
Monday, April 13, 2009
Sunday, March 15, 2009
ਮੇਰੇ ਕਿਰਦਾਰ ਹਰ ਪਲ ਮੇਰੇ ਨਾਲ ਖਾਂਦੇ, ਪੀਂਦੇ, ਸੌਂਦੇ, ਜਾਗਦੇ ਹਨ – ਬੂਟਾ ਸਿੰਘ ਸ਼ਾਦ
ਮੁਲਾਕਾਤੀ – ਦਰਸ਼ਨ ਦਰਵੇਸ਼
ਨੱਕੋ-ਨੱਕ ਭਰੇ ਹੋਏ ਸ਼ੁੱਧ ਪਾਣੀਆਂ ਵਾਲੇ ਤਲਾਅ ਦਾ ਨਾਮ ਹੈ........... ਬੂਟਾ ਸਿੰਘ ਸ਼ਾਦ।
..........................
ਸੰਘਣੇ ਜੰਗਲ ਨੂੰ ਚੀਰ ਕੇ ਫੈਲ ਜਾਣ ਵਾਲੀ ਨਿਰਮਲ ਪੌਣ ਵਰਗੀ ਸ਼ਖ਼ਸੀਅਤ ਹੈ............... ਬੂਟਾ ਸਿੰਘ ਸ਼ਾਦ।
........................
ਕਿਸੇ ਚਿਹਰੇ ਦੇ ਅੱਥਰੂਆਂ ਦਾ ਆਪਣੀਆਂ ਅੱਖਾਂ ‘ਚ ਇਤਿਹਾਸ ਸਾਂਭ ਲੈਣ ਦਾ ਦਸਤਾਵੇਜ਼ ਹੈ............ ਬੂਟਾ ਸਿੰਘ ਸ਼ਾਦ ।
.....................
ਬੂਟਾ ਸਿੰਘ ਸ਼ਾਦ ਦੀ ਤੱਕਣੀ ‘ਚ ਤੱਕਦਿਆਂ ਤਹਾਨੂੰ ਮਹਿਸੂਸ ਹੋਵੇਗਾ , ਜਿਵੇਂ ਤੁਸੀਂ ਸੁਪਨਿਆਂ ਵਾਲੀਆਂ ਅੱਖਾਂ ਦੇ ਰੂ-ਬ-ਰੂ ਹੋਵੇ।
.......................
ਬੜੇ ਮਾਣ ਨਾਲ ਇਹ ਗੱਲ ਅਸੀਂ ਆਖ ਸਕਦੇ ਹਾਂ ਕਿ ਇਹਨਾਂ, ਦਾਨ ਸਿੰਘ ਵਾਲਾ ਦੀ ਮਿੱਟੀ ਦੀ ਮਹਿਕ ਨਾਲ ਨੱਕੋ ਨੱਕ ਭਰੀਆਂ ਅੱਖਾਂ ਨੇ ਜਿਹੜੇ ਵੀ ਸੁਪਨੇ ਆਪਣੇ ਤਜਰਬਿਆਂ ਦੇ ਗਰਭ ‘ਚੋਂ ਜੰਮੇ ,ਬੜੀ ਛੇਤੀ ਸਾਰੇ ਦੇ ਸਾਰੇ ਜੁਆਨ ਹੋ ਕੇ ਕੁਝ ਨਾਵਲਾਂ ਦੀ ਹਿੱਕ ਉੱਤੇ ਖੇਡਣ ਲੱਗ ਪਏ ਅਤੇ ਕੁਝ ਫਿਲਮਾਂ ਦੇ ਜੰਗਲ ਦੀਆਂ ਸੁਰਖੀਆਂ ਬਣ ਗਏ ।
-----
ਬੂਟਾ ਸਿੰਘ ਬਾਰੇ ਜ਼ਿਆਦਾ ਵਿਸਤਾਰਿਤ ਵੇਰਵੇ ਦੇਣੇ ਸ਼ਾਇਦ ਉਹਨਾਂ ਦੀ ਤੌਹੀਨ ਹੋਵੇਗੀ । ਕਿਉਂਕਿ ਹਰ ਪੰਜਾਬੀ ਪਾਠਕ ਜਾਣਦਾ ਹੈ ਕਿ ਬੀਤੇ ਬਹੁਤ ਵਰ੍ਹਿਆਂ ਤੋਂ ਉਹ ਪੰਜਾਬੀ ਦਾ ਸਭ ਤੋਂ ਵੱਧ ਲੋਕ ਮਨਾਂ ਦੇ ਘਰਾਂ ਅੰਦਰ ਥੰਦਿਆਈ ਵਾਂਗ ਫੈਲ ਜਾਣ ਵਾਲਾ ਨਾਵਲਕਾਰ ਹੈ ।ਬੂਟਾ ਸਿੰਘ ਸ਼ਾਦ ਦੇ ਨਾਵਲਾਂ ਦੇ ਕਿਰਦਾਰ ਆਪਣੇ ਪਾਠਕਾਂ ਨਾਲ ਏਨੀ ਗੂੜ੍ਹੀ ਯਾਰੀ ਪਾ ਲੈਂਦੇ ਹਨ ਕਿ ਅੱਜ ਦੇ ਸਾਹਿਤ-ਮਾਰਕੀਟਿੰਗ ਦੇ ਯੁੱਗ ਵਿੱਚ ਵੀ ਕਦੇ ਸ਼ਾਦ ਨੂੰ ਸਾਹਿਤਕ-ਗੋਸ਼ਟੀਆਂ ਅਤੇ ਪਰਚੇ ਆਦਿ ਲਿਖਵਾਉਂਣ ਦਾ ਸਹਾਰਾ ਨਹੀਂ ਲੈਣਾ ਪਿਆ।
----
ਕਿਸੇ ਵੀ ਮੁੱਖ ਬੰਦ ਤੋਂ ਬਿਨਾਂ ਸ਼ਾਦ ਦੇ ਨਾਵਲਾਂ ਦੇ ਜ਼ਾਂਬਾਜ਼ ਪਾਤਰ ਆਪਣੀ ਉਡਾਣ ਆਪ ਭਰਨ ਦੀ ਮੁਹਾਰਤ ਚੰਗੀ ਤਰ੍ਹਾਂ ਜਾਣਦੇ ਹਨ। ਉਂਝ ਜੇ ਸ਼ਾਦ ਚਾਹੇ ਉਸ ਅੰਦਰ ਏਨੀ ਕੁ ਸਮਰੱਥਾ ਹੈ ਕਿ ਉਹ ਅੱਜ ਵੀ ਉਬਰਾਏ ਸ਼ੈਟਰਨ ਤੋਂ ਲੈ ਕੇ ਰੋਇਲ ਪਾਮ ਵਰਗੇ ਮਹਿੰਗੇ ਹੋਟਲਾਂ ਅੰਦਰ ਗੋਸ਼ਟੀਆਂ ਦਾ ਪ੍ਰਬੰਧ ਇੱਕ ਇਸ਼ਾਰੇ ਉਪਰ ਕਰਵਾ ਸਕਦਾ ਹੈ ਪਰ ਅਜਿਹਾ ਕਰਕੇ ਉਹ ਆਪਣੇ ਸਾਹਾਂ ਜਿੰਨੇ ਪਿਆਰੇ ਪਾਠਕਾਂ ਦੀਆਂ ਨਜ਼ਰਾਂ ਦਾ ਸੇਕ ਨਹੀਂ ਝੱਲ ਸਕਦਾ ।
----
‘ਅੱਧੀ ਰਾਤ ਪਹਿਰ ਦਾ ਤੜਕਾ’ ਸ਼ਾਦ ਸਾਹਿਬ ਦਾ ਅਸਲੋਂ ਪਲੇਠਾ ਨਾਵਲ ਸੀ । ਅਤੇ ਹੁਣ ‘ਕਾਲੀ ਬੋਲ਼ੀ ਰਾਤ’ ਅਤੇ ‘ਸੰਧੂਰੀ ਅੰਬੀਆਂ’ ਉਹਨਾਂ ਦੀਆਂ ਹੋਰ ਆਉਂਣ ਵਾਲੀਆਂ ਰਚਨਾਵਾਂ ਤੋਂ ਪਹਿਲਾਂ ਦੇ ਨਾਵਲ ਹਨ।
ਬੂਟਾ ਸਿੰਘ ਸ਼ਾਦ ਉਹ ਨਾਵਲਕਾਰ ਹੈ ਜਿਸ ਦੀ ਹਰ ਨਵੀਂ ਰਚਨਾ ਦੀ ਉਸਦੇ ਪਾਠਕ ਤੇ ਪ੍ਰਕਾਸ਼ਕ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।ਬੈਸਾਖੀਆਂ ਤੋਂ ਬਗੈਰ ਆਪਣੀ ਕਲਮ ਦੀ ਤਾਕਤ ਦੇ ਜ਼ੋਰ ਉੱਤੇ ਚੱਲਣ ਵਾਲੇ ਇਸ ਨਾਵਲਕਾਰ ਅਤੇ ਫਿਲਮਕਾਰ ਬੂਟਾ ਸਿੰਘ ਸ਼ਾਦ ਨਾਲ ਉਹਨਾਂ ਦੇ ਸੀਸਾਈਡ ਵਾਲੇ ਫਲੈਟ ਅੰਦਰ ਸਮੁੰਦਰ ਵੱਲ ਦੇ ਘਸਮੈਲ਼ੇ ਜਿਹੇ ਚਾਨਣ ਵਿੱਚ ਪਿਛਲ਼ੇ ਦਿਨੀਂ ਕਿੰਨੀ ਦੇਰ ਬੇਬਾਕ ਜਿਹੀਆਂ ਗੱਲਾਂ ਦਾ ਇੱਕ ਰਿਸ਼ਤਾ ਸਾਡੇ ਦਰਮਿਆਨ ਬਣਿਆ ਰਿਹਾ ‘ਤੇ ਉਹੀ ਗੱਲਾਂ ਹਾਜ਼ਰ ਨੇ ਸਾਡੇ ਤੇ ਉਹਨਾਂ ਦੇ ਪਾਠਕਾਂ ਲਈ :
*****
ਦਰਵੇਸ਼: ਸ਼ਾਦ ਸਾਹਿਬ ਪਹਿਲਾਂ ਇਹ ਦੱਸੋ ਕਿ ਪੰਜਾਬੀ ਨਾਵਲਕਾਰਾਂ ਦੀ ਕਤਾਰ ਵਿੱਚ ਜੇ ਤਹਾਨੂੰ ਖੜ੍ਹਾ ਕਰਨਾ ਹੋਵੇ ਤਾਂ ਤੁਸੀਂ ਖ਼ੁਦ ਨੂੰ ਕਿੱਥੇ ਕੁ ਖੜ੍ਹਾ ਕਰਕੇ ਵੇਖਦੇ ਹੋ?
ਸ਼ਾਦ: ਮੇਰੀ ਇਸ ਗੱਲ ਨੂੰ ਕਿਤੇ ਫਖ਼ਰ ਵਾਲੀ ਗੱਲ ਨਾ ਸਮਝ ਲਿਆ ਜਾਵੇ ਪਰ ਫਿਰ ਵੀ ਮੈਂ ਕਹਾਂਗਾ ਕਿ ਮੈਨੂੰ ਤੁਸੀਂ ਕਿਸੇ ਕਤਾਰ ਵਿੱਚ ਨਹੀਂ ਖੜ੍ਹਾ ਕਰ ਸਕਦੇ ।ਮੈਂ ਬਿਲਕੁਲ ਨਵੇਕਲੀ ਪਹਿਚਾਣ ਬਣਾਈ ਹੈ ਆਪਣੀ।ਮੇਰੇ ਹਿੱਸੇ ਜੋ ਵੀ ਫੇਮ ਆਇਆ ਹੈ ਆਲੋਚਕਾਂ ਤੋਂ ਨਹੀਂ ਸਿਰਫ਼ ਤੇ ਸਿਰਫ਼ ਪਾਠਕਾਂ ਤੋਂ ਆਇਆ ਹੈ ।ਮੇਰੇ ਬਹੁਤ ਸਾਰੇ ਪਾਠਕਾਂ ਨੇ ਹੀ ਮੈਨੂੰ ਮੇਰੀ ਵੱਖਰੀ ਹੋਂਦ ਦਾ ਅਹਿਸਾਸ ਕਰਵਾਇਆ ਹੈ ।
-----
ਦਰਵੇਸ਼: ਤੁਹਾਡੀ ਨਜ਼ਰ ਵਿੱਚ ਅੱਜ ਲਿਖੇ ਜਾ ਰਹੇ ਪੰਜਾਬੀ ਨਾਵਲ ਦੀ ਸਥਿਤੀ ਕਿਹੋ ਜਿਹੀ ਹੈ ?
ਸ਼ਾਦ: ਇਸ ਵੇਲੇ ਜਿੰਨੇ ਵੀ ਨਾਵਲ ਲਿਖੇ ਜਾ ਰਹੇ ਹਨ, ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ, ਜਿਵੇਂ ਉਹ ਸੱਚ ਤੋਂ ਬਹੁਤ ਦੂਰ ਖੜ੍ਹ ਕੇ ਲਿਖੇ ਜਾ ਰਹੇ ਹਨ ।ਲੇਖਕ ਨੂੰ ਜਿੰਦਗੀ ਦੇ ਸੱਚ ਤੋਂ ਦੂਰ ਰਹਿ ਕੇ ਕਦੇ ਵੀ ਰਚਨਾ ਨਹੀਂ ਕਰਨੀ ਚਾਹੀਦੀ ।ਹਾਂ.... ਕਹਾਣੀਆਂ ਵਿੱਚ ਜਰੂਰ ਸਾਡੀ ਅੱਜ ਦੀ ਜ਼ਿੰਦਗੀ ਦਾ ਚਿਤਰਣ ਮਿਲਦਾ ਹੈ ।ਜਿਵੇਂ ਦਲੀਪ ਕੌਰ ਟਿਵਾਣਾ ਹੈ ,ਜਸਵੰਤ ਸਿੰਘ ਕੰਵਲ ਹਨ।ਉਹਨਾਂ ਦੇ ਨਾਵਲਾਂ ਵਿੱਚ ਯਥਾਰਥ ਤੋਂ ਦੂਰ ਉਹਨਾਂ ਦਾ ਬਣਾਇਆ ਹੋਇਆ ਆਪਣਾ ਹੀ ‘ਅੱਜ’ ਵੇਖਣ ਨੂੰ ਮਿਲਦਾ ਹੈ ।ਟਿਵਾਣਾ ਤਾਂ ਆਪਣੀ ਜ਼ਿੰਦਗੀ ਦੇ ਦੁੱਖ ਤੋਂ ਹੀ ਦੂਰ ਨਹੀਂ ਆ ਸਕੀ ਅਤੇ ਕੰਵਲ ਸਾਹਿਬ ਵਾਦ ਦੀ ਤਾਣੀ ਵਿੱਚ ਹੀ ਉਲਝੇ ਰਹੇ ਹਨ।ਜਾਣੀ ਬਹੁਤ ਸਾਰੇ ਸਮਕਾਲੀ ਨਾਵਲਕਾਰਾਂ ਦੇ ਨਾਵਲ ਜਦੋਂ ਮੈਂ ਪੜ੍ਹਦਾ ਹਾਂ ਤਾਂ ਮੈਨੂੰ ਲੱਗਦਾ ਹੈ ਉਹ ਜਿੱਥੋਂ ਤੁਰੇ ਸਨ ਅੱਜ ਵੀ ਉਸੇ ਥਾਂ ਉਪਰ ਹੀ ਤੁਰ ਰਹੇ ਹਨ ।
----
ਦਰਵੇਸ਼: ਪੰਜਾਬੀ ਲੇਖਕ ਇਹ ਕਿਉਂ ਸੋਚਦੇ ਹਨ ਕਿ ਪੰਜਾਬੀ ਦਾ ਪਾਠਕ ਵਰਗ ਬਹੁਤ ਹੀ ਸੀਮਤ ਹੋ ਗਿਆ ਹੈ ?
ਸ਼ਾਦ: ਜੇ ਮੇਰੇ ਨਾਵਲਾਂ ਦੇ ਪਾਠਕਾਂ ਦੀ ਗਿਣਤੀ ਕਰਨੀ ਹੋਵੇ ਤਾਂ ਮੈਨੂੰ ਤਾਂ ਬਿਲਕੁਲ ਹੀ ਅਜਿਹਾ ਮਹਿਸੂਸ ਨਹੀਂ ਹੁੰਦਾ ।ਮੈਨੂੰ ਤਾਂ ਕਦੇ ਮੇਰੇ ਪਾਠਕਾਂ ਨੇ ਇਹ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਪਾਠਕਾਂ ਦਾ ਘੇਰਾ ਸੀਮਿਤ ਹੋ ਰਿਹਾ ਹੈ ।ਮੇਰੇ ਪਾਠਕ ਅਤੇ ਮੇਰੇ ਪ੍ਰਕਾਸ਼ਕ ਹਰ ਸਮੇ ਮੈਥੋਂ ਮੇਰੀ ਨਵੀਂ ਰਚਨਾ ਦੀ ਮੰਗ ਕਰਦੇ ਰਹਿੰਦੇ ਹਨ ।
ਬਾਕੀ ਜਿਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਹੈ ਉਹ ਆਪਣੀ ਰਚਨਾ, ਆਪਣੇ ਪਾਠਕਾਂ ਤੇ ਜਾਂ ਫਿਰ ਆਪਣੇ ਆਲੋਚਕਾਂ ਤੋਂ ਪੁੱਛ ਸਕਦੇ ਹਨ, ਕਿ ਉਹਨਾਂ ਨਾਲ ਅਜਿਹਾ ਕਿਉਂ ਹੋ ਰਿਹਾ ਹੈ ।
----
ਦਰਵੇਸ਼: ਤੁਹਾਡੇ ਨਾਵਲਾਂ ,ਕਹਾਣੀਆਂ ਦੇ ਮੁਕਾਬਲੇ ਹੋਰਨਾਂ ਲੇਖਕਾਂ ਦੇ ਹਿੱਸੇ ਏਨਾ ਵਿਸ਼ਾਲ ਪਾਠਕ ਵਰਗ ਕਿਉਂ ਨਹੀਂ ਆਇਆ ।
ਸ਼ਾਦ: ਤੁਹਾਡੀ ਗੱਲ ਬਿਲਕੁਲ ਸੱਚ ਹੈ ਅਤੇ ਮੇਰੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮੇਰੇ ਨਾਵਲਾਂ ਦੇ ਪਾਠਕਾਂ ਦਾ ਘੇਰਾ ਬਹੁਤ ਹੀ ਵਸੀਹ ਹੈ ।ਮੇਰੇ ਪਾਠਕ ਦੇਸ ਵਿਦੇਸ਼ ,ਸਰਕਾਰੇ ਦਰਬਾਰੇ ਹਰ ਜਗ੍ਹਾ ਹਨ।ਇਸ ਦਾ ਕਾਰਨ ਮੈਂ ਸਮਝਦਾ ਹਾਂ ਕਿ ਮੈਂ ਬਿਨਾਂ ਕਿਸੇ ਸੰਕੋਚ ਦੇ ਰਚਨਾ ਕਰਦਾ ਹਾਂ ।ਸੰਕੋਚ ਕਰਕੇ ਲਿਖਿਆ ਸਾਹਿਤ ਹਮੇਸ਼ਾਂ ਪਾਠਕਾਂ ਨੂੰ ਮਾਯੂਸ ਕਰਦਾ ਹੈ।ਮੇਰੇ ਨਾਵਲ ਸ਼ਾਇਦ ਏਸ ਕਰਕੇ ਵੀ ਜਿਆਦਾ ਪੜ੍ਹੇ ਜਾਂਦੇ ਹੋਣਗੇ।ਕਿਉਂਕਿ ਉਹਨਾਂ ਵਿੱਚ ਜਿੰਦਗੀ ਦੇ ਸੱਚ ਨੂੰ ਬਹੁਤ ਹੀ ਈਮਾਨਦਾਰੀ ਨਾਲ ਚਿਤਰਿਆ ਹੁੰਦਾ ਹੈ ।ਆਪਣੇ ਨਾਵਲਾਂ ਵਿੱਚ ਮੈਂ ਜ਼ਿੰਦਗੀ ਦੇ ਕੁਹਜ ਅਤੇ ਸੁਹਜ ਨੂੰ ਲਿਖਦਾ ਕਦੇ ਵੀ ਨਹੀਂ ਝਿਜਕਦਾ । ਜਿਹੜੀ ਵੀ ਰਚਨਾ ਵਿੱਚ ਪਾਠਕਾਂ ਨੂੰ ਆਪਣੀ ਜਿੰਦਗੀ ਦੇ ਹਰ ਪੱਖ ਦਾ ਚਿਤਰਣ ਮਿਲੇਗਾ ਉਹ ਨਿਸ਼ਚੇ ਹੀ ਜਿਆਦਾ ਪੜ੍ਹੀ ਜਾਵੇਗੀ।ਹਾਂ... ਨਾਲ ਇੱਕ ਗੱਲ ਇਹ ਵੀ ਹੈ ਕਿ ਜਿਹੜਾ ਸੋ ਕਾਲਡ ਜੀਨੀਅਸ ਰੀਡਰ ਹੈ ।ਉਸ ਨੇ ਅੱਜ ਤੱਕ ਮੇਰੇ ਨਾਵਲਾਂ ਨੂੰ ਪਸੰਦ ਨਹੀਂ ਕੀਤਾ ।
----
ਦਰਵੇਸ਼: ਪ੍ਰਸਿੱਧੀ ਦੇ ਇਸ ਮੁਕਾਮ ਉੱਤੇ ਪਹੁੰਚਣ ਤੀਕ ਤੁਹਾਡੇ ਨਿੰਦਕ ਵੀ ਤਾਂ ਬੇਸ਼ੁਮਾਰ ਹੋਣਗੇ ?
ਸ਼ਾਦ: ਨਿੰਦਕ? ਮੈਂ ਤਾਂ ਪੈਦਾਵਾਰ ਹੀ ਆਪਣੇ ਨਿੰਦਕਾਂ ਦੀ ਹਾਂ।ਮੇਰੇ ਨਿੰਦਕਾਂ ਨੇ ਹਰ ਥਾਂ ਉੱਤੇ ਮੈਨੂੰ ਜ਼ਹਿਰ ਦੇਣ ਦੀ ਕੋਸਿਸ ਕੀਤੀ ਜਿਹੜਾ ਮੇਰੇ ਲਈ ਅੰਮ੍ਰਿਤ ਬਣਦਾ ਰਿਹਾ। ਨਿੰਦਿਆ ਹਮੇਸ਼ਾ ਇਨਸਾਨ ਅੰਦਰ ਇੱਕ ਵਿਰੋਧ ਪੈਦਾ ਕਰਦੀ ਹੈ। ਮੇਰੀ ਨਿੰਦਿਆ ਕਰਦਿਆਂ ਕਰਦਿਆਂ ਮੇਰੇ ਨਿੰਦਕਾਂ ਦੀ ਜ਼ੁਬਾਨ ਥੱਕਦੀ ਨਹੀਂ ਅਤੇ ਮੇਰੀ
ਕਲਮ ਚੱਲਣੋਂ ਰੁਕਦੀ ਨਹੀਂ। ਮੇਰੇ ਪਾਠਕ ਉਹਨਾਂ ਦੀ ਕੋਈ ਵੀ ਗੱਲ ਗੌਲੇ ਬਗੈਰ ਮੇਰੇ ਨਾਵਲ ਪੜ੍ਹਦੇ ਨੇ।ਅਸਲ ਵਿੱਚ ਤੁਹਾਡੀ ਪ੍ਰਸ਼ੰਸ਼ਾ ਹੀ ਕੀ ਹੋਈ ਜੇਕਰ ਤੁਹਾਡਾ ਵਿਰੋਧ ਹੀ ਨਹੀਂ।ਤੁਹਾਡੀ ਮਾਯੂਸੀ ਹੀ ਕੀ ਹੋਈ ਜੇ ਤੁਹਾਡੀ ਖੁਸ਼ੀ ਨਹੀਂ।ਇਸ ਲਈ ਮੈਂ ਤਾਂ ਸ਼ੁਕਰਗੁਜ਼ਾਰ ਹਾਂ ਆਪਣੇਂ ਨਿੰਦਕਾਂ ਦਾ, ਜਿਹਨਾਂ ਕਾਰਨ ਮੇਰੇ ਪਾਠਕ
ਹੀ ਪਾਠਕ ਪੈਦਾ ਹੁੰਦੇ ਗਏ। ਹਰ ਨਿੰਦਕ ਆਖ ਦਿੰਦੈ ਕਿ ਸ਼ਾਦ ਤਾਂ ਗੰਦਾ ਲਿਖਦੈ। ਉਏ ਭਲਿਓ ਲੋਕੋ !!....ਮੈਂ ਗੰਦਾ ਨਹੀਂ ਲਿਖਦਾ,ਮੈਂ ਤਾਂ ਜ਼ਿੰਦਗੀ ਬਾਰੇ ਲਿਖਦਾਂ।ਜ਼ਿੰਦਗੀ ਸੋਹਣੀ ਵੀ ਹੈ ਅਤੇ ਗੰਦੀ ਵੀ।ਮੈਂ ਕੁਰਪਟ ਪੁਲਸ ਵਾਲੇ ਨੂੰ ਕੁਰਪਟ ਆਖਣ ਦੀ ਜ਼ੁਅੱਰਤ ਰੱਖਦਾਂ।ਮੈਂ ਜ਼ਿੰਦਗੀ ਦੇ ਹਰ ਪੱਖ ਨੂੰ ਇਮਾਨਦਾਰੀ ਨਾਲ ਚਿਤਰਦਾਂ।
----
ਦਰਵੇਸ਼: ਤੁਹਾਡੇ ਸਾਹਿਤ ਰਚਨਾ ਦੇ ਸ਼ੁਰੂਆਤੀ ਦਿਨ ਕਿਹੋ ਜਿਹੇ ਸਨ। ਕਿਹੋ ਜਿਹਾ ਲੱਗਦਾ ਸੀ ਸਾਹਿਤ ਦੇ ਵਿਹੜੇ ਅੰਦਰ ਨਵਾਂ-ਨਵਾਂ ਪ੍ਰਵੇਸ਼ ਕਰਕੇ ?
ਸ਼ਾਦ: ਕੋਈ ਚੀਜ਼ ਲਿਖਦਾ ਸੀ ਤਾਂ ਲੋਕਾਂ ਨੂੰ ਪਸੰਦ ਆਉਂਦੀ ਸੀ।ਅਸੀਂ ਪਿੰਡਾਂ ਦੇ ਜੰਮੇ-ਜਾਏ ਹਾਂ ਨਵਾਂ ਝੱਗਾ ਵੀ ਪਾਉਂਦੇ ਸੀ ਤਾਂ ਏਨੀ ਜ਼ਿਆਦਾ ਖ਼ੁਸ਼ੀ ਹੁੰਦੀ ਸੀ, ਜਿਵੇਂ ਲੱਖਾਂ ਕਰੋੜਾਂ ਹਾਸਿਲ ਕਰ ਲਿਆ ਹੋਵੇ। ਇਹੋ ਹਾਲ ਸਾਹਿਤ ਰਚਨਾ ਦਾ ਸੀ। ਮੇਰੇ ਸ਼ੁਰੂਆਤੀ ਦਿਨਾਂ ਵਿੱਚ ਹੀ ਮੈਨੂੰ ਇਹ ਖ਼ੁਸ਼ੀ ਹਾਸਿਲ ਹੋਈ ਸੀ ਕਿ ਲੋਕਾਂ ਨੂੰ ਮੇਰੀਆਂ ਕਹਾਣੀਆਂ ਪਸੰਦ ਆਈਆਂ। ਮੈਨੂੰ ਯਾਦ ਹੈ ਕਿ ਇੱਕ ਕਹਾਣੀਂ ਮੈਂ ‘ਰਾਖੇ’ ਲਿਖੀ ਸੀ ਜਿਹੜੀ ਸਾਹਿਤ ਸਭਾ ਬਰਨਾਲਾ ਅੰਦਰ ਪੜ੍ਹੀ ਗਈ ਸੀ ਉੱਥੇ ਹਾਜ਼ਰ ਬਹੁਤ ਸਾਰੇ ਸਾਹਿਤਕਾਰਾਂ ਏਥੋਂ ਤੱਕ ਕਿ ਸੁਰਜੀਤ ਸਿੰਘ
ਬਰਨਾਲਾ ਨੇ ਵੀ ਇਸਦੀ ਤਾਰੀਫ਼ ਕੀਤੀ ਸੀ। ਫਿਰ ਆਰਸੀ ਵਿੱਚ ਮੇਰੀ ਕਹਾਣੀਂ ‘ਮੋਰਨੀ’ ਛਪੀ।ਉਸ ਉੱਪਰ ਤਾਂ ਪਾਠਕਾਂ ਨੇ ਜਿਵੇਂ ਆਪਣੀ ਜਾਨ ਹੀ ਨਿਛਾਵਰ ਕਰ ਦਿੱਤੀ ।ਮੈਂ ਦਿੱਲੀ ਵਿੱਚ ‘ਮੋਰਨੀ ਵਾਲਾ ਸ਼ਾਦ’ਕਰਕੇ ਜਾਣਿਆ ਜਾਣ ਲੱਗ ਪਿਆ ।ਇਹੋ ਜਿਹੇ ਹੌਸਲਿਆਂ ਨੇ ਮੈਨੂੰ ਲਿਖਣ ਲਈ ਹੋਰ ਉਤਸਾਹਿਤ ਕੀਤਾ ।ਮੈਂ ਸਾਹਿਤ ਸਿਰਜਣਾ ਦੇ ਰਾਹਾਂ ਉੱਤੇ ਨਿਕਲ਼ ਪਿਆ ।ਜਿਹੜਾ ਅੱਜ ਵੀ ਨਿਰੰਤਰ ਲਿਖ ਰਿਹਾ ਹਾਂ।
----
ਦਰਵੇਸ਼: ਤਹਾਨੂੰ ਕੋਈ ਵੀ ਰਚਨਾ ਲਿਖਣ ਦੀ ਜ਼ਰੂਰਤ ਕਦੋਂ ਮਹਿਸੂਸ ਹੁੰਦੀ ਹੈ ?
ਸ਼ਾਦ : ਮੈਂ ਕਦੇ ਵੀ ਵਿਉਂਤਬੱਧ ਢੰਗ ਨਾਲ ਸੋਚ ਕੇ ਨਹੀਂ ਲਿਖਦਾ ।ਮੈਨੂੰ ਹਲਕਾ-ਹਲਕਾ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਜਿਵੇਂ ਮੇਰੇ ਦਿਮਾਗ ਵਿੱਚ ਕੋਈ ਨਵੀਂ ਰਚਨਾ , ਕੋਈ ਨਵਾਂ ਵਿਸ਼ਾ ਘੁੰਮਣ ਲੱਗ ਪਿਆ ਹੈ ।ਉਦੋਂ ਮੈਨੂੰ ਲਿਖਣ ਦੀ ਜ਼ਰੂਰਤ ਮਹਿਸੂਸ ਹੋਣ ਲੱਗ ਪੈਂਦੀ ਹੈ ।ਮੈਂ ਦਿਲ ਦਿਮਾਗ ਤੋਂ ਕਾਫ਼ੀ ਗੁਰਸਿੱਖ ਹਾਂ । ਮੈਂ ਲਿਖਣ ਬੈਠਦਾ ਹਾਂ ਤਾਂ ਜਾਪਦਾ ਹੈ ਕਿ ਸਾਹਿਬੇ-ਕਮਾਲ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮੇਰੇ ਅੰਗ ਸੰਗ ਨੇ । ਮੈਨੂੰ ਉਹਨਾਂ ਉਪਰ ਬਹੁਤ ਵੱਡਾ ਭਰੋਸਾ ਹੈ ।ਮੈਨੂੰ ਤਾਂ ਬੱਸ ਇਉਂ ਲੱਗਦੈ ਕਿ ਜਦੋਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਦਾਤਾ ਮੈਨੂੰ ਲਿਖਵਾ ,ਫਿਰ ਤਾਂ ਬੱਸ ਜਿਵੇਂ ਖ਼ੁਦ ਲਿਖਣ ਲੱਗ ਪੈਂਦੇ ਹਨ ਅਤੇ ਮਾਣ ਮੈਨੂੰ ਮਿਲ ਜਾਂਦਾ ਹੈ ।( ਬੂਟਾ ਸਿੰਘ ਸ਼ਾਦ ਨੇ ‘ਕੁੱਤਿਆ ਵਾਲੇ ਸਰਦਾਰ’,’ਰੋਹੀ ਦਾ ਫੁੱਲ’, ‘ਅੱਧੀ ਰਾਤ ਪਹਿਰ ਦਾ ਤੜਕਾ’,’ਬੰਜਰ ਧਰਤੀ ਟਹਿਕਦਾ ਫੁੱਲ’,‘ਬਾਝ ਭਰਾਵਾਂ ਸਕਿਆਂ’,ਮੇਰੀ ਮਹਿੰਦੀ ਦਾ ਰੰਗ ਉਦਾਸ’,’ਦਿਲ ਦਰਿਆ ਸਮੁੰਦਰੋਂ ਡੂੰਘੇ’,’ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ’,’ਰੂਹ ਦੇ ਹਾਣੀ ’,’ਤੇਰਾ ਕੀਆ ਮੀਠਾ ਲਾਗੇ’, ‘ਪਾਪੀ ਪਾਪ ਕਮਾਂਵਦੇ’,’ਨੂਰੀ’,ਮੁੱਲ ਵਿਕਦਾ ਸੱਜਣ’, ‘ਲਾਲੀ’, ਧਰਤੀ ਧੱਕ ਸਿੰਘ’,’ਇਸ਼ਕ’,ਅਤੇ ‘ਸਿੱਖ’ ਸਾਰੇ ਦੇ ਸਾਰੇ ਇੱਕੋ ਬੈਠਕ ਵਿੱਚ ਸੱਤ ਤੋਂ ਦਸ ਦਿਨਾਂ ਦੇ ਸ਼ੈਡਿਊਲ ਵਿੱਚ ਹੀ ਲਿਖੇ ਹਨ ਅਤੇ ਸਾਰੇ ਇੱਕ ਇੱਕ ਵਾਰ ਰੀ-ਰਾਈਟ ਕਰਕੇ ਹੀ ਛਪਵਾਏ ਹਨ )
----
ਦਰਵੇਸ਼: ਸਾਹਿਤ ਰਚਨਾ ਨੂੰ ਤੁਸੀਂ ਕੋਈ ਪ੍ਰਤੀਬੱਧ ਕੰਮ ਸਮਝਦੇ ਹੋ ਜਾਂ ਸਿਰਫ ਸ਼ੌਕ?
ਸ਼ਾਦ: ਇਹ ਨਾ ਕੰਮ ਹੈ ਨਾ ਹੀ ਸ਼ੌਕ ।ਇਹ ਤਾਂ ਇੱਕ ਫ਼ਰਜ਼ ਹੈ ।ਸਾਹਿਤਕਾਰ ਜਿੰਦਗੀ ਦਾ ਇੱਕ ਜ਼ਿੰਮੇਵਾਰ ਅੰਗ ਹੁੰਦਾ ਹੈ ।ਉਹ ਖ਼ੁਸ਼ੀ ਦੇਵੇ, ਗ਼ਮੀ ਦੇਵੇ, ਉਹ ਸੇਧ ਦੇਵੇ,ਵਖਿਆਨ ਕਰੇ, ਉਹ ਸਮਝਾਵੇ, ਗੁਮਰਾਹ ਕਰੇ ਜਾਂ ਗੁਮਰਾਹ ਹੋਇਆ ਨੂੰ ਸਿੱਧੇ ਰਸਤੇ ਪਾਵੇ।ਸੋ ਹਰ ਸਾਹਿਤਕਾਰ ਨੂੰ ਸਾਹਿਤ ਰਚਨਾ ਇੱਕ ਫ਼ਰਜ ਵਜੋਂ ਹੀ ਅਪਨਾਉਣੀ ਚਾਹੀਦੀ ਹੈ ।
----
ਦਰਵੇਸ਼: ਮੁੰਬਈ ਮਹਾਂਨਗਰੀ ਦੀ ਲੰਮੇ ਸਮੇਂ ਤੋਂ ਬਾਸ਼ਿੰਦਗੀ ਹੰਢਾਉਂਦਿਆਂ ਤੁਸੀਂ ਆਪਣੇ ਨਾਵਲਾਂ ਦੇ ਪੰਜਾਬ ਦੇ ਕਿਰਦਾਰਾਂ ਦਾ ਏਨੀ ਬਾਖ਼ੂਬੀ ਨਾਲ ਕਿਵੇਂ ਨਿਭਾਅ ਕਰ ਲੈਂਦੇ ਹੋ?
ਸ਼ਾਦ: ਮੈਂ ਮੁੰਬਈ ਨਹੀਂ ਹੁਣ ਵੀ ਪੰਜਾਬ ਵਿੱਚ ਹੀ ਰਹਿੰਦਾ ਹਾਂ।ਮੁੰਬਈ ਤਾਂ ਮੈਂ ਹਰ ਫਿਲਮੀ ਪਰਿੰਦੇ ਵਾਂਗ ਫੇਰੀ ਪਾਉਣ ਹੀ ਆਉਂਦਾ ਹਾਂ। ਮੇਰਾ ਦਿਲ ਦਿਮਾਗ, ਮੇਰਾ ਪਿਆਰ, ਮੇਰੇ ਦੁੱਖ-ਸੁੱਖ, ਮੇਰੇ ਰਿਸ਼ਤੇ-ਨਾਤੇ, ਸਭ ਪੰਜਾਬ ਦੀ ਧਰਤੀ ਉਪਰ ਹਨ ।ਮੈਨੂੰ ਪੰਜਾਬ ਦੀ ਹਰ ਵਸਤੂ ਨਾਲ ਲੋਹੜੇ ਦਾ ਪਿਆਰ ਹੈ । ਮੇਰੇ ਨਾਵਲਾਂ ਦੇ ਕਿਰਦਾਰ ,ਹਰ ਸਮੇਂ ਮੇਰੇ ਨਾਲ ਰਹਿੰਦੇ ਹਨ ।ਮੇਰੇ ਨਾਲ ਸੌਂਦੇ ਹਨ ।ਮੇਰੇ ਨਾਲ ਖਾਂਦੇ ਪੀਂਦੇ ਹਨ ।ਉਹਨਾਂ ਦੀਆਂ ਹੋਣੀਆਂ ,ਉਹਨਾਂ ਦੇ ਹਾਸੇ ਵਰ੍ਹਿਆਂ ਤੋਂ ਮੇਰੀ ਜ਼ਿੰਦਗੀ ਨਾਲ ਜੁੜੇ ਹੋਏ ਹਨ । ਉਹਨਾਂ ਤੋਂ ਬਗੈਰ ਤਾਂ ਮੈਂ ਆਪਣੇ ਆਪ ਨੂੰ ਕਦੇ ਮਹਿਸੂਸ ਹੀ ਨਹੀਂ ਕੀਤਾ।ਜ਼ਿੰਦਗੀ ਦਾ ਤਜਰਬਾ ਏਨਾ ਲੰਮਾ ਹੋ ਚੁੱਕੈ ਕਿ ਹੁਣ ਮੇਰੇ ਲਈ ਜ਼ਰੂਰੀ ਨਹੀਂ ਕਿ ਕੁਝ ਵੀ ਮੇਰੇ ਦਿਮਾਗ ‘ਚੋਂ ਓਝਲ ਹੋ ਸਕੇ ।ਮੇਰੇ ਕਿਰਦਾਰਾਂ ਦੀਆਂ ਏਨੀਆਂ ਘਟਨਾਵਾਂ ਮੇਰੇ ਕੋਲ ਹਨ।ਫਿਰ ਮੈਂ ਮੁੰਬਈ ਰਵਾਂ ਜਾਂ ਪੈਰਿਸ ਕੋਈ ਫ਼ਰਕ ਨਹੀਂ ਪੈਂਦਾ ,ਰਿਸ਼ਤੇ ਉਹੀ ਰਹਿੰਦੇ ਹਨ ।ਉਹਨਾਂ ਦਾ ਦੁੱਖ-ਸੁੱਖ ਕੁਝ ਵੀ ਤਾਂ ਨਹੀਂ ਬਦਲਦਾ ।ਇਸ ਲਈ ਮੈਂ ਆਪਣੇ ਪੰਜਾਬ ਆਪਣੇਂ ਕਿਰਦਾਰਾਂ ਤੋਂ ਕਦੇ ਵੀ ਟੁੱਟ ਨਹੀਂ ਸਕਦਾ ।ਇਹਨਾਂ ਕਿਰਦਾਰਾਂ ਨਾਲ ਮੈਂ ਬਚਪਨ ਤੋਂ ਲੈ ਕੇ ਜੁਆਨ ਹੋਇਆ ਹਾਂ ।ਕਿੰਨਾ ਕੁਝ ਹੈ ਜੋ ਉਹਨਾਂ
ਨਾਲ ਸਾਂਝਾਂ ਹੈ ਅਤੇ ਉਹ ਸਾਂਝਾਂ ਹਰ ਪਲ ਮੇਰੇ ਸਾਹਾ ਥਾਈਂ ਹੋ ਕੇ ਮੇਰੀਆਂ ਰਚਨਾਵਾਂ ਅੰਦਰ ਜਿਉਂਦੀਆਂ ਵਸਦੀਆਂ ਹਨ ।(ਫਿਰ ਸ਼ਾਦ ਸਾਹਿਬ ਨੇ ਆਪਣੇ ਨਵੇਂ ਨਾਵਲਾਂ ਦੇ ਕਿਰਦਾਰਾਂ ਦੀਆਂ ਕੁਝ ਕਹਾਣੀਆਂ ,ਕੁਝ ਵਾਰਤਾਲਾਪ ਸੁਣਾਏ।ਜਿਹੜੇ ਕਿ ਕਿਤੋਂ ਬਹੁਤ ਡੂੰਘੇ ਉਹਨਾਂ ਆਪਣੇ ਜਿਸਮ ਉੱਤੇ ਹੰਢਾਏ ਹਨ। ਇਹਨਾਂ ਕਿਰਦਾਰਾਂ ਦੀ ਕਹਾਣੀ ਸੁਣਦਿਆਂ ਮੈਂ ਸ਼ਾਦ ਸਾਹਿਬ ਦੀਆਂ ਨਮ ਅੱਖਾਂ ਅੰਦਰ ਜਿਉਂਦੇ ਇਤਿਹਾਸ ਨੂੰ ਸਲਾਮ
ਕਰਨੋਂ ਨਹੀਂ ਰਹਿ ਸਕਿਆ)
----
ਦਰਵੇਸ਼: ਅੱਛਾ... ਤੁਹਾਡੀਆਂ ਆਪਣੀਆਂ ਰਚਨਾਵਾਂ ਅੰਦਰ ਖ਼ੁਦ ਬੂਟਾ ਸਿੰਘ ਸ਼ਾਦ ਕਿੱਥੇ-ਕਿੱਥੇ ਹਾਜ਼ਰ ਹੈ ?
ਸ਼ਾਦ: ਕਿਹੜੀ ਥਾਂ ਹੈ ।ਜਿੱਥੇ ਸ਼ਾਮਲ ਨਹੀਂ ਹਾਂ ਮੈਂ। ਬਹੁਤ ਥਾਈਂ ਹਾਜ਼ਰ ਹਾਂ। ਜਿਹੜੇ ਮੇਰੇ ਪਾਠਕ , ਦੋਸਤ ਮੈਨੂੰ ਨਿੱਜੀ ਤੌਰ ਉੱਤੇ ਜਾਣਦੇ ਹਨ ਉਹਨਾਂ ਨੂੰ ਪਤਾ ਹੈ ਕਿ ਮੈਂ ਖ਼ੁਦ ਆਪਣੇ ਨਾਵਲਾਂ ਅੰਦਰ ਜਿਉਂ ਰਿਹਾ ਹਾਂ ਕਹਾਣੀ ਦੀ ਅਗਵਾਈ ਕਰਦੇ ਮੇਰੇ ਬਹੁਤ ਸਾਰੇ ਕਿਰਦਾਰਾਂ ਦੇ ਗੁਣਾਂ ਵਿੱਚ ਵੀ ਮੈਂ ਹੁੰਦਾ ਹਾਂ ਅਤੇ ਔਗੁਣਾਂ ਵਿੱਚ ਵੀ।ਉਹਨਾਂ ਦੇ ਹਰ ਕਿਸੇ ਸੁਭਾਅ ਵਿੱਚ ,ਚਾਹੇ ਉਹ ਦੁਖੀ ਹੈ ਜਾਂ ਸੁਖੀ ।ਮੈਂ ਹਾਜ਼ਰ ਹੁੰਦਾ ਹਾਂ ।
----
ਦਰਵੇਸ਼: ਏਨੇ ਲੰਮੇ ਸਮੇਂ ਤੋਂ ਮਹਾਂਨਗਰ ਵਿੱਚ ਰਹਿੰਦਿਆਂ ਮਹਾਂਨਗਰ ਦੇ ਕਿਰਦਾਰਾਂ ਬਾਰੇ ਕੋਈ ਰਚਨਾ ਕਰਨ ਦਾ ਖਿਆਲ ਕਦੇ ਕਿਉਂ ਨਹੀਂ ਆਇਆ ?
ਸ਼ਾਦ: ਮੈਂ ਪਹਿਲਾਂ ਵੀ ਕਿਹਾ ਹੈ ਕਿ ਏਥੇ ਤਾਂ ਹਰ ਕੋਈ ਫੇਰੀ ਪਾਉਣ ਵਾਸਤੇ ਹੀ ਆਉਂਦਾ ਹੈ ਉਹਦੀਆਂ ਜੜ੍ਹਾਂ ਕਿਧਰੇ ਹੋਰ ਹਨ ।ਜਦੋਂ ਉਹਨਾਂ ਦਾ ਕੋਈ ਸੱਚ ਮੇਰੇ ਨਾਲ ਸਾਂਝਾਂ ਹੀ ਨਹੀਂ,ਮੈਂ ਉਹਨਾਂ ਨਾਲ ਕੁਝ ਹੱਡੀਂ ਹੰਢਾਇਆ ਹੀ ਨਹੀਂ।ਫਿਰ ਮੈਂ ਭਲਾ ਉਹਨਾਂ ਬਾਰੇ ਕਿਵੇਂ ਲਿਖ ਸਕਦਾ ਹਾਂ। ਇਹ ਮਾਇਆ ਨਗਰੀ ਤਾਂ ਇੱਕ ਮੇਲਾ ਹੈ ਅਤੇ ਮੇਲੇ ਵਿੱਚ ਕੁਝ ਕੁ ਘੜੀਆਂ ਮਿਲ ਕੇ ਕਿਸੇ ਦਾ ਕਿਰਦਾਰ ਜਾਣਿਆਂ ਹੀ ਨਹੀਂ ਜਾ ਸਕਦਾ ।ਮੈਂ ਤਾਂ ਇਸ ਮੇਲੇ ਦੇ ਕਿਰਦਾਰਾਂ ਨੂੰ ਸਿਰਫ ਓਪਰੇ ਕਿਰਦਾਰ ਸਮਝਦਾ ਹਾਂ ।ਇਸ ਲਈ ਮੈਂ ਇਹਨਾਂ ਉਪਰ ਕਲਮ ਚਲਾ ਹੀ ਨਹੀਂ ਸਕਦਾ ।
-----
ਦਰਵੇਸ਼: ਤੁਸੀਂ ਪਹਿਲਾਂ ਇੱਕ ਨਾਵਲਕਾਰ ਹੋ, ਫਿਰ ਫਿਲਮਕਾਰ। ਜਦੋਂ ਉਸੀਂ ਆਪਣੇ ਇਹਨਾਂ ਨਾਵਲਾਂ ਦੇ ਕਿਰਦਾਰਾਂ ਨੂੰ ਫਿਲਮ ਦੇ ਕੈਨਵਸ ਉਪਰ ਖੜ੍ਹਾ ਕਰਕੇ ਵੇਖਦੇ ਹੋ ਤਾਂ ਤਹਾਨੂੰ ਇਹਨਾਂ ਦੇ ਨਾਵਲ ਅੰਦਰਲੇ ਅਤੇ ਪਰਦੇ ਉਤਲੇ ਨਿਭਾਅ ਵਿੱਚ ਕਿੱਥੇ-ਕਿੱਥੇ ਵਖਰੇਵਾਂ ਅਤੇ ਕਿੱਥੇ ਸਮਾਨਤਾ ਨਜ਼ਰ ਆਉਂਦੀ ਹੈ?
