Thursday, August 26, 2010

ਇੰਝ ਬਣਦੀ ਗਈ ਇੱਕ ਕੁੜੀ ਪੰਜਾਬ ਦੀ/ਹਰਿੰਦਰ ਭੁੱਲਰ-3


ਮਹਿਫ਼ਲ ਮਿੱਤਰਾਂ ਦੀ ਲਗਦੀ ‘ਗਿੱਲ’ ਦੁਆਰੇ

ਫ਼ਿਲਮ ਵਿੱਚ ‘ਗਿੱਲਾਂ’ ਦੀ ਭਰਮਾਰ ਹੋਣ ਕਰਕੇ ਇਸ ਲੇਖ ਦੇ ਸ਼ੁਰੂ ਵਿੱਚ ਸ਼ਾਇਦ ਪਾਠਕਾਂ ਨੂੰ ਇਹ ਭੰਬਲਭੂਸਾ ਰਹੇ ਕਿ ਮੈਂ ਪਤਾ ਨਹੀਂ ਕਿਹੜੇ ਗਿੱਲ ਦੀ ਗੱਲ ਕਰਨ ਜਾ ਰਿਹਾ ਹਾਂ। ਇਸ ਲਈ ਲੇਖ ਦੇ ਸ਼ੁਰੂ ਵਿੱਚ ਹੀ ਦੱਸ ਦਿੰਦਾ ਹਾਂ ਕਿ ਹੱਥਲੇ ਲੇਖ ਰਾਹੀਂ ਮੈਂ ਗੀਤਕਾਰ ਅਮਰਦੀਪ ਗਿੱਲ ਅਤੇ ਉਸਦੇ ‘ਦੁਆਰੇ’ ਦੀ ਗੱਲ ਕਰਨ ਜਾ ਰਿਹਾ ਹਾਂ।
ਹਰੇਕ ਫ਼ਿਲਮ ਵਿੱਚ ਕਲਾਕਾਰਾਂ ਦੇ ਕੱਦ (ਸਰੀਰਕ ਕੱਦ ਨਹੀਂ ਬਲਕਿ ਅਦਾਕਾਰੀ ਪੱਖੋਂ ਸਥਾਨ) ਅਨੁਸਾਰ ਹੀ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਸੋ ਮੇਰੇ ਸਮੇਤ ਚਾਰ ਹੋਰ ਨਵੇਂ ਕਲਾਕਾਰਾਂ (ਜਿੰਨ੍ਹਾਂ ਬਾਰੇ ਵਿਸਥਾਰ ਪੂਰਵਕ ਵਰਨਣ ਅਗਲੇ ਕਿਸੇ ਲੇਖ ਵਿੱਚ ਕਰਾਂਗਾ) ਦੇ ਠਹਿਰਣ ਲਈ ਫ਼ਿਲਮ ਦੇ ਬਾਕੀ ਪ੍ਰਮੁੱਖ ਕਲਾਕਾਰਾਂ ਤੋਂ ਅਲੱਗ ਹੋਰ ਕਿਸੇ ਹੋਟਲ ਵਿੱਚ ਇੰਤਜ਼ਾਮ ਕੀਤਾ ਗਿਆ ਸੀ। ਸਾਡੇ ਪੰਜਾਂ ਵਿੱਚੋਂ ਮੇਰੀ ਅਤੇ ਕੋਟਕਪੂਰਾ ਦੇ ਕਲਾਕਾਰ ਪਿੰਸ ਕੇ.ਜੇ. ਸਿੰਘ ਦੀ ਗੀਤਕਾਰ ਅਮਰਦੀਪ ਨਾਲ ਪੁਰਾਣੀ ਸਾਂਝ ਹੋਣ ਕਰਕੇ ਅਸੀਂ ਪਹਿਲੇ ਹੀ ਦਿਨ ਜਦ ਆਪਸ ਵਿੱਚ ਮਿਲੇ ਤਾਂ ਉਹ ਅਮਰਦੀਪ ਗਿੱਲ ਦੇ ਕਮਰੇ ਵਿੱਚ ਮਿਲੇ ਇਹ 14 ਜਨਵਰੀ ਦਾ ਦਿਨ ਸੀ। ਇਸ ਰਾਤ ਕਾਫ਼ੀ ਦੇਰ ਤੱਕ ਇਹ ਮਹਿਫ਼ਿਲ ਚੱਲਦੀ ਰਹੀ ਇੱਥੇ ਹੀ ਸਾਨੂੰ ਸਾਡੇ ਬਾਕੀ ਦੇ ਦੋ ਸਾਥੀ ਕਲਾਕਾਰ ਸੁਖਵਿੰਦਰ ਰਾਜ ਅਤੇ ਕਰਮਜੀਤ ਸਿਰਸਾ ਮਿਲੇ। ਬਸ ਉਸ ਦਿਨ ਤੋਂ ਬਾਅਦ ਹਰ ਰਾਤ ਅਮਰਦੀਪ ਦੇ ਕਮਰੇ ਵਿੱਚ ਮਹਿਫ਼ਿਲ ਲੱਗਣ ਵਾਲਾ ਇਹ ਸਿਲਸਿਲਾ ਰੋਜ਼ਾਨਾਂ ਹੀ ਸ਼ੁਰੂ ਹੋ ਗਿਆ ਕਿਉਂਕਿ ਸਾਨੂੰ ਰਾਤ ਦਾ ਖਾਣਾ ਖਾਣ ਲਈ ਹਰ ਰੋਜ਼ ਹੀ ਅਮਰਦੀਪ ਗਿੱਲ ਵਾਲੇ ਹੋਟਲ ਵਿੱਚ ਜਾਣਾ ਪੈਂਦਾ ਸੀ ਜਾਂ ਇੰਝ ਕਹਿ ਲਵੋ ਕਿ ਸਾਨੂੰ ਵੱਡੇ-ਵੱਡੇ ਕਲਾਕਾਰਾਂ ਨਾਲ ਰੋਟੀ ਖਾਣ ਦਾ ਸਵਾਦ ਜ਼ਿਆਦਾ ਆਉਂਦਾ ਸੀ ਇਸ ਲਈ ਅਸੀਂ ਸੌ ਵਲ ਭੰਨ ਕੇ ਵੀ ਉ ੱਥੇ ਜਾਂਦੇ ਸੀ।
ਇਸ ਲੇਖ ਲੜੀ ਵਿੱਚ ‘ਗਿੱਲ ਦੁਆਰੇ’ ਦਾ ਜ਼ਿਕਰ ਕਰਨ ਦਾ ਸਬੱਬ ਇਸ ਕਰਕੇ ਵੀ ਬਣਿਆਂ ਕਿਉਂਕਿ ਕੌਣ ਕਿੰਨੇ ਪਾਣੀ ਵਿੱਚ ਹੈ ਇਸ ਦਾ ਪਤਾ ਵੀ ਉੱਥੇ ਹੋਣ ਵਾਲੀ ਮਹਿਫ਼ਿਲ ਤੋਂ ਹੀ ਲੱਗਦਾ ਸੀ। ਸਾਡੇ ਪੰਜਾਂ ਤੋਂ ਇਲਾਵਾ ਦਰਸ਼ਨ ਦਰਵੇਸ਼ ਜੀ, ਰਾਣਾ ਰਣਬੀਰ ਅਤੇ ਅਮਨ ਧਾਲੀਵਾਲ ਦਾ ਵੀ ਇਹ ‘ਮਨਭਾਉਂਦਾ ਕਮਰਾ’ ਸੀ। ਜਦ ਆਪੋ ਆਪਣੇ ਫ਼ਨ ਦੇ ਮਾਹਿਰ ਲੋਕ ਇਸ ਕਮਰੇ ਵਿੱਚ ਜੁੜਦੇ ਹੋਣਗੇ ਤੇ ਉੱਥੇ ਚੱਲਦੀ ਵਿਚਾਰ ਚਰਚਾ ਦਾ ਸਿਖ਼ਰ ਕੀ ਹੁੰਦਾ ਹੋਵੇਗਾ ਇਸ ਬਾਰੇ ਤਾਂ ਤੁਸੀਂ ਸਿਰਫ਼ ਅੰਦਾਜ਼ਾ ਹੀ ਲਗਾ ਸਕਦੇ ਹੋ। ਅਮਰਦੀਪ ਗਿੱਲ ਦਾ ਕਮਰਾ ਹੋਣ ਕਰਕੇ ਉਹ ਮੇਜ਼ਬਾਨ ਦੀ ਭੂਮਿਕਾ ਅਦਾ ਕਰਦਾ ਤੇ ਸਭ ਦੇ ਖਾਣ-ਪੀਣ ਦਾ ਉਸਨੂੰ ਬੜਾ ਫ਼ਿਕਰ ਰਹਿੰਦਾ। ਵਿੱਚ ਵਿਚਾਲੇ ਉਹ ਆਪਣੀਆਂ ਯਾਦਾਂ ਦੀ ਪਟਾਰੀ ਵੀ ਸਾਡੇ ਨਾਲ ਸਾਂਝੀ ਕਰਦਾ ਤੇ ਕਦੇ ਵੱਡੇ ਵੀਰਾਂ ਵਾਂਗ ਸਾਨੂੰ ਸਭ ਨੂੰ ਸਮਝਾਉਂਦਾ ਰਹਿੰਦਾ। ਇਸ ਕਮਰੇ ਵਿੱਚੋਂ ਕਦੇ ਇੱਕ ਦਮ ਉੱਚੀ ਠਹਾਕੇ ਲੱਗਣ ਦੀ ਆਵਾਜ਼ ਆਉਂਦੀ ਤੇ ਕਦੇ ਇੱਕ ਦਮ ਸੰਨਾਟਾ ਛਾਅ ਜਾਂਦਾ ਤੇ ਕਦੇ-ਕਦੇ ਕਿਸੇ ਭਖਵੇਂ ਮੁੱਦੇ ‘ਤੇ ਬਹਿਸ ਦੇ ਚੱਲਦਿਆਂ ਉੱਚੀ ਸੁਰ ਵਾਲੀਆਂ ਰਲੀਆਂ ਮਿਲੀਆਂ ਆਵਾਜ਼ਾਂ ਦੀ ਕਾਵਾਂ ਰੌਲੀ ਵੀ ਪੈ ਜਾਂਦੀ। ਇੰਝ ਕਰਦਿਆਂ-ਕਰਦਿਆਂ ਸਮੇਂ ਦਾ ਪਤਾ ਹੀ ਨਾ ਲਗਦਾ। ਇਸੇ ਕਰਕੇ ਸਭ ਤੋਂ ਅਖੀਰ ਵਿੱਚ ਰੋਟੀ ਖਾਣ ਵਾਲਿਆਂ ਵਿੱੱਚ ਸਾਡੀ ਗਿਣਤੀ ਹੋਣ ਲੱਗੀ। ਉਹ ਕੋਈ ਹੀ ਭਾਗਾਂ ਭਰਿਆ ਦਿਨ ਹੋਵੇਗਾ ਜਦ ਕਦੇ ਟਾਈਮ ਨਾਲ ਅਸੀਂ ਵੀ ਰਾਤ ਦੀ ਰੋਟੀ ਖਾਧੀ ਹੋਵੇ। ਕਈ ਵਾਰ ‘ਮਨ ਜੀ’ ਵੀ ਸਾਨੰੂ ਸਾਡੇ ਇਸ ‘ਪ੍ਰਾਈਮ ਟਾਈਮ’ ‘ਤੇ ਮਿਲੇ ਹਲਾਂਕਿ ਉਹ ਆਪਣੇ ਸੁਭਾਅ ਮੁਤਾਬਿਕ ਕਿਸੇ ਨੂੰ ਵੀ ਕੁਝ ਨਹੀਂ ਕਹਿੰਦੇ ਸਨ ਪਰ ਫਿਰ ਵੀ ਪਤਾ ਨਹੀਂ ਕਿਉਂ ਸਭ ਉਹਨਾਂ ਨੂੰ ਵੇਖ ਕੇ ਹੀ ਸੁੱਸਰੀ ਹੋ ਜਾਂਦੇ ਤੇ ਜੇ ਕਦੇ ਗ਼ਲਤੀ ਨਾਲ ਕੋਈ ਉਹਨਾਂ ਨਾਲ ਚਾਰ ਸ਼ਬਦ ਸਾਂਝੇ ਕਰ ਲੈਂਦਾ ਤਾਂ ਅਗਲੀ ਹੀ ਸਵੇਰ ਅਮਰਦੀਪ ਫ਼ਿਲਮੀ ਭਾਸ਼ਾ ਵਿੱਚ ਉਸਨੂੰ ਕਹਿੰਦਾ ‘ਰਾਤ ਬੜੀ ਫੁੱਟੇਜ ਖਾ ਰਿਹਾ ਸੀ ਓਇ’ (ਚਲਦਾ)

No comments: