Tuesday, June 29, 2010
ਡੰਡੀਆਂ-ਪਗਡੰਡੀਆਂ / ਦਰਸ਼ਨ ਦਰਵੇਸ਼
ਰਚਨਾ ਨਾਲ ਧੱਕਾ ਜਾਂ ਬਲਾਤਕਾਰ ਨਾ ਕਰੋ! ਇਸ ਦੀ, ਕੁਦਰਤੀ ਰੂਪ ਵਿਚ, ਸਹਿਜ ਆਮਦ ਦਾ ਇੰਤਜ਼ਾਰ ਕਰਨਾ ਬਹੁਤ ਜ਼ਰੂਰੀ ਹੈ - ਰਵਿੰਦਰ ਰਵੀ
ਦਰਸ਼ਨ ਦਰਵੇਸ਼-ਸਭ ਤੋਂ ਪਹਿਲਾਂ ਇਹ ਦੱਸੋ ਕਿ ਸਾਹਿਤ ਨਾਲ ਤੁਹਾਡੀ ਸਭ ਤੋਂ ਪਹਿਲੀ ਯਾਰੀ ਕਦੋਂ. ਪਈ ਸੀ ?
ਰਵਿੰਦਰ ਰਵੀ-ਬਚਪਨ ਵਿਚ ਮਾਂ ਕੋਲੋਂ ਲੋਕ-ਗੀਤਾਂ ਦੇ ਬੋਲ ਸੁਣਦਿਆਂ! ਮਾਂ ਮੇਰੀ, ਜੀ, ਵੱਸਕੇ, ਗੀਤ ਦੇ ਬੋਲਾਂ ਵਿਚ ਭਿੱਜਕੇ ਬਹੁਤ ਸੁਹਣਾ ਗਾਉਂਦੀ ਸੀ!ਸਿਆਲਕੋਟੀ ਮਾਹੀਆ, ਛੱਲਾ ਤੇ ਟੱਪੇ, 95 ਸਾਲਾਂ ਦੀ ਉਮਰ ਦੀ ਹੋ ਕੇ ਵੀ, ਉਹ ਅੱਜ ਗਾ ਲੈਂਦੀ ਹੈ! ਉਸਨੂੰ ਲੋਕ-ਨਾਚ ਦੀ ਵੀ ਸੁਹਣੀ ਜਾਚ ਤੇ ਸੂਝ ਹੈ! ਉਸ ਦੀ ਕਮਜ਼ੋਰ ਹੋ ਰਹੀ ਯਾਦ-ਸ਼ਕਤੀ ਵਿਚ ਲੋਕ ਗੀਤ ਇਕ ਸਹਿਜ ਪਛਾਣ ਵਾਂਗ ਟਿਕੇ ਪਏ ਹਨ!
ਦਰਸ਼ਨ ਦਰਵੇਸ਼-ਜਦੋਂ ਤੁਸੀਂ ਪਹਿਲੀ ਵਾਰ ਕੋਈ ਵੀ ਸਾਹਿਤਕ ਰਚਨਾਂ ਪੜ੍ਹੀ ਤਾਂ ਉਸ ਰਚਨਾਂ ਅਤੇ ਉਸਦੇ ਲੇਖਕ ਬਾਰੇ ਕਿਹੋ ਜਿਹੇ ਵਿਚਾਰ ਮਨ ਵਿੱਚ ਆਏ ਸੀ ?
ਰਵਿੰਦਰ ਰਵੀ-ਮੈਂ ਲਿਖਤ ਵਿੱਚੋਂ ਸਦਾ ਹੀ ਲੇਖਕ ਦੀ ਤਲਾਸ਼ ਕਰਨ ਦਾ ਯਤਨ ਕਰਦਾ ਰਿਹਾ ਹਾਂ! ਸ਼ਾਡੇ ਬਹੁ-ਗਿਣਤੀ ਪੰਜਾਬੀ ਲੇਖਕ ਆਪਣੀਆਂ ਲਿਖਤਾਂ ਵਿਚ ਨਹੀਂ, ਸਗੋਂ ਚੋਰੀ ਬਿਤਾਏ ਪਲਾਂ ਵਿਚ ਜਿਊਂਦੇ ਹਨ! ਇਸੇ ਲਈ ਇਨ੍ਹਾਂ ਵਿਚ ਨਿੱਜੀ ਅਨੁਭਵ ਵਿੱਚੋਂ ਉਤਪੰਨ ਹੋਈ ਵਿਲੱਖਣਤਾ ਤੇ ਸ਼ਿੱਦਤ ਦੀ ਘਾਟ ਬਹੁਤ ਰੜਕਦੀ ਹੈ! ਕਿਸੇ ਪਰਚਾਰਵਾਦੀ ਵਿਚਾਰਧਾਰਾ ਨਾਲ ਬੱਝੇ ਇਹ, ਮਕਾਨਕੀ ਰੂਪ ਵਿਚ, ਲਿਖਤਾਂ ਦਾ ਫੈਕਟਰੀਆਂ ਵਿਚ, ਕਾਰਾਂ ਵਾਂਗ ਉਤਪਾਦਨ ਕਰਦੇ ਹਨ! ਮੇਰੀ ਪੂਰਵ-ਪਰੰਪਰਾ ਦੀ ਪ੍ਰਗਤੀਵਾਦੀ-ਰੋਮਾਂਸਵਾਦੀ ਧਾਰਾ ਦਾ ਬਹੁਤਾ ਸਾਹਿਤ, ਇਸ ਤਰ੍ਹਾਂ ਦਾ ਹੀ ਹੈ! ਇਹ ਫਰਜ਼ ਕਰ ਕੇ ਲਿਖਿਆ ਗਿਆ ਸੀ ਤੇ ਮੈਂ ਜਿਊਂਕੇ ਲਿਖਣਾ ਚਾਹੁੰਦਾ ਸਾਂ! ਇਸ ਲਈ ਪੀੜ੍ਹੀ-ਪਾੜੇ ਵਿਚ ਸ਼ਿੱਦਤ ਤੇ ਤੀਖਣਤਾ ਭਰੇ ਟਕਰਾਓ ਦਾ ਆਉਣਾ ਇਕ ਸੁਭਾਵਕ ਕਿਰਿਆ ਹੀ ਸੀ!
ਦਰਸ਼ਨ ਦਰਵੇਸ਼-ਪਹਿਲੀ ਵਾਰ ਸਾਹਿਤ ਨਾਲ ਜੁੜਨਾਂ ਆਪਣੇਂ ਆਪ ਵਿੱਚ ਕਿਹੋ ਜਿਹਾ ਲੱਗਿਆ ਸੀ ?
