ਗੀਤਕਾਰ ਰਾਜ ਕਾਕੜੇ ਦੇ ਨਾਮ ਤੋਂ ਹਰ ਪੰਜਾਬੀ ਭਲੀ-ਭਾਂਤ ਵਾਕਫ਼ ਹੈ। ਉਸ ਦੁਆਰਾ ਰਚਿਤ ਅਨੇਕਾਂ ਹੀ ਗੀਤ ਵੱਖ-ਵੱਖ ਗਾਇਕਾਂ ਦੇ ਰੁਜ਼ਗਾਰ ਅਤੇ ਸਾਡੇ ਮਨੋਰੰਜਨ ਦਾ ਸਾਧਨ ਬਣ ਚੁੱਕੇ ਹਨ। ਪਿਛਲੇ ਲਗਭਗ 24 ਸਾਲਾਂ ਤੋਂ ਉਹ ਬਤੌਰ ਗੀਤਕਾਰ ਇਸ ਖੇਤਰ ਵਿੱਚ ਵਿਚਰ ਰਿਹਾ ਹੈ ਅਤੇ ਹੁਣ ਤੱਕ ਉਸਦੇ ਕੋਈ 900 ਦੇ ਕਰੀਬ ਗੀਤ ਰਿਕਾਰਡ ਹੋ ਕੇ ਲੋਕਾਂ ਤੱਕ ਪਹੁੰਚ ਚੁੱਕੇ ਹਨ। ਇਹਨਾਂ ਚੌਵੀ ਸਾਲਾਂ ਵਿੱਚ ਉਸਦੇ ਜ਼ਿਆਦਾਤਰ ਉਹ ਗੀਤ ਹੀ ਲੋਕਾਂ ਤੱਕ ਪਹੁੰਚੇ ਜੋ ਕਮਰਸ਼ੀਅਲ ਸੀ ਅਤੇ ਉਸ ਵਿੱਚ ਉਸ ਦੀਆਂ ਸਵੈ-ਭਾਵਨਾਵਾਂ ਨਾਂ ਮਾਤਰ ਹੀ ਸਨ। ਅਜਿਹੇ ਹਾਲਾਤਾਂ ਵਿੱਚ ਉਸ ਅੰਦਰਲਾ ਬਾਗੀ ਇਨਸਾਨ ਜਾਂ ਗੀਤਕਾਰ ਚਾਹ ਕੇ ਵੀ 'ਖੁੱਲ੍ਹੀ ਅੱਖ' ਨਾਲ ਵੇਖੇ ਉਹਨਾਂ ਦ੍ਰਿਸ਼ਾਂ ਦਾ ਚਿਤਰਨ ਕਰਨ ਤੋਂ ਵਾਂਝਾ ਰਿਹਾ ਜੋ ਕਿ ਉਹ ਹਰ ਵਾਰ ਕਰਨਾ ਚਾਹੁੰਦਾ ਸੀ। ਪਰ ਹੁਣ ਉਸ ਅੰਦਰ ਪਏ ਉਹਨਾਂ ਬਾਗੀ ਵਿਚਾਰਾਂ ਦਾ ਲਾਵਾ ਟੇਪ 'ਪੰਜਾਬੀਓ ਚਿੜੀ ਬਣਨਾ ਕਿ ਬਾਜ਼' ਰਾਹੀਂ ਜਵਾਲਾਮੁਖੀ ਬਣ ਕੇ ਖੁਦ ਉਸਦੀ ਆਵਾਜ਼ ਵਿੱਚ ਹੀ ਵਹਿ ਤੁਰਿਆ ਹੈ। ਇਹਨੀਂ ਦਿਨੀਂ ਉਹ ਆਪਣੇ ਇਸੇ ਤਰਾਂ ਦੇ ਬਾਗੀਆਨਾ ਵਿਸ਼ਿਆਂ ਵਾਲੇ ਗੀਤਾਂ ਨਾਲ ਲਬਰੇਜ਼ ਆਪਣੀ ਇਸ ਪਲੇਠੀ ਟੇਪ ਨਾਲ ਹਰ ਪਾਸੇ ਖੂਬ ਚਰਚਾ ਵਿੱਚ ਹੈ। ਸਪੀਡ ਰਿਕਾਰਡਜ਼ ਵੱਲੋਂ ਮਾਰਕੀਟ ਵਿੱਚ ਉਤਾਰੀ ਗਈ ਇਸ ਟੇਪ ਵਿੱਚ ਉਸ ਦੁਆਰਾ ਰਚਿਤ ਕੁੱਲ ਅੱਠ ਗੀਤ ਅਤੇ ਨੌਂ ਸ਼ੇਅਰ ਹਨ ਜਿਸਨੂੰ ਨੌਜਵਾਨ ਸੰਗੀਤਕਾਰ ਜੋੜੀ ਅਨੂ-ਮਨੂ ਨੇ ਸੰਗੀਤਬੱਧ ਕੀਤਾ ਹੈ। ਪੂਰੀ ਦੀ ਪੂਰੀ ਟੇਪ ਸਮਾਜਿਕ ਸਰੋਕਾਰਾਂ ਦੀ ਗੱਲ ਕਰਦੀ ਹੈ ਜਿਸ ਵਿੱਚ ਇਸ਼ਕ ਹਕੀਕੀ ਜਾਂ ਇਸ਼ਕ ਮਜਾਜੀ ਵਰਗੀ ਚੀਜ਼ ਉਸਨੇ ਨਹੀਂ ਰੱਖੀ ਹੈ। ਰਾਜ ਅਨੁਸਾਰ ਉਹ ਹਮੇਸ਼ਾਂ ਹੀ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦਾ ਹੈ ਅਤੇ ਇਸੇ ਲਈ ਹੀ ਉਸਨੇ ਇਸ ਟੇਪ ਦਾ ਨਿਰਮਾਣ ਕੀਤਾ ਹੈ। ਇਸ ਟੇਪ ਵਿੱਚ ਉਸਨੇ ਕਈ ਅਜਿਹੇ ਸੱਚ ਬੋਲੇ ਹਨ ਜਿੰਨ੍ਹਾਂ ਪੇਸ਼ ਕਰਨ ਲਈ ਬੜੇ ਵੱਡੇ ਜਿਗਰੇ ਦੀ ਜ਼ਰੂਰਤ ਸੀ। ਟੇਪ ਵਿੱਚ ਉਸਨੇ ਹਰ ਅਹਿਮ ਵਿਸ਼ੇ ਨੂੰ ਛੋਹਣ ਦੀ ਪੂਰੀ-ਪੂਰੀ ਕੋਸ਼ਿਸ਼ ਕੀਤੀ ਹੈ। ਟੇਪ ਦੇ ਪਹਿਲੇ ਹੀ ਸ਼ੇਅਰ 'ਤੂਫ਼ਾਨ' ਜੋ ਕਿ ਇਸ ਟੇਪ ਦੀ ਭੂਮਿਕਾ ਹੈ, ਤੋਂ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਇਸ ਟੇਪ ਰਾਹੀਂ ਉਹ ਅਸਲ ਵਿੱਚ ਕੀ ਕਹਿਣਾ ਚਾਹੁੰਦਾ ਹੈ। ਅਗਲੇ ਸ਼ੇਅਰ 'ਰੂੰ' ਰਾਹੀਂ ਉਹ ਪੰਜਾਬ ਨਾਲ ਹੋਈਆਂ ਧੱਕੇਸ਼ਾਹੀਆਂ ਦਾ ਜ਼ਿਕਰ ਕੁਝ ਇਸ ਤਰਾਂ ਕਰਦਾ ਹੈ-
ਸਾਡੀ ਲਾਸ਼ ਉੱਤੇ ਝੰਡੇ, ਇਹ ਇਨਾਮ ਸਾਨੂੰ ਵੰਡੇ
ਤੇਰੇ ਰਾਹਵਾਂ 'ਚ ਪੰਜਾਬ, ਵੈਰੀ ਬੀਜ ਗਿਆ ਕੰਡੇ
ਉਹਨਾਂ ਕਾਣੀਆਂ ਵੰਡਾਂ ਦਾ ਅੱਜ ਉੱਠਦਾ ਏ ਧੂੰ
ਜੀਹਤੋਂ ਸੁਣਿਆਂ ਨੀਂ ਜਾਂਦਾ ਲੈ ਲੋ ਕੰਨਾਂ ਵਿੱਚ ਰੂੰ
