Wednesday, August 25, 2010

ਕੁੰਢੀਆਂ ਦੇ ਸਿੰਙ ਫਸਗੇ/ਹਰਿੰਦਰ ਭੁੱਲਰ



27 ਅਗਸਤ ਨੂੰ ਗੁਰਦਾਸ ਮਾਨ ਤੇ ਮਿਸ ਪੂਜਾ 'ਚ ਹੋਵੇਗਾ ਭੇੜ


ਇੱਕ ਬੜੀ ਪੁਰਾਣੀ ਕਹਾਵਤ 'ਕੁੰਢੀਆਂ ਦੇ ਸਿੰਙ ਫਸ'ਗੇ ਕੋਈ ਨਿੱਤਰੂ ਵੜੇਵੇਂ ਖਾਣੀ' ਅਨੁਸਾਰ ਆਗਾਮੀ 27 ਅਗਸਤ ਨੂੰ ਪੰਜਾਬੀਆਂ ਦੇ ਮਾਣ ਗੁਰਦਾਸ ਮਾਨ ਅਤੇ ਚਰਚਿਤ ਗਾਇਕਾ ਮਿਸ ਪੂਜਾ ਮੁਕਾਬਲੇ ਲਈ ਆਹਮੋ-ਸਾਹਮਣੇ ਹੋ ਰਹੇ ਹਨ। ਇੱਕ ਪਾਸੇ ਉਹ ਗਾਇਕ ਹੈ ਜੋ ਵਰ੍ਹਿਆਂ ਤੋਂ ਆਪਣੀ ਗਾਇਕੀ, ਲੇਖਣੀ ਅਤੇ ਅਦਾਕਾਰੀ ਸਦਕਾ ਲੋਕ-ਮਨਾਂ 'ਤੇ ਰਾਜ ਕਰ ਰਿਹਾ ਹੈ ਤੇ ਦੂਜੇ ਪਾਸੇ ਉਹ ਗਾਇਕਾ ਹੈ ਜੋ ਥੋੜ੍ਹੇ ਅਰਸੇ ਵਿੱਚ ਹੀ ਹਰ ਪੰਜਾਬੀ ਦੇ ਦਿਲੋ ਦਿਮਾਗ 'ਤੇ ਬੁਰੀ ਤਰਾਂ ਛਾਅ ਚੁੱਕੀ ਹੈ। ਇਹ ਮੁਕਾਬਲਾ ਹੋਣ ਜਾ ਰਿਹਾ ਹੈ ਗੁਰਦਾਸ ਮਾਨ ਅਭਿਨੀਤ ਫ਼ਿਲਮ 'ਚੱਕ ਜਵਾਨਾਂ' ਅਤੇ ਮਿਸ ਪੂਜਾ ਨੂੰ ਮੇਨ ਲੀਡ ਵਿੱਚ ਲੈ ਕੇ ਬਣਾਈ ਗਈ ਫ਼ਿਲਮ 'ਚੰਨਾ ਸੱਚੀਂ ਮੁੱਚੀਂ' ਵਿਚਕਾਰ ਜੋ ਇਸ 27 ਅਗਸਤ ਨੂੰ ਇੱਕੋ ਦਿਨ ਰਿਲੀਜ਼ ਹੋਣ ਜਾ ਰਹੀਆਂ ਹਨ।
ਹਲਾਂਕਿ ਇਹਨਾਂ ਦੋਵਾਂ ਹੀ ਗਾਇਕ ਅਦਾਕਾਰਾਂ ਦੀਆਂ ਪਿਛਲੀਆਂ ਰਿਲੀਜ਼ ਹੋਈਆਂ ਫ਼ਿਲਮਾਂ 'ਸੁਖਮਨੀ' ਅਤੇ 'ਪੰਜਾਬਣ' ਨੇ ਕੋਈ ਵਰਨਣਯੋਗ ਪ੍ਰਾਪਤੀ ਨਹੀਂ ਕੀਤੀ ਸੀ ਪਰ ਫਿਰ ਵੀ ਦਰਸ਼ਕਾਂ ਵਿੱਚ ਇਹਨਾਂ ਦੋਨਾਂ ਹੀ ਫ਼ਿਲਮਾਂ ਪ੍ਰਤੀ ਉਤਸ਼ਾਹ ਹੈ। ਇੱਕੋ ਹੀ ਦਿਨ ਇਹਨਾਂ ਦੋਨਾਂ ਫ਼ਿਲਮਾਂ ਦੇ ਰਿਲੀਜ਼ ਹੋਣ ਪਿੱਛੇ ਮੁੱਖ ਕਾਰਨ ਇਹ ਹੈ ਕਿ 'ਚੰਨਾਂ ਸੱਚੀਂ ਮੁੱਚੀ' ਦੇ ਨਿਰਮਾਤਾ ਇਕਬਾਲ ਢਿੱਲੋਂ ਨੇ ਪਹਿਲਾਂ ਆਪਣੀ ਫ਼ਿਲਮ ਦੀ ਰਿਲੀਜ਼ਿੰਗ 20 ਅਗਸਤ ਨੂੰ ਰੱਖੀ ਸੀ ਤੇ ਉਹਨਾਂ ਨੂੰ ਇਲਮ ਵੀ ਨਹੀਂ ਸੀ ਕਿ 'ਚੱਕ ਜਵਾਨਾਂ' ਐਨੀ ਜਲਦੀ ਰਿਲੀਜ਼ ਹੋਣ ਲਈ ਕਾਹਲੀ ਹੋ ਜਾਵੇਗੀ ਕਿਉਂਕਿ ਇਸ ਫ਼ਿਲਮ ਨੂੰ ਤਿਆਰ ਹੋਈ ਨੂੰ ਕਾਫ਼ੀ ਸਮਾਂ ਹੋ ਗਿਆ ਸੀ। ਪਰ 20 ਅਗਸਤ ਨੂੰ ਸਿਨੇਮਿਆਂ ਦੀ ਉਪਲਬਧਤਾ ਨਾ ਹੋਣ ਕਾਰਨ ਇਕਬਾਲ ਢਿੱਲੋਂ ਨੇ 'ਚੰਨਾ ਸੱਚੀਂ ਮੁੱਚੀਂ' ਦੀ ਰਿਲੀਜ਼ਿੰਗ ਤਰੀਕ 27 ਅਗਸਤ ਕਰ ਦਿੱਤੀ ਓਧਰ ਬਿਗ ਫ਼ਿਲਮਜ਼ ਨੇ ਵੀ ਇਹ ਦੇਖ ਕੇ ਕਿ 'ਚੰਨਾਂ ਸੱਚੀਂ ਮੁੱਚੀਂ' ਤਾਂ 20 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਇਸ ਲਈ 'ਚੱਕ ਜਵਾਨਾਂ' ਦੀ ਰਿਲੀਜ਼ਿੰਗ ਇਸ ਤੋਂ ਇੱਕ ਹਫ਼ਤਾ ਬਾਅਦ 27 ਅਗਸਤ ਕਰ ਦਿੱਤੀ। ਇਹ ਤਾਂ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਤਾਂ ਇੱਕੋ ਦਿਨ ਹੀ ਇਹ ਦੋਵੇਂ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਹਾਲਾਤ ਇਹ ਬਣ ਚੁੱਕੇ ਸਨ ਕਿ ਦੋਨਾਂ ਵਿੱਚੋਂ ਕਿਸੇ ਵੀ ਫ਼ਿਲਮ ਦੀ ਰਿਲੀਜ਼ਿੰਗ ਨਹੀਂ ਟਲ ਸਕਦੀ ਸੀ ਇਸ ਲਈ ਹੁਣ ਇੱਕੋ ਦਿਨ ਹੀ ਇਹ ਦੋਵੇਂ ਫ਼ਿਲਮਾਂ ਟਕਰਾਉਣਗੀਆਂ। ਜੇਕਰ ਨਿਰਪੱਖ ਹੋ ਕੇ ਕਹੀਏ ਤਾਂ ਇੱਕੋ ਦਿਨ ਦੋ ਪੰਜਾਬੀ ਫ਼ਿਲਮਾਂ ਦਾ ਰਿਲੀਜ਼ ਹੋਣਾ ਕੋਈ ਪੰਜਾਬੀ ਫ਼ਿਲਮਾਂ ਦੀ ਅਮੀਰੀ ਨੂੰ ਨਹੀਂ ਦਰਸਾਉਂਦਾ ਕਿਉਂਕਿ ਸਾਡਾ ਸਿਨੇਮਾਂ ਅਜੇ ਐਨਾ ਤਾਕਤਵਰ ਨਹੀਂ ਹੋਇਆ ਕਿ ਇਹ ਇੱਕੋ ਦਿਨ ਦੋ-ਦੋ ਫ਼ਿਲਮਾਂ ਰਿਲੀਜ਼ ਕਰ ਸਕਣ ਦੀ ਸਮਰੱਥਾ ਰਖਦਾ ਹੋਵੇ। ਇਹ ਤਾਂ ਸਗੋਂ ਅਜੇ ਆਪਣੀ ਪਹਿਚਾਣ ਬਣਾਉਣ ਲਈ ਹੀ ਜੂਝ ਰਿਹਾ ਹੈ ਤੇ ਅਜਿਹੇ ਸਮੇ ਵਿੱਚ ਇੱਕੋ ਦਿਨ ਦੋ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣ ਨਾਲ ਇਹਨਾਂ ਦੋਨਾਂ ਹੀ ਫ਼ਿਲਮਾਂ ਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ ਸੋ ਅਜਿਹੇ ਹਾਲਾਤਾਂ ਵਿੱਚ ਜ਼ਰੂਰ ਹੀ ਕਿਸੇ ਇੱਕ ਨਿਰਮਾਤਾ ਨੂੰ ਆਪਣੀ ਫ਼ਿਲਮ ਦੀ ਰਿਲੀਜ਼ਿੰਗ ਅੱਗੇ ਕਰ ਲੈਣੀ ਚਾਹੀਦੀ ਸੀ।
ਹੁਣ ਇਸ ਸਥਿਤੀ ਵਿੱਚ ਦੋਵੇਂ ਹੀ ਨਿਰਮਾਤਾ ਆਪਣੇ ਆਪ ਨੂੰ ਬਚਾਉਣ ਦੇ ਚੱਕਰ ਵਿੱਚ ਕਈ ਖੁਸ਼ਫ਼ਹਿਮੀਆਂ ਪਾਲ ਰਹੇ ਹਨ। ਜਿੱਥੇ 'ਚੱਕ ਜਵਾਨਾਂ' ਦੇ ਨਿਰਮਾਤਾ ਇਸ ਗੱਲੋਂ ਖੁਸ਼ ਹਨ ਕਿ ਗੁਰਦਾਸ ਦੇ ਮੁਕਾਬਲੇ ਮਿਸ ਪੂਜਾ ਕਿਤੇ ਨਹੀਂ ਠਹਿਰ ਸਕੇਗੀ ਓਥੇ ਮਿਸ ਪੂਜਾ ਦੀ ਫ਼ਿਲਮ ਦੇ ਨਿਰਮਾਤਾ ਨੇ ਆਪਣੀ ਪੁਰਾਣੀ ਸਾਖ ਕਾਰਨ ਪਹਿਲਾਂ ਹੀ ਪੰਜਾਬ ਦੇ ਸਭ ਸ਼ਹਿਰਾਂ ਦੇ ਵਧੀਆ ਸਿਨੇਮਿਆਂ ਨੂੰ ਬੁੱਕ ਕਰ ਕੇ ਆਪਣੇ ਆਪ ਨੂੰ ਦੂਜੀ ਧਿਰ ਨਾਲੋਂ ਮਜ਼ਬੂਤ ਮੰਨ ਚੁੱਕੇ ਹਨ।ਹਲਾਂਕਿ ਆਪਣੀਆਂ ਪਿਛਲੀਆਂ ਫ਼ਿਲਮਾਂ ਫ਼ਲਾਪ ਹੋਣ ਕਾਰਨ ਇਹਨਾਂ ਦੋਨਾਂ ਹੀ ਗਾਇਕ ਅਦਾਕਾਰਾਂ ਨੂੰ ਅਪਣੀਆਂ ਇਹਨਾਂ ਫ਼ਿਲਮਾਂ ਦੀ ਪ੍ਰਮੋਸ਼ਨ ਲਈ ਨਿਰਮਾਤਾਵਾਂ ਦਾ ਸਾਥ ਦੇਣਾ ਚਾਹੀਦਾ ਸੀ ਪਰ ਉਹ ਇਸ ਸਭ ਤੋਂ ਕਿਨਾਰਾਕਸ਼ੀ ਕਰਕੇ ਅਮਰੀਕਾ ਅਤੇ ਯੂਰਪ ਵਿੱਚ ਆਪਣੇ ਗਾਇਕੀ ਦੇ ਪ੍ਰੋਗ੍ਰਾਮ ਲਗਾ ਰਹੇ ਹਨ।
ਇਹਨਾਂ ਫ਼ਿਲਮਾਂ ਨੇ ਜਿੱਥੇ ਆਪੋ-ਆਪਣੀ ਉਪਯੋਗਤਾ ਸਿੱਧ ਕਰਨੀ ਹੈ ਓਥੇ ਇਹਨਾਂ ਨੇ ਵਪਾਰ ਦੇ ਲਿਹਾਜ਼ ਨਾਲ ਇਹ ਵੀ ਦਰਸਾਉਣਾ ਹੈ ਕਿ ਗੁਰਦਾਸ ਮਾਨ ਦੇ ਨਾਮ ਨਾਲ ਵੱਧ ਭੀੜ ਆਉਂਦੀ ਹੈ ਜਾਂ ਮਿਸ ਪੂਜਾ ਦੇ ਹੁਸਨ ਦਾ ਜਾਦੂ ਗੁਰਦਾਸ ਦੇ ਰੰਗ ਨੂੰ ਫਿੱਕਾ ਪਾਉਂਦਾ ਹੈ। ਇਹਨਾਂ ਦੋਨਾਂ ਵਿੱਚੋਂ ਜੋ ਵੀ ਬਾਜ਼ੀ ਮਾਰੇਗਾ ਭਵਿੱਖ ਉਸੇ ਦਾ ਬਾਹਾਂ ਫ਼ੈਲਾਅ ਕੇ ਸਵਾਗਤ ਕਰੇਗਾ। ਸਾਡੀਆਂ ਸ਼ੁਭ-ਇੱਛਾਵਾਂ ਦੋਨਾਂ ਫ਼ਿਲਮਾਂ ਨਾਲ ਹੀ ਹਨ।

No comments: