ਲੇਖਿਕਾ: ਸੁਖਜੀਤ ਕੌਰ
ਦਰਸ਼ਨ ਦਰਵੇਸ਼ ਨੂੰ ਕੁਦਰਤ ਨੇ ਲਫ਼ਜ਼ਾਂ ਦਾ ਅਜਿਹਾ ਚੋਗਾ ਪਾਕੇ ਦੁਨੀਆਂ ਵਿੱਚ ਪਾਲ਼ਿਆ ਹੈ ਕਿ ਬਤੌਰ ਲੇਖਕ ਉਸਦੇ ਲਫ਼ਜ਼ ਲੋਕ ਮੁਹਾਵਰਿਆਂ ਵਰਗੀਆਂ ਉਡਾਰੀਆਂ ਮਾਰਦੇ ਦੇਸ਼-ਵਿਦੇਸ਼ ਵਿੱਚ ਉਸਨੂੰ ਪੰਜਾਬੀ ਦਾ ਰੂਹ ਵਾਲਾ ਲੇਖਕ ਬਣਾ ਚੁੱਕੇ ਹਨ।ਖ਼ੈਰ! ਦਰਸ਼ਨ ਦਰਵੇਸ਼ ਕਿੱਤੇ ਵਜੋਂ ਇੱਕ ਸਫ਼ਲ ਕੈਮਰਾਮੈਨ ਵੀ ਹੈ ਤੇ ਹੁਣ ਸਫ਼ਲ ਨਿਰਦੇਸ਼ਕ ਵਜੋਂ ਵੀਡੀਓ ਦੁਨੀਆਂ ਤੇ ਟੈਲੀ-ਫਿਲਮ ਦੁਨੀਆਂ ਵਿੱਚ ਆਪਣਾ ਆਲ੍ਹਣਾ ਬਣਾ ਚੁੱਕਾ ਹੈ ਰੱਬ ਨੇ ਸੂਝਵਾਨ ਦਿਮਾਗ ਉਸਨੂੰ ਦਿੱਤਾ ਹੈ ਜਿਸ ਸਦਕਾ ਕਿਸੇ ਵੀ ਵੀਡੀਓ ਤੇ ਟੈਲੀ-ਫਿਲਮ ਦਾ ਮੁਖੜਾ ਉਹ ਬਾਖ਼ੂਬੀ ਪਲੋਸ ਦਿੰਦਾ ਹੈ। ਅੱਜ ਦੇ ਪ੍ਰਸਿੱਧ ਕੈਮਰਾਮੈਨ ਤੇ ਨਿਰਦੇਸ਼ਕ ਮਨਮੋਹਨ ਸਿੰਘ ਨਾਲ ਲਗਾਤਾਰ ਸੱਤ ਸਾਲ ਸਹਾਇਕ ਰਹਿ ਕੇ ਜੋ ਨਿੱਕੀ-ਨਿੱਕੀ ਬਾਰੀਕੀ ਉਸਨੇ ਸਿਨੇਮਾ ਫੋਟੋਗ੍ਰਾਫੀ ਤੇ ਨਿਰਦੇਸ਼ਨ ‘ਚ ਜਾਣੀ ।ਉਸ ਸਦਕਾ ਸੰਘਣੀ ਛਾਂ ਵਰਗੇ ਪਿਆਰੇ ਵੀਡੀਓ ਉਸਨੇ ਬਣਾਏ ਹਨ ।ਦਰਸ਼ਨ ਦਰਵੇਸ਼ ਤੇਹ ਮੋਹ ਦਾ ਭਰਿਆ ਹੋਇਆ ਇਨਸਾਨ ਹੈ ਰਿਸ਼ਤਿਆਂ ਦੀਆਂ ਜੜ੍ਹਾਂ ਮਜਬੂਤ ਕਰਨਾ ਉਸ ਦਾ ਕੰਮ ਹੈ ਤਾਂ ਹੀ ਹਰ ਕੋਈ ਉਸ ਨਾਲ ਕੰਮ ਕਰਕੇ ਖੁਸ਼ ਹੁੰਦਾ ਹੈ ।
ਦਰਸ਼ਨ ਦਰਵੇਸ਼ ਨੇ ਦੋ ਧਾਰਮਿਕ ਫਿਲਮਾਂ ‘ਸਾਕਾ ਸਰਸਾ ਤੋਂ ਸਰਹਿੰਦ’ ਅਤੇ ‘ਸ਼ਹੀਦੀ ਸਾਕਾ’ ਲੇਖਕ ਤੇ ਨਿਰਦੇਸ਼ਕ ਵਜੋਂ ਮਾਰਕੀਟ ਵਿੱਚ ਦਿਤੀਆਂ ਹਨ ।ਇਹ ਫਿਲਮਾਂ ਦੇਖ ਕੇ ਰੂਹ ਵੀ ਠਰ ਜਾਂਦੀ ਹੈ ਤੇ ਨਾਲ ਹੀ ਦਰਸ਼ਕ ਵੱਸ ਵਿੱਚ ਕਰਨ ਦੀ ਕਲਾ ਵੀ ਬਤੌਰ ਲੇਖਕ ਇਹਨਾਂ ਫਿਲਮਾਂ ਵਿੱਚੋਂ ਨਜ਼ਰੀਂ ਪੈਂਦੀ ਹੈ।
