ਉਸਦੇ ਮੱਥੇ ਦੀਆਂ ਤਿਊੜੀਆਂ ਵਿੱਚ ਵੇਖ ਲਏ ਸਨ ਅਤੇ ਉਸਦੇ ਤੁਰੇ ਰਹਿਣ ਦੀ ਆਦਤ ਮੈਨੂੰ ਆਪਣੇਂ ਜਿੰਨੀ ਹੀ ਪਸੰਦ ਆਈ ਸੀ।ਰਾਣਾਂ ਜੀ ਦੀਆਂ ਜਲਦੀ ਰੀਲੀਜ਼ ਹੋਣ ਵਾਲੀਆਂ ਫਿਲਮਾਂ ਵਿੱਚ ਹੈ ‘ਇੱਕ ਕੁੜੀ ਪੰਜਾਬ ਦੀ’। ਪਿਛਲੇ ਦਿਨੀਂ ਇਸ ਘੁਲਣਸ਼ੀਲ ਪਦਾਰਥ ਵਰਗੇ ਇਨਸਾਨ ਕਲਾਕਾਰ ਨਾਲ ਕਈ ਸਾਰੀਆਂ ਗੱਲਾਂ ਕਰਨ ਦਾ ਸਬੱਬ ਬਣ ਗਿਆ ਤਾਂ ਆਉ ਦੇਖਦੇ ਹਾਂ ਫੇਰ ਕੀ ਕਹਿੰਦੈ ਰਾਣਾਂ ਰਣਬੀਰ :-

ਦਰਸ਼ਨ ਦਰਵੇਸ਼-ਸਭ ਤੋਂ ਪਹਿਲਾਂ ਇਹ ਦੱਸੋ ਕਿ ਪਹਿਲੀ ਵਾਰ ਤੁਹਾਨੂੰ ਕਦੋਂ ਮਹਿਸੂਸ ਹੋਇਆ ਕਿ ਤੁਹਾਡੇ ਅੰਦਰ ਵੀ ਕੋਈ ਇੱਕ
ਅਜਿਹਾ ਕਲਾਕਾਰ ਹੈ ਜਿਹੜਾ ਮੰਚ ਉੱਪਰ ਆਮ ਜਾਂ ਖਾਸ ਸਮਾਜਿਕ ਕਿਰਦਾਰਾਂ ਦੀ ਪੇਸ਼ਕਾਰੀ ਕਰ ਸਕਦਾ ਹੈ ?
ਰਾਣਾਂ ਰਣਬੀਰ -ਇਸ ਗੱਲ ਦਾ ਅਹਿਸਾਸ ਮੈਨੂੰ ਦੇਸ਼ ਭਗਤ ਕਾਲਜ ਬਰੜਵਾਲ (ਧੂਰੀ) ਵਿੱਚ ਪਹਿਲੀ ਵਾਰ ਹੋਇਆ। ਉਦੋਂ ਮੈਂ
ਪਲੱਸ ਟੂ ਵਿੱਚ ਪੜ੍ਹਦਾ ਸੀ।ਆਡੀਸ਼ਨ ਹੋ ਰਿਹਾ ਸੀ ਮੈਂ ਵੀ ਹਿੰਮਤ ਕਰਕੇ ਉਸ ਵਿੱਚ ਸ਼ਾਮਿਲ ਹੋ ਗਿਆ ਅਤੇ ਕਾਲਜ ਦੀ ਨਾਟਕ ਟੀਮ ਦਾ ਖੂੰਜੇ ਲੱਗਿਆ ਮੈਂਬਰ ਬਣ ਗਿਆ।ਵੈਸੇ ਮੈਂ ਪੰਜਵੀਂ ਕਲਾਸ ਤੋਂ ਹੀ ਮੰਚ ਨਾਲ ਰਿਸ਼ਤਾ ਗੰਢ ਲਿਆ ਸੀ।ਕਵਿਤਾ ਕਹਿਣੀਂ,ਭਾਸ਼ਣ ਕਰਨੇਂ,ਗੁਰੁ ਘਰ ਜਾਕੇ ਸ਼ਬਦ ਬੋਲਣੇਂ, ਰਾਮਲੀਲਾ ‘ਚ ਹਿੱਸਾ ਲੈਣਾਂ। ਪਰ ਅਸਲ ਨਾਟਕੀ ਸਫਰ ਮੇਰੇ ਉਸ ਪਹਿਲੇ ਕਾਲਜ ਤੋਂ ਹੀ ਸ਼ੁਰੂ ਹੋਇਆ ਸੀ।ਨਾਟਕ ‘ਮਿੱਟੀ ਦਾ ਮੋਹ’ ਨਾਲ ਪੰਜਾਬੀ ਵਿਸ਼ਵਵਿਦਿਆਲੇ ਦੇ ਯੁਵਕ ਮੇਲੇ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਅਤੇ ਸੱਚਾਈ ਤਾਂ ਇਹ ਹੈ ਕਿ ਇਹਨਾਂ ਮਸ਼ਕਾਂ ਨੇ ਹੀ ਆਮ ਅਤੇ ਖਾਸ ਕਿਰਦਾਰ ਨਿਭਾਉਣ ਦੇ ਸਮਰੱਥ ਕੀਤਾ।

