ਜਿੰਦਗੀ ਦੇ ਕੁਹਜ ਨੂੰ ਸੁਹਜ ਵਿੱਚ ਬਦਲਨ ਦੀ ਕੋਸ਼ਿਸ਼ ਹੀ ਸਾਹਿੱਤ ਹੈ - ਗੁਰਨਾਮ ਗਿੱਲ ਗੱਲਬਾਤ -ਦਰਸ਼ਨ ਦਰਵੇਸ਼
ਦਰਵੇਸ਼-ਸਭ ਤੋਂ ਪਹਿਲਾਂ ਇਹ ਦੱਸੋ ਕਿ ਸਾਹਿਤ ਦੀ ਚੇਟਕ ਕਦੋਂ ਲੱਗੀ ਸੀ?
ਗੁਰਨਾਮ ਗਿੱਲ-1965-66ਵਿੱਚ, 'ਪ੍ਰੀਤ ਲੜੀ' ਪੜ੍ਹਦਿਆਂ। ਮੇਰਾ ਜਿਗਰੀ ਦੋਸਤ ਸੋਹਣ ਸਿੰਘ ਧਾਰੀਵਾਲ ਉਸ ਵੇਲੇ ਭਾਰਤ ਤੋਂ ਤਿੰਨ ਪਰਚੇ ਮੰਗਵਾਉਂਦਾ ਹੁੰਦਾ ਸੀ, ਪ੍ਰੀਤ ਲੜੀ, ਆਰਸੀ ਅਤੇ ਨਵਾਂ ਜ਼ਮਾਨਾ।
ਦਰਵੇਸ਼- ਸਭ ਤੋਂ ਪਹਿਲੀ ਵਾਰ ਜਿਹੜੀ ਵੀ ਸਾਹਿਤਕ ਰਚਨਾ ਪੜ੍ਹੀ ਸੀ ਤਾਂ ਉਸ ਰਚਨਾ ਅਤੇ ਉਸਦੇ ਲੇਖਕ ਤੋਂ ਕਿਹੋ ਜਿਹਾ ਪ੍ਰਭਾਵ ਕਬੂਲਿਆ ਸੀ ?
ਗ ਗਿੱਲ-ਗੁਰਬਖ਼ਸ਼ ਸਿੰਘ ਮੈਨੂੰ ਨਵੀਂਆਂ ਲੀਹਾਂ ਪਾਉਣ ਵਾਲਾ ਲੇਖਕ ਜਾਪਿਆ ਸੀ। ਸਮੇਂ ਦੀ ਲੋੜ ਮੁਤਾਬਿਕ ਸੋਚਣ-ਸਮਝਣ ਵਾਲਾ। ਉਹ ਜੋ ਵੀ ਲਿਖਦਾ ਸੀ, ਆਉਣ ਵਾਲੇ ਵਕਤ ਦੇ ਅਕਸ ਨੂੰ ਆਪਣੀ ਸੋਚ ਵਿੱਚ ਸਾਕਾਰ ਕਰਕੇ, ਨਵੇਂ ਦਿਸ-ਹੱਦੇ ਸਿਰਜਦਾ ਸੀ। ਕਈ ਵਾਰ ਨਾਨਕ ਸਿੰਘ ਵਾਂਗ ਜਜ਼ਬਾਤੀ ਵੀ ਹੋ ਜਾਂਦਾ ਸੀ ਪਰ ਤਰਕ ਅਤੇ ਵਿਗਿਆਨਿਕ ਦ੍ਰਿਸ਼ਟੀ ਦੇ ਅਧਾਰ ਤੇ ਹੀ ਲਿਖਦਾ ਸੀ। ਆਪਣੇ ਯੁਗ ਦਾ ਉਹ ਸ਼੍ਰੋਮਣੀ ਸਹਿਤਕਾਰ ਅਤੇ ਪੱਤਰਕਾਰ ਸੀ।
ਦਰਵੇਸ਼- ਸਾਹਿਤ ਨਾਲ਼ ਜੁੜਨਾ ਕਿਹੋ ਜਿਹਾ ਲੱਗਾ ਸੀ ਅਤੇ ਲੱਗਦਾ ਹੈ ?
ਗਿੱਲ-ਸਮੇਂ ਦੀ ਉਂਗਲ਼ ਫੜ ਕੇ ਤੁਰਨ ਵਰਗਾ, ਕਾਲਪਨਿਕ ਉਡਾਰੀਆਂ ਭਰਨ ਵਰਗਾ। ਸੋਚਣ ਲਈ ਮਜਬੂਰ ਹੋਣ ਵਰਗਾ ਅਤੇ ਪ੍ਰਦੇਸਾਂ ਵਿੱਚ ਇਕੱਲਤਾ ਦੇ ਅਹਿਸਾਸ ਨੂੰ ਕਦੇ ਘਟਾਉਣ ਵਰਗਾ, ਅਤੇ ਕਦੇ ਵਧਾਉਣ ਵਰਗਾ। ਜਾਪਿਆ ਸੀ ਕਿ ਸਾਹਿਤ ਵਿੱਚ ਮਨੁੱਖ ਦਾ ਤੀਜਾ ਨੇਤਰ ਖੋਲ੍ਹ ਸਕਣ ਦੀ ਸ਼ਕਤੀ ਹੈ।
ਦਰਵੇਸ਼- ਰੀਸੋ ਰੀਸੀ ਤੁਸੀਂ ਵੀ ਤਾਂ ਇਸ ਗੱਲ ਨੱਲ ਸਹਿਮਤ ਹੋਵੋਂਗੇ ਕਿ ਕਿਸੇ ਵੀ ਲੇਖਕ ਦਾ, ਪਹਿਲਾਂ ਪਾਠਕ ਹੋਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ ?
ਗਿੱਲ-ਇਸ ਗੱਲ ਨੂੰ ਤਾਂ ਸਾਰੇ ਮੰਨਦੇ ਹੋਣਗੇ ਕਿ input ਬਿਨਾ output ਕਿਵੇਂ ਹੋ ਸਕਦੀ ਹੈ?ਨਿੱਤ ਨਵਾਂ ਪੜ੍ਹਦੇ ਰਹਿਣ ਨਾਲ਼ ਹੀ, ਲੇਖਕ ਦੇ ਮਨ ਵਿੱਚ ਸਿਰਜਣਾ ਦੇ ਬੀਜ ਪੁੰਘਰਨ ਲਗਦੇ ਹਨ। ਸੋਚ ਵਿਕਾਸ ਕਰਨ ਲਗਦੀ ਹੈ। ਮੇਰੀ ਜਾਤੀ ਗੱਲ ਹੀ ਲੈ ਲਵੋ, ਪਿਛਲੇ ਦੋ-ਤਿੰਨ ਸਾਲਾਂ 'ਚ ਮੇਥੌਂ ਸਿਹਤ ਦੀ ਖਰਾਬੀ ਕਾਰਣ, ਬਹੁਤਾ ਪੜ੍ਹਿਆ ਨਹੀਂ ਗਿਆ ਅਤੇ ਨਤੀਜੇ ਵਜੋਂ ਲਿਖਿਆ ਵੀ ਕੁੱਝ ਨਹੀਂ ਗਿਆ!
ਦਰਵੇਸ਼-ਤੁਸੀਂ ਹੁਣ ਤੱਕ ਕਿੰਨਾ ਕੁ ਸਾਹਿਤ, ਕਿਹੜੀ ਵਿਧਾ ਵਿੱਚ ਜ਼ਿਆਦਾ ਪੜ੍ਹਿਆ ਹੈ?
ਗਿੱਲ-ਮੈਂ ਵਧੇਰੇ ਕਰਕੇ ਕਹਾਣੀ, ਕਵਿਤਾ (ਖਾਸ ਕਰਕੇ ਗ਼ਜ਼ਲ), ਰੇਖਾ-ਚਿਤੱਰ ਅਤੇ ਲੇਖ, ਦੂਜੇ ਨੰਬਰ ਤੇ ਨਾਵਲ। ਖੁਸ਼ਵੰਤ ਸਿੰਘ, ਗਾਰਗੀ, ਅਜੀਤ ਕੌਰ, ਅਮ੍ਰਿਤਾ, ਬਲਰਾਜ ਸਾਹਨੀ, ਜਗਤਾਰ, ਉਲਫਤ ਬਾਜਵਾ, ਦਲੀਪ ਕੌਰ ਟਿਵਾਣਾ, ਕੰਵਲ, ਗੁਲਜ਼ਾਰ ਸਿੰਘ ਸੰਧੂ, ਸਿੱਧੂ ਦਮਦਮੀ, ਪਾਤਰ ਅਤੇ ਹੋਰ ਬਹੁਤ ਸਾਰੇ ਨਵੇਂ ਗ਼ਜ਼ਲਕਾਰ ਮੈਨੂੰ ਚੰਗੇ ਲਗਦੇ ਹਨ। ਅਨੇਕਾਂ ਹੋਰ ਵੀ ਨਾਮ ਹਨ ਜੋ ਜ਼ਿਹਨ ਵਿੱਚ ਨਹੀਂ ਆ ਰਹੇ ਜਿਵੇਂ ਬਚਿੰਤ ਕੌਰ (ਪਗਡੰਡੀਆਂ) ਤੇ ਆਰਿਫ ਗੋਬਿੰਦਪੁਰੀ, ਜਸਵਿੰਦਰ, ਪੰਡੋਰਵੀ, ਵਿਰਕ ਅਤੇ ਡਾ: ਰਾਜਿੰਦਰ ਸਿੰਘ ਆਦਿ।
ਦਰਵੇਸ਼- ਕੁੱਝ ਇਹੋ ਜਿਹੀਆਂ ਸਾਹਿਤਕ ਕਿਰਤਾਂ ਵੀ ਤੱ ਹੋਣਗੀਆਂ ਜਿਹਨੱ ਨੂੰ ਪੜ੍ਹਨ ਦੀ ਰਾਇ ਤੁਸੀਂ ਹੋਰਾਂ ਨੂੰ ਵੀ ਦਿੰਦੇ ਹੋਵੋਂਗੇ ?ਗਿੱਲ-ਭੀਸ਼ਮ ਸਾਹਨੀ ਦੀ 'ਤਮਸ', ਖੁਸ਼ਵੰਤ ਸਿੰਘ ਦੀ 'ਟ੍ਰੇਨ ਟੂ ਪਾਕਿਸਤਾਨ' , ਅਜੀਤ ਕੌਰ ਦੀ 'ਖ਼ਾਨਾਬਦੋਸ਼', ਅਮ੍ਰਿਤਾ ਪ੍ਰੀਤਮ ਦੀ 'ਪਿੰਜਰ' ਅਤੇ ਗਾਰਗੀ ਦੀ ਨੰਗੀ ਧੁੱਪ, ਹੋਰ ਵੀ ਲੰਬੀ ਸੂਚੀ ਹੈ,ਯਾਦ ਸਾਥ ਨਹੀਂ ਦੇ ਰਹੀ!
ਦਰਵੇਸ਼-ਇੱਕ ਸਾਹਿਤਕਾਰ ਦੇ ਤੌਰ ਤੇ ਅੱਜ ਤੁਸੀਂ ਆਪਣੇ ਆਪ ਨੂੰ ਕਿੱਥੇ ਕੁ ਖੜ੍ਹਾ ਕਰਕੇ ਦੇਖਦੇ ਹੋ?