ਸ਼ਾਦ: ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਚੀਜ਼ਾਂ ਦਾ ਮੈਂ ਕਦੇ ਆਪਸੀ ਮੇਲ ਮਿਲਾਪ ਰੱਖਿਆ ਹੀ ਨਹੀਂ।ਮੇਰਾ ਸਾਹਿਤ ਅਤੇ ਮੇਰੀ ਫਿਲਮ ਮੇਕਿੰਗ ਦੋਨੋਂ ਇੱਕ ਦੂਜੇ ਦੇ ਨੇੜੇ ਤੇੜੇ ਵੀ ਨਹੀਂ। ਸਾਹਿਤ ਮੇਰਾ ਫ਼ਰਜ਼ ਹੈ ਅਤੇ ਫਿਲਮ ਮੇਰਾ ਵਪਾਰ ਹੈ।ਵਪਾਰ ਵਾਸਤੇ ਜੋ ਵੀ ਮਿਰਚ ਮਸਾਲਾ ਚਾਹੀਦਾ ਹੁੰਦੈ ,ਉਹ ਸਮੱਗਰੀ ਸਾਧਨਾ
ਰਾਹੀਂ ਇਕੱਠੀ ਕਰ ਲਈਦੀ ਐ ਅਤੇ ਉਸਨੂੰ ਵੇਚ ਛੱਡੀਦੈ ।ਇਸ ਤੋਂ ਵੱਧ ਮੇਰੇ ਲਈ ਇਸ ਗੱਲ ਦੀ ਕੋਈ ਅਹਿਮੀਅਤ ਨਹੀਂ।ਹਾਂ ਇਸ ਗੱਲ ਦੀ ਕੋਸ਼ਿਸ਼ ਜ਼ਰੂਰ ਕਰੀਦੀ ਐ ਕਿ ਫਿਲਮ ਰਾਹੀ ਕੋਈ ਸਿਹਤਮੰਦ ਸੁਨੇਹਾ ਜ਼ਰੂਰ ਦਿੱਤਾ ਜਾ ਸਕੇ।ਤੇ ਸਾਹਿਤ, ਸਾਹਿਤ ਇੱਕ ਚਿਰ ਸਦੀਵੀ ਚੀਜ਼ ਹੈ। ਇਹ ਵੀ ਸੱਚ ਹੈ ਕਿ ਫਿਲਮ ਵਿੱਚ ਵੀ ਉਹੀ ਕੁਝ ਹੁੰਦਾ ਹੈ ।ਪਰ ਇਹ ਬਹੁਤ ਸਾਰੇ ਦਿਮਾਗਾਂ ਦਾ ਕੰਬੀਨੇਸ਼ਨ ਹੁੰਦਾ ਹੈ। ਮੈਂ ਸਾਰੀਆਂ ਫਿਲਮਾਂ ਹੀ ਸਿਰਫ਼ ਵਪਾਰਕ ਨਜ਼ਰੀਏ ਤੋਂ ਬਣਾਈਆਂ ਹਨ ਪਰ ਸਾਹਿਤ ਇਸ ਨਜ਼ਰੀਏ ਤੋਂ ਕਦੇ ਨਹੀਂ ਲਿਖਿਆ ।
----
ਦਰਵੇਸ਼: ਇੱਕ ਨਾਵਲਕਾਰ ਤੋਂ ਫਿਲਮਕਾਰ ਬਣਨ ਦਾ ਸਬੱਬ ਕਿਵੇਂ ਬਣਿਆ ?
ਸ਼ਾਦ: ਫਿਲਮ ਲਾਈਨ ਗਲੈਮਰ ਦੀ ਲਾਈਨ ਹੈ ਜਿਸ ਵਿੱਚ ਆਦਮੀ ਹਰ ਇੱਛਾ ਦੀ ਪੂਰਤੀ ਹੁੰਦੀ ਹੈ। ਤੁਸੀਂ ਏਥੋਂ ਪੈਸਾ, ਸ਼ੋਹਰਤ ਤੇ ਹੋਰ ਬਹੁਤ ਕੁੱਝ ਕਮਾ ਸਕਦੇ ਓ...ਇਸ ਲਈ ਮੈਨੂੰ ਇਸ ਸਭ ਕਾਸੇ ਦੀ ਖਿੱਚ ਹੀ ਇਸ ਫਿਲਮ ਲਾਈਨ ਵਿੱਚ ਲੈ ਆਈ ਅਤੇ ਇੱਥੇ ਆ ਕੇ ਮੈਂ ਸਭ ਕੁਝ ਬਣਾਇਐ, ਕਮਾਇਐ।
----
ਦਰਵੇਸ਼: ਕੀ ਤੁਸੀਂ ਸਮਝਦੇ ਹੋ ਕਿ ਇਸ ਮਾਇਆ ਨਗਰੀ ਵਿੱਚ ਤੁਹਾਡੇ ਸੁਪਨਿਆਂ ਦੀ ਪੂਰਤੀ ਹੋਈ ਹੈ ।
ਸ਼ਾਦ : ਮੇਰੇ ਸੁਪਨੇ ਦੋ ਕਿਸਮ ਦੇ ਹੋ ਸਕਦੇ ਨੇ ।ਇੱਕ ਨਾਵਲਕਾਰ ਦੇ ਤੌਰ ਉੱਤੇ ਅਤੇ ਦੂਜਾ ਫਿਲਮਕਾਰ ਦੇ ਤੌਰ ਤੇ ।ਮੇਰੇ ਦੋਨਾਂ ਹੀ ਰੂਪਾਂ ਦੀਆਂ ਇਛਾਵਾਂ ਪੂਰੀਆਂ ਹੋਈਆਂ ਨੇ ।ਨਾਵਲਕਾਰ ਦੇ ਤੌਰ ਉਤੇ ਮੈਨੂੰ ਪਾਠਕਾਂ ਦਾ ਅਥਾਹ ਪਿਆਰ ਮਿਲਿਐ ਅਤੇ ਫਿਲਮਕਾਰ ਦੇ ਤੌਰ ਉੱਤੇ ਮੇਰੀਆਂ ਸਾਰੀਆਂ ਫਿਲਮਾਂ ਵਪਾਰਕ ਪੱਖ ਤੋਂ
ਸਫਲ ਹੋਈਆਂ ਨੇ ਬਾਕੀ ਅੰਤ ਤਾਂ ਕਿਸੇ ਚੀਜ਼ ਦਾ ਹੈ ਨਹੀਂ। ਜੋ ਚਾਹੋਗੇ, ਪਾਈ ਜਾਉਗੇ ।ਸੋ ਮੈਂ ਸਮਝਦਾ ਹਾਂ ਕਿ ਪੂਰੀ ਤਰਾਂ ਸੰਤੁਸ਼ਟ ਹਾਂ ।ਪਰ ਹਾਂ,ਕੰਮ ਕਰਨ ਦੀ ਤੀਬਰ ਇੱਛਾ ਅੱਜ ਉਵੇਂ ਹੀ ਜਿਊਂਦੀ ਹੈ ਜਿਵੇਂ ਤੀਹ ਸਾਲ ਪਹਿਲਾਂ ਸੀ।ਲਿਖਣ ‘ਚ ਅੱਜ ਵੀ ਓਨੀ ਗਹਿਰੀ ਰੁਚੀ ਹੈ ,ਜਿਹੜੀ ਪਹਿਲਾਂ ਸੀ।
----
ਦਰਵੇਸ਼: ਤੁਹਾਡੀਆਂ ਸਾਰੀਆਂ ਫਿਲਮਾਂ ਵਿੱਚੋਂ ਉਹ ਕਿਹੜੀ ਫਿਲਮ ਹੈ ਜਿਸ ਨੂੰ ਤੁਹਾਡਾ ਆਪਣਾ ਵਾਰ–ਵਾਰ ਦੇਖਣ ਨੂੰ ਦਿਲ ਕਰਦਾ ਹੈ ?
ਸ਼ਾਦ: ਹਿੰਦੀ ਵਿੱਚ ‘ਪਹਿਲਾ ਪਹਿਲਾ ਪਿਆਰ’ ਅਤੇ ਪੰਜਾਬੀ ਵਿੱਚ ‘ਮਿੱਤਰ ਪਿਆਰੇ ਨੂੰ’।ਕਿਉਂਕਿ ਇਹ ਦੋਵੇਂ ਫਿਲਮਾਂ ਹੀ ਵੈਰੀ ਸਮੂਥ ਪਾਲਿਸ਼ਡ ਪ੍ਰੋਡਕਟ ਹਨ।ਹਰ ਪੱਖ ਤੋਂ ਜੋ ਵੀ ਮਜ਼ਬੂਤ ਫਿਲਮੀ ਪੱਖ ਹੁੰਦੇ ਹਨ ,ਇਹ ਸੰਪੂਰਨ ਫਿਲਮਾਂ ਹਨ।
----
ਦਰਵੇਸ਼ : ਤੁਹਾਡੇ ਹਿੰਦੀ ਦੇ ਸਭ ਤੋਂ ਮਨਪਸੰਦ ਫਿਲਮਕਾਰ ਕਿਹੜੇ-ਕਿਹੜੇ ਹਨ?
ਸ਼ਾਦ: ਸਭ ਤੋਂ ਵੱਧ ਯਸ਼ ਚੋਪੜਾ ਅਤੇ ਬੀ. ਆਰ. ਚੋਪੜਾ। ਯਸ਼ ਚੋਪੜਾ ਮੈਨੂੰ ਇਸ ਕਰਕੇ ਵੀ ਸਭ ਤੋਂ ਵਧੀਆ ਲੱਗਦੇ ਹਨ ਕਿ ਉਹਨਾਂ ਨੇ ਇੱਕੋ ਹੀ ਵਿਸ਼ੇ ਨੂੰ ਆਪਣੀਆਂ ਸਾਰੀਆਂ ਫਿਲਮਾਂ ਰਾਹੀਂ ਵੱਖੋ-ਵੱਖਰੇ ਨਜ਼ਰੀਆਂ ਤੋਂ ਪੇਸ਼ ਕੀਤਾ ਹੈ ।ਹਾਂ ਕਦੇ-ਕਦੇ ਮਣੀ ਰਤਨਮ ਵੀ ਇਹਨਾਂ ਦੇ ਬਰਾਬਰ ਆ ਖੜਾ ਹੁੰਦੈ ।ਬਾਕੀ ਆਪਣੇ-ਆਪਣੇ ਦੌਰ ਵਿੱਚ ਰਾਜ ਕਪੂਰ ਸਾਹਿਬ, ਮਹਿਬੂਬ ਸਾਹਿਬ ਅਤੇ ਗੁਰੂ ਦੱਤ ਨੇ ਵੀ ਕਮਾਲ ਦੀਆਂ ਪੇਸ਼ਕਾਰੀਆਂ ਕੀਤੀਆਂ ਹਨ।
----
ਦਰਵੇਸ਼: ਅੱਜ-ਕੱਲ ਕਿਹੜੀ ਨਵੀਂ ਰਚਨਾ ਵਿੱਚ ਰੁੱਝੇ ਹੋ ।ਨਾਵਲਕਾਰ ਤੇ ਫਿਲਮਕਾਰ ਦੇ ਰੂਪ ਵਿੱਚ?
ਸ਼ਾਦ: ਇੱਕ ਵੱਡੇ ਨਾਵਲ ਦੇ ਕਿਰਦਾਰ ਅੱਜ ਕੱਲ ਮੇਰੇ ਨਾਲ ਵਾਰਤਾਲਾਪ ਕਰ ਰਹੇ ਹਨ। ਬਾਕੀ ਫਿਲਮ ਦੀ ਵੀ ਤਿਆਰੀ ਹੈ । ਜਿਸ ਵਿੱਚ ਅੱਜ ਦਾ ਟੌਪ ਦਾ ਸਟਾਰ ਹੋਵੇਗਾ । ਟੌਪ ਦਾ ਹੀ ਨਿਰਦੇਸ਼ਕ ,ਟੌਪ ਦਾ ਹੀ ਲੇਖਕ ,ਟੌਪ ਦਾ ਹੀ ਕੈਮਰਾਮੈਨ, ਟੌਪ ਦਾ ਹੀ ਗੀਤਕਾਰਅਤੇ ਟੌਪ ਦੇ ਹੀ ਗਾਇਕ ਹੋਣਗੇ।
-----
ਦਰਵੇਸ਼: ਅੱਛਾ ਇੱਕ ਪਾਸੇ ਤੁਸੀਂ ਨਿਰਮਾਤਾ ਹੋ ਅਤੇ ਇਕ ਪਾਸੇ ਲੇਖਕ, ਆਪਣੀਆਂ ਫਿਲਮਾਂ ਖ਼ੁਦ ਕਿਉਂ ਨਹੀਂ ਲਿਖਦੇ ?
ਸ਼ਾਦ : ਪੰਜਾਬੀ ਦੀਆਂ ਆਪਣੀਆਂ ਸਾਰੀਆਂ ਫਿਲਮਾਂ ਮੈਂ ਖ਼ੁਦ ਲਿਖੀਆਂ ਨੇ ।ਕਿਉਂਕਿ ਉਹ ਮੇਰਾ ਸ਼ੌਕ ਸੀ ।ਇੱਕ ਫ਼ਰਜ਼ ਸੀ ।ਪਰ ਹਿੰਦੀ ਲਈ ਵਿੱਚ ਮੈਂ ਸਿਰਫ਼ ਵਪਾਰ ਕੀਤਾ ਹੈ ।ਇਸ ਲਈ ਕੁਝ ਵੀ ਬਾਜ਼ਾਰੋਂ ਖ੍ਰੀਦਿਆ ਜਾ ਸਕਦ ਹੈ ਅਤੇ ਮੈਂ ਖਰੀਦ ਰਿਹਾਂ ਹਾਂ ।
----
ਦਰਵੇਸ਼: ਕਹਿੰਦੇ ਹਨ ਕਿ ਮੁੰਬਈ ਵਾਲਿਆਂ ਕੋਲ ਵਕਤ ਦੀ ਬਹੁਤ ਘਾਟ ਹੁੰਦੀ ਹੈ ,ਤੁਹਾਡੇ ਕੋਲ ਵੀ ਹੋਵੇਗੀ। ਪਰ ਜਦੋਂ ਵੀ ਵਿਹਲ ਮਿਲਦੀ ਹੈ ਤਾਂ ਉਸ ਵਿਹਲ ਦਾ ਆਨੰਦ ਕਿਸ ਤਰ੍ਹਾਂ ਮਾਣਦੇ ਹੋ?
----
ਸ਼ਾਦ: ਕਈ ਵੇਰ ਹੀ ਨਹੀਂ, ਮੈਨੂੰ ਹਰ ਰੋਜ਼ ਦੇ ਆਪਣੇ ਰੋਜ਼-ਨਾਮਚੇ ਵਿੱਚ ਇਕੱਲਿਆਂ ਬੈਠਣਾ ਬਹੁਤ ਪਸੰਦ ਹੈ।ਮੈਂ 24 ਘੰਟਿਆਂ ਵਿੱਚ ਰੋਜ਼ਾਨਾ ਦੋ ਤਿੰਨ ਘੰਟੇ ਇਕੱਲਤਾ ਦਾ ਆਨੰਦ ਮਾਨਣ ਲਈ ਕੱਢਦਾ ਹੀ ਹਾਂ ।ਉਸ ਵੇਲੇ ਮੈਂ ਪ੍ਰਮਾਤਮਾ ਬਾਰੇ, ਉਸਦੀ ਸ੍ਰਿਸ਼ਟੀ ਬਾਰੇ, ਆਵਾਗੋਣ ਚੱਕਰ ਬਾਰੇ ਸੋਚਦਾ ਹਾਂ ਜਾਂ ਫਿਰ ਮੈਂ ਜਾਗਦਾ ਹੀ
ਸੁਪਨਿਆਂ ਦੀ ਬਸਤੀ ਵਿੱਚ ਗੁਆਚ ਜਾਂਦਾ ਹਾਂ ।ਕਿਉਂਕਿ ਮੈਂ ਬਹੁਤ ਵੱਡਾ ਸੁਪਨਸਾਜ਼ ਹਾਂ ।ਸੁਪਨੇ ਮੈਨੂੰ ਬਹੁਤ ਹੀ ਪਿਆਰੇ ਲੱਗਦੇ ਹਨ ।ਇਸ ਲਈ ਮੈਂ ਅਕਸਰ ਸੁਪਨੇ ਸਾਜਦਾ ਰਹਿੰਦਾ ਹਾਂ । ਅਤੇ ਕਈ ਵੇਰ ਉਹ ਸੁਪਨੇ ਮੇਰੀਆਂ ਕਿਰਤਾਂ ਬਣ ਜਾਂਦੇ ਹਨ।
******************
Thursday, February 19, 2009
ਬਰਫ ‘ਚ ਉੱਗਿਆ ਰੁੱਖ – ਸਾਬਰਕੋਟੀ - ਲੇਖ
ਲੇਖਕ: ਦਰਸ਼ਨ ਦਰਵੇਸ਼..........
ਉਹ ਸੰਗੀਤ ਹੈ..ਇੱਕ ਦੂਜੇ ਦੀ ਨਿੱਘੀ ਗਲਵੱਕੜੀ ‘ਚ ਜਾਗਦਾ ਸੰਗੀਤ।
..........
ਉਹ ਸੁਰ ਹੈ....ਸੀਟੀਆਂ ਮਾਰਦੀ ਪੌਣ ਵਰਗਾ।
..........
ਉਹ ਸਾਜ਼ ਹੈ.... ਜੰਗਲ ਦੇ ਅੰਦਰ ਦੀ ਖ਼ਾਮੋਸ਼ੀ ਭੋਗਦੇ ਰੁੱਖ ਵਰਗਾ।
.............
ਅਸਲੋਂ ਹੀ ਸਵੇਰ ਦੇ ਸੁਪਨੇ ਵਰਗਾ ਸੱਚ ਹੈ ਸਾਡਾ ਸਾਬਰਕੋਟੀ।
..............
ਗਾਇਕੀ ਦੇ ਰੰਗਾਂ ਨਾਲ ਆਪਣੀ ਸਕੀਰੀ ਨਿਭਾਉਣ ਵਾਲਾ ਅਤੇ ਰੱਜਕੇ ਨਿਭਾਉਣ ਵਾਲਾ –ਸਾਬਰਕੋਟੀ।
...............
ਸਾਬਰ ਨੂੰ ਮੈਂ ਬਹੁਤ ਵਰ੍ਹੇ ਪਹਿਲਾਂ ਤੋਂ ਜਾਣਦਾ ਹਾਂ ਉਵੇਂ ਜਿਵੇਂ ਰੰਗ ਤੇ ਬੁਰਸ਼ ਇੱਕ ਦੂਜੇ ਨੂੰ ਜਾਣਦੇ ਹੁੰਦੇ ਨੇ ।
..............
ਸਾਬਰ ਜਦੋਂ ਸੁਰ ‘ਚ ਹੁੰਦਾ ਹੈ ਤਾਂ ਵੋਦਕਾ ਦੇ ਨਸ਼ੇ ਵਾਂਗ ਮੇਰੇ ਅੰਦਰ ਇਉਂ ਹੌਲੀ-ਹੌਲੀ ਉਤਰਦਾ ਹੈ ।ਜਿਵੇਂ ਕੋਈ ਪਹਿਚਾਣਿਆ ਹੋਇਆ ਪਰਛਾਵਾ ਕੰਧ ਤੋਂ ਉੱਤਰ ਰਿਹਾ ਹੋਵੇ ।ਜਿਵੇਂ ਕੋਈ ਸਪੇਰਾ ਤੁਹਾਡੇ ਵਜੂਦ ਉਪਰ ਜ਼ਹਿਰ ਦਾ ਛਿੱਟਾ ਮਾਰ ਰਿਹਾ ਹੋਵੇ।
.............
ਜਿਵੇਂ ਕੋਈ ਵਾੱਨਗਾਗ ਆਪਣੀ ਹੀ ਪੇਂਟਿੰਗ ਉੱਪਰ ਸੁੱਤਾ ਪਿਆ ਹੋਵੇ।
.............
ਸੰਗੀਤ ਦੀ ਸਾਧਨਾਂ ਉਸ ਲਈ ਕੰਧੋਲੀ ਉੱਪਰ ਪਏ ਖਾਲੀ ਦੀਵੇ ਵਾਂਗ ਨਹੀਂ, ਬਲਕਿ ਕੱਚੀ ਮਿੱਟੀ ਨਾਲ ਉਸ ਉੱਪਰ ਬਣਾਏ ਮੋਰਾਂ ਚਿੜੀਆਂ ਵਰਗੀ ਹੈ।।ਪੱਖੀ ਦੇ ਆਖਰੀ ਸਿਰੇ ਉੱਪਰ ਲੱਗੇ ਸ਼ੀਸ਼ੇ ਵਰਗੀ ਹੈ।ਜਿਸ ਵਿੱਚ ਉਹ ਹਰ ਰੋਜ਼ ਪਹਿਲਾਂ ਆਪਣਾ ਚਿਹਰਾ ਮਿਣਦਾ ਹੈ ਅਤੇ ਬਾਦ ਵਿੱਚ ਸੁਰਾਂ ਦੀਆਂ ਅੱਖਾਂ ਵਿੱਚ ਠੰਡਕ ਬਣਕੇ ਉੱਤਰ ਜਾਂਦਾ ਹੈ।ਇਹਨਾਂ ਅੱਖਾਂ ਵਿੱਚ ਲਾਈ ਡੁਬਕੀ ਅੰਦਰੋਂ ਕੱਢਕੇ ਲਿਆਉਂਦੀ ਹੈ –
ਤਾਰਾ ਅੰਬਰਾਂ ਤੇ ਕੋਈ ਕੋਈ ਐ..
ਇਸ਼ਕ ਤਾਂ ਸ਼ੌਕ ਅਮੀਰਾਂ ਦਾ..
ਦਿਲਾ ਤੂੰ ਟੁੱਟ ਹੀ ਜਾਣੈਂ ..
ਅਸੀਂ ਧੁਰ ਅੰਦਰ ਤੱਕ ਲੀਰਾਂ ਹੋਏ ਬੈਠੇ ਆਂ..
ਕਰ ਗਈਂ ਏ ਸੌਦਾ ਸਾਡਾ ਮੁੱਲ ਵੀ ਨਾਂ ਤਾਰਿਆ..
ਕੰਡੇ ਜਿੰਨੇਂ ਹੁੰਦੇ ਤਿੱਖੇ ਫੁੱਲ ਓਨਾਂ ਹੁੰਦਾ ਸੋਹਣਾਂ..
ਤਨਹਾਈਆਂ..
ਗੱਲਾਂ ਤਾਰਿਆਂ ਨਾ’ ਕਰਦੇ ਹਾਂ..
ਯਾਦਾਂ ਤੇਰੀਆਂ..
ਕੋਈ ਵੀ ਰਚਨਾ ਹੋਵੇ ਸਾਬਰ ਕਾਹਲੀ ਨਾਲ ਕੋਈ ਵੀ ਸਮਝੌਤਾ ਕਰਨਾ ਨਹੀਂ ਜਾਣਦਾ, ਕਿਉਂਕਿ ਪਥਰੀਲੇ ਬੋਲਾਂ ਦੀ ਬੰਸਰੀ ਵਜਾਉਂਣੀ ਉਸਨੂੰ ਉਸਤਾਦਾਂ ਨੇ ਨਹੀਂ ਸਿਖਾਈ।
----
ਉਸ ਨਾਲ ਰਿਆਜ਼ ਦਾ ਇੱਕ ਇਤਿਹਾਸ ਜੁੜਿਆ ਹੈ ਜਿਸ ਸਦਕਾ ਉਹ ਜਦੋਂ ਵੀ ਕੋਈ ਵਰਕਾ ਸੰਗੀਤ ਦੇ ਪਾਣੀ ‘ਚ ਤਾਰਦਾ ਹੈ ਤਾਂ ਉਹ ਵਰਕਾ ਉਮਰ ਭਰ ਤੈਰਨ ਵਾਲੀ ਕਿਸ਼ਤੀ ਬਣ ਜਾਂਦਾ ਹੈ।ਅੱਧੇ ਦਿਨ ਦੇ ਸਫ਼ਰ ਨਾਲ ਉਸਨੇ ਕਦੇ ਸਾਂਝ ਨਹੀਂ ਪਾਈ।
-----
ਉਸਨੂੰ ਸਕੂਨ ਮਿਲਦੈ ਉਹਨਾਂ ਕੰਨ ਰਸੀਆਂ ਕੋਲੋਂ, ਜਿਹਨਾਂ ਨੂੰ ਸੰਗੀਤ ਦੀ ਸਮਝ ਹੁੰਦੀ ਹੈ, ਜਿਹੜੇ ਵਿਸਕੀ ਦੇ ਪੈੱਗ ‘ਚ ਘੁਲਕੇ ਦਾਦ ਦੇਣ ਤੋਂ ਕੰਨੀਂ ਕਤਰਾਉਂਦੇ ਨੇ।ਇਹੋ ਜਿਹੇ ਸਰੋਤਿਆਂ ਦੀ ਸਲਤਨਤ ਦੀ ਪਰਕਰਮਾ ਉਸਨੂੰ ਹੋਰ ਗਾਉਣ ਲਈ ਮਜਬੂਰ ਕਰਦੀ ਹੈ।
----
ਸਾਬਰ ਰਾਤੋ-ਰਾਤ ਵਕਤ ਦੀ ਨਜ਼ਰ ਵਿੱਚ ਨਹੀਂ ਉੱਤਰਿਆ..ਉਹ ਵੀ ਕਦੇ ਤੋਤਲੀ ਬੋਲੀ ਬੋਲਦਾ ਸੀ।ਇਹ ਬੋਲੀ ਉਸਨੂੰ ਪਹਿਲਾਂ ਉਸਤਾਦ ਧਾਰਨ ਲਈ ਬਾਪੂ ਬਖਸ਼ੀ ਰਾਮ ਕੋਲ ਲੈ ਗਈ..ਉਹ ਸੰਗੀਤ ਦੀਆਂ ਬਰੂਹਾਂ ਉੱਪਰ ਖੜ੍ਹਾ ਹੋ ਗਿਆ।
.....................
ਆਪਣੇਂ ਗੂੰਗੇ ਹਉਕੇ ਨੂੰ ਉਸਨੇ ਆਪਣੇ ਗਲ ਦਾ ਗਹਿਣਾ ਬਣਾ ਲਿਆ।ਆਪਣੇ ਸੁਪਨਿਆਂ ਦੇ ਸਫ਼ਰ ਉੱਪਰ ਉਸਨੇ ਆਪਣੀ ਪਹਿਲੀ ਪੁਲਾਂਘ ਪੁੱਟ ਲਈ।
...................
ਉਸਦੇ ਬੋਲਾਂ ਨੇ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।ਸਾਬਰ ਨਿਰਧਨ ਕਰਤਾਰਪੁਰੀ ਦੇ ਗਲ ਲੱਗ ਤੁਰਿਆ।ਕਲਾਸੀਕਲ ਸੰਗੀਤ ਦੇ ਨਾਲ ਨਾਲ ਏਥੇ ਉਰਦੂ ਸ਼ਾਇਰੀ ਦੇ ਨਾਲ ਵੀ ਉਸਦਾ ਰਿਸ਼ਤਾ ਜੁੜ ਗਿਆ।
ਉਸਨੇ ਗਾਉਣਾ ਸਿਖਿਆ ਉਸਤਾਦ ਪੂਰਨ ਸ਼ਾਹਕੋਟੀ ਹੋਰਾਂ ਨੂੰ ਸੁਣ ਸੁਣਕੇ। ਕਿਉਂਕਿ ਸਾਬਰ ਦਾ ਮੰਨਣਾ ਹੈ ਕਿ ਕੋਈ ਵੀ ਉਸਤਾਦ ਕਿਸੇ ਨੂੰ ਕਦੇ ਕੁਝ ਵੀ ਨਹੀਂ ਸਿਖਾ ਸਕਦਾ। ਇਹ ਤਾਂ ਬੱਸ ਉਸਨੂੰ ਦੇਖ ਦੇਖਕੇ ਸੁਣਕੇ ਹੀ ਸਿੱਖਣਾਂ ਪੈਂਦੈ। ਉਸਤਾਦ ਜੀ ਚੰਡਦੇ ਜ਼ਰੂਰ ਨੇ ਪਰ ਉਹਨਾਂ ਚੰਡਾਂ ਦੀ ਕਿਸਮ ਹੋਰ ਹੁੰਦੀ ਹੈ..ਤੇ ਉਹ ਕਿਸਮ ਸਿੱਖਣ ਵਾਲੇ ਨੂੰ ਖ਼ੁਦ ਨੂੰ ਹੀ ਲੱਭਣੀ ਪੈਂਦੀ ਹੈ।.. .. ਤੇ ਸਾਬਰ ਨੇ ਉਹ ਕਿਸਮ ਲੱਭੀ… ਉਸਨੇ ਬਾਰੀਕਬੀਨੀ ਨਾਲ ਨਾਜ਼ੁਕ ਧੁਨਾਂ ਨਾਲ ਆਪਣਾ ਰਿਸ਼ਤਾ ਜੋੜ ਲਿਆ। ਉਸਨੇ ਸੁਰਾਂ ਦੀਆਂ ਲਹਿਰਾਂ ਨੂੰ ਆਪਣੇ ਰਿਆਜ਼ ਦੀ ਉਮਰ ਮੁਤਾਬਕ ਢਾਲ ਲਿਆ।
..........
ਸ਼ਾਬਰ ਦੇ ਅੰਦਰ ਜਦੋਂ ਕੋਈ ਸਰਗਮ ਅੰਗੜਾਈ ਭਰਦੀ ਹੈ ਉਸ ਅੰਦਰੋਂ ਉਦੋਂ ਖ਼ਾਮੋਸ਼ੀ ਦੇ ਦਰ ਖੁੱਲ੍ਹਦੇ ਨੇ।
............