ਦਰਸ਼ਨ ਦਰਵੇਸ਼-ਸਭ ਤੋਂ ਪਹਿਲੀ ਵਾਰ ਕਿਹੜਾ ਕਿਰਦਾਰ ਜਿਉਂਕੇ ਵੇਖਿਆ ਸੀ ? ਅਤੇ ਕਿਹੋ ਜਿਹੀ ਖੁਸ਼ੀ ਮਹਿਸੂਸ ਕੀਤੀ ਸੀ?
ਰਾਣਾਂ ਰਣਬੀਰ -ਰਾਮਲੀਲਾ ਵਿੱਚ ਸਰੂਪਨਖਾ ਦਾ ਅਤੇ ਨਾਟਕ ਵਿੱਚ ਸਭ ਤੋਂ ਪਹਿਲਾ ਕਿਰਦਾਰ ਪ੍ਰੋ: ਅਜਮੇਰ ਸਿੰਘ ਔਲਖ ਦੇ
ਨਾਟਕ ‘ਅੰਨ੍ਹੇਂ ਨਿਸ਼ਾਨਚੀ’ ਵਿਚਲੇ ਛੋਟੇ ਬੱਚੇ ਦਾ ਕਿਰਦਾਰ ਜਿਊਣ ਦਾ ਪਹਿਲਾ ਮੌਕਾ ਮਿਲਿਆ ਸੀ। ਖੁਸ਼ੀ ਤਾਂ ਉਸਵਕਤ ਏਨੀਂ ਸੀ ਕਿ ਮੈਂ ਮੁਹੱਲੇ ਵਿੱਚ ਵੱਖਰਾ ਮਹਿਸੂਸ ਕਰਦਾ ਸੀ। ਲੋਕ ਪੁੱਛਦੇ ਸਨ ਅਤੇ ਤਾਰੀਫ ਕਰਦੇ ਸਨ।ਸੰਗਦੇ ਸੰਗਦੇ ਖੁਸ਼ ਹੋਣ ਦਾ ਸੁਆਦ ਹੀ ਵੱਖਰਾ ਸੀ।

ਦਰਸ਼ਨ ਦਰਵੇਸ਼-ਇੱਕ ਕਿਰਦਾਰ ਨੂੰ ਆਪਣੇਂ ਅੰਦਰ ਉਤਾਰਨ ਲਈ ਤੁਹਾਨੂੰ ਕਿਹੋ ਜਿਹੀ ਜੱਦੋ-ਜਹਿਦ ਵਿੱਚੋਂ ਗੁਜ਼ਰਨਾਂ ਪੈਂਦਾ ਹੈ ?
ਰਾਣਾਂ ਰਣਬੀਰ -ਮੈਂ ਥੀਏਟਰ ਦੀ ਐੱਮ.ਏ. ਕਰਨ ਵੇਲੇ ਜਾਂ ਬਾਦ ਵਿੱਚ ਆਪਣੇਂ ਵਿਦਿਆਰਥੀਆਂ ਨਾਲ ਵੀ ਇਹ ਗੱਲ ਸਾਂਝੀ ਕਰਦਾ
ਰਿਹਾਂ।ਕਿ ਮੈਨੂੰ ਕੋਈ ਜ਼ਿਆਦਾ ਹੀ ਤਰੱਦਦ ਜਾਂ ਜੱਦੋਜਹਿਦ ਨਹੀਂ ਕਰਨੀਂ ਪੈਂਦੀ ਕਿਉਂਕਿ ਮੈਂ ਸਵਿੱਚ ਆੱਨ ਆਫ ਐਕਟਰ ਹਾਂ,ਮੈਂ ਚਾਰ ਵਕਤ ਰੱਜਵੀਂ ਰੋਟੀ ਖਾਕੇ ਵੀ ਚਾਰ ਮਹੀਨੇ ਤੋਂ ਭੁੱਖੇ ਬੈਠੇ ਪਾਤਰ ਨੂੰ ਬੜੀ ਆਸਾਨੀਂ ਨਾਲ ਸਟੇਜ ਉੱਪਰ ਜਿਊਂ ਕੇ ਵਿਖਾ ਸਕਦਾਂ। ਸ਼ਾਇਦ ਇਹ ਮੇਰੇ ਅੰਦਰਲਾ ਕਲਾਕਾਰ ਹੀ ਸੀ ਕਿ ਅੰਨ੍ਹੇ ਨਿਸ਼ਾਨਚੀ ਦਾ ਕਿਰਦਾਰ ਨਿਭਾਉਣ ਵੇਲੇ, ਮੈਂ ਜਿਹੜਾ ਕਿ ਸਭ ਤੋਂ ਛੋਟੇ ਕੱਦ ਦਾ ਕਲਾਕਾਰ ਸੀ ਨਾਟਕ ਖੇਡਣ ਤੋਂ ਬਾਦ ਸਭ ਤੋਂ ਉੱਚੇ ਕੱਦ ਦਾ ਕਲਾਕਾਰ ਬਣ ਗਿਆ ਸੀ।

ਦਰਸ਼ਨ ਦਰਵੇਸ਼-ਆਮ ਤੌਰ ਉੱਤੇ ਮੰਚ ਉੱਪਰ ਕਿਹੋ ਜਿਹੇ ਕਿਰਦਾਰ ਜਿਊਂਕੇ ਤੁਹਾਨੂੰ ਆਤਮ ਸਕੂਨ ਪ੍ਰਾਪਤ ਹੋਇਆ ?
ਰਾਣਾਂ ਰਣਬੀਰ -ਮੰਚ ਉੱਪਰ ਮੈਨੂੰ ਗੁਰਦਿਆਲ ਸਿੰਘ ਦੇ ਨਾਟਕ ‘ਅੱਧ ਚਾਨਣੀਂ ਰਾਤ’ ਦਾ ਪਾਤਰ ਰੁਲਦੂ ਨਿਭਾਕੇ ਬੜਾ ਸਕੂਨ
ਮਿਲਿਆ।ਉਹ ਨਾਟਕ ਅਸੀਂ ਰੈਪਰਟਰੀ ‘ਚ ਹੁੰਦਿਆਂ ਬਹੁਤ ਵਾਰੀ ਖੇਡਿਆ। ਤੇ ਇੱਕ ਪਾਤਰ ਸੀ ਭਾਬੀ ਮੈਨਾਂ ਨਾਟਕ ਦਾ ‘ਕਾਕਾ’। ਜਿਹੜਾ ਅੱਜ ਵੀ ਵਾਰ ਵਾਰ ਕਰਨ ਨੂੰ ਦਿਲ ਕਰਦਾ [

ਦਰਸ਼ਨ ਦਰਵੇਸ਼-ਥੀਏਟਰ ਕਰਦਿਆਂ ਤੁਸੀਂ ਆਪਣੀਂ ਨਿੱਜੀ ਜ਼ਿੰਦਗੀ ਵਿੱਚ ਕਿਹੋ ਜਿਹਾ ਕੋਈ ਬਦਲਾਉ ਮਹਿਸੂਸ ਕੀਤਾ ?
ਰਾਣਾਂ ਰਣਬੀਰ -ਮੇਰੀ ਨਿੱਜੀ ਜ਼ਿੰਦਗੀ ਬਣਾਈ ਹੀ ਥੀਏਟਰ ਨੇ ਹੈ।ਮੈਂ ਥੀਏਟਰ ਨੂੰ ਕਦੇ ਵੀ ਆਪਣੇਂ ਤੋਂ ਵੱਖ ਕਰਕੇ ਨਹੀਂ ਵੇਖ
ਸਕਦਾ।ਮੇਰਾ ਅੱਜ ਤੱਕ ਦਾ ਸਭ ਤੋਂ ਵੱਧ ਸਮਾਂ ਸਟੇਜਾਂ ਉੱਪਰ ਹੀ ਬੀਤਿਆ ਹੈ।ਨਾਟਕਾਂ ਰਾਹੀਂ ਮਿਲੇ ਕੁੱਝ ਵਧੀਆ ਕਿਰਦਾਰਾਂ ਦੇ ਸੁਭਾਅ ਮੈਂ ਆਪਣੇਂ ਨਿੱਜ ਵਿੱਚ ਵੀ ਜਿਊਣ ਦੀ ਕੋਸ਼ਿਸ਼ ਕਰਦਾ ਹਾਂ।

ਦਰਸ਼ਨ ਦਰਵੇਸ਼-ਤੁਸੀਂ ਇੱਕ ਕਲਾਕਾਰ ਹੋ,ਲੇਖਕ ਹੋ, ਕਿਸ ਖੇਤਰ ਵਿੱਚ ਮੰਜ਼ਿਲ ਛੂਹਣ ਦਾ ਇਰਾਦਾ ਧਾਰਿਆ ਹੋਇਆ ਹੈ ?
ਰਾਣਾਂ ਰਣਬੀਰ -ਹੁਣ ਤਾਂ ਸਿਰਫ ਐਕਟਿੰਗ ਵਿੱਚ ਹੀ ਅੱਗੇ ਵਧਣ ਦੀ ਲਾਲਸਾ,ਕਾਮਨਾਂ ਅਤੇ ਇਰਾਦਾ ਹੈ।ਹਾਂ ਲਿਖਣਾਂ ਬਾਦਸਤੂਰ
ਜਾਰੀ ਹੈ ਅਤੇ ਅਗਾਂਹ ਨੂੰ ਵੀ ਜਾਰੀ ਰਹੇਗਾ।

ਦਰਸ਼ਨ ਦਰਵੇਸ਼-ਅੱਜ ਤੱਕ ਜਿੰਨੇ ਵੀ ਨਾਟਕ ਕੀਤੇ ਉਹਨਾਂ ‘ਚੋਂ ਕਿਹੜੀਆਂ ਕਿਰਤਾਂ ਬਾਰ ਬਾਰ ਮੰਚਿਤ ਕਰਨ ਨੂੰ ਦਿਲ ਕਰਦਾ ਹੈ
ਰਾਣਾਂ ਰਣਬੀਰ -ਹਿੰਦੀ ਦਾ ਇੱਕ ਨਾਟਕ ਖੁਦ ਹੀ ਨਿਰਦੇਸ਼ਿਤ ਅਤੇ ਐਕਟ ਕੀਤਾ ਸੀ ‘ਫੰਦੀ’ ਤੇ ਦੂਜਾ ੧੯੯੫ ‘ਚ ਪਾਸ਼ ਦੀ
ਪੋਇਟਰੀ, ਚਿੱਠੀਆਂ ਅਤੇ ਡਾਇਰੀ ਨੂੰ ਲੈਕੇ ਕੰਪਾਈਲ ਕੀਤਾ ਸੀ-‘ਉਦਾਸ ਪਹਿਰ ਦੀ ਸਾਂ ਸਾਂ’। ਇਸਨੂੰ ਤਾਂ ਹੁਣ ਵੀ ਮੰਚਿਤ ਕਰਨ ਨੂੰ ਦਿਲ ਕਰਦੈ।

ਦਰਸ਼ਨ ਦਰਵੇਸ਼-ਜੇਕਰ ਉਸਤਾਦ-ਸ਼ਾਗਿਰਦ ਦੀ ਰਿਵਾਇਤ ਨੂੰ ਮੰਨਦੇ ਹੋ ਤਾਂ ਆਪਣੇਂ ਉਸਤਾਦ ਬਾਰੇ ਦੱਸਦੇ ਹੋਏ ਇਹ ਵੀ ਦੱਸੋ ਕਿ
ਉਹਨਾਂ ਨੇ ਸਫਲਤਾ ਦੀ ਪੌੜੀ ਦਾ ਰਾਜ਼ ਤੁਹਾਨੂੰ ਕੀ ਅਤੇ ਕਿਵੇਂ ਸਮਝਾਇਆ ਸੀ?
ਰਾਣਾਂ ਰਣਬੀਰ -ਮੈਂ ਜਿੰਨ੍ਹਾਂ ਤੋਂ ਪੜ੍ਹਿਆ, ਜਿੰਨ੍ਹਾਂ ਨਾਲ ਕੰਮ ਕੀਤਾ। ਜਿਹੜੀਆਂ ਕਿਤਾਬਾਂ ਪੜ੍ਹੀਆਂ,ਗਿਣਤੀ ਦੇ ਕੁੱਝ ਦੋਸਤ ਅਤੇ
ਦੁਸ਼ਮਣ, ਸਭ ਮੇਰੇ ਉਸਤਾਦ ਨੇ।ਕਿਸੇ ਤੋਂ ਕੁੱਝ ਸਿੱਖਿਆ ਕਿਸੇ ਤੋਂ ਕੁੱਝ। ਕਿਸੇ ਤੋਂ ਸਿੱਖਿਆ ਕਿ ਕੀ ਕਰਨਾਂ ਹੈ ਅਤੇ ਕਿਵੇਂ ਜਿਊਣਾਂ ਹੈ। ਕਿਸੇ ਨੇ ਦੱਸਿਆ ਕਿ ਕੀ ਨਹੀਂ ਕਰਨਾਂ।ਕਿਸੇ ਤੋਂ ਸਿੱਖਿਆ ਲਈ ਕਿ ਇਹਦੇ ਵਾਂਗ ਨਹੀਂ ਕਰਨਾਂ।ਸਫਲਤਾ ਦਾ ਸਬਕ ਖੁਦ ਨੂੰ ਆਪ ਹੀ ਪੜ੍ਹਾਇਆ।ਕੰਮ ਕਰਦਾ ਰਹਿ ਮਿਹਨਤ ਅਤੇ ਇਮਾਨਦਾਰੀ ਨਾਲ।

ਦਰਸ਼ਨ ਦਰਵੇਸ਼-ਸਿਨੇਮਾ ਅਤੇ ਸਟੇਜ ਦਾ ਮਨੋਰੰਜਨ ਇਕੱਠੇ ਕਿੱਥੇ ਹਨ ਅਤੇ ਵੱਖ ਵੱਖ ਕਿੱਥੇ ਹਨ ?
ਰਾਣਾਂ ਰਣਬੀਰ -ਸਿਨੇਮਾਂ ਅਤੇ ਸਟੇਜ ਵਿੱਚ ਮੈਂ ਬਹੁਤ ਅੰਤਰ ਵੇਖਦਾਂ।ਹਰ ਪਹਿਲੂ ਉੱਪਰ ਇੱਕਸਾਰ ਹੋਕੇ ਵੀ ਵੱਖਰੇ ਹਨ।ਇਸ
ਉੱਪਰ ਬਹੁਤ ਵੱਡੀ ਚਰਚਾ ਹੋ ਸਕਦੀ ਹੈ।ਮੇਰੇ ਖਿਆਲ ਵਿੱਚ ਸਿਨੇਮਾ ਚੱਲੀ ਹੋਈ ਦੁਕਾਨ ਵਰਗਾ ਹੁੰਦਾ ਹੈ। ਐਕਟਰ ਲਈ ਥੀਏਟਰ ਬਹੁਤ ਜਰੂਰੀ ਹੈ।ਇਹ ਵੀ ਕਹਿ ਸਕਦੇ ਹਾਂ ਕਿ ਥੀਏਟਰ ਮੇਰਾ ਰਿਆਜ਼ ਐ ਅਤੇ ਸਿਨੇਮਾ ਮੇਰੀ ਦੁਕਾਨ ਐ।ਵੱਡੀ ਦੁਕਾਨ ਹਮੇਸ਼ਾ ਵੱਡੀ ਆਡੀਐਂਸ ਦਿੰਦੀ ਐ।ਸਕਰੀਨ ਉੱਪਰ ਜੋ ਨਿਰਦੇਸ਼ਕ ਦਿਖਾਵੇਗਾ ਉਹ ਨਜ਼ਰ ਆਵੇਗਾ ਅਤੇ ਸਟੇਜ ਉੱਪਰ ਜੋ ਮੈਂ ਦਿਖਾਵਾਂਗਾ ਉਹ ਦਿੱਸੇਗਾ।ਸਟੇਜ ਇੱਕ ਕਲਾਕਾਰ ਨੂੰ ਤੁਰੰਤ ਰਿਸਪਾਂਸ ਦਿੰਦੀ ਹੈ ਅਤੇ ਸਟੇਜ ਦੇਰ ਬਾਦ।

ਦਰਸ਼ਨ ਦਰਵੇਸ਼-ਪਹਿਲਾਂ ਵੀਡੀਓ ਫਿਲਮਾਂ ਅਤੇ ਫੇਰ ਫੀਚਰ ਫਿਲਮਾਂ ਵੱਲ ਆਉਣ ਦਾ ਸਬੱਬ ਕਿਵੇਂ ਬਣਿਆ ?
ਰਾਣਾਂ ਰਣਬੀਰ-ਵੀਡੀਓ ਅਤੇ ਥੀਏਟਰ ਕਰਦੇ ਹੋਏ ਸਿਨੇਮਾ ਦੀ ਭੁੱਖ ਤਾਂ ਸੀਗੀ ਹੀ।‘ਦਿਲ ਆਪਣਾਂ ਪੰਜਾਬੀ’ ਰਾਹੀਂ ਪਹਿਲੀ ਵਾਰ
ਮਨਮੋਹਨ ਸਿੰਘ ਹੋਰਾਂ ਨੇ ਮੌਕਾ ਦਿੱਤਾ ਅਤੇ ਮੈਂ ਕੋਸ਼ਿਸ਼ ਕੀਤੀ ਕਿ ਘੱਟ ਤੋਂ ਘੱਟ ਤੇਤੀ ਪ੍ਰਤੀਸ਼ਤ ਨੰਬਰ ਲੈਕੇ ਤਾਂ ਪਾਸ ਹੋਵਾਂ ਹੀ ਹੋਵਾਂ।ਨੰਬਰ ਕਿੰਨੇ ਲੈਕੇ ਪਾਸ ਹੋਇਆਂ ਇਹ ਤਾਂ ਮੈਨੂੰ ਪਤਾ ਨੀਂ ਪਰ ਫਿਲਮਾਂ ਕਰ ਰਿਹਾ ਹਾਂ।

ਦਰਸ਼ਨ ਦਰਵੇਸ਼-ਹੁਣ ਤੱਕ ਫਿਲਮਾਂ ਵਿੱਚ ਜਿਹੜੇ ਵੀ ਕਿਰਦਾਰ ਨਿਭਾਏ ਉਹਨਾਂ ਵਿੱਚੋਂ ਕਿਹੜੇ ਕਿਰਦਾਰਾਂ ਨੇ ‘ਗੱਲ ਬਣਜੂ’
ਵਰਗਾ ਸ਼ਬਦ ਮਸਤਕ ਅੰਦਰ ਜਿਊਂਦਾ ਕੀਤਾ ?
ਰਾਣਾਂ ਰਣਬੀਰ-ਫਿਲਮਾਂ ਤਾਂ ਮੈਂ ਕਈ ਕਰ ਲਈਆਂ ਪਰ ਸਭ ਤੋਂ ਪਹਿਲੀ ਵਾਰ ਦਿਲ ਆਪਣਾਂ ਪੰਜਾਬੀ ਦੇ ‘ਲੱਕੜਚੱਬ’ ਨੇ ਹੀ
ਦਸਤਕ ਦੇ ਦਿੱਤੀ ਸੀ ਕਿ ਗੱਲ ਬਣਜੂ ।

ਦਰਸ਼ਨ ਦਰਵੇਸ਼-ਇੱਕ ਕਲਾਕਾਰ ਲਈ ਸਿਨੇਮਾਂ ਅਤੇ ਸਟੇਜ ਵਿੱਚੋਂ ਅਹਿਮ ਕੀ ਹੁੰਦਾ ਹੈ ?
ਰਾਣਾਂ ਰਣਬੀਰ -ਮੇਰੇ ਲਈ ਦੋਵੇਂ ਹੀ ਅਹਿਮ ਨੇ।ਸੁੱਖ ਸਹੂਲਤ ਨਾਲ ਜਿਊਣ ਲਈ ਸਿਨੇਮਾ ਅਤੇ ਰਿਆਜ਼ ਲਈ ਥੀਏਟਰ।ਬਾਕੀ
ਸਟੇਜ ਦੀ ਮਸ਼ਕ ਮੇਰੀ ਹਰ ਰੋਜ਼ ਹੀ ਹੋ ਜਾਂਦੀ ਐ। ਮੈਂ ਲੱਕੀ ਹਾਂ ਕਿ ਸਿਨੇਮਾ ਦੇ ਨਾਲ ਨਾਲ ਸਟੇਜ ਸ਼ੋਅ ਕਰਦਾਂ, ਸਟੈਂਡਅੱਪ ਕਾਮੇਡੀ। ਕੱਲਾ ਈ ਮੇਰੀ ਪਰਫਾਰਮੈਂਸ ਓਥੇ ਵੀ ਥੀਏਟਰੀਕਲ ਹੀ ਹੁੰਦੀ ਐ।ਲੋਕ ਪਸੰਦ ਕਰਦੇ ਨੇ।

ਦਰਸ਼ਨ ਦਰਵੇਸ਼-ਰਾਣਾਂ ਰਣਬੀਰ ਨੇ ਸਫਲਤਾ ਦੀ ਉਡਾਣ ਭਰਨ ਲਈ ਜ਼ਿੰਦਗੀ ਵਿੱਚ ਕਿਹੋ ਕਿਹੋ ਜਿਹੇ ਸੁਆਲੀਆ ਨਿਸ਼ਾਨਾਂ ਅਤੇ
ਰੁਕਾਵਟਾਂ ਦਾ ਸਾਹਮਣਾਂ ਕੀਤਾ ?
ਰਾਣਾਂ ਰਣਬੀਰ -ਮੁਆਫ ਕਰਨਾਂ ਫੁਕਰਾ ਨਾਂ ਸਮਝ ਲੈਣਾਂ ਇਸ ਇਕੱਲੇ ਸੁਆਲ ਉੱਪਰ ਹੀ ਮੇਰੀ ਪੂਰੀ ਗੱਲਬਾਤ ਹੋ ਸਕਦੀ ਹੈ।ਸੋ
ਦਰਵੇਸ਼ ਜੀ ਸੁਆਲੀਆ ਨਿਸ਼ਾਨ ਅਤੇ ਰੁਕਾਵਟਾਂ ਹੁਣ ਤਾਂ ਬੱਸ ਏਨਾਂ ਹੀ ਕਹਾਂਗਾ---ਮੁਖਾਲਫਤ ਸੇ ਮੇਰੀ ਤਬੀਅਤ ਔਰ ਸੰਵਰਤੀ ਹੈ,ਮੈਂ ਦੁਸ਼ਮਨੋਂ ਕਾ ਬੜਾ ਅਹਿਤਰਾਮ ਕਰਤਾ ਹੂੰ ।

ਦਰਸ਼ਨ ਦਰਵੇਸ਼-ਤੁਹਾਡੀ ਨਜ਼ਰ ਵਿੱਚ ਪੰਜਾਬੀ ਸਟੇਜ ਅਤੇ ਸਿਨੇਮਾ ਨੂੰ ਊਣਤਾਈਆਂ ਵਿੱਚੋਂ ਉਭਾਰਕੇ ਬੁਲੰਦੀਆਂ ਉੱਪਰ ਕਿਵੇਂ
ਪੁਚਾਇਆ ਜਾ ਸਕਦਾ ਹੈ ?
ਰਾਣਾਂ ਰਣਬੀਰ -ਸਿਨੇਮਾ ਹੁਣ ਤਕਨੀਕ ਪੱਖੋਂ ਪਰਪੱਕ ਅਤੇ ਸੁਲਝੇ ਲੋਕਾਂ ਦੇ ਹੱਥਾਂ ਵਿੱਚ ਹੈ।ਬੁਲੰਦੀ ਦੀ ਪੌੜੀ ਉੱਪਰ ਕਦਮ ਵਧਾ
ਚੁੱਕਿਆ ਹੈ। ਸਟੇਜ ਦੇ ਕਾਮੇਂ ਲਗਾਤਾਰ ਆਪਣੇਂ ਸਫਰ ਉੱਤੇ ਬਿਨਾਂ ਕਿਸੇ ਥਕਾਵਦ ਦੇ ਤੁਰੇ ਹੋਏ ਨੇ। ਅੰਮ੍ਰਿਤਸਰ ਵਿੱਚ ਲਗਾਤਾਰ ਥੀਏਟਰ ਹੋ ਰਿਹਾ ਹੈ।ਰੰਗਸ਼ਾਲਾ ਅਤੇ ਪ੍ਰਬੰਧਕਾਂ ਅਤੇ ਕਾਮਿਆਂ ਨੂੰ ਸਲਾਮ ਹੈ ਮੇਰੀ।ਗੁਰਸ਼ਰਨ ਸਿੰਘ ਹੋਰਾਂ ਦੀ ਪੈੜ ਦੀ ਪਛਾਣ ਕਰਦਿਆਂ, ਕੋਸ਼ਿਸ਼ ਕਰਨ ਅਤੇ ਕੰਮ ਕਰਨ ਵਾਲੇ ਰੰਗਕਰਮੀਂ ਥੀਏਟਰ ਨੂੰ ਅਤੇ ਖੁਦ ਨੂੰ ਬੜੀ ਆਸਾਨੀ ਨਾਲ ਬੁਲੰਦੀ ਵੱਲ ਲੈਕੇ ਜਾ ਸਕਦੇ ਨੇ।

