Wednesday, August 14, 2013

ਸਿਨੇਮਾਈ ਕਰਮ ਭੂਮੀ ਬਣਿਆ ਪੰਜਾਬ


ਪੰਜਾਬ ਦੇ ਖੇਤਾਂ, ਘਰਾਂ, ਦਫ਼ਤਰਾਂ, ਸੜਕਾਂ, ਪਾਰਕਾਂ, ਗੁਰਦੁਆਰਿਆਂ, ਮੰਦਰਾਂ, ਨਹਿਰਾਂ, ਦਰਿਆਵਾਂ ਆਦਿ ਵਿੱਚੋਂ ਅੱਜ ਕੋਈ ਵੀ ਅਜਿਹੀ ਥਾਂ ਨਹੀਂ ਜਿੱਥੇ ਅੱਜ ਕਿਸੇ ਨਾਂ ਕਿਸੇ ਪੰਜਾਬੀ ਜਾਂ ਹਿੰਦੀ ਫਿਲਮ ਦੀ ਸ਼ੂਟਿੰਗ ਨਾਂ ਚੱਲ ਰਹੀ ਹੋਵੇ ਅਤੇ ਉਸ ਵਿੱਚ ਬਹੁਤ ਸਾਰੇ ਪੰਜਾਬੀ, ਹਿਮਾਚਲੀ, ਹਰਿਆਣਵੀ ਲੋਕਾਂ ਲਈ ਰੁਜ਼ਗਾਰ ਦੇ ਰਸਤੇ ਨਾਂ ਖੁੱਲ੍ਹੇ ਹੋਣ। ਇੱਕ ਤਰਾਂ ਨਾਲ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਫਿਲਮੀ ਕਾਰਖਾਨੇਦਾਰਾਂ ਨੇ ਇੱਥੋਂ ਦੀ ਪ੍ਰਤਿਭਾ ਉੱਪਰ ਆਪਣਾ ਹਲ ਵਾਹੁਣਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਨਤੀਜੇ ਵਜੋਂ ਫਿਲਮਕਾਰਾਂ ਅਤੇ ਕਲਾਕਾਰਾਂ ਦੋਨਾਂ ਦੇ ਆਪੋ ਆਪਣੇ ਫਾਇਦੇ ਸਾਕਾਰ ਹੋਣੇ ਸ਼ੁਰੂ ਹੋ ਗਏ ਹਨ ਅਤੇ ਇਹ ਹੋਣੇ ਵੀ ਚਾਹੀਦੇ ਹਨ।

ਪੰਜਾਬ ਦੇ ਕਿਸੇ ਨਾਂ ਕਿਸੇ ਸ਼ਹਿਰ ਵਿੱਚ ਹਰ ਰੋਜ਼ ਕੋਈ ਨਾਂ ਕੋਈ ਸਕਰੀਨ ਟੈਸਟ ਚੱਲ ਹੀ ਰਿਹਾ ਹੁੰਦਾ ਹੈ ਚਾਹੇ ਉਹ ਕਿਸੇ ਫਿਲਮ ਦਾ ਹੋਵੇ, ਟੈਲੀਵੀਜ਼ਨ ਲੜੀਵਾਰ ਦਾ, ਰੋਡੀਜ਼, ਰੀਆਲਟੀ ਸ਼ੌਅ, ਕਿਡਜ਼ ਟੇਲੈਂਟ ਜਾਂ ਫਿਰ ਕਿਸੇ ਸਿੰਗਿੰਗ ਮੁਕਾਬਲੇ ਦਾ। ਜਿੱਥੋਂ ਵੀ ਪਤਾ ਲੱਗਦਾ ਹੈ ਕਲਾਕਾਰ ਬਿਨਾਂ ਕਿਸੇ ਸੱਦੇ ਦੀ ਇੰਤਜ਼ਾਰ ਕੀਤਿਆਂ ਮਿਥੀ ਹੋਈ ਥਾਂ ਪੁੱਜ ਜਾਂਦੇ ਹਨ ਆਪਣੇ ਅੰਦਰਲੇ ਕਲਾਕਾਰ ਦਾ ਕਈ ਰੂਪਾਂ ਵਾਲਾ ਚਿਹਰਾ ਦਿਖਾਉਣ ਲਈ। ਨਹੀਂ ਤਾਂ ਸਿਰਫ਼ ਇਹ ਕਲਾ ਦੇ ਧਨੀ ਲੋਕ ਸਿਰਫ਼ ਰੰਗਮੰਚ ਤੱਕ ਹੀ ਸੀਮਤ ਹੁੰਦੇ ਸਨ ਅਤੇ ਕਿਸੇ ਨਾ ਕਿਸੇ ਨਾਟਕ ਵਿੱਚ ਕੋਈ ਛੋਟਾ ਜਾਂ ਵੱਡਾ ਕਿਰਦਾਰ ਨਿਭਾ ਕੇ ਆਪਣੇ ਅੰਦਰਲੀ ਭੁੱਖ ਨੂੰ ਸ਼ਾਂਤ ਕਰ ਲਿਆ ਕਰਦੇ ਸਨ।ਫਿਰ ਟੀ.ਵੀ. ਲੜੀਵਾਰ ਬਣਨੇ ਸ਼ੁਰੂ ਹੋਏ। 'ਸਰਹੱਦ', 'ਦਾਣੇ ਅਨਾਰ ਦੇ', 'ਦੋ ਅਕਾਲਗੜ੍ਹ' ਵਰਗੇ ਕਿੰਨੇ ਹੀ ਲੜੀਵਾਰਾਂ ਨੇ ਇਹਨਾਂ ਕਲਾਕਾਰਾਂ ਦੇ ਮੋਢੇ ਉੱਪਰ ਹੱਥ ਰੱਖਿਆ ਜਿਹੜਾਂ ਇਹਨਾਂ ਦੀ ਰੋਜ਼ੀ ਦਾ ਵਸੀਲਾ ਵੀ ਬਣ ਗਿਆ ਅਤੇ ਉਦੋਂ ਤੋਂ ਲੈਕੇ ਹੁਣ ਤੱਕ ਹੀਰੇ ਦੀ ਡਲੀ ਨੂੰ ਪਹਿਚਾਨਣ ਵਾਲੇ ਪਾਰਖੂ ਅੱਜ ਵੀ ਪੰਜਾਬ ਦੀ ਧਰਤੀ ਉੱਪਰ ਕਿਧਰੇ ਨਾਂ ਕਿਧਰੇ ਕੁੱਝ ਨਾਂ ਕੁੱਝ ਤਲਾਸ਼ ਰਹੇ ਹੁੰਦੇ ਹਨ। ਕਿਉਂਕਿ ਬਾਲੀਵੁੱਡ ਦਾ ਇਤਿਹਾਸ ਗਵਾਹ ਹੈ ਕਿ ਪੰਜਾਬੀ ਹੀਰਿਆਂ ਦੀ ਫਿਲਮੀ ਦੁਨੀਆਂ ਵਿੱਚ ਕਿਹੋ ਜਿਹੀ ਥਾਂ ਹੈ, ਕਿਹੋ ਜਿਹੀ ਦੇਣ ਹੈ ? 
ਸਾਲਾਂ ਦਾ ਇੱਕ ਲੰਮਾ ਅਰਸਾ ਬੀਤ ਜਾਣ ਤੋਂ ਬਾਦ ਅੱਜ ਪੰਜਾਬ ਨੂੰ ਇਹ ਸੁਭਾਗ ਪ੍ਰਾਪਤ ਹੋਇਆ ਹੈ ਜਿਸ ਦੀ ਵਜਾਹ ਨਾਲ ਅੱਜ ਫਿਲਮੀ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਤੋਂ ਫੋਨ ਕਰਕੇ ਉਹਨਾਂ ਦੀਆਂ ਡੇਟਸ ਦੀ ਮੰਗ ਕੀਤੀ ਜਾ ਰਹੀ ਹੈ। ਉਹ ਸਟਾਰ ਸ਼ਬਦ ਨਾਲ ਨਵਾਜੇ ਜਾਣ ਲੱਗ ਪਏ ਹਨ। ਉਹਨਾਂ ਨੂੰ ਹਿੰਦੀ ਫਿਲਮਾਂ ਤੋਂ ਆਫ਼ਰਜ਼ ਆਉਣ ਲੱਗ ਪਈਆਂ ਹਨ। ਉਹ ਕਮਰਸ਼ੀਅਲ਼, ਕਾਰਪੋਰੇਟ ਫਿਲਮਾਂ ਵਿੱਚ ਨਜ਼ਰ ਆ ਰਹੇ ਹਨ। ਉਹ ਬਦੇਸ਼ਾਂ ਵਿੱਚ ਸ਼ੋਅਜ਼ ਕਰ ਰਹੇ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਕਿ ਪੰਜਾਬ ਦੀ ਇਸੇ ਧਰਤੀ ਉੱਪਰ ਸਿਰਫ਼ ਮਹਿੰਗੇ ਫਿਲਮ ਪੁਰਸਕਾਰ ਵੀ ਆਯੋਜਿਤ ਹੋਣ ਲੱਗ ਪਏ ਹਨ। ਅੱਜ ਪੰਦਰਾਂ ਸਾਲ ਦਾ ਵਕਫ਼ਾ ਹੋ ਗਿਆ ਹੈ ਕਿ ਇਹ ਫਿਲਮੀਆਂ ਦਾ ਮੇਲਾ ਦਿਨ ਬਦਿਨ ਵੱਡਾ ਹੀ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਅਖਬਾਰਾਂ ਹਰ ਰੋਜ਼ ਪੰਜਾਬੀ ਕਲਾਕਾਰਾਂ ਦੀਆਂ ਤਸਵੀਰਾਂ ਦੀ ਸਤਰੰਗੀ ਨਜ਼ਰ ਆਉਂਦੀ ਹੈ। ਮੁੰਬਈ ਤੋਂ ਚੰਡੀਗੜ੍ਹ ਪੁੱਜਣ ਵਾਲ਼ੀਆਂ ਉਡਾਣਾਂ ਵਿੱਚ ਜ਼ਿਆਦਾ ਟਿਕਟਾਂ ਫਿਲਮਾਂ ਬਣਾਉਣ ਵਾਲਿਆਂ ਦੀਆਂ ਬੁੱਕ ਹੁੰਦੀਆਂ ਨੇ। ਜੰਮੂ ਤਵੀ ਜਾਂ ਫਿਰ ਪੱਛਿਮ ਐਕਸਪ੍ਰੈਸ ਹਰ ਰੋਜ਼ ਕਿਸੇ ਨਾ ਕਿਸੇ ਫਿਲਮੀ ਯੂਨਿਟ ਨੂੰ ਅੰਬਾਲਾ ਸਟੇਸ਼ਨ ਉੱਪਰ ਉਤਾਰਦੀ ਹੈ। ਪੰਜਾਬ ਦੇ ਹੋਟਲ ਭਰੇ ਭਰਾਏ ਮਿਲਦੇ ਨੇ। ਕੀ ਇਹ ਸਾਰਾ ਕੁੱਝ ਪੰਜਾਬ ਦੇ ਕਾਮਿਆਂ ਅਤੇ ਪ੍ਰਤਿਭਾਵਾਂ ਲਈ ਸ਼ੁੱਭ ਸੰਕੇਤ ਨਹੀਂ ਹੈ। ਇਸ ਨੂੰ ਸੰਭਾਲ ਕੇ ਰੱਖਣਾ ਪੰਜਾਬੀਓ । ਇਹ ਫਿਰ ਤੋਂ ਦੁਨੀਆਂ ਵਿੱਚ ਤੁਹਾਡੀ ਚੜ੍ਹਤ ਕਾਇਮ ਕਰੇਗਾ। ਹਾਲੀਵੁੱਡ ਵਾਲਿਆਂ ਨੇ ਵੀ 'ਪਾਰਟੀਸ਼ਨ' ਫਿਲਮ ਵੇਲੇ ਪੰਜਾਬ ਵਿੱਚ ਫੇਰੀ ਪਾਈ ਸੀ ਅਤੇ ਇੱਕਾ ਦੁੱਕਾ ਕੰਮ ਕਰਦੇ 'ਜ਼ੀਰੋ ਡਾਰਕ ਥਰਟੀ' ਤੱਕ ਪਹੁੰਚ ਗਏ ਹਨ ਜਿਹਨਾਂ ਵਿੱਚ ਪੰਜਾਬ ਦੀ ਪ੍ਰਤਿਭਾ ਹਰ ਪਾਸੇ ਦਿਖਾਈ ਦਿੱਤੀ ਸੀ.. ਸੋ ਇਸ ਕਰਮ ਭੂਮੀ ਨੂੰ ਹਰ ਚੜ੍ਹਦੀ ਸਵੇਰ ਸਲਾਮ ਕਰੋ ਅਤੇ ਇੰਤਜ਼ਾਰ ਕਰੋ ਇੱਕ ਹੋਰ ਨਵੇਂ ਫਿਲਮਕਾਰ ਦਾ.. ..!

No comments: