Wednesday, August 4, 2010
ਹਬੀਬ ਤਨਵੀਰ ਹੋਣ ਦੇ ਅਰਥ /ਕੁਲਦੀਪ ਸਿੰਘ ਦੀਪ (ਡਾ:)
ਹਬੀਬ ਪਹਿਲੀ ਨਜ਼ਰੇ
• ਇਬਰਾਹੀਮ ਲਿੰਕਨ ਵਰਗੀਆਂ ਅੰਦਰ ਧਸੀਆਂ ਹੋਈਆਂ ਗੱਲ੍ਹਾਂ.......
• ਮੂੰਹ ਵਿੱਚ ਥੋੜਾ ਟੇਢਾ ਕਰਕੇ ਲੱਗਿਆ ਹੋਇਆ ਕਾਲੇ ਰੰਗ ਦਾ ਪਾਈਪ..........
• ਦਿਲਕਸ਼ ਅੰਦਾਜ ਵਿੱਚ ਹਵਾ ਵਿੱਚ ਉਡਦੇ ਧੂੰਏ ਦੇ ਛੱਲੇ.........
• ਸਿਰ ਤੇ ਕੈਪ..........
• ਨਾਲ ਨਾਲ ਮੜਕ ਨਾਲ ਤੁਰਦੀ ਖੂੰਡੀ ਤੇ ਖੂੰਡੀ ਦੇ ਨਾਲ ਨਾਲ ਮੜਕ ਨਾਲ ਤੁਰਦਾ ਹਬੀਬ..............
• ਗੋਰਾ ਨਿਛੋਹ ਰੰਗ, ਦੁਧੀਆ ਸਫੈਦੀ ਵਰਗਾ..............
• ਹਲਕੇ ਸੁਨਹਿਰੇ ਅਧਕਚਰੇ ਕਾਲੇ ਵਾਲ਼.......
• ਬੁਲੰਦ ਅਵਾਜ਼.........
• ਮੰਚ ਦੇ ਇੱਕ ਪਾਸੇ ਗੂੰਜਦਾ ਸੀ ਇਨਕਲਾਬੀ ਕਵੀ ਗਦਰ ਤੇ ਦੂਜੇ ਬੰਨੇ ਰੰਗ ਕਰਮੀ ਹਬੀਬ.......
• ਕਦੇ ਬਾਂਸ ਗੀਤ, ਕਦੇ ਸੁਆਗੀਤ, ਕਦੇ ਦੇਵਾਰ ਗੀਤ, ਕਦੇ ਨਾਚਾ, ਗੱਮਤ, ਗਸ ਤੇ ਪੰਡਵਾਨੀ........
• ਪਰ ਹੁਣ ਅਲੋਲਪ ਹੋ ਗਏ ਧੂੰਏ ਦੇ ਛੱਲੇ ਤੇ ਅਲੋਪ ਹੋ ਗਿਆ .......
• ਬਿਲਕੁਲ ਆਪਣੇ ਨਾਟਕਾਂ ਦੇ ਉਹਾਂ ਨਾਇਕਾਂ ਵਾਂਗ ਜਿਹੜੇ ਜਦੋਂ ਉਹਨਾਂ ਦੀ ਭੂਮਿਕਾ ਖਤਮ ਹੋ ਜਾਂਦੀ, ਮੁੜ ਵਾਪਸ ਮੰਚ ਤੇ ਨਹੀਂ ਆਉਂਦੇ ਸਨ.........
ਹਬੀਬ ਤਨਵੀਰ ਸਾਡੇ ਵਿਚਕਾਰ ਨਹੀਂ ਰਹੇ, ਹਬੀਬ ਤਨਵੀਰ ਸਾਡੇ ਵਿਚਕਾਰ ਹੀ ਹਨ, ਹਬੀਬ ਤਨਵੀਰ ਹਮੇਸ਼ਾ ਸਾਡੇ ਵਿਚਕਾਰ ਹੀ ਰਹਿਣਗੇ। ਇਸ ਤਿਕੋਣੇ ਸੱਚ ਦੇ ਰੂ-ਬ-ਰੂ ਹੋ ਰਿਹਾ ਹਾਂ ਮੈਂ। ਕਿਹੜੇ ਸੱਚ ਤੇ ਯਕੀਨ ਕਰਾਂ? ਕਿਹੜੇ ਤੇ ਨਾਂ, ਤਿੰਨਾਂ ਤੇ ਕਰਾਂ ਜਾਂ ਤਿੰਨਾਂ ਤੇ ਨਾਂ। ਇਹ ਦਿਲ ਦੀਆਂ ਗੱਲਾਂ ਨੇ। ਭਾਵਨਾਵਾਂ, ਵਲਵਲਿਆਂ ਤੇ ਜਜ਼ਬਿਆਂ ਦੀ ਦੁਨੀਆਂ ਵਿੱਚ ਸਭ ਸੱਚ ਹੈ ਤੇ ਕੁੱਝ ਵੀ ਸੱਚ ਨਹੀਂ। ਹਬੀਬ ਨਾਲ ਮੇਰਾ ਰਿਸ਼ਤਾ ਕੁੱਝ ਅਜਿਹਾ ਹੀ ਹੈ। ਇਹ ਵੀ ਸੱਚ ਹੈ ਕਿ ਨਾ ਖੇਤਰ ਪੱਖੋਂ ਹਬੀਬ ਮੇਰੇ ਵੱਲ ਦਾ ਹੈ, ਨਾ ਉਮਰ ਪੱਖੋਂ। ਨਾ ਮੈਂ ਉਸ ਦੇ ਕਦੇ ਨੇੜਿਉਂ ਦਰਸ਼ਨ ਕੀਤੇ ਹਨ ਤੇ ਨਾ ਕਦੇ ਦੂਰਿਉਂ। ਪਰ ਫਿਰ ਵੀ ਹਬੀਬ ਨਾਲ ਮੇਰਾ ਭਾਵੁਕ ਤੇ ਜਜ਼ਬਾਤੀ ਰਿਸ਼ਤਾ ਹੈ - ਮਹਿਸੂਸਣ ਵਾਲਾ, ਦੱਸਣ ਵਾਲਾ ਨਹੀਂ, ਗੂੰਗੇ ਦੇ ਗੁੜ ਵਾਂਗ। ਫਿਰ ਵੀ ਅੱਜ ਮੈਂ ਪੜਚੋਲ ਰਿਹਾ ਹਾਂ ਇਸ ਰਿਸ਼ਤੇ ਦੀਆਂ ਤੰਦਾਂ ਕਿ ਕਿਉਂ ਹਬੀਬ ਦਿਲ ਦੇ ਏਨਾ ਕਰੀਬ ਮਹਿਸੂਸ ਹੁੰਦਾ ਹੈ। ਦਰਅਸਲ ਬਿਨਾ ਖੇਤਰ ਦੀ ਸਾਂਝ ਦੇ, ਬਿਨਾ ਉਮਰ ਦੀ ਸਾਂਝ ਦੇ, ਬਿਨਾ ਵਿਅਕਤੀਗਤ ਸਾਂਝ ਦੇ ਹਬੀਬ ਦੇ ਕੁੱਝ ਸਰੋਕਾਰ ਅਜਿਹੇ ਸਨ ਜਿੰਨ੍ਹਾਂ ਨਾਲ ਕਿਤੇ ਨਾ ਕਿਤੇ ਮੈਂ ਵੀ ਵਾਬਸਤਾ ਹੋਇਆ।
ਹਬੀਬ ਨਾਲ ਮੇਰੀ ਪਹਿਲੀ ਭਾਵੁਕਤਾ ਇਸ ਕਰਕੇ ਹੈ ਕਿ ਉਹ ਪੰਜਾਬੀ ਵਰਗੀ ਇੱਕ ਖੇਤਰੀ ਭਾਸ਼ਾ ਛੱਤੀਸਗੜ੍ਹੀ ਦੀ ਗੋਦ ਵਿੱਚ ਜੰਮਿਆ, ਪਲਿਆ, ਉਸੇ ਨੂੰ ਅਪਣਾਇਆ ਤੇ ਆਖਰ ਤੱਕ ਉਸੇ ਦਾ ਰਿਹਾ, ਬੇਵਫਾ ਨਹੀਂ ਹੋਇਆ ਮਾਂ ਬੋਲੀ ਦਾ ਪਲੇਠਾ ਤੇ ਜੇਠਾ ਪੁੱਤ ਬਣਕੇ ਰਿਹਾ। ਮਾਂ ਬੋਲੀ ਪ੍ਰਤੀ ਹਬੀਬ ਦੀ ਇਸ ਪ੍ਰਤੀਬੱਧਤਾ ਨੇ ਮੇਰੇ ਵਰਗੇ ਪਤਾ ਨਹੀਂ ਹੋਰ ਕਿੰਨ੍ਹੇ ਲੋਕਾਂ ਨੂੰ ਇਹ ਤਾਕਤ ਦਿੱਤੀ ਹੈ ਕਿ ਦੁਨੀਆਂ ਦੀ ਕੋਈ ਭਾਸ਼ਾ ਗੰਵਾਰ ਨਹੀਂ ਹੁੰਦੀ, ਗਰੀਬ ਨਹੀਂ ਹੁੰਦੀ, ਕੁਰੱਖ਼ਤ ਨਹੀਂ ਹੁੰਦੀ। ਬਲਕਿ ਜਿਹੜੀ ਭਾਸ਼ਾ ਜਿੰਨੀ ਲੋਕਾਂ ਦੇ ਨੇੜੇ ਹੁੰਦੀ ਹੈ ਉਨੀ ਹੀ ਸੁਹਜ਼ਾਤਮਕ, ਅਮੀਰ ਤੇ ਮੁਕੰਮਲ ਹੁੰਦੀ ਹੈ।
ਹਬੀਬ ਨਾਲ ਇੱਕ ਵਾਰ ਉਦੋ ਕਰੀਬ ਹੋਣ ਦਾ ਮੌਕਾ ਮਿਲਿਆ ਜਦੋਂ ਮੈਂ ਪੀ-ਐਚæ ਡੀæ ਕਰਨੀ ਸ਼ੁਰੂ ਕੀਤੀ ਅਤੇ ਵਿਸ਼ਾ ਲਿਆ ਪੰਜਾਬੀ ਉਪੇਰਾ, ਜਿਸ ਦਾ ਜਨਮ ਇਪਟਾ (ਇੰਡੀਅਨ ਪੀਪਲਜ਼ ਥੀਏਟਰੀਕਲ ਐਸੋਸੀਏਸ਼ਨ) ਦੀ ਕੁੱਖ ਵਿੱਚੋਂ ਹੋਇਆ। ਉਪੇਰਾ ਦੀਆਂ ਜੜਾਂ ਲੱਭਦਾ ਲੱਭਦਾ ਮੈਂ ਇਪਟਾ ਤੱਕ ਪਹੁੰਚਿਆ ਤੇ ਇਪਟਾ ਦੀਆਂ ਜੜਾਂ ਲੱਭਦਾ ਲਭਦਾ ਹਬੀਬ ਤੱਕ । ਉਪੇਰਾ ਨਾਲ ਤੇ ਇਪਟਾ ਨਾਲ ਸ਼ਰਾਧਾਮਈ ਰਿਸ਼ਤਾ ਰਖਦਾ ਰਖਦਾ ਮੈ ਹਬੀਬ ਦਾ ਸ਼ਰਧਾਲੂ ਬਣਿਆ ਤੇ ਉਸ ਦੇ ਰਾਹੀਂ ਫਿਰ ਮੈਂ ਪ੍ਰਗਤੀਸ਼ੀਲ ਲੇਖਕ ਸੰਘ ਅਤੇ ਇਪਟਾ ਨੁੰ ਸਮਝਿਆ। ਗੱਲ ਉਸ ਵੇਲੇ ਦੀ ਹੈ ਜਦੋਂ ਵਿਸ਼ਵ ਜੰਗਾਂ ਦੇ ਖਿਲਾਫ ਕੌਮਾਂਤਰੀ ਪੱਧਰ ਤੇ ਅਮਨ ਲਹਿਰ ਚਲੀ ਤੇ ਭਾਰਤ ਵਿੱਚ ਦੋ ਹੀ ਸੰਸਥਾਵਾਂ ਇਸ ਦੀਆਂ ਝੰਡਾਬਰਦਾਰ ਬਣੀਆਂ।
(1) ਪ੍ਰਗਤੀਸ਼ੀਲ ਲੇਖਕ ਸੰਘ
(2) ਇਪਟਾ
ਇਪਟਾ ਉਹ ਜਥੇਬੰਦੀ ਸੀ ਜਿਸ ਨੇ ਅਮਨ ਦੇ ਏਜੰਡੇ ਨੂੰ ਪਿੰਡਾਂ ਦੀਆਂ ਸੱਥਾਂ ਤੇ ਖੇਤਾਂ ਤੱਕ ਪਹੁੰਚਾਇਆ। ਸਾਮਰਾਜਵਾਦ ਦੀ ਜੰਗ ਅਧਾਰਿਤ ਪਹੁੰਚ ਤੇ ਵਿਸ਼ਵ ਤਾਨਾਸ਼ਾਹੀ ਦੀ ਲਲਕ ਨੂੰ ਲੋਕਾਂ ਦੀ ਸ਼ੈਲੀ ਰਾਹੀਂ ਲੋਕਾਂ ਵਿੱਚ ਲੈ ਜਾ ਕੇ ਨੰਗਾ ਕੀਤਾ। ਲੋਕ ਗੀਤ, ਲੋਕ ਸੰਗੀਤ, ਲੋਕ ਨਾਚ, ਲੋਕ ਨਾਟਕ ਦੀਆਂ ਵਿਧਾਵਾਂ ਦੀ ਪੁਨਰ ਸੁਰਜੀਤੀ ਕੀਤੀ ਅਤੇ ਇਹਨਾਂ ਵਿਧਾਵਾਂ ਰਾਹੀਂ ਆਪਣੀ ਗੱਲ ਲੋਕਾਂ ਵਿੱਚ ਲੈ ਜਾ ਕੇ ਅਮਨ ਲਹਿਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਲਹਿਰ ਆਪਣੇ ਸਿਖਰ ਤੇ ਸੀ ਅਤੇ ਬਲਰਾਜ ਸਾਹਨੀ ਵਰਗੇ ਧਰਤੀ ਨਾਲ ਜੁੜੇ ਕਲਾਕਾਰ ਦੇ ਹੱਥਾਂ ਵਿੱਚ ਸੀ ਤੇ ਹਬੀਬ ਵਰਗੇ ਲੋਕ ਇਸ ਦੇ ਸਿਪਾਹੀ ਸਨ।
ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਿਆ ਭਾਰਤ ਅਜਾਦੀ ਦੀ ਲੜਾਈ ਲੜ ਰਿਹਾ ਸੀ। ਉਸ ਸਮੇਂ ਹੋਇਆ ਇੰਝ ਕਿ ਬਦਕਿਸਮਤੀ ਨਾਲ ਬਰਤਾਨੀਆਂ ਹਕੂਮਤ ਨੂੰ ਲੋਕ ਵਿਧਾਵਾਂ ਦੇ ਇਹਨਾਂ ਕਲਾਕਾਰਾਂ ਦੀਆਂ ਕਲਾਕਾਰੀਆਂ ਰਾਸ ਨਹੀਂ ਆਈਆਂ ਤੇ ਉਹਨਾਂ ਨੇ ਇਸ ਲੋਕ ਲਹਿਰ ਦੀ ਸ਼ਕਤੀ ਨੂੰ ਜ਼ਬਰ ਨਾਲ ਕੁਚਲਣ ਲਈ ਇਪਟਾ ਦੇ ਵੱਡੇ ਆਗੂਆਂ ਨੂੰ (ਬਲਰਾਜ ਸਾਹਨੀ ਸਮੇਤ) ਫੜਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਇਹ ਸਮਾਂ ਹਬੀਬ ਲਈ ਉਦਾਸੀ, ਨਿਰਾਸ਼ਾ ਅਤੇ ਤਨਹਾਈ ਦਾ ਵੀ ਸੀ ਅਤੇ ਇਹੀ ਸਮਾਂ ਇੱਕ ਚੈਲੰਜ ਦਾ ਵੀ ਸੀ। ਇਤਿਹਾਸ ਜਦੋਂ ਸਿਰਜਿਆ ਜਾਂਦਾ ਹੈ ਤਾਂ ਨਿੱਕੀ ਤੋਂ ਨਿੱਕੀ ਘਟਨਾ ਵੀ ਤਤਕਾਲੀ ਕਾਰਨ ਬਣ ਜਾਂਦੀ ਹੈ ਤੇ ਇਹੋ ਜਿਹੀ ਨਿੱਕੀ ਤੇ ਨਾਟਕੀ ਘਟਨਾ ਹਬੀਬ ਦੀ ਜ਼ਿੰਦਗੀ ਵਿਚ ਵੀ ਵਾਪਰੀ ਜੋ ਇਤਿਹਾਸਕ ਬਣ ਗਈ। ਬਲਰਾਜ ਸਾਹਨੀ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦਾ ਨਵ ਸਿਖਾਂਦਰੂ ਸ਼ਿਸ਼ ਹਬੀਬ ਤਨਹਾ ਅਤੇ ਉਦਾਸੀ ਦੇ ਆਲਮ ਵਿੱਚ ਜਦੋਂ ਜੇਲ ਵਿਚ ਬਲਰਾਜ ਨਾਲ ਮੁਲਕਾਤ ਕਰਨ ਗਿਆ ਤਾਂ ਬਲਰਾਜ ਜੀ ਨੇ ਪਤਾ ਨਹੀਂ ਕੀ ਸੋਚ ਕੇ ਇਪਟਾ ਦਾ ਸਾਰਾ ਭਾਰ ਹਬੀਬ ਦੇ ਮੋਢਿਆਂ ਤੇ ਪਾ ਦਿੱਤਾ। ਸਮਕਾਲੀ ਲੋਕ ਦਸਦੇ ਨੇ ਕਿ ਉਸ ਵੇਲੇ ਨਾ ਤਾਂ ਹਬੀਬ ਨੂੰ ਚੱਜ ਨਾਲ ਲਿਖਣਾ ਆਉਂਦਾ ਸੀ, ਨਾ ਢੰਗ ਦੀ ਐਕਟਿੰਗ ਆਉਂਦੀ ਸੀ ਪਰ ਗੁਰੁ ਦੀ ਆਗਿਆ ਦਾ ਪਾਲਣ ਕਰਦੇ ਹੋਏ ਤਨਵੀਰ ਨੇ ਇਪਟਾ ਦੇ ਯੁੱਧ ਮੈਦਾਨ ਵਿੱਚ ਨਿਤਰਣ ਦਾ ਫੈਸਲਾ ਕਰ ਲਿਆ। ਵਿੰਗ ਤੜਿੰਗੇ ਨਾਟਕ ਲਿਖੇ, ਵਿੰਗ ਤੜਿੰਗੇ ਕਲਾਕਾਰ ਲਏ, ਵਿੰਗ ਤੜਿੰਗੀਆਂ ਰਿਹਰਸਲਾਂ ਕਰਵਾਈਆਂ, ਵਿੰਗ ਤੜਿੰਗੀਆਂ ਸਟੇਜਾਂ ਉੱਤੇ ਵਿੰਗ ਤੜਿੰਗੇ ਦਰਸ਼ਕਾਂ ਵਿਚ ਵਿੰਗ ਤੜਿੰਗੇ ਢੰਗ ਨਾਲ ਪ੍ਰਦਰਸ਼ਨ ਕੀਤੇ ਤੇ ਹੌਲੀ ਹੌਲੀ ਇਹੀ ਵਿੰਗ ਤੜਿੰਗਾਪਣ ਹਬੀਬ ਦਾ ਅੰਦਾਜ਼ ਬਣ ਗਿਆ ਅਤੇ ਨਾਟਕ ਤੇ ਰੰਗਮੰਚ ਦੀ ਤਨਵੀਰੀ ਸ਼ੈਲੀ ਦੇ ਰੂਪ ਵਿੱਚ ਵਿਕਸਿਤ ਹੋ ਗਿਆ। ਪੂਰਾ ਸਮਾਂ ਚਲਦੇ ਫਿਰਦੇ ਨਾਟਕ ਦੀ ਸਕ੍ਰਿਪਟ ਲਿਖਦਾ, ਲੋਕਾਂ ਨੂੰ ਇਕੱਠਾ ਕਰਦਾ, ਆਪ ਹੀ ਪਰੋਮਪਟਿੰਗ ਕਰਦਾ, ਆਪ ਹੀ ਗਾਣੇ ਲਿਖਦਾ, ਆਪ ਹੀ ਮੇਕਅਪ ਕਰਦਾ, ਸਮੇਂ ਦੇ ਵਿੰਗ ਤੜਿੰਗੇ ਸੱਚ ਨੂੰ ਸਮੇਂ ਦੇ ਵਹਾਅ ਵਿੱਚ ਪੇਸ਼ ਕਰਦਾ ਕਰਦਾ ਹਬੀਬ ਅਭਿਨੈ ਦੇ ਉਸ ਮੁਕਾਮ ਤੱਕ ਪਹੁੰਚ ਗਿਆ ਜਿੱਥੇ ਸ਼ਾਇਦ ਉਹਨਾਂ ਤੋਂ ਬਾਅਦ ਕੋਈ ਦੂਜਾ ਪਹੁੰਚਣ ਦੀ ਸੋਚ ਵੀ ਨਹੀਂ ਸਕਦਾ।