ਟੇਪ ਦੇ ਪਹਿਲੇ ਅਤੇ ਟਾਈਟਲ ਗੀਤ 'ਬਾਜ਼' ਦੁਆਰਾ ਉਹ ਸਿੱਧੇ-ਸਿੱਧੇ ਸ਼ਬਦਾਂ ਵਿੱਚ ਪੰਜਾਬੀਆਂ ਦੀ ਅੰਤਰ-ਆਤਮਾ ਨੂੰ ਇਉਂ ਝੰਜੋੜਦਾ ਹੈ-
ਦੁਨੀਆਂ ਜੀਹਨੂੰ ਤਖਤ ਬਿਠਾਵੇ, ਜੇ ਉਹ ਵਤਨ ਵੇਚ ਕੇ ਖਾਵੇ
ਮਜ਼ਲੂਮਾਂ 'ਤੇ ਜ਼ੁਲਮ ਕਮਾਵੇ, ਸਿਰ 'ਤੇ ਰੱਖ ਕੇ ਤਾਜ
ਓਸ ਕੌਮ ਦੀਆਂ ਚਿੜੀਆਂ ਨੂੰ ਫਿਰ ਬਣਨਾ ਪੈਂਦਾ ਬਾਜ਼।
ਟੇਪ ਵਿਚਲੇ ਅਗਲੇ ਸ਼ੇਅਰ 'ਭਗਵਾਨ' ਰਾਹੀਂ ਉਹ ਬੜੀ ਬੇਬਾਕੀ ਨਾਲ ਲਾਲਚੀ ਇਨਸਾਨਾਂ ਅਤੇ ਭ੍ਰਿਸ਼ਟ ਸਿਆਸਤਦਾਨਾਂ ਤੇ ਕੁਝ ਇਸ ਤਰਾਂ ਵਾਰ ਕਰਦਾ ਹੈ-
ਲੋਕੀਂ ਤਾਂ ਭਗਵਾਨ ਵੇਚ ਗਏ, ਹੱਟੀ ਸਣੇ ਸਮਾਨ ਵੇਚ ਗਏ
ਜੱਟਾ ਤੇਰੀ ਫ਼ਸਲ ਵਿਕੀ ਨਾ, ਨੇਤਾ ਹਿੰਦੋਸਤਾਨ ਵੇਚ ਗਏ
ਅਸੀਂ ਤਿਰੰਗੇ ਖਾਤਰ ਮਰ ਗਏ, ਉਹ ਕੱਫ਼ਣ ਦਾ ਥਾਨ ਵੇਚ ਗਏ
ਰਾਜ ਕਾਕੜੇ ਲਾਲਚ ਵਧ ਗਿਆ, ਲੋਕ ਕਬਰਸਤਾਨ ਵੇਚ ਗਏ।
ਗੀਤ 'ਮਧਾਣੀਆਂ' ਜੋ ਕਿ ਲੋਕ-ਗੀਤ 'ਮਧਾਣੀਆਂ' ਦੀ ਹੀ ਤਰਜ਼ 'ਤੇ ਹੈ, ਵਿੱਚ ਰਾਜ ਨੇ ਅਜੋਕੇ ਹਾਲਾਤਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਕੇ ਇਉਂ ਪੇਸ਼ ਕੀਤਾ ਹੈ-
ਮਧਾਣੀਆਂ
ਵੈਰੀਆਂ ਦੀ ਨਜ਼ਰ ਬੁਰੀ, ਰਹੀਂ ਬਚ ਕੇ ਪੰਜਾਬ ਦਿਆ ਪਾਣੀਆਂ
ਪੋਣੀ
84 ਦਿਆਂ ਦੋਸ਼ੀਆਂ ਨੇ ਮਰ ਜਾਣਾ ਏਂ ਸਜ਼ਾ ਨਹੀਂ ਹੋਣੀ।
