Saturday, July 24, 2010

ਲੰਮੀਂ ਚੁੱਪ ਤੋਂ ਬਾਦ ਦਾ ਦਸਤਖ਼ਤ-ਜਰਨੈਲ ਘੁਮਾਣ

ਪੰਜਾਬੀ ਗੀਤਕਾਰੀ ਮੈਦਾਨ ਦੇ ਯੋਧੇ ਅਤੇ ਸੁਰਾਂ ਦੇ ਛੇੜੂਆਂ ਨੂੰ ਇਹ ਗੱਲ ਦੱਸਣ ਦੀ ਕਦੇ ਵੀ ਜਰੂਰਤ ਨਹੀਂ ਪਵੇਗੀ ਕਿ ਜਰਨੈਲ ਘੁਮਾਣ ਕੌਣ ਹੈ ? ਸ਼ਾਇਰੀ ਦੇ ਪਿੜ ਦੇ ਬਹੁਤੇ ਹਸਤਾਖ਼ਰ ਵੀ ਉਸ ਦੇ ਸਭਿੱਆਚਾਰਕ ਗੀਤਾਂ ਦੇ ਮੁਹਾਵਰੇ ਨੂੰ ਬਹੁਤ ਚੰਗੀ ਤਰਾਂ ਜਾਣਦੇ ਨੇ।ਉਸ ਦੇ ਗੀਤਾਂ ਵਿਚਲੇ ਨਾਇਕਾਂ ਦੇ ਦਰਸ਼ਨ ਬੇਸ਼ੱਕ ਅੱਜ ਦੇ ਜੀਵਨ ਵਿੱਚ ਬਹੁਤ ਘੱਟ ਨਜ਼ਰ ਆਉਂਦੇ ਨੇ, ਪਰ ਉਹ ਨਾਇਕ ਰੂਪੀ ਲੋਕ ਅੱਜ ਵੀ ਉਸਦੇ ਨਾਲ ਤੁਰਦੇ ਨੇ.. .. .. ਭਾਵੇਂ ਦੇਰ ਬਾਦ ਹੀ ਸਹੀ ਅੱਜ ਫੇਰ ਉਸਦੀ ਕਲਮ ਨੇ ਅੰਗੜਾਈ ਭਰੀ ਹੈ ਹੈ ਅਤੇ ਗੀਤਕਾਰੀ ਦੇ ਵਿਹੜੇ ਅੰਦਰ ਹੀ ਸ਼ਾਇਰੀ ਨੁਮਾ ਸ਼ਬਦਾਂ ਦੀ ਤੰਦ ਵਿਹੜਾ ਸੰਭਰਕੇ ਲੋਕ-ਪੱਖੀ ਚਰਖੇ ਉੱਪਰ ਕੱਤੀ ਗਈ ਹੈ ਇਸ ਵਾਸਤੇ ਉਸਦੀ ਇਸ ਖੂਬਸੂਰਤ ਆਮਦ ਦਾ ਮੈਂ ਸਵਾਗਤ ਕਰਦਾ ਹਾਂ !

ਸਭਿਆਚਾਰ ਦੇ ਵਾਰਿਸ ਵੀਰੋ

ਮਾਂ ਬੋਲੀ ਦੇ ਸੇਵਾਦਾਰੋ , ਕੁੱਝ ਨਾ ਕੁੱਝ ਤਾਂ ਸ਼ਰਮ ਕਰੋ ।
ਮਾਂ ਦੇ ਕਪੜੇ ਲੀਰਾਂ ਕਰਕੇ , ਨਾ ਜੇਬਾਂ ਨੂੰ ਗਰਮ ਕਰੋ ।

ਇੱਕ ਨਾ ਇੱਕ ਦਿਨ, ਦਮ ਘੁੱਟ ਜਾਣੀ , ਹੋ ਕੇ ਅਤਿ ਲਾਚਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਯਮਲੇ ਜੱਟ ਦੀ ਤੂੰਬੀ ਵਾਲੀ , ਤਾਰ ਤੋੜ ਕੇ ਬਹਿ ਗਏ ਓ ।
ਭੁੱਲ ਕੇ ਆਪਣਾ ਅਸਲੀ ਵਿਰਸਾ ,ਕਿਹੜੇ ਰਸਤੇ ਪੈ ਗਏ ਓ ।
ਲ਼ੱਚਰਤਾ ਦੀ ਕਿਧਰੋਂ ਲਿਆਂਦੀ ,ਜਿੱਦ ਜਿੱਦ ਮਾਰੋ ਮਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