ਬਲਰਾਜ ਸਾਹਨੀ ਤੇ ਹਬੀਬ ਤਨਵੀਰ ਵਰਗੇ ਲੋਕ ਕਲਾਕਾਰਾਂ ਦੀ ਜਥੇਬੰਦੀ ਇਪਟਾ ਦਾ ਇੱਕ ਵੱਡਾ ਪੰਜਾਬੀ ਰੂਪ ਸ਼ੀਲਾ ਭਾਟੀਆ, ਤੇਰਾ ਸਿੰਘ ਚੰਨ, ਜੋਗਿੰਦਰ ਬਾਹਰਲਾ ਆਦਿ ਰਾਹੀ ਉਪੇਰਾ ਵਿਧਾ ਦੇ ਰੂਪ ਵਿੱਚ ਸਿਰਜਿਆ ਗਿਆ। ਅਜੀਬ ਇਤਫ਼ਾਕ ਇਹ ਹੈ ਕਿ ਮੈਂ ਨਾ ਮੈਂ ਚੰਨ, ਸ਼ੀਲਾ ਅਤੇ ਬਾਹਰਲੇ ਨੂੰ ਜਾਣਦਾ ਸੀ ਤੇ ਨਾ ਇਪਟਾ, ਬਲਰਾਜ ਸਾਹਨੀ ਤੇ ਹਬੀਬ ਨੂੰ, ਪਰ ਮੈਂ ਆਪ ਮੁਹਾਰੇ ਹੀ ਗੀਤ ਲੜੀਆਂ ਦੇ ਰੂਪ ਵਿੱਚ ਇੱਕ ਉਪੇਰਾ ਲਿਖਿਆ-ਇਹ ਜੰਗ ਕੌਣ ਲੜੇ'। ਅਜੀਬ ਗੱਲ ਇਹ ਵੀ ਹੈ ਕਿ ਉਸ ਸਮੇਂ ਮੈਨੂੰ ਇਹ ਵੀ ਪਤਾ ਨਹੀਂ ਸੀ ਕਿ ਇਹ ਉਪੇਰਾ ਹੈ ਤੇ ਇਹ ਵੀ ਪਤਾ ਨਹੀਂ ਸੀ ਕਿ ਉਪੇਰਾ ਨਾਂ ਦੀ ਨਾਟ ਵਿਧਾ ਵੀ ਦੁਨੀਆਂ ਵਿਚ ਹੈ। ਪੀ-ਐਚ ਡੀ ਕਰਨ ਦੀ ਧੁਨ ਨੇ ਡਾæ ਸਤੀਸ਼ ਕੁਮਾਰ ਵਰਮਾ ਨਾਲ ਮਿਲਵਾਇਆ ਤੇ ਉਹਨਾਂ ਨੇ ਪਤਾ ਨਹੀਂ ਕੀ ਸੋਚ ਕੇ ਇੱਕ ਬੜਾ ਔਖਾ ਤੇ ਅਣਛੁਹਿਆ ਵਿਸ਼ਾ Ḕਪੰਜਾਬੀ ਉਪੇਰਾḔ ਮੈਨੂੰ ਦਿੱਤਾ। ਜਦੋਂ ਉਹਨਾਂ ਨੇ ਥੋੜਾ ਜਿਹਾ ਉਪੇਰਾ ਵਿਧਾ ਬਾਰੇ ਸਮਝਾਇਆ ਤਾਂ ਤੀਸਰੀ ਅੱਖ Ḕਇਹ ਜੰਗ ਕੌਣ ਲੜੇ' ਤੱਕ ਪਹੁੰਚ ਗਈ ਤੇ ਸੋਚਿਆ, "ਮਨਾ, ਤੇਰਾ ਆਲਾ ਨਾਟਕ ਵੀ ਮੈਨੂੰ ਕਿਤੇ ਨਾ ਕਿਤੇ ਉਪੇਰਾ ਈ ਲਗਦੈ। "ਬੱਸ ਇੱਕ ਭਾਵੁਕ ਰਿਸ਼ਤਾ ਹੋ ਗਿਆ। ਫਿਰ ਚੱਲ ਸੋ ਚੱਲ 'ਇਹ ਜੰਗ ਕੌਣ ਲੜੇ ਤੋਂ ਡਾ ਵਰਮਾ ਰਾਹੀਂ ਸ਼ੀਲਾ ਭਾਟੀਆ, ਤੇਰਾ ਸਿੰਘ ਚੰਨ, ਜਗਦੀਸ਼ ਫਰਿਆਦੀ ਤੇ ਜੋਗਿੰਦਰ ਬਾਹਰਲੇ ਤੱਕ, ਇਹਨਾਂ ਤੋਂ ਇਪਟਾ ਤੱਕ ਤੇ ਇਪਟਾ ਤੋਂ ਹਬੀਬ ਤਨਵੀਰ ਤੱਕ ਇਕ ਸਾਂਝ ਬਣ ਗਈ-ਲੋਕ ਵੰਨਗੀਆਂ ਦੀ, ਲੋਕ ਲਹਿਰ ਦੀ, ਲੋਕ ਥੀਏਟਰ ਦੀ, ਲੋਕ ਸ਼ੈਲੀ ਦੀ ਤੇ ਲੋਕ ਮਾਨਸਿਕਤਾ ਨੂੰ ਸਮਝਣ ਅਤੇ ਪ੍ਰਗਟਾਉਣ ਦੀ। ਹਬੀਬ ਨਾਲ ਮੇਰਾ ਇੱਕ ਭਾਵੁਕ ਰਿਸ਼ਤਾ ਇਹ ਵੀ ਹੈ।
ਤੀਜਾ ਰਿਸ਼ਤਾ ਵੀ ਅਜ਼ੀਬੋਗ਼ਰੀਬ ਹੈ। ਪੰਜਾਬੀ ਉਪੇਰਾ ਤੇ ਖੋਜ ਕਰਦੇ ਕਰਦੇ ਇੱਕੋ ਸਮੇਂ ਦੋ ਉਪ ਵਿਸ਼ਿਆਂ ਤੇ ਕੰਮ ਕਰਨਾ ਪਿਆ:
(1) ਪੰਜਾਬੀ ਉੇਪੇਰਾ ਦੇ ਪਿਛੋਕੜ ਦੇ ਰੂਪ ਵਿੱਚ ਭਾਰਤ ਦੀ ਲੋਕ ਸੰਗੀਤ ਨਾਟਕੀ ਪਰੰਪਰਾ ਤੇ
(2) ਨਾਟਕ ਦੀਆਂ ਵਿਸ਼ਵਪੱਧਰੀ ਸ਼ੈਲੀਆਂ ਤੇ
ਪੰਜਾਬੀ ਉਪੇਰਾ ਦੇ ਪਿਛੋਕੜ ਦੀ ਤਲਾਸ਼ ਕਰਦੇ ਕਰਦੇ ਜਦ ਮੈਂ ਭਾਰਤ ਦੀ 600 ਸਾਲ ਲੰਮੀ ਲੋਕ ਸੰਗੀਤ ਨਾਟਕੀ ਪਰੰਪਰਾ ਦੇ ਸਮੁੰਦਰ ਵਿੱਚ ਉਤਰਿਆ ਤਾਂ ਬੱਸ ਉਸੇ ਦਾ ਹੀ ਹੋ ਕੇ ਰਹਿ ਗਿਆ। ਬੜੀ ਸ਼ਿੱਦਤ ਨਾਲ ਅਹਿਸਾਸ ਹੋਇਆ ਕਿ ਸੰਸਕ੍ਰਿਤ ਨਾਟਕ ਦੇ ਪਤਨ ਤੋਂ ਬਾਅਦ ਅਤੇ ਪੱਛਮ ਦੀ ਆਧੁਨਿਕ ਨਾਟਕ ਦੀ ਵਿਧਾ ਦੇ ਭਾਰਤ ਵਿਚ ਆਗਮਨ ਤੋਂ ਪਹਿਲਾਂ ਦਾ 600 ਸਾਲ ਲੰਮਾ ਵਕਫ਼ਾ ਇੱਕ ਵੱਡਾ ਖਲਾਅ ਸੀ। ਜੇਕਰ ਭਾਰਤ ਦੀ ਲੋਕ ਸੰਗੀਤ ਨਾਟਕੀ ਪਰੰਪਰਾ ਨਾ ਹੁੰਦੀ ਤਾਂ ਨਾਟਕ ਵਰਗੀ ਵਿਧਾ ਨੇ ਸ਼ਾਇਦ ਭਾਰਤ ਵਿੱਚੋਂ ਮਰ ਮੁੱਕ ਹੀ ਜਾਣਾ ਸੀ। ਅਸਾਮ ਦਾ ਅੰਕੀਆ, ਉੱਤਰੀ ਭਾਰਤ ਦੀ ਰਾਸਲੀਲਾ, ਸਵਾਂਗ, ਨੌਟੰਕੀ, ਭਗਤ, ਸਾਂਗੀਤ, ਖੋੜੀਆ, ਕਜਲੀ, ਆਂਧਰਾ ਪ੍ਰਦੇਸ਼ ਦਾ ਕਥਾਕਲੀ, ਹਿਮਾਚਲ ਦਾ ਨਿਰਸੂ ਤੇæ ਕਰਿਆਲਾ, ਮਿਥਲਾ ਪ੍ਰਦੇਸ਼ ਦਾ ਕੀਰਤਨੀਆ, ਤੇਲਗੂ ਭਾਸ਼ਾ ਦਾ ਕੂਚੀਪੁੜੀ, ਮਹਾਂਰਾਸ਼ਟਰ ਦਾ ਖਿਆਲ, ਰਾਜਸਥਾਨ ਦਾ ਗੌੜੀ ਤੇ ਕਠਪੁਲੀਆਂ, ਪੰਜਾਬ ਦੀਆਂ ਨਕਲਾਂ, ਜਾਗੋ, ਜਲਸਾ, ਨਚਾਰ, ਉੜੀਸਾ, ਬੰਗਾਲ ਤੇ ਅਸਾਮ ਵਿੱਚ ਖੇਡਿਆ ਜਾਣ ਵਾਲਾ ਯਾਤਰਾ, ਮਹਾਂਰਾਸ਼ਟਰ ਦਾ ਤਮਾਸ਼ਾ, ਗੋਆ ਦਾ ਤਿਆਤਰ, ਤਾਮਿਲਨਾਡੂ ਦਾ ਤੀਰੂਕੁਤੂ, ਗੁਜਰਾਤ ਦਾ ਭਵਾਈ, ਉੜੀਸਾ ਦਾ ਭਤਰਾ, ਮੱਧ ਪ੍ਰਦੇਸ਼ ਦਾ ਨਾਚ, ਕਰਨਾਟਕ ਦਾ ਯਕਸ਼ਗਾਨ, ਬਿਹਾਰ ਦਾ ਵਿਦੇਸ਼ੀਆ, ਆਦਿ ਦੇ ਰੂਪ ਵਿੱਚ ਇਸ ਅੱਠ ਸੌ ਸਾਲਾ ਲੰਮੀ ਲੋਕ ਨਾਟ ਪਰੰਪਰਾ ਨੇ ਭਾਰਤੀ ਨਾਟਕ ਦੀ ਜਮੀਨ ਨੂੰ ਬਾਂਝ ਨਹੀਂ ਹੋਣ ਦਿੱਤਾ ਬਲਕਿ ਆਪਣੇ ਮੌਲਿਕ ਰੂਪ ਵਿੱਚ ਸਾਂਭੀ ਰੱਖਿਆ। ਅਜਿਹੇ ਹੀ ਸੰਗੀਤ ਨਾਟਕੀ ਰੂਪ ਹਨ-ਛਤੀਸਗੜ ਦੀਆਂ ਗੌੜ ਜਾਤੀਆਂ ਦੇ ਪਾਂਡਵਾਨੀ ਤੇ ਗੌਂਡਵਾਨੀ ਤੇ ਉਹਨਾਂ ਦਾ ਸੰਗੀਤ ਨਾਟਕੀ ਰੂਪ ਨਾਚਾ।
ਇਹ ਲੋਕ ਸੰਗੀਤ ਨਾਟਕੀ ਰੂਪ ਹੀ ਉਹ ਧਰਾਤਲ ਹਨ ਜਿੰਨ੍ਹਾਂ ਵਿੱਚੋਂ ਹਬੀਬ ਤਨਵੀਰ ਦੀ ਨਾਟ ਯਾਤਰਾ ਅਵਤਾਰ ਧਾਰਦੀ ਹੈ। ਜਦੋਂ ਮੈਂ ਇੱਕੋ ਵੇਲੇ ਇਸ ਸੰਗੀਤ ਨਾਟਕੀ ਪਰੰਪਰਾ ਦਾ ਅਧਿਐਨ ਵੀ ਕਰ ਰਿਹਾ ਸੀ ਅਤੇ ਨਾਟਕ ਦੀਆਂ ਵਿਸ਼ਵਪੱਧਰੀ ਸ਼ੈਲੀਆਂ ਦੇ ਤਹਿਤ ਬ੍ਰੈਖਤ ਦੀ ਐਪਿਕ ਥੀਏਟਰੀ ਸ਼ੈਲੀ ਦਾ ਅਧਿਐਨ ਵੀ ਕਰ ਰਿਹਾ ਸੀ। ਉਸ ਸਮੇਂ ਹੈਰਾਨੀਜਨਕ ਤੱਥ ਇਹ ਸਾਮਣੇ ਆਇਆ ਕਿ ਜੋ ਕੁੱਝ ਬ੍ਰੈਖਤ ਜਰਮਨ ਵਿੱਚ ਆਪਣੀ ਮਹਾਂਕਾਵਿਕ ਸ਼ੈਲੀ ਰਾਹੀਂ ਸਥਾਪਤ ਕਰ ਰਿਹਾ ਸੀ, ਉਸ ਵਰਗਾ ਕਿੰਨਾ ਕੁੱਝ ਭਾਰਤ ਦੇ ਇਹਨਾਂ ਸੰਗੀਤ ਨਾਟਕੀ ਰੂਪਾਂ ਵਿੱਚ ਸਦੀਆਂ ਤੋਂ ਪਿਆ ਸੀ। ਸ਼ਾਇਦ ਬ੍ਰੈਖਤ ਨੇ ਆਪਣੇ ਦੇਸ਼ ਦੀ ਲੋਕ ਨਾਟਕੀ ਪਰੰਪਰਾ ਵਿੱਚੋਂ ਹੀ ਇਹ ਸਭ ਕੁੱਝ ਆਪਣੇ ਵਿਜ਼ਨ ਰਾਹੀਂ ਗ੍ਰਹਿਣ ਕੀਤਾ ਹੋਵੇ। ਜਿਵੇਂ :
ਯਥਾਰਥ ਦਾ ਭਰਮ ਤੋੜਨਾ, ਮੰਚ ਤੇ ਹੀ ਸੰਗੀਤਕ ਯੰਤਰ ਅਤੇ ਸਾਜ਼ਿੰਦੇ ਬਿਠਾਉਣਾ, ਗੈਰ ਰਸਮੀ ਕਿਰਿਆਵਾਂ ਅਤੇ ਦਰਸ਼ਕਾਂ ਨਾਲ ਸਿੱਧਾ ਸੰਵਾਦ ਆਦਿ ਕਿੰਨਾ ਕੁੱਝ ਅਜਿਹਾ ਹੈ ਜੋ ਮੈਨੂੰ ਸਾਡੀ ਲੋਕ ਨਾਟਕੀ ਪਰੰਪਰਾ ਵਿੱਚ ਬ੍ਰੈਖਤ ਵਰਗਾ ਲੱਗਿਆ ਅਤੇ ਮੈਨੂੰ ਆਪਣੇ ਲੋਕ ਕਲਾਕਾਰਾਂ ਤੇ ਮਾਣ ਮਹਿਸੂਸ ਹੋਇਆ। ਬ੍ਰੈਖ਼ਤ ਦੀ ਪ੍ਰਸਿੱਧੀ ਦੇ ਸਮਵਿੱਥ ਇਹਨਾਂ ਅਨਾਮ ਨਾਟਕਕਾਰਾਂ ਦੀ ਅਨਾਮਿਕਤਾ ਨੂੰ ਸਿਰ ਝੁਕਾਉਂਦਿਆਂ ਸੁਰਜੀਤ ਪਾਤਰ ਦੀਆਂ ਇਹ ਸਤਰਾਂ ਬਦੋਬਦੀ ਮੇਰੇ ਚੇਤਿਆਂ ਵਿੱਚ ਆਉਂਦੀਆਂ ਰਹੀਆਂ :
ਸਾਡੇ ਵੀ ਖੁਨ ਨੇ ਸਿੰਜਿਆ ਹੈ ਰੁੱਖ,
ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ।
ਸ਼ਾਇਦ ਮੇਰੇ ਵਰਗਿਆਂ ਨਾਲੋਂ ਕਿਤੇ ਪਹਿਲਾਂ ਸਾਡੀਆਂ ਲੋਕ ਨਾਟਕੀ ਵਿਧਾਵਾਂ ਦੇ ਇਸ ਰਹੱਸ ਨੂੰ ਹਬੀਬ ਸਾਹਿਬ ਹੋਰਾਂ ਨੇ ਪਹਿਚਾਣਿਆ, ਪਰੰਤੂ ਪਹਿਚਾਣਿਆ ਉਹਨਾਂ ਨੇ ਵੀ ਵਾਇਆ ਬਰੈਖ਼ਤ ਹੀ। ਹੋਇਆ ਇੰਝ ਕਿ ਯੂਰਪ ਦੇ ਤਲਿਸਮ ਨੇ ਇਕ ਵਾਰ ਹਬੀਬ ਨੂੰ ਵੀ ਆਪਣੇ ਰੰਗ ਵਿੱਚ ਰੰਗਿਆ ਅਤੇ ਯੂਰਪ ਦੀ ਨਾਟਕ ਤੇ ਰੰਗਮੰਚ ਪਰੰਪਰਾ ਨੂੰ ਸਮਝਣ ਲਈ 1955 ਵਿੱਚ ਇੰਗਲਂਡ ਚਲੇ ਗਏ ਅਤੇ ਉੱਥੋਂ ਦੀ Royal academy og dramatic arts ਜਥੇਬੰਦੀ ਵਿੱਚ ਟਰੇਨਿੰਗ ਲੈਣ ਲੱਗੇ। ਪਰੰਤੂ ਹੌਲੀ ਹੌਲੀ ਪ੍ਰਵਾਸੀ ਤਲਿਸਮ ਦਾ ਭਰਮ ਟੁੱਟਣ ਲੱਗਿਆ ਅਤੇ ਆਵਾਸ ਦਾ ਯਥਾਰਥ ਫੇਰ ਰੰਗ ਦਿਖਾਉਣ ਲੱਗਿਆ। ਆਪਣੀ ਭਾਸ਼ਾ ਅਤੇ ਆਂਚਲਿਕਤਾ ਵਿੱਚ ਥੀਏਟਰ ਕਰਨ ਦੀ ਉਹਨਾਂ ਦੀ ਆਸਥਾ ਮਜ਼ਬੂਤ ਹੁੰਦੀ ਗਈ ਅਤੇ ਟਰੇਨਿੰਗ ਦੇ ਪਿਛਲੇ ਅੱਧ ਤੱਕ ਉਸਦਾ ਮਨ ਪੱਛਮ ਤੋਂ ਪੂਰੀ ਤਰਾਂ ਉਚਾਟ ਹੋ ਗਿਆ ਤੇ ਉਸ ਨੇ ਬਹੁਤ ਅਸਧਾਰਨ ਅਤੇ ਜੋਖ਼ਿਮ ਭਰਪੂਰ ਫੈਸਲਾ ਲੈਂਦੇ ਹੋਏ ਬਿਲਕੁਲ ਅਖੀਰ ਤੇ ਟਰੇਨਿੰਗ ਅਧੂਰੀ ਛੱਡ ਦਿੱਤੀ ਅਤੇ ਉੱਥੇ ਹੀ ਸਥਾਨਕ ਭਾਸ਼ਾਵਾਂ ਵਿੱਚ ਕੰਮ ਕਰਨ ਵਾਲੀ ਸੰਸਥਾ ਬ੍ਰਿਸਟਲ ਓਲਡ ਵਿਕ ਥੀਏਟਰ ਵਿੱਚ ਦਾਖਲਾ ਲੈ ਲਿਆ। ਜਥੇਬੰਦੀ ਦੇ ਸੰਚਾਲਕ ਡੰਕਨ ਰਾਸ ਨਾਲ ਉਹਨਾਂ ਦੀ ਮਿਲਣੀ ਇਤਿਹਾਸਕ ਸੀ ਤੇ ਅਖੀਰ ਤੱਕ ਬ੍ਰੈਖਤ ਤੋਂ ਵੀ ਵੱਧ ਉਹ ਡੰਕਨ ਰਾਸ ਨੂੰ ਆਪਣਾ ਥੀਏਟਰੀ ਗੁਰੁ ਮੰਨਦੇ ਰਹੇ। ਡੰਕਨ ਰਾਸ ਨੇ ਪਹਿਲੀ ਵਾਰ ਉਸ ਨੂੰ ਨਾਟਕ ਦੀ ਚੇਤਨਾ, ਓਸਦੇ ਮੂਲ ਓਦੇਸ਼ ਅਤੇ ਜੜਾਂ ਨਾਲ ਜੁੜੇ ਰਹਿਣ ਦਾ ਹੁਨਰ ਸਿਖਾਇਆ ਤੇ ਉਸ ਤੋਂ ਬਾਅਦਾ ਉਸ ਅੰਦਰ ਦੁਨੀਆਂ ਦੀਆਂ ਸਨਾਤਨੀ ਨਾਟਕੀ ਸ਼ੈਲੀ ਨੂੰ ਦੇਖਣ ਸਮਝਣ ਦੀ ਲਲਕ ਪੈਦਾ ਹੋਈ ਤੇ ਉਹ ਇੰਗਲੈਂਡ ਤੋਂ ਅਗਾਂਹ ਯੂਰੋਪ ਦੀ ਯਾਤਰਾ ਤੇ ਨਿਕਲ ਪਿਆ। ਇਸ ਯਾਤਰਾ ਦੌਰਾਨ ਉਸਦਾ ਦੂਸਰਾ ਸਭ ਤੋਂ ਖੂਬਸੂਰਤ ਪੜਾਅ ਉਸ ਦਾ 1956 ਵਿਚ ਬਰੈਖ਼ਤ ਦੇ Ḕਦੇਸ' ਬਰਲਿਨ ਵਿਚਲਾ ਅੱਠ ਮਹੀਨਿਆਂ ਦਾ ਠਹਿਰਾਅ ਸੀ। ਇੱਥੇ ਹਬੀਬ ਨੇ ਬ੍ਰੈਖ਼ਤ ਦੇ ਨਾਟਕ ਦੀਆਂ ਅਨੇਕ ਪੇਸ਼ਕਾਰੀਆਂ ਦੇਖੀਆਂ। ਇਹਨਾਂ ਪੇਸ਼ਕਾਰੀਆਂ ਨੇ ਉਸ ਦੀ ਅਗਲੀ ਨਾਟ ਯਾਤਰਾ ਤੇ ਅਮਿਟ ਛਾਪ ਛੱਡੀ ਅਤੇ ਉਸ ਨੇ ਆਪਣੇ ਨਾਟਕ ਨੂੰ ਆਂਚਲਿਕ ਈਡੀਅਮ ਦਿੱਤਾ। ਇਸ ਤੋਂ ਬਾਅਦ ਹਬੀਬ ਨੂੰ ਇੱਕ ਰਾਸਤਾ ਮਿਲਿਆ - ਆਪਣੀ ਸਥਾਨਕਤਾ ਵਿੱਚੋਂ ਬ੍ਰਹਿਮੰਡ ਨੂੰ ਤਲਾਸ਼ਣ ਦਾ। ਸਾਧਾਰਨਤਾ ਵਿੱਚੋਂ ਅਸਧਾਰਨਤਾ ਤਲਾਸ਼ਣ ਦੇ ਇਸ ਸਿਲਸਿਲੇ ਵਿਚ ਉਸ ਨੇ ਖੇਤਰੀ ਸਾਂਸਕ੍ਰਿਤਕ ਸਰੋਕਾਰਾਂ ਰਾਹੀਂ ਅੰਤਰਾਸ਼ਟਰੀ ਅੰਤਰਦਵੰਦਾਂ ਨੂੰ ਪਰਿਭਾਸ਼ਿਤ ਕੀਤਾ ਅਤੇ ਸਾਧਾਰਨ ਕਲਾਕਾਰਾਂ ਰਾਹੀਂ ਸਧਾਰਨ ਸਮਾਨ ਤੇ ਤਕਨੀਕ ਨਾਲ ਸ਼ਕਤੀਸ਼ਾਲੀ ਅਤੇ ਅਸਧਾਰਨ ਅਰਥਾਂ ਦਾ ਸੰਚਾਰ ਕੀਤਾ।
ਇਉਂ ਜਿੱਥੇ ਮੈਂ ਵਰਤਮਾਨ ਵਿਚ ਆਪਣੀ ਸੰਗੀਤ ਨਾਟਕੀ ਪਰੰਪਰਾ ਵਿੱਚੋਂ ਬ੍ਰੈਖਤ ਨੂੰ ਸਹਿਜ ਰੂਪ ਵਿੱਚ ਤਲਾਸ਼ਿਆ ਉਥੇ ਮੇਰੇ ਜਨਮ ਤੋਂ ਵੀ ਪਹਿਲਾਂ ਹਬੀਬ ਨੇ ਵਾਇਆ ਡੰਕਨ ਰਾਸ ਅਤੇ ਬ੍ਰੈਖਤ ਆਪਣੀ ਪਰੰਪਰਾ, ਆਪਣੀ ਲੋਕ ਵਿਧਾ, ਆਪਣੀ ਭਾਸ਼ਾ ਅਤੇ ਆਪਣੀ ਸਥਾਨਕਤਾ ਨੂੰ ਤਲਾਸ਼ਿਆ ਅਤੇ ਇਸ ਰਾਹੀਂ ਭਾਰਤੀ ਨਾਟਕ ਨੂੰ ਨਵਾਂ ਥੀਏਟਰੀ ਈਡੀਅਮ ਦਿੱਤਾ।
ਦੋ ਪੇਸ਼ਕਾਰੀਆਂ
ਹਬੀਬ ਨਾਲ ਜੁੜਨ ਦਾ ਸਬੱਬ ਉਸ ਦੇ ਨਾਟਕਾਂ ਦੀਆਂ ਦੋ ਪੇਸ਼ਕਾਰੀਆਂ ਦੇਖਣਾ ਵੀ ਬਣਿਆ। 'ਚਰਨਦਾਸ ਚੋਰ' ਅਤੇ 'ਹਿਰਮਾਂ ਦੀ ਅਮਰ ਕਹਾਣੀ'। ਕਈ ਸਾਲ ਪਹਿਲਾਂ ਦੇਖੇ 'ਚਰਨਦਾਸ ਚੋਰ' ਨੇ ਹਬੀਬ ਦੀ ਥੀਏਟਰੀ ਸੂਝ ਅਤੇ ਇਨੋਵੇਟਿਵ ਸਟਾਈਲ ਦਾ ਲੋਹਾ ਮਨਵਾਇਆ। ਰਵਾਇਤੀ ਤੇ ਸਹਿਜ ਰੂਪ ਵਿੱਚ ਆਧੁਨਿਕ ਯਥਾਰਥ ਦੀਆਂ ਏਨੀਆਂ ਸੂਖਮ ਪਰਤਾਂ ਰੂਪਮਾਨ ਕੀਤੀਆਂ ਜਿੰਨੀਆਂ ਕਿ ਸਿਰਫ ਸ਼ਾਇਦ ਹਬੀਬ ਹੀ ਕਰ ਸਕਦਾ ਸੀ। ਢਿੱਲੇ ਜਿਹੇ ਕਥਾਨਕ ਨੂੰ ਸਸ਼ਕਤ ਵਿਜ਼ਨ ਦੀ ਦ੍ਰਿਸ਼ਟੀ ਤੋਂ ਇਸ ਤਰਾਂ ਪਰਿਭਾਸ਼ਿਤ ਕੀਤਾ ਕਿ ਨਾਟਕ ਭਾਵੇਂ ਕਿਤੇ ਵੀ ਮੁਕੰਮਲ ਨਹੀਂ ਲਗਦਾ ਪਰੰਤੂ ਆਪਣੇ ਆਪ ਵਿੱਚ ਇੱਕ ਮੁਕੰਮਲ ਰਚਨਾ ਤੇ ਪੇਸ਼ਕਾਰੀ ਹੋ ਨਿਬੜਦਾ ਹੈ।
ਮੇਰੇ ਇਸ ਆਰਟੀਕਲ ਦੇ ਪਿਛੋਕੜ ਵਿੱਚ ਚਰਨਦਾਸ ਚੋਰ' ਦੀ ਇਹ ਪੇਸ਼ਕਾਰੀ ਵੀ ਕਾਰਜਸ਼ੀਲ ਸੀ ਅਤੇ ਤਤਕਾਲੀ ਪ੍ਰੇਰਨਾ ਗਦਰੀ ਬਾਬਿਆਂ ਦੇ ਮੇਲੇ ਤੇ ਦੇਖਿਆ ਨਾਟਕ 'ਹਿਰਮਾਂ ਦੀ ਅਮਰ ਕਥਾ' ਬਣਿਆ।
ਇਹ ਨਾਟਕ ਉਸ ਦੇ ਮੁਕਾਬਲਤਨ ਘੱਟ ਜਾਣੇ ਜਾਂਦੇ ਨਾਟਕਾਂ ਵਿੱਚੋਂ ਹੈ ਪਰੰਤੂ ਇਸ ਨਾਟਕ ਵਿੱਚ ਵੀ ਜਿਵੇਂ ਉਸਨੇ ਛੱਤੀਸਗੜ੍ਹ ਦੇ ਮੂਲ ਵਾਸੀਆਂ ਦੇ ਸੰਘਰਸ਼ ਨੂੰ ਸ਼ਿਦਤ ਨਾਲ ਪ੍ਰਦਰਸਿਤਨ ਕੀਤਾ ਹੈ, ਉਸ ਨੇ ਵੀ ਸਿੱਧ ਕੀਤਾ ਹੈ ਕਿ ਹਬੀਬ ਦਾ ਬਦਲ ਕੋਈ ਨਹੀਂ ਹੈ। ਇੱਕ ਆਦਿ ਵਾਸੀ ਕਬੀਲੇ ਦੇ ਸੰਘਰਸ਼ ਵਿੱਚੋਂ ਬਹੁਤ ਖੂਬਸੂਰਤੀ ਨਾਲ ਆਧੁਨਿਕ ਸਿਸਟਮ ਦੀਆਂ ਨਲਾਇਕੀਆਂ ਦੇ ਖਿਲਾਫ਼ ਜੱਦੋ ਜਹਿਦ ਨੂੰ ਪ੍ਰਤੀਕਾਤਮਕ ਪੱਧਰ ਤੇ ਪਰਿਭਾਸ਼ਿਤ ਕੀਤਾ ਹੈ। 'ਆਗਰਾ ਬਜ਼ਾਰ' ਭਾਵੇਂ ਮੈਂ ਅੱਖੀਂ ਨਹੀਂ ਦੇਖਿਆ ਪਰੰਤੂ Ḕਕੰਨੀ' ਜਰੂਰ ਦੇਖਿਆ ਅਤੇ ਉਸਦੇ ਪ੍ਰਦਰਸ਼ਨ ਦੀਆਂ ਰਿਪੋਰਟਾਂ ਪੜ੍ਹੀਆਂ ਹਨ। 'ਸਭ ਠਾਠ ਪੜਾ ਰਹਿ ਜਾਏਗਾ, ਜਬ ਲਾਦ ਚਲੇਗਾ ਬੰਜਾਰਾ' ਵਰਗੀਆਂ ਅਮਰ ਕਵਿਤਾਵਾਂ ਲਿਖਣ ਵਾਲੇ ਨਜ਼ੀਰ ਅਕਬਰਾਬਾਦੀ ਦੀਆਂ ਕਵਿਤਾਵਾਂ Ḕਚੋਂ ਕਥਾਨਕ ਸਿਰਜਕੇ ਬਹੁਤ ਹੀ ਸੁਘੜਤਾ ਨਾਲ ਨਾਟਕੀ ਜਾਮਾ ਪਹਿਨਾਇਆ ਹੈ। ਇੱਕ ਅਸਲੋਂ ਕਹਾਣੀ ਮੁਕਤ ਅਤੇ ਕੱਚੇ ਪੱਕੇ ਰੂਪ ਵਿਚ ਬਿਲਕੁਲ ਜ਼ਿੰਦਗੀ ਵਾਂਗੂ ਦੋ ਢਾਈ ਘੰਟੇ ਚੱਲਣ ਵਾਲੇ ਕਥਾਨਕ ਰਾਹੀਂ ਦਰਸ਼ਕਾਂ ਨੂੰ ਗੂੜ੍ਹ ਸਥਾਨਕਤਾ ਤੋਂ ਅਤਿ ਆਧੁਨਿਕ ਅਤੇ ਉੱਤਰ ਆਧੁਨਿਕ ਸੰਸਕ੍ਰਿਤੀ ਦੇ ਦਰਸ਼ਨ ਕਰਵਾਉਣਾ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਤੇ ਇਹੀ ਤੱਥ ਪ੍ਰੇਰਕ ਦੇ ਰੂਪ ਵਿੱਚ ਹਬੀਬ ਨਾਲ ਜੁੜਨ ਦੇ ਸਬੱਬ ਦਾ ਆਧਾਰ ਬਣੇ। ਇੱਕ ਸਮਕਾਲੀ ਆਲੋਚਕ ਦੀ ਇਹ ਟਿੱਪਣੀ ਵੀ ਹਬੀਬ ਦੀ ਇਸੇ ਕਮਾਲ ਦੀ ਪੁਸ਼ਟੀ ਕਰਦੀ ਹੈ:
"ਜਦੋਂ ਅਸਲੀਅਤ ਦੀ ਜਮੀਨ ਤੇ ਸਾਰਥਕ ਤੇ ਇਮਾਨਦਾਰ ਥੀਏਟਰ ਦਾ ਖਿਆਲ ਆਉਂਦਾ ਹੈ ਤਾਂ ਹਬੀਬ ਸਾਮ੍ਹਣੇ ਨਜ਼ਰ ਆਉਂਦੇ ਹਨ। ਅਦਿਵਾਸੀਆਂ, ਦਲਿਤਾਂ, ਘੱਟ ਗਿਣਤੀਆਂ, ਔਰਤਾਂ, ਪੇਂਡੂਆਂ ਦੇ ਨਾਲ ਉਹਨਾਂ ਦੀਆਂ ਹੀ ਲੋਕ ਪਰੰਪਰਾਵਾਂ ਰਾਹੀਂ ਉਹਨਾਂ ਦੇ ਦਰਦ ਨੂੰ ਹੀ ਚਿਤਰਦੇ ਰਹੇ। ਭਾਵੇਂ ਚਰਨਦਾਸ ਚੋਰ ਅਤੇ ਪੌਂਗਾ ਪੰਡਤ ਰਾਹੀਂ ਸਮਾਜ ਵਿੱਚ ਪਸਰੇ ਅੰਧ ਵਿਸ਼ਵਾਸ ਅਤੇ ਪਾਖੰਡ ਆਧਾਰਿਤ ਮੁੱਦਿਆਂ ਨੂੰ ਸਾਮ੍ਹਣੇ ਲਿਆਉਣ ਦਾ ਮਸਲਾ ਰਿਹਾ ਹੋਵੇ, ਮ੍ਰਿਛਕਟਿਕਮ, ਰਾਜਰਤਨ ਦਾ ਵਰਗ ਭੇਦ ਅਤੇ ਨਾਰੀ ਵਿਮਰਸ਼ ਹੋਵੇ, ਆਗਰਾ ਬਜਾਰ ਰਾਹੀਂ ਕੱਲ੍ਹ ਅੱਜ ਅਤੇ ਭਲਕ ਦੇ ਦਿਨਾਂ ਦੇ ਬਜ਼ਾਰ ਦੇ ਅੰਦਰ ਝਾਕਣ ਅਤੇ ਡੂੰਘੇ ਜਖ਼ਮਾਂ ਨੂੰ ਸਾਹਮ੍ਹਣੇ ਲਿਆਉਣ ਦਾ ਮਸਲਾ ਰਿਹਾ ਹੋਵੇ, ਹਬੀਬ ਸਾਹਿਬ ਆਪਣੀ ਗੱਲ ਅਤੇ ਕੰਮ ਰਾਹੀਂ ਮੀਲ ਪੱਥਰ ਬਣ ਗਏ ਹਨ। ਰੰਗ ਯਾਤਰਾ ਦੇ ਇਹ ਪਿਤਾਮਾ ਉਸ ਦੌਰ ਵਿੱਚ ਪ੍ਰਗਤੀਸ਼ੀਲ ਥੀਏਟਰ ਸਮੂਹ ਇਪਟਾ ਨਾਲ ਜੁੜਕੇ ਕੰਮ ਕਰ ਰਹੇ ਸਨ ਜਦ ਮੁੰਬਈ ਵਿੱਚ ਪ੍ਰਿਥਵੀ ਰਾਜ ਕਪੂਰ ਦੇ ਪ੍ਰਿਥਵੀ ਥੀਏਟਰ ਦਾ ਡੰਕਾ ਬੱਜ ਰਿਹਾ ਸੀ। ਪਰੰਤੂ ਭਾਰੀ ਸੈਟਾਂ ਦਾ ਪ੍ਰਿਥਵੀ ਥੀਏਟਰ ਜਦੋਂ ਲੋਕਾਂ ਵਿੱਚ ਜਾਣ ਤੋਂ ਅਸਮਰਥ ਸੀ, ਉਸ ਸਮੇਂ ਝੋਲ਼ਿਆਂ ਵਿਚ ਨਾਟਕ ਦੀ ਸਮੱਗਰੀ ਸਮੇਟੀ ਹਬੀਬ ਲੋਕਾਂ ਦੇ ਵਿੱਚ ਜਾ ਕੇ ਉਨਾਂ ਦੀ ਭਾਸ਼ਾ ਸ਼ੈਲੀ ਵਿੱਚ ਉਹਨਾਂ ਦੇ ਮੁੱਦਿਆਂ ਤੇ ਨਾਟਕ ਕਰਦੇ ਸਨ।"
"ਉਸ ਨੇ ਨਾਟਕ ਨੂੰ ਜ਼ਿੰਦਗੀ ਦੇ ਏਨਾ ਕਰੀਬ ਲਿਆ ਦਿੱਤਾ ਕਿ ਉਸ ਦੇ ਨਾਟਕ ਦੇਖ ਕੇ ਇਹ ਲੱਗਦਾ ਹੈ ਕਿ ਹਰ ਇਨਸਾਨ ਦੇ ਅੰਦਰ ਇੱਕ ਅਦਾਕਾਰ ਛਿਪਿਆ ਬੈਠਾ ਹੈ। ਦਿੱਲੀ ਵਿਚਲੀਆਂ ਮਜ਼ਦੂਰ ਬਸਤੀਆਂ ਦੇ ਮਜ਼ਦੂਰਾਂ, ਜਾਮੀਆਂ ਦੇ ਵਿਦਿਆਰਥੀਆਂ ਅਤੇ ਛਤੀਸਗੜ੍ਹ ਦੇ ਲੋਕ ਕਲਾਕਾਰਾਂ ਨੂੰ ਉਹਨਾਂ ਨੇ ਸ਼ਾਨਦਾਰ ਅਦਾਕਾਰੀ ਵਿੱਚ ਢਾਲ ਦਿੱਤਾ। ਉਸ ਨੇ ਅਦਾਕਾਰੀ ਲਈ ਵੱਡੀਆਂ ਵੱਡੀਆਂ ਸੰਸਥਾਵਾਂ ਵਿਚਲੇ ਟਰੇਂਡ ਕਲਾਕਾਰਾਂ ਦੀ ਜਗ੍ਹਾ ਆਮ ਜਨਤਾ ਦੇ ਸਧਾਰਨ ਲੋਕਾਂ ਤੇ ਭਰੋਸਾ ਕੀਤਾ। ਦੇਸ ਦੇ ਖੱਬੇ ਪੱਖੀ ਅੰਦੋਲਨ, ਪ੍ਰਗਤੀਸ਼ੀਲ ਅੰਦੋਲਨ ਅਤੇ ਇਪਟਾ ਦੇ ਨਾਲ ਸ਼ੁਰੂ ਤੋਂ ਹੀ ਆਪਣੇ ਡੂੰਘੇ ਸੰਬੰਧਾਂ ਨੇ ਉਹਨਾਂ ਨੂੰ ਸਿਖਾਇਆ ਕਿ ਜਨਤਾ ਦੀ ਕਲਾ ਜਨਤਾ ਦੇ ਵਿੱਚੋਂ ਹੀ ਪੈਦਾ ਹੋਵੇਗੀ ਨਾ ਕਿ ਵੱਡੀਆਂ ਤੇ ਮਹਿੰਗੀਆਂ ਸੰਸਥਾਵਾਂ ਵਿੱਚੋਂ ਜਾਂ ਫਿਰ ਆਪਣੀ ਹੀ ਦੁਨੀਆਂ ਵਿੱਚ ਰਹਿਣ ਵਾਲੇ ਬੁੱਧੀਜੀਵੀਆਂ 'ਚੋਂ।"
ਇਉਂ ਮੇਰਾ ਤੇ ਹਬੀਬ ਦਾ ਖੇਤਰ, ਉਮਰ, ਭਾਸ਼ਾ ਅਤੇ ਨਿੱਜਤਾ ਦਾ ਕੋਈ ਪਰਤੱਖ ਰਿਸ਼ਤਾ ਨਾ ਹੁੰਦੇ ਹੋਏ ਵੀ ਇੱਕ ਸਾਂਝ ਰਹੀ ਜੋ ਅੰਦਰੋਂ ਅੰਦਰੀ ਪਲਦੀ ਰਹੀ, ਵਿਕਸਿਤ ਹੁੰਦੀ ਰਹੀ, ਮਜ਼ਬੂਤ ਹੁੰਦੀ ਰਹੀ ਪਰੰਤੂ ਮੇਰੀਆਂ ਸਿਮਰਤੀਆਂ ਤੇ ਮੇਰੇ ਅਵਚੇਤਨ ਦਾ ਹਿੱਸਾ ਹੀ ਬਣੀ ਰਹੀ, ਕਿਸੇ ਰੂ ਵਿਚ ਪ੍ਰਗਟ ਨਹੀਂ ਹੋ ਸਕੀ। ਅਚਾਨਕ ਹਬੀਬ ਤਨਵੀਰ ਦੇ ਇਸ ਦੁਨੀਆਂ ਤੋਂ ਤੁਰ ਜਾਣ ਦੀ ਖਬਰ ਨੇ ਇਸ ਅਵਚੇਤਨ ਨੂੰ ਹਲੂਣਿਆ, ਸਾਂਝਾਂ ਉਸਲਵੱਟੇ ਲੈਣ ਲੱਗੀਆਂ ਤੇ ਇੱਕ ਵਾਰ ਫੇਰ ਹਬੀਬ ਨੂੰ ਪੜ੍ਹਨ ਅਤੇ ਹਬੀਬ ਬਾਰੇ ਪੜ੍ਹਨ ਦੀ ਮੇਰੀ ਇੱਛਾ ਜਨੂੰਨ ਬਣ ਗਈ ਤੇ ਮੈਨੂੰ ਜਿੱਥੋਂ ਜਿੱਥੋਂ ਵੀ ਹਬੀਬ ਬਾਰੇ ਕੁੱਝ ਪ੍ਰਾਪਤ ਹੋਇਆ, ਪੜ੍ਹਿਆ, ਸੁਣਿਆ, ਵੇਖਿਆ ਤੇ ਪਾਠਕਾਂ ਨਾਲ ਸਾਂਝਾ ਕਰਨ ਦਾ ਮਨ ਬਣਾਇਆ। ਜਿਵੇਂ ਜਿਵੇਂ ਮੈਂ ਹਬੀਬ ਨੂੰ ਸਟੱਡੀ ਕੀਤਾ ਤਿਵੇਂ ਤਿਵੇਂ ਉਸਦੇ ਵਿਅਕਤੀਤਵ ਦੇ ਅਨੇਕ ਕੋਣ, ਅਨੇਕ ਅਦਾਵਾਂ, ਅਨੇਕ ਰੰਗ ਮੇਰੇ ਸਾਮ੍ਹਣੇ ਖਿਲਰਦੇ ਗਏ ਅਤੇ ਮੈਂ ਉਹਨਾਂ ਰੰਗਾਂ ਨੂੰ ਆਪਣੇ ਚੇਤਨ ਅਵਚੇਤਨ ਵਿੱਚ ਜਜ਼ਬ ਕਰਦਾ ਗਿਆ। ਇਹਨਾਂ ਸ਼ਬਦਾਂ ਰਾਹੀਂ ਮੈਂ ਹਬੀਬ ਬਾਰੇ ਜੋ ਕੁੱਝ ਵੀ ਦੱਸ ਰਿਹਾ ਹਾਂ, ਉਹ ਨਿਰੋਲ ਮੇਰਾ ਨਹੀਂ ਹੈ, ਉਹ ਨਿਰੋਲ ਕਿਸੇ ਦਾ ਵੀ ਨਹੀਂ ਹੈ, ਉਹ ਨਿਰੋਲ ਸਿਰਫ ਹਬੀਬ ਦਾ ਹੀ ਹੈ, ਮੈਂ ਤਾਂ ਸਿਰਫ ਕੁੱਝ ਕੁ ਅਨੁਭਵ ਸਾਂਝੇ ਕਰ ਰਿਹਾ ਹਾਂ ਜਿਹੜੇ ਹਬੀਬ ਦੀ ਵਰ੍ਹਿਆਂ ਲੰਮੀ ਤਪੱਸਿਆ ਦਾ ਸਹਿਜ ਫਲ ਸਨ ਤੇ ਜਿੰਨ੍ਹਾਂ ਰਾਹੀਂ ਹਬੀਬ ਤਨਵੀਰ ਸਾਡੇ ਸਮਿਆਂ ਦਾ ਨਾਇਕ ਬਣਿਆ। ਸੋ ਵੱਖ ਵੱਖ ਸੋਮਿਆਂ ਤੋਂ ਪ੍ਰਪਤ ਉਹਨਾਂ ਦੀ ਜਿੰਦਗੀ ਦੇ ਕੁੱਝ ਬੁਨਿਆਦੀ ਤੇ ਮਾਰਮਿਕ ਪਲ ਅਤੇ ਅਨੁਭਵ ਤੁਹਾਡੇ ਰੂਬਰੂ ਕਰ ਰਿਹਾ ਹਾਂ:
ਛੱਤੀਸਗੜ੍ਹ ਦਾ ਰਸੂਲ ਹਮਜਤੋਵ
ਰਸੂਲ ਹਮਜਾਤੋਵ ਦਾਗਿਸਤਾਨ ਦੀ ਸਥਾਨਕਤਾ ਨੂੰ ਬ੍ਰਹਿਮੰਡੀ ਰੁਤਬਾ ਪ੍ਰਦਾਨ ਕਰਨ ਵਾਲਾ ਕਮਾਲ ਦਾ ਸਾਹਿਤਕਾਰ ਹੈ। ਬਹੁਤੀ ਵਾਰ ਆਮ ਲੋਕ ਕਿਸੇ ਸਥਾਨ ਦੀ ਸਥਾਨਕਤਾ ਦੀਆਂ ਅੰਦਰੂਨੀ ਪਰਤਾਂ ਨੂੰ ਵਰ੍ਹਿਆਂ ਬੱਧੀ ਉਸ ਦੇ ਵਿਚ ਰਹਿਕੇ ਵੀ ਨਹੀਂ ਪਹਿਚਾਣ ਸਕਦੇ ਪਰੰਤੂ ਉਸ ਧਰਾਤਲ ਤੇ ਵਿਚਰਨ ਵਾਲੇ ਕੁੱਝ ਲੋਕ ਅਜਿਹੇ ਹੁੰਦੇ ਹਨ ਜਿੰਨ੍ਹਾਂ ਕੋਲ ਆਪਣੇ ਇੱਕ ਵਿਸ਼ੇਸ਼ ਵਿਜ਼ਨ ਹੁੰਦਾ ਹੈ, ਦੇਖਣ ਵਾਲੀ ਅੱਖ ਹੁੰਦੀ ਹੈ ਤੇ ਬਾਰੀਕਬੀਨੀ ਨਾਲ ਘੋਖਣ ਵਾਲੀ ਦ੍ਰਿਸ਼ਟੀ ਹੁੰਦੀ ਹੈ ਇਸ ਲਈ ਅਸੀਂ ਉਹਨਾਂ ਦੀ ਅੱਖ ਨਾਲ ਆਪਣੇ ਆਲੇ ਦੁਆਲੇ ਨੂੰ ਦੇਖਦੇ ਤੇ ਪਹਿਚਾਣਦੇ ਹਾਂ। ਰਸੂਲ ਹਮਜਾਤੋਵ ਉਹਨਾਂ ਵਿੱਚੋਂ ਹੀ ਇੱਕ ਸੀ ਤੇ ਅਜਿਹੀਆਂ ਵਿੱਚੋਂ ਹੀ ਇੱਕ ਸੀ ਹਬੀਬ ਤਨਵੀਰ। ਹਬੀਬ ਵਰਗੇ ਕਲਾਕਾਰ ਅਜਿਹੇ ਯੁੱਗ ਦ੍ਰਿਸ਼ਟਾ ਸਨ ਜਿੰਨ੍ਹਾਂ ਨੇ ਛਤੀਸਗੜ੍ਹ ਵਿੱਚ ਰਹਿਣ ਵਾਲਿਆਂ ਨੂੰ ਵੀ ਉਹ ਛੱਤੀਸਗੜ ਦਿਖਾਇਆ ਜੋ ਛਤੀਸਗੜ੍ਹ ਦੇ ਧੁਰ ਅੰਦਰ ਵਸਦਾ ਸੀ ਅਤੇ ਜਿਸ ਦੇ ਦੀਦਾਰ ਉਹਨਾਂ ਨੇ ਪਹਿਲਾਂ ਕਦੇ ਨਹੀਂ ਕੀਤੇ ਸਨ। ਇਸੇ ਕਿਸਮ ਦਾ ਇਕਬਾਲੀਆ ਬਿਆਨ ਛੱਤੀਸਗੜ੍ਹ ਦੇ ਵਿਸ਼ਵ ਪ੍ਰਸਿੱਧ ਸਾਹਿਤਕਾਰ ਅਸ਼ੋਕ ਵਾਜਪਾਈ ਨੇ ਕੀਤਾ:
"ਮੈਂ ਛੱਤੀਸਗੜ੍ਹ ਵਿੱਚ ਜੰਮਿਆ ਹਾਂ ਲੇਕਿਨ ਮੈਂ ਇਹ ਨਹੀਂ ਕਹਿ ਸਕਦਾ ਕਿ ਮੈ ਛੱਤੀਸਗੜ੍ਹ ਨੂੰ ਬਹੁਤ ਚੰਗੀ ਤਰਾਂ ਜਾਣਿਆ ਹੈ। ਸਾਡੇ ਵਿੱਚੋਂ ਬਹੁਤਿਆਂ ਨੇ ਸਭ ਤੋਂ ਪਹਿਲਾਂ ਛੱਤੀਸਗੜੀ ਕਲਾਕਾਰਾਂ ਨੂੰ ਹਬੀਬ ਤਨਵੀਰ ਦੇ ਨਾਟਕ ਦੇਖਕੇ ਜਾਣਨਾ ਸ਼ੁਰੂ ਕੀਤਾ। ਮੈਥੋਂ ਕੋਈ ਸਲਾਹ ਕਿਉਂ ਲਏਗਾ?
ਅੱਜਕੱਲ੍ਹ ਤਾਂ ਉਂਝ ਵੀ ਨਹੀਂ ਲੈਂਦਾ। ਲੇਕਿਨ ਅਗਰ ਲਏ ਤਾਂ ਮੈਂ ਇਸ ਨਵੇਂ ਛਤੀਸਗੜ੍ਹ ਰਾਜ ਦਾ ਪਹਿਲਾ ਗਵਰਨਰ ਹਬੀਬ ਤਨਵੀਰ ਨੂੰ ਬਣਾਉਣਾ ਚਾਹੁੰਦਾ ਹਾਂ। ਜੇਕਰ ਕਿਸੇ ਇੱਕ ਵਿਅਕਤੀ ਦਾ ਨਾਂ ਲਿਆ ਜਾ ਸਕਦਾ ਹੈ ਤਾਂ ਉਹ ਹਬੀਬ ਤਨਵੀਰ ਹੈ ਜਿਸ ਨੇ ਪਿਛਲੇ ਪੰਜਾਹ ਸਾਲਾਂ ਵਿੱਚ ਛੱਤੀਸਗੜ੍ਹ ਨੂੰ ਉਸਦੀ ਅਸੀਮਤਾ ਦਿੱਤੀ ਉਸਦੀ ਪਹਿਚਾਣ ਦਿੱਤੀ ਅਤੇ ਛੱਤੀਸਗੜ੍ਹ ਤੇ ਜਿੱਦ ਕਰਕੇ ਅੜਿਆ ਹੈ ਅਤੇ ਜਿਸ ਨੂੰ ਇਹ ਜਿੱਦ ਸਾਰੇ ਸੰਸਾਰ ਤੱਕ ਲੈ ਗਈ। ਸਥਾਨਕ ਬੋਲੀਆਂ ਤੇ ਭਾਸ਼ਾਵਾਂ ਨੂੰ ਨਫ਼ਰਤ ਕਰਨ ਵਾਲੇ ਅਤੇ ਠੀਕ ਮੰਨਣ ਵਾਲਿਆਂ ਲਈ ਇਹ ਸੰਦੇਸ਼ ਹੈ ਕਿ ਇੱਕ ਸਥਾਨਕ ਬੋਲੀ ਵਿਚ ਨਾ ਕੇਵਲ ਸਭ ਕੁੱਝ ਸੰਭਵ ਹੈ ਬਲਕਿ ਬੋਲੀ ਵੀ ਸਮਕਾਲ ਦਾ ਹੀ ਇੱਕ ਐਡੀਸ਼ਨ ਹੈ। ਉਸ ਨੇ ਇਸ ਧਾਰਨਾ ਨੂੰ ਮਜਬੂਤ ਕੀਤਾ ਕਿ ਆਧੁਨਿਕ ਤੇ ਸਮਕਾਲੀ ਸਿਰਫ ਸ਼ਹਿਰ ਵਿੱਚ ਰਹਿਣ ਵਾਲਾ ਨਹੀਂ, ਸਮਕਾਲੀ ਸਿਰਫ ਉਹ ਨਹੀਂ ਜੋ ਜਿਹੜਾ ਆਧੁਨਿਕਤਾ ਵਿੱਚ ਫਸਿਆ ਹੈ, ਸਮਕਾਲੀ ਉਹ ਵੀ ਹੈ, ਜੋ ਸ਼ਾਇਦ ਕਿਸੇ ਤਰ੍ਹਾਂ ਦੇ ਸਮਕਾਲੀ ਅਰਥਾਂ ਤੋਂ ਬਿਲਕੁਲ ਅਣਜਾਣ ਹੈ। ਇਸ ਤਰਾਂ ਹਬੀਬ ਇੱਕ ਬੋਲੀ ਨਾਲ ਜੁੜੀ, ਉਸ ਦੀ ਸਮੁੱਚੀ ਜਾਤੀ ਸਿਮਰਤੀ, ਸਮੁੱਚੀ ਲੋਕ ਦੌਲਤ, ਉਸ ਦੇ ਬਿੰਬ, ਉਸ ਦੀਆਂ ਮੁਦਰਾਵਾਂ ਇਹਨਾਂ ਸਭ ਨੂੰ ਗੁੰਦਕੇ ਸਥਾਨਕਤਾ ਤੋਂ ਵਿਆਪਕਤਾ ਦਾ ਸਫਰ ਤੈਅ ਕਰਨ ਵਾਲਾ ਬੰਦਾ ਹੈ। ਬ੍ਰੈਖ਼ਤ ਤੋਂ ਸਥਾਨਕਤਾ ਦਾ ਪਾਠ ਪੜ੍ਹਕੇ ਹਬੀਬ ਨੇ ਆਪਣੀ ਲੋਕ ਨਾਟਕੀ ਜਮੀਨ ਨੂੰ ਹੰਘਾਲਿਆ ਅਤੇ ਪਹਿਲਾ ਅਜ਼ੀਬ ਕਿਸਮ ਦਾ ਤਜ਼ਰਬਾ ਸ਼ੂਦਰਕ ਵਰਗੇ ਸੰਸਕ੍ਰਿਤ ਦੇ ਕਲਾਸੀਕਲ ਸਾਸ਼ਤਰੀ ਨਾਟਕਕਾਰ ਦੇ ਨਾਟਕ ਮ੍ਰਿਛਕਟਿਕਮ ਦਾ 'ਮਿੱਟੀ ਦੀ ਗਾੜੀ' ਨਾ ਹੇਠ ਛਤੀਸਗੜੀ ਰੂਪਾਂਤਰਣ ਕਰਕੇ ਕੀਤਾ। ਇੱਕ ਸ਼ੁੱਧ ਸਾਸ਼ਤਰੀ ਭਾਸ਼ਾ ਦਾ ਰੂਪਾਂਤਰ ਜਦੋਂ ਗੰਵਾਰਾਂ ਦੀ ਬੋਲੀ ਸਮਝੀ ਜਾਂਦੀ ਛਤੀਸਗੜ੍ਹੀ ਭਾਸ਼ਾ ਅਤੇ ਉਹਨਾਂ ਦੇ ਸਥਾਨਕ ਅੰਦਾਜ ਵਿੱਚ ਕੀਤਾ ਤਾਂ ਅਹਿਸਾਸ ਹੋਇਆ ਕਿ 'ਸਾਸ਼ਤਰ' ਨਾਲੋਂ ਲੋਕ ਕਿਸੇ ਪੱਖੋਂ ਵੀ ਘੱਟ ਸ਼ਕਤੀਸਾਲ਼ੀ ਨਹੀਂ। ਸਾਸ਼ਤਰ' ਦੇ ਗੌਰਵ ਦਾ ਉਲੰਘਣ ਕੀਤੇ ਬਗੈਰ ਉਸ ਨੂੰ 'ਲੋਕ' ਵਿਚ ਰੂਪਾਂਤਰਤ ਕਰਨ ਦੀ ਸ਼ਕਤੀ ਜਾਂ ਛਤੀਸਗੜ੍ਹੀ ਵਿੱਚ ਸੀ ਜਾਂ ਫਿਰ ਹਬੀਬ ਤਨਵੀਰ ਵਿੱਚ।
ਥੀਏਟਰ ਦੀ ਨਵੀਂ ਘਾੜਤ ਘੜਨ ਵਾਲਾ
ਅਸਲ ਵਿੱਚ ਉਸ ਸਮੇਂ ਭਾਰਤੀ ਨਾਟਕ-ਥੀਏਟਰ ਦੀਆਂ ਦੋ ਧਾਰਾਵਾਂ ਚੱਲ ਰਹੀਆਂ ਸਨ। ਇੱਕ ਪਾਸੇ ਅਲਕਾਜੀ ਦਾ ਥੀਏਟਰ ਸੀ ਤੇ ਦੂਜੇ ਪਾਸੇ ਹਬੀਬ ਤਨਵੀਰ ਦਾ। ਭਾਵੇਂ ਦੋਹਾਂ ਦੀ ਆਪੋ ਆਪਣੀ ਪਾ੍ਰਸੰਗਿਕਤਾ ਹੈ ਪਰੰਤੂ ਦੋਵੇਂ ਥੀਏਟਰ ਉਸੇ ਤਰਾ ਇੱਕ ਦੂਜੇ ਦੇ ਵਿਰੋਧ ਵਿਚ ਵਿਕਸਿਤ ਹੋਏ ਜਿਵੇਂ ਵਿਸ਼ਵ ਪੱਧਰ ਤੇ ਇਬਸਨ ਦੀ ਯਥਾਰਥਵਾਦੀ ਸ਼ੈਲੀ ਦੇ ਵਿਰੋਧ ਵਿੱਚ ਬ੍ਰੈਖਤ ਦੀ ਮਹਾਂਕਾਵਿ ਸ਼ੈਲੀ। ਜੇਕਰ ਅਲਕਾਜੀ ਦਾ ਥੀਏਟਰ ਕਲਾਸੀਕਲ ਹੈ ਤਾਂ ਹਬੀਬ ਦਾ ਥੀਏਟਰ ਲੋਕ ਥੀਏਟਰ ਹੈ। ਅਲਕਾਜੀ ਦਾ ਥੀਏਟਰ ਪਰਿਸ਼ਕ੍ਰਿਤ ਹੈ ਪਰੰਤੂ ਹਬੀਬ ਦਾ ਰਵਾਇਤੀ। ਅਲਕਾਜੀ ਪੱਛਮ ਦੇ ਬਹੁਤ ਕਰੀਬ ਹੈ ਪਰੰਤੂ ਹਬੀਬ ਪੂਰਬ ਦੇ ਧੁਰ ਅੰਦਰ ਤੱਕ ਲਹਿਆ ਹੋਇਆ ਹੈ। ਅਲਕਾਜੀ ਨੇ ਨਿਰਪੇਖ ਆਧੁਨਿਕਤਾ ਦਾ ਈਡੀਅਮ ਸਿਰਜਿਆ ਤੇ ਹਬੀਬ ਨੇ ਲੋਕ ਆਧੁਨਿਕਤਾ ਦਾ ਈਡੀਅਮ ਈਜ਼ਾਦ ਕੀਤਾ। ਅਲਕਾਜੀ ਵਿੱਚ ਸਭ ਕੁੱਝ ਪੂਰਵ ਨਿਰਧਾਰਿਤ, ਯੋਜਨਾਬੱਧ ਅਤੇ ਸਾਸ਼ਤਰੀ ਨਿਯਮਾਂ ਦੇ ਤਹਿਤ ਹੁੰਦਾ ਹੈ ਜਦ ਕਿ ਹਬੀਬ ਦੇ ਨਾਟਕ ਅੰਡਰ ਰਿਹਰਸਡ ਹੁੰਦੇ ਹਨ, ਕਲਾਕਾਰ ਹੱਥਾਂ ਵਿਚ ਸਕ੍ਰਿਪਟਾਂ ਚੁੱਕੀ ਫਿਰਦੇ ਹਨ ਅਤੇ ਸਾਰੇ ਨਾਟਕ ਵਿੱਚ ਅਜ਼ੀਬ ਤੇ ਮੌਲਿਕ ਕਿਸਮ ਦਾ ਲਚਕੀਲਾਪਣ ਅਤੇ ਢਿੱਲਾਪਣ ਹੁੰਦਾ ਹੇ। ਅਲਕਾਜੀ ਮਿੱਥ ਦਾ ਸਥਾਪਨ ਕਰਦਾ ਹੈ ਅਤੇ ਹਬੀਬ ਯਥਾਰਥ ਦਾ ਭਰਮ ਤੋੜਦਾ ਹੈ। ਅਲਕਾਜੀ ਅਰਸਤੂ ਜਾਂ ਭਾਰਤ ਦੀ ਸਾਸ਼ਤਰੀ ਪਰੰਪਰਾ ਦਾ ਵਾਹਕ ਹੈ ਜਿਸ ਵਿੱਚ ਨਾਟਕ ਦਾ ਆਦਿ, ਮੱਧ ਅਤੇ ਅੰਤ ਨਿਸ਼ਚਿਤ ਹੁੰਦਾ ਹੈ ਜਦਕਿ ਹਬੀਬ ਦੇ ਨਾਟਕ ਦਾ ਪਤਾ ਹੀ ਨਹੀਂ ਲਗਦਾ ਕਿ ਕਦੋਂ ਮੁੱਕ ਜਾਂਦਾ ਹੈ। ਅਲਕਾਜੀ ਦੀ ਪਰੰਪਰਾ ਵਿੱਚ ਨਾਟਕ ਮਿੱਥ ਕੇ ਲਿਖਿਆ ਜਾਂਦਾ ਹੈ ਜਦ ਕਿ ਹਬੀਬ ਦੀ ਪਰੰਪਰਾ ਵਿੱਚ ਅੱਧਾ ਨਾਟਕ ਖੇਡਦੇ ਖੇਡਦੇ ਇੰਪਰੋਵਾਈਜੇਸ਼ਨ ਦੇ ਤਹਿਤ ਲਿਖਿਆ ਜਾਂਦਾ ਹੈ। ਅਲਕਾਜੀ ਦੀ ਪਰੰਪਰਾ ਦਾ ਨਾਟਕ ਕਥਾਯੁਕਤ ਹੁੰਦਾ ਹੈ ਜਦਕਿ ਹਬੀਬ ਦੀ ਪਰੰਪਰਾ ਕਥਾਮੁਕਤ ਨਾਟਕ ਦੀ ਹੈ। ਅਲਕਾਜੀ ਪਰੰਪਰਾ ਪੂਜਕ ਹੈ ਜਦਕਿ ਹਬੀਬ ਪਰੰਪਰਾ ਭੰਜਕ। ਅਲਕਾਜੀ ਦਾ ਸੰਗੀਤ ਅਤੇ ਨਾਚ ਪ੍ਰਾਸੰਗਿਕ ਤੇ ਸਜਾਵਟੀ (Incidental & decorative) ਹੈ ਜਦ ਕਿ ਹਬੀਬ ਦਾ ਸੰਗੀਤ/ਨਾਚ ਨਾਟਕੀ ਤੇ ਪ੍ਰਕਾਰਜੀ(Dramatical & Functional) ਹੈ। ਅਲਕਾਜੀ ਦੀ ਪਰੰਪਰਾ ਵਿਚ ਪਾਤਰ ਦੀ ਉਸਾਰੀ ਤੇ ਜ਼ੋਰ ਹੁੰਦਾ ਹੈ ਜਦ ਕਿ ਹਬੀਬ ਦੀ ਪਰੰਪਰਾ ਵਿੱਚ ਸਮੁੱਚਾ ਨਾਟਕ ਇੱਕ ਚਰਿੱਤਰ (Character) ਦੇ ਤੌਰ ਤੇ ਉਭਰਦਾ ਹੈ। ਇਉਂ ਹਬੀਬ ਨਾਟਕ ਦੀ ਅਜਿਹੀ ਪ੍ਰਯੋਗਧਰਮੀ ਪਰੰਪਰਾ ਦਾ ਜਨਕ ਹੈ ਜਿਸ ਵਿੱਚ ਗੈਰ ਰਸਮੀ ਅਦਾਕਾਰੀ ਹੁੰਦੀ ਹੈ, ਸਮਾਜਿਕ ਚੇਤਨਾ ਤੋਂ ਰਾਜਨੀਤਕ ਚੇਤਨਾ ਤੱਕ ਦੇ ਸਰੋਕਾਰ ਹੁੰਦੇ ਹਨ ਅਤੇ ਉਸ ਦੇ ਨਾਟਕ ਵਿੱਚ ਵਾਤਵਰਣ ਅਨੰਦ ਦਾ ਹੁੰਦਾ ਹੈ ਤੇ ਉਪਜਦਾ ਦੁਖਾਂਤ ਹੈ, ਉਹ ਦੁਖਾਂਤ ਜੋ ਮੌਕੇ ਤੇ ਆਪਣੀ ਹੋਂਦ ਦਾ ਅਹਿਸਾਸ ਘੱਟ ਕਰਾਉਂਦਾ ਹੈ ਪਰ ਜਿਸ ਦੀ ਟੀਸ ਬਹੁਤ ਡੂੰਘੀ ਹੈ, ਜਿਸ ਦਾ ਅਹਿਸਾਸ ਲੰਮੇ ਸਮੇਂ ਤੱਕ ਦਰਸ਼ਕਾਂ ਨੂੰ ਉਸਲਵੱਟੇ ਲੈਣ ਤੇ ਮਜ਼ਬੂਰ ਕਰ ਦਿੰਦਾ ਹੈ। ਹਬੀਬ ਸਾਹਬ ਆਖਦੇ ਸਨ.. .......
ਮਹਾਨ ਬੰਦਿਆਂ ਕੋਲ ਵਿਚਾਰਾਂ ਦਾ ਅਥਾਹ ਭੰਡਾਰ ਹੁੰਦਾ ਹੈ, ਕਿੰਨੀਆਂ ਹੀ ਸਿਮਰਤੀਆਂ ਹੁੰਦੀਆਂ ਹਨ, ਕਿੰਨੇ ਹੀ ਸੱਚ ਹੁੰਦੇ ਹਨ, ਕਿੰਨੇ ਹੀ ਜਪ੍ਰੇਰਕ ਪ੍ਰਸੰਗ ਅਤੇ ਕਿੰਨੀਆਂ ਹੀ ਕਿਰਿਆ ਪ੍ਰਤੀਕਿਰਆਵਾਂ। ਅਨੇਕ ਲੋਕਾਂ ਨੇ ਅਨੇਕ ਵਾਰ ਹਬੀਬ ਨਾਲ ਰੂ ਬ ਰੂ ਕੀਤੇ, ਉਹਨਾਂ ਨੂੰ ਕੁਰੇਦਿਆ, ਕਿੰਨੇ ਹੀ ਸੱਚ ਕਹਿੰਦੀਆਂ ਟਿੱਪਣੀਆ ਸਾਮ੍ਹਣੇ ਆਈਆਂ। ਜੁਲਾਈ 2007 ਦੀ ਸੁਹਾਵਣੀ ਸ਼ਾਮ ਨੂੰ ਅਰੁਣ ਆਦਿਤਯ ਨਾਂ ਤੇ ਪੱਤਰਕਾਰ ਦੇ ਕੁੱਝ ਸੁਆਲਾਂ ਦੇ ਰੂਪ ਵਿੱਚ ਹਬੀਬ ਦੀਆਂ ਕੁੱਝ ਬੇਬਾਕ ਟਿੱਪਣੀਆਂ ਸਾਮ੍ਹਣੇ ਆਈਆਂ। ਸਵਾਲ ਕੀਤਾ ਗਿਆ ਕਿ ਅੱਜ ਕੱਲ੍ਹ ਕੀ ਕਰ ਰਹੇ ਹੋ? ਜੁਆਬ ਸਿੱਧਾ ਤੇ ਸਪਸ਼ਟ ਸੀ-
"ਕਰਨਾ ਤਾਂ ਬਹੁਤ ਕੁੱਝ ਚਾਹੁੰਦਾ ਹਾਂ ਲੇਕਿਨ ਮੇਰੇ ਕੋਲ ਵਕਤ ਬਹੁਤ ਘੱਟ ਹੈ।" ਮੋੜਵੇਂ ਰੂਪ ਵਿਚ ਕਿਹਾ ਗਿਆ, "ਹਬੀਬ ਸਾਹਬ ਜਿੰਨਾ ਕੰਮ ਕੀਤਾ ਹੈ।" ਮੋੜਵੇਂ ਰੂਪ ਵਿੱਚ ਕਿਹਾ ਗਿਆ, "ਹਬੀਬ ਸਾਹਬ, ਤੁਸੀਂ ਜਿੰਨਾ ਕੰਮ ਕੀਤਾ ਹੈ, ਉਹੀ ਕਰਨ ਵਿੱਚ ਸਾਡੇ ਵਰਗਿਆਂ ਨੂੰ ਸ਼ਾਇਦ ਕਈ ਜਨਮ ਲੈਣੇ ਪੈਣਗੇ।" ਇਹ ਗੱਲ ਉਹਨਾਂ ਦੇ ਸੋਹਲੇ ਗਾਉਣ ਲਈ ਨਹੀ ਕੀਤੀ ਗਈ ਸੀ ਬਲਕਿ ਇੱਕ ਸਚਾਈ ਸੀ ਪਰੰਤੂ ਹਬੀਬ ਇਸ ਸਚਾਈ ਤੋਂ ਵੀ ਖੁਸ਼ ਨਹੀਂ ਸੀ। ਖੁਸ਼ ਹੋ ਵੀ ਕਿਵੇਂ ਸਕਦਾ ਸੀ? ਦੁਨੀਆਂ ਦੀ ਬੇਹਤਰੀ ਦੇ ਸੁਪਨੇ ਜਿਸ ਸਖ਼ਸ਼ ਦੀਆਂ ਅੱਖਾਂ ਵਿੱਚ ਵਸ ਜਾਣ, ਉਸ ਨੂੰ ਇਹਨਾਂ ਹਾਲਾਤਾਂ ਵਿੱਚ ਖੁਸ਼ੀ ਕਿਵੇਂ ਨਸੀਬ ਹੋ ਸਕਦੀ ਹੈ? ਹਲਾਂਕਿ ਅਜੇ ਉਹ ਦੌਰ ਅੱਜ ਵਾਲੀ ਆਰਥਿਕ ਮੰਦੀ ਦਾ ਨਹੀਂ ਸੀ ਲੇਕਿਨ ਹਬੀਬ ਦੀ ਦੂਰ ਦ੍ਰਿਸ਼ਟੀ ਨੂੰ ਜਿਵੇਂ ਇਸ ਆਰਥਿਕ ਮੰਦੀ ਦਾ ਝਾਉਲਾ ਪੈ ਰਿਹਾ ਸੀ। ਉਸ ਸਮੇਂ ਦੇਸ਼ ਦੀ ਵਿਕਾਸ ਦਰ 9% ਹੋਣ ਨਾਲ ਬਜ਼ਾਰ ਵਿੱਚ ਜਸ਼ਨ ਦਾ ਮਾਹੌਲ ਸੀ। ਪੁੱਛਿਆ ਗਿਆ, "ਦੇਸ਼ ਦੀ ਵਿਕਾਸ ਦਰ ਵਧੀ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਦੇਸ਼ ਵਿਚ ਵਿਕਾਸ ਤਾਂ ਹੋਇਆ ਹੈ? ਹਬੀਬ ਸਾਹਿਬ ਦਾ ਜੁਆਬ ਅੱਖਾਂ ਖੋਲ੍ਹਣ ਵਾਲਾ ਸੀ, "ਅਰਬਪਤੀਆਂ ਦੀ ਵਧਦੀ ਤਾਦਾਦ ਨਾਲ ਹੀ ਦੇਸ æਦੇ ਵਿਕਾਸ ਦਾ ਲੇਖਾ ਜੋਖਾ ਨਾ ਕਰੋ। ਇੱਕ ਨਜ਼ਰ ਜਰਾ ਗਰੀਬਾਂ ਵੱਲ ਵੀ ਮਾਰ ਲਉ। ਅਸਾਵੇਂ ਵਿਕਾਸ ਨਾਲ ਸਮੱਸਿਆਵਾਂ ਹੋਰ ਵਧਣਗੀਆਂ। ਵਧਦੇ ਬਜਾਰ ਤੇ ਚੜ੍ਹਦੇ ਸੈਂਸੈਕਸ ਨਾਲ ਵਿਕਾਸ ਨੂੰ ਮੱਤ ਨਾਪੋ, ਬਜਾਰ ਤੁਹਾਨੂੰ ਉਹ ਵੀ ਖਰੀਦਣ ਤੇ ਮਜਬੂਰ ਕਰ ਦਿੰਦਾ ਹੈ ਜਿਸ ਦੀ ਤੁਹਨੂੰ ਜ਼ਰੂਰਤ ਨਹੀਂ ਹੈ। ਇਸ ਦੇ ਜਾਲ ਵਿੱਚ ਫਸੋਗੇ ਤਾਂ ਮੁਸ਼ਕਿਲ ਹੋਵੇਗੀ।
ਕਈ ਸਾਲ ਬਾਅਦ ਵਿਚ ਉਸ ਦੀ ਭਵਿੱਖਬਾਣੀ ਸਾਬਤ ਸਿੱਧ ਹੋਈ ਤੇ ਉਸ ਨੇ ਦੋਬਾਰਾ ਟਿੱਪਣੀ ਕੀਤੀ:
ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇੱਕ ਤਰਫ ਗਰੀਬੀ ਬੇਰੁਜ਼ਗਾਰੀ ਤੇ ਭੁੱਖਮਰੀ ਹੈ ਅਤੇ ਦੂਜੀ ਤਰਫ਼ ਕੁੱਝ ਲੋਕ ਲੱਖਾਂ ਰੁਪਏ ਮਹੀਨਾ ਕਮਾ ਰਹੇ ਹਨ। ਇਹ ਖਾਈ ਮੇਟਣਾ ਜ਼ਰੂਰੀ ਹੈ। ਕਿਵੇਂ ਮਿਟੇਗੀ ਮੋਂਟੇਕ ਸਿੰਘ ਆਹਲੂਵਾਲੀਆ ਜਾਂ ਚਿਦੰਬਰਮ ਤੋਂ, ਮੈਂ ਨਹੀਂ ਜਾਣਦਾ। ਜਾਂ ਤਾਂ ਉਹਨਾਂ ਦੀ ਮਾਸੂਮੀਅਤ ਹੈ ਜਾਂ ਮਜ਼ਬੂਰੀ ਕਿ ਉਹ ਕਿਸੇ ਹੋਰ ਤਰੀਕੇ ਨਾਲ ਨਹੀਂ ਸੋਚ ਸਕਦੇ, ਮਾਂ ਦੇ ਪੇਟ ਵਿੱਚੋਂ ਝੂਠ ਬੋਲਦਾ ਹੋਇਆ ਕੋਈ ਨਹੀਂ ਆਉਂਦਾ, ਸੁਸਾਇਟੀ ਵਿੱਚੋਂ ਹੀ ਸਿਖਦੇ ਹਨ।
ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ "ਸੰਸਕ੍ਰਿਤੀ ਦੇ ਖੇਤਰ ਵਿੱਚ ਹਾਲਾਤ ਬਹੁਤ ਖਤਰਨਾਕ ਹਨ ਤਾਂ ਅਜਿਹੇ ਸਮੇਂ ਵਿੱਚ ਦੇਸ਼ ਦੀਆਂ ਸਾਂਸਕ੍ਰਿਤਕ ਸੰਸਥਾਵਾਂ ਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ?" ਇਸ ਸੁਆਲ ਤੇ ਉਹਨਾਂ ਦਾ ਦਰਦ ਗੁੱਸਾ ਬਣ ਕੇ ਅੱਖਾਂ ਵਿੱਚ ਉੱਤਰ ਆਇਆ "ਤੁਸੀਂ ਕਿਹੜੀਆਂ ਸੰਸਥਾਂਵਾਂ ਦੀ ਗੱਲ ਕਰ ਰਹੇ ਹੋਂ? ਉੱਥੇ ਅਜਿਹੇ ਲੋਕਾਂ ਦੀ ਤਾਜਪੋਸ਼ੀ ਕੀਤੀ ਜਾ ਰਹੀ ਹੈ, ਜਿੰਨ੍ਹਾਂ ਵਿੱਚ ਨਾ ਟੈਲੈਂਟ ਹੈ, ਨਾ ਵਿਜ਼ਨ ਅਤੇ ਨਾ ਹੀ ਕੁੱਝ ਕਰ ਗੁਜਰਨ ਦੀ ਲਗਨ। ਅਜਿਹੇ ਬੌਣੇ ਲੋਕਾਂ ਤੋਂ ਤੁਸੀਂ ਕੀ ਉਮੀਦ ਕਰ ਸਕਦੇ ਹੋਂ? ਇਹਨਾਂ ਬੌਣੇ ਲੋਕਾਂ ਨੇ ਤਾਂ ਸਾਹਿਤ ਸੱਭਿਆਚਾਰ ਦਾ ਮਿਆਰ ਵੀ ਘਟਾ ਦਿੱਤਾ ਹੈ। ਅਹੁਦੇ ਤੇ ਪੁਰਸਕਾਰ ਲਈ ਆਪਣੇ ਸਵੈ ਨੂੰ ਵੀ ਗਹਿਣੇ ਪਾ ਦਿੰਦੇ ਹਨ।"
ਆਪਣੇ ਰਾਜ ਸਭਾ ਵਿੱਚ ਨਾਮਜ਼ਦ ਹੋਣ ਵੇਲੇ ਦਾ ਕਿੱਸਾ ਸੁਣਾਉਣ ਲੱਗੇ। "1972 ਦੀ ਗੱਲ ਹੈ, ਮਾਰਚ ਮਹੀਨੇ ਵਿੱਚ ਸੋਵੀਅਤ ਪ੍ਰਕਾਸ਼ਨ ਵਿਭਾਗ ਵਿੱਚੋਂ ਮੇਰੀ ਨੌਕਰੀ ਛੁਟ ਗਈ ਸੀ। ਉਸ ਵੇਲੇ ਮੇਰੇ ਕੋਲ ਕੋਈ ਕੰਮ ਨਹੀਂ ਸੀ। ਪੈਸੇ ਦੀ ਤੰਗੀ ਚਲ ਰਹੀ ਸੀ ਅਗਲੇ ਮਹੀਨੇ ਅਚਾਨਕ ਇੱਕ ਦਿਨ ਇੱਕ ਪੁਲਸ ਜਵਾਨ ਮੇਰੇ ਘਰ ਆਇਆ। ਉਸਨੇ ਇੱਕ ਨੰਬਰ ਦਿੱਤਾ ਅਤੇ ਕਿਹਾ ਕਿ ਇਸ ਤੇ ਗੱਲ ਕਰ ਲੈਣਾ, ਜ਼ਰੂਰੀ ਹੈ। ਫੋਨ ਲਾਇਆ ਤਾਂ ਦੂਜੇ ਪਾਸੇ ਤੋਂ ਆਰ ਕੇ ਧਵਨ ਸਨ - ਇੰਦਰਾਂ ਗਾਂਧੀ ਦੇ ਨਿੱਜੀ ਸੈਕਟਰੀ। ਸਿੱਧਾ ਸਵਾਲ ਕੀਤਾ, ਕੀ ਮੈਨੂੰ ਰਾਜਸਭਾ ਦੀ ਨਾਮਜ਼ਦਗੀ ਸਵੀਕਾਰ ਹੈ। ਮੇਰੇ ਲਈ ਇਹ ਅਣਕਿਆਸਿਆ ਸੀ। ਮੈਂ ਕਿਹਾ ਸੋਚ ਵਿਚਾਰ ਕੇ ਦੱਸਾਂਗਾ। ਧਵਨ ਨੇ ਕਿਹਾ, ਸੋਚਣ ਵਿਚਾਰਨ ਲਈ ਜ਼ਿਆਦਾ ਸਮਾਂ ਨਹੀਂ ਹੈ, ਵੀਹ ਪੱਚੀ ਮਿੰਟਾਂ ਵਿੱਚ ਦੱਸ ਦੇਣਾ ਕਿਉਂਕਿ ਸ਼ਾਮ ਪੰਜ ਵਜੇ ਐਲਾਨ ਕਰਨਾ ਹੈ। ਮੈਂ ਕਿਹਾ, "ਮੈਂ ਤੁਹਾਨੂੰ ਦੁਬਾਰਾ ਫੋਨ ਕਰਦਾ ਹਾਂ।' ਘਰ ਆ ਕੇ ਮੋਨਿਕਾ ਨਾਲ ਗੱਲ ਕੀਤੀ ਪਰੰਤੂ ਉਸ ਨੂੰ ਵੀ ਰਾਜ ਸਭਾ ਦੀ ਜਿੰæਮੇਵਾਰੀ ਬਾਰੇ ਕੁਝ ਪਤਾ ਨਹੀਂ ਸੀ। ਫਿਰ ਇਕ ਦੋਸਤ ਨੂੰ ਫੋਨ ਮਿਲਾਇਆ, ਉਹ ਇੱਕਦਮ ਬੋਲੇ, "ਬੇਵਕੂਫ ਨਾ ਬਣ, ਤੁਰੰਤ ਹਾਂ ਕਰਦੇ।" ਤਾਂ ਉਸ ਜਮਾਨੇ ਵਿਚ ਇਸ ਤਰਾਂ ਚੋਣਾਂ ਤੇ ਨਾਮਜ਼ਦਗੀਆਂ ਹੁੰਦੀਆਂ ਸਨ। ਅੱਜ ਤਾਂ ਬੌਣੇ ਲੋਕ ਖੁਦ ਹੀ ਰਾਜਨੇਤਾਵਾਂ ਦੇ ਚੱਕਰ ਲਾਉਂਦੇ ਰਹਿੰਦੇ ਹਨ ਕਿ ਕੁੱਝ ਮਿਲ ਜਾਏ ਤੇ ਰਾਜਨੀਤੀ ਵਿੱਚ ਵੀ ਕਿੰਨੇ ਬੌਣੇ ਲੋਕ ਆ ਗਏ ਨੇ। ਰਾਜਨੀਤੀ ਵਿੱਚ ਹੁਣ ਰਾਜਨੇਤਾ ਬਚੇ ਹੀ ਕਿੰਨੇ ਕੁ ਹਨ। ਉੱਥੇ ਤਾਂ ਅਪਰਾਧੀਆਂ ਦੀ ਭਰਮਾਰ ਹੋ ਗਈ ਹੈ। ਧਨਬਲ, ਬਾਹੂਬਲ ਦੇ ਜ਼ੋਰ ਤੇ ਚੋਣਾਂ ਜਿੱਤ ਜਾਂਦੇ ਹਨ। ਅਜਿਹੇ ਨੁਮਾਇੰਦਿਆਂ ਤੋਂ ਤੁਸੀਂ ਕੀ ਉਮੀਦ ਕਰ ਸਕਦੇ ਹੋ?"
ਥੀਏਟਰ ਦੇ ਭਵਿੱਖ ਦੀ ਗੱਲ ਚਲੀ ਤਾਂ ਉਹ ਉਦਾਸ ਹੋ ਗਏ। ਤੇ ਕਹਿਣ ਲੱਗੇ: " ਅੱਜ ਥੀਏਟਰ ਪੈਸੇ ਅਤੇ ਦਰਸ਼ਕ ਦੋਹਾਂ ਲਈ ਮੋਹਤਾਜ਼ ਹੈ। ਲੋਕ ਨਾਟਕ ਅਤੇ ਲੋਕ ਪਰੰਪਰਾਵਾਂ ਵਿੱਚ ਵੀ ਲੋਕਾਂ ਦੀ ਰੁਚੀ ਘਟ ਰਹੀ ਹੈ। ਸਾਡੇ ਛੱਤੀਸਗੜ੍ਹ ਵਿੱਚ ਨਾਚਾ ਦੇਖਣ ਲਈ ਲੋਕ ਸਾਰੀ ਸਾਰੀ ਰਾਤ ਜਾਗਦੇ ਸਨ। ਹੁਣ ਕਿਸ ਨੂੰ ਫੁਰਸਤ ਹੈ।" ਇਹ ਕਹੇ ਜਾਣੇ ਤੇ ਕਿ ਤਾਂ ਫਿਰ ਹੁਣ ਕੋਈ ਉਮੀਦ ਨਹੀਂ ਹੈ ਤਾਂ ਇੱਕ ਦਮ ਬੋਲੇ, "ਨਹੀਂ ਨਹੀਂ, ਮੈਂ ਇੰਨਾਂ ਵੀ ਨਾ ਉਮੀਦ ਨਹੀਂ ਹਾਂ। ਮੈਨੂੰ ਨੌਜੁਆਨਾਂ ਤੋਂ ਕਾਫੀ ਉਮੀਦ ਹੈ। ਉਹ ਕੁਰਪਸ਼ਨ ਦੇ ਖਿਲਾਫ਼ ਹਨ। ਉਹਨਾਂ ਵਿੱਚ ਤਰਕਸ਼ਕਤੀ ਹੈ, ਕੁੱਝ ਕਰਨ ਦਾ ਜਜ਼ਬਾ ਹੈ। ਆਪਣਾ ਭਵਿੱਖ ਉਹ ਖੁਦ ਘੜਨਾ ਚਾਹੁੰਦੇ ਹਨ। ਇਹ ਸਭ ਕਹਿੰਦੇ ਕਹਿੰਦੇ ਉਹਨਾਂ ਦੀਆਂ ਬੁੱਢੀਆਂ ਅੱਖਾਂ ਵਿੱਚ ਚਮਕ ਆ ਗਈ ਤੇ ਉਹਨਾਂ ਦੇ ਆਪਣੇ ਹੀ ਨਾਟਕ 'ਕਾਮਦੇਵ ਦਾ ਅਪਣਾ, ਬਸੰਤ ਰੁੱਤ ਦਾ ਸਪਨਾ' ਦਾ ਇੱਕ ਨਾਟ ਗੀਤ ਉਹਨਾਂ ਤੇ ਬੁੱਲ੍ਹਾਂ ਤੇ ਆ ਗਿਆ
ਮੈਂ ਖੇਤ ਖਾਰ ਵਿਚ ਜਾਵਾਂ
ਮੈਂ ਨਦੀ ਪਹਾੜ ਵਿਚ ਜਾਵਾਂ
ਮੈਂ ਅੱਗ ਬਣਾਂ ਤੂਫਾਨ ਬਣਾਂ
ਅਤੇ ਘੁੰਮ ਘੁੰਮ ਲਹਿਰਾਵਾਂ।
ਥੀਏਟਰ ਬਨਾਮ ਫਿਲਮ ਨਗਰੀ
ਜਿਹੜੇ ਲੋਕ ਥੀਏਟਰ ਛੱਡ ਕੇ ਫਿਲਮਾਂ ਤੇ ਸੀਰੀਅਲਾਂ ਦੀ ਤਰਫ਼ ਜਾ ਰਹੇ ਹਨ, ਉਹ ਕੰਮ ਦੀ ਤਲਾਸ਼ ਵਿੱਚ ਜੁੱਤੀਆਂ ਤੁੜਾਉਂਦੇ ਹਨ। ਕੁੱਝ ਚਾਪਲੂਸੀ ਕੁੱਝ ਜਾਣ ਪਹਿਚਾਣ ਕੰਮ ਕਰਦੀ ਹੈ, ਮੈਨੂੰ ਉਹਨਾਂ ਨਾਲ ਕੋਈ ਸ਼ਿਕਾਇਤ ਨਹੀਂ ਹੈ। ਕੀ ਕਹੀਏ, ਪੇਟ ਤੇ ਪੱਥਰ ਰੱਖ ਕੇ ਕੰਮ ਕਰਨਾ ਮੁਸ਼ਕਿਲ ਹੈ। ਸਾਡੇ ਜਮਾਨੇ ਵਿੱਚ ਦੁਸ਼ਮਣ ਬਹੁਤ ਘਰ ਦੇ ਅੰਦਰ ਹੈ, ਉਸਨੂੰ ਪਹਿਚਾਣਨਾ ਮੁਸ਼ਕਿਲ ਹੈ। ਵਿਚਾਰਧਾਰਾ ਵੀ ਵੰਡੀ ਗਈ। ਪਾਰਟੀਆਂ ਦੀ ਗਿਣਤੀ ਹੀ ਨਹੀਂ ਹੈ, ਹਰੇਕ ਦੀ ਮੰਜਲ ਅਲੱਗ ਅਲੱਗ। ਇਸ ਅਫਰਾਤਫਰੀ ਵਿੱਚ ਕੀ ਕਿਸੇ ਤੋਂ ਆਦਰਸ਼ ਦੀ ਤਵੱਕੋ ਕਰੀਏ। ਹਾਂ ਫਿਰ ਵੀ ਲਿਬਰਲਾਈਜੇਸ਼ਨ, ਗਲੋਬਲਾਈਜੇਸ਼ਨ ਨਵੇਂ ਕਲੋਨੋਲਿਜ਼ਮ ਦੇ ਖਿਲਾਫ ਅਵਾਜ਼ਾਂ ਉੱਠ ਰਹੀਆਂ ਹਨ। ਸਾਰੇ ਪਾਸਿਆਂ ਤੋਂ, ਖੁਦ ਉਨਾਂ ਦੇ ਗੜ੍ਹ ਅਮਰੀਕਾ, ਫਰਾਂਸ, ਬ੍ਰਿਟੇਨ ਤੋਂ ਵੀ। ਤਾਂ ਇਹ ਉਮੀਦ ਤਾਂ ਬਣਦੀ ਹੀ ਹੈ।
ਥੀਏਟਰ ਬਨਾਮ ਪ੍ਰਚਾਰ
ਮੈਂ ਆਪਣੇ ਡੈਮੋਕਰੇਟਿਕ ਮਿਜਾਜ਼ ਦਾ ਸ਼ਿਕਾਰ ਰਿਹਾ ਹਾਂ। ਮੇਰੀ ਅਪਰੋਚ ਡੈਮੋਕਰੇਸੀ ਰਹੀ ਹੈ, ਮੈਂ ਪ੍ਰਚਾਰਕ ਜਾਂ ਉਪਦੇਸ਼ਕ ਥੀਏਟਰ ਵਿੱਚ ਯਕੀਨ ਨਹੀਂ ਰਖਦਾ। ਇਹ ਕੋਈ ਜਮਹੂਰੀ ਗੱਲ ਨਹੀਂ ਕਿ ਤੁਸੀਂ ਸਾਰਾ ਕੁੱਝ ਪੱਕਿਆ ਪਕਾਇਆ ਪਰੋਸ ਦਿਉ, ਕਿ ਮੂੰਹ ਵਿੱਚ ਬੱਸ ਪਾ ਹੀ ਲੈਣਾ ਹੈ। ਅਗਰ ਤੁਸੀਂ ਸਮਝਦੇ ਹੋ ਕਿ ਨਾਟਕ ਦੇਖਣ ਲਈ ਦਿਲ ਦਿਮਾਗ ਵਾਲਾ ਦਰਸ਼ਕ ਆਉਂਦਾ ਹੈ ਤਾਂ ਉਸ ਨੂੰ ਸਿਰਫ ਉਕਸਾਉਣ ਵਾਲਾ ਸਵਾਲ ਦੇਣਾ ਹੀ ਕਾਫ਼ੀ ਹੁੰਦਾ ਹੈ। ਇਹ ਨਹੀਂ ਕਿ ਮੈਂ ਸਵਾਲ ਵੀ ਅਤੇ ਜੁਆਬ ਵੀ ਪੇਸ਼ ਕਰਾਂ। ਜੁਆਬ ਤੋਂ ਮੈਂ ਅਕਸਰ ਕਤਰਾਉਂਦਾ ਹਾਂ। ਹਾਂ ਇਸਦਾ ਹੱਕ ਨੁੱਕੜ ਨਾਟਕਾਂ ਨੂੰ ਹੈ, ਉੱਥੇ ਜ਼ਰੂਰੀ ਹੈ ਜੁਆਬ ਵੀ ਦੇਣਾ। ਉਹਨਾਂ ਦੀ (ਨੁੱਕੜ ਵਾਲਿਆਂ ਦੀ) ਪ੍ਰਾਬਲਮ ਹੈ। ਹੜਤਾਲਾਂ ਬਗੈਰਾ ਹੁੰਦੀਆਂ ਹਨ। ਸੜਕਾਂ ਤੇ ਵੀ ਨਿਕਲਣਾ ਪੈਂਦਾ ਹੈ ਉਹਨਾਂ ਨੂੰ। ਇਕਬਾਲ ਦਾ ਸ਼ਿਅਰ ਹੈ ਨਾ :
ਅੱਛਾ ਹੈ ਦਿਲ ਕੇ ਪਾਸ ਰਹੇ ਪਾਸਬਾਨੇ ਅਕਲ
ਕਭੀ ਕਭੀ ਇਸੇ ਤਨਹਾ ਭੀ ਛੋੜੀਏ
ਸਿਰਫ ਅਕਲ ਨਾਲ ਹੀ ਸਭ ਕੁਝ ਕਰੀਏਟ ਕਰਨਾ ਸੰਭਵ ਨਹੀਂ ਹੈ, ਦਿਲ ਨਾਲ ਵੀ ਕੁੱਝ ਗੱਲਾਂ ਹੁੰਦੀਆਂ ਹਨ। ਬਾਲਜ਼ਾਕ ਨੂੰ ਪੁੱਛਿਆ ਗਿਆ ਸੀ ਕਿ ਇੱਕ ਪ੍ਰਾਸਟੀਚਿਉਟ ਦੀ ਅਜਿਹੀ ਤਸਵੀਰ ਦੀ ਕਿਉਂ ਬਣਾਈ? ਉਹਨਾਂ ਨੇ ਕਿਹਾ, "ਐਮਾ ਇਜ਼ ਸੀ"। ਐਲਨਜ਼ਬਰਗ ਨੇ ਵੀ ਕਿਹਾ ਹੈ ਕਿ ਤੁਸੀਂ ਕਰੈਕਟਰ ਨੂੰ ਕਰੀਏਟ ਜ਼ਰੂਰ ਕਰਦੇ ਹੋ, ਲੇਕਿਨ ਉਹ ਆਪਣੀ ਕਹਾਣੀ ਖੁਦ ਕਹਿੰਦਾ ਹੈ। ਤੁਹਾਡਾ ਇਸ ਵਿੱਚ ਕੋਈ ਕੰਟਰੌਲ ਨਹੀਂ ਰਹਿੰਦਾ। ਦੇਖੋ ਜੇਕਰ ਤੁਸੀਂ ਉਸ ਵਿੱਚ ਆਪਣਾ ਸ਼ਓਰ (ਸਿਆਣਪ) ਵਾੜੋਗੇ ਤਾ ਉਹ ਕੁੱਝ ਹੋ ਜਾਏਗਾ, ਉਪਦੇਸ਼, ਅਖਬਾਰਨਵੀਸੀ ਜਾਂ ਕੁੱਝ ਨਾ ਕੁੱਝ ਹੋਰ, ਪਰ ਕਲਾ ਨਹੀਂ ਰਹੇਗੀ। ਸੱਚ ਤਾਂ ਇਹ ਹੈ:
'ਅਭਿਨੇਤਾ ਰੰਗਮੰਚ ਦਾ ਤਾਨਾਸ਼ਾਹ ਹੁੰਦਾ ਹੈ, ਮੰਚ ਤੇ ਆਉਂਦੇ ਹੀ ਨਿਰਦੇਸ਼ਕ ਦੀ ਡੋਰ ਛੁਟ ਜਾਂਦੀ ਹੈ। ਨਿਰਦੇਸ਼ਕ ਨੂੰ ਦੁੱਧ ਵਿੱਚ ਪਈ ਮੱਖੀ ਵਾਂਗ ਬਾਹਰ ਕੱਢ ਕੇ ਸੁੱਟ ਦਿੱਤਾ ਜਾਂਦਾ ਹੈ।"
ਕੁੱਝ ਪਲ
ਕਹੰਦੇ ਨੇ ਇਹ ਗੱਲ ਉਸ ਸਮੇਂ ਦੀ ਹੈ ਜਦੋਂ ਹਬੀਬ ਦੇ ਅਭਿਨੈ ਦਾ ਪੌਦਾ ਅਜੇ ਕਰੂਬਲਾਂ ਕੱਢ ਰਿਹਾ ਸੀ। ਬਲਰਾਜ ਸਾਹਨੀ ਇੱਕ ਨਾਟਕ ਦਾ ਨਿਰਦੇਸ਼ਨ ਕਰ ਰਹੇ ਸਨ। ਉਸ ਨਾਟਕ ਦੇ ਇੱਕ ਦ੍ਰਿਸ਼ ਵਿਚ ਤਨਵੀਰ ਸਾਹਿਬ ਨੇ ਰੋਣ ਦੀ ਐਕਟਿੰਗ ਕਰਨੀ ਸੀ, ਲੇਕਿਨ ਵਾਰ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਤੋਂ ਰੋਇਆ ਨਹੀਂ ਜਾ ਰਿਹਾ ਸੀ। ਅਸਲ ਵਿੱਚ ਉਸ ਨੂੰ ਝਿਜਕ ਹੋ ਰਹੀ ਸੀ ਤੇ ਬਲਰਾਜ ਨੂੰ ਖਿਝ ਚੜ੍ਹ ਰਹੀ ਸੀ। ਕਈ ਵਾਰ ਯਤਨ ਕਰਨ ਦੇ ਬਾਵਜੂਦ ਵੀ ਜਦੋਂ ਸਥਿਤੀ ਉਵੇਂ ਦੀ ਉਵੇਂ ਹੀ ਰਹੀ ਤਾਂ ਬਲਰਾਜ ਸਾਹਿਬ ਮੰਚ ਤੇ ਚੜ੍ਹੇ ਅਤੇ ਜ਼ੋਰਦਾਰ ਥੱਪੜ ਨਾਲ ਹਬੀਬ ਦੇ ਮੂਹ ਤੇ ਪੰਜੇ ਉਂਗਲਾਂ ਛਾਪ ਦਿੱਤੀਆਂ। ਫਿਰ ਕੀ ਸੀ ਤਨਵੀਰ ਸਾਹਿਬ ਅਜਿਹਾ ਰੋਏ ਕਿ ਚੁੱਪ ਕਰਨ ਦਾ ਨਾਂ ਨਾ ਲੈਣ, ਖੁਦ ਉਹਨਾਂ ਦੇ ਗੁਰੁ ਬਲਰਾਜ ਵੀ ਅਚੰਭਤ ਹੋ ਗਏ। ਹਬੀਬ ਸਾਹਬ ਹਮੇਸ਼ਾ ਇਸ ਗੱਲ ਨੂੰ ਮੰਨਦੇ ਰਹੇ ਕਿ ਅਗਰ ਉਹ ਬਲਰਾਜ ਸਾਹਿਬ ਦਾ ਥੱਪੜ ਨਾ ਖਾਂਦੇ ਤਾਂ ਸ਼ਾਇਦ ਪਤਾ ਨਹੀਂ ਕਿੱਥੇ ਕਿੱਥੇ ਖਾਕ ਛਾਣਦੇ ਫਿਰਦੇ।
ਹਬੀਬ ਦੇ ਉਲਟ ਫੇਰ
ਹਬੀਬ ਉਲਟ ਫੇਰ ਦਾ ਨਾਂ ਹੈ। ਉਹ ਆਪਣੀ 'ਕਲਾਕਾਰੀ' ਰਾਹੀਂ ਬਹੁਤ ਸਾਰੀਆਂ ਚੀਜਾਂ ਨੂੰ ਸਿਰ ਪਰਨੇ ਕਰ ਦਿੰਦਾ ਹੈ ਜਾਂ ਉਸ ਤੋਂ ਹੋ ਜਾਂਦੀਆਂ ਹਨ।
• ਉਹ ਸਾਸ਼ਤਰੀ ਬੰਦਸ਼ਾਂ ਵਾਲੇ ਨਾਟਕ ਖੇਡਦਾ ਹੈ, ਪਰ ਸਾਸ਼ਤਰੀ ਪਰੰਪਰਾ ਨੂੰ ਅੰਗੂਠਾ ਦਿਖਾਉਂਦਾ ਹੈ, ਉਸ ਦੀਆਂ ਧੱਜੀਆਂ ਉਡਾਉਂਦਾ ਹੈ।
• ਉਸ ਦੇ ਕਲਾਕਾਰ ਉਹ ਸਨ ਜੋ ਗੈਰ ਰਸਮੀ ਤੌਰ ਤੇ ਵੱਡੇ ਕਲਾਕਾਰ ਸਨ ਪਰੰਤੂ ਜਿਸ ਮੁਕਾਮ (ਵਿਦੇਸ਼) ਤੱਕ ਜਾਣ ਦਾ ਪ੍ਰਸਤਾਵ ਉਹਨਾਂ ਦੇ ਮੂਹਰੇ ਰੱਖਿਆ ਤਾਂ ਉਹ ਬੇਸ਼ਰਮ ਜਿਹੇ ਹੋ ਕੇ ਕਹਿਣ ਲੱਗੇ- ਆਹ ਮੂੰਹ ਤੇ ਮਸਰਾਂ ਦੀ ਦਾਲ, ਪਰ ਬਾਅਦ ਵਿੱਚ ਉਹਨਾਂ ਮੂੰਹਾਂ ਨੇ ਮਸਰਾਂ ਦੀ ਦਾਲ ਖਾਧੀ ਤੇ ਬਹੁਤ ਸੁਆਦ ਲੈ ਲੈ ਖਾਧੀ।
• ਹਬੀਬ ਦਾ ਥੀਏਟਰ ਰਵਾਇਤੀ, ਕਲਾਕਾਰ ਰਵਾਇਤੀ, ਵਿਸ਼ੇ ਰਵਾਇਤੀ, ਪਰ ਨਾ ਰੱਖਿਆ- ਨਵਾਂ ਥੀਏਟਰ
• ਨਾ ਹੈ ਉਸ ਦਾ ਤਨ-ਵੀਰ ਪਰ ਹੈ ਉਹ ਅਸਲ ਵਿੱਚ ਮਨ-ਵੀਰ
• ਇੱਕ ਵਾਰ ਅਖਬਾਰ ਨੇ ਹਬੀਬ ਤੋਂ ਆਟੋਗ੍ਰਾਫ਼ ਮੰਗਿਆ ਤੇ ਉੱਥੇ ਵੀ ਉਹਨਾਂ ਨੇ ਉਲਟ ਫੇਰ ਕਰ ਦਿੱਤਾ। ਬੱਸ ਮੁਸਕਰਾ ਕੇ ਇੱਕ ਸ਼ੇਅਰ ਬੋਲ ਦਿੱਤਾ:
ਹਮ ਹਸਤਾਕਸ਼ਰ ਨਹੀਂ ਕੀਆ ਕਰਤੇ,
ਬੜੀ ਕਾਰੀਗਰੀ ਸੇ ਖੁਦ ਕੋ ਦਿਲੋਂ ਸੇ ਟਾਂਕ ਦੀਆ ਕਰਤੇ ਹੈਂ।
• ਇਹ ਵੀ ਉਲਟ ਫੇਰ ਹੀ ਹੈ ਕਿ ਹਬੀਬ ਅਚਨਚੇਤ ਮਰ ਗਿਆ ਹੈ ਪਰ ਇਸ ਤੋਂ ਵੀ ਵੱਡਾ ਉਲਟ ਫੇਰ ਇਹ ਹੈ ਕਿ ਹਬੀਬ ਵਰਗੇ ਇਨਸਾਨ ਭਲਾ ਕਦੇ ਮਰਦੇ ਹੁੰਦੇ ਹਨ, ਉਹਨਾਂ ਨੂੰ ਦਿਲਾਂ ਵਿੱਚ ਜ਼ਿੰਦਾ ਰਹਿਣ ਦਾ ਹੁਨਰ ਆਉਂਦਾ ਹੈ।
ਹਾਥੀ ਚਲਦੇ ਹਨ
ਹਬੀਬ ਦੀਆਂ ਦੋਸਤੀਆਂ ਦੇ ਚਰਚੇ ਅਕਸਰ ਚਲਦੇ ਹਨ। ਆਉ ਕੁੱਝ ਦੁਸ਼ਮਣੀਆਂ ਦਾ ਜ਼ਿਕਰ ਕਰੀਏ ਕਿਉਂਕਿ ਕੋਈ ਵੀ ਵੱਡਾ ਬੰਦਾ ਵੱਡਾ ਵੀ ਤਾਂ ਹੀ ਬਣਦਾ ਹੈ ਜੇਕਰ ਕੁੱਝ ਲੋਕ/ਤਾਕਤਾਂ ਉਸ ਦਾ ਵਿਰੋਧ ਕਰਦੀਆਂ ਹਨ। ਉਹ ਉਹਨਾਂ ਦਾ ਮੁਕਾਬਲਾ ਕਰਦੇ ਹਨ। ਹਬੀਬ ਸਾਹਬ ਦੇ ਦੁਸ਼ਮਣਾਂ ਵਿਚ ਕੁੱਝ ਲੋਕ ਤਾ ਅਜਿਹੇ ਸਨ ਜਿੰਨ੍ਹਾਂ ਬਾਰੇ ਕਿਹਾ ਜਾ ਸਕਦਾ ਹੈ-ਕੁੱਤਾ ਕੁੱਤੇ ਦਾ ਵੈਰੀ। ਕੁੱਝ ਸਾਹਿਤਕ ਤੇ ਪੱਤਰਕਾਰ ਕਿਸਮ ਦੇ ਜਾਨਵਰ ਅਕਸਰ ਉਸਦੀ ਲਗਨ, ਮਿਹਨਤ ਤੇ ਪ੍ਰਸਿੱਧੀ ਤੋਂ ਈਰਖਾ ਮਹਿਸੂਸ ਕਰਦੇ ਰਹਿੰਦੇ ਸਨ ਤੇ ਉਸ ਦੇ ਕੀਤੇ ਹੋਏ ਵੱਡੇ ਕੰਮ ਨੂੰ ਛੁਟਿਆਉਣ ਦੀ ਕੋਸ਼ਿਸ਼ ਕਰਦੇ ਸਨ। ਹਬੀਬ ਦਾ ਵੱਡਾ ਕੰਮ ਇਹ ਸੀ ਕਿ ਇਸ ਨੇ ਅਨੇਕ ਸਥਾਨਕ ਕਲਾਕਾਰਾਂ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਇਆ। ਛੱਤੀਸਗੜ੍ਹ ਦੀ ਫੋਕ ਆਰਟ ਨੂੰ ਕੌਮੀ ਨਤੇ ਕੌਮਾਂਤਰੀ ਪ੍ਰਸਿੱਧੀ ਦੁਆਈ ਪਰੰਤੂ ਕਹਿਣ ਵਾਲਿਆਂ ਨੇ ਤਾਂ ਫਿਰ ਵੀ ਕੁੱਝ ਨਾ ਕੁੱਝ ਕਹਿਣਾ ਹੀ ਹੈ ਤੇ ਜਿਵੇਂ ਕਿਹਾ ਜਾਂਦਾ ਹੈ ਕਿ 'ਤੇਰੀ ਖਾਂਦੇ ਦੀ ਦਾੜ੍ਹੀ ਹਿੱਲਦੀ' , ਠੀਕ ਇਸੇ ਤਰਾਂ ਹਬੀਬ ਬਾਰੇ ਕੁੱਝ ਸਮਕਾਲੀਨ ਪਤਰਕਾਰਾਂ ਦੀਆਂ ਟਿੱਪਣੀਆਂ ਵੀ ਆਈਆਂ-
• ਤਨਵੀਰ ਤੇ ਤੀਜਨ ਬਾਈ ਕਿਹੜੇ ਲੋਕ ਕਲਾਕਾਰ ਹਨ? ਬਲਕਿ ਉਹ ਤਾਂ ਵਿਦੇਸ਼ਾਂ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਵਾਲੇ ਗਵਈਏ ਤੇ ਨੌਟੰਕੀਆਂ ਕਰਨ ਵਾਲੇ ਸਨ।
• ਤਨਵੀਰ ਵਰਗੇ ਲੋਕਾਂ ਨੇ ਦੇਸ਼ ਦੀ ਕਲਾ ਦਾ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਜਾ ਕੇ ਮੁੱਲ ਵੱਟਿਆ ਹੈ।
ਜਦਕਿ ਹਬੀਬ ਦੀ ਪੂਰੀ ਜ਼ਿੰਦਗੀ ਗਵਾਹ ਹੈ ਕਿ ਪੈਸਾ ਕਦੇ ਵੀ ਉਸ ਦੀ ਕਲਾ ਸਾਧਨਾ ਤੇ ਹਾਵੀ ਨਹੀਂ ਹੋਇਆ। ਉਹ ਤਾਉਮਰ ਛੱਡੀਸਗੜ੍ਹ ਦੀ ਲੋਕ ਕਲਾ ਨੂੰ ਉਭਾਰਨ ਦਾ ਹੀ ਕੰਮ ਕਰਦੇ ਰਹੇ। ਉਸ ਦੇ ਨਵੇਂ ਥੀਏਟਰ ਦਾ ਕੋਈ ਕਲਾਕਾਰ ਪ੍ਰੌਫੈਸ਼ਨਲ, ਕਮਰਸ਼ੀਅਲ ਜਾਂ ਸ਼ਹਿਰੀ ਚਾਕਲੇਟੀ ਜਨਰੇਸ਼ਨ ਦਾ ਪ੍ਰਤੀਨਿਧ ਨਹੀਂ ਸੀ, ਬਲਕਿ ਉਹਨਾਂ ਦੇ ਸਾਰੇ ਕਲਾਕਾਰ ਗਰੀਬ ਮਿਹਨਤਕਸ਼ ਆਦੀ ਵਾਸੀ ਸਨ। ਪਰ ਕਹਿਣ ਵਾਲੇ ਕਦ ਹਟਦੇ ਹਨ-ਕਹਿੰਦੇ ਹੀ ਰਹਿੰਦੇ ਹਨ -ਕਹਿਣ ਦਿਉ।
ਹੁਣ ਗੱਲ ਕਰਦੇ ਹਾਂ ਉਹਨਾਂ ਦੇ ਨਾਟਕ ਪੋਂਗਾ ਪੰਡਿਤ ਦੀ।
ਉਸ ਨੇ ਆਪਣੇ ਇਸ ਨਾਟਕ ਸਮੇਤ ਬਾਕੀ ਸਾਰੇ ਨਾਟਕਾਂ ਵਿਚ ਬੜੀ ਸਹਿਜਤਾ ਨਾਲ ਰਾਜਨੀਤਕ ਤੇ ਸਮਾਜਿਕ ਪਰਪੰਚਾਂ ਨੂੰ ਨੰਗਾ ਕੀਤਾ। ਇਸੇ ਤੱਥ ਨੇ ਜਨੂੰਨੀ ਤਾਕਤਾਂ ਨੂੰ ਬਦਹਜ਼ਮੀ ਕੀਤੀ। ਪੋਂਗਾ ਪੰਡਿਤ ਦੇ ਪ੍ਰਦਰਸ਼ਨ ਕਾਰਨ ਕਟੜਪੰਥੀਆਂ ਨੇ ਦੋ ਵਾਰ ਹਬੀਬ ਉੁਪਰ ਹਮਲਾ ਕੀਤਾ, ਪ੍ਰਦਰਸ਼ਨ ਰੁਕਵਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਹਬੀਬ ਸਾਹਿਬ ਕਹਿੰਦੇ ਹਨ- ਅਜਿਹੇ ਸਮਿਆਂ ਤੇ ਉਹ ਬੜੀ ਬੇਵਾਕੀ ਨਾਲ ਆਪਣੀ ਸਿਧਾਂਤਕ ਤੇ ਵਿਹਾਰਕ ਸਪਸ਼ਟਤਾ ਦਾ ਜ਼ਿਕਰ ਕਰਦੇ ਸਨ। ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਜਦ ਇਸ ਵਿਵਾਦ ਬਾਰੇ ਸਵਾਲ ਪੁੱਛਿਆ ਗਿਆ ਤਾਂ ਸਪਸ਼ਟ ਜੁਆਬ ਸੀ,
"ਸਵਾਲ ਸਿਰਫ ਮੇਰੇ ਨਾਟਕਾਂ ਦਾ ਨਹੀਂ ਹੈ, ਸਵਾਲ ਪ੍ਰਗਟਾਵੇ ਦੀ ਆਜ਼ਾਦੀ ਦਾ ਹੈ। ਤੁਸੀਂ ਕੋਈ ਫਿਲਮ ਬਣਾਉਂਦੇ ਹੋ ਤਾਂ ਬਵਾਲ ਉੱਠ ਖੜ੍ਹਦਾ ਹੈ। ਪੇਂਟਿੰਗ ਬਣਾਉ ਤਾਂ ਬਵਾਲ। ਲੇਖਕ ਨੂੰ ਵੀ ਲਿਖਣ ਤੋਂ ਪਹਿਲਾਂ ਦਸ ਵਾਰ ਸੋਚਣਾ ਪੈਂਦਾ ਹੈ ਕਿ ਇਸ ਵਿੱਚ ਕਿਸੇ ਦੀ ਭਾਵਨਾ ਨਾ ਆਹਤ ਹੋ ਜਾਏ ਅਤੇ ਆਪਣੀ ਜਾਨ ਆਫਤ ਵਿੱਚ ਨਾ ਪੈ ਜਾਏ। ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਇਸ ਸਭ ਕੁੱਝ ਤੇ ਜਾਂ ਤਾਂ ਚੁੱਪ ਹੈ ਜਾਂ ਖਰੂਦੀਆ ਦੇ ਨਾਲ ਖੜੀ ਨਜ਼ਰ ਆਉਂਦੀ ਹੈ। ਅਜਿਹੇ ਵਿੱਚ ਸੰਸਕ੍ਰਿਤੀ ਦਾ ਵਿਕਾਸ ਕਿਵੇਂ ਹੋ ਸਕਦਾ ਹੈ?"
2003 ਵਿੱਚ ਜਦੋਂ ਮੱਧ ਪ੍ਰਦੇਸ਼ ਵਿੱਚ ਪੋਂਗਾ ਪੰਡਿਤ ਅਤੇ 'ਜਿਨ ਲਹੌਰ ਨਹੀਂ ਵੇਖਿਆ' ਨਾਟਕਾਂ ਦਾ ਮੰਚਨ ਸ਼ੁਰੂ ਹੋਇਆ ਤਾਂ ਭਗਵਾਂ ਬ੍ਰਿਗੇਡ ਦੇ ਵਰਕਰਾਂ ਨੇ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਦੋਹਾ ਨਾਟਕਾਂ ਨੂੰ ਰੁਕਵਾਉਣ ਦੀ ਕੋਸ਼ਿਸ ਕੀਤੀ ਪਰੰਤੂ ਇਸ ਨਾਲ ਹਬੀਬ ਦੇ ਇਰਾਦੇ ਖੰਡਤ ਨਹੀਂ ਹੋਏ ਬਲਕਿ ਬੁਲੰਦ ਹੋਏ ਅਤੇ ਉਹ ਆਪਣੇ ਨਾਟਕਾਂ ਰਾਹੀਂ ਅਲਖ ਜਗਾਉਂਦੇ ਰਹੇ। ਬਿਨਾ ਡਰੇ, ਬਿਨਾ ਘਬਰਾਏ। ਆਪਣੀ ਪ੍ਰਸਿੱਧੀ ਰਈਸੀ ਆਰਾਮ ਤੋਂ ਕੋਹਾਂ ਦੂਰ ਉਹ ਸਾਰੀ ਉਮਰ ਸੜਕ, ਨੁੱਕੜ ਅਤੇ ਲੋਕ ਜੀਵਨ ਦੇ ਆਦਮੀ ਬਣ ਕੇ ਤੁਰਦੇ ਰਹੇ। ਉਹਨਾਂ ਮਿੱਟੀ ਤੋਂ ਨਾਟਕ ਚੁੱਕੇ ਅਤੇ ਦੁਨੀਆਂ ਭਰ ਵਿੱਚ ਇਸ ਮਿੱਟੀ ਦੀ ਖੁਸ਼ਬੋ ਲੈ ਕੇ ਗਏ ਅਤੇ ਅਪਾਰ ਪ੍ਰਸਿੱਧੀ ਹਾਸਿਲ ਕੀਤੀ।
ਫਰਸ਼ ਤੋਂ ਅਰਸ ਤੱਕ ਪਹੁੰਚੇ ਦੇਸੀ ਹਬੀਬ ਦੇ ਦੇਸੀ ਕਲਾਕਾਰ
ਛਤੀਸਗੜ੍ਹ ਦਾ ਲੋਕ ਨਾਟਕ ਹੈ- ਨਾਚਾ, ਬਹੁਤ ਹਰਮਨ ਪਿਆਰਾ, ਹਾਸ ਵਿਅੰਗ ਅਤੇ ਸੰਗੀਤ ਦੀ ਤ੍ਰਿਵੇਣੀ-ਸੂਰਜ ਡੁਬਦੇ ਨਾਲ ਸ਼ੁਰੂ ਹੁੰਦਾ ਹੈ ਤੇ ਪੂਰੀ ਰਾਤ ਚਲ ਕੇ ਚੜ੍ਹਦੇ ਸੂਰਜ ਤੋਂ ਪਹਿਲਾਂ ਖਤਮ ਹੁੰਦਾ ਹੈ। ਪਿੰਡਾਂ ਦੀਆਂ ਭੀੜਾਂ ਵਹੀਰਾਂ ਘੱਤ ਕੇ ਆਉਂਦੀਆਂ ਹਨ ਤੇ ਨਾਚਾ ਦੇ ਰੰਗ ਵਿੱਚ ਰੰਗੀਆਂ ਜਾਂਦੀਆਂ ਹਨ। ਸਥਾਨਕ ਲੋਕਾਂ ਦੇ ਇਸ ਸਥਾਨਕ ਲੋਕ ਸੰਗੀਤ ਨਾਟਕ ਵਿੱਚ ਕੰਮ ਕਰਨ ਵਾਲਾ ਸਥਾਨਕ ਕਲਾਕਾਰ ਸੀ-ਗੋਬਿੰਦਰਾਮ ਨਿਰਮਲਕਰ, ਜੋ ਆਪਣੀ ਹੀ ਦੁਨੀਆਂ ਵਿੱਚ ਮਸਤ ਸੀ। ਲੋਕਾਂ ਦਾ ਮਨੋਰੰਜਨ ਕਰਨ ਵਾਲਾ ਲੋਕ ਕਲਾਕਾਰ ਬੱਸ ਇਸ ਤੋਂ ਵੱਧ ਕੁੱਝ ਨਹੀਂ। ਗੋਵਿੰਦ ਨੇ ਕਿਤੋਂ ਕੁੱਝ ਨਹੀਂ ਸਿੱਖਿਆ ਬੱਸ 'ਨਾਚਾ' ਦੇਖ ਦੇਖ ਕੇ ਵੀਹ ਸਾਲਾਂ ਦੀ ਉਮਰ ਵਿੱਚ ਪੈਰਾਂ ਵਿੱਚ ਘੁੰਘਰੂ ਬੰਨ ਲਏ ਤੇ ਲੱਗ ਪਿਆ ਨੱਚਣ ਤੇ ਬਣ ਗਿਆ ਨਾਚਾ ਕਲਾਕਾਰ। ਇੰਝ ਹੀ ਕਿਤੇ ਸਬੱਬ ਨਾਲ ਹਬੀਬ ਤਨਵੀਰ ਦੇ ḔਧੱਕੇḔ ਚੜ੍ਹ ਗਿਆ, ਬੱਸ ਤਰਾਸ਼ਿਆ ਗਿਆ। ਆਦਿਮ ਕਲਾਕਾਰੀ ਤਾਂ ਉਸ ਅੰਦਰ ਪਈ ਹੀ ਸੀ ਸਿਰਫ ਮੌਕਾ ਮਿਲਣ ਦੀ ਜ਼ਰੂਰਤ ਸੀ। ਹਬੀਬ ਦੇ Ḕਨਵਾਂ ਥੀਏਟਰḔ ਦਾ ਨਵਾਂ ਆਰਟਿਸਟ ਬਣ ਗਿਆ ਆਉਣ ਸਾਰਾ 'ਨਾਇਕ' ਦੀ ਭੂਮਿਕਾ ਮਿਲ ਗਈ ਤੇ ਰੋਲ ਮਿਲ ਗਿਆ ਚਰਨਦਾਸ ਚੋਰ ਦਾ । ਬੱਸ ਫਿਰ ਕੀ ਸੀ ਹਬੀਬ ਸਾਹਿਬ ਦੀ ਉਸਤਾਦੀ ਵਿੱਚ ਚੱਲ ਗਿਆ ਚਮਤਕਾਰ ਗੋਬਿੰਦ ਦਾ.... ਤਾੜੀਆਂ.... ਸ਼ਾਬਾਸ਼.... ਵਾਹ ਵਾਹੀ.... ਤੇ ਪਤਾ ਨਹੀਂ ਕੀ ਕੁੱਝ ਹੋਰ ਪ੍ਰਾਪਤ ਹੋਇਆ ਤੇ ਅਖੀਰ ਗੱਲ ਦੇਸ਼ ਦੇ ਸਭ ਤੋਂ ਵਕਾਰੀ ਪੁਰਸਕਾਰ ਪਦਮ ਸ਼੍ਰੀ ਤੱਕ ਪਹੁੰਚ ਗਈ। ਕਿਤੇ ਉਹ ਆਗਰਾ ਬਜ਼ਾਰ ਵਿੱਚ 'ਕੱਕੜੀ ਵਾਲਾ' ਬਣਦਾ, ਬਹਾਦਰ ਕਲਾਰਿਨ ਵਿੱਚ ਪਿੰਡ ਦਾ ਗੌਂਟੀਆ, ਮਿੱਟੀ ਦੀ ਗਾੜੀ ਵਿੱਚ ਮੈਤਰੇਯ, ਮੋਲੀਅਰ ਦੇ ਨਾਟਕ ਬੁਰਜੂਆ ਜੈਂਟਲਮੈਨ ਵਿਚ ਹਾਸ ਵਿਅੰਗਾਤਮਕ ਪਾਤਰ ਲਾਲਾ ਸ਼ੋਹਰਤ ਬੇਗ ਵਰਗੇ ਵੱਡੇ ਰੋਲ ਕੀਤੇ, ਫਿਰ ਉਹ ਮੌਕਾ ਵੀ ਆਇਆ ਕਿ ਜਿਸ ਕਲਾਕਾਰ ਨੇ ਆਪਣੀ ਆਰਜੂ ਪੈਰਾਂ ਚ ਘੁੰਗਰੂ ਬੰਨ ਕੇ ਪਿੰਡਾਂ ਦੀਆਂ ਸੱਥਾਂ ਵਿੱਚ ਨੱਚ ਕੇ ਮਨੋਰੰਜਨ ਕਰਨ ਤੱਕ ਸੀਮਤ ਕਰਨ ਲਈ ਸੀ ਉਸ ਦਾ ਪ੍ਰਦਰਸ਼ਨ ਅੰਤਰਰਾਸ਼ਟਰੀ ਨਾਟ ਸਮਾਰੋਹ, ਐਡਿਨਬਰਾ ਲੰਡਨ ਵਰਗੇ ਵਕਾਰੀ ਮੇਲੇ ਵਿਚ 52 ਦੇਸ਼ਾਂ ਤੋਂ ਸੱਦੇ ਅੰਤਰਰਾਸ਼ਟਰੀ ਥੀਏਟਰ ਗਰੁੱਪਾਂ ਦੇ ਵਿਚਕਾਰ ਹੋਇਆ ਤੇ 'ਚਰਨਦਾਸ ਚੋਰ' ਨਾਟਕ ਨੂੰ ਅਤੇ ਇਸ ਦੇ ਨਾਇਕ ਗੋਬਿੰਦ ਰਾਮ ਨਿਰਮਲਕਰ ਨੂੰ ਇਸ ਮੇਲੇ ਵਿਚ ਵਿਸ਼ਵ ਰੰਗਮੰਚ ਦਾ ਸਰਵ ਉੱਚ ਸਨਮਾਨ ਪ੍ਰਾਪਤ ਹੋਇਆ ਅਤੇ ਇਸ ਤੋਂ ਬਾਅਦ ਇਸ ਨਾਟਕ ਦਾ ਮੰਚਨ 17 ਹੋਰ ਦੇਸ਼ਾਂ ਵਿਚ ਹੋਇਆ। ਗੋਬਿੰਦ ਰਾਮ ਨੂੰ ਪਹਿਲੀ ਵਾਰ ਹਵਾਈ ਜਹਾਜ ਚੜ੍ਹਨ ਦਾ ਮੌਕਾ ਐਡਿਨਬਰਾ ਜਾਣ ਸਮੇਂ ਪ੍ਰਾਪਤ ਹੋਇਆ। ਉਸ ਤੋਂ ਬਾਅਦ ਉਹ ਨਿਰੰਤਰ ਹਬੀਬ ਅਤੇ ਹੋਰ ਸਾਥੀ ਕਲਾਕਾਰਾਂ ਨਾਲ ਅਰਸ਼ ਅਤੇ ਫਰਸ਼ (ਹਵਾ ਤੇ ਯਥਾਰਥ) ਦੇ ਲੋਕ ਅਭਿਨੈ ਦੀਆਂ ਉਚਾਈਆਂ ਤੇ ਉਡਦੇ ਰਹੇ। ਚਰਨਦਾਸ ਚੋਰ ਦੀ ਪ੍ਰਸਿੱਧੀ ਦੇਖ ਕੇ ਪ੍ਰਸਿੱਧ ਫਿਲਮ ਨਿਰਦੇਸ਼ਕ ਸ਼ਿਆਮ ਬੈਨੇਗਲ ਨੇ ਫਿਲਮ 'ਚਰਨਦਾਸ ਚੋਰ' ਬਣਾਈ ਜਿਸ ਵਿੱਚ ਗੋਬਿੰਦ ਰਾਮ ਨੇ ਫਿਰ ਅਭਿਨੈ ਕੀਤਾ।
