Tuesday, July 27, 2010

ਗਜ਼ਲ / ਗੁਰਨਾਮ ਗਿੱਲ

ਬਦਲਦੀ ਸੋਚ ਹੈ ਜਦ ਵੀ, ਬਦਲ ਜਾਂਦੀ ਹੈ ਖਲਕਤ ਵੀ।
ਚਮਨ ਦੇ ਰੰਗ ਬਦਲ ਜਾਂਦੇ, ਬਦਲ ਜਾਂਦੀ ਹਕੂਮਤ ਵੀ।

ਬਦਲ ਜਾਏ ਜਦੋਂ ਸੰਗਤ, ਬਦਲ ਫਿਰ ਆਦਮੀ ਜਾਵੇ,
ਬਦਲ ਜਾਵੇ ਅਗਰ ਪੇਸ਼ਾ, ਬਦਲ ਜਾਂਦੀ ਹੈ ਫਿਤਰਤ ਵੀ!

ਜਿਨ੍ਹਾਂ ਦੇ ਮਨ ਹੀ ਨੇ ਊਣੇ, ਉਨ੍ਹਾਂ ਦੇ ਘਰ ਵੀ ਨੇ ਊਣੇ,
ਜਦੋਂ ਭਰਪੂਰ ਮਨ ਹੋਵੇ, ਚਲੀ ਆਉਂਦੀ ਹੈ ਬਰਕਤ ਵੀ।

ਖੁਦਾ ਚਾਰਾ ਕਰੂ ਕੀ? ਨ੍ਹੇਰ ਵਿਚ ਹੀ ਭਟਕਣਾ ਜੇਕਰ,
ਨਿਖਾਰੋ ਸੋਚ ਪਹਿਲਾਂ ਫਿਰ ਸੁਧਰ ਜਾਏਗੀ ਕਿਸਮਤ ਵੀ।

ਨਾ ਐਵੇਂ ਰੋਸ ਕਰ, ਕੋਈ ਨਹੀਂ ਪੁਛੱਦਾ ਜੇ ਹੁਣ ਤੈਨੂੰ,
ਕਮੀ ਤੇਰੇ 'ਚ ਹੀ ਹੋਣੀ, ਕਦੇ ਸੀ ਤੇਰੀ ਬੁਕੱਤ ਵੀ।

ਜੋ ਲੋਕੀ ਸਾਫ ਨੇ ਦਿਲ ਦੇ, ਉਨ੍ਹਾਂ ਦੇ ਪਾਰਦਰਸ਼ੀ ਯਾਰ,
ਉਨ੍ਹਾਂ ਨੂੰ ਸਾਥ ਵੀ ਮਿਲਦਾ 'ਤੇ ਮਿਲਦੀ ਹੈ ਮੁਹੱਬਤ ਵੀ!

ਨਾ ਬਣ ਕਮਜ਼ੋਰ, ਕਰ ਹਿੰਮਤ, ਭਰੋਸਾ ਰੱਖ ਤੂੰ ਮਨ 'ਤੇ,
ਬੜਾ ਮਜ਼ਬੂਤ ਤੇਰਾ ਦਿਲ, ਬੁਲੰਦੀ 'ਤੇ ਹੈ ਤਾਕਤ ਵੀ।

1 comment:

Anonymous said...

Gill Sahib,Wah....