* ਗੀਤ ਚਲਾਉਣ ਦੀ ਖਾਤਿਰ , ਲੈਂਦੇ ਫਿਰੋਂ ਸਹਾਰਾ ਕੁੜੀਆਂ ਦਾ ।
ਫੈਸ਼ਨ ਪੱਟੀਆਂ ,ਜ਼ਾਅਲੀ ਪੰਜਾਬਣਾਂ,ਕੱਪੜਿਆਂ ਤੋਂ ਵੀ ਥੁੜੀਆਂ ਦਾ ।
ਸਾਰੇ ਤਨ ’ਤੇ ਪਾਉਣ ਨਾ ਕਪੜਾ , ਮਿਣ ਕੇ ਗਿੱਠਾਂ ਚਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਚਰਖ਼ੇ , ਡੀ.ਜੇ. ਵਾਲੇ ਥੋਡੇ , ਸਾਂਭੋ ਨਵੇਂ ਕਬੀਲੇ ਨੂੰ ।
ਲੋਕਾਂ ਵਿੱਚ ਜ਼ਲੀਲ਼ ਕਰਨ ਨਾ ,ਰੋਜ਼ੀ ਵਾਲੇ ਵਸੀਲੇ ਨੂੰ ।
ਜ਼ਾਅਲੀ ਐਕਟਿੰਗ ਬਾਜ਼ੀ ਵਾਲੇ ,ਜੰਮ ਪਏ ਨਵੇਂ ਨਚਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਨਕਲੀ ਮਾਣਕ ,ਛਿੰਦੇ , ਆ ਗਏ , ਹੰਸ ,ਸਿਕੰਦਰ ,ਜ਼ੈਜੀ ਬੀ ।
ਅਸਲੀ ਕਿਧਰੇ ਹੋਰ ਰੁੱਝ ਗਏ , ਲੋਕ ਵਿਚਾਰੇ ਸੁਨਣ ਵੀ ਕੀ ।
ਮਾਨੋ ,ਗਿੱਲੋ , ਮਾਰੋ ਹੰਭਲਾ , ਛਾ ਚੱਲਿਆ ਅੰਧਕਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਕਲਾਕਾਰ ਵੀ ਭੁੱਲ ਗਏ ਆਪਣੇ , ਗਾਇਕੀ ਦੇ ਪਹਿਰਾਵੇ ਨੂੰ ।
ਕੁੜਤਾ ਚਾਦਰਾ ,ਗਲ ਵਿੱਚ ਕੈਂਠਾ ,ਪੱਗ ’ਤੇ ਲਾਉਣਾ ਮਾਵੇ ਨੂੰ ।
ਖ਼ੱਬਲ ਵਾਗੂੰ ਵਾਲ ਖ਼ਿਲਾਰੇ , ਨਾ ਲੱਗਦੇ ਸਰਦਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਗਾਉਣ ਵਜਾਉਣ ਹੋ ਗਿਆ ਸੌਖ਼ਾ , ਜਣੇ ਖ਼ਣੇ ਨੇ ਪਾਈਆਂ ਮੁੰਦਰਾਂ ।
ਨਾ ਉਹ ਗਾਉਂਦੇ ਮਿਰਜ਼ਾ ਸੱਸੀ , ਨਾ ਉਹ ਗਾਉਦੇ ਰਾਣੀ ਸੁੰਦਰਾਂ ।
ਕਿੱਲਾ ਵੇਚ ਜ਼ਮੀਨ ਦਾ ਪੱਲਿਓ , ਕਰਨ ਤੁਰੇ ਵਪਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਚੁੱਕ ਚੱਕਾ ਕੇ ਰੀਲ ਕੱਢਾਤੀ , ਸਾਰਾ ਟੱਬਰ ਹੁੱਬ ਗਿਆ ।
ਦੋ ਤਿੰਨ ਮਹੀਨੇ ਚੱਲੇ ਪਟਾਕੇ , ਆਖਿਰ ਦਸ ਲੱਖ਼ ਡੁੱਬ ਗਿਆ ।
ਨਾ ਤਾਲ ਨਾ ਵਾਜਾ ਸਿੱਖਿਆ ,ਸੁਰੋਂ ਵੀ ਗਾਉਂਦਾ ਬਾਹਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਮਾਣਕ ਦੀਆਂ ਕਲੀਆਂ ,ਵਾਰ ਗਾ ਬੰਦਾ ਸਿੰਘ ਬਹਾਦਰ ਦੀ ।
ਗੱਲ ਕਰੋ ਸਦੀਕ ਜੇਹੀ ,ਕਿਸੇ ਅੱਲ੍ਹੜ ਕੱਢਦੀ ਚਾਦਰ ਦੀ ।
ਦਿਲ ਟੁੰਬਦੇ ਸੀ ,ਸੁਨਣ ਵਾਲੇ ਦਾ , ਗਾਣੇ ਸਦਾ ਬਹਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਮਾਂ ਬੋਲੀ ਦੀ ਸੇਵਾ ਜੇ ਕਰ , ਸੱਚ ਮੁੱਚ ਕਰਨਾ ਚਾਹੁੰਦੇ ਹੋ ।