ਰਵਿੰਦਰ ਰਵੀ-ਅਰੇਂਜਡ ਮੈਰੇਜ(ਜੁਗਾੜ ਵਿਆਹ) ਦੀ ਮੁਕਲਾਵੇ ਵਾਲੀ ਰਾਤ ਵਰਗਾ, ਜਦੋਂ ਸਭ ਕੁਝ ਆਪਣਾ ਹੋਣ ਦੇ ਬਾਵਜੂਦ ਵੀ ਅਣਜਾਣਿਆਂ, ਅਜਨਬੀ ਤੇ ਅਣਸਮਝਿਆ ਹੁੰਦਾ ਹੈ…. ਅਨੁਭਵਿਆ ਤੇ ਪ੍ਰਤੀਤਿਆ ਨਹੀਂ ਹੁੰਦਾ! ਘੁੰਡ ਚੁੱਕਣ ਤੋਂ ਬਾਅਦ ਹੀ ਜ਼ਿੰਦਗੀ ਤੇ ਉਸ ਦੇ ਕਰਤਾਰੀ ਕਰਮ ਅਤੇ ਹੁਸਨ ਦੇ ਸਾਖਸ਼ਾਤ ਦੀਦਾਰ ਹੁੰਦੇ ਹਨ! ਪਹਿਲੀ ਰਚਨਾਂ ਦੇ ਕੰਵਾਰੇ ਪਲਾਂ ਦਾ ਅਜੇ ਵੀ ਮੈਨੂੰ ਮੰਦ ਮੰਦ ਅਹਿਸਾਸ ਹੈ!
ਦਰਸ਼ਨ ਦਰਵੇਸ਼-ਇਸ ਗੱਲ ਦੀ ਤੁਹਾਡੀ ਨਜ਼ਰ ਵਿੱਚ ਕੀ ਅਹਿਮੀਅਤ ਹੈ ਕਿ ਕਿਸੇ ਵੀ ਲੇਖਕ ਦਾ ਲੇਖਕ ਤੋਂ ਵੱਧ ਪਾਠਕ ਹੋਣਾਂ ਜ਼ਿਆਦਾ ਜਰੂਰੀ ਹੁੰਦਾ ਹੈ?
ਰਵਿੰਦਰ ਰਵੀ-ਇਕ ਚੰਗਾ ਪਾਠਕ ਹੀ, ਇਕ ਚੰਗਾ ਲੇਖਕ ਬਣ ਸਕਦਾ ਹੈ! ਸ਼ਬਦ ਦੀ ਰਚਨਾਂ ਦੇ ਨਾਲ ਨਾਲ ਸ਼ਬਦ ਦੇ ਇਤਿਹਾਸ ਤੇ ਦਰਸ਼ਨ ਵਿਚ ਡੂੰਘੀਆਂ ਚੁੱਭੀਆਂ ਮਾਰਨੀਆਂ ਵੀ ਬਹੁਤ ਜ਼ਰੂਰੀ ਹਨ; ਨਹੀਂ ਤਾਂ ਸਾਹਿਤ ਖੂਹ ਦੇ ਡੱਡੂ ਦੀ ਸੀਮਾਂ ਵਿਚ ਘਿਰ ਜਾਏਗਾ! ਇਸ ਗਲੋਬਲ ਯੁੱਗ ਵਿਚ ਪਾਰ-ਭਾਸ਼ੀ ਅਧਿਅਨ ਲਾਜ਼ਮੀਂ ਹੈ! ਹੁਣ ਤਾਂ ਅੰਗਰੇਜ਼ੀ ਵਿਚ, ਬਹੁਤ ਸਾਰੀਆਂ ਭਾਸ਼ਾਵਾਂ ਦੇ ਮਹਾਨ ਸਾਹਿਤ ਦਾ, ਅਨੁਵਾਦ ਵੀ ਹੋ ਚੁੱਕਾ ਹੈ! ਦਰਸ਼ਨ, ਮਨੋਵਿਗਿਆਨ ਤੇ ਗਿਆਨ-ਸਾਹਿਤ ਦੇ ਭੰਡਾਰੇ ਇੰਟਰਨੈੱਟ ਉੱਤੇ ਵੀ ਉਪਲੱਬਧ ਹਨ!
ਪਾਰ-ਭਾਸ਼ੀ ਅਧਿਅਨ ਅਜੋਕੇ ਲੇਖਕ ਦੀ ਜੀਵਨ-ਸ਼ੈਲੀ ਬਣ ਜਾਣਾ ਚਾਹੀਦਾ ਹੈ!
ਦਰਸ਼ਨ ਦਰਵੇਸ਼-ਤੁਸੀਂ ਹੁਣ ਤੱਕ ਕਿੰਨਾਂ ਕੁ ਸਾਹਿਤ ਕਿਹੜੀ ਵਿਧਾ ਵਿੱਚ ਜ਼ਿਆਦਾ ਪੜ੍ਹਿਆ ਹੈ?
ਰਵਿੰਦਰ ਰਵੀ-ਕਵਿਤਾ, ਕਹਾਣੀ, ਨਾਟਕ, ਨਾਵਲ, ਸਫਰਨਾਮਾਂ, ਸਵੈ-ਜੀਵਨੀ…ਤੇ ਵਾਰਤਕ ਮੈਂ ਸਭ ਪੜ੍ਹਦਾ ਹਾਂ, ਕਿਉਂਕਿ ਮੈਂ ਇਕ ਬਹੁ-ਵਿਧ ਲੇਖਕ ਹਾਂ! ਅੰਗਰੇਜ਼ੀ ਬੋਲੀ ਦੇ ਮਾਧਿਅਮ ਵਿਚ ਜਿੱਥੇ ਮੈਂ ਸੰਸਾਰ ਦੀਆਂ ਬਹੁਤ ਸਾਰੀਆਂ ਬੋਲੀਆਂ ਦਾ ਸਾਹਿਤ ਪੜ੍ਹਿਆ ਹੈ, ਜਿਵੇਂ ਰੂਸੀ, ਫਰੈਂਚ, ਜਰਮਨ, ਯੂਨਾਨੀ, ਪੂਰਬੀ ਯੂਰਪਿਆਈ, ਏਸ਼ੀਅਨ, ਤੇ ਅਫਰੀਕਨ ਬੋਲੀਆਂ ਦਾ, ਉੱਥੇ ਮੈਂ ਉਰਦੂ, ਹਿੰਦੀ ਤੇ ਪੰਜਾਬੀ ਵਿਚ ਵੀ ਬਹੁਤ ਸਾਹਿਤ ਪੜ੍ਹਿਆ ਹੈ! ਕਿੱਤੇ ਵਜੋਂ ਭਾਰਤ, ਕੀਨੀਆਂ ਤੇ ਕੈਨੇਡਾ ਵਿਚ ਅੰਗਰੇਜ਼ੀ ਭਾਸ਼ਾ ਤੇ ਅੰਗਰੇਜ਼ੀ ਸਾਹਿਤ ਦਾ ਅਧਿਆਪਕ ਹੋਣ ਦੇ ਨਾਤੇ, ਮੇਰੇ ਲਈ ਇਹ ਇਕ ਜ਼ਰੂਰੀ ਚੰਗਿਆਈ(ਬੁਰਾਈ ਨਹੀਂ) ਸਿੱਧ ਹੋਇਆ ਹੈ ਤੇ ਪ੍ਰੇਰਣਾ-ਸ੍ਰੋਤ ਵੀ! ਸ਼ਾਹਿਤ ਪੜ੍ਹਨਾਂ, ਪੜ੍ਹਾਉਣਾ ਤੇ ਲਿਖਣਾਂ ਹੀ ਜਿਵੇਂ ਮੇਰੀ ਜੀਵਨ-ਸ਼ੈਲੀ ਜਾਂ ਪਹਿਚਾਣ ਬਣ ਗਿਆ ਹੋਵੇ!
ਦਰਸ਼ਨ ਦਰਵੇਸ਼-ਉਹ ਕਿਹੜੀਆਂ ਸਾਹਿਤਕ ਕਿਰਤਾਂ ਨੇ ਜਿਹੜੀਆਂ ਕਦੇ ਵੀ ਤੁਹਾਡੇ ਮਨ-ਮਸਤਕ ਤੋਂ ਨਹੀਂ ਮਿਟ ਸਕਦੀਅਾਂ?
ਰਵਿੰਦਰ ਰਵੀ-ਬਹੁਤ ਸਾਰੀਆਂ ਹਨ! ਜ਼ਿੰਦਗੀ ਦੇ ਵੱਖ ਵੱਖ ਪੜਾਵਾਂ ਉੱਤੇ ਇਨ੍ਹਾਂ ਨੇ ਆਪਣਾ ਆਪਣਾ ਰੋਲ ਅਦਾ ਕੀਤਾ ਤੇ ਜ਼ਿੰਦਗੀ ਹੱਦੋਂ ਅੱਗੇ ਦਿਸਹੱਦਿਆਂ ਪਿੱਛੇ ਭੱਜਦੀ ਨਵੀਆਂ ਉਚਾਈਆਂ ਤੇ ਗਹਿਰਾਈਆਂ ਵਲ ਵਧਦੀ ਗਈ!ਮੈਂ ਕੇਵਲ ਕੁਝ ਚੋਣਵੇਂ ਲੇਖਕਾਂ ਦੇ ਨਾਮ ਹੀ ਲਵਾਂਗਾ, ਨਹੀਂ ਤਾਂ ਇਸ ਇੰਟਰਵਿਊ ਵਿਚ ਕੇਵਲ ਲਿਖਤਾਂ ਦੇ ਨਾਮ ਹੀ ਮਸਾਂ ਖਪ ਸਕਣਗੇ! ਟਾਲਸਟਾਏ, ਗੋਰਕੀ, ਚੈਖਵ, ਦੋਸਤੋਵਸਕੀ, ਪਾਸਤਰਨਾਕ, ਸੋਲਜ਼ੇਨਿਤਸਨ, ਸਾਰਤ(ਰ), ਕਾਮੂੰ, ਕਾਫਕਾ, ਹੈਨਰੀ ਮਿਲਰ, ਸਿਮਨ ਡੀਬੁਆ, ਸ਼ੇਕਸਪੀਅਰ, ਬਰਨਾਰਡ ਸ਼ਾਅ, ਪਿੰਟਰ, ਇਬਸਨ, ਡੀ. ਐਚ ਲਾਰੈਂਸ, ਜਾਨ ਔਜ਼ਬੋਰਨ, ਵਰਡਜ਼ਵਰਥ, ਮਿਲਟਨ, ਬਰਾਊਨਿੰਗ, ਬਲੇਕ, ਯੇਟਸ, ਗਿਨਜ਼ਬਰਗ, ਕਿੰਗਜ਼ਲੇ ਏਮਸ, ਐਲੀਅਟ, ਐਜ਼ਰਾ ਪਾਊਂਡ, ਲਾਰੰਸ ਡਿਊਰੈਲ, ਬਰੈਖਤ, ਸੈਮ ਸ਼ੈਪਰਡ, ਟੈਨੇਸੀ ਵਿਲੀਅਮਜ਼, ਸਮਰਸੈਟ ਮਾਅਮ, ਪਾਸਤਰਨਾਕ, ਐਲਨ ਪੈਟਨ, ਚਿਨੂਆ ਅਚੇਬੀ, ਵੋਲੇ ਸੋਯਿਨਕਾ, ਅਗੇਯ, ਗਿਰਜਾ ਕੁਮਾਰ ਮਾਥੁਰ, ਡਾ. ਧਰਮਵੀਰ ਭਾਰਤੀ, ਬਚਨ, ਜਗਦੀਸ਼ ਚਤੁਰਵੇਦੀ, ਸਰਵੇਸ਼ਵਰ ਦਯਾਲ ਸਕਸੇਨਾ, ਕੁਮਾਰ ਵਿਕਲ, ਗਾਲਬ, ਸਆਦਤ ਹਸਨ ਮੰਟੋ, ਰਾਜਿੰਦਰ ਸਿੰਘ ਬੇਦੀ, ਕ੍ਰਿਸ਼ਨ ਚੰਦਰ, ਮੀਰਾ ਜੀ, ਡਾ. ਵਜ਼ੀਰ ਆਗਾ, ਨ.ਮ. ਰਾਸ਼ਦ, ਸ਼ੇਖ ਫਰੀਦ, ਗੁਰੂ ਨਾਨਕ, ਦਮੋਦਰ, ਵਾਰਸ, ਹਾਸ਼ਮ, ਸ਼ਾਹ ਮੁਹੰਮਦ, ਫਜ਼ਲ ਸ਼ਾਹ, ਭਾਈ ਵੀਰ ਸਿੰਘ, ਪੂਰਨ ਸਿੰਘ, ਕਾਲੇਪਾਣੀ, ਮੋਹਨ ਸਿੰਘ, ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਦੇਵਿੰਦਰ ਸਤਿਆਰਥੀ, ਪ੍ਰੀਤਮ ਸਿੰਘ ਸਫੀਰ, ਡਾ. ਹਰਿਭਜਨ ਸਿੰਘ, ਤਾਰਾ ਸਿੰਘ, ਡਾ. ਜਸਵੰਤ ਸਿੰਘ ਨੇਕੀ, ਵਰਿਆਮ ਸੰਧੂ, ਅਜੀਤ ਕੌਰ, ਡਾ. ਸੁਰਜੀਤ ਸਿੰਘ ਸੇਠੀ, ਸ.ਸ.ਮੀਸ਼ਾ, ਸੁਖਪਾਲਵੀਰ ਸਿੰਘ ਹਸਰਤ, ਦਲੀਪ ਕੌਰ ਟਿਵਾਣਾ……ਕਿਸ ਕਿਸ ਦਾ ਨਾਮ ਲਵਾਂ? ਇਹ ਬਹੁਤ ਲੰਮੀਂ ਲਿਸਟ ਹੈ! ਸਾਹਿਤ ਤੋਂ ਬਿਨਾਂ ਮੈਂ ਫਲਸਫੇ, ਮਨੋਵਿਗਿਆਨ ਤੇ ਆਧੁਨਿਕ ਸਟੇਜ-ਕਰਾਫਟ ਦਾ ਵੀ ਡੂੰਘਾ ਅਧਿਅਨ ਕੀਤਾ ਹੈ!