ਗਿੱਲ-ਸਾਹਿਤਕ ਸਫਰ ਦੇ ਪਹਿਲੇ ਪੜਾਅ ਨੂੰ ਪਾਰ ਕਰਕੇ, ਦੂਸਰੇ ਵਿੱਚ ਤੁਰਦਿਆਂ; ਸਮੇਂ ਦੀ ਨਬਜ਼ ਪਛਾਣਦਿਆਂ, ਗਲੋਬਲ ਹਾਲਾਤ ਅਤੇ ਜੀਵਨ ਤੇ ਝਾਤੀ ਮਾਰਦਿਆਂ, ਆਪਣੇ ਹੀ ਅੰਦਾਜ਼ ਅਤੇ ਸ਼ੈਲੀ ਅਨੁਸਾਰ ਗੱਲ ਕਹਿਣ ਦਾ ਜਤਨ ਕਰਦਾ ਹਾਂ। ਤੀਸਰੇ ਪੜਾਅ ਵਿੱਚ ਦਾਖਲ ਹੋਣ ਹਿਤ!ਬਦਲਦੇ ਵਕਤ ਨਾਲ਼ ਹਰ ਬੰਦਾ ਬਦਲ ਜਾਂਦਾ ਹੈ ਜਾਂ ਕਹਿ ਲਵੋ ਕਿ ਵਕਤ ਬੰਦੇ ਨੂੰ ਬਦਲ ਦਿੰਦਾ ਹੈ।ਇੱਕ ਸਮਾਂ ਸੀ ਜਦੋਂ ਮੇਰੇ ਮਨ ਵਿੱਚ ਕਿਸੇ ਗੁਸਤਾਖ ਲਈ ਬਦਲੇ ਦੀ ਭਾਵਨਾ ਪੈਦਾ ਹੋ ਜਾਂਦੀ ਸੀ, ਪਰ ਹੁਣ ਮੇਰੇ ਮਨ ਨੇ ਮੁਆਫ਼ ਕਰਨਾ ਸਿੱਖ ਲਿਆ ਹੈ। ਕਿਸੇ ਦੇ ਇਹ ਸ਼ਬਦ ਮੈਨੂੰ ਬੜੇ ਚੰਗੇ ਲਗਦੇ ਹਨ Empathy is the seed of compassion and a form of knowing, It's an emotional resonance.। ਹਮਖ਼ਿਆਲੀ ਦੋਸਤਾਂ ਦਾ ਸਾਥ ਮੈਨੂੰ ਰੱਬ ਵਰਗਾ ਆਸਰਾ ਦਿੰਦਾ ਹੈ, ਸ਼ਾਇਦ ਮੇਰੀ ਸਿਰਜਣਾ ਵਿੱਚ ਵੀ ਮੇਰੀ ਸੋਚ ਦਾ ਝਲਕਾਰਾ ਪੈਂਦਾ ਹੋਵੇ!
ਦਰਵੇਸ਼-ਜਦੋਂ ਕਿਸੇ ਵੀ ਨਵੀਂ ਰਚਨਾ ਦਾ ਤਾਣਾ-ਬਾਣਾ ਤੁਹਾਡੇ ਮਨ ਅੰਦਰ ਫੁੱਟਦਾ ਹੈ, ਤਾਂ ਉਸਨੂੰ ਜਿਉਂਂਦੀ ਜਾਗਦੀ ਰਚਨਾਂ ਬਣਨ ਲਈ ਕਿੰਨਾ ਕੁ ਸਮਾਂ ਲੱਗਦਾ ਹੈ ?
ਗਿੱਲ-ਨਾਵਲ ਦੀ ਗੱਲ ਹੋਰ ਹੈ; ਕਵਿਤਾ, ਕਹਾਣੀ ਦੀ ਹੋਰ! ਵਿਧਾ ਅਨੁਸਾਰ ਹੀ ਉਸਦਾ ਸਮਾਂ ਨਿਰਧਾਰਿਤ ਕੀਤਾ ਜਾ ਸਕਦਾ ਹੈ ਜਿਵੇਂ ਅੱਜ ਕਲ੍ਹ ਮੈਂ ਵਧੇਰੇ ਗ਼ਜ਼ਲ ਵੱਲ ਰੁਚਿਤ ਹਾਂ। ਕਦੇ ਪੂਰੀ ਗ਼ਜ਼ਲ, ਕਦੇ ਅਧੂਰੀ ਲਿਖ ਕੇ ਰੱਖ ਦਿੰਦਾ ਹਾਂ। ਦੂਜੇ-ਚੌਥੈ ਦਿਨ ਫਿਰ ਪੜ੍ਹਦਾ ਹਾਂ, ਸੋਧਦਾ ਹਾਂ ਤੇ ਫਿਰ ਰੱਖ ਦਿੰਦਾ ਹਾਂ। ਇੰਜ ਦੋ-ਤਿੰਨ ਹਫਤੇ ਬਾਦ, ਜਦ ਅਤੇ ਜੇਕਰ ਤਸੱਲੀ ਹੋ ਜਾਵੇ, ਤਾਂ ਕੰਪਿਊਟਰ ਤੇ ਕਮੰਪੋਜ਼ ਕਰ ਲੈਂਦਾ ਹਾਂ, ਨਾਲ਼-ਨਾਲ਼ ਸੁਧਾਈ ਵੀ ਕਰਦਾ ਰਹਿੰਦਾ ਹਾਂ।
ਦਰਵੇਸ਼-ਆਪਣੀ ਕੋਈ ਵੀ ਰਚਨਾ ਤੁਸੀਂ ਕਿੰਨੀਆਂ ਕੁ ਬੈਠਕਾਂ ਵਿੱਚ ਪੂਰੀ ਕਰਦੇ ਹੋ?
ਗਿੱਲ-ਵੈਸੇ ਤਾਂ ਇਸਦਾ ਜੁਆਬ ਉਪਰਲੇ ਸਵਾਲ ਵਿੱਚ ਹੀ ਆ ਜਾਂਦਾ ਹੈ। ਫਿਰ ਵੀ ਦੋ-ਚਾਰ ਬੈਠਕਾਂ ਤਾਂ ਜ਼ਰੂਰੀ ਨੇ। ਕਈ ਵਾਰ ਵੱਧ ਵੀ, ਵਿੱਚ-ਵਿਚਾਲ਼ੇ ਰੇਕੀ, ਮੈਡੀਟੇਸ਼ਨ ਜਾਂ ਪ੍ਰਣਯਾਮ ਵਰਗੇ ਅਭਿਆਸਾਂ ਰਾਹੀਂ ਆਪਣੇ ਆਪ ਨੂੰ ਰੀਲੈਕਸ ਜਾਂ ਤਰੋਤਾਜ਼ਾ ਕਰਨ ਦਾ ਆਹਰ ਵੀ ਕਰਦਾ ਰਹਿੰਦਾ ਹਾਂ।
ਦਰਵੇਸ਼-ਕਿਸੇ ਵੀ ਰਚਨਾ ਦੀ ਸ਼ੁਰੂਆਤ ਅਤੇ ਅੰਤ ਕਰਨ ਲਗਿੱਆਂ, ਤੁਸੀਂ ਸ਼ੁਰੂਆਤ ਅਤੇ ਅੰਤ ਦਾ ਫੈਸਲਾ ਕਿਵੇਂ ਕਰਦੇ ਹੋ?
ਗਿੱਲ-ਸ਼ੁਰੂਆਤ ਵਰਤਮਾਨ ਜਾਂ ਭੂਤਕਾਲ ਦੀ ਜ਼ਮੀਨ ਵਿੱਚੋਂ ਤਸੱਵਰ ਕਰਦਿਆਂ ਅਤੇ ਅੰਤ, ਆਉਣ ਵਾਲੇ ਕਲ੍ਹ ਦੇ ਦਰਵਾਜ਼ੇ 'ਤੇ ਇੱਕ ਪ੍ਰਸ਼ਨ ਚਿੰਨ੍ਹ ਲਟਕਾਉਣ ਦੇ ਮੰਤਵ ਨਾਲ਼।
ਦਰਵੇਸ਼-ਕੋਈ ਵੀ ਰਚਨਾ ਲਿਖੇ ਜਾਣ ਅਤੇ ਬਾਰ-ਬਾਰ ਸੋਧੇ ਜਾਣ ਬਾਦ, ਕਿੰਨੇ ਕੁ ਸਮੇਂ ਅੰਦਰ ਪਾਠਕਾਂ ਪਾਠਕਾਂ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ?
ਗਿੱਲ-ਬੱਸ ਆਖਰੀ ਸੋਧ ਤੋਂ ਬਾਦ ਜਦੋਂ ਮੈਂ ਕੰਪਿਊਟਰ ਤੇ ਕੰਮਪੋਜ਼ ਕਰਕੇ, ਫਾਈਲ ਬਣਾ ਦਿੰਦਾ ਹਾਂ ਤਾਂ ਉਹ ਰਚਨਾ ਪਰਚਿਆਂ/ਪੁਸਤਕਾਂ ਵੱਲ ਸਫਰ ਕਰਦੀ ਹੋਈ, ਪਾਠਕਾਂ ਦਾ ਇੰਤਜ਼ਾਰ ਕਰਨ ਲਗਦੀ ਹੈ।
ਦਰਵੇਸ਼-ਇੱਕੋ ਸਮੇਂ ਕਿੰਨੀਆਂ ਲਿਖਤਾਂ ਉਪੱਰ ਕੰਮ ਕਰਦੇ ਹੋ?
ਗਿੱਲ-ਪਹਿਲਾਂ ਤਾਂ ਮੈਂ ਇਹ ਗੱਲ ਮੰਨ ਲਵਾਂ ਕਿ ਨਾਵਲ ਦੇ ਖੇਤਰ ਵਿੱਚ, ਮੈਂ ਆਪਣੀ ਦੇਣ ਸਿਫਰ ਵਰਗੀ ਹੀ ਸਮਝਦਾ ਹਾਂ। ਮੇਰੀਆਂ ਕਹਾਣੀਆਂ ਜੋ ਸਭ ਤੋਂ ਵੱਧ 'ਦੇਸ ਪਰਦੇਸ', 'ਜੱਗ-ਬਾਣੀ' ਅਤੇ 'ਅਕਸ' ਵਿੱਚ ਛਪੀਆਂ ਹਨ, ਗੌਰ ਕੀਤੀਆਂ ਗਈਆਂ ਹਨ। 'ਪ੍ਰੀਤ-ਲੜੀ' ਵਿੱਚ ਛਪੀਆਂ ਵੀ। ਆਮ ਕਰਕੇ ਮੈਂ ਕਹਾਣੀ, ਗ਼ਜ਼ਲ ਅਤੇ ਲੇਖ; ਇਨ੍ਹਾਂ ਤੇ ਹੀ ਕੰਮ ਕਰਦਾ ਹਾਂ। ਵੈਸੇ ਇੱਕੋ ਹੀ ਵਿਧਾ ਨਾਲ਼ ਜੁੜੇ ਰਹਿਣਾ ਅੱਛੀ ਗੱਲ ਹੈ, ਪਰ ਇਹ ਹਰ ਇੱਕ ਲਈ ਸੰਭਵ ਨਹੀਂ ਹੋ ਸਕਦਾ।
ਦਰਵੇਸ਼- ਨਵੀਂ ਰਚਨਾ ਪਾਠਕਾਂ ਤੱਕ ਪਹੁੰਚਣ ਤੋਂ ਪਹਿਲਾਂ ਉਸ ਵਿੱਚ ਵਾਰ ਵਾਰ ਤਬਦੀਲੀਆਂ ਕਰਦੇ ਹੋ ਜਾਂ ਨਹੀਂ?
ਗਿੱਲ-ਜਿੰਨਾਂ ਚਿਰ ਮੇਰੀ ਸੋਚ ਮੰਗ ਕਰਦੀ ਰਹਿੰਦੀ ਹੈ। ਤੇ ਜਿੰਨੀ ਦੇਰ ਕਿਸੇ ਦਾ ਮਸ਼ਵਰਾ ਦਿਲ ਨੂੰ ਟੁੰਭਦਾ ਰਹੇ। ਅਤੇ ਜਦੋਂ ਤੀਕ ਸਮੇਂ ਦੇ ਬਦਲ ਰਹੇ ਅਕਸ ਨੂੰ, ਮਨ ਦੇ ਕੈਨਵੈਸ ਉਪੱਰ ਚਿਤੱਰਣ ਦੀ ਰੀਝ ਬਣੀ ਰਹੇ। ਇੱਥੇ ਹੀ ਬੱਸ ਨਹੀਂ, ਮਨ ਵਿੱਚ ਸ਼ਬਦਾਂ ਦੇ ਨਾਲ਼-ਨਾਲ਼, ਅਰਥਾਂ ਦਾ ਰਾਬਤਾ ਅਤੇ ਖੂਬਸੂਰਤੀ ਵਿੱਚ ਵਾਧਾ ਕਰਨ ਦੀ ਉਮੰਗ, ਜਿੰਨਾ ਚਿਰ ਰਕਸ ਕਰਨੋ ਨਾ ਹਟੇ!
ਦਰਵੇਸ਼-ਤੁਹਾਡੀਆਂ ਉਹ ਕਿਹੜੀਆਂ ਰਚਨਾਵਾਂ ਨੇ ਜਿਹੜੀਆਂ ਅਖਬਾਰਾਂ, ਰਸਾਲਿਆਂ ਜਾਂ ਕਿਤਾਬੀ ਰੂਪ ਵਿੱਚ ਛਪਣ ਤੋਂ ਬਾਦ, ਅੱਜ ਵੀ ਕਿਸੇ ਤਬਦੀਲੀ ਦੀ ਮੰਗ ਕਰਦੀਆਂ ਨੇ? ਜਾਣੀ ਤੁਹਾਨੂੰ ਅਜੇ ਵੀ ਲਗਦਾ ਹੈ ਕਿ ਤੁਸੀਂ ਆਪਣੇ ਕਿਰਦਾਰ ਨਾਲ਼ ਇਨਸਾਫ ਨਹੀਂ ਕਰ ਸਕੇ?
ਗਿੱਲ-ਜਦੋਂ ਸਮਾਂ ਬਦਲਦਾ ਹੈ ਤਾਂ ਆਦਮੀ ਵੀ ਬਦਲ ਜਾਂਦਾ ਹੈ। ਭਾਵੇਂ ਬੰਦਾ ਬਾਹਰੋਂ ਤਾਂ ਉਹੀ ਨਜ਼ਰ ਆਉਂਦਾ ਹੈ ਪਰ ਹਾਲਾਤ, ਸਥਾਨ, ਵਕਤ ਅਤੇ ਸੰਗਤ ਬਦਲ ਜਾਣ ਕਰਕੇ, ਉਸ ਅੰਦਰਲਾ ਮਨੁੱਖ ਬਦਲ ਜਾਂਦਾ ਹੈ। ਮੈਂ ਨਾਵਲਾਂ ਨੂੰ ਬਹੁਤਾ ਵਿਸਥਾਰ ਨਹੀਂ ਦੇ ਸਕਿਆ, ਇਹ ਊਣਤਾਈ ਮੈਨੂੰ ਰੜਕਦੀ ਹੈ। ਬਹੁਤ ਸਾਰੀਆਂ ਕਹਾਣੀਆਂ ਤੋਂ ਮੈਂ ਸੰਤੁਸ਼ਟ ਹਾਂ ਪਰ ਕਈਆਂ ਤੋਂ ਨਹੀਂ। ਇਸ ਕਰਕੇ "life under one roof" ਵਿੱਚ ਮੈਂ ਉਹਨਾਂ ਦੀ ਸੋਧ ਕੀਤੀ ਹੈ, ਤੇ ਕਾਫੀ ਹੱਦ ਤੱਕ ਤੱਸਲੀ ਹੈ। ਮੇਰੇ ਪਹਿਲੇ ਦੋ-ਤਿੰਨ ਕਾਵਿ ਸੰਗ੍ਰਹਿ ਜੋ ਇੱਕ ਦੋਸਤ ਦੇ ਕਹਿਣ ਤੇ ਛਪਵਾਏ ਸਨ, ਬਿਲਕੁਲ ਕੱਚੇ ਨੇ। ਇਹ ਸੱਚਾਈ ਮੰਨਣ ਤੋਂ ਨਾ ਮੈਂ ਝਿਜਕਦਾ ਹਾਂ ਤੇ ਨਾ ਹੀ ਸ਼ਰਮਸਾਰ ਹਾਂ। ਮੇਰਾ ਛਪ ਰਿਹਾ ਗ਼ਜ਼ਲ-ਸੰਗ੍ਰਹਿ ਅੱਛਾ ਹੋਵੇਗਾ, ਕਾਸ਼ ਮੈਂ ਪਾਤਰ ਤੇ ਸ਼ਿਵ ਵਾਂਗ ਤਰੰਨਮ 'ਚ ਗ਼ਜ਼ਲ ਪੇਸ਼ ਕਰਨਯੋਗ ਹੁੰਦਾ! *ਅਕਸ ਅਤੇ ਆਈਨਾ* ਗ਼ਜ਼ਲ-ਸੰਗ੍ਰਹਿ ਨੂੰ ਸੁਹਿਰਦ ਪਾਠਕ ਜੀ ਆਇਆਂ ਆਖਣਗੇ, ਇਹ ਮੇਰਾ ਵਿਸ਼ਵਾਸ ਅਤੇ ਉਮੀਦ ਹੈ!
ਦਰਵੇਸ਼-ਆਪਣੀਆਂ ਰਚਨਾਵਾਂ ਬਾਰੇ ਪਾਠਕਾਂ ਦੀ ਰਾਏ ਨੂੰ ਕਿੰਨੀਂ ਕੁ ਅਹਿਮੀਅਤ ਦਿੰਦੇ ਹੋ?
ਗਿੱਲ-ਤਰਕ, ਵਿਧੀ ਅਤੇ ਸੇਧ ਨਾਲ਼ ਸੰਬੰਧਿਤ ਮਸ਼ਵਰੇ ਨੂੰ ਹਮੇਸ਼ਾਂ 'ਜੀ ਆਇਆਂ' ਆਖਦਾ ਹਾਂ। ਅਤੇ ਆਖਦਾ ਰਹਾਂਗਾ ਵੀ। ਜਿਹੜੀ ਨੁਕਤਾ-ਚੀਨੀ ਮੰਦ-ਭਾਵਨਾ ਦਾ ਸ਼ਿਕਾਰ ਜਾਪੇ, ਉਸ ਨੂੰ ਅਣਗੌਲ਼ਿਆਂ ਕਰ ਦਿੰਦਾ ਹਾਂ। ਪਰ ਉਮਰ ਦੇ ਹਰ ਪੜਾਅ ਤੇ ਨਿੱਤ ਨਵਾਂ ਸਿੱਖਦੇ ਰਹਿਣ ਦਾ ਅਭਿਲਾਸ਼ੀ ਹਾਂ।
ਦਰਵੇਸ਼-ਸਾਹਿਤ ਤੁਹਾਡੇ ਵਾਸਤੇ ਕੀ ਹੈ, ਇਸ਼ਕ ਜਾਂ ਸ਼ੀਸ਼ਾ?
