Thursday, November 4, 2010

ਪੈੜਾਂ ਤੇ ਪਰਛਾਵੇਂ / ਦਰਸ਼ਨ ਦਰਵੇਸ਼

ਸ਼ਬਦ ਪੰਛੀ ਹੁੰਦੇ ਨੇ ਤੇ ਪੰਛੀਆਂ ਦਾ ਕੋਈ ਦੇਸ਼ ਨਹੀਂ ਹੁੰਦਾ – ਸਲੀਮ ਪਾਸ਼ਾ


ਦਰਵੇਸ਼ - ਸਭ ਤੋਂ ਪਹਿਲਾਂ ਇਹ ਦੱਸੋ ਕਿ ਸਾਹਿਤ ਨਾਲ ਤੁਹਾਡੀ ਪਹਿਲੀ ਯਾਰੀ ਕਦੋ ਪਈ ਸੀ ?
ਪਾਸ਼ਾ – ਮੇਰਾ ਖਿਆਲ ਹੈ ਕਿ ਸ਼ਾਇਦ ਮੇਰਾ ਸਾਹਿਤ ਨਾਲ ਰਿਸ਼ਤਾ ਬਚਪਨ ਤੋਂ ਹੀ ਹੈ। ਜਦੋਂ ਮੈਂ ਲੋਕ ਗੀਤ ਅਤੇ ਸੂਫ਼ੀਆਨਾਂ ਕਲਾਮ ਸੁਣਦਾ ਸੁਣਦਾ ਆਪਣੇਂ ਮਨ ਵਿੱਚ ਸ਼ਾਤੀ ਜਿਹੀ ਮਹਿਸੂਸ ਕਰਦਾ ਸੀ।ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਸੁਲਤਾਨ ਬਾਹੂ, ਸ਼ਾਹ ਹੁਸੈਨ ਅਤੇ ਮੀਆਂ ਮੁਹੰਮਦ ਬਖਸ਼ ਹੋਰਾਂ ਦਾ ਕਲਾਮ ਸੁਣਕੇ ਬੰਦੇ ਨੂੰ ਆਪ ਹੀ ਜਾਗ ਜਿਹੀ ਲੱਗ ਜਾਂਦੀ ਹੈ।

ਦਰਵੇਸ਼ - ਜਦੋਂ ਤੁਸੀਂ ਪਹਿਲੀ ਵਾਰ ਕੋਈ ਵੀ ਸਾਹਿਤਕ ਰਚਨਾਂ ਪੜ੍ਹੀ ਤਾਂ ਉਸ ਰਚਨਾਂ ਬਾਰੇ ਕਿਹੋ ਜਿਹੇ ਵਿਚਾਰ ਮਨ ਵਿੱਚ ਆਏ ਸੀ ?
ਪਾਸ਼ਾ – ਮਨ ਤਾਂ ਵਿਚਾਰਾ ਕੱਚੀ ਮਿੱਟੀ ਵਾਂਗ ਹੈ।ਜਿਸ ਅੰਦਰ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਹੀ ਪੈਦਾ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਮੈਂ ਬਾਲ ਸਾਹਿਤ ਦੀਆਂ ਕਿਤਾਬਾ ਪੜ੍ਹਨੀਆਂ ਸ਼ੁਰੂ ਕੀਤੀਆਂ। ਬੱਸ ਫੇਰ ਕੀ ਸੀ ਇਹ ਸ਼ੌਕ ਇਸ ਤਰਾਂ ਵਧਦਾ ਗਿਆ ਕਿ ਮੈਂ ਆਪਣੇਂ ਸ਼ਹਿਰ ਗੁਜਰਾਤ (ਪੱਛਮੀਂ ਪੰਜਾਬ) ਦੀਆਂ ਗਲੀ ਮੁਹੱਲੇ ਵਾਲੀਆਂ ਲਾਇਬਰੇਰੀਆਂ ਦੀਆਂ ਸਾਰੀਆਂ ਕਿਤਾਬਾਂ ਪੜ੍ਹਕੇ ਮੁਕਾ ਦਿੱਤੀਆਂ। ਜਿੰਨਾਂ, ਭੂਤਾਂ, ਪਰੇਤਾਂ ਦੀਆਂ ਕਹਾਣੀਆਂ ਤੋਂ ਹੁੰਦਾ ਹੋਇਆਂ, ਜਾਸੂਸੀ ਸਾਹਿਤ ਪੜ੍ਹਦਾ ਮੈਂ ਲਿਟਰੇਚਰ, ਕਵਿਤਾ ਅਤੇ ਅਫ਼ਸਾਨਿਆਂ ਵਾਲੇ ਪਾਸੇ ਆ ਗਿਆ। ਹਾਂ ਮੈਂ ਤਲਿਸਮ ਹੋਸ਼ੁਰਬਾ ਅਤੇ ਅਲਿਫ ਲੈਲਾ ਤੋਂ ਬਹੁਤ ਹੀ ਮੁਤਾਸਿਰ ਸੀ।

ਦਰਵੇਸ਼ - ਪਹਿਲੀ ਵਾਰ ਸਾਹਿਤ ਨਾਲ ਜੁੜਕੇ ਆਪਣੇਂ ਆਪ ਵਿੱਚ ਕੀ ਮਹਿਸੂਸ ਹੋਇਆ ਸੀ ?
ਪਾਸ਼ਾ – ਬੁੱਲ੍ਹੇ ਸ਼ਾਹ ਹੋਰਾਂ ਕਿਹਾ ਸੀ-‘ ਰਾਂਝਾ ਰਾਂਝਾ ਕਰਦੀ ਨੀਂ ਮੈਂ ਆਪੇ ਰਾਂਝਾ ਹੋਈ’। ਮੇਰਾ ਵੀ ਏਹੋ ਹਾਲ ਹੋਇਆ ਹੈ, ਮੈਂ ਸਾਹਿਤ ਪੜ੍ਹ ਪੜ੍ਹਕੇ ਆਪ ਲੇਖਕ ਬਣ ਗਿਆ। ਤੇ ਹੁਣ ਤਾਂ ਬਹੁਤ ਹੀ ਚੰਗਾ ਲੱਗਦਾ ਹੈ ਜਦੋਂ ਲੋਕ ਮੇਰੀ ਜਾਣ ਪਛਾਣ ਇੱਕ ਲੇਖਕ ਦੇ ਤੌਰ ਉੱਤੇ ਕਰਵਾਉਂਦੇ ਨੇ। ਮੇਰਾ ਖਿਆਲ ਐ ਕਿ ਸਾਹਿਤ ਜਦੋਂ ਤੁਹਾਡੀ ਪਹਿਚਾਣ ਬਣ ਜਾਵੇ ਤਾਂ ਫੇਰ ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੁੰਦੀ ਹੈ।

ਦਰਵੇਸ਼ - ਇਸ ਗੱਲ ਦੀ ਤੁਹਾਡੀ ਨਜ਼ਰ ਵਿੱਚ ਕੀ ਅਹਿਮੀਅਤ ਹੈ ਕਿ ਕਿਸੇ ਵੀ ਲੇਖਕ ਦਾ ਲੇਖਕ ਤੋਂ ਵੱਧ ਪਾਠਕ ਹੋਣਾਂ ਜਿਆਦਾ ਜਰੂਰੀ ਹੁੰਦਾ ਹੈ?
ਪਾਸ਼ਾ – ਥੋੜ੍ਹਾ ਜਿਹਾ ਵੀ ਲਿਖਣ ਲਈ ਬਹੁਤ ਜ਼ਿਆਦਾ ਪੜ੍ਹਨਾਂ ਪੈਂਦਾ ਹੈ।ਖਾਸ ਤੌਰ ਉੱਤੇ ਖੋਜ ਦੇ ਕੰਮ ਵਿੱਚ ਤਾਂ ਕਵਿਤਾ ਲਿਖਦਿਆਂ ਇਤਿਹਾਸ ਦੇ ਹਵਾਲੇ ਬੜੇ ਹੀ ਜਾਨਦਾਰ ਹੋਣੇਂ ਚਾਹੀਦੇ ਨੇ, ਵਰਨਾਂ ਓਸ ਲਿਖਤ ਦਾ ਕੋਈ ਫਾਇਦਾ ਨਹੀਂ ਜਿਸ ਵਿਚਲਾ ਮੈਟੀਰੀਅਲ ਸ਼ੱਕੀ ਹੋਵੇ। ਮੈ ਇਤਿਹਾਸ ਨੂੰ ਬਦਲ ਤਾਂ ਨਹੀਂ ਸਕਦਾ ਹਾਂ ਇੱਕ ਨਵੀਂ ਡਾਈਮੈਂਸ਼ਨ ਜਰੂਰ ਦੇ ਸਕਦਾ ਹਾਂ, ਆਪਣਾਂ ਨਵਾਂ ਐਂਗਲ ਵੀ ਪੇਸ਼ ਕਰ ਸਕਦਾ ਹਾਂ, ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆ ਕਿ ਇਤਿਹਾਸ ਦਾ ਨੁਕਸਾਨ ਨਹੀਂ ਹੋਣਾਂ ਚਾਹੀਦਾ।

ਦਰਵੇਸ਼ - ਤੁਹਾਨੂੰ ਹੁਣ ਤੱਕ ਸਾਹਿਤ ਦੀ ਕਿਹੜੀ ਵਿਧਾ ਵਿੱਚ ਜ਼ਿਆਦਾ ਪਸੰਦ ਆਈ ਹੈ?
ਪਾਸ਼ਾ- ਮੈਂ ਕਦੇ ਵੀ ਇਹ ਕਲੇਮ ਨਹੀਂ ਕਰ ਸਕਦਾ ਕਿ ਮੈਂ ਬਹੁਤ ਪੜ੍ਹਿਆ ਹਾਂ।ਪਰ ਮੈਂ ਇਹ ਜਰੂਰ ਕਹਾਂਗਾ ਕਿ ਮੈਂ ਪੰਜਾਬੀ ਅਤੇ ਉਰਦੂ ਸਾਹਿਤ ਨੂੰ ਪੜ੍ਹਨ ਦੀ ਕੋਸ਼ਿਸ਼ ਜਰੂਰ ਕੀਤੀ ਹੈ।ਏਥੇ ਮੈਂ ਆਪਣੀਂ ਇੱਕ ਨਿੱਕੀ ਜਿਹੀ ਕਵਿਤਾ ਜਰੂਰ ਪੇਸ਼ ਕਰਦਾ ਹਾਂ।
ਅਜੇ ਮੈਂ ਵੇਖਿਆ ਨਹੀਂ,
ਬੂਹਾ ਖੋਲ੍ਹਕੇ ਅੰਦਰ ਦਾ
ਅਜੇ ਮੈਂ ਬਿੱਟ ਬਿੱਟ ਵੇਖ ਰਿਹਾਂ,
ਬਾਹਰ ਦੀਆਂ ਸ਼ੈਆਂ ਨੂੰ।
ਮੈਂ ਸੂਫ਼ੀਆਨਾਂ ਕਲਾਮ ਨੂੰ ਚੋਖਾ ਪੜ੍ਹਿਆ ਅਤੇ ਸੁਣਿਆ ਹੈ।ਏਸ ਤੋਂ ਇਲਾਵਾ ਉਰਦੂ ਪੰਜਾਬੀ ਨਾਵਲ, ਕਹਾਣੀਆਂ, ਜੀਵਨੀਆਂ, ਸਫ਼ਰਨਾਮੇਂ ਅਤੇ ਹਾਸ ਵਿਅੰਗ ਨੂੰ ਵੀ ਪਸੰਦ ਕੀਤਾ ਹੈ।

ਦਰਵੇਸ਼ - ਉਹ ਕਿਹੜੀਆਂ ਸਾਹਿਤਕ ਕਿਰਤਾਂ ਨੇ ਜਿਹੜੀਆਂ ਸਦਾ ਲਈ ਤੁਹਾਡੇ ਮਨ-ਮਸਤਕ ਉੱਪਰ
ਛਪੀਆ ਰਹਿਣਗੀਆਂ ?
ਪਾਸ਼ਾ –ਕਾਫ਼ੀ ਲੰਮੀਂ ਲਿਸਟ ਹੈ ਜਿਹੜੀ ਮਨ ਉੱਪਰ ਨਕਸ਼ ਬਣਕੇ ਛਪ ਗਈ ਹੈ ਅਤੇ ਸ਼ਾਇਦ ਕਦੇ ਵੀ ਨਹੀਂ ਮਿਟੇਗੀ।ਮੇਰੇ ਖਿਆਲ ਵਿੱਚ ਪਹਿਲਾਂ ਸਾਨੂੰ ਇਹ ਫੈਸਲਾ ਲੈਣਾਂ ਪਵੇਗਾ, ਕਿਹੜੇ ਸਮੇਂ ਵਿੱਚ ਕੀ ਲਿਖਕੇ ਕਿਹੜੀ ਰਚਨਾਂ ਦੀ ਚਰਚਾ ਕਰਨੀਂ ਚਾਹੀਦੀ ਹੈ। ਬਟਵਾਰੇ ਦੇ ਸਾਹਿੱਤ ਦੇ ਨੇੜਿਉਂ ਅੰਮ੍ਰਿਤਾ ਪ੍ਰੀਤਮ ਦੀ ਅੱਜ ਆਖਾਂ ਵਾਰਿਸ਼ ਸ਼ਾਹ ਨੂੰ, ਸ਼ਿਵ ਕੁਮਾਰ ਦੀ ਸ਼ਿਕਰਾ, ਕੰਡਿਆਲੀ ਥ੍ਹੋਰ, ਯਾਰ ਦੀ ਮੜ੍ਹੀ ‘ਤੇ, ਗੀਤਾਂ ਦੇ ਨੈਣਾਂ ਵਿੱਚ, ਪਾਸ਼ ਦੀ ਮੈਂ ਪੁੱਛਦਾ ਹਾਂ ਅਸਮਾਨ ਤੋਂ, ਸੁਰਜੀਤ ਪਾਤਰ ਦੀ ਪੁਲ, ਸਭ ਨਾਂ ਭੁੱਲਣ ਵਾਲੀਆਂ ਚੀਜ਼ਾਂ ਨੇ।

ਦਰਵੇਸ਼ - ਇੱਕ ਸਾਹਿਤਕਾਰ ਦੇ ਤੌਰ ਉੱਤੇ ਅੱਜ ਆਪਣੇਂ ਆਪ ਨੂੰ ਕਿੱਥੇ ਕੁ ਖੜ੍ਹਾ ਕਰਕੇ ਦੇਖਦੇ ਹੋ ?
ਪਾਸ਼ਾ – ਜੇ ਮੈਂ ਆਪਣੇਂ ਸਾਹਿਤ ਨਾਲ ਜ਼ਿੰਮੇਵਾਰ ਹਾਂ ਤਾਂ ਮੈਂ ਆਪਣੇਂ ਆਪ ਨੂੰ ਕੋਈ ਨੰਬਰ ਨਹੀਂ ਦੇ ਸਕਦਾ।ਆਪਣੇਂ ਆਪ ਨੂੰ ਅਜਿਹਾ ਦੇਖਣ ਲਈ ਮੈਰੇ ਕੋਲ ਅਜਿਹਾ ਕੁੱਝ ਹੈ ਹੀ ਨਹੀਂ। ਇੱਕ ਕਿਤਾਬ ਹੈ ਮੇਰੀ ਬੁੱਕਲ ਵਿੱਚ ‘ਵੱਖ ਹੋਣ ਤੋਂ ਪਹਿਲਾਂ’, ਕੁੱਝ ਆਰਟੀਕਲ ਤੇ ਜਾਂ ਇੱਕ ਮੁਲਾਕਾਤ ਇਮਰੋਜ਼ ਜੀ ਨਾਲ।ਇਹ ਕੰਮ ਤਾਂ ਪਾਠਕਾਂ ਦਾ ਹੈ ਕਿ ਉਹ ਆਪਣੇਂ ਲੇਖਕ ਨੂੰ ਕਿਹੜਾ ਰੁਤਬਾ ਦਿੰਦੇ ਨੇ।