ਦਰਸ਼ਨ ਦਰਵੇਸ਼-ਕਿਹੜਾ ਸੁਪਨਾਂ ਹੈ ਜਿਹੜਾ ਅੱਜ ਤੱਕ ਵੀ ਤੁਹਾਡੇ ਮੱਥੇ ਅੰਦਰਲੀ ਸ਼ਿਕਨ ਦੂਰ ਕਰਨ ਵਿੱਚ ਕਾਮਯਾਬ ਨਹੀਂ ਹੋ
ਸਕਿਆ ?
ਰਾਣਾਂ ਰਣਬੀਰ-ਸੁਪਨੇ ਹਰ ਦਿਨ ਜਨਮ ਲੈਂਦੇ ਨੇ।ਸੱਚ ਦੱਸਾਂ ਕੋਈ ਸ਼ਿਕਨ ਨਹੀਂ ਪਰ ਤਸੱਲੀ ਕਦੇ ਹੋਣੀਂ ਨਹੀਂ ।ਜਿਸ ਦਿਨ ਤਸੱਲੀ
ਹੋਈ ਉਸ ਦਿਨ ਰਾਣਾਂ ਰਣਬੀਰ ਖਤਮ।ਮੈਂ ਹੀ ਕਦੇ ਲਿਖਿਆ ਸੀ ‘ਮੈਂ ਮਿੱਟੀ ਮੇਰੇ ਸੁਪਨੇ ਮਿੱਟੀ, ਮਿੱਟੀ ਦੀ ਜਿੰਦ ਉਸਾਰੀ ਮੈਂ’
ਦਰਸ਼ਨ ਦਰਵੇਸ਼-ਹੁਣ ਤੱਕ ਕਿਹੜੀਆਂ ਕਿਹੜੀਆਂ ਫਿਲਮਾਂ ਵਿੱਚ ਤੁਸੀਂ ਲੋਕਾਂ ਦੀਆਂ ਨਜ਼ਰਾਂ ਵਿੱਚ ਚੜ੍ਹ ਚੁੱਕੇ ਹੋ ?
ਰਾਣਾਂ ਰਣਬੀਰ-ਦਿਲ ਆਪਣਾਂ ਪੰਜਾਬੀ, ਮਿੱਟੀ ਵਾਜ਼ਾਂ ਮਾਰਦੀ, ਹਸ਼ਰ, ਮੇਰਾ ਪਿੰਡ, ਮੁੰਡੇ ਯੂ.ਕੇ. ਦੇ, ਮੈਂ ਤੂੰ ਅਸੀਂ ਤੁਸੀਂ, ਰੱਬ ਨੇ
ਬਣਾਈਆਂ ਜੋੜੀਆਂ, ਮਹਿੰਦੀ ਵਾਲੇ ਹੱਥ, ਲੱਗਦੈ ਇਸ਼ਕ ਹੋ ਗਿਆ, ਅੱਖੀਆਂ ਉਡੀਕਦੀਆਂ, ਤੇਰਾ ਮੇਰਾ ਕੀ ਰਿਸ਼ਤਾ,
ਦਰਸ਼ਨ ਦਰਵੇਸ਼-ਤੁਸੀਂ ਆਉਣ ਵਾਲੇ ਸਮੇਂ ਵਿੱਚ ਕਿਹੜੀਆਂ ਕਿਹੜੀਆਂ ਫਿਲਮਾਂ ਵਿੱਚ ਨਜ਼ਰੀਂ ਪਵੋਗੇ ?
ਰਾਣਾਂ ਰਣਬੀਰ -ਚੱਕ ਜਵਾਨਾਂ, ਸਰਪੰਚ, ਇੱਕ ਕਬੱਡੀ ਇੱਕ ਮੁਹੱਬਤ, ਇੱਕ ਕੁੜੀ ਪੰਜਾਬ ਦੀ, ਛੇਵਾਂ ਦਰਿਆ, ਏਕਨੂਰ, ਚੰਨਾਂ
ਸੱਚੀਂ ਮੁੱਚੀਂ……
ਦਰਸ਼ਨ ਦਰਵੇਸ਼ -ਜੇ ਮੈ ਗਲਤ ਨਾਂ ਹੋਵਾਂ ਤਾਂ ਸ਼ਾਇਦ ਲੇਖਕ ਦੇ ਤੌਰ ਉੱਤੇ ਤੁਹਾਡੇ ਕੋਈ ਨਾਂ ਕੋਈ ਪਰੋਜੈਕਟ ਵੀ ਤਾਂ ਆਉਣ ਵਾਲੇ
ਹੋਣਗੇ ?
ਰਾਣਾਂ ਰਣਬੀਰ -ਵੈਸੇ ਤਾਂ ਮੈਨੂੰ ਮਨਮੋਹਨ ਸਿੰਘ ਜੀ ਨੇ ਪਹਿਲੀ ਵੱਡੀ ਬਰੇਕ ਲੇਖਕ ‘ਮੁੰਡੇ ਯੂ.ਕੇ.ਦੇ’ ਰਾਹੀਂ ਦਿੱਤੀ ਸੀ ਅਤੇ ਮੈਂ ਉਹਨਾਂ ਦੀ ਆਉਣ ਵਾਲੀ ਫਿਲਮ ‘ਇੱਕ ਕੁੜੀ ਪੰਜਾਬ ਦੀ’ ਦੇ ਸੰਵਾਦ ਵੀ ਲਿਖੇ ਨੇ। ਇਸ ਦੇ ਨਾਲ ਹੀ ਮੈਂ ਕੁੱਝ ਹੋਰ ਫਿਲਮਾਂ ਵੀ ਲਿਖ ਰਿਹਾ ਹਾਂ ਜਿਹੜੀਆਂ ਆਉਣ ਵਾਲੇ ਸਮੇਂ ਵਿੱਚ ਸਿਨੇਮਾਂ ਦਾ ਸ਼ਿੰਗਾਰ ਬਣਨਗੀਆਂ।

੦੦੦੦੦੦੦੦੦੦੦੦੦