ਸਾਬਰ ਦੇ ਅੰਦਰ ਜਦੋਂ ਕੋਈ ਪਿਆਸ ਡੂੰਘੀ ਹੁੰਦੀ ਹੈ..ਉਸ ਨੂੰ ਆਪਣੇ ਅੰਦਰੋਂ ਜਦੋਂ ਕੋਈ ਗੁੰਮ ਹੋਇਆ ਮੋਤੀ ਲੱਭ ਜਾਂਦਾ ਹੈ ਤਾਂ ਕਿੰਨੀਆਂ ਹੀ ਤਰਜ਼ਾਂ ਉਸਦੇ ਮੱਥੇ ਦੀਆਂ ਤਿਊੜੀਆਂ ‘ਚ ਆ ਬੈਠਦੀਆਂ ਨੇ।
...........
ਮੁੰਦ ਲੈਂਦਾ ਉਹ ਉਦੋਂ ਉਹ ਆਪਣੀਆਂ ਅੱਖਾਂ..
----
.. ਉਦੋਂ ਤਾਂ ਉਹ ਆਪਣੇ ਆਪ ਤੋਂ ਵੀ ਜਲਾਵਤਨੀ ਲੈ ਲੈਂਦਾ ਹੈ।ਸੁਰ ਨਾਲ ਕਿਵੇਂ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ।ਅਤੇ ਅਜਿਹੇ ਸਮਝੌਤੇ ਨਾਂ ਕਰਨ ਕਰਕੇ ਸ਼ਾਇਦ ਅੱਜ ਤੱਕ ਉਸਨੂੰ ਨੱਚਣਾਂ ਨਹੀਂ ਆਇਆ।ਉਹ ਤਾਂ ਬੜੇ ਠਰੰਮੇ ਨਾਲ ਆਖਦਾ ਹੈ ਗਵੱਈਏ ਨੱਚਣ ਲਈ ਨਹੀਂ ਹੁੰਦੇ ।ਸੁਰ ਨੂੰ ਤਾਂ ਬੈਠਕੇ ਹੀ ਮੰਤਰ-ਮੁਗਧ ਹੋ ਕੇ ਫੜਨਾਂ ਔਖਾ ਹੁੰਦੈ।ਉਹ ਭਲਾ ਨਚਾਰ ਬਣਕੇ ਕਿਵੇਂ ਫੜਿਆ ਜਾ ਸਕਦੈ ।ਨੱਚ ਕੇ ਤਾਂ ਰੱਬ ਨੂੰ ਮਨਾਈਦੈ …ਤੇ ਮੇਰਾ ਰੱਬ ਅਜੇ ਤੱਕ ਮੇਰੇ ਨਾਲ ਰੁੱਸਿਆ ਨਹੀਂ ।ਤੇ ਜੇ ਅਜਿਹਾ ਹੋ ਵੀ ਗਿਆ ਤਾਂ ਮੈਂ ਝਾਜਰਾਂ ਪਾ ਕੇ ਅੱਡੀਆਂ ਜ਼ਖ਼ਮੀ ਕਰਨ ਤੋਂ ਗੁਰੇਜ਼ ਨਹੀਂ ਕਰਾਂਗਾ ।
----
ਸਾਬਰ ਚਾਹੁੰਦਾ ਹੈ, ਗਾਵਾਂ ਤਾਂ ਸਿਰਫ ਤੇ ਸਿਰਫ਼ ਸੂਫ਼ੀਆਨਾ ਕਲਾਮ ਹੀ ਗਾਵਾਂ ।ਕਮਲਾ-ਕਮਲਾ ਹੋ ਜਾਵਾਂ .....ਸਿਰਫ ਤਨਹਾਈ ਹੰਢਾਵਾਂ ।ਪਰ ਏਨੇ ਸਰੋਤੇ ਕਿੱਥੋਂ ਲੈ ਕੇ ਆਵਾਂ ਕਿ ਮੇਰੀਆਂ ਮੁੱਢਲੀਆਂ ਜ਼ਰੂਰਤਾਂ ਤਾਂ ਪੂਰੀਆਂ ਹੋ ਸਕਣ ।ਜਰੂਰਤ ਹੈ ਲੋਕਾਂ ਦਾ ਟੇਸਟ ਬਦਲਣ ਦੀ ।ਇਕੱਲਾ ਸੂਫ਼ੀਆਨਾ ਗਾ ਕੇ ਸਮਾਜ ਵਿੱਚ ਨਹੀਂ ਵਿਚਰਿਆ ਜਾ ਸਕਦਾ ।ਸਟੇਟਸ ਸਿੰਬਲ ਨਾਂ ਦੀ ਚੀਜ਼ ਅੱਜ ਕੱਲ ਬਹੁਤ ਤੰਗ ਕਰਦੀ ਹੈ ।ਕੋਈ ਵੀ ਗਵੱਈਆ ਆਪਣੀ ਸਾਧਨਾ ਸਦਕਾ ਆਪਣੇ ਸਰੋਤਿਆਂ ਨਾਲ ਇੱਕ ਰਿਸ਼ਤਾ ਜੋੜਦਾ ਹੈ ਤੇ ਉਹ ਨਹੀਂ ਚਹੁੰਦਾ ਕਿ ਕਿਸੇ ਨੂੰ ਖੁਸ਼ ਕਰਨ ਲਈ ਉਹ ਆਪਣਾ ਰਿਸ਼ਤਾ ਤੋੜ ਲਵੇ ।
----
ਸਾਬਰ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਜਦੋਂ ਵੀ ਗਾਵੇ ਇਹੋ ਜਿਹਾ ਗਾਵੇ ਜੋ ਸਰੋਤਿਆ ਦੀ ਕਸਵੱਟੀ ਉਪਰ ਖਰਾ ਉਤਰੇ ।ਸਰੋਤੇ ਦੇ ਮਨ ਦਾ ਸਕੂਨ ਸਾਬਰ ਨੂੰ ਹੋਰ ਗਾਉਣ ਲਈ ਸਕੂਨ ਦਿੰਦਾ ਹੈ ।ਜਦੋਂ ਚੰਗਾ ਗਾਇਆ ਜਾਵੇਗਾ ਤਾਂ ਜ਼ਰੂਰਤਾਂ ਦੀ ਪੂਰਤੀ ਲਈ ਪੈਸਾ ਤਾਂ ਆਪਣੇ ਆਪ ਹੀ ਆ ਜਾਵੇਗਾ ।
..............
ਸਾਬਰ ਨੂੰ ਸਿਆਸਤ ਨਹੀਂ ਆਉਂਦੀ ।ਉਸਨੂੰ ਸਿਰਫ਼ ਮਿਹਨਤ ਆਉਂਦੀ ਹੈ ।
.................
ਆਪਣੇ ਗੀਤਾਂ ‘ਚ ਆਪਣੀ ਰੂਹ ਭਰ ਦੇਣੀ ਉਹ ਆਪਣਾ ਪਹਿਲਾਂ ਧਰਮ ਸਮਝਦਾ ਹੈ ।ਰਚਨਾ ਨਾਲ ਬੇਇਮਾਨੀ ਉਹ ਆਪਣੀ ਮਾਂ ਬੋਲੀ ਦੀ ਸਭ ਤੋਂ ਵੱਡੀ ਗਾਲ੍ਹ ਸਮਝਦਾ ਹੈ ਇਹ ਈਮਾਨਦਾਰੀ ਹੀ ਸੀ ਕਿ ਉਹ ਜਾਣਦਾ ਹੈ ਕਿ ਸਰੋਤੇ ਕਿਸ ਕਿਸ ਕੋਨੇ’ਚ ਬੈਠੇ ਹਨ ।ਕਿੱਥੇ ਕਿੱਥੇ ਉਸਦੀ ਆਵਾਜ਼ ਨੂੰ ਚੁੰਮਿਆ , ਸੁਣਿਆ ਤੇ ਸਤਿਕਾਰਿਆ ਜਾ ਰਿਹਾ ਹੈ ।
-----
ਸਾਬਰ ਉਹਨਾਂ ਖੁਸ਼ਕਿਸਮਤ ਗਾਇਕਾਂ ਵਿੱਚੋਂ ਹੈ ਜਿਸ ਨੂੰ ਕਦੇ ਨਿਰਮਾਤਾ ਤੱਕ ਪਹੁੰਚ ਨਹੀਂ ਕਰਨੀ ਪਈ ।ਉਸਨੇ ਹਰ ਵੇਰ ਅਤੇ ਹਰ ਕਿਸੇ ਲਈ ਆਪਣੇ ਰੰਗ ਅਤੇ ਆਪਣੇ ਅੰਦਾਜ਼ ਵਿੱਚ ਗਾਇਆ ਹੈ ।ਉਹ ਜਾਣਦਾ ਹੈ ਕਿ ਰਚਨਾਕਾਰ ਅਤੇ ਰਚਨਾ ਦੀ ਇੱਜ਼ਤ ਕਿਵੇਂ ਕਰਨੀ ਹੈ।ਉਸਨੂੰ ਪਤਾ ਹੈ ਕਿ ਰਚਨਾ ਪਹਿਲਾ ਹੈ। ਉਹ ਗੀਤ ਦੇ ਧੁਰ ਅੰਦਰ ਦੀ ਆਤਮਾ ਦੇ ਦਰਸ਼ਨ ਕਰਨ ਜਾਣਦਾ ਹੈ।ਇਸੇ ਲਈ ਸ਼ਾਇਦ ਉਸਨੇ ਹਰ ਵਾਰ ਰਚਨਾ ਨੂੰ ਪਹਿਲ ਦਿੱਤੀ।
----
ਨਾਮ ਹਟਾਕੇ ਗੀਤਾਂ ਨੂੰ ਛਾਨਣੀ ਲਾਉਂਦਾ ਹੈ ਉਹ।ਹਰ ਵਾਰ ਕੁੱਝ ਕੁ ਰਚਨਾਵਾਂ ਹੀ ਹੁੰਦੀਆਂ ਹਨ ਜਿਹੜੀਆਂ ਸਰੋਤਿਆਂ ਦੇ ਬਾਜ਼ਾਰ ਵਿੱਚ ਉੱਤਰਨ ਲਈ ਉਸਦੀ ਛਾਨਣੀ ਵਿੱਚ ਬਚੀਆਂ ਰਹਿ ਜਾਂਦੀਆਂ ਹਨ। ਬੱਸ ਫੇਰ ਤਾਂ ਉਹ ਗੀਤ ਹੁੰਦੇ ਹਨ ਅਤੇ ਸਾਬਰ ਹੁੰਦਾ ਹੈ।ਦੋਨੋਂ ਹੀ ਸੁਰਾਂ ਦੀ ਡੂੰਘੀ ਝੀਲ ‘ਚ ਉਤਰ ਕੇ ਨਤਮਸਤਕ ਹੋ ਜਾਂਦੇ ਹਨ, ਇੱਕ ਦੂਸਰੇ ਦੇ ।ਸਾਬਰ ਦਾ ਸੁਪਨਾ ਹੈ ਕਿ ਉਹ ਇੱਕ ਦਿਨ ਸ਼ਿਵ ਕੁਮਾਰ ,ਸੁਰਜੀਤ ਪਾਤਰ, ਡਾ.ਜਗਤਾਰ ,ਗੁਰਦਿਆਲ ਰੌਸ਼ਨ, ਉਲਫਤ ਬਾਜਵਾ ਵਰਗੀਆਂ ਸਾਹਿਤਕ ਕਲਮਾਂ ਨੂੰ ਜ਼ਰੂਰ ਆਪਣੀ ਅਵਾਜ਼ ਦੇਵੇਗਾ। ਸਾਹਿਤਕ ਕਲਮਾਂ ਉਸਨੂੰ ਸਕੂਨ ਪ੍ਰਦਾਨ ਕਰਦੀਆਂ ਨੇ ।ਉਸਨੂੰ ਖ਼ੁਦ ਨੂੰ ਮਹਿਸੂਸ ਹੂੰਦਾ ਹੈ ਕਿ ਸਾਹਿਤਕ ਰਚਨਾਵਾਂ ਗਾਉਂਦਿਆਂ ਉਸਦਿਆਂ ਬੁੱਲ੍ਹਾਂ ‘ਚੋਂ ਫੁੱਲ ਕਿਰਦੇ ਨੇ, ਕਿਉਂਕਿ ਉਹ ਜਾਣਦਾ ਹੈ ਕਿ ਸਾਹਿਤਕ ਰਚਨਾਵਾਂ ਗਾਉਂਦਿਆਂ ਉਹ ਹਰ ਇੱਕ ਪਰਿਵਾਰ ਦਾ ਮੈਂਬਰ ਹੁੰਦਾ ਹੈ ।
----
ਅਜਿਹਾ ਹਰਗਿਜ਼ ਨਹੀਂ ਹੈ ਕਿ ਸਾਬਰ ਸਿਰਫ਼ ਗਾਉਂਦਾ ਹੀ ਗਾਉਂਦਾ ਹੈ ।ਉਹ ਸੁਣਦਾ ਵੀ ਹੈ, ਤੇ ਜਦੋਂ ਸੁਣਦਾ ਹੈ ਤਾਂ ਗੁਲਾਮ ਅਲੀ ਸਾਹਿਬ ਨੂੰ ਖ਼ੂਬ ਸੁਣਦਾ ਹੈ ।ਬਰਕਤ ਸਿੱਧੂ ਦੀ ਗਾਇਕੀ ਹਰ ਪਲ ਉਸਦੇ ਨਾਲ ਹੁੰਦੀ ਹੈ ਅਤੇ ਜੇਕਰ ਕਲਚਰਲ ਪਰਫਾਰਮੈਂਸ ਦੀ ਗੱਲ ਕਰਨੀ ਹੋਵੇ, ਤਾਂ ਉਹ ਸਿਰਫ਼ ਗੁਰਦਾਸ ਮਾਨ ਦਾ ਹੀ ਨਾਂ ਲੈਂਦਾ ਹੈ ।
----
ਸਾਬਰ ਨੂੰ ਗਾਉਂਦਿਆਂ ,ਪਰਫਾਰਮ ਕਰਦਿਆਂ ਤੁਸੀਂ ਸੁਣੋਗੇ ,ਤਾਂ ਤਹਾਨੂੰ ਕਿਧਰੇ ਨਕਲੀਪਣ ਨਜ਼ਰ ਨਹੀਂ ਆਵੇਗਾ। ਓਪਰਾਪਣ ਪੇਸ਼ ਕਰਨਾ ਉਸਦੀ ਗਾਇਕੀ ਅਤੇ ਉਸਦੇ ਸੁਭਾਅ ਦਾ ਧਰਮ ਨਹੀਂ ਹੈ ।ਸਾਬਰ ਦੇ ਸਰੋਤਿਆਂ ਨੇ ਸਾਬਰ ਦੇ ਖੰਭਾਂ ਹੇਠ ਪਰਵਾਜ਼ ਭਰ ਦਿੱਤੀ ਹੈ ਸਾਬਰ ਗਾਏਗਾ ਤਾਂ ਗਾਉਂਦਾ ਹੀ ਤੁਰਿਆ ਜਾਏਗਾ।ਉਸਦੀ ਤੋਰ ਨੇ ਰਵਾਨਗੀ ਫੜ ਲਈ ਹੈ ਉਸਨੇ ਸਦਾ ਹੀ ਵਖਰੇਵਾਂ ਪੇਸ਼ ਕੀਤਾ ਹੈ ।ਆਪਣੇ ਆਪ ਨੂੰ ਅੰਨ੍ਹੀ ਭੀੜ ‘ਚ ਗੁਆ ਕੇ ਖੁਸ਼ ਹੋਣ ਵਾਲਾ ਗਾਇਕ ਨਹੀਂ ਹੈ ਉਹ । ਅਜਿਹੀ ਸਿਹਤਮੰਦ ਸੋਚਣੀ ਵਾਲੇ ਗਾਇਕ ਨੂੰ ਸਿਹਤਮੰਦ ਮੁਬਾਰਕ ਕਹਿਣਾ ਸਾਡਾ ਫ਼ਰਜ਼ ਬਣਦਾ ਹੈ ।
Sunday, February 8, 2009
ਦੇਸ਼-ਪ੍ਰੇਮ ਦੇ ਸੁਪਨੇ ਕਦੋਂ ਤੱਕ ਵੇਚੇਗਾ ਮੁੰਬਈਆ ਫਿਲਮੀ ਕਾਰਖਾਨਾ?? - ਲੇਖ
ਲੇਖਕ: ਦਰਸ਼ਨ ਦਰਵੇਸ਼ 60 ਸਾਲ ਪਹਿਲਾਂ ਦੇਸ਼ ਆਜ਼ਾਦ ਹੋਇਆ ਸੀ। 1947 ‘ਚ ਮਿਲੀ ਸੂਹੀ ਆਜ਼ਾਦੀ ਦਾ ਰੰਗ ਹੁਣ ਸ਼ਾਇਦ ਫਿੱਕਾ ਪੈਣ ਲੱਗ ਪਿਆ ਹੈ। ਇਹਨਾਂ ਸਾਰੇ ਸਾਲਾਂ ਵਿੱਚ ਦੋਹਾਂ ਹੀ ਦੇਸ਼ਾਂ ਨੇ ਬਹੁਤ ਸਾਰੀਆਂ ਊਚਾਂ ਨੀਚਾਂ ਵੇਖੀਆਂ ਨੇ।ਇਹਨਾਂ ਸਾਰੀਆਂ ਊਚਾਂ ਨੀਚਾਂ ਦਾ ਸਿੱਧਾ ਜਾਂ ਅਸਿੱਧਾ ਪ੍ਰਭਾਵ ਦੋਹਾਂ ਹੀ ਦੇਸ਼ਾਂ ਦੇ ਮਨੋਰੰਜਨ ਜਗਤ ਉੱਪਰ ਵੀ ਕਿਸੇ ਨਾ ਕਿਸੇ ਰੂਪ ਵਿੱਚ ਪਿਆ ਹੀ ਪਿਆ ਹੈ।ਇਸ ਗੱਲ ਦਾ ਪਤਾ ਸਿਰਫ਼ ਉਹ ਫਿਲਮਾਂ ਵੇਖਕੇ ਹੀ ਲੱਗਦਾ ਹੈ ਜਿਹੜੀਆਂ ਇਸ ਉਤਰਾਅ-ਚੜ੍ਹਾਅ ਤੋਂ ਪ੍ਰਭਾਵਿਤ ਵਿਸ਼ਿਆਂ ਨੂੰ ਲੈਕੇ ਬਣਾਈਆਂ ਗਈਆਂ ਹਨ।
-----
ਜੇਕਰ ਅਸੀਂ ਦਸ ਕੁ ਸਾਲ ਪਿੱਛੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਭਾਰਤੀ ਫਿਲਮੀ ਕਾਰਖਾਨਾ ਵੀ ਆਜ਼ਾਦੀ ਦੇ ਪੰਜਾਹ ਸਾਲਾ ਜਸ਼ਨਾਂ ਵਿੱਚ ਸ਼ਾਮਿਲ ਹੋਇਆ ਸੀ ਅਤੇ ਬਾਲੀਵੁੱਡ ਵਾਲਿਆਂ ਨੇ 1997-98 ਵਿੱਚ ‘ਬਾਰਡਰ’, ‘ਹਿੰਦੁਸਤਾਨੀ’ ਅਤੇ ‘ਪਰਦੇਸ’ ਵਰਗੀਆਂ ਵੱਡੀਆਂ ਅਤੇ ਦੇਸ਼-ਪ੍ਰੇਮ ਦੀ ਭਾਵਨਾ ਵਿੱਚ ਗੜੁੱਚ ਫਿਲਮਾਂ ਦਾ ਨਿਰਮਾਣ ਕੀਤਾ ਸੀ।
----
ਆਜ਼ਾਦੀ ਦੇ ਇਸ ਸਿਲਵਰ ਜ਼ੁਬਲੀ ਸਾਲ ਵਿੱਚ ਇਹਨਾਂ ਫਿਲਮਾਂ ਨੇ ਜਿੱਥੇ ਹਰ ਫਿਲਮ ਪ੍ਰੇਮੀ ਨੂੰ ਆਪਣੇ ਨਾਲ ਜੋੜ ਲਿਆ, ਉੱਥੇ ਦੂਰਦਰਸ਼ਨ ਅਤੇ ਕੇਬਲ ਟੀ.ਵੀ. ਵਾਲਿਆਂ ਨੇ ਵੀ ਆਪਣੀ ਅਲਖ ਜਗਾਉਣ ਤੋਂ ਕਿਨਾਰਾ ਨਹੀਂ ਕੀਤਾ।ਉਦੋਂ ਤੋਂ ਲੈਕੇ ਅੱਜ ਤੱਕ ਬਾਲੀਵੁੱਡ ਨੇ ਇਸ ਦੇਸ਼ ਭਗਤੀ ਦੇ ਫਾਰਮੂਲੇ ਨੂੰ ਬਹੁਤ ਚੰਗੀ ਤਰ੍ਹਾਂ ਯਾਦ ਕੀਤਾ ਹੋਇਆ ਹੈ।ਇਸ ਲਈ ਕਿਸੇ ਨਾਂ ਕਿਸੇ ਦੇਸ਼ ਭਗਤੀ ਦੀ ਭਾਵਨਾ ਵਾਲੀ ਫਿਲਮ ਦਾ ਕਿਧਰੇ ਨਾਂ ਕਿਧਰੇ ਨਿਰਮਾਣ ਹੁੰਦਾ ਹੀ ਰਹਿੰਦਾ ਹੈ। ਇਸ ਪਿੱਛੇ ਇੱਕ ਕਾਰਨ ਸ਼ਾਇਦ ‘ਬਾਰਡਰ’ ਨੂੰ ਮਿਲੀ ਸਫ਼ਲਤਾ ਦਾ ਵੀ ਹੋ ਸਕਦਾ ਹੈ।
----
ਵੈਸੇ ਜੇਕਰ ਅਸੀਂ ਥੋੜੀ ਜਿਹੀ ਲੰਮੀ ਨਜ਼ਰ ਮਾਰੀਏ ਤਾਂ ਬਾਰਡਰ ਤੋਂ ਪਹਿਲਾਂ ਹੀ ਦੇਸ਼ ਪ੍ਰੇਮ ਦੀ ਚਾਸ਼ਣੀ ‘ਚ ਲਿੱਬੜੀਆਂ ਫਿਲਮਾਂ ਦਾ ਜ਼ਮਾਨਾ ਪਰਤ ਆਇਆ ਸੀ।‘1942-ਏ ਲਵ ਸਟੋਰੀ’ ਆਜ਼ਾਦੀ ਤੋਂ ਪਹਿਲਾਂ ਦੀ ਇਹ ਪਿਆਰ ਕਹਾਣੀ, ਆਪਣੀ ਦੇਸ਼ ਭਗਤੀ ਦੀ ਚਾਸ਼ਣੀ ‘ਚ ਗੜੁੱਚ ਇਹ ਫਿਲਮ ਬਹੁਤ ਹੀ ਸਫਲ ਰਹੀ ਸੀ। ਅਨਿਲ ਕਪੂਰ ਦਾ ਉੱਚਾ ਸੰਵਾਦ ਸੁਰ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਬਹੁਤ ਹੀ ਕਾਮਯਾਬ ਰਿਹਾ ਸੀ।
----
ਅਸਲ ਵਿੱਚ ਇਹਨਾਂ ਫਿਲਮਾਂ ਰਾਹੀਂ ਬਰਤਾਨਵੀ ਰਾਜ ਦੇ ਖਿਲਾਫ਼ ਜਿਹੜਾ ਅਸਲ ਮੋਰਚਾ ਖੋਲ੍ਹਿਆ ਗਿਆ ਸੀ ਉਸ ‘ਕਿਸਮਤ’ ਨਾਂ ਦੀ ਫਿਲਮ ਦਾ ਨਿਰਮਾਣ 1943 ਵਿੱਚ ਹੋਇਆ ਸੀ।ਇਸ ਫਿਲਮ ਨੇ ਗੁਲਾਮ ਭਾਰਤ ਉੱਪਰ ਕਬਜ਼ੇ ਦੇ ਦਿਨਾਂ ਵਿੱਚ ਬੜਾ ਹੀ ਅਨੋਖਾ ਕੰਮ ਕੀਤਾ ਸੀ ਕਿ ਲੋਕ ਇਸਦਾ ਗੀਤ ‘ਦੂਰ ਹਟੋ ਐ ਦੁਨੀਆਂ ਵਾਲੋ, ਹਿੰਦੁਸਤਾਨ ਹਮਾਰਾ ਹੈ’ ਸੁਣਕੇ ਅੰਗਰੇਜ਼ੀ ਹਕੂਮਤ ਦੇ ਖਿਲਾਫ਼ ਇੱਕ ਹੋ ਗਏ ਸਨ।
----
ਆਜ਼ਾਦ ਭਾਰਤ ਦੇ ਨਹਿਰੂ ਯੁੱਗ ਵਿੱਚ ਦੇਸ਼ ਅੰਦਰ ਸਮਾਜਵਾਦ ਦੀ ਜਿਹੜੀ ਲਹਿਰ ਚੱਲ ਰਹੀ ਸੀ ਉਸ ਭਾਵਨਾ ਨੂੰ ਲੈਕੇ ਵੀ ਰਾਜਕਪੂਰ, ਵੀ.ਸ਼ਾਂਤਾਰਾਮ, ਸਤਿਅਜੀਤ ਰੇਅ ਆਦਿ ਨੇ ਫਿਲਮਾਂ ਦਾ ਨਿਰਮਾਣ ਕਰਕੇ ਅਮੀਰ ਅਤੇ ਗਰੀਬ ਵਿਚਾਲੇ ਵਧੀਆਂ ਦੂਰੀਆਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਚੇਤਨ ਆਨੰਦ ਨੇ ਵੀ 1962 ਦੇ ਭਾਰਤ-ਪਾਕਿ ਯੁੱਧ ਦੀ ਤ੍ਰਾਸਦੀ ਉੱਪਰ ‘ਹਕੀਕਤ’ ਨਾਂ ਦੀ ਫਿਲਮ ਦਾ ਨਿਰਮਾਣ ਕੀਤਾ ਸੀ। ਇਸ ਫਿਲਮ ਨੇ ਹਿੰਦੁਸਤਾਨੀ ਸੈਨਿਕਾਂ ਦੇ ਦੁੱਖ ਦਰਦ ਅਤੇ ਸਾਡੀ ਸੁਰੱਖਿਆ ਨੀਤੀ ਅੰਦਰਲੀਆਂ ਖ਼ਾਮੀਆਂ ਦੀਆਂ ਧੱਜੀਆਂ ਉਡਾਕੇ ਰੱਖ ਦਿੱਤੀਆਂ ਸਨ। ਅਸਲੀ ਮਾਅਨਿਆਂ ਵਿੱਚ ਇਸ ਫਿਲਮ ਨੂੰ ਦੇਸ਼ ਪ੍ਰੇਮ ਦੀ ਫਿਲਮ ਕਿਹਾ ਜਾ ਸਕਦਾ ਹੈ। ਕਿਉਂਕਿ ਇਸ ਫਿਲਮ ਤੋਂ ਪਹਿਲਾਂ ਕਿਸੇ ਵੀ ਫਿਲਮ ਨਿਰਮਾਤਾ-ਨਿਰਦੇਸ਼ਕ ਨੇ ਯੁੱਧ ਵਰਗੇ ਵਿਸ਼ੇ ਨੂੰ ਲੈਕੇ ਦੇਸ਼ ਪ੍ਰੇਮ ਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ।ਇਸ ਫਿਲਮ ਦਾ ਗੀਤ ‘ ਕਰ ਚਲੇ ਹਮ ਫਿਦਾ ਜਾਨੇ ਤਨ ਸਾਥੀਓ, ਅਬ ਤੁਮਹਾਰੇ ਹਵਾਲੇ ਵਤਨ ਸਾਥੀਓ’ ਅੱਜ ਵੀ ਜਦੋਂ ਕਿਧਰੇ ਗੂੰਜਦਾ ਹੈ ਤਾਂ ਦੇਸ਼ ਨੂੰ ਪ੍ਰੇਮ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ। ਇਸੇ ਚੇਤਨ ਆਨੰਦ ਨੇ ਇੱਕ ਵਾਰ ਫੇਰ ਭਾਰਤ-ਪਾਕਿ ਯੁੱਧ ਉੱਪਰ ਰਾਜ ਕਪੂਰ ਅਤੇ ਪ੍ਰੀਆ ਰਾਜਵੰਸ਼ ਨੂੰ ਲੈਕੇ ‘ਹਿੰਦੁਸਤਾਨ ਕੀ ਕਸਮ’ ਨਾਂ ਦੀ ਫਿਲਮ ਬਣਾਈ ਸੀ ਜਿਹੜੀ ਦੇਸ਼ ਪ੍ਰੇਮ ਦੀ ਫਿਲਮ ਹੋਣ ਕਰਕੇ ਆਪਣੇ ਪ੍ਰਦਰਸ਼ਨ ਤੋਂ ਪਹਿਲਾਂ ਹੀ ਏਨੀ ਕੁ ਚਰਚਿਤ ਹੋ ਗਈ ਸੀ ਕਿ ਪ੍ਰਦਰਸ਼ਨ ਹੋਣ ਤੋਂ ਬਾਦ ਇਸਨੇ ਆਪਣੀ ਸਫ਼ਲਤਾ ਦੇ ਝੰਡੇ ਏਨੇ ਕੁ ਜ਼ਿਆਦਾ ਬੁਲੰਦ ਕੀਤੇ ਸਨ ਕਿ ਸਰਕਾਰ ਨੂੰ ਮਜਬੂਰਨ ਇਸਦਾ ਟੈਕਸ ਮੁਆਫ ਕਰਨਾ ਪਿਆ ਸੀ।ਸੰਜੀਵ ਕੁਮਾਰ ਨੂੰ ਲੈਕੇ ਯੁੱਧ ਦੇ ਵਿਸ਼ੇ ਉੱਪਰ ਹੀ ਇੱਕ ਹੋਰ ਫਿਲਮ ‘ਆਕਰਸ਼ਨ’ ਵੀ ਬਣੀ ਸੀ ਜਿਹੜੀ ਕਿ ਯੁੱਧ ਤੋਂ ਬਾਦ ਸੈਨਿਕ ਦੀ ਜ਼ਿੰਦਗੀ ਦੀ ਕਹਾਣੀ ਉੱਪਰ ਆਧਾਰਿਤ ਸੀ ਪਰ ਇਹ ਫਿਲਮ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਬਹੁਤੀ ਕਾਮਯਾਬ ਨਹੀਂ ਸੀ ਰਹੀ।
----
ਆਜ਼ਾਦੀ ਤੋਂ ਬਾਦ ਗਾਹੇ-ਬਗਾਹੇ ਸਮਾਜ ਨੂੰ ਜਗਾਉਣ ਦੀ ਨਜ਼ਰ ਵਾਲੀਆਂ ਫਿਲਮਾਂ ਦਾ ਨਿਰਮਾਣ ਹੁੰਦਾ ਰਿਹਾ ਹੈ। ‘ਸ਼ਹੀਦ’ ਤੋਂ ਬਾਦ 1960 ਦੇ ਦਹਾਕੇ ਵਿੱਚ ਹੀ ਨਾਇਕ,ਨਿਰਮਾਤਾ, ਨਿਰਦੇਸ਼ਕ ਮਨੋਜ ਕੁਮਾਰ ਨੇ ਦੇਸ਼ ਪ੍ਰੇਮ ਨੂੰ ਮੱਥੇ ਉੱਪਰ ਸਜਾਕੇ ‘ਉਪਕਾਰ’ ਫਿਲਮ ਦਾ ਵੀ ਨਿਰਮਾਣ ਕੀਤਾ ਸੀ ਅਤੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਨਾਅਰੇ ‘ਜੈ ਜਵਾਨ ਜੈ ਕਿਸਾਨ’ ਨੇ ਭਾਰਤ ਵਾਸੀਆਂ ਨੂੰ ਜਿੰਨਾ ਪ੍ਰਭਾਵਿਤ ਕੀਤਾ ਸੀ, ਮਨੋਜ ਕੁਮਾਰ ਨੇ ਉਸੇ ਨੂੰ ਹੀ ਆਪਣਾ ਵਿਸ਼ਾ ਬਣਾ ਲਿਆ।ਕਿਸਾਨ ਤੋਂ ਫੌਜੀ ਬਣੇ ਨੌਜੁਆਨ ਦੀ ਕਹਾਣੀ ਨੂੰ ਬੜੇ ਹੀ ਕਲਾਤਮਿਕ ਢੰਗ ਨਾਲ ਪੇਸ਼ ਕਰਕੇ ਦੇਸ਼ ਭਗਤੀ ਦੀਆਂ ਫਿਲਮਾਂ ਨੂੰ ਇੱਕ ਬਹੁਤ ਵੱਡਾ ਦਰਸ਼ਕ ਵਰਗ ਦੇ ਦਿੱਤਾ ਅਤੇ ਬਾਦ ਵਿੱਚ ਇਸੇ ਨੂੰ ਹੀ ਗਲੈਮਰਾਈਜ਼ ਕਰਕੇ ਪੇਸ਼ ਕਰਦੇ ਰਹੇ। ਜਿਹਨਾਂ ਵਿੱਚ ਬਾਦ ਵਿੱਚ ਸੈਕਸ ਨੇ ਵੀ ਆਪਣੀ ਘੁਸਪੈਂਠ ਕਰ ਲਈ।‘ਪੂਰਬ ਔਰ ਪੱਛਿਮ’, ‘ਕਰਾਂਤੀ’, ‘ਸ਼ੋਰ’ ਤੱਕ ਦਾ ਉਹਨਾਂ ਦਾ ਸਫਰ ਇਸੇ ਹੀ ਗੱਲਬਾਤ ਦੁਆਲੇ ਘੁੰਮਦਾ ਹੈ।ਇਹਨਾਂ ਹੀ ਫਿਲਮਾਂ ਦੇ ਨਿਰਮਾਣ ਦੇ ਚਲਦਿਆਂ ਸ਼ਸ਼ੀ ਕਪੂਰ ਨੇ ਵੀ 1857 ਦੇ ਗਦਰ ਉੱਪਰ ਆਧਾਰਿਤ ‘ਜਨੂੰਨ’ ਦਾ ਨਿਰਮਾਣ ਕੀਤਾ ਸੀ।ਟਿਕਟ ਖਿੜਕੀ ਉੱਪਰ ਇਹ ਫਿਲਮ ਭਾਵੇਂ ਜ਼ਿਆਦਾ ਕਾਮਯਾਬ ਨਾ ਰਹੀ ਹੋਵੇ ਲੇਕਿਨ ਜੈਨੀਫਰ ਕਪੂਰ ਦੀ ਵਜਾਹ ਨਾਲ ਇਹ ਫਿਲਮ ਯਾਦਗਾਰੀ ਜ਼ਰੂਰ ਬਣ ਗਈ ਸੀ।
----
ਇਸ ਤੋਂ ਬਾਦ ਦੇ ਦੌਰ ਵਿੱਚ ਵੀ ਕੁੱਝ ਫਿਲਮਾਂ ਦਾ ਨਿਰਮਾਣ ਹੋਇਆ ਪਰ ਉਹ ਫਿਲਮਾਂ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਏਨੀਆਂ ਕਾਮਯਾਬ ਨਹੀਂ ਹੋ ਸਕੀਆਂ। ’90 ਦੇ ਦਹਾਕੇ ਵਿੱਚ ਕੌਮਵਾਦ, ਹਿੰਦੂ-ਮੁਸਲਿਮ ਦੰਗੇ, ਅੱਤਵਾਦ ਵਰਗੇ ਵਿਸ਼ਿਆਂ ਨਾਲ ਜੁੜੀਆਂ ਕਈ ਫਿਲਮਾਂ ਨੇ ਫਿਰ ਤੋਂ ਦਰਸ਼ਕਾਂ ਵਿੱਚ ਆਪਣੀਂ ਥਾਂ ਬਣਾਉਣ ਵਿੱਚ ਸਫ਼ਲਤਾ ਹਾਸਿਲ ਕਰ ਲਈ ਸੀ ਜਿਹਨਾਂ ਵਿੱਚੋਂ 1994-95 ਵਿੱਚ ਨਾਨਾ ਪਾਟੇਕਰ ਦੀ ‘ਕਰਾਂਤੀਵੀਰ’, ਕਸ਼ਮੀਰ ਦੇ ਅੱਤਵਾਦ ਖਿਲਾਫ ‘ਰੋਜ਼ਾ’, ਜਿਸ ਵਿੱਚ ਫਿਲਮ ਦਾ ਨਾਇਕ ਰਾਸ਼ਟਰੀ ਝੰਡੇ ਨੂੰ ਅੱਗ ਲੱਗੀ ਹੋਣ ਦੇ ਬਾਵਜ਼ੂਦ ਵੀ ਉਸ ਨੂੰ ਬਚਾਉਣ ਲਈ ਅੱਗ ਵਿੱਚ ਕੁੱਦ ਪੈਂਦਾ ਹੈ, ਨੇ ਦਰਸ਼ਕਾਂ ਦਾ ਹਜ਼ੂਮ ਆਪਣੇ ਵੱਲ ਖਿੱਚ ਲਿਆ ਸੀ। ਮਨੀ ਰਤਨਮ ਦੀ ਇਸ ਫਿਲਮ ਨੇ ਜਿੱਥੇ ਕਰੋੜਾਂ ਰੁਪਏ ਦਾ ਬਿਜ਼ਨਸ ਕੀਤਾ ਸੀ ਉੱਥੇ ਹੀ ਹਿੰਦ-ਮੁਸਲਿਮ ਏਕਤਾ ਨੂੰ ਆਧਾਰ ਬਣਾਕੇ ਬਣਾਈ ਉਸੇ ਦੀ ਹੀ ਫਿਲਮ ‘ਬਾਂਬੇ’ ਨੇ ਵੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਬੁੱਕਲ਼ ਵਿੱਚ ਘੁੱਟ ਲਿਆ ਸੀ।
----
ਉਦੋਂ ਸੁਭਾਸ਼ ਘਈ ਦੇ ਸ਼ੁਰੂਆਤੀ ਦਿਨ ਸਨ।ਜਦੋਂ ਉਹਨਾਂ ਨੇ ਵਿਦੇਸ਼ੀ ਤਾਕਤਾਂ ਵਿਰੁੱਧ ਲੜਨ ਵਾਲੇ ਇੱਕ ਪੁਲਿਸ ਅਧਿਕਾਰੀ ਦੀ ਕਹਾਣੀ ਦਾ ਤਾਣਾ-ਬਾਣਾ ਬੁਣਕੇ ਫਿਲਮ ‘ਕਰਮਾ’ ਦਾ ਨਿਰਮਾਣ ਕੀਤਾ ਸੀ। ਇਸ ਫਿਲਮ ਨੂੰ ਵੀ ਦੇਸ਼ ਭਗਤੀ ਦੀ ਪੂਰੀ ਪੁੱਠ ਚਾੜ੍ਹੀ ਗਈ ਸੀ ਅਤੇ ਸੁਭਾਸ਼ ਘਈ ਦਾ ਇਹ ਪ੍ਰਯੋਗ ਬੇਹੱਦ ਸਫਲ ਰਿਹਾ ਸੀ।ਇਸ ਤੋਂ ਬਾਦ 1997 ਵਿੱਚ ਘਈ ਨੇ ਦੇਸ਼ ਪ੍ਰੇਮ ਨੂੰ ਪ੍ਰਦਰਸ਼ਿਤ ਕਰਦੀ ਇੱਕ ਹੋਰ ਸ਼ਾਨਦਾਰ ਫਿਲਮ ‘ਪਰਦੇਸ’ ਦਾ ਨਿਰਮਾਣ ਕੀਤਾ। ਇਸੇ ਤਰਾਂ ‘ਦਿਲ ਵਾਲੇ ਦੁਲਹਨੀਆਂ ਲੇ ਜਾਏਂਗੇ’ ਨੂੰ ਵੀ ਇਸ ਦੇਸ਼ ਪ੍ਰੇਮ ਦੀ ਲੜੀ ਦਾ ਅਗਲਾ ਮਣਕਾ ਕਿਹਾ ਜਾ ਸਕਦਾ ਹੈ।
----
ਜੇ.ਪੀ.ਦੱਤਾ ਵਰਗਾ ਨਿਰਮਾਤਾ-ਨਿਰਦੇਸ਼ਕ ਜਿਸਨੂੰ ਰਾਜਸਥਾਨ ਦੀ ਸਰਜ਼ਮੀਨ ਨਾਲ ਅੰਤਾਂ ਦਾ ਲਗਾਉ ਹੈ ਅਤੇ ਉਹ ਬਹੁਤ ਹੀ ਬਾਖੂਬੀ ਉਥੋਂ ਦੀਆਂ ਪਰੰਪਰਾਵਾਂ, ਵਿਵਸਥਾ ਅਤੇ ਦਮਨ ਚੱਕਰ ਨੂੰ ਪਰਦੇ ਉੱਪਰ ਉਤਾਰਨ ਲਈ ਯਤਨਸ਼ੀਲ ਰਹਿੰਦਾ ਹੈ। ਅਜਿਹੀਆਂ ਫਿਲਮਾਂ ਵਿੱਚ ‘ਗੁਲਾਮੀਂ’ ਅਤੇ ‘ਬਟਵਾਰਾ’ ਵਰਗੀਆਂ ਫਿਲਮਾਂ ਦਾ ਜ਼ਿਕਰ ਕਰਨਾ ਬਣਦਾ ਹੈ। ਉਸੇ ਜੇ.ਪੀ. ਦੱਤਾ ਨੇ 1997 ਵਿੱਚ 1971 ਦੇ ਭਾਰਤ-ਪਾਕਿ ਯੁੱਧ ਵਿੱਚਰਾਜਸਥਾਨ ਦੀ ਇੱਕ ਘਟਨਾ ਨੂੰ ਪਰਦੇ ਉੱਪਰ ਜਿਉਂਦਿਆਂ ਪੇਸ਼ ਕੀਤਾ ‘ਬਾਰਡਰ’ ਦਾ ਨਿਰਮਾਣ ਕਰਕੇ।ਯੁੱਧ ਵਰਗੇ ਵਿਸ਼ੇ ਨੂੰ ਲੈਕੇ ਬਣਾਈਆਂ ਕੁੱਝ ਗਿਣੀਆਂ ਚੁਣੀਆਂ ਫਿਲਮਾਂ ਵਿੱਚ ਬਾਰਡਰ ਦਾ ਵਿਸ਼ੇਸ਼ ਜ਼ਿਕਰ ਹੁੰਦਾ ਹੈ।ਇਸੇ ਤਰਾਂ ਦੇਸ਼ ਦੀ ਸੈਨਾਂ ਦੇ ਅਧਿਕਾਰੀਆਂ ਨੂੰ ਲੈਕੇ ਅਮਿਤਾਭ ਬੱਚਨ ਦੀ ਵਾਪਸੀ ਲਈ ਏ.ਬੀ.ਸੀ.ਐੱਲ. ਨੇ ਬੇਸ਼ਕ ‘ਮੇਜਰ ਸਾਹਬ’ ਵਰਗੀ ਵੱਡੀ ਕਾਸਟ,ਵੱਡੇ ਬੱਜਟ ਵਾਲੀ ਫਿਲਮ ਦਾ ਨਿਰਮਾਣ ਵੀ ਕੀਤਾ ਗਿਆ ਸੀ ਪਰ ਇਹ ਫਿਲਮ ਰੀਲੀਜ਼ ਹੁੰਦਿਆਂ ਹੀ ਸੈਨਾਂ ਅਧਿਕਾਰੀਆਂ ਅਤੇ ਆਲੋਚਨਾਂ ਦੀ ਟੇਢੀ ਨਜ਼ਰ ਦਾ ਸ਼ਿਕਾਰ ਹੋ ਗਈ ਸੀ। ਕਿਉਂਕਿ ਨੈਸ਼ਨਲ ਡਿਫੈਂਸ ਅਕੈਡਮੀ ਦੇ ਕਿਰਦਾਰ ਨੂੰ ਸਹੀ ਢੰਗ ਨਾਲ ਪੇਸ਼ ਕਰਨ ਤੋਂ ਅਸਮਰੱਥ ਰਹੀ ਸੀ।
----
ਹੁਣ ਜਦੋਂ ਕਿ ਸਾਨੂੰ ਅਗਲੀ ਸਦੀ ਵਿੱਚ ਪ੍ਰਵੇਸ਼ ਕੀਤਿਆਂ ਵੀ ਅੱਠ ਸਾਲ ਹੋ ਗਏ ਹਨ ਅੱਜ ਤੱਕ ਵੀ ‘ਮਾਂ ਤੁਝੇ ਸਲਾਮ’, ‘ਰਫਿਊਜ਼ੀ’, ‘ਬੋਲੇ ਸੋ ਨਿਹਾਲ’, ‘ਐੱਲ ਓ ਸੀ’, ‘ਧੋਖਾ’, ‘ਕੱਚੇ ਧਾਗੇ’, ‘ਚਾਈਨਾ ਗੇਟ’, ‘ਕਾਰਗਿਲ’, ‘ਗਦਰ’, ‘ਸਰਫਰੋਸ਼’, ਵਰਗੀਆਂ ਕਿੰਨੀਆਂ ਹੀ ਫਿਲਮਾਂ ਦਾ ਨਿਰਮਾਣ ਹੋ ਚੁੱਕਾ ਹੈ ਅਤੇ ਅੱਗੇ ਨੂੰ ਵੀ ਇਹ ਮੁੰਬਈਆ ਫਿਲਮੀਂ ਕਾਰਖਾਨਾ ਇਸ ਦੇਸ਼ ਪ੍ਰੇਮ ਦੀਆਂ ਭਾਵਨਾ- ਵਾਂ ਨੂੰ ਕੈਸ਼ ਕਰਾਉਣ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਅਤੇ ਦੇਸ਼ ਪ੍ਰੇਮ, ਦੇਸ਼ ਭਗਤੀ, ਸਮਾਜਿਕ ਚੇਤਨਾ, ਅੱਤਵਾਦ ਦੇ ਵਿਰੁੱਧ ਲੜਾਈ ਆਦਿ ਵਿਸ਼ਿਆਂ ਉੱਪਰ ਫਿਲਮਾਂ ਅਤੇ ਲੜੀਵਾਰਾਂ ਦਾ ਬੜੀ ਤੇਜ਼ੀ ਨਾਲ ਨਿਰਮਾਣ ਕਰ ਰਿਹਾ ਹੈ ਤਾਂ ਪਤਾ ਨਹੀਂ ਕਿਉਂ ਮਹਿਸੂਸ ਹੁੰਦਾ ਹੈ ਕਿ ਸਾਡੇ ਫਿਲਮਕਾਰ ਤਾਂ ਸ਼ਾਇਦ ਦੇਸ਼ ਪ੍ਰੇਮ ਦੀ ਭਾਵਨਾ ਨੂੰ ਸੁਪਨਿਆਂ ਵਾਂਗ ਵੇਚ ਰਹੇ ਹਨ ਤੇ ਸ਼ਾਇਦ ਇਹ ਸਿਲਸਿਲਾ ਇਵੇਂ ਹੀ ਜਾਰੀ ਰਹੇਗਾ। ਬਹੁਤ ਸਾਰੇ ਤਕਨੀਸ਼ੀਅਨਾਂ ਅਤੇ ਕਲਾਕਾਰਾਂ ਦੀ ਰੋਟੀ ਰੋਜ਼ੀ ਦਾ ਸਵਾਲ ਵੀ ਤਾਂ ਹੈ . . . . . .!