ਇਸ ਸਮੇਂ ਹਿਮਾਚਲੀ ਧਰਤੀ ਅਤੇ ਉੱਥੋਂ ਦੇ ਸੱਭਿਆਚਾਰ ਦੇ ਦਰਸ਼ਨ ਕਰਵਾਉਂਦੇ ਉਸਦੇ ਨਿਰਦੇਸ਼ਿਤ ਕੀਤੇ ਵੀਡੀਓ ਸਫਲਤਾ ਦੇ ਆਕਾਸ਼ ਉੱਤੇ ਚਮਕ ਰਹੇ ਹਨ।ਨਾਲ ਹੀ ਹਿਮਾਚਲੀ ਫਿਲਮਾਂ ਨਿਰਦੇਸ਼ਿਤ ਕਰਕੇ ਉਹਨਾਂ ਫਿਲਮਾਂ ਨੂੰ ਉਸਨੇ ਚੰਨ ਚਾਨਣੀ ਰਾਤ ਵਰਗਾ ਬਣਾਇਆ ਹੈ।‘ਸੋਨਿਕਾ ਤੇਰੇ ਬਿਨ’ , ‘ਹਾਏ ਮੀਰਾ ਰਾਣੀਏਂ’, ‘ਬਚਪਨ ਦਾ ਪਿਆਰ’ , ‘ਧੋਖਾ’ ਅਤੇ ‘ਆਜਾ ਨੱਚਲੈ’ ਨੂੰ ਤਾਂ ਏਨਾਂ ਕੁ ਭਰਵਾਂ ਹੁੰਗਾਰਾ ਮਿਲਿਆ ਹੈ ਕਿ ਉਥੋਂ ਦੀਆਂ ਅਖਬਾਰਾਂ ਅਤੇ ਰਸਾਲਿਆਂ ਨੇ ਤਾਂ ਦਰਸ਼ਨ ਦਰਵੇਸ਼ ਨੂੰ ਹਿਮਾਚਲ ਦਾ ਯਸ਼ ਚੋਪੜਾ ਵਰਗੀ ਉਪਾਧੀ ਨਾਲ ਨਿਵਾਜ਼ ਦਿੱਤਾ ਹੈ।ਵੀਡੀਓ ਦੀ ਕਹਾਣੀ ਵਿੱਚ ਮਿਠਾਸ ਅਤੇ ਬੋਲਾਂ ਵਿੱਚ ਆਪਣਾਪਣ ਭਰਨਾ ਕੋਈ ਦਰਸ਼ਨ ਦਰਵੇਸ਼ ਤੋਂ ਸਿੱਖੇ ।ਰਿਕਾਰਡ ਤੋੜ ਕਾਮਯਾਬੀ ਫਿਲਮ ‘ਝੂਠੇ ਸਾਜਨਾ’ਨੇ ਵਪਾਰਕ ਸਫਲਤਾ ਵਾਲੀਆਂ ਹਨੇਰੀਆਂ ਲਿਆ ਦਿੱਤੀਆਂ ਹਨ ।ਇਸ ਸਮੇਂ ਹਿਮਾਚਲੀ ਵੀਡੀਓਜ਼ ਤੇ ਫਿਲਮਾਂ ਦਾ ਸਭ ਤੋਂ ਵੱਧ ਚਰਚਿਤ ਨਿਰਦੇਸ਼ਕ ਉਹ ਹੈ ।
ਇਧਰ ਵੀ ਗਿੱਲ ਹਰਦੀਪ ਦੀ ਕੈਸੇਟ ‘ਗੜਬੜ ਲੱਗਦੀ ਹੈ’ ਦੇ ਵੀਹ ਵੀਹ ਸੈਕਿੰਡ ਵਾਲੇ ਅਸਲੋਂ ਨਵੇਂ ਫਿਕਸ਼ਨ ਤਰੀਕੇ ਨਾਲ ਬਣਾਏ ਟੀਜ਼ਰ ਦਰਸ਼ਨ ਦਰਵੇਸ਼ ਦੀ ਡਾਇਰੈਕਸ਼ਨ ਨੂੰ ਹੀਰੇ ਮੋਤੀ ਵਰਗੀ ਸ਼ੈਅ ਬਣਾਉਂਦੇ ਨਜ਼ਰ ਆਏ ।ਅਸਲੋਂ ਵੱਖਰਾ ਟ੍ਰੈਂਡ ਵੀਡੀਓਜ਼ ‘ਚ ਦਰਸ਼ਨ ਦਰਵੇਸ਼ ਸਥਾਪਿਤ ਕਰ ਰਿਹਾ ਹੈ ।