ਦਰਸ਼ਨ ਦਰਵੇਸ਼-ਇੱਕ ਸਾਹਿਤਕਾਰ ਦੇ ਤੌਰ ਉੱਤੇ ਅੱਜ ਤੁਸੀਂ ਆਪਣੇਂ ਆਪ ਨੂੰ ਕਿੱਥੇ ਕੁ ਖੜ੍ਹਾ ਕਰ ਕੇ ਦੇਖਦੇ ਹੋ ?
ਰਵਿੰਦਰ ਰਵੀ-“ਅਭੀ ਤੋ ਇਬਤਿਦਾੲੇ ਇਸ਼ਕ ਹੈ……..ਬਹੁਤ ਕੁਝ ਕਰ ਕੇ ਵੀ ਬਹੁਤ ਕੁਝ ਅਣਕੀਤਾ ਪਿਆ ਹੈ! ਸੰਤੁਸ਼ਟੀ ਖੜੋਤ ਦਾ ਚਿੰਨ੍ਹ ਹੈ!
“ਮੇਰੇ ਨਾਲ ਪੌਣ ਚੱਲੇ, ਪਾਣੀ ਚੱਲੇ, ਮੇਰੀ ਹੀ ਕਹਾਣੀ ਚੱਲੇ…….ਮੈਂ ਬਹੁਤ ਦੂਰ ਜਾਣਾ ਹੈ”…..
…………………………………………………
“ਕਲਾਕ ਨੇ ਹੁਣੇ, ਹੁਣੇ ਜ਼ਿੰਦਗੀ ਦੀ ਸ਼ਾਮ ਵਜਾਈ ਹੈ!
ਆਰਜ਼ੂ ਮੌਤ ਤੋਂ ਮੁਨਕਰ ਤੇ ਹੋਂਦ, ਹੋਣ ‘ਤੇ ਆਈ ਹੈ”
………………………………………….
“ਮੇਰੇ ਨਾਲ ਤੁਰੋਗੇ, ਤਾਂ ਰੁਕੋਗੇ ਨਹੀਂ……
ਸ਼ਿਕਾਰ, ਧਰਤੀ ਤੇ ਆਕਾਸ਼
ਬਾਜ਼ ਦੀ ਨਜ਼ਰ ਵਿਚ ਹੁੰਦੇ ਹਨ,
ਚੁੰਜ ਤੇ ਪੰਜਿਆਂ ਵਿਚ ਨਹੀਂ”
ਦਰਸ਼ਨ ਦਰਵੇਸ਼-ਜਦੋਂ ਕਿਸੇ ਵੀ ਨਵੀਂ ਰਚਨਾਂ ਦਾ ਤਾਣਾਂ ਬਾਣਾਂ ਤੁਹਾਡੇ ਮਨ ਅੰਦਰ ਫੁੱਟਦਾ ਹੈ, ਤਾਂ ਕਿੰਨੇ ਕੁ ਸਮੇਂ ਤੱਕ ਉਲਝਣ ਤੋਂ ਬਾਦ ਉਹ ਸਫਿਆਂ ਦੀ ਜ਼ਮੀਨ ਉੱਪਰ ਆਉਂਦਾ ਹੈ?
ਰਵਿੰਦਰ ਰਵੀ-ਕਵਿਤਾ, ਮੇਰੇ ਉੱਤੇ, ਆਪ ਹੀ ਆ ਘਟਦੀ ਹੈ ਤੇ ਸਭ ਕੁਝ ਕੰਨੋਂ ਪਕੜ ਕੇ ਲਿਖਵਾ ਲੈਂਦੀ ਹੈ! ਕਾਵਿ-ਨਾਟਕ, ਕਹਾਣੀ, ਸਫਰਨਾਮਾਂ ਤੇ ਵਾਰਤਕ ਲਿਖਣ ਲਈ ਵਧੇਰੇ ਨਿਯੰਤਰਨ ਤੇ ਅਭਿਆਸ ਦੀ ਮੰਗ ਕਰਦੇ ਹਨ! ਬਹੁਤ ਕੁਝ, ਲਿਖਕੇ, ਸੁੱਟਣਾ ਪੈਂਦਾ ਹੈ! ਕਈ ਕਈ ਵਾਰ ਲਿਖਣਾ ਪੈਂਦਾ ਹੈ! ਇਸ ਲਈ ਧੀਰਜ, ਬਾਰੀਕਬੀਨੀ, ਨਿਰੰਤਰਤਾ ਤੇ ਵਧੇਰੇ ਸਮੇਂ ਦੀ ਲੋੜ ਹੈ! ਲੇਖਕ ਨਾ ਲਿਖਕੇ ਵੀ, ਹਰ ਸਮੇਂ ਕੁਝ ਲਿਖ ਰਿਹਾ ਹੁੰਦਾ ਹੈ, ਚੁੱਪ ਦੀ ਭਾਸ਼ਾ ਵਿਚ:
“ਸ਼ੋਰ ਦੀ ਭਾਸ਼ਾ ਵਿੱਚੋਂ ਲੰਘੇ, ਚੁੱਪ ਦੀ ਭਾਸ਼ਾ ਸਹਿ ਗਏ!
ਆਪਣੇ ਜੇਡੀ ਕੱਥਦੇ ਕੱਥਦੇ, ਬ੍ਰਹਮੰਡ ਜੇਡੀ ਕਹਿ ਗਏ!”
ਆਪਣੀਂ ਕੋਈ ਵੀ ਰਚਨਾਂ ਤੁਸੀਂ ਕਿੰਨੀਆਂ ਕੁ ਬੈਠਕਾਂ ਵਿੱਚ ਪੂਰੀ ਕਰਦੇ ਹੋ ?
“ਬੀਮਾਰ ਸਦੀ” ਕਾਵਿ-ਨਾਟਕ ਦੇ ਤਿੰਨੇਂ ਦ੍ਰਿਸ਼, ਤਿੰਨ ਬੈਠਕਾਂ ਵਿਚ ਲਿਖੇ ਗਏ ਸਨ….ਮੇਰਾ ਭਾਵ ਮੈਰਾਥਾਨ ਬੈਠਕਾਂ ਵਿਚ! ਬਾਅਦ ਵਿਚ ਇਸ ਨੂੰ ਸੋਧਕੇ ਲਿਖਣ ਵਿਚ ਤਿੰਨ ਕੁ ਮਹੀਨੇ ਲੱਗ ਗਏ ਸਨ! ਕਹਾਣੀ ਜਦੋਂ ਨਾਜ਼ਲ ਹੁੰਦੀ ਹੈ, ਤਾਂ ਇਕ ਬੈਠਕ ਵਿਚ ਹੀ ਲਿਖੀ ਜਾਂਦੀ ਹੈ ਤੇ ਕਈ ਵਾਰ ਇਕ ਹੀ ਕਹਾਣੀ ਮਹੀਨੇ ਭਰ ਵਿਚ ਵੀ ਮੁਕੰਮਲ ਨਹੀਂ ਹੁੰਦੀ! ਹਰ ਰਚਨਾ ਦਾ ਆਪਣਾ ਵੱਖਰਾ ਵਜੂਦ ਤੇ ਮਿਜ਼ਾਜ ਹੁੰਦਾ ਹੈ …..ਅਤੇ ਵੱਖਰੇ ਤਕਾਜ਼ੇ ਹੁੰਦੇ ਹਨ! ਸਭ ਕੁਝ ਸਹਿਜ-ਸੁਭਾਵਕ ਹੋਣਾ ਚਾਹੀਦਾ ਹੈ! ਰਚਨਾ ਨੂੰ ਮੱਲੋ ਮੱਲੀ ਧੱਕੇ ਨਾਲ ਮੁਕੰਮਲ ਨਹੀਂ ਕਰਨਾ ਚਾਹੀਦਾ! ਇਸ ਦੇ ਸਹੀ ਜਨਮ-ਸਮੇਂ ਦੀ ਧੀਰਜ ਨਾਲ ਉਡੀਕ ਕਰਨੀ ਚਾਹੀਦੀ ਹੈ!
ਏਥੇ ਕੁਝ ਹਵਾਲੇ ਦੇਣੇ ਜ਼ਰੂਰੀ ਜਾਪਦੇ ਹਨ! ਆਪਣਾ ਪਹਿਲਾ ਕਾਵਿ-ਨਾਟਕ:“ਬੀਮਾਰ ਸਦੀ”, ਮੈਂ ਕੀਨੀਆਂ ਵਿਚ ਰਹਿੰਦਿਆਂ, 1973 ਵਿਚ ਲਿਖਿਆ ਅਤੇ 1974 ਵਿਚ ਪ੍ਰਕਾਸ਼ਤ ਕੀਤਾ ਸੀ! 1976 ਵਿਚ ਡਾ. ਸੁਰਜੀਤ ਸਿੰਘ ਸੇਠੀ ਦੇ ਨਿਰਦੇਸ਼ਨ ਹੇਠ ਇਹ ਨਾਟਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਖੇਡਿਆ ਵੀ ਗਿਆ! ਬਾਅਦ ਵਿਚ ਪ੍ਰੀਤਮ ਸਿੰਘ ਢੀਂਡਸਾ ਤੇ ਸੁਭਾਸ਼ ਪੁਰੀ ਨੇ ਇਸ ਦੇ ਕਈ ਸ਼ੋ ਕੀਤੇ! ਇਸੇ ਸਿਲਸਿਲੇ ਦੀ ਅਗਲੀ ਕੜੀ ਸੀ ਮੇਰਾ ਦੂਜਾ ਕਾਵਿ-ਨਾਟਕ: “ਦਰ ਦੀਵਾਰਾਂ”, ਜੁ ਮੈਂ ੮ ਸਾਲ ਬਾਅਦ, 1981 ਵਿਚ, ਕੈਨੇਡਾ ਰਹਿੰਦਿਆਂ ਲਿਖਿਆ ਤੇ ਪ੍ਰਕਾਸ਼ਤ ਕੀਤਾ! ਆਪਣਾ ਤੀਜਾ ਕਾਵਿ-ਨਾਟਕ: “ਅੱਧੀ ਰਾਤ ਦੁਪਹਿਰ”, ਮੈਂ 1983 ਵਿਚ ਪ੍ਰਕਾਸ਼ਤ ਕੀਤਾ! ਇਹ ਤਿੰਨੇਂ ਕਾਵਿ-ਨਾਟਕ ਮੇਰੀ ਥੀਮਕੀ ਤਿੱਕੜੀ ਜਾਂ ਤ੍ਰੈ-ਲੜੀ“ਸੂਰਜ ਨਾਟਕ” ਦੇ ਹੀ ਅੰਗ ਹਨ, ਜੁ 10 ਸਾਲਾਂ ਵਿਚ ਮੁਕੰਮਲ ਹੋਈ! ਇਹ ਤਿੰਨੇਂ ਨਾਟਕ ਮਿਲਕੇ, ਇਕ ਵਡੇਰੀ ਕੈਨਵਸ ਵਾਲੇ ਤ੍ਰੈ-ਲੜੀਏ ਮਹਾਂ ਨਾਟਕ ਦੀ ਸਿਰਜਣਾ ਕਰਦੇ ਹਨ!
ਇਸੇ ਤਰ੍ਹਾਂ ਆਪਣਾ ਨੌਵਾਂ ਕਾਵਿ-ਨਾਟਕ ਮੈਂ “ਤਿੰਨ ਨਾਟਕ” ਪੁਸਤਕ ਨਾਲ 1990 ਵਿਚ ਮੁਕੰਮਲ ਕੀਤਾ! ਪਰ ਦਸਵਾਂ ਕਾਵਿ-ਨਾਟਕ: “ਮਨ ਦੇ ਹਾਣੀ” ਲਿਖਣ ਲਈ ਮੈਨੂੰ ਪੂਰੇ 15 ਵਰ੍ਹੇ ਉਡੀਕ ਕਰਨੀ ਪਈ ਤੇ ਇੰਜ ਇਹ 2005 ਵਿਚ ਲਿਖਿਆ! ਇਸ ਤੋਂ ਉਲਟ “ਚੌਕ ਨਾਟਕ” ਅਤੇ “ਰੂਹ ਪੰਜਾਬ ਦੀ”, ਇੱਕੋ ਵਰ੍ਹੇ, 1984 ਵਿਚ, ਉੱਤੋੜਿਤੀ ਲਿਖੇ ਗਏ! ਰਚਨਾ ਨਾਲ ਧੱਕਾ ਜਾਂ ਬਲਾਤਕਾਰ ਨਾ ਕਰੋ! ਇਸ ਦੀ, ਕੁਦਰਤੀ ਰੂਪ ਵਿਚ, ਸਹਿਜ ਆਮਦ ਦਾ ਇੰਤਜ਼ਾਰ ਕਰਨਾ ਬਹੁਤ ਜ਼ਰੂਰੀ ਹੈ!
ਦਰਸ਼ਨ ਦਰਵੇਸ਼-ਕਿਸੇ ਵੀ ਰਚਨਾਂ ਦੀ ਸ਼ੁਰੂਆਤ ਅਤੇ ਅੰਤ ਕਰਨ ਲੱਗਿਆਂ ਤੁਸੀਂ ਉਸਦੀ ਸ਼ੁਰੂਆਤ ਅਤੇ ਅੰਤ ਦਾ ਫੈਸਲਾ ਕਿਵੇਂ ਕਰਦੇ ਹੋ ?
ਰਵਿੰਦਰ ਰਵੀ-ਕੁਝ ਵੀ ਪੂਰਵ-ਨਿਸ਼ਚਤ ਨਹੀਂ ਹੁੰਦਾ! ਕਿਸੇ ਦਾ ਆਦਿ ਪਹਿਲਾਂ ਲਿਖਿਆ ਜਾਂਦਾ ਹੈ ਤੇ ਕਿਸੇ ਦਾ ਅੰਤ! “ਬੀਮਾਰ ਸਦੀ” ਦੀ “ਮੱਧਿਕਾ” ਦੋਹਾਂ ਐਕਟਾਂ/ਦ੍ਰਿਸ਼ਾਂ ਤੋਂ ਬਾਅਦ ਵਿਚ, ਗਰਾਜ ਵਿਚ ਕਾਰ ਦੀ ਸਰਵਿਸ ਕਰਵਾਉਂਦਿਆਂ ਲਿਖੀ ਗਈ ਸੀ! ਕਾਵਿ-ਨਾਟਕ “ਮਨ ਦੇ ਹਾਣੀ” ਦਾ ਅੰਤ ਤਿੰਨ ਕੁ ਦ੍ਰਿਸ਼ ਲਿਖਣ ਤੋਂ ਬਾਅਦ ਲਿਖਿਆ ਗਿਆ ਸੀ! ਸ਼ਾਰੀ ਰਚਨਾ, ਰਚਨਹਾਰੇ ਦੇ ਅਵਚੇਤਨ ਵਿਚ ਪਈ ਹੁੰਦੀ ਹੈ! ਕਿਹੜਾ ਹਿੱਸਾ ਕਦੋਂ ਪੱਕ ਕੇ ਬਾਹਰ ਆਉਂਦਾ ਹੈ? ਇਸਦਾ ਲੇਖਕ ਨੂੰ ਵੀ ਕਈ ਵਾਰ ਅਨੁਮਾਨ ਨਹੀਂ ਹੁੰਦਾ!
ਦਰਸ਼ਨ ਦਰਵੇਸ਼-ਕੋਈ ਵੀ ਰਚਨਾਂ ਲਿਖੇ ਜਾਣ ਅਤੇ ਬਾਰ ਬਾਰ ਸੋਧੇ ਜਾਣ ਤੋਂ ਬਾਦ ਕਿੰਨੇ ਕੁ ਸਮੇਂ ਅੰਦਰ ਪਾਠਕਾਂ ਦੇ ਦਰਬਾਰ ਲਈ ਵਿਦਾ ਹੋ ਜਾਂਦੀ ਹੈ ?
ਰਵਿੰਦਰ ਰਵੀ-ਕਈ ਵਾਰੀਂ ਪੂਰੀ ਹੋ ਕੇ ਵੀ ਰਚਨਾ ਪੂਰੀ ਨਹੀਂ ਹੁੰਦੀ……ਉਸ ਨੂੰ ਬਾਰ ਬਾਰ ਲਿਖਣਾ ਪੈਂਦਾ ਹੈ….ਤੇ ਅਧੂਰੀ ਨੂੰ ਹੀ ਇਕ ਪਾਸੇ ਰੱਖਕੇ, ਵਸਤੂ-ਦ੍ਰਿਸ਼ਟੀ ਨਾਲ, ਉਸਨੂੰ ਵਿੱਥ ਤੋਂ ਵੇਖਣਾ, ਪਰਖਣਾ, ਘੋਖਣਾ ਹੁੰਦਾ ਹੈ! ਇਸਨੂੰ ਮੁਕੰਮਲ ਕਰਨ ਦਾ ਕੋਈ ਨਿਸ਼ਚਤ ਫਾਰਮੂਲਾ ਨਹੀਂ ਹੁੰਦਾ! ਰਚਨਾ ਨਾਲ ਜ਼ਬਰਦਸਤੀ ਨਾ ਕਰੋ! ਲੈੱਟ ਇਟ ਟੇਕ ਇਟਸ ਟਾਈਮ! ਕੁਝ ਰਚਨਾਵਾਂ ਸਿਰ ਚੜ੍ਹ ਬੋਲਦੀਆਂ ਹਨ ਤੇ ਹੱਥ ਫੜ ਲਿਖਵਾ ਲੈਂਦੀਆਂ ਹਨ! ਸੋਧ ਸੁਧਾਈ ਦੀ ਲੋੜ ਹੀ ਨਹੀਂ ਪੈਂਦੀ!
ਦਰਸ਼ਨ ਦਰਵੇਸ਼-ਇੱਕੋ ਸਮੇਂ ਕਿੰਨੀਆਂ ਲਿਖਤਾਂ ਉੱਪਰ ਕੰਮ ਕਰਦੇ ਹੋ ?
ਰਵਿੰਦਰ ਰਵੀ-ਇੱਕੋ ਸਮੇਂ ਦਿਮਾਗ ਵਿਚ ਕਈ ਕੁਝ ਚੱਲ ਰਿਹਾ ਹੁੰਦਾ ਹੈ, ਕਈ ਵਾਰ, ਇਕ ਰੁੱਖ ਉੱਤੇ ਲੱਗੇ ਅੰਬਾਂ ਵਾਂਗ!ਟਪਕੇ ਦਾ ਕੁਦਰਤੀ ਰੂਪ ਵਿਚ ਪੱਕਿਆ ਫਲ ਖਾਣਾਂ ਹੈ, ਤਾਂ ਇੰਤਜ਼ਾਰ ਜ਼ਰੂਰੀ ਹੈ!
ਦਰਸ਼ਨ ਦਰਵੇਸ਼-ਜਦੋਂ ਤੱਕ ਰਚਨਾਂ ਪਾਠਕਾਂ ਦੀ ਨਹੀਂ ਹੋ ਜਾਂਦੀ, ਉਸ ਬਾਰੇ ਲਏ ਆਖਰੀ ਫੈਸਲਿਆਂ ਵਿੱਚ ਕਿੰਨੀ ਕੁ ਵਾਰ ਤਬਦੀਲ਼ੀਆਂ ਕਰਦੇ ਹੋ ?
ਰਵਿੰਦਰ ਰਵੀ-ਜਦੋਂ ਤਕ ਸੰਤੁਸ਼ਟੀ ਨਹੀਂ ਹੋ ਜਾਂਦੀ! ਕਈ ਵਾਰ ਤਬਦੀਲੀ ਪਰੂਫ ਪੜ੍ਹਦਿਆਂ ਵੀ ਕੀਤੀ ਜਾਂਦੀ ਹੈ!
ਇਕ, ਦੋ ਰਚਨਾਵਾਂ ਦੇ ਦੂਜੇ ਐਡੀਸ਼ਨ ਵਿਚ ਵੀ ਤਬਦੀਲੀ ਕੀਤੀ ਸੀ… ਹੇਠਾਂ ਪਹਿਲੇ ਐਡੀਸ਼ਨ ਦਾ ਫੁਟ ਨੋਟ ਰਾਹੀਂ ਹਵਾਲਾ ਦੇ ਕੇ! ਬਹੁਤੀਆਂ ਰਚਨਾਵਾਂ, ਇਕ ਸੰਪੂਰਨ(ਪਰਫੈਕਟ) ਰਚਨਾਂ ਤਕ ਪਹੁੰਚਣ ਦਾ,
ਅਭਿਆਸ ਮਾਤਰ ਹੀ ਹੁੰਦੀਆਂ ਹਨ!
