60 ਸਾਲ ਪਹਿਲਾਂ ਦੇਸ਼ ਆਜ਼ਾਦ ਹੋਇਆ ਸੀ। 1947 ‘ਚ ਮਿਲੀ ਸੂਹੀ ਆਜ਼ਾਦੀ ਦਾ ਰੰਗ ਹੁਣ ਸ਼ਾਇਦ ਫਿੱਕਾ ਪੈਣ ਲੱਗ ਪਿਆ ਹੈ। ਇਹਨਾਂ ਸਾਰੇ ਸਾਲਾਂ ਵਿੱਚ ਦੋਹਾਂ ਹੀ ਦੇਸ਼ਾਂ ਨੇ ਬਹੁਤ ਸਾਰੀਆਂ ਊਚਾਂ ਨੀਚਾਂ ਵੇਖੀਆਂ ਨੇ।ਇਹਨਾਂ ਸਾਰੀਆਂ ਊਚਾਂ ਨੀਚਾਂ ਦਾ ਸਿੱਧਾ ਜਾਂ ਅਸਿੱਧਾ ਪ੍ਰਭਾਵ ਦੋਹਾਂ ਹੀ ਦੇਸ਼ਾਂ ਦੇ ਮਨੋਰੰਜਨ ਜਗਤ ਉੱਪਰ ਵੀ ਕਿਸੇ ਨਾ ਕਿਸੇ ਰੂਪ ਵਿੱਚ ਪਿਆ ਹੀ ਪਿਆ ਹੈ।ਇਸ ਗੱਲ ਦਾ ਪਤਾ ਸਿਰਫ਼ ਉਹ ਫਿਲਮਾਂ ਵੇਖਕੇ ਹੀ ਲੱਗਦਾ ਹੈ ਜਿਹੜੀਆਂ ਇਸ ਉਤਰਾਅ-ਚੜ੍ਹਾਅ ਤੋਂ ਪ੍ਰਭਾਵਿਤ ਵਿਸ਼ਿਆਂ ਨੂੰ ਲੈਕੇ ਬਣਾਈਆਂ ਗਈਆਂ ਹਨ।
-----
ਜੇਕਰ ਅਸੀਂ ਦਸ ਕੁ ਸਾਲ ਪਿੱਛੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਭਾਰਤੀ ਫਿਲਮੀ ਕਾਰਖਾਨਾ ਵੀ ਆਜ਼ਾਦੀ ਦੇ ਪੰਜਾਹ ਸਾਲਾ ਜਸ਼ਨਾਂ ਵਿੱਚ ਸ਼ਾਮਿਲ ਹੋਇਆ ਸੀ ਅਤੇ ਬਾਲੀਵੁੱਡ ਵਾਲਿਆਂ ਨੇ 1997-98 ਵਿੱਚ ‘ਬਾਰਡਰ’, ‘ਹਿੰਦੁਸਤਾਨੀ’ ਅਤੇ ‘ਪਰਦੇਸ’ ਵਰਗੀਆਂ ਵੱਡੀਆਂ ਅਤੇ ਦੇਸ਼-ਪ੍ਰੇਮ ਦੀ ਭਾਵਨਾ ਵਿੱਚ ਗੜੁੱਚ ਫਿਲਮਾਂ ਦਾ ਨਿਰਮਾਣ ਕੀਤਾ ਸੀ।
----
ਆਜ਼ਾਦੀ ਦੇ ਇਸ ਸਿਲਵਰ ਜ਼ੁਬਲੀ ਸਾਲ ਵਿੱਚ ਇਹਨਾਂ ਫਿਲਮਾਂ ਨੇ ਜਿੱਥੇ ਹਰ ਫਿਲਮ ਪ੍ਰੇਮੀ ਨੂੰ ਆਪਣੇ ਨਾਲ ਜੋੜ ਲਿਆ, ਉੱਥੇ ਦੂਰਦਰਸ਼ਨ ਅਤੇ ਕੇਬਲ ਟੀ.ਵੀ. ਵਾਲਿਆਂ ਨੇ ਵੀ ਆਪਣੀ ਅਲਖ ਜਗਾਉਣ ਤੋਂ ਕਿਨਾਰਾ ਨਹੀਂ ਕੀਤਾ।ਉਦੋਂ ਤੋਂ ਲੈਕੇ ਅੱਜ ਤੱਕ ਬਾਲੀਵੁੱਡ ਨੇ ਇਸ ਦੇਸ਼ ਭਗਤੀ ਦੇ ਫਾਰਮੂਲੇ ਨੂੰ ਬਹੁਤ ਚੰਗੀ ਤਰ੍ਹਾਂ ਯਾਦ ਕੀਤਾ ਹੋਇਆ ਹੈ।ਇਸ ਲਈ ਕਿਸੇ ਨਾਂ ਕਿਸੇ ਦੇਸ਼ ਭਗਤੀ ਦੀ ਭਾਵਨਾ ਵਾਲੀ ਫਿਲਮ ਦਾ ਕਿਧਰੇ ਨਾਂ ਕਿਧਰੇ ਨਿਰਮਾਣ ਹੁੰਦਾ ਹੀ ਰਹਿੰਦਾ ਹੈ। ਇਸ ਪਿੱਛੇ ਇੱਕ ਕਾਰਨ ਸ਼ਾਇਦ ‘ਬਾਰਡਰ’ ਨੂੰ ਮਿਲੀ ਸਫ਼ਲਤਾ ਦਾ ਵੀ ਹੋ ਸਕਦਾ ਹੈ।
----
ਵੈਸੇ ਜੇਕਰ ਅਸੀਂ ਥੋੜੀ ਜਿਹੀ ਲੰਮੀ ਨਜ਼ਰ ਮਾਰੀਏ ਤਾਂ ਬਾਰਡਰ ਤੋਂ ਪਹਿਲਾਂ ਹੀ ਦੇਸ਼ ਪ੍ਰੇਮ ਦੀ ਚਾਸ਼ਣੀ ‘ਚ ਲਿੱਬੜੀਆਂ ਫਿਲਮਾਂ ਦਾ ਜ਼ਮਾਨਾ ਪਰਤ ਆਇਆ ਸੀ।‘1942-ਏ ਲਵ ਸਟੋਰੀ’ ਆਜ਼ਾਦੀ ਤੋਂ ਪਹਿਲਾਂ ਦੀ ਇਹ ਪਿਆਰ ਕਹਾਣੀ, ਆਪਣੀ ਦੇਸ਼ ਭਗਤੀ ਦੀ ਚਾਸ਼ਣੀ ‘ਚ ਗੜੁੱਚ ਇਹ ਫਿਲਮ ਬਹੁਤ ਹੀ ਸਫਲ ਰਹੀ ਸੀ। ਅਨਿਲ ਕਪੂਰ ਦਾ ਉੱਚਾ ਸੰਵਾਦ ਸੁਰ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਬਹੁਤ ਹੀ ਕਾਮਯਾਬ ਰਿਹਾ ਸੀ।
----
ਅਸਲ ਵਿੱਚ ਇਹਨਾਂ ਫਿਲਮਾਂ ਰਾਹੀਂ ਬਰਤਾਨਵੀ ਰਾਜ ਦੇ ਖਿਲਾਫ਼ ਜਿਹੜਾ ਅਸਲ ਮੋਰਚਾ ਖੋਲ੍ਹਿਆ ਗਿਆ ਸੀ ਉਸ ‘ਕਿਸਮਤ’ ਨਾਂ ਦੀ ਫਿਲਮ ਦਾ ਨਿਰਮਾਣ 1943 ਵਿੱਚ ਹੋਇਆ ਸੀ।ਇਸ ਫਿਲਮ ਨੇ ਗੁਲਾਮ ਭਾਰਤ ਉੱਪਰ ਕਬਜ਼ੇ ਦੇ ਦਿਨਾਂ ਵਿੱਚ ਬੜਾ ਹੀ ਅਨੋਖਾ ਕੰਮ ਕੀਤਾ ਸੀ ਕਿ ਲੋਕ ਇਸਦਾ ਗੀਤ ‘ਦੂਰ ਹਟੋ ਐ ਦੁਨੀਆਂ ਵਾਲੋ, ਹਿੰਦੁਸਤਾਨ ਹਮਾਰਾ ਹੈ’ ਸੁਣਕੇ ਅੰਗਰੇਜ਼ੀ ਹਕੂਮਤ ਦੇ ਖਿਲਾਫ਼ ਇੱਕ ਹੋ ਗਏ ਸਨ।
----
ਆਜ਼ਾਦ ਭਾਰਤ ਦੇ ਨਹਿਰੂ ਯੁੱਗ ਵਿੱਚ ਦੇਸ਼ ਅੰਦਰ ਸਮਾਜਵਾਦ ਦੀ ਜਿਹੜੀ ਲਹਿਰ ਚੱਲ ਰਹੀ ਸੀ ਉਸ ਭਾਵਨਾ ਨੂੰ ਲੈਕੇ ਵੀ ਰਾਜਕਪੂਰ, ਵੀ.ਸ਼ਾਂਤਾਰਾਮ, ਸਤਿਅਜੀਤ ਰੇਅ ਆਦਿ ਨੇ ਫਿਲਮਾਂ ਦਾ ਨਿਰਮਾਣ ਕਰਕੇ ਅਮੀਰ ਅਤੇ ਗਰੀਬ ਵਿਚਾਲੇ ਵਧੀਆਂ ਦੂਰੀਆਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਚੇਤਨ ਆਨੰਦ ਨੇ ਵੀ 1962 ਦੇ ਭਾਰਤ-ਪਾਕਿ ਯੁੱਧ ਦੀ ਤ੍ਰਾਸਦੀ ਉੱਪਰ ‘ਹਕੀਕਤ’ ਨਾਂ ਦੀ ਫਿਲਮ ਦਾ ਨਿਰਮਾਣ ਕੀਤਾ ਸੀ। ਇਸ ਫਿਲਮ ਨੇ ਹਿੰਦੁਸਤਾਨੀ ਸੈਨਿਕਾਂ ਦੇ ਦੁੱਖ ਦਰਦ ਅਤੇ ਸਾਡੀ ਸੁਰੱਖਿਆ ਨੀਤੀ ਅੰਦਰਲੀਆਂ ਖ਼ਾਮੀਆਂ ਦੀਆਂ ਧੱਜੀਆਂ ਉਡਾਕੇ ਰੱਖ ਦਿੱਤੀਆਂ ਸਨ। ਅਸਲੀ ਮਾਅਨਿਆਂ ਵਿੱਚ ਇਸ ਫਿਲਮ ਨੂੰ ਦੇਸ਼ ਪ੍ਰੇਮ ਦੀ ਫਿਲਮ ਕਿਹਾ ਜਾ ਸਕਦਾ ਹੈ। ਕਿਉਂਕਿ ਇਸ ਫਿਲਮ ਤੋਂ ਪਹਿਲਾਂ ਕਿਸੇ ਵੀ ਫਿਲਮ ਨਿਰਮਾਤਾ-ਨਿਰਦੇਸ਼ਕ ਨੇ ਯੁੱਧ ਵਰਗੇ ਵਿਸ਼ੇ ਨੂੰ ਲੈਕੇ ਦੇਸ਼ ਪ੍ਰੇਮ ਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ।ਇਸ ਫਿਲਮ ਦਾ ਗੀਤ ‘ ਕਰ ਚਲੇ ਹਮ ਫਿਦਾ ਜਾਨੇ ਤਨ ਸਾਥੀਓ, ਅਬ ਤੁਮਹਾਰੇ ਹਵਾਲੇ ਵਤਨ ਸਾਥੀਓ’ ਅੱਜ ਵੀ ਜਦੋਂ ਕਿਧਰੇ ਗੂੰਜਦਾ ਹੈ ਤਾਂ ਦੇਸ਼ ਨੂੰ ਪ੍ਰੇਮ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ। ਇਸੇ ਚੇਤਨ ਆਨੰਦ ਨੇ ਇੱਕ ਵਾਰ ਫੇਰ ਭਾਰਤ-ਪਾਕਿ ਯੁੱਧ ਉੱਪਰ ਰਾਜ ਕਪੂਰ ਅਤੇ ਪ੍ਰੀਆ ਰਾਜਵੰਸ਼ ਨੂੰ ਲੈਕੇ ‘ਹਿੰਦੁਸਤਾਨ ਕੀ ਕਸਮ’ ਨਾਂ ਦੀ ਫਿਲਮ ਬਣਾਈ ਸੀ ਜਿਹੜੀ ਦੇਸ਼ ਪ੍ਰੇਮ ਦੀ ਫਿਲਮ ਹੋਣ ਕਰਕੇ ਆਪਣੇ ਪ੍ਰਦਰਸ਼ਨ ਤੋਂ ਪਹਿਲਾਂ ਹੀ ਏਨੀ ਕੁ ਚਰਚਿਤ ਹੋ ਗਈ ਸੀ ਕਿ ਪ੍ਰਦਰਸ਼ਨ ਹੋਣ ਤੋਂ ਬਾਦ ਇਸਨੇ ਆਪਣੀ ਸਫ਼ਲਤਾ ਦੇ ਝੰਡੇ ਏਨੇ ਕੁ ਜ਼ਿਆਦਾ ਬੁਲੰਦ ਕੀਤੇ ਸਨ ਕਿ ਸਰਕਾਰ ਨੂੰ ਮਜਬੂਰਨ ਇਸਦਾ ਟੈਕਸ ਮੁਆਫ ਕਰਨਾ ਪਿਆ ਸੀ।ਸੰਜੀਵ ਕੁਮਾਰ ਨੂੰ ਲੈਕੇ ਯੁੱਧ ਦੇ ਵਿਸ਼ੇ ਉੱਪਰ ਹੀ ਇੱਕ ਹੋਰ ਫਿਲਮ ‘ਆਕਰਸ਼ਨ’ ਵੀ ਬਣੀ ਸੀ ਜਿਹੜੀ ਕਿ ਯੁੱਧ ਤੋਂ ਬਾਦ ਸੈਨਿਕ ਦੀ ਜ਼ਿੰਦਗੀ ਦੀ ਕਹਾਣੀ ਉੱਪਰ ਆਧਾਰਿਤ ਸੀ ਪਰ ਇਹ ਫਿਲਮ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਬਹੁਤੀ ਕਾਮਯਾਬ ਨਹੀਂ ਸੀ ਰਹੀ।
----
ਆਜ਼ਾਦੀ ਤੋਂ ਬਾਦ ਗਾਹੇ-ਬਗਾਹੇ ਸਮਾਜ ਨੂੰ ਜਗਾਉਣ ਦੀ ਨਜ਼ਰ ਵਾਲੀਆਂ ਫਿਲਮਾਂ ਦਾ ਨਿਰਮਾਣ ਹੁੰਦਾ ਰਿਹਾ ਹੈ। ‘ਸ਼ਹੀਦ’ ਤੋਂ ਬਾਦ 1960 ਦੇ ਦਹਾਕੇ ਵਿੱਚ ਹੀ ਨਾਇਕ,ਨਿਰਮਾਤਾ, ਨਿਰਦੇਸ਼ਕ ਮਨੋਜ ਕੁਮਾਰ ਨੇ ਦੇਸ਼ ਪ੍ਰੇਮ ਨੂੰ ਮੱਥੇ ਉੱਪਰ ਸਜਾਕੇ ‘ਉਪਕਾਰ’ ਫਿਲਮ ਦਾ ਵੀ ਨਿਰਮਾਣ ਕੀਤਾ ਸੀ ਅਤੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਨਾਅਰੇ ‘ਜੈ ਜਵਾਨ ਜੈ ਕਿਸਾਨ’ ਨੇ ਭਾਰਤ ਵਾਸੀਆਂ ਨੂੰ ਜਿੰਨਾ ਪ੍ਰਭਾਵਿਤ ਕੀਤਾ ਸੀ, ਮਨੋਜ ਕੁਮਾਰ ਨੇ ਉਸੇ ਨੂੰ ਹੀ ਆਪਣਾ ਵਿਸ਼ਾ ਬਣਾ ਲਿਆ।