14 ਜਨਵਰੀ ਨੂੰ ਪ੍ਰੀਤ ਨਗਰ ਤੋਂ ਹੋ ਗਈ ਸ਼ੂਟਿੰਗ ਸ਼ੁਰੂ - 2
ਫ਼ਿਲਮ ਦੇ ਅਦਾਕਾਰਾਂ ਦੀ ਖੋਜ ਖ਼ਤਮ ਹੋਣ ਉਪਰੰਤ 14 ਜਨਵਰੀ ਨੂੰ ਫ਼ਿਲਮ ਦੀ ਸ਼ੂਟਿੰਗ ਗੁਰੁ ਕੀ ਨਗਰੀ ਅੰਮ੍ਰਿਤਸਰ ਦੇ ਬਿਲਕੁਲ ਨਾਲ ਪੈਂਦੇ ਉੱਘੇ ਸਾਹਿਤਕਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੁਆਰਾ ਵਸਾਏ ਗਏ ਨਗਰ ਪ੍ਰੀਤ ਨਗਰ ਵਿਖੇ ਸ਼ੁਰੂ ਹੋ ਗਈ। ਸ਼ੂਟਿੰਗ ਦੇ ਪਹਿਲੇ ਹੀ ਦਿਨ ਸਾਨੂੰ ਸ਼ਾਮ ੪ ਵਜੇ ਅੰਮ੍ਰਿਤਸਰ ਪਹੁੰਚਣ ਸਬੰਧੀ ਮੁੱਖ-ਸਹਾਇਕ ਨਿਰਦੇਸ਼ਕ ਦਰਸ਼ਨ ਦਰਵੇਸ਼ ਨੇ ਤਾਕੀਦ ਕਰ ਰੱਖੀ ਸੀ ਸੋ ਮਿਥੇ ਸਮੇਂ ਤੇ ਮੈਂ ਅਤੇ ਮੇਰਾ ਇੱਕ ਹੋਰ ਪੁਰਾਣਾ ਮਿੱਤਰ ਅਦਾਕਾਰ ਗਗਨ ਗਿੱਲ ਅੰਮ੍ਰਿਤਸਰ ਪਹੁੰਚ ਗਏ। ਉੱਥੇ ਜਾ ਕੇ ਲੀਰਾਂ ਦੀ ਖਿੱਦੋ ਉੱਧੜਣ ਵਾਂਗ ਇੱਕ-ਇੱਕ ਕਰਕੇ ਪਤਾ ਲੱਗਾ ਕਿ ਫ਼ਲਾਣਾ ਵੀ ਇਸ ਫ਼ਿਲਮ ਵਿੱਚ ਕੰਮ ਕਰ ਰਿਹਾ ਹੈ ਅਤੇ ਢਿਮਕਾ ਵੀ ਹੈ। ਇਹਨਾਂ ਹੀ ਨਾਵਾਂ ਵਿੱਚ ਮੇਰਾ ਇੱਕ ਹੋਰ ਜਾਣਿਆਂ ਪਹਿਚਾਣਿਆਂ ਨਾਂ ਸੀ ਅਮਨ ਧਾਲੀਵਾਲ। ਉਸਦਾ ਨਾਮ ਸੁਣਕੇ ਬੜੀ ਖ਼ੁਸ਼ੀ ਹੋਈ ਕਿ ਚਲੋੋ ਹੁਣ ਸਮਾਂ ਬੜਾ ਵਧੀਆ ਲੰਘੇਗਾ ਕਿਉਂਕਿ ਅਮਨ ਨਾਲ ਮੇਰੀ ਸਾਂਝ ਬੜੀ ਪੁਰਾਣੀ ਸੀ ਤੇ ਅਸੀਂ ਇੱਕ ਦੂਜੇ ਬਾਰੇ ਚੰਗੀ ਤਰਾਂ ਜਾਣਦੇ ਵੀ ਸੀ। ਤੁਰੰਤ ਹੀ ਅਮਨ ਨੂੰ ਫ਼ੋਨ ਮਿਲਾਇਆ ਤਾਂ ਉਹ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਰਿਹਾ ਸੀ ਉਸਨੇ ਮੈਨੂੰ ਲਾਰੰਸ ਰੋਡ ਵਿਖੇ ਆਉਣ ਲਈ ਕਿਹਾ ਤੇ ਅਸੀਂ ਲਾਰੰਸ ਰੋਡ ਸਥਿਤ ‘ਲੋਰੀਅਲ’ ਸੈਲੂਨ ‘ਤੇ ਇਕੱਠੇ ਹੋ ਗਏ। ਉਥੋਂ ਹੀ ਹੋਟਲ ਪੁੱਜੇ ਤਾਂ ਉਸ ਵੇਲੇ ਯੂਨਿਟ ਪ੍ਰੀਤ ਨਗਰ ਤੋਂ ਸ਼ੂਟਿੰਗ ਖ਼ਤਮ ਕਰ ਕੇ ਵਾਪਸ ਹੋਟਲ ਪਹੁੰਚਿਆ ਹੀ ਸੀ। ਯੂਨਿਟ ਵਿੱਚ ਵੱਡੇ-ਵੱਡੇ ਨਾਵਾਂ ਵਾਲੇ ਉਹ ਬੰਦੇ ਸਾਹਮਣੇ ਵੇਖ ਕੇ ਮਨ ਖ਼ੁਸ਼ ਹੋ ਗਿਆ ਜਿੰਨ੍ਹਾ ਬਾਰੇ ਸੁਣਿਆ ਜਾਂ ਲਿਖਿਆ ਤਾਂ ਬਹੁਤ ਵਾਰ ਸੀ ਪਰ ਉਹ ਐਨੀ ਨੇੜਿਉਂ ਦੇਖੇ ਪਹਿਲੀ ਵਾਰ ਸੀ।
ਰਾਤ ਦੇ ਖਾਣਾ ਸਭ ਨੇ ਇਕੱਠਿਆਂ ਹੀ ਖਾਧਾ ਤੇ ਖਾਣੇ ਉਪਰੰਤ ਦਰਸ਼ਨ ਦਰਵੇਸ਼ ਨੇ ਟਿੰਮੀ ਜੀ ਨੂੰ ਕਹਿ ਕੇ ਸਾਡਾ ਪੰਜ ਜਣਿਆਂ ਦਾ ਕਿਸੇ ਹੋਰ ਹੋਟਲ ਵਿੱਚ ਠਹਿਰਨ ਦਾ ਪ੍ਰਬੰਧ ਕਰ ਦਿੱਤਾ। ਮੇਰੇ ਤੋਂ ਬਿਨਾਂ ਕੌਣ ਸੀ ਬਾਕੀ ਚਾਰ ? ਕੀ ਸੀ ਇਸ ਹੋਟਲ ਦਾ ਨਾਮ ਤੇ ਕਿਸ ਤਰਾਂ ਉਸ ਹੋਟਲ ਦੇ ਨਾਮ ਨੇ ਸਾਰੀ ਸ਼ੂਟਿੰਗ ਸਾਡਾ ਖਹਿੜਾ ਨਹੀਂ ਛੱਡਿਆ ਇਸ ਬਾਰੇ ਚਰਚਾ ਆਪਣੇ ਕਿਸੇ ਅਗਲੇ ਲੇਖ ਵਿੱਚ ਕਰਾਂਗਾ। (ਚਲਦਾ)
No comments:
Post a Comment