ਦਰਸ਼ਨ ਦਰਵੇਸ਼-ਤੁਹਾਡੀਆਂ ਉਹ ਕਿਹੜੀਆਂ ਰਚਨਾਵਾਂ ਨੇ ਜਿਹੜੀਆਂ ਅਖਬਾਰਾਂ, ਰਸਾਲਿਆਂ ਜਾਂ ਕਿਤਾਬੀ ਰੂਪ ਵਿੱਚ ਛਪਣ ਤੋਂ ਬਾਦ ਅੱਜ ਵੀ ਕਿਸੇ ਤਬਦੀਲੀ ਦੀ ਮੰਗ ਕਰਦੀਆਂ ਨੇ? ਜਾਣੀਂ ਤੁਹਾਨੂੰ ਹੁਣ ਵੀ ਲੱਗਦਾ ਹੈ ਕਿ ਤੁਸੀਂ ਆਪਣੇਂ ਕਿਰਦਾਰ ਨਾਲ ਇਨਸਾਫ ਨਹੀਂ ਕਰ ਸਕੇ ?
ਰਵਿੰਦਰ ਰਵੀ-ਇਸ ਦਾ ਉੱਤਰ ਮੈਂ ਪਹਿਲਾਂ ਦੇ ਚੁੱਕਾ ਹਾਂ! ਜਦੋਂ ਵੀ ਮਹਿਸੂਸ ਹੋਵੇ ਕਿ ਅਜੇ ਹੋਰ ਸੋਧ ਦੀ ਲੋੜ ਹੈ, ਹਿਚਕਚਾਉਣਾ ਨਹੀਂ ਚਾਹੀਦਾ! ਪਰ ਪਾਠਕਾਂ ਨਾਲ ਇਨਸਾਫ ਕਰਨ ਲਈ ਐਸੀ ਸੋਧ ਸੰਬੰਧੀ ਫੁਟ ਨੋਟ ਰਾਹੀਂ ਹਵਾਲਾ ਜ਼ਰੂਰ ਦੇ ਦੇਣਾ ਚਾਹੀਦਾ ਹੈ! ਗੀਤ ਨਾਟਕ “ਰੂਹ ਪੰਜਾਬ ਦੀ” ਦਾ ਇਕ ਪੂਰਾ ਦ੍ਰਿਸ਼ ਮੈਂ ਦੂਜੇ ਐਡੀਸ਼ਨ ਲਈ ਨਵਾਂ ਲਿਖਿਆ ਤੇ ਉਸ ਵਿਚੇ ਐਡ ਕੀਤਾ ਸੀ!
ਦਰਸ਼ਨ ਦਰਵੇਸ਼-ਆਪਣੀਆਂ ਰਚਨਾਵਾਂ ਬਾਰੇ ਪਾਠਕਾਂ ਦੀ ਰਾਏ ਉੱਪਰ ਕਿੰਨਾਂ ਕੁ ਅਸਰ ਕਬੂਲਦੇ ਹੋ?
ਰਵਿੰਦਰ ਰਵੀ-ਪ੍ਰੌਢ ਪਾਠਕਾਂ ਦੀ ਸਿਆਣੀ ਰਾਏ ਦਾ ਮੈਂ ਸਦਾ ਹੀ ਸਤਿਕਾਰ ਕਰਦਾ ਹਾਂ! ਕਈ ਵਾਰੀ ਉਨ੍ਹਾਂ ਦੀ ਰਾਏ ਮੈਂ ਆਪਣੀ ਕਿਸੇ ਆਗਾਮੀਂ ਪੁਸਤਕ ਵਿਚ, ਹਵਾਲੇ ਲਈ ਛਾਪ ਵੀ ਦਿੰਦਾ ਹਾਂ!
ਦਰਸ਼ਨ ਦਰਵੇਸ਼-ਸਾਹਿਤ ਤੁਹਾਡੇ ਵਾਸਤੇ ਕੀ ਹੈ , ਇਸ਼ਕ ਜਾਂ ਸ਼ੀਸ਼ਾ ?
ਰਵਿੰਦਰ ਰਵੀ-ਇਸ਼ਕ ਤੇ ਸ਼ੀਸ਼ਾ ਦੋਵੇਂ! ਇਸ਼ਕ ਏਸ ਲਈ ਕਿ ਏਸ ਬਿਨਾਂ ਜੀਵਿਆ ਨਹੀਂ ਜਾ ਸਕਦਾ ਤੇ ਸ਼ੀਸ਼ਾ ਏਸ ਲਈ ਕਿ ਇਸ ਵਿਚ ਨਿਰੰਤਰ ਵਿਗਸਦਾ ਆਪਣਾ ਆਪਾ ਮੈਨੂੰ ਸਾਫ ਵਿਖਾਈ ਦਿੰਦਾ ਹੈ! ਮੇਰੀ ਜਾਚੇ ਰਚਨਾ, ਰਚਨਹਾਰੇ ਦਾ ਰਚਨਾਤਮਕ ਆਪਾ ਹੀ ਹੁੰਦੀ ਹੈ! ਸਾਹਿਤ ਮਾਰਗ ਹੈ ਤੇ ਮਾਰਗ-ਦਰਸ਼ਨ ਵੀ! ਇਹ ਪ੍ਰਸ਼ਨ ਵੀ ਹੈ ਤੇ ਪਹਿਚਾਣ ਵੀ!
ਦਰਸ਼ਨ ਦਰਵੇਸ਼-ਉਹ ਕਿਹੜੀ ਰਚਨਾਂ ਸੀ ਜਿਸਨੂੰ ਪੜ੍ਹਕੇ ਤੁਸੀਂ ਸਭ ਤੋਂ ਵੱਧ ਡਿਸਟਰਬ ਹੋਏ, ਹਾਂ ਪੱਖੀ ਜਾਂ ਨਾਂਹ ਪੱਖੀ ?
ਰਵਿੰਦਰ ਰਵੀ-ਯੂਨਾਨੀ ਲੇਖਕ ਕਜ਼ਾਨ ਜ਼ਾਕਸ ਦਾ ਨਾਵਲ “ਜ਼ੋਰਬਾ ਦ ਗਰੀਕ”! ਕਯਾ ਬਾਤ ਹੈ! ਕੁਝ ਵੀ ਨੈਗੇਟਿਵ ਨਹੀਂ! ਜਾਨ ਔਜ਼ਬੌਰਨ ਦਾ “ਰੂਮ ਐਟ ਦ ਟੌਪ” ਵੀ ਕਮਾਲ ਸੀ! ਇਸ ਵਿਚ ਪ੍ਰਤਿਨਾਇਕ(ਐੁਂਟੀ ਹੀਰੋ) ਨੂੰ ਪਹਿਲੀ ਵਾਰ ਸਫਲਤਾ ਸਹਿਤ ਪੇਸ਼ ਕੀਤਾ ਗਿਆ ਸੀ!
