ਲੇਖਕ: ਦਰਸ਼ਨ ਦਰਵੇਸ਼ ਕਿਸੇ ਪਰੀ ਕਥਾ ਵਰਗੀ ਨਹੀਂ ਹੈ ਉਸਦੀ ਦਾਸਤਾਨ।ਜਿਹੜਾ ਹਿੰਦੀ ਸਿਨੇਮਾ ਦੀਆਂ ਤਸਵੀਰਾਂ ਨੂੰ ਬਹੁਤ ਸਾਰੇ ਖ਼ੂਬਸੂਰਤ ਰੰਗ ਦੇਣ ਤੋਂ ਬਾਅਦ ਅੱਜ ਪੰਜਾਬੀ ਸਿਨੇਮਾ ਦਾ ਖੋਇਆ ਹੋਇਆ ਵਜੂਦ ਲੱਭਕੇ ਉਸ ਤੋਂ ਗਰਦ ਝਾੜਨ ਲਈ ਯਤਨਸ਼ੀਲ ਹੈ ।
ਉਹ ਸ਼ਖ਼ਸ ਜਿਹੜਾ ਸਿਨੇਮਾਟੋਗ੍ਰਾਫੀ ਦੇ ਸਫ਼ਰ ਉੱਤੇ ਆਪਣੀਆਂ ਕਦੇ ਨਾਂ ਮਿਟਣ ਵਾਲੀਆਂ ਪੈੜਾਂ ਉੱਕਰਨ ਤੋਂ ਬਾਦ ਅੱਜ ਇੱਕ ਵਧੀਆ ਨਿਰਦੇਸ਼ਕ ਦੇ ਤੌਰ ਉੱਤੇ ਇਸ ਮਿੱਥ ਨੂੰ ਤੋੜ ਚੁੱਕਾ ਹੈ ਕਿ ਪਾਣੀ ਉੱਪਰ ਸਿਰਫ਼ ਲੱਕੜਾਂ ਹੀ ਤੈਰਦੀਆਂ ਨੇ।ਪੱਥਰ ਜਦੋਂ ਆਪਣੇਂ ਨਕਸ਼ ਆਪ ਉਲੀਕਦਾ ਹੈ ਤਾਂ ਆਪਣੇ ਹਿੱਸੇ ਦੇ ਪਾਣੀ ਉੱਪਰ ਤੈਰਨ ਦੀ ਸਮਰੱਥਾ ਵੀ ਉਹ ਆਪਣੇ ਅੰਦਰ ਰਾਖਵੀਂ ਰੱਖ ਲੈਂਦਾ ਹੈ।
ਮਨਮੋਹਨ ਸਿੰਘ ਜਿਸ ਦਾ ਅਕਸ ਮੇਰੇ ਅੰਦਰ ਹਮੇਸ਼ਾ ਇੱਕ ਲਹਿਰ ਦੇ ਸੁਪਨੇ ਜਿਹਾ ਰਿਹਾ ਹੈ ਜਿਹੜੀ ਕਦੇ ਵੀ ਥੱਕਣਾ ਨਹੀਂ ਜਾਣਦੀ ਅਤੇ ਹਰ ਵਾਰ ਸਮੁੰਦਰ ਵਿੱਚੋਂ ਸਿੱਪੀਆਂ ਅਤੇ ਮੋਤੀ ਲੱਭਣ ਤੋਂ ਬਾਦ ਆਪਣੇ ਕਿਨਾਰੇ ਦਾ ਆਸ਼ੀਰਵਾਦ ਲੈਣਾ ਨਹੀਂ ਭੁੱਲਦੀ..ਤੇ ਮੈਂ ਉਸ ਸ਼ਖ਼ਸ ਨੂੰ ਥਲ ਵਿੱਚੋਂ ਗੁਜ਼ਰਦੇ ਨੂੰ ਵੇਖਿਆ ਹੈ, ਮੁਸਕਰਾਉਂਦੇ ਹੋਏ ਨੂੰ ।
ਮਨਮੋਹਨ ਸਿੰਘ ਆਪਣੇ ਅੰਦਰਲੇ ਸ਼ੋਰ ਨੂੰ ਕਦੇ ਸੌਣ ਨਹੀਂ ਦਿੰਦਾ।ਇਹ ਸ਼ੋਰ ਹਰ ਸਮੇਂ ਉਸਦੀ ਸਿਰਜਣਾ ਨੂੰ ਬੁਰਸ਼ ਦਿੰਦਾ ਹੈ। ਸ਼ਬਦ ਅਤੇ ਰੰਗ ਦਿੰਦਾ ਹੈ।ਮਨ ਦੀਆਂ ਇੱਛਾਵਾਂ ਦਾ ਵਣਜ ਕਰਨਾ ਜੇ ਕਿਸੇ ਨੇ ਸਿੱਖਣਾ ਹੋਵੇ ਤਾਂ ਉਹ ਮਨ ਜੀ ਤੋਂ ਸਿੱਖ ਸਕਦਾ ਹੈ। ਜਦੋਂ ਸੈੱਟ ਉੱਪਰ ਹੁੰਦੇ ਨੇ ਤਾਂ ਹਵਾ ਚੋਂ ਰੰਗ ਲੱਭਦੇ ਨੇ ਤੇ ਜਦੋਂ ਕਿਸੇ ਕਲਾਕਾਰ ਨੂੰ ਉਸਦੇ ਕਿਰਦਾਰ ਅੰਦਰ ਉਤਾਰਦੇ ਨੇ ਤਾਂ ਨਿਰਬੋਲ ਚਿਹਰੇ ਅੰਦਰ ਵੀ ਹਰਕਤ ਪੈਦਾ ਕਰ ਦਿੰਦੇ ਨੇ।
ਪੰਜਾਬੀ ਮਾਂ ਦਾ ਹਰਿਆਣਵੀ ਪੁੱਤਰ ਮਨਮੋਹਨ ਸਿੰਘ ਜਦੋਂ ਆਪਣੀ ਜ਼ਮੀਨ ਉੱਪਰ ਉਬਾਸੀ ਲੈਂਦਾ ਹੈ ਤਾਂ ਉਸਦੀ ਬੁੱਕਲ ਦਾ ਹਰ ਪਲ ਕੁੱਝ ਨਾ ਕੁੱਝ ਕਰਨ ਲਈ ਪ੍ਰੇਰਦਾ ਰਹਿੰਦਾ ਹੈ।
ਇੱਕੱਲੇ ਬੈਠਿਆਂ ਗਾਣਾ ਗੁਣਗੁਣਾਉਂਦਿਆਂ ਮੈਂ ਸੈਂਕੜੇ ਵਾਰ ਉਹਨਾਂ ਅੰਦਰ ਵਾਇਲਨ ਦੀਆਂ ਤਾਰਾਂ ਵੱਜਦੀਆਂ ਸੁਣੀਆਂ ਨੇ। ਲੰਮੀ ਨਜ਼ਰ ਦੀ ਐਨਕ ਪਿੱਛੋਂ ਝਾਕਦਾ ਉਹ ਸ਼ਖ਼ਸ ‘ਨਸੀਬੋ’ ਦੀ ਸਾਰਥਕ ਸਿਰਜਣਾਂ ਤੋਂ ਬਾਦ ਬਹੁਤ ਲੰਮਾ ਸਮਾਂ ਸਿਰਫ਼ ਚਿਹਰਿਆਂ ਉੱਪਰ ਰੰਗ ਛਿੜਕਦਾ ਰਿਹਾ ਹੈ।.. .. ਤੇ ਫਿਰ ਉਸਨੇ ਸ਼ੁਰੂਆਤ ਕੀਤੀ ‘ਜੀਅ ਆਇਆਂ ਨੂੰ’ ਨਾਲ ।ਸਫਲਤਾ ਉਸਦੇ ਕਦਮਾਂ ਦੇ ਨਾਲ ਨਾਲ ਹੈ। ‘ਅਸਾਂ ਨੂੰ ਮਾਣ ਵਤਨਾਂ ਦਾ’, ‘ਯਾਰਾਂ ਨਾਲ ਬਹਾਰਾਂ’, ‘ਦਿਲ ਆਪਣਾ ਪੰਜਾਬੀ’, ‘ਮਿੱਟੀ ਵਾਜਾਂ ਮਾਰਦੀ’ ਅਤੇ ‘ਮੇਰਾ ਪਿੰਡ’ ਉਸਦਾ ਹਾਸਿਲ ਹਨ।
ਦਿਲ ਕਰਦਾ ਹੈ ਅਜਿਹੇ ਖ਼ੂਬਸੂਰਤ ਨਕਸ਼ਦਾਰ ਪੱਥਰ ਨੂੰ ਆਪਣੇ ਚੁੰਮਣਾਂ ਨਾਲ ਖੋਰ ਦਿਆਂ ਅਤੇ ਸਾਰੀ ਉਮਰ ਆਪਣੇ ਆਪ ਨੂੰ ਸਿੰਜਦਾ ਰਹਾਂ।
No comments:
Post a Comment