ਦਰਵੇਸ਼ - ਜਦੋਂ ਕਿਸੇ ਵੀ ਨਵੀਂ ਰਚਨਾਂ ਦਾ ਤਾਣਾਂ ਬਾਣਾਂ ਸੁਹਾਡੇ ਮਨ ਅੰਦਰ ਫੁੱਟਦਾ ਹੈ, ਤਾਂ ਕਿੰਨੇ ਕੁ ਸਮੇਂ ਤੱਕ ਉਲਝਣ ਤੋਂ ਬਾਦ ਉਹ ਸਫਿਆਂ ਦੀ ਜ਼ਮੀਨ ਉੱਪਰ ਆਉਂਦਾ ਹੈ?
ਪਾਸ਼ਾ -ਆਮਦ (Creative moments) ਦਾ ਕੋਈ ਵੀ ਫਿਕਸ ਸਮਾਂ ਨਹੀਂ ਹੁੰਦਾ, ਖਿਆਲ ਕਿਸੇ ਥਾਂ ਕਿਸੇ ਵੀ ਵੇਲੇ ਆ ਸਕਦਾ ਹੈ।ਕਈ ਵਾਰ ਤਾਂ ਸੁਪਨਿਆਂ ਵਿੱਚ ਵੀ ਬੜਾ ਕੁੱਝ ਆ ਜਾਂਦਾ ਹੈ।ਚੇਤਿਆਂ ਵਿੱਚ ਖੁਣੀਆਂ ਚੀਜ਼ਾਂ ਵੀ ਬੜਾ ਸਮਾਂ ਜਿਊਂਦੀਆਂ ਰਹਿੰਦੀਆਂ ਨੇ।ਰਸੂਲ ਹਮਜ਼ਾਤੋਜ਼ ਨੇ ਲਿਖਿਆ ਹੈ।‘ਜਦੋਂ ਤੁਸੀਂ ਸੁਭਾ ਸਵੇਰੇ ਜਾਗੋ ਤਾਂ ਇੰਝ ਨਾਂ ਉੱਠੋ ਜਿਵੇਂ ਕਿਸੇ ਨੇ ਡੰਗ ਮਾਰਿਆ ਹੋਵੇ।ਸਗੋਂ ਉਸ ਸੁਪਨੇ ਬਾਰੇ ਸੋਚੋ ਜਿਹੜਾ ਰਾਤ ਨੂੰ ਵੇਖਿਆ ਸੀ’। ਸੋ ਅਸਲੀ ਖਿਆਲ ਤਾਂ ਮਨ ਵਿੱਚ ਆਉਣ ਤੋਂ ਬਾਦ ਹੀ ਪੱਕਦਾ ਹੈ।

ਦਰਵੇਸ਼ - ਕਿਸੇ ਵੀ ਰਚਨਾਂ ਦੀ ਸ਼ੁਰੂਆਤ ਅਤੇ ਅੰਤ ਕਰਨ ਲੱਗਿਆਂ ਤੁਸੀਂ ਉਸਦੀ ਸ਼ੁਰੂਆਤ ਅਤੇ ਅੰਤ ਦਾ ਫੈਸਲਾ ਕਿਵੇਂ ਕਰਦੇ ਹੋ ?
ਪਾਸ਼ਾ – ਕੋਈ ਵੀ ਖਿਆਲ ਆਪਣੇਂ ਆਗਾਜ਼ ਅਤੇ ਅੰਜ਼ਾਮ ਦਾ ਫੈਸਲਾ ਆਪ ਹੀ ਕਰਦਾ ਹੈ।ਬਲਕਿ ਉਹ ਤਾਂ ਆਪਣੀਂ ਜ਼ੁਬਾਨ ਵੀ ਆਪਣੇਂ ਨਾਲ ਹੀ ਲੈਕੇ ਆਉੰਦਾ ਹੈ।

ਦਰਵੇਸ਼ - ਕੋਈ ਵੀ ਰਚਨਾਂ ਲਿਖੇ ਜਾਣ ਅਤੇ ਬਾਰ ਬਾਰ ਸੋਧੇ ਜਾਣ ਤੋਂ ਬਾਦ ਕਿੰਨੇ ਕੁ ਸਮੇਂ ਅੰਦਰ ਪਾਠਕਾਂ ਦੇ ਦਰਬਾਰ ਲਈ ਵਿਦਾ ਹੋ ਜਾਂਦੀ ਹੈ ?
ਪਾਸ਼ਾ – ਜੇ ਰਚਨਾਂ ਦੀ ਸ਼ੁਰੂਆਤ ਖਿਆਲ ਦੇ ਆਉਣ ਤੇ ਹੁੰਦੀ ਹੈ ਤਾਂ ਇਸ ਤੋਂ ਬਾਦ ਭਾਵੇਂ ਕਾਗਜ਼ ਤੇ ਲਿਖ ਲਈ ਜਾਵੇ ਜਾਂ ਮਸਤਕ ਅੰਦਰ ਹੋਵੇ ਉਸ ਨੂੰ ਲੇਖਕ ਆਪਣੇਂ ਸਕਿੱਲ ਅਤੇ ਹੁਨਰ ਨਾਲ ਆਪਣੇਂ ਲੈਵਲ ਉੱਪਰ ਲੈ ਆਉਂਦਾ ਹੈ।ਤੇ ਜਦੋਂ ਲੇਖਕ ਦਾ ਆਪਣਾਂ ਅੰਤਰੀਵ ਉਸ ਨੂੰ ਇਜ਼ਾਜ਼ਤ ਦਿੰਦਾ ਹੈ ਕਿ ਹੁਣ ਤਾਂ ਇਹ ਆਪਣੇਂ ਆਪ ਵਿੱਚ ਸੰਪੂਰਣ ਹੈ ਉਸ ਤੋਂ ਬਾਦ ਹੀ ਲੇਖਕ ਉਸ ਨੂੰ ਪਾਠਕਾਂ ਨਾਲ ਸਾਂਝੀ ਕਰਨ ਬਾਰੇ ਸੋਚਦਾ ਹੈ।ਹਰ ਇੱਕ ਪਾਠਕ ਨੇ ਆਪਣੇਂ ਪਿਆਰੇ ਲੇਖਕ ਵਾਸਤੇ ਉਸਦੀ ਨਵੀਂ ਰਚਨਾਂ ਪ੍ਰਤੀ ਪਹਿਲਾਂ ਤੋਂ ਹੀ ਆਪਣਾਂ ਮਾਈਂਡ ਸੈੱਟ ਕੀਤਾ ਹੁੰਦਾ ਹੈ ਕਿ ਆਉਣ ਵਾਲੀ ਰਚਨਾਂ ਪਹਿਲਾਂ ਤੋਂ ਕਿਤੇ ਬਿਹਤਰ ਹੋਵੇਗੀ।

ਦਰਵੇਸ਼ - ਇੱਕੋ ਸਮੇਂ ਕਿੰਨੀਆਂ ਲਿਖਤਾਂ ਉੱਪਰ ਕੰਮ ਕਰਦੇ ਹੋ ?
ਪਾਸ਼ਾ – ਮੇਰਾ ਖਿਆਲ ਹੈ ਕਿ ਇੱਕ ਸਮੇਂ ਵਿੱਚ ਲੇਖਕ ਇੱਕੋ ਰਚਨਾਂ ਉੱਪਰ ਹੀ ਪੂਰਾ ਧਿਆਨ ਦੇ ਸਕਦਾ ਹੈ।ਲਿਉਨਾਰਦੋ ਦਾ ਵਿੰਚੀ ਵਾਂਗ ਇੱਕ ਸਮੇਂ ਵਿੱਚ ਦੋ ਪੇਟਿੰਗਜ਼ ਨਹੀਂ ਸ਼ੁਰੂ ਕੀਤੀਆਂ ਜਾ ਸਕਦੀਆਂ। ਸੋ ਮੈਂ ਵੀ ਇੱਕ ਆਮ ਬੰਦਾ ਹੋਣ ਦੇ ਨਾਤੇ ਇੱਕ ਵਕਤ ਵਿੱਚ ਇੱਕੋ ਕੰਮ ਬਾਰੇ ਹੀ ਸੋਚਦਾ ਹਾਂ।

ਦਰਵੇਸ਼ - ਜਦੋਂ ਤੱਕ ਰਚਨਾਂ ਪਾਠਕਾਂ ਦੀ ਨਹੀਂ ਹੋ ਜਾਂਦੀ, ਉਸ ਬਾਰੇ ਲਏ ਆਖਰੀ ਫੈਸਲਿਆਂ ਵਿੱਚ ਕਿੰਨੀ ਕੁ ਵਾਰ ਤਬਦੀਲ਼ੀਆਂ ਕਰਦੇ ਹੋ ?
ਪਾਸ਼ਾ – ਸਾਡੇ ਏਥੇ ਇਸਲਾਮਾਬਾਦ ਵਿੱਚ ਅਕਾਦਮੀਂ ਆਫ਼ ਲੈਟਰਜ਼ ਦੇ ਲੇਖਕ ਹਾਊਸ ਵਿੱਚ ਹਰ ਸ਼ੁੱਕਰਵਾਰ ਨੂੰ ਸ਼ਹਿਰ ਦੇ ਲੇਖਕਾਂ ਦਾ ਇਕੱਠ ਹੁੰਦਾ ਹੈ। ਜਿੱਥੇ ਹਰ ਕੋਈ ਆਪਣੀਂ ਤਾਜ਼ੀ ਰਚਨਾ ਇੱਕ ਦੂਜੇ ਨਾਲ ਸਾਂਝੀ ਕਰਦੇ ਨੇ। ਇਸ ਪੇਸ਼ਕਾਰੀ ਤੋਂ ਪਹਿਲਾਂ ਲੇਖਕ ਆਪਣਾਂ ਪੂਰਾ ਟਿੱਲ ਲਾਕੇ ਆਪਣੀਂ ਰਚਨਾਂ ਦੀਆਂ ਸਾਰੀਆਂ ਖਾਮੀਆਂ ਦੂਰ ਕਰਕੇ ਲਿਆਉਂਦਾ ਹੈ ਤਾਂ ਕਿ ਲੋਕ ਉਸ ਉੱਪਰ ਹੱਸਣ ਨਾਂ। ਫੇਰ ਵੀ ਇਹੋ ਵੇਖਿਆ ਗਿਆ ਹੈ ਕਿ ਆਲੋਚਕ ਉਸਦੀਆਂ ਲੀਰਾਂ ਕਰਕੇ ਲੇਖਕ ਦੇ ਹੱਥ ਫੜਾ ਦਿੰਦੇ ਨੇ, ਇਸ ਲਈ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕਰਨ ਤੋਂ ਪਹਿਲਾਂ ਲੇਖਕ ਨੂੰ ਆਪਣੀਂ ਰਚਨਾਂ ਸੌ ਵਾਰੀ ਸੋਧਣੀਂ ਪੈਂਦੀ ਹੈ।

ਦਰਵੇਸ਼ - ਤੁਹਾਡੀਆਂ ਉਹ ਕਿਹੜੀਆਂ ਰਚਨਾਵਾਂ ਨੇ ਜਿਹੜੀਆਂ ਅਖਬਾਰਾਂ, ਰਸਾਲਿਆਂ ਜਾਂ ਕਿਤਾਬੀ ਰੂਪ ਵਿੱਚ ਛਪਣ ਤੋਂ ਬਾਦ ਅੱਜ ਵੀ ਕਿਸੇ ਤਬਦੀਲੀ ਦੀ ਮੰਗ ਕਰਦੀਆਂ ਨੇ? ਜਾਣੀਂ ਤੁਹਾਨੂੰ ਹੁਣ ਵੀ ਲੱਗਦਾ ਹੈ ਕਿ ਤੁਸੀਂ ਆਪਣੇਂ ਕਿਰਦਾਰ ਨਾਲ ਇਨਸਾਫ ਨਹੀਂ ਕਰ ਸਕੇ ?
ਪਾਸ਼ਾ – ਕਿਸੇ ਨੇ ਸੱਚ ਹੀ ਕਿਹਾ ਹੈ ਕਿ ਅਸਲੀ ਕਲਾਕਾਰ ਕਦੇ ਵੀ ਆਪਣੇਂ ਕੰਮ ਤੋਂ ਸੰਤੁਸ਼ਟ ਨਹੀਂ ਹੁੰਦਾ। ਮੈਂ ਵੀ ਇਸ ਮੱਤ ਨੂੰ ਮੰਨਣ ਵਾਲਾ ਹੀ ਹਾਂ। ਮੈਂ ਆਪਣੀਂ ਕਿਤਾਬ ਨੂੰ ਵੇਖਦਾ ਹਾਂ ਤਾਂ ਬਹੁਤ ਗਲਤੀਆਂ ਨਜ਼ਰ ਆਉਂਦੀਆਂ ਨੇ। ਅੰਮ੍ਰਿਤਾ ਜੀ ਨੇ ਸੱਚ ਹੀ ਆਖਿਆ ਸੀ –
ਜੋ ਪਾਣੀਂ ਅੱਜ ਪੱਤਣੋਂ ਲੰਘਣਾਂ,
ਫੇਰ ਨਾਂ ਆਉਣਾਂ ਭਲਕੇ।
ਬੇੜੀ ਦਾ ਪੂਰ ਤ੍ਰਿੰਝਣ ਦੀਆਂ ਕੁੜੀਆਂ,
ਫੇਰ ਨਾਂ ਬੈਠਣ ਰਲਕੇ।……ਤੇ ਮੇਰਾ ਵੀ ਇਹੋ ਹਾਲ ਹੈ, ਵੇਲਾ ਮੁੜ ਆਵੇ ਤਾਂ ਮੈਂ ਵੀ ਆਪਣੀਂ ਕਿਤਾਬ ਦਾ ਮੂੰਹ ਮੁਹਾਂਦਰਾ ਬਦਲ ਦਿਆਂ।

ਦਰਵੇਸ਼ - ਆਪਣੀਆਂ ਰਚਨਾਵਾਂ ਬਾਰੇ ਪਾਠਕਾਂ ਦੀ ਰਾਏ ਉੱਪਰ ਕਿੰਨਾਂ ਕੁ ਅਸਰ ਕਬੂਲਦੇ ਹੋ?
ਪਾਸ਼ਾ – ਜਿਵੇਂ ਪਾਠਕਾਂ ਨੇ ਲੇਖਕਾਂ ਲਈ ਆਪਣੇਂ ਦਿਲਾਂ ਵਿੱਚ ਵੱਖਰੀ ਵੱਖਰੀ ਥਾਂ ਬਣਾਈ ਹੁਦੀ ਹੈ, ਇਸੇ ਤਰਾਂ ਲੇਖਕ ਵੀ ਪਾਠਕਾਂ ਦੀ ਗਿਣਤੀ ਮਿਣਤੀ ਕਰਦਾ ਰਹਿੰਦਾ ਹੈ।ਤੇ ਉਸਨੂੰ ਚੋਖਾ ਸੁਆਦ ਉਸ ਵੇਲੇ ਆਉਂਦਾ ਹੈ।ਜਦੋਂ ਉਸਦੀ ਰਚਨਾਂ ਨੂੰ ਆਪਣੇਂ ਤੋਂ ਵੱਡਾ ਲੇਖਕ ਮੰਨ ਜਾਵੇ। ਸਾਂਝੇ ਪਾਠਕਾਂ ਦੀ ਹੱਲਾਸ਼ੇਰੀ ਦਾ ਵੀ ਮਜ਼ਾ ਹੁੰਦਾ ਹੈ ਪਰ ਉਹਨਾ ਦੀ ਤੁਲਨਾਂ ਘੱਟ ਹੁੰਦੀ ਹੈ।

ਦਰਵੇਸ਼ - ਸਾਹਿਤ ਤੁਹਾਡੇ ਵਾਸਤੇ ਕੀ ਹੈ , ਇਸ਼ਕ, ਇਬਾਦਤ, ਯਾਤਰਾ ਜਾਂ ਸ਼ੀਸ਼ਾ ?
ਪਾਸ਼ਾ – ਸਾਹਿਤ ਪਹਿਲਾ ਇਸ਼ਕ ਹੈ ਅਤੇ ਫੇਰ ਸ਼ੀਸ਼ਾ। ਇਸ਼ਕ ਨਾਂ ਹੋਵੇ ਤਾਂ ਸੁੱਚੀ ਚੀਜ਼ ਦਾ ਦਿਮਾਗ ਵਿੱਚੋਂ ਉਦੈ ਹੋਣਾਂ ਸੰਭਵ ਨਹੀਂ।ਇਹ ਕੋਈ ਲੁਹਾਰਾ ਤਰਖਾਣਾਂ ਕੰਮ ਤਾਂ ਹੈ ਨਹੀਂ ਕਿ ਜਿਸ ਨੂੰ ਘੜਿਆ ਜਾ ਸਕੇ। ਇਸ਼ਕ ਦੀ ਧੂਣੀਂ ਧੁਖਦੀ ਹੈ ਫੇਰ ਹੀ ਅੰਦਰੋਂ ਕੋਈ ਸੁੱਚੀ ਚੀਜ਼ ਨਿੱਕਲਦੀ ਹੈ।ਲੇਖਕ ਤਾਂ ਸੰਸਾਰ ਦਾ ਅਕਸ ਹੈ ਜਿਸ ਵਿੱਚੋਂ ਸੁਸਾਇਟੀ ਨੂੰ ਆਪਣਾਂ ਮੂੰਹ ਨਜ਼ਰ ਆਉਂਦਾ ਹੈ।

ਦਰਵੇਸ਼ - ਉਹ ਕਿਹੜੀ ਰਚਨਾਂ ਸੀ ਜਿਸਨੂੰ ਪੜ੍ਹਕੇ ਤੁਸੀਂ ਵੱਧੋ ਵੱਧ ਡਿਸਟਰਬ ਹੋਏ, ਹਾਂ ਜਾਂ ਨਾਂਹ ਪੱਖੀ ?
ਪਾਸ਼ਾ – ਹੀਰ ਵਾਰਿਸ਼ ਸ਼ਾਹ, ਸਾਹ ਹੁਸੈਨ ਦੀ ਕਾਫ਼ੀ, ਸ਼ਿਵ ਦਾ ਸ਼ਿਕਰਾ, ਅਮ੍ਰਿਤਾ ਪ੍ਰੀਤਮ ਦੀ ਅੱਜ ਆਖਾਂ ਵਾਰਿਸ਼ ਸ਼ਾਹ ਨੂੰ, ਅਤੇ ਪਾਸ਼ ਦੀਆਂ ਨਜ਼ਮਾਂ।

ਦਰਵੇਸ਼ - ਬਹੁਤ ਕਿਸਮ ਦਾ ਸਾਹਿਤ ਲਿਖਿਆ ਜਾ ਰਿਹਾ ਹੈ ਅਸਲ ਵਿੱਚ ਤੁਹਾਡੀ ਨਜ਼ਰ ਵਿੱਚ ਕਿਹੋ ਜਿਹਾ ਸਾਹਿਤ ਲਿਖਿਆ ਜਾਣਾਂ ਚਾਹੀਦਾ ਹੈ ?
ਪਾਸ਼ਾ – ਮੇਰਾ ਨਹੀਂ ਖਿਆਲ ਜੇ ਤੁਸੀਂ ਕਿਸੇ ਲੇਖਕ ਉੱਤੇ ਪਾਬੰਦੀ ਲਗਾਉਂ ਜੇ ਉਹ ਸਿਰਫ ਚੁਣੇਂ ਹੋਏ ਵਿਸ਼ੇ ੳਪਰ ਹੀ ਆਪਣੀਂ ਰਚਨਾਂ ਲਿਖੇ, ਸ਼ਬਦ ਪੰਛੀ ਹੁੰਦੇ ਨੇ ਅਤੇ ਪੰਛੀਆਂ ਦਾ ਕੋਈ ਦੇਸ਼, ਧਰਮ ਜਾਂ ਕਾਨੂੰਨ ਨਹੀਂ ਹੁੰਦਾ। ਉਹ ਤਾਂ ਮਹਿਕ ਵਾਂਗ ਆਜ਼ਾਦ ਹੁੰਦੇ ਨੇ, ਹਵਾ ਵਾਂਗ, ਕਿਸੇ ਬੱਚੇ ਦੀ ਮੁਸਕਾਨ ਵਾਂਗ।ਇਸ ਲਈ ਸਾਹਿਤ ਉਹੋ ਹੀ ਵਧੀਆ ਹੁੰਦਾ ਹੈ ਜਿਸ ਵਿੱਚ ਸੱਚ ਹੋਵੇ।ਕਿਸੇ ਵੀ ਲੇਖਕ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਸੱਚ ਲਿਖਣਾਂ ਹੈ। ਭਾਵੇਂ ਸੂਲੀ ਉੱਪਰ ਖਲੋਕੇ ਲਿਖਣਾਂ ਪਵੇ।ਸੱਚ ਦੀ ਆਪਣੀਂ ਤਾਕਤ ਅਤੇ ਵਜ਼ਨ ਹੁੰਦਾ ਹੈ।

ਦਰਵੇਸ਼ - ਤੁਸੀਂ ਸਾਹਿੱਤ ਨੂੰ ਘਰ ਘਰ ਪੁਚਾਉਣ ਅਤੇ ਪਾਠਕ ਪੈਦਾ ਕਰਨ ਲਈ ਕੀ ਜੁਗਤ ਘੜ ਸਕਦੇ ਹੋ ?
ਪਾਸ਼ਾ – ਲੇਖਕ ਹੁਣ ਆਪਣੀਆਂ ਕਿਤਾਬਾਂ ਮਰਾਸੀਆਂ ਕੋਲੋਂ ਵੰਡਵਾਉਣਗੇ ਜਿਹੜੇ ਢੋਲ ਵਜਾਕੇ ਪਿੰਡ ਪਿੰਡ ਜਾਕੇ ਲਾਭੇ ਟੱਲੇ ਵਾਲੇ ਵਾਂਗ ਕਿਤਾਬ ਦੀ ਮਸ਼ਹੂਰੀ ਕਰਨ[
ਦਰਵੇਸ਼ - ਲੇਖਕ ਪਾਠਕ, ਪਬਲਿਸ਼ਰ ਅਤੇ ਵਿਕਰੇਤਾ ਦਾ ਰਿਸ਼ਤਾ ਵੱਧ ਤੋਂ ਵੱਧ ਪਾਠਕ ਪੈਦਾ ਕਰਨ ਵਾਸਤੇ ਕੀ ਭੂਮਿਕਾ ਨਿਭਾ ਸਕਦਾ ਹੈ ?
ਪਾਸ਼ਾ – ਕਿਤਾਬਾਂ ਪੜ੍ਹਨ ਦਾ ਸ਼ੌਕ ਹੁਣ ਸਿਰਫ ਸਾਡੇ ਵਰਗੇ ਸਿਰਫਿਰਿਆਂ ਦੇ ਹਿੱਸੇ ਵਿੱਚ ਹੀ ਰਹਿ ਗਿਆ ਹੈ। ਲੇਖਕ, ਪਾਠਕ ਅਤੇ ਪ੍ਰਕਾਸ਼ਕ ਇਹ ਤਿੱਕੜੀ ਮਿਲਕੇ ਹੀ ਕਿਤਾਬਾਂ ਪੜ੍ਹਨ ਦਾ ਸ਼ੌਕ ਵਧਾ ਸਕਦੇ ਨੇ। ਜਿਵੇਂ ਇੱਕ ਗੀਤ ਦੀ ਕਾਮਯਾਬੀ ਵਿੱਚ ਗੀਤਕਾਰ, ਸੰਗੀਤਕਾਰ, ਫ਼ਨਕਾਰ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਇਸੇ ਤਰਾਂ ਇਸ ਫੀਲਡ ਵਿੱਚ ਵੀ ਇਹਨਾਂ ਤਿੰਨਾਂ ਨੂੰ ਮਿਲਕੇ ਆਪਣੀਂ ਆਪਣੀਂ ਜ਼ਿੰਮੇਵਾਰੀ ਨਿਭਾਉਣੀਂ ਪਵੇਗੀ। ਇਹ ਕੰਮ ਸਭ ਤੋਂ ਪਹਿਲਾਂ ਆਪਣੇਂ ਗੁਆਂਢ ਤੋਂ ਸ਼ੁਰੂ ਕਰਨਾਂ ਪਵੇਗਾ।




1 comment:

Jatinder Lasara ( ਜਤਿੰਦਰ ਲਸਾੜਾ ) said...

ਅਦੀਬ ਸਲੀਮ ਪਾਸ਼ਾ ਨਾਲ ਗੁਫ਼ਤਗੂ ਵਧੀਆ ਲੱਗੀ......
ਆਮ ਗੁਫ਼ਤਗੂਆਂ ਨਾਲੋਂ ਹਟਕੇ ਸਵਾਲ ਚੰਗੇ ਲੱਗੇ ਅਤੇ ਪਾਸ਼ਾ ਸਾਹਿਬ ਨੇ ਬੜੀ ਬਾਖੂਬੀ ਜਵਾਬ ਦਿੱਤੇ ਨੇ...ਦੋਵਾਂ ਨੂੰ ਵਧਾਈ...!!!

- ਜਤਿੰਦਰ ਲਸਾੜਾ (Jatinder Lasara)