ਦਰਸ਼ਨ ਦਰਵੇਸ਼-ਬਹੁਤ ਕਿਸਮ ਦਾ ਸਾਹਿਤ ਲਿਖਿਆ ਜਾ ਰਿਹਾ ਹੈ ਅਸਲ ਵਿੱਚ ਤੁਹਾਡੀ ਨਜ਼ਰ ਵਿੱਚ ਕਿਹੋ ਜਿਹਾ ਸਾਹਿਤ ਲਿਖਿਆ ਜਾਣਾਂ ਚਾਹੀਦਾ ਹੈ ?
ਰਵਿੰਦਰ ਰਵੀ-ਜੋ ਸੱਚਾ, ਸੁੱਚਾ ਤੇ ਸਮੁੱਚੀ ਜ਼ਿੰਦਗੀ ਨੂੰ ਵਚਨਬੱਧ ਹੋਵੇ! ਕਲਾਤਮਕ ਤੇ ਰਚਨਾਤਮਕ ਗੁਣਾਂ ਨਾਲ ਭਰਪੂਰ ਸਹਿਜ-ਸੁਹਜ ਹੋਵੇ!
ਦਰਸ਼ਨ ਦਰਵੇਸ਼-ਤੁਸੀਂ ਸਾਹਿੱਤ ਨੂੰ ਘਰ ਘਰ ਪੁਚਾਉਣ ਅਤੇ ਪਾਠਕ ਪੈਦਾ ਕਰਨ ਲਈ ਕੀ ਜੁਗਤ ਘੜ ਸਕਦੇ ਹੋ ?
ਰਵਿੰਦਰ ਰਵੀ-ਇਹ ਕੰਮ ਪ੍ਰਕਾਸ਼ਕ ਤੇ ਸੇਲਜ਼ਮਨ ਦਾ ਹੈ! ਬੌਧਕ ਸਾਹਿਤ ਦੇ ਦੁਨੀਆਂ ਦੀ ਹਰ ਬੋਲੀ ਵਿਚ ਉੰਜ ਵੀ ਬਹੁਤ ਘੱਟ ਪਾਠਕ ਹਨ! ਅਕਾਦਮਕ ਪੱਧਰ ਉੱਤੇ ਵੀ ਅੱਜ ਕਲ ਬੁੱਧੀਜੀਵੀਆਂ ਤੇ ਦਾਨਸ਼ਵਰਾਂ ਦੀ ਘਾਟ ਬਹੁਤ ਖਟਕਦੀ ਹੈ! ਉਹ ਸੁਲਝੇ ਹੋਏ ਤੇ ਪ੍ਰੌਢ ਵਿੱਦਿਆਰਥੀ/ਪਾਠਕ ਪੈਦਾ ਕਰਨ ਤੋਂ ਅਸਮਰਥ ਹਨ! ਇਸ ਗਲੋਬਲ ਯੁੱਗ ਵਿਚ ਵੀ ਇਨ੍ਹਾਂ ਅਧਿਆਪਕਾਂ ਦਾ ਅਧਿਅਨ-ਖੇਤਰ ਬਹੁਤ ਸੀਮਤ ਹੈ੧ ਦ੍ਰਿਸ਼ਟੀ ਬਹੁਤ ਸੌੜੀ ਹੈ! ਬਹੁ-ਵਿਧ ਗਿਆਨ ਤੇ ਵਿਸ਼ੇਸ਼ਗਤਾ ਦੀ ਘਾਟ ਹੈ! ਇਨ੍ਹਾਂ ਦੇ ਵਿੱਦਿਆਰਥੀ ਵੱਡੇ ਹੋ ਕੇ ਕਿਹੋ ਜਿਹੇ ਪਾਠਕ ਬਣ ਸਕਣਗੇ, ਇਸ ਦਾ ਅੰਦਾਜ਼ਾ ਤੁਸੀਂ ਆਪ ਗੀ ਲਾ ਸਕਦੇ ਹੋ!
ਦਰਸ਼ਨ ਦਰਵੇਸ਼-ਲੇਖਕ, ਪਾਠਕ, ਪਬਲਿਸ਼ਰ ਅਤੇ ਵਿਕਰੇਤਾ ਦਾ ਰਿਸ਼ਤਾ ਵੱਧ ਤੋਂ ਵੱਧ ਪਾਠਕ ਪੈਦਾ ਕਰਨ ਵਾਸਤੇ ਕੀ ਭੂਮਿਕਾ ਨਿਭਾ ਸਕਦਾ ਹੈ ?
ਰਵਿੰਦਰ ਰਵੀ-ਇਹ ਇੰਟਰਨੈਟ ਤੇ ਮੀਡੀਏ ਦਾ ਯੁੱਗ ਹੈ! ਕਮਰਸ਼ੀਅਲਜ਼ ਤੇ ਐਡਵਰਟਾਈਜ਼ਮੈਂਟ ਦਾ ਜ਼ਮਾਨਾ ਹੈ! ਈ-ਬੁਕ ਤੇ ਵੈਬ-ਲਾਇਬਰੇਰੀ ਦਾ ਦੌਰ ਹੈ! ਹੁਣ ਪੁਸਤਕਾਂ ਨੂੰ ਆਡੀਓ ਤੇ ਵੀਡੀਓ ਮਾਧਿਅਮ ਵਿਚ ਕਨਵਰਟ ਕਰਨ ਦੀ ਲੋੜ ਹੈ! ਸਾਹਿਤ ਦੇ ਪਰਸਾਰ ਲਈ ਰੇਡੀਓ ਤੇ ਟੀ.ਵੀ. ਨੂੰ ਹੱਥਿਆਰ ਵਾਂਗ ਵਰਤਨ ਦੀ ਲੋੜ ਹੈ! ਵਿਗਿਆਨਕ ਮਾਰਕੀਟਿੰਗ ਤਕਨੀਕ ਦੀ ਜਾਣਕਾਰੀ ਤੇ ਵਰਤੋਂ ਜ਼ਰੂਰੀ ਹੈ! ਲੇਖਕ ਨੂੰ ਮਿਹਨਤ ਨਾਲ ਲਿਖਣ ਦਿਓ ਤੇ ਵੇਚਣ ਵੱਟਣ ਦਾ ਕੰਮ ਏਸ ਖੇਤਰ ਦੇ ਮਾਹਰਾਂ ਲਈ ਛੱਡ ਦਿਓ! ਪ੍ਰਿੰਟ ਮਾਧਿਅਮ ਦੇ ਨਾਲ ਨਾਲ ਨਾਨ-ਪ੍ਰਿੰਟ ਮਾਧਿਅਮ ਨੂੰ ਵਰਤਨ ਦੀ ਵੀ ਲੋੜ ਹੈ!
Subscribe to:
Post Comments (Atom)
No comments:
Post a Comment