ਚਰਨਦਾਸ ਚੋਰ ਦੇ ḔਚਰਨਦਾਸḔ ਵਰਗੇ ਨਾਇਕ-ਨਾਇਕਾਵਾਂ ਦੀ ਪਰੰਪਰਾ ਵਿੱਚ ਇਸੇ ਤਰਾਂ ਛੱਤੀਸਗੜ੍ਹ ਦੇ ਅਨੇਕ ਲੋਕ ਕਲਾਕਾਰ ਆਉਂਦੇ ਗਏ। ਦਾਉ ਮਹਾਂ ਸਿੰਘ ਚੰਦਰਾਕਰ, ਦੁਲਾਰ ਸਿੰਘ ਮੰਦਰਾਜੀ, ਫਿਦਾ ਬਾਈ ਮਰਕਾਮ, ਦੇਵਦਾਸ ਬੰਜਾਰੇ, ਸੂਰਜਬਾਈ ਖਾਂਡੇ, ਕਿਸਮਤ ਬਾਈ ਦੇਵਾਰ ਬਗੈਰਾ ਬਗੈਰਾææææ ਇਹ ਸਾਰੇ ਕਲਾਕਾਰ ਆਪਣੇ ਨਾਲ ਲੋਕ ਕਲਾ ਦੀ ਇਕ ਵਿਰਾਸਤ ਲੈ ਕੇ ਆਏ, ਉਸ ਲੋਕ ਕਲਾ ਨੂੰ ਹਬੀਬ ਨੇ ਆਪਣੀ ਸਾਧਨਾ ਨਾਲ ਹੋਰ ਤਰਾਸ਼ਿਆ, ਉਹਨਾਂ ਨੁੰ ਰਾਸ਼ਟਰੀ, ਅੰਤਰਰਾਸ਼ਟਰੀ ਮੰਚਾਂ ਤੱਕ ਪਛਾਣ ਦੁਆਈ, ਨਾ ਸਿਰਫ ਇਹਨਾਂ ਲੋਕ ਕਲਾਕਾਰਾਂ ਨੂੰ ਬਲਕਿ ਪੂਰੀ ਛੱਤੀਸਗੜ੍ਹੀ ਸੰਸਕ੍ਰਿਤੀ ਨੂੰ ਅਤੇ ਇਸੇ ਵਿੱਚੋਂ ਆਪਣੇ 'ਨਵਾਂ ਥੀਏਟਰ' ਦਾ ਨਵਾਂ ਈਡੀਅਮ ਸਿਰਜਿਆ।
ਇੰਝ ਬਣਦੀਆਂ ਨੇ ਮਿੱਥਾਂ
ਕਿਸੇ ਆਦਮੀ ਦੇ ਨਾ ਨਾਲ ਜਦੋਂ ਮਿੱਥਾਂ ਜੁੜਜਦੀਆਂ ਹਨ ਤਾਂ ਇਹ ਉਸ ਦੀ ਹਰਮਨ ਪਿਆਰਤਾ, ਵਡੱਪਣ ਅਤੇ ਪ੍ਰਸਿੱਧੀ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ। ਹਬੀਬ ਤਨਵੀਰ ਵਰਗੇ ਲੋਕ ਜਿਹੜੇ ਸਾਰੀ ਉਮਰ ਲੋਕਤਾ ਲਈ ਕੰਮ ਕਰਦੇ ਰਹੇ, ਹੌਲ਼ੀ-ਹੌਲ਼ੀ ਲੋਕ ਕਲਾਕਾਰ ਬਣ ਗਏ। ਉਹਨਾਂ ਦੇ ਆਪਣੇ ਨਾਟਕਾਂ ਦੀ ਜਮੀਨ ਲੋਕਧਾਰਾ, ਲੋਕ ਸੰਘਰਸ਼ ਅਤੇ ਲੋਕ ਮਾਨਸਿਕਤਾ ਦੀ ਸੀ। ਉਸ ਦੇ ਕਲਾਕਾਰ, ਉਸ ਦੇ ਕਥਾਂਨਕ, ਉਸ ਦੀਆਂ ਵਿਧੀਆਂ ਤੇ ਤਕਨੀਕਾਂ ਉਸ ਦੀ ਸਮੱਗਰੀ ਅਤੇ ਇੱਥੋਂ ਤੱਕ ਕਿ ਉਸ ਦੇ ਨਾਟਕਾਂ ਦੇ ਨਾਂ ਵੀ ḔਲੋਕਤਾḔ ਦਾ ਹੀ ਪਰਤੌ ਹਨ। ਹਬੀਬ ਨੇ ਲੋਕਤਾ ਵਿੱਚੋਂ ਸ਼ਕਤੀ ਪ੍ਰਾਪਤ ਕੀਤੀ ਅਤੇ ਮੋੜਵੇਂ ਰੂਪ ਵਿਚ ਲੋਕਤਾ ਨੂੰ ਵੀ ਸ਼ਕਤੀ ਦਿੱਤੀ। ਇਉਂ ਹਬੀਬ ਮਿੱਥਾਂ ਨੂੰ ਪਰਿਭਾਸ਼ਿਤ ਕਰਦਾ ਕਰਦਾ ਲੋਕ ਮਨਾਂ ਵਿਚ ਖੁਦ ਇੱਕ ਮਿੱਥ ਵਾਂਗ ਸਥਾਪਤ ਹੋ ਗਿਆ। ਉਸ ਨੇ ਆਦਿ ਵਾਸੀ ਪਿਛੋਕੜ ਤੇ ਇੱਕ ਨਾਟਕ ਲਿਖਿਆ ਅਤੇ ਉਸ ਦਾ ਨਾਂ ਵੀ ਉਸ ਨੇ ਆਪਣੀ ਲੋਕਧਾਰਾ ਵਿੱਚੋਂ ਲਿਆ:- ਗਾਂਵ ਕਾ ਨਾਮ ਸਸੁਰਾਲ, ਮੇਰਾ ਨਾਮ ਦਾਮਾਦ
ਨਾਟਕ ਬਹੁਤ ਮਕਬੂਲ ਹੋਇਆ। ਕਮਾਲ ਇਹ ਹੋਈ ਕਿ ਇਹ ਨਾਂ ਲੋਕ ਮਨਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਹਬੀਬ ਪ੍ਰੇਮੀਆਂ ਵਿੱਚ ਏਨਾ ਹਰਮਨ ਪਿਆਰਾ ਹੋਇਆ ਕਿ ਬਾਅਦ ਵਿੱਚ ਜਦ ਖੁਦ ਹਬੀਬ ਤੇ ਡਾਕਿਉਂਮੈਂਟਰੀ ਫਿਲਮ ਤਿਆਰ ਹੋਈ ਤਾਂ ਲੋਕ ਧਾਰਾ ਦੀ ਇਹ ਮਿੱਥ ਪੱਕੇ ਤੌਰ ਤੇ ਉਸ ਨਾਲ ਜੁੜ ਗਈ ਤੇ ਉਸ ਡਾਕਿਉਂਮੈਂਟਰੀ ਦਾ ਨਾਂ ਰੱਖਿਆ ਗਿਆ:
ਗਾਂਵ ਕਾ ਨਾਮ ਥੀਏਟਰ, ਮੇਰਾ ਨਾਮ ਹਬੀਬ
ਹੁਣ ਜਦੋਂ ਵੀ ਭਾਰਤੀ ਲੋਕ ਛੱਤੀਸਗੜ੍ਹੀ ਲੋਕ ਧਾਰਾ ਨੂੰ ਯਾਦ ਕਰਨਗੇ ਤਾਂ ਜਿੱਥੇ ਇਹ ਤੁਕ ਦੁਹਰਾਉਣਗੇ:
ਗਾਂਵ ਕਾ ਨਾਮ ਸਸੁਰਾਲ, ਮੇਰਾ ਨਾਮ ਦਾਮਾਦ
ਉੱਥੇ ਇਹ ਤੁਕ ਵੀ ਬਰਬਸ ਹੀ ਮੂੰਹੋਂ ਨਿਕਲਗੀ:
ਗਾਂਵ ਦਾ ਨਾਮ ਥੀਏਟਰ, ਮੇਰਾ ਨਾਮ ਹਬੀਬ
ਇੰਝ ਬਣਦੀਆਂ ਨੇ ਮਿੱਥਾਂ ਤੇ ਇੰਝ ਬਣਦੇ ਨੇ ਲੋਕ ਕਲਾਕਾਰ।
ਵਾਲਿਦ ਦੀ ਵਸੀਅਤ ਅਤੇ ਪੂਰੀ-ਅਧੂਰੀ ਇੱਛਾ ਦਾ ਕਿੱਸਾ:
ਹਬੀਬ ਸਾਹਿਬ ਅਕਸਰ ਕਹਿੰਦੇ ਸਨ ਕਿ ਇੱਛਾ ਪੂਰੀ ਹੋਣਾ ਜਾਂ ਨਾ ਹੋਣਾ ਕੋਈ ਜ਼ਰੂਰੀ ਨਹੀਂ, ਇੱਛਾ ਦਾ ਹੋਣਾ ਹੀ ਸਭ ਤੋਂ ਜ਼ਰੂਰੀ ਹੈ। ਹਬੀਬ ਦੇ ਵਾਲਿਦ ਯੂਸਫ ਜਈ ਕਬੀਲੇ ਦੇ ਸਨ। ਤਨਵੀਰ ਤਖੱਲਸ ਦੀ ਜ਼ਰੂਰਤ ਉਹਨਾਂ ਨੂੰ ਸ਼ਾਇਰੀ ਦੇ ਝੱਸ ਵੇਲੇ ਪਈ। ਬਾਬਾ ਨੇ ਨਾ ਰੱਖਿਆ ਸੀ-ਹਬੀਬ ਅਹਿਮਦ। ਇਸ ਤਰਾਂ ਪੂਰਾ ਨਾਂ ਬਣਦਾ ਸੀ ਹਬੀਬ ਅਹਿਮਦ ਯੂਸਫ ਜਈ ਖਾਨ ਤਨਵੀਰ। ਹਬੀਬ ਸਾਹਿਬ ਅਕਸਰ ਵਾਲਿਦ ਦੀ ਵਸੀਅਤ ਦਾ ਜਿਕਰ ਕਰਦੇ ਹੋਏ ਕਹਿੰਦੇ ਹੁੰਦੇ ਸਨ :
ਆਖਰੀ ਵਕਤ ਵਾਲਿਦ ਦੀਆਂ ਦੋ ਇੱਛਾਵਾਂ ਸਨ। ਪਹਿਲੀ ਦਾ ਜ਼ਿਕਰ ਉਹ ਅਕਸਰ ਕਰਦੇ ਸਨ ਕਿ ਉਸ ਸੂਦਖੋਰ ਹਿੰਮਤ ਲਾਲ ਦੇ 19 ਰੁਪਏ 75 ਪੈਸੇ ਲਾਜਮੀ ਵਾਪਸ ਕਰ ਦੇਵੀਂ। ਅੱਬਾ ਨੇ ਇਹ ਪੈਸਾ ਵਿਆਜ ਤੇ ਲਿਆ ਸੀ। ਉਹ ਵਿਆਜ ਤੇ ਪੈਸਾ ਲੈਣ ਅਤੇ ਦੇਣ ਦੋਹਾਂ ਨੂੰ ਗੁਨਾਹ ਮੰਨਦੇ ਸਨ ਅਤੇ ਹਿੰਮਤ ਲਾਲ ਦੇ ਵਿਆਜ ਕਰਨ ਉਹ ਖੁਦ ਨੂੰ ਪੂਰੀ ਤਰਾਂ ਗੁਨਾਹਗਾਰ ਮੰਨਦੇ ਰਹੇ ਸਨ। ਵਸੀਅਤ ਵਿੱਚ ਅੱਬਾ ਨੇ ਕਿਹਾ ਸੀ ਕਿ ਮੈਂ ਪੇਸ਼ਾਵਰ ਜਰੂਰ ਜਾਵਾਂ। ਹਿੰਮਤ ਲਾਲ ਤਾਂ ਕਦੇ ਮਿਲੇ ਨਹੀਂ ਲੇਕਿਨ ਪੇਸ਼ਾਵਰ ਜਾਣ ਲਈ ਕਈ ਕੋਸ਼ਿਸਾਂ ਕੀਤੀਆਂ। 1958 ਤੋਂ ਬਾਅਦ ਪੇਸ਼ਾਵਰ ਜਾਣ ਲਈ ਬਹੁਤ ਜੱਦੋਜ਼ਹਿਦ ਕੀਤੀ। 1972 ਵਿਚ ਕਾਬੁਲ ਗਿਆ ਉਸ ਸਮੇਂ ਮੈਂ ਸਾਂਸਦ ਸੀ। ਕਾਬੁਲ ਤੋਂ ਪੇਸ਼ਾਵਰ ਬਹੁਤ ਨੇੜੇ ਹੈ। ਉਸ ਵਕਤ ਬੰਗਲਾ ਦੇਸ਼ ਅਲੱਗ ਹੋ ਗਿਆ ਸੀ। ਮੇਰੇ ਦੇਖਦੇ ਦੇਖਦੇ ਕਈ ਲੋਕ ਭੱਜ ਰਹੇ ਸਨ, ਪਰੇਸ਼ਾਨ ਹੋ ਕੇ ਸਵਾਤ ਤੋਂ (ਸਵਾਤ ਘਾਟੀ) ਇਹ ਸਭ ਮੈਂ ਖੁਦ ਦੇਖਿਆ ਸੀ, ਉਸ ਦੌਰ ਵਿੱਚ। ਮਾਹੌਲ ਵਿੱਚ ਤਣਾਅ ਘੁਲਿਆ ਹੋਇਆ ਸੀ। ਪੇਸ਼ਾਵਰ ਜਾਣਾ ਨਾਮੁਮਕਿਨ ਹੋ ਗਿਆ ਸੀ। ਵੱਡੇ ਭਾਈ ਅਕਸਰ ਪੇਸ਼ਾਵਰ ਦੇ ਖ਼ੂਬਸੂਰਤ ਬਾਜ਼ਾਰ ਕਿੱਸਾ ਖਾਨੀ, ਛੋਲੇ ਤੇ ਮੇਵਿਆਂ ਦਾ ਜ਼ਿਕਰ ਬੜੇ ਚਾਅ ਨਾਲ ਕਰਦੇ ਸਨ। ਸੁਣਿਆ ਸੀ ਕਿ ਉੱਥੇ ਲੋਕ ਪਿਸਤੇ ਬਦਾਮਾਂ ਨਾਲ ਜ਼ੇਬਾਂ ਭਰ ਕੇ ਆਪਣੇ ਕੰਮ ਤੇ ਜਾਂਦੇ ਹਨ। ਪੇਸ਼ਾਵਰ ਜਾਣ ਦੀ ਇੱਛਾ ਬਹੁਤ ਤੇਜ ਹੋ ਰਹੀ ਸੀ ਲੇਕਿਨ ਵੀਜ਼ਾ ਸਿਰਫ ਕਰਾਚੀ ਤੱਕ ਦਾ ਹੀ ਸੀ। ਉੱਥੇ ਲੇਖਕਾਂ ਨੇ ਵੀ ਮੇਰੇ ਲਈ ਕਈ ਕੋਸ਼ਿਸ਼ਾਂ ਕੀਤੀਆਂ ਪਰੰਤੂ ਜਾਇਆ ਨਹੀਂ ਜਾ ਸਕਿਆ। ਇੱਕ ਵਾਰ ਜਲਾਲਾਬਾਦ ਗਏ ਸੀ। ਉੱਥੇ ਖਾਨ ਅਬਦੁੱਲਾ ਗੁਫਾਰ ਨਾਲ ਪੇਸ਼ਾਵਰ ਅਤੇ ਸ਼ਵਾਤ ਘਾਟੀ ਬਾਰੇ ਕਈ ਗੱਲਾਂ ਹੋਈਆਂ। ਪਰੰਤੁ ਉੱਥੋਂ ਵੀ ਪੇਸ਼ਾਵਰ ਨਹੀਂ ਸਾਂ ਜਾ ਸਕਿਆ। 1990 ਵਿੱਚ ਭਾਰਤ ਸਰਕਾਰ ਨੇ ਇੱਕ ਪ੍ਰਤੀਨਿਧ ਮੰਡਲ ਲਾਹੌਰ, ਕਰਾਚੀ ਤੇ ਇਸਲਾਮਾਬਾਦ ਵਿੱਚ ਥੀਏਟਰੀ ਗਤੀਵਿਧੀਆਂ ਲਈ ਢੁੱਕਵਾਂ ਮਾਹੌਲ ਤਲਾਸ਼ਣ ਲਈ ਭੇਜਿਆ ਸੀ। ਅਸੀਂ 'ਆਗਰਾ ਬਜ਼ਾਰ' ਦੇ ਪ੍ਰਦਰਸ਼ਨ ਲਈ ਜਗ੍ਹਾ ਲੱਭਣੀ ਸੀ ਪਰੰਤੂ ਪ੍ਰਦਰਸ਼ਨ ਵਾਲੀਆਂ ਥਾਵਾਂ ਵਿੱਚ ਕਿਤੇ ਪੇਸ਼ਾਵਰ ਦਾ ਜਿਕਰ ਨਹੀਂ ਸੀ। ਪੇਸ਼ਾਵਰ ਦੇ ਥੀਏਟਰ ਬਾਰੇ ਮੈਂ ਕਾਫੀ ਕੁੱਝ ਸੁਣਿਆ ਹੋਇਆ ਸੀ। ਉੱਥੇ ਬਹੁਤ ਬੇਹਤਰ ਥੀਏਟਰ ਸਟੇਜ ਹੈ, ਉਹ ਦੇਖਣਾ ਚਾਹੁੰਦਾ ਸਾਂ। ਪਾਕਿਸਤਾਨ ਅਥਾਰਿਟੀ ਨੇ ਬਾਰਡਰ ਧੁਖਣ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਅਸੀਂ ਤੁਹਾਨੂੰ ਉੱਥੇ ਨਹੀਂ ਭੇਜ ਸਕਦੇ। ਮੈਨੂੰ 'ਆਗਰਾ ਬਜ਼ਾਰ' ਲਈ ਵੱਡੀ ਸਟੇਜ ਚਾਹੀਦੀ ਸੀ ਜਿਸ ਵਿਚ 52 ਲੋਕ ਆ ਸਕਣ। ਸੁਣਿਆ ਹੋਇਆ ਸੀ ਕਿ ਪੇਸ਼ਾਵਰ ਦਾ ਆਡੀਟੋਰੀਅਮ ਇਸ ਲਈ ਬੇਹਤਰ ਹੈ। ਨਾਲ ਹੀ ਵਾਲਿਦ ਸਾਹਿਬ ਦੀ ਇੱਛਾ ਪੂਰੀ ਕਰਨ ਦੀ ਹਸਰਤ ਵੀ ਸਿਰ ਚੁੱਕ ਰਹੀ ਸੀ। ਅਥਾਰਟੀ ਨੂੰ ਦੱਸਿਆ ਤਾਂ ਉਹਨਾਂ ਨੇ ਬੜੀ ਮੁਸ਼ਕਿਲ ਨਾਲ ਦੋ ਦਿਨ ਲਈ ਪੇਸ਼ਾਵਰ ਜਾਣਾ ਸੰਭਵ ਬਣਾਇਆ। ਅੱਬਾ ਕਹਿੰਦੇ ਸਨ ਕਿ ਪੇਸ਼ਾਵਰ ਜਾਣਾ ਤਾਂ ਚਪਲੀ ਕਬਾਬ ਖਾਣਾ ਮੱਤ ਭੁੱਲਣਾ। ਮੈਂ ਪੇਸ਼ਾਵਰ ਦੇ ਦੋਸਤਾਂ ਨਾਲ ਇਸ ਦਾ ਜ਼ਿਕਰ ਕੀਤਾ ਤਾਂ ਉਹਨਾਂ ਕਿਹਾ ਕਿ ਤੁਸੀਂ ਦੋ ਦਿਨ ਲਈ ਇੱਥੇ ਆਏ ਹੋ ਅਤੇ ਅਫਸੋਸ ਇਹ ਹੈ ਕਿ ਇਹ ਦੋਵੇਂ ਦਿਨ 'ਮੀਟਲੈਸ' ਦਿਨ ਹਨ। ਪੇਸ਼ਾਵਰ ਵਿੱਚ ਏਨਾ ਗੋਸ਼ਤ ਖਾਧਾ ਜਾਂਦਾ ਹੈ ਕਿ ਅਗਰ ਦੋ ਦਿਨਾਂ ਲਈ ਸਰਕਾਰੀ ਰੋਕ ਨਾ ਹੋਵੇ ਤਾਂ ਈਦ ਤੇ ਗੋਸ਼ਤ ਪੂਰਾ ਨਹੀਂ ਹੋ ਸਕਦਾ। ਨਾਲ ਹੀ ਦੋ ਦਿਨਾਂ ਵਿੱਚ ਹੋਰ ਇੱਛਾ ਪੈਦਾ ਹੋ ਜਾਂਦੀ ਹੈ। ਚਲੋ ਮੇਰੀ ਕਿਸਮਤ ਨਹੀਂ ਸੀ ਕਿ ਚਪਲੀ ਕਬਾਬ ਖਾਧਾ ਜਾਵੇ, ਲੇਕਿਨ ਫਿਰ ਵੀ ਬਾਪ ਦੀ ਵਸੀਅਤ ਪੂਰੀ ਕੀਤੀ, ਇਸ ਦਾ ਸਕੂਨ ਸੀ।