ਟੱਪੇ, ਢੋਲਾ, ਮਾਹੀਆ ਗਾਓ ,ਕਿਉਂ ਮਿਸ ਕਾਲਾਂ ਗਾਉਂਦੇ ਹੋ ।
ਗੀਤਾਂ ਦੇ ਵਿੱਚ ਫਿਰੇ ਭੂਸਰੀ , ਪੰਜਾਬਣ ਨਾ ਮੁਟਿਆਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਧੀਆਂ ਭੈਣਾਂ ਨੇ ਕਾਲਜ ਦੇ ਵਿੱਚ , ਜਾਂਦੀਆਂ ਕਰਨ ਪੜ੍ਹਾਈਆਂ ਨੂੰ ।
ਗੀਤਾਂ ਦੇ ਵਿੱਚ ਫਿਰੋਂ ਵਿਖ਼ਾਉਂਦੇ , ਆਸ਼ਕੀ ਅਤੇ ਲੜਾਈਆਂ ਨੂੰ ।
ਮੋਬਾਇਲ ਫੋਨ ਵੀ ਇਸ਼ਕ ਮੁਸ਼ਕ ਲਈ ,ਲੈ ਆਏ ਹਥਿਆਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ , ਸੰਭਲੋ ਸਭ ਨੂੰ ਕਹਿ ਦੇਵੋ ।
ਠੀਕ ਹੀ ਗਾਓ, ਠੀਕ ਗਵਾਓ , ਨਾ ਗਲਤ ਬੰਦੇ ਨੂੰ ਛਹਿ ਦੋਵੋ ।
ਤੁਸੀਂ ਹੀ ਕਰਲੋ , ਏਸ ਪਾਸੇ ਕੁੱਝ , ਕਰਦੀ ਨਾ ਸਰਕਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਮਾੜੀ ਗਾਇਕੀ , ਮਾੜੇ ਗੀਤਾਂ , ਉਪਰ ਜਦ ਤੱਕ ਰੋਕ ਨਹੀਂ ।
ਜਾਂ ਫਿਰ ਮਾੜਾ ਸੁਣਨੋ ਜਦ ਤੱਕ ,ਖ਼ੁਦ ਹੀ ਹੱਟਦੇ ਲੋਕ ਨਹੀਂ ।
ਕੈਂਸਰ ਜਿਹੀ ਬਿਮਾਰੀ ਵੱਧ ਗਈ ,ਹੋਣਾ ਨਹੀਂ ਸੁਧਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਮੈਂ ਨਹੀਂ ਕਹਿੰਦਾ ਗਾਇਕ ਭਰਾ ਵੀ ,ਕਰ ਗਏ ਕਿਉਂ ਤਰੱਕੀ ਨੂੰ ।
ਲੱਚਰਤਾ ਦੇ ਰੋੜ ਪੀਹ ਰਹੀ , ਬਦਲੋ ਪਹਿਲਾਂ ਚੱਕੀ ਨੂੰ ।
ਸੌਖੇ ਰਹਿਣਾ ਛੇਤੀ ਛੇਤੀ , ਲਾਹ ਦਿਓ ਸਿਰ ਤੋਂ ਭਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

• ਸਮੇਂ ਨਾਲ ਬਦਲਾਅ ਜਰੂਰੀ , ਬਦਲ ਜਾਓ “ ਘੁਮਾਣ ” ਤੁਸੀਂ ।
ਮਾਂ ਬੋਲੀ ਤੇ ਵਿਰਸਾ ਬਦਲ ਕੇ , ਖੋ ਨਾ ਲਿਉ ਪਛਾਣ ਤੁਸੀਂ ।
ਸ਼ੇਰ ਪੰਜਾਬੀ ਨਾਲ ਜਾਣਦਾ , ਤੁਸਾਂ ਨੂੰ ਕੁੱਲ ਸੰਸਾਰ ਇਹ ।
ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥

1 comment:

Anonymous said...

Darvesh Sahib,Ghuman Sahib di lekhni nal sanjh pawaun li sukria.Ghuman di likhat zamane nu Shisha vakhaun 'ch kamzab rahi ae-Rup Daburji