ਨਵੇਂ ਆਏ ਹਿਮਾਚਲੀ ਵੀਡੀਓ ‘ਆਜਾ ਨੱਚ ਲੈ ’ ਨੇ ਜੋ ਸਫਲਤਾ ਦੀਆਂ ਉਡਾਰੀਆਂ ਮਾਰੀਆਂ ਹਨ ਤਾਂ ਇਨ੍ਹਾਂ ‘ਚ ਦਰਸ਼ਨ ਦਰਵੇਸ਼ ਦੀ ਡਾਇਰੈਕਸ਼ਨ ਦਾ ਮੁੱਖ ਯੋਗਦਾਨ ਹੈ ।ਉਸਦੇ ਵੀਡੀਓਜ਼ ਫਿਲਮ ਪੱਧਰ ਦੇ ਹੁੰਦੇ ਹਨ ਤਾਂ ਹੀ ਸੀਨੇ ਜਿਗਰ ‘ਚ ਮੰਨੋਰੰਜਨ ਦੀ ਉਹ ਧੂਹ ਪਾਉਂਦੇ ਹਨ ।
ਹੁਣ ਦਰਸ਼ਨ ਦਰਵੇਸ਼ ਬਾਕੀ ਕੰਮਾਂ ਦੇ ਨਾਲ ਨਾਲ ਪੰਜਾਬੀ ਵੀ. ਸੀ. ਡੀ. ,ਡੀ. ਵੀ. ਡੀ.ਤੇ ਟੈਲੀਫਿਲਮਾਂ ਵੀ ਨਿਰਦੇਸ਼ਿਤ ਕਰ ਰਿਹਾ ਹੈ । ਅਜਿਹੀਆਂ ਫਿਲਮਾਂ ਜੋ ਹਰੇਕ ਦੇ ਦਿਲ ‘ਚ ਉਤਰ ਜਾਣ ਤੇ ਨਾਲ ਹੀ ਸਮਾਜ ਨੂੰ ਚੰਗਾ ਸੁਨੇਹਾ ਦੇਣ ।ਇਸ ਤੋਂ ਇਲਾਵਾ ਸਿੱਖ ਇਤਿਹਾਸ ਨੂੰ ਛੋਟੇ ਪਰਦੇ ‘ਤੇ ਅਜਿਹੇ ਤਰੀਕੇ ਨਾਲ ਪੇਸ਼ ਕਰਨਾ ਹੈ ਕਿ ਵਿਸਰ ਰਹੀ ਨਵੀਂ ਪੀੜ੍ਹੀ ਇਸ ਤੋਂ ਜਾਣੂੰ ਹੋਵੇ।ਉਡੀਕ ਹੈ ਦਰਸ਼ਨ ਦਰਵੇਸ਼ ਦੇ ਅਜਿਹੇ ਅਨਮੋਲ ਪ੍ਰੋਜੈਕਟਾਂ ਦੀ ਦੀ ਜੋ ਹਰ ਉਮਰ ਦੇ ਦਰਸ਼ਕ ਨੂੰ ਪਸੰਦ ਆਉਣਗੇ।ਪਿਛਲੇ ਸਾਲ ਦੇ ਸ਼ੁਰੂ ਵਿੱਚ ਉਸਨੇ ਮਨਮੋਹਨ ਸਿੰਘ ਨਾਲ ਫਿਲਮ ਕੀਤੀ ਸੀ ‘ਮੇਰਾ ਪਿੰਡ’ ਅਤੇ ਪਿਛਲੇ ਸਾਲ ਦੇ ਅਖੀਰ ਵਿੱਚ ਕਰਕੇ ਹਟਿਆ ਹੈ , ‘ਮੁੰਡੇ ਯੂ.ਕੇ. ਦੇ’।ਹੁਣ ਛੇਤੀ ਹੀ ਉਸਦੀ ਫਿਲਮ ਫਲੋਰ ਉੱਪਰ ਜਾ ਰਹੀ ਹੈ ‘ਸਿਆਸਤ’।ਇਸ ਤੋਂ ਇਲਾਵਾ ਉਹ ਪਿੰਡਾਂ ਦੀ ਨੁਹਾਰ ਬਦਲਣ ਵਾਲੇ ਉਸਾਰੂ ਸੱਭਿਆਚਾਰ ‘ਤੇ ਆਧਾਰਿਤ ਇੱਕ ਪੰਜਾਬੀ ਲੜੀਵਾਰ ਖ਼ੁਦ ਲਿਖ ਕੇ ਨਿਰਦੇਸ਼ਿਤ ਕਰਨ ਜਾ ਰਿਹਾ ਹੈ।ਉਸ ਦੀ ਸੋਚ ਹੈ ਕਿ ਵਿਰਸੇ ਦਾ ਰੰਗ ਲਾਲ ਸੂਹਾ ਹੋਵੇ। ਉੱਚੀ ਬਾਂਹ ਕਰਕੇ ਦੁਨੀਆਂ ਕਹੇ ਕਿ ਪੰਜਾਬੀ ਕਲਾ ਖੇਤਰ ‘ਚ ਵੀ ਕਿਸੇ ਤੋਂ ਘੱਟ ਨਹੀਂ ।ਪਿੰਡਾਂ ‘ਤੇ ਬਣ ਰਹੀ ਇੱਕ ਫੀਚਰ ਫਿਲਮ ਨੂੰ ਵੀ ਉਹ ਡਾਇਰੈਕਟ ਕਰਨ ਰਿਹਾ ਹੈ ।
ਗਿੱਧੇ ‘ਚ ਮੱਚਦੇ ਝਾਂਜਰਾਂ ਦੇ ਸ਼ੋਰ ਵਰਗੇ ਉਹ ਸੰਵਾਦ ਲਿਖਦਾ ਹੈ ।ਕੁਆਰੇ ਹੁਸਨ ਜਿਹੇ ਆਕਰਸ਼ਕ ਵਿਸ਼ੇ ਲਿਖਦਾ ਹੈ ਜਿੰਨਾ ਉਪਰ ਬਣੀ ਫਿਲਮ ਜਾਂ ਲੜੀਵਾਰ ਸਫਲਤਾ ਦੀ ਗਰੰਟੀ ਵਾਲੀ ਹੀ ਹੋਵੇਗੀ । ਲੇਖਕ ਤੇ ਨਿਰਦੇਸ਼ਿਕ ਵਜੋਂ ਵੀਡੀਓਜ਼ ਤੇ ਟੈਲੀ ਫਿਲਮਾਂ ਦਾ ਅੰਗ ਅੰਗ ਸੰਵਾਰ ਰਿਹਾ ਦਰਸ਼ਨ ਦਰਵੇਸ਼ ਹਿਮਾਚਲੀ ਖੇਤਰ ਦਾ ਸਫਲ ਲੇਖਕ ਨਿਰਦੇਸ਼ਕ ਬਣਨ ਉਪਰੰਤ ਪੰਜਾਬੀ ਫਿਲਮ ਤੇ ਛੋਟੇ ਪਰਦੇ ਦੇ ਖੇਤਰ ‘ਚ ਮੰਨੋਰੰਜਨ ਦੀ ਕਿਣਮਿਣ ਬਤੌਰ ਲੇਖਕ ਨਿਰਦੇਸ਼ਕ ਕਰ ਰਿਹਾ ਹੈ ।ਸੂਰਜ ਦੀ ਲਿਸ਼ਕ ਵਾਂਗ ਲਿਸ਼ਕਦਾ ਉਸ ਦਾ ਡਾਇਰੈਕਸ਼ਨ ਕੈਰੀਅਰ ਵੀਡੀਓ ਅਤੇ ਫਿਲਮ ਖੇਤਰ ‘ਚ ਆਪਣੀ ਗਰਜ਼ ਦਾ ਅਹਿਸਾਸ ਕਰਵਾ ਰਿਹਾ ਹੈ ਤੇ ਨਾਲ ਹੀ ਦਰਸ਼ਨ ਦਰਵੇਸ਼ ਦੀਆਂ ਸੱਧਰਾਂ ਨੂੰ ਵੀ ਬੂਰ ਪੈ ਰਿਹਾ ਹੈ।
2 comments:
vah ji BAAHHHHHHHHHHHHHHHHNNNNNNNNNN, aa taan hadd hi ho gayi!!!!!!!!!!!!!!!
vah ji BAAHHHHHHHHHHHHHHHHNNNNNNNNNN, aa taan hadd hi ho gayi!!!!!!!!!!!!!!!
Post a Comment