Friday, May 20, 2011

ਕਿਸੇ ਤਲਾਸ਼ ਵਿੱਚ.. .. .. .. .. !!!!!


ਬਹੁਤ ਡੂੰਘਾ ਹੈ ਲੇਹ ਦੀਆਂ ਪਹਾੜੀਆਂ ਦੇ ਜਿਸਮ ਤੋਂ ਪਿਘਲਕੇ ਆਇਆ ਪਾਣੀਂ…ਮੇਰੀ ਮਹਿਸੂਸੀਅਤ ਦਾ ਵੀ ਆਪਣੀਂ ਹੀ ਕਿਸਮ ਦਾ ਅੰਦਾਜ਼ ਹੈ..ਮੈਂ ਇਸ ਪਾਣੀਂ ਨੂੰ ਨਾਗ਼ਣ ਵਾਂਗ ਮੇਲ੍ਹਦਿਆਂ ਅਤੇ ਕਿਸੇ ਤਲਾਸ਼ ਵਿੱਚ ਦੌੜਦਿਆਂ ਵੀ ਵੇਖਿਆ ਹੈ ਪਹਾੜੀ ਦੀ ਐਨ ਟੀਸੀ ਉੱਪਰ ਖੜ੍ਹਕੇ ਅਤੇ ਮੀਨਾਂ ਕੁਮਾਰੀ ਵਾਂਗ ਨ੍ਰਿਤ ਕਰਦਿਆਂ ਵੀ ਵੇਖਿਆ ਹੈ ਐਨ ਪਹਾੜੀ ਦਿਆਂ ਕਦਮਾਂ ਵਿੱਚ ਖੜ੍ਹਕੇ… … ਉਸ ਦਿਨ ਮੇਰੇ ਨਾਲ਼ ਕੋਈ ਨਹੀਂ ਸੀ। ਲੇਹ ਤੱਕ ਦੇ ਉਸ ਸਫ਼ਰ ਅਤੇ ਵਾਪਸੀ ਦੌਰਾਨ ਮੈਂ ਪਹਾੜਾਂ ਦੇ ਉਸ ਪਿਘਲਦੇ ਜਿਸਮ ਦਾ ਗੁੱਸਾ ਵੀ ਵੇਖਿਆ ਅਤੇ ਠਹਾਕਾ ਵੀ.. ..ਸ਼ਾਇਦ ਮੇਰੀ ਜ਼ਿੰਦਗੀ ਦਾ ਉਹ ਪਹਿਲਾ ਦਿਨ ਸੀ ਜਦੋਂ ਮੈਂ ਹਿਮਾਲਿਆ ਦੇ ਸਿਰ ਉੱਪਰ ਬੈਠਕੇ ਸੂਰਜ ਨੂੰ ਦਸਤਕ ਦਿੱਤੀ ਸੀ ਅਤੇ ਮੈਂ ਉਸ ਨੀਲੇ ਪਾਣੀਆਂ ਦੀਆਂ ਰਗ਼ਾਂ ਅੰਦਰ ਵਗਦੇ ਖ਼ੂਨ ਦਾ ਰਾਜ਼ਦਾਰ ਬਣਿਆ ਸੀ.. .. .. ਚੈਂਚਲੋ ਉਸ ਪਾਣੀਂ ਦੀ ਨਾਭੀ ਵਿੱਚੋਂ ਪੰਖ ਲਗਾਕੇ ਉੱਡਦੀ ਆਈ ਅਤੇ ਮੇਰੇ ਅੰਦਰ ਕਿਤੇ ਡੂੰਘਿਆਂ ਉੱਤਰ ਗਈ…ਆਪਣੇਂ ਹੀ ਰੰਗਾਂ ਨਾਲ਼ ਨਹਾਉਂਦੀ ਹੋਈ ਚੈਂਚਲੋ ਨੂੰ ਮੈਂ ਪਹਿਲੀ ਵਾਰ ਵੇਖਿਆ.. .. ਕੋਈ ਸੂਰਜ ਵਿੱਚੋਂ ਵੀ ਆਪਣਾਂ ਚਿਹਰਾ ਨਿਹਾਰ ਸਕਦਾ ਹੈ.. ਕੋਈ ਵਗਦੇ ਪਾਣੀਂ ਤੋਂ ਉਸਦੀ ਉਮਰ ਪੁੱਛ ਸਕਦਾ ਹੈ.. .. ਕੋਈ ਮੇਰੇ ਅੰਦਰੋਂ ਸ਼ਬਦਾਂ ਦੀਆਂ ਘੰਟੀਆਂ ਵਜਾਉਂਦਾ ਹੋਇਆ ਖ਼ੁਦ ਨਦੀ ਬਣ ਜਾਣ ਦੀ ਜ਼ਿੱਦ ਕਰ ਸਕਦਾ ਹੈ…ਇਹ ਸਭ ਮੈਂ ਮਹਿਸੂਸਿਆ ਨਹੀਂ ਜਿਊਂਕੇ ਵੇਖਿਆ ਉਸ ਦਿਨ, ਜਿਸ ਦਿਨ ਮੈਂ ਉਸ ਨਦੀ ਵਿੱਚ ਵਹਿ ਰਿਹਾ ਸੀ ਉਸਨੂੰ ਜੀਅ ਰਿਹਾ ਸੀ ਉਸਨੂੰ ਪੀਅ ਰਿਹਾ ਸੀ.. .. .. ਉਹ ਬਹੁਤ ਜ਼ਿੱਦ ਕਰ ਰਹੀ ਸੀ, ਮੇਰੇ ਸੁਪਨੇਂ ਅੰਦਰ ਵਹਿੰਦੇ ਪਾਣੀਂ ਅੰਦਰ ਉੱਤਰ ਜਾਣ ਦੀ… ਇਹ ਪਹਿਲੀ ਵਾਰ ਸੀ ਜਦੋਂ ਮੈਂ ਲੇਹ ਦੀ ਬਰਫ਼ ਦੇ ਦਰਮਿਆਨ ਖੜ੍ਹਾ ਆਪਣੇਂ ਆਪ ਨੂੰ ਸਿੰਜ ਰਿਹਾ ਸੀ.. .. ਇਹਨਾਂ ਪਲਾਂ ਨੇ ਮੈਨੂੰ ਮੇਰੀ ਸ਼ਾਇਰੀ ਅੰਦਰ ਸਾਲਾਂ ਤੋਂ ਜਿਊਂਦੇ ਚਿਹਰਿਆਂ ਦੀ ਮਿੱਟੀ ਦੀ ਪਹਿਚਾਣ ਕਰਵਾਈ ਸੀ.. .. .. ਮੈਨੂੰ ਲੱਗ ਰਿਹਾ ਸੀ ਮੈਂ ਭਾਫ਼ ਬਣ ਰਿਹਾ ਹਾਂ ਅਤੇ ਮੈਨੂੰ ਮੇਰਾ ਆਸਮਾਨ ਨਹੀਂ ਚੈਂਚਲੋ ਦੀ ਜ਼ਮੀਨ ਸੋਕ ਰਹੀ ਹੈ.. .. .. .. ਉਸਤੋਂ ਅਗਲੇ ਦਿਨ ਮੈਂ ਵਾਪਿਸ ਆ ਗਿਆ, ਪਤਾ ਨਹੀਂ ਕਿਉਂ ਮੈਨੂੰ ਲੱਗਾ ਕਿ ਮੈਨੂੰ ਕਿਸੇ ਦੀ ਤਲਾਸ਼ ਹੈ.. .. ਦੂਰੋਂ ਕੋਈ ਫ਼ੋਨ ਆਇਆ ਬ ਹੁ ਤ ਲੰਮਾਂ ਫ਼ੋਨ .. .. ਚੈਂਚਲੋ ਤਾਂ ਨਹੀਂ ਸੀ ਪਰ ਉਸਦਾ ਦੁੱਖ ਬੋਲ ਰਿਹਾ ਸੀ.. ..
ਤੂੰ ਆਪਣੇਂ ਆਪ ਨੂੰ
ਬਲਦਾ ਦੀਵਾ ਨਾਂ ਆਖ ਸਕਿਆ
ਮੈਂ ਆਪਣੇਂ ਆਪ ਨੂੰ
ਜਿਉਂਦੀ ਰਾਤ ਕਹਿੰਦੀ ਰਹੀ
.. .. .. .. ..
ਨਾਂ ਤਾਂ ਰਾਤਾਂ ਹੀ ਚਾਨਣੀਆਂ ਹੋਈਆਂ
ਅਤੇ ਨਾਂ ਹੀ
ਸਾਡੇ ਬਨਵਾਸ ਦੀ ਉਮਰ ਮਿਣੀਂ ਗਈ.. .. ..

No comments: