‘ਡਾਟਰ’ ਫਿਲਮ ਨਾਲ ਮੇਰੀ ਫਿਲਮਾਂ ਵਿੱਚ ਦੋਬਾਰਾ ਸਹੀ ਹਾਜ਼ਰੀ ਲੱਗੀ ਹੈ – ਪਦਮਿਨੀ ਕੋਹਲਾਪੁਰੀ
ਮੁਲਾਕਾਤੀ – ਦਰਸ਼ਨ ਦਰਵੇਸ਼
ਉਸਨੇ ਹਿੰਦੀ ਫਿਲਮ ‘ਸਤਿਅਮ ਸ਼ਿਵਮ ਸੁੰਦਰਮ’ ਨਾਲ ਇੱਕ ਬਾਲ ਕਲਾਕਾਰ ਦੇ ਰੂਪ ਵਿੱਚ ਹਿੰਦੀ ਫਿਲਮਾਂ ਵਿੱਚ ਪ੍ਰਵੇਸ਼ ਕੀਤਾ ਸੀ।ਉਸਦੇ ਕਦਮਾਂ ਨੂੰ ਏਨੀ ਜਲਦੀ ਸਫ਼ਲਤਾ ਮਿਲੀ ਕਿ ਛੇਤੀ ਹੀ ‘ਪ੍ਰੇਮ ਰੋਗ’, ‘ਇਨਸਾਫ ਕਾ ਤਰਾਜ਼ੂ’ ਅਤੇ ‘ਵੋ ਸਾਤ ਦਿਨ’ ਵਰਗੀਆਂ ਫਿਲਮਾਂ ਉਸਦੀ ਝੋਲੀ ਵਿੱਚ ਆ ਗਈਆਂ ।ਪਦਮਿਨੀ ਨੇ ਹੁਣ ਤੱਕ ਜਿਨੀਆਂ ਵੀ ਫਿਲਮਾਂ ਕੀਤੀਆਂ ਉਹ ਸਾਰੀਆਂ ਹੀ ਕਿਸੇ ਨਾ ਕਿਸੇ ਸਮਾਜਿਕ ਕੁਰੀਤੀ ਨੂੰ ਬਿਆਨ ਕਰਦੀਆਂ ਸਨ।ਸ਼ਾਇਦ ਇਸੇ ਕਰਕੇ ਉਹ ਦੁਬਾਰਾ ਫਿਲਮਾਂ ਵਿੱਚ ਆਪਣੀ ਹਾਜ਼ਰੀ ਲਗਵਾਉਣ ਲਈ ਕਿਸੇ ਨਾਂ ਕਿਸੇ ਅਜਿਹੀ ਫਿਲਮ ਦੀ ਤਲਾਸ਼ ਵਿੱਚ ਸੀ ਜਿਸ ਨਾਲ ਉਹ ਆਪਣੇਂ ਛੱਡੇ ਹੋਏ ਰਸਤੇ ਦੀ ਡੋਰ ਨੂੰ ਦੋਬਾਰਾ ਉਸੇ ਹੀ ਸਿਰੇ ਤੋਂ ਫੜ੍ਹ ਸਕੇ।ਇਸ ਤਲਾਸ਼ ਨੇ ਉਸਨੂੰ ਫਿਲਮ ਦਿੱਤੀ ‘ਡਾਟਰ’।ਇੱਕ ਦਿਨ ਅਚਾਨਕ ਹੀ ਉਸਦਾ ਫੋਨ ਆਇਆ,ਬੜੇ ਸਾਲਾਂ ਬਾਦ ਮੈਂ ਇਹ ਆਵਾਜ਼ ਸੁਣੀ ਸੀ।ਕਾਫੀ ਸਾਰੀਆਂ ਗੱਲਾਂ ਸਨ ਉਸ ਨਾਲ ਕਰਨ ਵਾਲੀਆਂ । ਬੱਸ ਫੇਰ ਕੀ ਸੀ ਮੈਂ ਮਨੋਰੀ ਬੀਚ ਪਹੁੰਚ ਗਿਆ ਜਿੱਥੇ ਉਸਦੀ ਸ਼ੂਟਿੰਗ ਚੱਲ ਰਹੀ ਸੀ :---
ਪਦਮਿਨੀ- ਕੋਈ ਵੀ ਫਿਲਮ ਚੁਣਨ ਪਿੱਛੇ ਮੇਰਾ ਪਹਿਲਾ ਕਾਰਨ ਤਾਂ ਫਿਲਮ ਦੀ ਕਹਾਣੀ ਪਸੰਦ ਆਉਣਾ ਹੀ ਹੁੰਦਾ ਹੈ।ਬੇਸ਼ਕ ਮੈਂ ਇਸ ਫਿਲਮ ਦੀ ਨਾਇਕਾ ਨਹੀਂ ਹੈ ਲੇਕਿਨ ਫੇਰ ਵੀ ਮੇਰਾ ਕਿਰਦਾਰ ਬੜਾ ਹੀ ਦਿਲਚਸਪ ਹੈ।ਮੈਂ ਇੱਕ ਅਜਿਹੀ ਕਮਾਊ ਔਰਤ ਹਾਂ ਇਸ ਫਿਲਮ ਵਿੱਚ ਜਿਹੜੀ ਆਪਣੇ ਕੈਰੀਅਰ ਦਰਮਿਆਨ ਬੱਚਿਆਂ ਦੀ ਦੀਵਾਰ ਨਹੀਂ ਬਣਨ ਦੇਣਾ ਚਾਹੁੰਦੀ।ਇਹ ਦੇਖਕੇ ਮੇਰਾ ਸਹੁਰਾ ਇੱਕ ਬੱਚੀ ਗੋਦ ਲੈ ਲੈਂਦਾ ਹੈ ਤਾਂ ਕਿ ਮੈਂ ਜਾਣ ਸਕਾਂ ਕਿ ਇੱਕ ਮਾ ਦੇ ਜਜ਼ਬਾਤ ਕੀ ਹੁੰਦੇ ਹਨ।
----
ਦਰਵੇਸ਼- ਇਹ ਕਿਰਦਾਰ ਤੁਹਾਨੂੰ ਕਿੰਨਾ ਕੁ ਆਪਣੇ ਦਿਲ ਦੇ ਕੋਲ-ਕੋਲ ਲੱਗਦਾ ਹੈ ?
ਪਦਮਿਨੀ- ਜਦੋਂ ਮੇਰਾ ਵਿਆਹ ਹੋਇਆ ਸੀ ਉਦੋਂ ਮੈਂ ਬਾਲੀਵੁੱਡ ਵਿੱਚ ਬਹੁਤ ਚੰਗੀ ਪੁਜ਼ੀਸ਼ਨ ਉੱਪਰ ਸੀ।ਲੇਕਿਨ ਮੈਂ ਆਪਣੇ ਪਰਿਵਾਰ ਨੂੰ ਵਕਤ ਦੇਣ ਲਈ ਫਿਲਮਾਂ ਛੱਡ ਦਿੱਤੀਆਂ ਸਨ।ਮੈਂ ਸੋਚਦੀ ਹਾਂ ਕਿ ਇਸ ਕਿਰਦਾਰ ਦੀ ਸੰਵੇਦਨਾ ਅਤੇ ਭਾਵਨਾਵਾਂ ਨੂੰ ਮੈਥੋਂ ਵੱਧ ਕੋਈ ਨਹੀਂ ਸਮਝ ਸਕਦਾ।
----
ਦਰਵੇਸ਼- ਕੀ ਤੁਹਾਨੂੰ ਲੱਗਦਾ ਹੈ ਕਿ ਇਹ ਫਿਲਮ ਦੇਖਣ ਤੋਂ ਬਾਦ ਕੁੜੀਆਂ ਨੂੰ ਗੋਦ ਲੈਣ ਦੇ ਮਾਮਲੇ ਵਿੱਚ ਲੋਕਾਂ ਦਾ ਨਜ਼ਰੀਆ ਬਦਲ ਜਾਵੇਗਾ ?
ਪਦਮਿਨੀ- ਸਾਡੇ ਦੇਸ਼ ਵਿੱਚ ਅਜੇ ਮੁੰਡਿਆਂ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ।ਕਿਉਂਕਿ ਖ਼ਾਨਦਾਨ ਨੂੰ ਅੱਗੇ ਚਲਾਉਣ ਲਈ ਵਾਰਿਸ ਚੁਣਨਾ ਹੁੰਦਾ ਹੈ।ਲੇਕਿਨ ਵਕਤ ਨੇ ਇਹ ਸਾਰੀਆਂ ਧਾਰਨਾਵਾਂ ਬਦਲ ਦਿੱਤੀਆਂ ਹਨ।ਹੁਣ ਲੋਕਾਂ ਦੀ ਮਾਨਸਿਕਤਾ ਬਦਲ ਗਈ ਹੈ।
----
ਦਰਵੇਸ਼- ਜੇਕਰ ਤੁਹਾਨੂੰ ਕਦੇ ਜ਼ਰੂਰਤ ਪਈ ਤਾਂ ਤੁਸੀਂ ਕਦੇ ਕਿਸੇ ਕੁੜੀ ਨੂੰ ਗੋਦ ਲੈਣਾ ਚਾਹੋਗੇ?
ਪਦਮਿਨੀ- ਹਾਂ..ਕਿਉਂ ਨਹੀਂ।ਹੁਣ ਮੇਰੇ ਕੋਲ ਇੱਕੋ ਇੱਕ ਮੁੰਡਾ ਹੈ,ਜੇਕਰ ਪਰਿਵਾਰ ਨੇ ਜ਼ਰੂਰਤ ਸਮਝੀ ਤਾਂ ਮੈਂ ਇੱਕ ਕੁੜੀ ਹੀ ਗੋਦ ਲਵਾਂਗੀ।ਪਰ ਮੈਂ ਸੋਚਦੀ ਹਾਂ ਕਿ ਇਹ ਪ੍ਰੈਕਟੀਕਲੀ ਸੰਭਵ ਨਹੀ ਹੈ, ਕਿਉਂਕਿ ਮੇਰਾ ਮੁੰਡਾ ਹੁਣ ਵੱਡਾ ਹੋ ਚੁੱਕਿਐ।
----
ਦਰਵੇਸ਼- ਕੀ ਤੁਹਾਨੂੰ ਯਕੀਨ ਹੈ ਕਿ ਇਹ ਫਿਲਮ ਭਾਰਤੀ ਔਰਤ ਅਤੇ ਅਨਾਥ ਬੱਚੀ ਦੇ ਜਜ਼ਬਾਤਾਂ ਦੀ ਸਹੀ ਪੇਸ਼ਕਾਰੀ ਕਰੇਗੀ?
ਪਦਮਿਨੀ- ਮੇਰਾ ਵਿਸ਼ਵਾਸ ਹੈ ਕਿ ਇਹ ਫਿਲਮ ਲੋਕਾਂ ਨੂੰ ਬਹੁਤ ਪਸੰਦ ਆਵੇਗੀ।ਅੱਜ ਵੀ ਹਿੰਦੁਸਤਾਨੀ ਕੁੜੀਆਂ ਨੇ ਆਪਣੀ ਪਹਿਚਾਣ ਬਣਾਕੇ ਰੱਖੀ ਹੋਈ ਹੈ।ਜਦੋਂ ਕਿ ਪੱਛਮੀ ਸੱਭਿਅਤਾ ਭਾਰੂ ਪੈਂਦੀ ਜਾ ਰਹੀ ਹੈ।
----
ਦਰਵੇਸ਼- ਅੱਜ ਕੱਲ੍ਹ ਬੱਚਿਆਂ ਨੂੰ ਲੈਕੇ ਕਾਫ਼ੀ ਫਿਲਮਾਂ ਬਣਨ ਲੱਗ ਪਈਆਂ ਨੇ ?
ਪਦਮਿਨੀ- ਹਾਂ, ਇਹ ਇੱਕ ਵਧੀਆ ਸ਼ੁਰੂਆਤ ਹੈ ਜਿਹੜੀ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ।
----
ਦਰਵੇਸ਼- ਬਾਲੀਵੁੱਡ ਵਿੱਚ ਤੁਹਾਡੀ ਵਾਪਸੀ ਦਾ ਕੋਈ ਵਿਸ਼ੇਸ਼ ਕਾਰਣ ?
ਪਦਮਿਨੀ- ਨਹੀਂ ਅਜਿਹਾ ਕੋਈ ਵੀ ਵਿਸ਼ੇਸ਼ ਕਾਰਣ ਨਹੀਂ।ਮੇਰਾ ਰਿਸ਼ਤਾ ਤਾਂ ਬਚਪਨ ਤੋਂ ਹੀ ਅਦਾਕਾਰੀ ਨਾਲ ਹੈ। ਮੈਂ ਤਾਂ ਬੱਸ ਇੱਕ ਬਰੇਕ ਲਿਆ ਸੀ ਕਿਉਂਕਿ ਮੈਂ ਆਪਣੇਂ ਪਰਿਵਾਰ ਦਾ ਧਿਆਨ ਕਰਨਾ ਚਾਹੁੰਦੀ ਸੀ।ਹੁਣ ਮੇਰਾ ਮੁੰਡਾ ਵੀ ਵੱਡਾ ਹੋ ਗਿਐ ਅਤੇ ਮੇਰੀਆਂ ਜ਼ਿੰਮੇਵਾਰੀਆਂ ਵੀ ਕੁੱਝ ਘੱਟ ਗਈਆਂ ਨੇ ਤਾਂ ਹੁਣ ਮੈ ਜ਼ਰੂਰ ਆਪਣਾ ਵਕਤ ਬਾਲੀਵੁੱਡ ਨੂੰ ਦੇਣਾ ਚਾਹੂੰਗੀ।
----
ਦਰਵੇਸ਼- ਤੁਹਾਡੇ ਜ਼ਮਾਨੇ ਦੇ ਮੁਕਾਬਲੇ ਅੱਜ ਤੁਹਾਨੂੰ ਫਿਲਮ ਇੰਡਸਟਰੀ ਵਿੱਚ ਕੀ ਬਦਲਿਆ ਹੋਇਆ ਲੱਗਦੈ?
ਪਦਮਿਨੀ- ਪਹਿਲੀ ਗੱਲ ਤਾਂ ਤੁਸੀਂ ਖ਼ੁਦ ਬਦਲੇ ਹੋਏ ਹੋ,ਏਨੀਆਂ ਗੱਲਾਂ ਮਾਰਨ ਲੱਗ ਪਏ ਹੋ ਕਿ ਬੱਸ ਪੁੱਛੋ ਨਾ।ਦੂਜਾ ਫਿਲਮ ਨਿਰਮਾਣ ਵਿੱਚ ਬਹੁਤ ਕਾਹਲੀ ਆ ਗਈ ਹੈ।ਪਹਿਲਾਂ ਬੜੇ ਆਰਾਮ ਨਾਲ ਕੰਮ ਹੁੰਦਾ ਸੀ।ਕੋਈ ਵੀ ਕਲਾਕਾਰ ਸਾਲ ਵਿੱਚ ਦੋ ਤੋਂ ਵੱਧ ਫਿਲਮਾਂ ਨਹੀਂ ਸੀ ਕਰਦਾ।ਦਿਨ ਵਿੱਚ ਮਸਾਂ ਇੱਕ ਸੀਨ ਕਰਦੇ ਹੁੰਦੇ ਸੀ ।ਹੁਣ ਤਾਂ ਸਭ ਕੁੱਝ ਹੀ ਕਮਰਸ਼ੀਅਲ ਹੋ ਗਿਐ।ਵਕਤ ਪੈਸੇ ਤੋਂ ਵੀ ਜ਼ਿਆਦਾ ਕੀਮਤੀ ਹੋ ਗਿਐ।ਅੱਜ ਤਾਂ ਕਲਾਕਾਰ ਅਤੇ ਨਿਰਦੇਸ਼ਕ ਦੋਨਾਂ ਕੋਲ ਹੀ ਪੇਸ਼ੈਂਸ਼ ਨਹੀਂ ਹੈ।
No comments:
Post a Comment