1972 ਵਿਚ ਸਰਕਾਰ ਵੱਲੋਂ ਇੱਕ ਫ਼ੁਰਮਾਨ ਮਿਲਿਆ ਕਿ ਪਤਾ ਲਗਾਓ ਕਿ ਕਾਬੁਲ ਵਿੱਚ ਥੀਏਟਰ ਵਰਕਸ਼ਾਪ ਹੋ ਸਕਦੀ ਹੈ ਜਾਂ ਨਹੀਂ। ਮੈਂ ਵੱਡੇ ਭਾਈ ਸੱਜ਼ਾਦ ਜ਼ਹੀਰ ਨਾਲ ਕਾਬੁਲ ਪਹੁੰਚਿਆ। ਕਾਫੀ ਪੀਂਦੇ ਹੋਏ ਅਸੀਂ ਕਾਬੁਲ ਵਿੱਚ ਥੀਏਟਰ ਦੀਆਂ ਗੱਲਾਂ ਕੀਤੀਆਂ। ਉੱਥੇ ਜਬਰਦਸਤ ਲੋਕ ਥੀਏਟਰ ਹੈ। ਅਫ਼ਗਾਨ ਦੀਆਂ ਤਵਾਇਫ਼ਾਂ ਦਾ ਨਾਚ ਲਗਾਤਾਰ ਚਲਦਾ ਹੈ। ਫਿਰ ਵੀ ਇਹ ਰਾਈ ਬਰਾਬਰ ਹੈ। ਉੱਥੋਂ ਦਾ ਕਾਫੀ ਸਾਰਾ ਫੋਕ ਆਰਟ ਅਜੇ ਵੀ ਦੱਬਿਆ ਪਿਆ ਹੈ। ਐਨਰਜੀ ਨਾਲ ਭਰਪੂਰੀ ਉਹਨਾਂ ਦੇ ਮੂਵਮੈਂਟ ਬਹੁਤ ਊਰਜਾ ਨਾਲ ਭਰੇ ਹੋਏ ਹਨ ਅਤੇ ਖੂਬਸੂਰਤ ਵੀ ਹਨ। ਤਵਾਇਫ਼ਾਂ ਦਾ ਨਾਚ ਤਕਰੀਬਨ ਖੁੱਲ੍ਹੇ ਥਾਂ ਤੇ ਹੁੰਦਾ ਹੈ ਜਾਂ ਫਿਰ ਕਨਾਤਾਂ ਲਾ ਲਈਆਂ ਜਾਂਦੀਆਂ ਹਨ। ਪਿਛਲੇ ਬੈਂਚਾਂ ਤੇ ਦਰਸ਼ਕ ਬੈਠੇ ਰਹਿੰਦੇ ਹਨ। ਮੈਂ ਤੇ ਸੱਜਾਦ ਉੱਥੇ ਹੀ ਬੈਠੇ। ਚਾਹ, ਕਾਫੀ ਮੂੰਗਫਲੀ ਵਿਕ ਰਹੀ ਸੀ। ਇਹੀ ਮਨੋਰੰਜਨ ਸੀ ਉਸ ਵਕਤ ਦੇ ਅਫਗਾਨਿਸਤਾਨ ਦਾ। ਕਲਾ ਨਾਲ ਲਬਾਲਬ ਭਰਪੂਰ ਮਾਹੌਲ ਸੀ ਹੋ ਉਹ।
ਉਹਨਾਂ ਲੋਕਾਂ ਨੂੰ ਲੈ ਕੇ ਥੀਏਟਰ ਵਰਕਸ਼ਾਪ ਕਰਨ ਦੀ ਹਸਰਤ ਸੀ। ਲੇਕਿਨ ਹਾਲਾਤ ਬਦਲੇ ਅਤੇ 1990 ਤੋਂ ਬਾਅਦ ਏਸ਼ੀਆਈ ਥੀਏਟਰ ਨੂੰ ਜੋੜਨ ਲਈ ਕੀਤੇ ਜਾਣ ਵਾਲਾ ਕੰਮ ਰੁਕ ਗਿਆ। ਕਲਚਰਲ ਮੂਵਮੈਂਟ ਬੰਦ ਹੋ ਗਈ। ਹਾਲਾਂਕਿ ਅਸੀਂ ਇੰਤਜਾਰ ਕਰ ਰਹੇ ਸਾਂ ਕਿ ਹਾਲਾਤ ਬਦਲਣਗੇ ਤਾਂ ਵਰਕਸ਼ਾਪ ਹੋ ਜਾਏਗੀ। ਬਸੰਤ ਦੇ ਮੌਸਮ ਵਿੱਚ ਇੱਕ ਟੋਕਰੀ ਆਈ, ਡਰਾਈ ਫਰੂਟ ਦੀ, ਇਸ ਵਿਚ ਕੋਈ ਮੈਸਜ ਨਹੀਂ ਸੀ- ਬੱਸ ਏਨਾ ਲਿਖਿਆ ਸੀ-"ਕਸ਼ਮੀਰ ਇਸ਼ ਰਾਈਜ਼।" ਅਸੀਂ ਸਮਝ ਗਏ ਕਿ ਹੁਣ ਉੱਥੇ ਡਰਾਮੇ ਲਈ ਕੋਈ ਜਮੀਨ ਨਹੀਂ ਬਚੀ ਹੈ। ਇਸ ਤਰਾਂ ਇਹ ਹਸਰਤ ਅਧੂਰੀ ਹੀ ਹੈ।
ਇੱਛਾ ਨਾ ਪੂਰੀ ਹੋਣ ਦਾ ਦੁਖਦ ਪ੍ਰਸੰਗ
ਹਬੀਬ ਸਾਹਿਬ ਚਲੇ ਗਏ, ਸ਼ਾਇਦ ਆਪਣੀ ਉਮਰ ਕਰਕੇ, ਸ਼ਾਇਦ ਆਪਣੀ ਬੀਮਾਰੀ ਕਰਕੇ ਤੇ ਇਹ ਵੀ ਕਿਤੇ ਲਗਦਾ ਹੈ ਕਿ ਉਹ ਆਪਣੀ ਉਮਰ ਤੇ ਬੀਮਾਰੀ ਨੂੰ ਕੁੱਝ ਸਮਾਂ ਹੋਰ ਜਿੱਤ ਲੈਂਦੇ, ਪਰੰਤੂ ਹਬੀਬ ਸਾਹਿਬ ਚਲੇ ਗਏ ਆਪਣੇ ਟੁੱਟੇ ਸੁਪਨੇ ਕਰਕੇ, ਸਰਕਾਰ ਦੀਆਂ ਬਦਨੀਤੀਆਂ ਤੇ ਨਲਾਇਕੀਆਂ ਕਰਕੇ। ਬਕੌਲ ਸ਼ਕੇਬ ਜਲਾਲੀ: "ਹਬੀਬ ਸਾਹਿਬ ਦੇ ਸਾਡੇ ਕੋਲੋਂ ਚਲੇ ਜਾਣ ਦਾ ਇੱਕ ਕਾਰਨ ਮੈਂ ਵੀ ਜਾਣਦਾ ਹਾਂ। ਉਹ ਕਾਰਨ ਜਿਸ ਨੇ ਨਾ ਕੇਵਲ ਊਹਨਾਂ ਨੂੰ ਸਾਥੋਂ ਦੂਰ ਕੀਤਾ ਬਲਕਿ ਹਬੀਬ ਸਾਹਿਬ ਦੇ ਸੁਪਨਿਆਂ ਨੂੰ ਵੀ ਤੋੜਿਆ ਹੈ।"
ਜੀ ਹਾਂ ਹਬੀਬ ਸਾਹਿਬ ਦਾ ਇੱਕ ਸੁਪਨਾ ਸੀ ਕਿ ਉਹ ਕਲਾਕਾਰਾਂ ਲਈ ਮੱਧ ਪ੍ਰਦੇਸ਼ ਵਿਚ ਇੱਕ ਨਵਾਂ ਥੀਏਟਰ ਬਣਾਏ, ਜਿਸ ਵਿੱਚ ਇਕ ਹੀ ਛੱਤ ਥੱਲੇ ਕਾਲਕਾਰਾਂ ਲਈ ਉਹ ਸਾਰੀਆਂ ਸੁਵਿਧਾਵਾਂ ਹੋਣ ਜੋ ਇਕ ਆਮ ਕਲਾਕਾਰ ਨੂੰ ਨਹੀਂ ਮਿਲ ਸਕਦੀਆਂ। ਕਲਾਕਾਰ ਦੀ ਜਿਸ ਪੀੜਾ ਨੂੰ ਹਬੀਬ ਸਾਹਿਬ ਦੂਰ ਕਰਨਾ ਚਾਹੁੰਦੇ ਸਨ ਉਹ ਪੀੜਾ ਕਦੇ ਉਹਨਾਂ ਨੇ ਖੁਦ ਝੱਲੀ ਸੀ। ਦਰਅਸਲ ਹਬੀਬ ਸਾਹਿਬ ਜਿਹੜਾ ਨਵਾਂ ਥੀਏਟਰ ਬਣਾਉਣਾ ਚਾਹੁੰਦੇ ਸਨ, ਉਸ ਦੇ ਲਈ ਕੇਂਦਰ ਅਤੇ ਰਾਜ ਸਰਕਾਰ ਤੋਂ ਉਹ ਲੰਮੇ ਸਮੇਂ ਤੋਂ ਮੰਗ ਕਰ ਰਹੇ ਸਨ। ਉਹਨਾਂ ਨੂੰ ਸਾਲ 2000 ਵਿੱਚ ਦਿੱਲੀ ਦੇ ਬੇਗੁਸਰਾਏ ਵਿੱਚ ਜਮੀਨ ਦੇ ਦਿੱਤੀ ਗਈ ਲੇਕਿਨ ਬਾਅਦ ਵਿੱਚ ਜਦੋਂ 'ਖੇਡ ਪਿੰਡ' ਦੀ ਗੱਲ ਚੱਲੀ ਤਾਂ ਉਹਨਾਂ ਤੋਂ ਜਮੀਨ ਖੋਹ ਲਈ ਗਈ। ਹਬੀਬ ਸਾਹਿਬ ਨੇ ਹਾਰ ਨਹੀਂ ਮੰਨੀ ਅਤੇ ਆਪਣੇ ਸੰਘਰਸ਼ ਨੂੰ ਜ਼ਾਰੀ ਰੱਖਿਆ। ਉਸ ਨੇ ਆਪਣੀ ਮੰਗ ਅਤੇ ਯੋਜਨਾ ਬਾਰੇ ਤਤਕਾਲੀ ਮੁੱਖ ਮੰਤਰੀ ਦਿਗਵਿਜੈ ਸਿੰਘ ਨੂੰ ਵੀ ਦੱਸਿਆ।
ਦਿਗਵਿਜੈ ਸਿੰਘ ਨੇ ਸਾਲ 2000 ਵਿੱਚ ਹੀ ਰਾਜਧਾਨੀ ਭੋਪਾਲ ਕੋਲ ਬਾਵੜੀਆਂ ਕਲਾ ਪਿੰਡ ਵਿਚ 60 ਏਕੜ ਜਮੀਨ ਅਲਾਟ ਕਰ ਦਿੱਤੀ। ਹਬੀਬ ਸਾਹਿਬ ਆਪਣੇ ਰੁੱਝੇਵਿਆਂ ਕਰਕੇ ਕੁੱਝ ਦੇਰ ਉੱਥੇ ਕੰਮ ਨਹੀਂ ਸ਼ੁਰੂ ਕਰ ਸਕਿਆ। ਇਸ ਗੱਲ ਦਾ ਫਾਇਦਾ ਉਠਾ ਕੇ ਇੱਕ ਸਥਾਨਕ ਭੂ ਮਾਫੀਏ ਨੇ ਉਸ ਜਮੀਨ ਤੇ ਕਬਜ਼ਾ ਕਰ ਲਿਆ। ਮਾਮਲਾ ਸਥਾਨਕ ਅਦਾਲਤ ਤੱਕ ਗਿਆ ਅਤੇ ਸਾਲ 2005 ਵਿੱਚ ਅਦਾਲਤ ਨੇ ਹਬੀਬ ਸਾਹਿਬ ਦੇ ਪੱਖ ਵਿੱਚ ਫੈਸਲਾ ਸੁਣਾਇਆ। ਇਸ ਤੋਂ ਬਾਅਦ ਹਬੀਬ ਸਾਹਿਬ ਅਤੇ ਉਹਨਾਂ ਦੇ ਸ਼ਾਗਿਰਦਾਂ ਨੇ ਮਿਲ ਕੇ ਉਸ ਜਮੀਨ ਤੇ Ḕਨਵਾਂ ਥੀਏਟਰ ਮਤਲਬ ਗਲੋਬਲ ਵਰਕਸ਼ਾਪ ਬਣਾਉਣ ਦਾ ਕੰਮ ਸ਼ੁਰੂ ਕਰਨ ਦੀਆਂ ਤਿਆਰੀਆਂ ਕਰ ਲਈਆਂ। ਇਸ ਦੌਰਾਨ ਹਬੀਬ ਸਾਹਿਬ ਇੱਕ ਵਾਰ ਫੇਰ ਰੁੱਝ ਗਏ ਤੇ ਇੱਕ ਵਾਰ ਫਿਰ Ḕਨਵਾਂ ਥੀਏਟਰḔ ਬਣਾਉਣ ਦੀ ਗੱਲ ਆਈ ਗਈ ਹੋ ਗਈ। ਇਸ ਤੋਂ ਬਾਅਦ ਜੁਨ 2008 ਵਿਚ ਹਬੀਬ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਜਮੀਨ ਤੇ ਲੱਗੇ ਰੁੱਖ ਕੱਟੇ ਜਾ ਰਹੇ ਹਨ ਤਾਂ ਉਹ ਫਿਰ ਦੁਖੀ ਹੋ ਗਏ। ਮਾਮਲੇ ਦੀ ਸੂਚਨਾ ਰਾਜਧਾਨੀ ਦੇ ਸ਼ਾਹਪੁਰਾ ਥਾਣੇ ਵਿਚ ਦਿੱਤੀ ਲੇਕਿਨ ਉੱਥੋਂ ਭਰੋਸੇ ਤੇ ਲਾਰਿਆਂ ਤੋਂ ਵੱਧ ਕੁੱਝ ਨਾ ਮਿਲਿਆ। ਜਦੋਂ ਕਲੈਕਟਰ ਮਨੀਸ਼ ਰਸਤੋਗੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਤੁਰੰਤ ਮਾਮਲੇ ਵਿੱਚ ਦਖਲਅੰਦਾਜੀ ਕੀਤੀ ਅਤੇ ਕਬਜ਼ਾਧਾਰੀਆਂ ਨੂੰ ਉੱਥੋਂ ਹਟਾਇਆ। ਪਰੰਤੂ ਵਾਰ ਵਾਰ ਇਹੀ ਸਿਲਸਿਲਾ ਚਲਦਾ ਰਿਹਾ। ਵਾਰ ਵਾਰ ਸਰਕਾਰ ਨੂੰ ਯਾਦ ਕਰਾਇਆ ਗਿਆ। ਪਰੰਤੂ ਨਤੀਜ਼ਾ ਉਹੀ-ਪੈਂਚਾਂ ਦਾ ਕਿਹਾ ਸਿਰ ਮੱਥੇ...... ਆਖਿਰ ਉਹ ਦਿਨ ਵੀ ਆ ਗਿਆ ਜਦੋਂ ਹਬੀਬ ਆਪਣੇ ਟੁੱਟੇ ਹੋਏ ਸੁਪਨੇ ਦੀ ਲਾਸ਼ ਸਮੇਟ ਇਸ ਦੁਨੀਆਂ ਤੋਂ ਵਿਦਾ ਹੋ ਗਿਆ। ਸ਼ਾਇਦ ਹਬੀਬ ਨੂੰ ਆਪਣੇ ਅੰਤਮ ਸਮੇਂ ਦਾ ਅਹਿਸਾਸ ਹੋ ਗਿਆ ਸੀ, ਇਸ ਲਈ ਉਹਨਾਂ ਨੇ ਇੱਕ ਮਹੀਨਾ ਪਹਿਲਾਂ ਨਵੇਂ ਥੀਏਟਰ ਲਈ ਆਪਣੇ ਸ਼ਾਗਿਰਦਾਂ ਦੀ ਇੱਕ ਕਮੇਟੀ ਬਣਾ ਦਿੱਤੀ।
ਹੁਣ ਸਭ ਤੋਂ ਮਹੱਤਵਪੂਰਣ ਸੁਆਲ ਇਹ ਹੈ ਕਿ ਜਦੋਂ ਹਬੀਬ ਸਾਹਿਬ ਖੁਦ ਆਪਣੇ ਸੁਪਨੇ ਨੂੰ ਪੂਰਾ ਨਹੀਂ ਕਰ ਸਕੇ ਤਾਂ ਕੀ ਕੋਈ ਹੋਰ ਕਰ ਸਕੇਗਾ? ਸੰਭਾਵਤ ਤੌਰ ਤੇ ਅਸੀਂ ਜੁਆਬ ਹਾਂ ਵਿੱਚ ਹੀ ਚਾਹਾਂਗੇ, ਲੇਕਿਨ ਇਸ ਦੀ ਗੁੰਜਾਇਸ਼ ਬਹੁਤ ਘੱਟ ਹੈ। ਹਾਂ ਤਦ ਹੋ ਸਕਦਾ ਹੈ ਜੇਕਰ ਹਬੀਬ ਸਾਹਿਬ ਦੇ ਤਮਾਮ ਸ਼ਾਗਿਰਦ ਤੇ ਹੋਰ ਕਲਾਕਾਰ ਮਿਲ ਕੇ ਸਰਕਾਰ ਦੇ ਮਗਰ ਪੈ ਜਾਣ। ਇੰਝ ਹੋਣਾ ਹੀ ਚਾਹੀਦਾ ਹੈ।
ਆਖਰੀ ਗੱਲ
ਉਮਰ ਦਾ ਆਖਰੀ ਹਿੱਸਾ ਭਵਿੱਖ ਦਾ ਬਿਹਤਰ ਭਾਰਤ ਸਿਰਜਣ ਦਾ ਖੰਡਤ ਸੁਪਨਾæææ ਲੋਕ ਥੀਏਟਰ ਉਸਾਰਨ ਦੇ ਰਾਹ ਵਿੱਚ ਆਈਆਂ ਅੜਚਣਾਂ ਨੇ ਹਬੀਬ ਨੂੰ ਉਦਾਸ ਕਰ ਦਿੱਤਾ ਤੇ 2005 ਵਿਚ ਵਿੱਚ ਹਮਸਫਰ ਮੋਨਿਕਾ (ਜਿਸ ਨੂੰ ਹਬੀਬ ਨੇ ਬੇਇੰਤਹਾ ਪਿਆਰ ਕੀਤਾ) ਦੇ ਵਿਛੋੜੇ ਨਾਲ ਹਬੀਬ ਬਿਲਕੁਲ ਟੁੱਟ ਗਿਆ। ਉਸ ਦੇ ਬਾਅਦ ਵੀ ਅਗਰ ਉਹ ਜਿੰਦਾ ਸਨ ਤਾਂ ਇਸ ਦੀ ਵਜ੍ਹਾ ਸ਼ਾਇਦ ਉਹਨਾਂ ਦੀਆਂ ਰਾਹਾਂ ਵਿੱਚ ਦੌੜਦਾ ਰੰਗ ਕਰਮ ਸੀ, ਜੋ ਉਸ ਨੂੰ ਆਪਣੇ ਤੈਅ ਕੀਤੇ ਮਿਸ਼ਨ ਨੂੰ ਪੂਰਾ ਕੀਤੇ ਬਿਨਾ ਜਾਣ ਦੀ ਇਜਾਜਤ ਨਹੀਂ ਸੀ ਦੇ ਰਿਹਾ ਤੇ ਉਹ ਆਪਣੇ ਇਸੇ ਸੁਪਨੇ ਦੀ ਪੂਰਤੀ ਲਈ ਆਖਰੀ ਦਮ ਤੱਕ ਲੜਦੇ ਵੀ ਰਹੇ ਪਰ ਕਿਤੇ ਨਾ ਕਿਤੇ ਸ਼ਾਇਦ ਉਹਨਾਂ ਨੂੰ ਆਪਣੀ ḔਅਲਵਿਦਾḔ ਦਾ ਅਹਿਸਾਸ ਹੋ ਗਿਆ ਸੀ, ਇਸੇ ਕਰਕੇ ਉਹ ਆਪਣੇ ਆਖਿਰੀ ਦਿਨਾਂ ਵਿੱਚ ਆਪਣੀ ਜ਼ਿੰਦਗੀ ਦੇ ਅਣਛੂਹੇ ਪਹਿਲੂਆਂ ਨੂੰ ਕਲਮਬੱਧ ਕਰਨ ਦੇ ਕਾਰਜ ਵਿੱਚ ਲੱਗ ਗਏ ਸਨ ਤੇ ਉਹ ਇਸ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਇੱਛਾ ਦਾ ਜ਼ਿਕਰ ਕਈ ਵਾਰ ਆਪਣੇ ਪ੍ਰੇਮੀਆਂ ਅਤੇ ਸ਼ੁਭ ਚਿੰਤਕਾਂ ਅੱਗੇ ਕਰ ਵੀ ਚੁੱਕੇ ਹਨ। ਤਿੰਨ ਖੰਡਾਂ ਵਿੱਚੋਂ ਪਹਿਲਾਂ ਖੰਡ ਸਵੈਜੀਵਨੀ ਦਾ ਮੁਕੰਮਲ ਹੋਇਆ ਜਿਸ ਵਿੱਚ ਉਸ ਨੇ ਸ਼ੁਰੂਆਤੀ ਸੰਘਰਸ਼ ਤੋਂ ਲੈ ਕੇ ਰੰਗਮੰਚ ਨੂੰ ਨਵਾਂ ਰੂਪ ਦੇਣ ਲਈ ਕੀਤੀਆਂ ਕੋਸ਼ਿਸਾਂ ਦਾ ਵੇਰਵਾ ਦਰਜ ਕੀਤਾ ਹੈ। ਦੂਸਰੇ ਭਾਗ ਵਿੱਚ ਉਹ ਆਪਣੀ ਤੇ ਮੋਨਿਕਾ ਦੀ ਪ੍ਰੇਮ ਕਹਾਣੀ ਦੇ ਅਣਛੂਹੇ ਪਲ ਸਮੇਟਣਾ ਚਾਹੁੰਦੇ ਸਨ ਤੇ ਤੀਸਰੇ ਭਾਗ ਵਿਚ ਉਹਨਾਂ ਚਿੱਤਰਾਂ ਦਾ ਸੰਗ੍ਰਹਿ ਦਰਜ ਕਰਨ ਚਾਹੁੰਦੇ ਸਨ ਜਿਹੜੇ ਹਬੀਬ ਤਨਵੀਰ ਦੀ ਹੋਂਦ ਅਤੇ ਸੰਘਰਸ਼ ਦੀ ਕਹਾਣੀ ਬਿਆਨਦੇ। ਪਹਿਲਾ ਖੰਡ ਪੂਰਾ ਹੋ ਗਿਆ। ਦੂਜੇ ਖੰਡ ਵਿੱਚ ਉਹ ਪ੍ਰੇਮਿਕਾ ਤੋਂ ਪਤਨੀ ਬਣੀ ਮੋਨਿਕਾ ਮਿਸ਼ਰਾ ਨਾਲ ਜੁੜੀਆਂ ਯਾਦਾਂ ਨੂੰ ਅਜੇ ਗੁੰਦਣ ਲੱਗੇ ਹੀ ਸਨ ਕਿ ਉਹਨਾਂ ਤੇ ਬੀਮਾਰੀ ਦਾ ਹਮਲਾ ਹੋਇਆ ਤੇ ਉਹਨਾਂ ਦੀ ਜ਼ਿੰਦਗੀ ਇੱਥੇ ਹੀ ਆ ਕੇ ਠਹਿਰ ਗਈ ਤੇ ਨਾਲ ਹੀ ਠਹਿਰ ਗਈ ਸਵੈਜੀਵਨ ਕੁੱਝ ਪੂਰੀ ਤੇ ਕੁੱਝ ਅਧੂਰੀ। ਕੌਣ ਕਰੇਗਾ ਪੂਰੀ ਕਿਉਂਕਿ ਹਬੀਬ ਤਨਵੀਰ ਕਦੇ ਕਦੇ ਹੀ ਪੈਦਾ ਹੁੰਦੇ ਹਨ।
Subscribe to:
Post Comments (Atom)
No comments:
Post a Comment