Monday, July 19, 2010
ਮੇਲ ਕਰਾ ਦੇ ਰੱਬਾ’ ਦਰਸ਼ਕਾਂ ਅਤੇ ਸਿਨੇਮਾਂ ਸੀਟਾਂ ਦਾ ਭਰਵਾਂ ਮੇਲ / ਹਰਿੰਦਰ ਭੁੱਲਰ
‘‘ਤੇਰਾ ਮੇਰਾ ਕੀ ਰਿਸ਼ਤਾ’ ਦੀ ਸਫ਼ਲਤਾ ਤੋਂ ਬਾਅਦ ਨਿਰਦੇਸ਼ਕ ਨਵਨੀਤ ਸਿੰਘ ਦੀ ਅਗਲੀ ਫ਼ਿਲਮ ‘ਮੇਲ ਕਰਾ ਦੇ ਰੱਬਾ’ ਬਤਰਾ ਸ਼ੋਅਬਿਜ਼ ਦੀ ਪੇਸ਼ਕਸ਼ ਹੇਠ ੧੬ ਜੁਲਾਈ ਨੂੰ ਰਿਲੀਜ਼ ਹੋ ਗਈ ਹੈ।ਨਿਰਮਾਤਾ ਰਾਜਨ ਬਤਰਾ,ਵਿਵੇਕ ਓਹਰੀ ਅਤੇ ਬੱਬੀ ਕੈਂਟ ਦੁਆਰਾ ਨਿਰਮਿਤ ਇਸ ਫ਼ਿਲਮ ਨੂੰ ਧੀਰਜ ਰਤਨ ਨੇ ਲਿਖਿਆ ਹੈ। ਪ੍ਰਸਿੱਧ ਸੰਗੀਤ ਕੰਪਨੀ ਟਿਪਸ ਵੱਲੋਂ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਵਿੱਚ ਹੀਰੋ ਦੀ ਭੂਮਿਕਾ ਵਿੱਚ ਇੱਕ ਵਾਰ ਫਿਰ ਜਿੰਮੀ ਸ਼ੇਰਗਿੱਲ ਨਜ਼ਰੀਂ ਪਵੇਗਾ। ਇਸ ਫ਼ਿਲਮ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਪਹਿਲੀ ਵਾਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਵੀ ਬਤੌਰ ਹੀਰੋ ਆਇਆ ਹੈ।ਫ਼ਿਲਮ ਦੀ ਹੀਰੋਇਨ ਨੀਰੂ ਬਾਜਵਾ ਹੈ ਅਤੇ ਫ਼ਿਲਮ ਵਿੱਚ ਹਾਸੇ ਦੀਆਂ ਫੁਹਾਰਾਂ ਛੱਡਣ ਦਾ ਕੰਮ ਇਸ ਵਾਰ ਪ੍ਰਸਿੱਧ ਕਾਮੇਡੀਅਨ ਜਸਵਿੰਦਰ ਭੱਲਾ ਅਤੇ ਭੋਟੂ ਸ਼ਾਹ ਨੇ ਕੀਤਾ ਹੈ। ਬਾਕੀ ਕਲਾਕਾਰਾਂ ਵਿੱਚ ਸ਼ਵਿੰਦਰ ਮਾਹਲ, ਅਮਰ ਨੂਰੀ ਅਤੇ ਸੁਨੀਤਾ ਧੀਰ ਆਦਿ ਪ੍ਰਮੁੱਖ ਹਨ।ਫ਼ਿਲਮ ਦੀ ਫ਼ੋਟੋਗ੍ਰਾਫ਼ੀ ਪ੍ਰਸਿੱਧ ਕੈਮਰਾਮੈਨ ਹਰਮੀਤ ਸਿੰਘ ਦੀ ਹੈ ਜੋ ਕਿ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਕਈ ਨਾਮੀ ਫ਼ਿਲਮਾਂ ਦੀ ਫ਼ੋਟੋਗ੍ਰਾਫ਼ੀ ਕਰ ਚੁੱਕੇ ਹਨ। ਗੀਤਕਾਰ ਐੱਸ.ਐੱਲ ਸਾਧਪੁਰੀ, ਜੱਗੀ ਸਿੰਘ ਅਤੇ ਕੁਮਾਰ ਦੁਆਰਾ ਰਚਿਤ ਗੀਤਾਂ ਨੂੰ ਗਿੱਪੀ ਗਰੇਵਾਲ, ਦਿਲਜੀਤ ਦੁਸਾਂਝ, ਜਸਬੀਰ ਜੱਸੀ, ਫ਼ਿਰੋਜ਼ ਖਾਨ, ਸਲੀਮ ਅਤੇ ਬਹੁ-ਚਰਚਿਤ ਪਾਕਿਸਤਾਨੀ ਨੌਜਵਾਨ ਗਾਇਕ ਆਤਿਫ਼ ਅਸਲਮ ਜਿਹੇ ਪ੍ਰਸਿੱਧ ਗਾਇਕਾਂ ਨੇ ਆਪਣੀਆਂ ਆਵਾਜ਼ਾਂ ਨਾਲ ਸ਼ਿੰਗਾਰਿਆ ਹੈ।ਯਾਦ ਰਹੇ ਕਿ ਇਹ ਆਤਿਫ਼ ਅਸਲਮ ਦੁਆਰਾ ਕਿਸੇ ਵੀ ਪੰਜਾਬੀ ਫ਼ਿਲਮ ਲਈ ਗਾਇਆ ਗਿਆ ਪਹਿਲਾ ਗੀਤ ਹੈ ਇਸ ਤੋਂ ਪਹਿਲਾਂ ਉਹ ਬਾਲੀਵੁੱਡ ਦੀਆਂ ਸੁਪਰ-ਹਿੱਟ ਫ਼ਿਲਮਾਂ ‘ਰੇਸ, ‘ਪ੍ਰਿੰਸ’, ਅਤੇ ‘ਅਜ਼ਬ ਪ੍ਰੇਮ ਕੀ ਗ਼ਜ਼ਬ ਕਹਾਣੀ’ ਲਈ ਆਪਣੀ ਆਵਾਜ਼ ਦੇ ਚੁੱਕਾ ਹੈ। ਫ਼ਿਲਮ ਨੂੰ ਸੰਗੀਤਕ ਪੱਖੋਂ ਮਜ਼ਬੂਤੀ ਦੇਣ ਲਈ ਜੈ ਦੇਵ ਕੁਮਾਰ, ਅਮਨ ਹੇਅਰ ਅਤੇ ਡੀ.ਜੇ.ਸੰਝ ਜਿਹੇ ਤਿੰਨ ਪ੍ਰਸਿੱਧ ਸੰਗੀਤਕਾਰਾਂ ਨੇ ਪੂਰੀ ਵਾਹ ਲਾਈ ਹੈ। ਇਸ ਫ਼ਿਲਮ ਦੀ ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਪਹਿਲਾਂ ਇਸ ਵਿੱਚ ਗਾਇਕ ਗਿੱਪੀ ਗਰੇਵਾਲ ਨੂੰ ਬਤੌਰ ਅਦਾਕਾਰ ਹੀ ਲਿਆ ਗਿਆ ਸੀ ਅਤੇ ਉਸ ਦੁਆਰਾ ਗਾਇਆ ਕੋਈ ਵੀ ਗੀਤ ਫ਼ਿਲਮ ਵਿੱਚ ਸ਼ਾਮਿਲ ਨਹੀਂ ਸੀ ਪਰ ਬਾਅਦ ਵਿੱਚ ਟਿਪਸ ਸੰਗੀਤ ਕੰਪਨੀ ਦੇ ਜ਼ੋਰ ਦੇਣ ‘ਤੇ ਪੂਰੀ ਫ਼ਿਲਮ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਇੱਕ ਗੀਤ ‘ਸ਼ੇਰ ਬਣਕੇ’ ਉਸਦੀ ਆਵਾਜ਼ ਵਿੱਚ ਰਿਕਾਰਡ ਕੀਤਾ ਗਿਆ ਤੇ ਫਿਰ ਫ਼ਿਲਮਾਇਆ ਵੀ ਗਿਆ ਜੋ ਕਿ ਹੁਣ ਇਸ ਫ਼ਿਲਮ ਦਾ ਇੱਕ ਪ੍ਰਮੋਸ਼ਨਲ ਗੀਤ ਹੈ। ਫ਼ਿਲਮ ਦੀ ਕਹਾਣੀ ਅਜੋਕੀ ਕਾਲਜਾਂ ਵਿੱਚ ਪੜ੍ਹਦੀ ਨੌਜਵਾਨ ਪੀੜ੍ਹੀ ਦੀ ਮਨੋਦਸ਼ਾ ਨੂੰ ਪ੍ਰਗਟ ਕਰਦੀ ਹੈ ਕਿ ਕਿਵੇਂ ੳੇੇੇੁਹ ਕਾਲਜਾਂ ਵਿੱਚ ਛੋਟੇ-ਛੋਟੇ ਕਾਰਨਾਂ ਤੋਂ ਲੜਦੇ ਰਹਿੰਦੇ ਹਨ ਅਤੇ ਕਿਸ ਤਰਾਂ ਆਪਣੇ ਮਾਂ-ਬਾਪ ਨੂੰ ਝੂਠ ਬੋਲਦੇ ਹਨ। ਅੰਤ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਇਸ ਤਰਾਂ ਦੇ ਕੰਮਾਂ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਅਤੇ ਭਵਿੱਖ ਵਿੱਚ ਇਸਦੇ ਗੰਭੀਰ ਸਿੱਟੇ ਨਿਕਲਦੇ ਹਨ।ਫ਼ਿਲਮ ਵਿੱਚ ਗਿੱਪੀ ਗਰੇਵਾਲ ਕਾਲਜ ਵਿੱਚ ਪੜ੍ਹਦੇ ਮੁੰਡੇ ‘ਨਿਹਾਲ’ ਦੀ ਭੂਮਿਕਾ ਵਿੱਚ ਹੈ ਜੋ ਕਿ ਵੇਖਣ ਨੂੰ ਇੱਕ ਨੈਗੇਟਿਵ ਸ਼ੇਡ ਦਾ ਕਿਰਦਾਰ ਲੱਗਦਾ ਹੈ ਪਰ ਅੰਤ ਵਿੱਚ ਇਹ ਕਿਰਦਾਰ ਆਪਣੇ ਕੀਤੇ ਕੰਮਾਂ ਨਾਲ ਸਭ ਦਾ ਦਿਲ ਜਿੱਤ ਲੈਂਦਾ ਹੈ। ਫ਼ਿਲਮ ਦੇਖਣ ਤੋਂ ਬਾਅਦ ਦਰਸ਼ਕਾਂ ਨੂੰ ਗਿੱਪੀ ਗਰੇਵਾਲ ਦਾ ਕਿਰਦਾਰ ਨਿਸ਼ਚੇ ਹੀ ਪ੍ਰਭਾਵਿਤ ਕਰਦਾ ਹੈ। ਜਿੰਮੀ ਸ਼ੇਰਗਿੱਲ ਅਤੇ ਗਿੱਪੀ ਗਰੇਵਾਲ ਦੋਨਾਂ ਨੇ ਹੀ ਇਸ ਫ਼ਿਲਮ ਰਾਹੀਂ ਦਰਸ਼ਕਾਂ ਅਤੇ ਸਿਨੇਮਾਂ ਸੀਟਾਂ ਦੀ ਭਰਵੀਂ ਗਲਵੱਕੜੀ ਪਵਾਈ ਹੈ।ਬਹੁਤ ਮਹੱਤਵ ਰੱਖਦੀ ਐਨੇ ਖੂਬਸੂਰਤ ਸਿਤਾਰਿਆਂ, ਮਨਮੋਹਕ ਸੰਗੀਤ ਅਤੇ ਸੁਰੀਲੇ ਗਾਇਕਾਂ ਦੇ ਗੀਤਾਂ ਨਾਲ ਸਜੀ ਇਸ ਫ਼ਿਲਮ ਤੋਂ ਦਰਸ਼ਕਾਂ ਨੂੰ ਜੋ ਉਮੀਦਾਂ ਸਨ ਉਹਨਾਂ ਉੱਪਰ ਇਹ ਫਿਲਮ ਖਰੀ ਤਾਂ ਉੱਤਰਦੀ ਹੈ ਪਰ ਫਿਲਮ ਦਾ ਕਲਾਈਮੈਕਸ ਕਿਸੇ ਵੀ ਤਰਾਂ ਦਰਸ਼ਕ ਵਰਗ ਦੇ ਹਜ਼ਮ ਨਹੀਂ ਹੋ ਸਕਿਆ।
Subscribe to:
Post Comments (Atom)
No comments:
Post a Comment