ਕਿਸਾਨ ਤੋਂ ਫੌਜੀ ਬਣੇ ਨੌਜੁਆਨ ਦੀ ਕਹਾਣੀ ਨੂੰ ਬੜੇ ਹੀ ਕਲਾਤਮਿਕ ਢੰਗ ਨਾਲ ਪੇਸ਼ ਕਰਕੇ ਦੇਸ਼ ਭਗਤੀ ਦੀਆਂ ਫਿਲਮਾਂ ਨੂੰ ਇੱਕ ਬਹੁਤ ਵੱਡਾ ਦਰਸ਼ਕ ਵਰਗ ਦੇ ਦਿੱਤਾ ਅਤੇ ਬਾਦ ਵਿੱਚ ਇਸੇ ਨੂੰ ਹੀ ਗਲੈਮਰਾਈਜ਼ ਕਰਕੇ ਪੇਸ਼ ਕਰਦੇ ਰਹੇ। ਜਿਹਨਾਂ ਵਿੱਚ ਬਾਦ ਵਿੱਚ ਸੈਕਸ ਨੇ ਵੀ ਆਪਣੀ ਘੁਸਪੈਂਠ ਕਰ ਲਈ।‘ਪੂਰਬ ਔਰ ਪੱਛਿਮ’, ‘ਕਰਾਂਤੀ’, ‘ਸ਼ੋਰ’ ਤੱਕ ਦਾ ਉਹਨਾਂ ਦਾ ਸਫਰ ਇਸੇ ਹੀ ਗੱਲਬਾਤ ਦੁਆਲੇ ਘੁੰਮਦਾ ਹੈ।ਇਹਨਾਂ ਹੀ ਫਿਲਮਾਂ ਦੇ ਨਿਰਮਾਣ ਦੇ ਚਲਦਿਆਂ ਸ਼ਸ਼ੀ ਕਪੂਰ ਨੇ ਵੀ 1857 ਦੇ ਗਦਰ ਉੱਪਰ ਆਧਾਰਿਤ ‘ਜਨੂੰਨ’ ਦਾ ਨਿਰਮਾਣ ਕੀਤਾ ਸੀ।ਟਿਕਟ ਖਿੜਕੀ ਉੱਪਰ ਇਹ ਫਿਲਮ ਭਾਵੇਂ ਜ਼ਿਆਦਾ ਕਾਮਯਾਬ ਨਾ ਰਹੀ ਹੋਵੇ ਲੇਕਿਨ ਜੈਨੀਫਰ ਕਪੂਰ ਦੀ ਵਜਾਹ ਨਾਲ ਇਹ ਫਿਲਮ ਯਾਦਗਾਰੀ ਜ਼ਰੂਰ ਬਣ ਗਈ ਸੀ।
----
ਇਸ ਤੋਂ ਬਾਦ ਦੇ ਦੌਰ ਵਿੱਚ ਵੀ ਕੁੱਝ ਫਿਲਮਾਂ ਦਾ ਨਿਰਮਾਣ ਹੋਇਆ ਪਰ ਉਹ ਫਿਲਮਾਂ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਏਨੀਆਂ ਕਾਮਯਾਬ ਨਹੀਂ ਹੋ ਸਕੀਆਂ। ’90 ਦੇ ਦਹਾਕੇ ਵਿੱਚ ਕੌਮਵਾਦ, ਹਿੰਦੂ-ਮੁਸਲਿਮ ਦੰਗੇ, ਅੱਤਵਾਦ ਵਰਗੇ ਵਿਸ਼ਿਆਂ ਨਾਲ ਜੁੜੀਆਂ ਕਈ ਫਿਲਮਾਂ ਨੇ ਫਿਰ ਤੋਂ ਦਰਸ਼ਕਾਂ ਵਿੱਚ ਆਪਣੀਂ ਥਾਂ ਬਣਾਉਣ ਵਿੱਚ ਸਫ਼ਲਤਾ ਹਾਸਿਲ ਕਰ ਲਈ ਸੀ ਜਿਹਨਾਂ ਵਿੱਚੋਂ 1994-95 ਵਿੱਚ ਨਾਨਾ ਪਾਟੇਕਰ ਦੀ ‘ਕਰਾਂਤੀਵੀਰ’, ਕਸ਼ਮੀਰ ਦੇ ਅੱਤਵਾਦ ਖਿਲਾਫ ‘ਰੋਜ਼ਾ’, ਜਿਸ ਵਿੱਚ ਫਿਲਮ ਦਾ ਨਾਇਕ ਰਾਸ਼ਟਰੀ ਝੰਡੇ ਨੂੰ ਅੱਗ ਲੱਗੀ ਹੋਣ ਦੇ ਬਾਵਜ਼ੂਦ ਵੀ ਉਸ ਨੂੰ ਬਚਾਉਣ ਲਈ ਅੱਗ ਵਿੱਚ ਕੁੱਦ ਪੈਂਦਾ ਹੈ, ਨੇ ਦਰਸ਼ਕਾਂ ਦਾ ਹਜ਼ੂਮ ਆਪਣੇ ਵੱਲ ਖਿੱਚ ਲਿਆ ਸੀ। ਮਨੀ ਰਤਨਮ ਦੀ ਇਸ ਫਿਲਮ ਨੇ ਜਿੱਥੇ ਕਰੋੜਾਂ ਰੁਪਏ ਦਾ ਬਿਜ਼ਨਸ ਕੀਤਾ ਸੀ ਉੱਥੇ ਹੀ ਹਿੰਦ-ਮੁਸਲਿਮ ਏਕਤਾ ਨੂੰ ਆਧਾਰ ਬਣਾਕੇ ਬਣਾਈ ਉਸੇ ਦੀ ਹੀ ਫਿਲਮ ‘ਬਾਂਬੇ’ ਨੇ ਵੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਬੁੱਕਲ਼ ਵਿੱਚ ਘੁੱਟ ਲਿਆ ਸੀ।
----
ਉਦੋਂ ਸੁਭਾਸ਼ ਘਈ ਦੇ ਸ਼ੁਰੂਆਤੀ ਦਿਨ ਸਨ।ਜਦੋਂ ਉਹਨਾਂ ਨੇ ਵਿਦੇਸ਼ੀ ਤਾਕਤਾਂ ਵਿਰੁੱਧ ਲੜਨ ਵਾਲੇ ਇੱਕ ਪੁਲਿਸ ਅਧਿਕਾਰੀ ਦੀ ਕਹਾਣੀ ਦਾ ਤਾਣਾ-ਬਾਣਾ ਬੁਣਕੇ ਫਿਲਮ ‘ਕਰਮਾ’ ਦਾ ਨਿਰਮਾਣ ਕੀਤਾ ਸੀ। ਇਸ ਫਿਲਮ ਨੂੰ ਵੀ ਦੇਸ਼ ਭਗਤੀ ਦੀ ਪੂਰੀ ਪੁੱਠ ਚਾੜ੍ਹੀ ਗਈ ਸੀ ਅਤੇ ਸੁਭਾਸ਼ ਘਈ ਦਾ ਇਹ ਪ੍ਰਯੋਗ ਬੇਹੱਦ ਸਫਲ ਰਿਹਾ ਸੀ।ਇਸ ਤੋਂ ਬਾਦ 1997 ਵਿੱਚ ਘਈ ਨੇ ਦੇਸ਼ ਪ੍ਰੇਮ ਨੂੰ ਪ੍ਰਦਰਸ਼ਿਤ ਕਰਦੀ ਇੱਕ ਹੋਰ ਸ਼ਾਨਦਾਰ ਫਿਲਮ ‘ਪਰਦੇਸ’ ਦਾ ਨਿਰਮਾਣ ਕੀਤਾ। ਇਸੇ ਤਰਾਂ ‘ਦਿਲ ਵਾਲੇ ਦੁਲਹਨੀਆਂ ਲੇ ਜਾਏਂਗੇ’ ਨੂੰ ਵੀ ਇਸ ਦੇਸ਼ ਪ੍ਰੇਮ ਦੀ ਲੜੀ ਦਾ ਅਗਲਾ ਮਣਕਾ ਕਿਹਾ ਜਾ ਸਕਦਾ ਹੈ।
----
ਜੇ.ਪੀ.ਦੱਤਾ ਵਰਗਾ ਨਿਰਮਾਤਾ-ਨਿਰਦੇਸ਼ਕ ਜਿਸਨੂੰ ਰਾਜਸਥਾਨ ਦੀ ਸਰਜ਼ਮੀਨ ਨਾਲ ਅੰਤਾਂ ਦਾ ਲਗਾਉ ਹੈ ਅਤੇ ਉਹ ਬਹੁਤ ਹੀ ਬਾਖੂਬੀ ਉਥੋਂ ਦੀਆਂ ਪਰੰਪਰਾਵਾਂ, ਵਿਵਸਥਾ ਅਤੇ ਦਮਨ ਚੱਕਰ ਨੂੰ ਪਰਦੇ ਉੱਪਰ ਉਤਾਰਨ ਲਈ ਯਤਨਸ਼ੀਲ ਰਹਿੰਦਾ ਹੈ। ਅਜਿਹੀਆਂ ਫਿਲਮਾਂ ਵਿੱਚ ‘ਗੁਲਾਮੀਂ’ ਅਤੇ ‘ਬਟਵਾਰਾ’ ਵਰਗੀਆਂ ਫਿਲਮਾਂ ਦਾ ਜ਼ਿਕਰ ਕਰਨਾ ਬਣਦਾ ਹੈ। ਉਸੇ ਜੇ.ਪੀ. ਦੱਤਾ ਨੇ 1997 ਵਿੱਚ 1971 ਦੇ ਭਾਰਤ-ਪਾਕਿ ਯੁੱਧ ਵਿੱਚਰਾਜਸਥਾਨ ਦੀ ਇੱਕ ਘਟਨਾ ਨੂੰ ਪਰਦੇ ਉੱਪਰ ਜਿਉਂਦਿਆਂ ਪੇਸ਼ ਕੀਤਾ ‘ਬਾਰਡਰ’ ਦਾ ਨਿਰਮਾਣ ਕਰਕੇ।ਯੁੱਧ ਵਰਗੇ ਵਿਸ਼ੇ ਨੂੰ ਲੈਕੇ ਬਣਾਈਆਂ ਕੁੱਝ ਗਿਣੀਆਂ ਚੁਣੀਆਂ ਫਿਲਮਾਂ ਵਿੱਚ ਬਾਰਡਰ ਦਾ ਵਿਸ਼ੇਸ਼ ਜ਼ਿਕਰ ਹੁੰਦਾ ਹੈ।ਇਸੇ ਤਰਾਂ ਦੇਸ਼ ਦੀ ਸੈਨਾਂ ਦੇ ਅਧਿਕਾਰੀਆਂ ਨੂੰ ਲੈਕੇ ਅਮਿਤਾਭ ਬੱਚਨ ਦੀ ਵਾਪਸੀ ਲਈ ਏ.ਬੀ.ਸੀ.ਐੱਲ. ਨੇ ਬੇਸ਼ਕ ‘ਮੇਜਰ ਸਾਹਬ’ ਵਰਗੀ ਵੱਡੀ ਕਾਸਟ,ਵੱਡੇ ਬੱਜਟ ਵਾਲੀ ਫਿਲਮ ਦਾ ਨਿਰਮਾਣ ਵੀ ਕੀਤਾ ਗਿਆ ਸੀ ਪਰ ਇਹ ਫਿਲਮ ਰੀਲੀਜ਼ ਹੁੰਦਿਆਂ ਹੀ ਸੈਨਾਂ ਅਧਿਕਾਰੀਆਂ ਅਤੇ ਆਲੋਚਨਾਂ ਦੀ ਟੇਢੀ ਨਜ਼ਰ ਦਾ ਸ਼ਿਕਾਰ ਹੋ ਗਈ ਸੀ। ਕਿਉਂਕਿ ਨੈਸ਼ਨਲ ਡਿਫੈਂਸ ਅਕੈਡਮੀ ਦੇ ਕਿਰਦਾਰ ਨੂੰ ਸਹੀ ਢੰਗ ਨਾਲ ਪੇਸ਼ ਕਰਨ ਤੋਂ ਅਸਮਰੱਥ ਰਹੀ ਸੀ।
----
ਹੁਣ ਜਦੋਂ ਕਿ ਸਾਨੂੰ ਅਗਲੀ ਸਦੀ ਵਿੱਚ ਪ੍ਰਵੇਸ਼ ਕੀਤਿਆਂ ਵੀ ਅੱਠ ਸਾਲ ਹੋ ਗਏ ਹਨ ਅੱਜ ਤੱਕ ਵੀ ‘ਮਾਂ ਤੁਝੇ ਸਲਾਮ’, ‘ਰਫਿਊਜ਼ੀ’, ‘ਬੋਲੇ ਸੋ ਨਿਹਾਲ’, ‘ਐੱਲ ਓ ਸੀ’, ‘ਧੋਖਾ’, ‘ਕੱਚੇ ਧਾਗੇ’, ‘ਚਾਈਨਾ ਗੇਟ’, ‘ਕਾਰਗਿਲ’, ‘ਗਦਰ’, ‘ਸਰਫਰੋਸ਼’, ਵਰਗੀਆਂ ਕਿੰਨੀਆਂ ਹੀ ਫਿਲਮਾਂ ਦਾ ਨਿਰਮਾਣ ਹੋ ਚੁੱਕਾ ਹੈ ਅਤੇ ਅੱਗੇ ਨੂੰ ਵੀ ਇਹ ਮੁੰਬਈਆ ਫਿਲਮੀਂ ਕਾਰਖਾਨਾ ਇਸ ਦੇਸ਼ ਪ੍ਰੇਮ ਦੀਆਂ ਭਾਵਨਾ- ਵਾਂ ਨੂੰ ਕੈਸ਼ ਕਰਾਉਣ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਅਤੇ ਦੇਸ਼ ਪ੍ਰੇਮ, ਦੇਸ਼ ਭਗਤੀ, ਸਮਾਜਿਕ ਚੇਤਨਾ, ਅੱਤਵਾਦ ਦੇ ਵਿਰੁੱਧ ਲੜਾਈ ਆਦਿ ਵਿਸ਼ਿਆਂ ਉੱਪਰ ਫਿਲਮਾਂ ਅਤੇ ਲੜੀਵਾਰਾਂ ਦਾ ਬੜੀ ਤੇਜ਼ੀ ਨਾਲ ਨਿਰਮਾਣ ਕਰ ਰਿਹਾ ਹੈ ਤਾਂ ਪਤਾ ਨਹੀਂ ਕਿਉਂ ਮਹਿਸੂਸ ਹੁੰਦਾ ਹੈ ਕਿ ਸਾਡੇ ਫਿਲਮਕਾਰ ਤਾਂ ਸ਼ਾਇਦ ਦੇਸ਼ ਪ੍ਰੇਮ ਦੀ ਭਾਵਨਾ ਨੂੰ ਸੁਪਨਿਆਂ ਵਾਂਗ ਵੇਚ ਰਹੇ ਹਨ ਤੇ ਸ਼ਾਇਦ ਇਹ ਸਿਲਸਿਲਾ ਇਵੇਂ ਹੀ ਜਾਰੀ ਰਹੇਗਾ। ਬਹੁਤ ਸਾਰੇ ਤਕਨੀਸ਼ੀਅਨਾਂ ਅਤੇ ਕਲਾਕਾਰਾਂ ਦੀ ਰੋਟੀ ਰੋਜ਼ੀ ਦਾ ਸਵਾਲ ਵੀ ਤਾਂ ਹੈ . . . . . .!
2 comments:
ਦੇਸ਼ ਭਗਤੀ 'ਤੇ ਫਿਲਮਾਂ ਬਾਰੇ ਇਤਿਹਾਸਿਕ ਜਾਣਕਾਰੀ ਦੇਣ ਲਈ ਧੰਨਵਾਦ।
sir ji tusi bahut he vadia lekh likhe ne. kina changa hove je eh sare publish karva do.jina kol internet nahi hunda oh v parh sakange. changi lekhni nu parhan da haq sarian da hunda hai. kher mere walon mubaraq ine touching lekh lkhin lai.
Harpinder Rana
Muktsar
Post a Comment