ਗਿੱਲ-ਸਾਹਿਤ ਮੇਰੇ ਵਾਸਤੇ 'ਸ਼ੀਸ਼ਾ' ਇਸ ਕਰਕੇ ਹੈ ਕਿ ਇਸ ਵਿੱਚੋਂ ਜ਼ਿੰਦਗੀ ਦੇ ਬਦਲ ਰਹੇ ਅਕਸ ਨੂੰ ਦੇਖਿਆ ਜਾ ਸਕਦਾ ਹੈ। 'ਇਸ਼ਕ' ਇਸ ਸੰਦਰਭ ਵਿੱਚ ਆਖ ਸਕਦੇ ਹੋ ਕਿ ਅੱਛਾ ਸਾਹਿਤ ਪੜ੍ਹਦਿਆਂ, ਹਰਫਾਂ 'ਤੇ ਸ਼ੈਲੀ ਦੀ ਸੁੰਦਰਤਾ ਵਿੱਚੋਂ, ਲੇਖਕ ਦਾ ਸਿਰਜਣਾਤਮਿਕ ਅਕਸ ਵੀ ਦਿਸਣ ਲੱਗ ਪੈਂਦਾ ਹੈ। ਅਜੀਤ ਕੌਰ ਦੇ ਸਰਲ, ਚੁਸਤ ਅਤੇ ਨਿੱਕੇ-ਨਿੱਕੇ ਫਿਕਰੇ ਮੈਨੂੰ ਬਹੁਤ ਪਿਆਰੇ ਲਗਦੇ ਹੁੰਦੇ ਸਨ। ਪਰ ਇਹ ਜ਼ਰੂਰੀ ਨਹੀਂ ਕਿ ਹਰ ਖੂਬਸੂਰਤ ਰਚਨਾ ਦਾ ਲੇਖਕ, ਅੰਦਰੋਂ ਵੀ ਓਨਾ ਹੀ ਸੁੰਦਰ, ਪਾਰਦਰਸ਼ੀ, ਸੁਹਿਰਦ ਅਤੇ ਨਿਰਛਲ ਮਾਨਵ ਹੋਵੇ!ਬਹੁਤ ਸਾਰੇ ਲੇਖਕਾਂ, ਸੰਪਾਦਕਾਂ, ਅਭਿਨੇਤਾਵਾਂ/ਅਭਿਨੇਤਰੀਆਂ ਜਾਂ ਕਲਾਕਾਰਾਂ ਨੂੰ ਮਿਲਣ-ਜਾਨਣ ਬਾਦ, ਹੁਣ ਮੈਂ ਇਸ ਗੱਲ ਵੱਲ ਬਹੁਤਾ ਧਿਆਨ ਦੇਣਾ ਛੱਡ ਦਿੱਤਾ ਹੈ। ਪਰ ਫੇਰ ਵੀ ਕਿਸੇ ਨੂੰ ਨਫ਼ਰਤ ਦੀ ਨਜ਼ਰ ਨਾਲ਼ ਨਹੀਂ ਦੇਖਦਾ।
ਦਰਵੇਸ਼- ਕਿਹੜੀ ਰਚਨਾ ਸੀ ਜਿਸ ਨੂੰ ਪੜ੍ਹ ਕੇ ਤੁਹਾਨੂੰ ਮਨ ਅੰਦਰ ਸਭ ਤੋਂ ਵੱਧ ਖਲਬਲੀ ਮੱਚੀ ?
ਗਿੱਲ-ਦੇਸ਼ ਦੀ ਵੰਡ ਬਾਰੇ ਨਾਵਲ ਪੜ੍ਹ ਕੇ, ਚਾਹੇ ਉਹ ਖੁਸ਼ਵੰਤ ਸਿੰਘ ਦਾ ਸੀ ਜਾਂ ਅਮ੍ਰਿਤਾ ਜੀ ਦਾ; ਤੇ ਜਾਂ ਫਿਰ ਭੀਸ਼ਮ ਸਾਹਨੀ ਦਾ। ਜਿਸ ਪਿੰਡ ਨੂੰ ਪੁਰਖਿਆਂ ਦਾ ਪਿੰਡ ਸਮਝਕੇ, ਕੋਈ ਪ੍ਰਵਾਰ ਅਸੀਮ ਅਪਣੱਤ ਨਾਲ਼ ਜੀਉਂਦਾ ਹੈ, ਅਤੇ ਕਦੇ ਸੁਪਨਾ ਵੀ ਨਹੀਂ ਲੈ ਸਕਦਾ ਕਿ ਇੱਕ ਦਿਨ ਅਚਾਨਕ ਵਸਦੇ-ਰਸਦੇ ਪਿੰਡ ਵਿੱਚੋਂ, ਉਸ ਨੂੰ ਉਜੱੜ ਕੇ ਜਾਣਾ ਪਵੇਗਾ। ਕਿੱਥੇ? -ਉੱਥੇ, ਜਿਸ ਧਰਤੀ ਨਾਲ਼ ਉਸਦਾ ਦੂਰ ਦਾ ਵੀ ਵਾਸਤਾ ਨਹੀਂ ਸੀ। ਇਸ ਦੁੱਖ ਦਾ ਦਰਦ ਉਹੀ ਜਾਣਦੇ ਹਨ ਜਿਹਨਾਂ ਨਾਲ਼ ਵਾਪਰੀ ਹੈ।ਮੇਰੀ ਆਪਣੀ ਰਚਨਾ "an eye wittness" ਵੀ ਇਸੇ ਦੁਖਾਂਤ ਦਾ ਚਿਤੱਰਣ ਕਰਦੀ ਹੈ। ਸੁਆਰਥ ਚੰਗੇ-ਭਲੇ ਮਨੁੱਖਾਂ ਅੰਦਰ, ਰਾਤੋ-ਰਾਤ ਸ਼ੈਤਾਨ ਨੂੰ ਜਨਮ ਦੇ ਦੇਵੇਗਾ ਅਤੇ ਆਪਣੇ ਹੀ ਪਰਾਏ ਬਣ ਜਾਣਗੇ, ਕਦੇ ਕਿਸੇ ਦੀ ਸੋਚ ਦਾ ਹਿੱਸਾ ਹੀ ਨਹੀਂ ਸੀ ਬਣ ਸਕਦਾ! ਇਹ ਦਰਦ ਸਿਰਫ ਮਹਿਸੂਸਿਆਂ ਜਾ ਸਕਦਾ ਹੈ, ਸ਼ਬਦਾਂ ਰਾਹੀਂ ਸਮਝਾਇਆ ਨਹੀਂ ਜਾ ਸਕਦਾ।
ਦਰਵੇਸ਼- ਅੱਜ ਕਿੰਨੀ ਹੀ ਕਿਸਮ ਦੇ ਸਹਿਤਕ ਤਜੁਰਬੇ ਕੀਤੇ ਜੱ ਰਹੇ ਨੇ , ਤੁਹਾਡੀ ਨਜ਼ਰ ਵਿੱਚ ਕਿਹੋ ਜਿਹਾ ਸਾਹਿਤ ਲਿਖਿਆ ਜਾਣਾ ਚਾਹੀਦਾ ਹੈ?