ਟੇਪ ਦੇ ਸਭ ਤੋਂ ਅਖੀਰਲੇ ਗੀਤ 'ਜਿੰਦੇ' ਰਾਹੀਂ ਉਹ ਰੁਜ਼ਗਾਰ ਦੀ ਖਾਤਰ ਵਿਦੇਸ਼ ਗਏ ਲੋਕਾਂ ਦੇ ਪਿੱਛੇ ਰਹਿ ਗਏ ਮਾਪਿਆਂ ਦੀ ਮਨੋ-ਦਸ਼ਾ ਅਤੇ ਉਹਨਾਂ ਦੀ ਜ਼ਮੀਨ-ਜਾਇਦਾਦ ਦੀ ਹੋ ਰਹੀ ਬੇਕਦਰੀ ਬਾਰੇ ਕੁਝ ਇਸ ਤਰਾਂ ਗੱਲ ਕਰਦਾ ਹੈ-
ਖਿੰਡ ਗਏ ਪੱਤੇ ਤੇ ਸੁੱਕ ਗਈ ਡਾਲੀ, ਰਹਿ ਗਏ ਮਗਰ ਆਲ੍ਹਣੇ ਖਾਲੀ
ਉੱਡ ਗਏ ਦੂਰ ਪਰਿੰਦੇ ਵੇ ਬੀਬਾ ਕਦੋਂ ਖੁੱਲ੍ਹਣਗੇ, ਜਿਹੜੇ ਘਰ ਨੂੰ ਲਾ ਗਿਉਂ ਜਿੰਦੇ, ਵੇ ਬੀਬਾ ਕਦੋਂ ਖੁੱਲ੍ਹਣਗੇ।
ਟੇਪ ਵਿਚਲਾ ਸਾਰੇ ਦਾ ਸਾਰਾ ਮੈਟਰ ਕਮਰਸ਼ੀਅਲ ਨਾ ਹੋ ਕੇ ਸਮਾਜਿਕ ਹੈ ਜਿਸ ਵਿੱਚ ਉਸਨੇ ਲਗਭਗ ਸਾਰੇ ਹੀ ਸਮਾਜਿਕ ਵਿਸ਼ਿਆਂ ਦੀ ਗੱਲ ਕੀਤੀ ਹੈ। ਅਜਿਹੀ ਟੇਪ ਨੂੰ ਰਿਲੀਜ਼ ਕਰਨ ਲਈ ਸਪੀਡ ਰਿਕਾਰਡਜ਼ ਤੇ ਉਸਦੇ ਕਰਤਾ-ਧਰਤਾ ਦਿਨੇਸ਼ ਅਤੇ ਰੂਬੀ ਵੀ ਵਧਾਈ ਦੇ ਹੱਕਦਾਰ ਹਨ ਜਿਨ੍ਹਾਂ ਨੇ ਕਮਰਸ਼ੀਅਲ ਟੇਪ ਨਾ ਹੋਣ ਦੇ ਬਾਵਜੂਦ ਵੀ ਇਸ ਨੂੰ ਰਿਲੀਜ਼ ਕਰਨ ਦਾ ਜਿਗਰਾ ਦਿਖਾਇਆ ਹੈ।
ਇੱਕ ਗੀਤਕਾਰ ਵਜੋਂ ਆਪਣੀ ਸਫ਼ਲ ਪਾਰੀ ਖੇਡਣ ਮਗਰੋਂ ਇੱਕ ਗਾਇਕ ਵਜੋਂ ਅਜਿਹੀ ਟੇਪ ਕਰਨ 'ਤੇ ਸਰੋਤੇ ਕਿੰਨਾ ਕੁ ਪਿਆਰ ਦਿੰਦੇ ਹਨ ਇਹ ਤਾਂ ਅਜੇ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਗਾਇਕੀ ਦੇ ਅਜਿਹੇ ਮਾਹੌਲ ਵਿੱਚ ਰਾਜ ਦੀ ਇਹ 'ਚੀਕ ਬੁਲਬੁਲੀ' ਰੂਪੀ ਟੇਪ ਕਈ ਗਾਇਕਾਂ ਲਈ ਜ਼ਰੂਰ ਹੀ ਰਾਹ-ਦਸੇਰਾ ਸਾਬਤ ਹੋਵੇਗੀ । ਹਰਿੰਦਰ ਭੁੱਲਰ ਫ਼ਿਰੋਜ਼ਪੁਰ
No comments:
Post a Comment