ਗਿੱਲ-ਜਨ-ਸਧਾਰਣ ਦੇ ਜੀਵਨ ਨਾਲ਼ ਸੰਬੰਧਿਤ, ਉਹਨਾਂ ਦੇ ਦਿਸਦੇ ਅਤੇ ਅਣਦਿਸਦੇ ਮਸਲਿਆਂ ਨੂੰ ਕਲਾਮਈ ਢੰਗ ਨਾਲ਼ ਪੇਸ਼ ਕਰਦੀਆਂ ਕਿਰਤਾਂ। ਸਿੱਧੇ ਜਾਂ ਅਸਿੱਧੇ ਤਰੀਕਿਆਂ ਨਾਲ਼ ਉਹਨਾਂ ਦਾ ਵਰਗਲਾਏ ਜਾਣਾ, ਸ਼ੋਸ਼ਣ ਕਰਨਾ ਅਤੇ ਇਹਨਾਂ ਦੇ ਪਿੱਛੇ ਸੱਤਾਧਾਰੀਆਂ ਦੇ ਕੋਝੇ ਮਕਸਦ! ਆਮ ਜਨਤਾ ਨੂੰ ਜਾਗਰੂਕ ਕਰਨ ਹਿਤ, ਜਿੰਦਗੀ ਦੇ ਕੁਹਜ ਨੂੰ ਸੁਹਜ ਵਿੱਚ ਬਦਲ ਸਕਣ ਵਾਲੀਆਂ ਸਾਹਿਤਕ ਕਿਰਤਾਂ ਹੀ ਅਜੋਕੇ ਲੇਖਕ ਦਾ ਮਕਸਦ ਹੋਣਾ ਚਾਹੀਦਾ ਹੈ। ਨਰੋਈ ਪ੍ਰਵਾਰਿਕ ਅਤੇ ਭਾਈਚਾਰਿਕ ਸਾਂਝ ਹੀ ਕਿਸੇ ਸਮਾਜ ਜਾਂ ਕੌਮ ਦੀ ਏਕਤਾ ਨੂੰ ਮਜ਼ਬੂਤ ਕਰ ਸਕਦੀ ਹੈ। ਅੱਜ-ਕਲ੍ਹ ਟੈਲੀ-ਪਰਦਿਆਂ ਤੇ ਚਲ ਰਹੇ ਸੀਰੀਅਲ, ਸਭ ਘਰਾਂ ਨੂੰ ਜੋੜਨ ਦੀ ਬਜਾਏ ਤੋੜ ਹੀ ਰਹੇ ਹਨ। ਹੁਣ ਥੇਟਰ ਜਾਣ ਦੀ ਲੋੜ ਨਹੀਂ, ਘਰਾਂ ਅੰਦਰ ਹੀ ਨਾਟਕ-ਕਾਰ ਬਥੇਰੇ ਹਨ।ਜੇ ਸ਼ਇਰੀ ਦੀ ਗੱਲ ਕਰੀਏ ਤਾਂ ਇਹ ਬੁਝਾਰਤਾਂ ਦੇ ਜੰਗਲ ਵਰਗੀ ਨਹੀਂ ਹੋਣੀ ਚਾਹੀਦੀ, ਸਗੋਂ ਪਾਠਕ ਦੇ ਦਿਲ-ਦਿਮਾਗ ਨੂੰ ਰੌਸ਼ਨ ਕਰਨ ਵਾਲੀ ਹੋਣੀ ਚਾਹੀਦੀ ਹੈ। ਸਰਲ, ਖੂਬਸੂਰਤ, ਸੰਗੀਤਮਈ ਅਤੇ ਗਹਿਰ-ਗੰਭੀਰ ਸੁਰ ਵਾਲ਼ੀ।
ਦਰਵੇਸ਼-ਤੁਸੀਂ ਸਾਹਿਤ ਨੂੰ ਘਰ-ਘਰ ਪਹੁੰਚਾਉਣ ਅਤੇ ਪਾਠਕ ਪੈਦਾ ਕਰਨ ਲਈ ਕੀ ਜੁਗਤ ਘੜ ਸਕਦੇ ਹੋ?
ਗਿੱਲ-ਸਕੂਲਾਂ ਤੋਂ ਹੀ ਨਾਟਕ, ਸੰਗੀਤ ਅਤੇ ਗ਼ਜ਼ਲ ਵਰਗੀ ਵਿਧਾ ਪ੍ਰਤੀ, ਉਤਸ਼ਾਹ ਅਤੇ ਪ੍ਰੇਰਨਾ ਦੇਣ ਲਈ ਮੰਚ ਬਣਾਏ ਜਾਣ ਨਾਲ਼, ਇਸ ਨਾਲ਼ ਸੰਭਵ ਹੈ ਕਿ ਵਿਦਿਆਰਥੀਆਂ ਦੀ ਰੁਚੀ ਬਦਲ ਸਕੇ! ਟੈਲੀ ਤੇ 'ਸਾ-ਰੇ-ਗਾ-ਮਾ' ਵੇਖ-ਸੁਣ ਕੇ ਜੋ ਅਨੰਦ ਉਹ ਮਾਣਦੇ ਹਨ, ਹੋ ਸਕਦਾ ਇਹੋ ਜਿਹਾ ਅਨੰਦ ਉਹ ਸਕੂਲ-ਕਾਲਜ ਵਿੱਚ ਹੀ ਮਾਣ ਸਕਣ। ਇਹ ਕਲਾਤਮਿਤ ਅਤੇ ਸੰਗੀਤਮਈ ਵਾਤਾਵਰਣ ਹਰ ਮਨ ਨੂੰ ਪ੍ਰਭਾਵਤ ਕਰ ਸਕਦਾ ਹੈ। ਸਾਹਿਤ ਅਤੇ ਸੰਗੀਤ ਦਾ ਅਟੁੱਟ ਰਿਸ਼ਤਾ ਹੈ ਅਤੇ ਇਨ੍ਹਾਂ ਦੁਹਾਂ ਨੂੰ ਅਨੁਕੂਲ ਮੀਡੀਆ ਅਤੇ ਮਹੌਲ, ਪ੍ਰਭਾਵਸ਼ਾਲੀ ਅਤੇ ਸਥਾਈ ਢੰਗ ਨਾਲ਼ ਪ੍ਰਫੁਲੱਤ ਕਰ ਸਕਦੇ ਹਨ। ਭਾਰਤੀ ਇਤਿਹਾਸ ਅਤੇ ਮਿਥਿਹਾਸ ਇਸਦੀ ਗਵਾਹੀ ਭਰਦੇ ਹਨ।ਜਦੋਂ ਪਿੰਡਾਂ ਦੇ ਸਕੂਲਾਂ ਵਿੱਚ ਸਾਹਿਤ ਅਤੇ ਸੰਗੀਤ, ਇੱਕ ਦੂਜੇ ਦਾ ਹੱਥ ਫੜਕੇ, ਘਰਾਂ ਦੇ ਬੂਹਿਆਂ 'ਤੇ ਦਸਤਕ ਦੇਣ ਲਈ ਉਤਸੁਕ ਹੋ ਗਏ ਤਾਂ ਘਰਾਂ ਦੀਆਂ ਕੰਧਾਂ ਵੀ ਸਿਰਜਣਾ ਦੇ ਰਹਿਸ ਤੋਂ ਜਾਣੂ ਹੋ ਜਾਣਗੀਆਂ। ਫਿਰ ਦਰਵਾਜ਼ੇ ਦਸਤਕਾਂ ਬਿਨਾ ਹੀ ਖੁਲ੍ਹਣੇ ਸ਼ੁਰੂ ਹੋ ਜਾਣਗੇ।
ਦਰਵੇਸ਼-ਆਖਰੀ ਸੁਆਲ; ਲੇਖਕ, ਪਾਠਕ ਪਬਲਿਸ਼ਰ ਅਤੇ ਵਿਕਰੇਤਾ ਦਾ ਰਿਸ਼ਤਾ, ਵੱਧ ਤੋਂ ਵੱਧ ਪਾਠਕ ਪੈਦਾ ਕਰਨ ਵਾਸਤੇ ਕੀ ਭੂਮਿਕਾ ਨਿਭਾ ਸਕਦਾ ਹੈ?
ਗੁ. ਗਿੱਲ-ਲੇਖਕ ਦੀ ਪਹੁੰਚ ਤਾਂ ਆਮ ਕਰਕੇ ਸਿਰਜਣਾ ਤੱਕ ਹੀ ਸੀਮਤ ਹੋਕੇ ਰਹਿ ਜਾਂਦੀ ਹੈ। ਅਗਰ ਉਪਰੋਕਤ ਚੌਹਾਂ ਹੀ ਧਿਰਾਂ ਦਾ ਪ੍ਰਸਪਰ ਸਹਿਯੋਗ, ਮੰਤਵ, ਸੁਆਰਥ, ਸੁਹਜ, ਪ੍ਰੇਰਣਾ-ਸਰੋਤ ਅਤੇ ਕਲਾਤਮਿਕ ਸੁਆਦ, ਸਾਂਝਾ ਤੇ ਇੱਕ ਹੋ ਜਾਵੇ ਤਾਂ ਬੜੇ ਸਾਰਥਿਕ ਸਿੱਟੇ ਨਿਕਲ ਸਕਦੇ ਹਨ। ਇਸ ਦੀ ਪੂਰਤੀ ਲਈ, ਪਾਠਕ ਦੀ ਰੂਹਾਨੀ, ਰਾਜਨੀਤਕ, ਵਿਦਿਅਕ, ਸਮਾਜਿਕ, ਆਰਥਿਕ ਅਤੇ ਸਭਿਆਚਾਰਿਕ ਮਾਨਸਿਕਤਾ ਨੂੰ ਪਹਿਲ ਦੇਣੀ ਪਵੇਗੀ! ਲੇਖਕ ਨੂੰ ਲਿਖਣ ਵੇਲੇ ਆਪਣੇ ਪਾਠਕ ਨੂੰ ਹੀ ਮੱਦੇ-ਨਜ਼ਰ ਰੱਖਣਾ ਪੈਂਦਾ ਹੈ। ਹੋ ਸਕਦਾ ਇੱਕ ਕਮਰਸ਼ੀਅਲ ਲੇਖਕ, ਹੋਰ ਵੀ ਕਈ ਜੁਗਾੜਾਂ ਦਾ ਧਿਆਨ ਰੱਖਣ ਦਾ ਆਦੀ ਹੋਵੇ! ਜੇ ਇਹ ਸਾਰੀ ਲੜੀ ਈਮਾਨਦਾਰੀ, ਸੱਚਾਈ, ਸੁਹਿਰਦਤਾ ਅਤੇ ਸਹਿਯੋਗ ਨਾਲ਼ ਚਲ ਸਕੇ ਤਾਂ ਨਿਰਸੰਦੇਹ, ਸੋਨੇ 'ਤੇ ਸੁਹਾਗੇ ਵਾਲ਼ੀ ਗੱਲ ਹੋ ਸਕਦੀ ਹੈ। *********
No comments:
Post a Comment