Tuesday, February 5, 2013

ਕੌਫ਼ੀ ਸ਼ਾੱਪ / ਪਰਮਿੰਦਰ ਸੋਢੀ - ਦਰਸ਼ਨ ਦਰਵੇਸ਼

                                                         ਪਰਮਿੰਦਰ ਸੋਢੀ - ਦਰਸ਼ਨ ਦਰਵੇਸ਼



ਨਵੇਂ ਵਰ੍ਹੇ ਦੀ ਆਮਦ ਉੱਪਰ ਮੈਂ 'ਪੱਤੇ ਦੀ ਮਹਾਯਾਤਰਾ' ਦੇ ਸਮਰੱਥ ਸ਼ਾਇਰ ਪਰਮਿੰਦਰ ਸੋਢੀ ਨਾਲ ਕੌਫ਼ੀ ਦਾ ਪਿਆਲਾ ਸਾਂਝਾ ਕੀਤਾ ਹੈ ਅਤੇ ਹਰ ਘੁੱਟ ਦਾ ਲੁਤਫ਼ ਜੀਵਿਆ ਹੈ। ਮੈਂ ਜਦੋਂ ਜਦੋਂ ਵੀ ਉਸਦੀ ਸ਼ਾਇਰੀ ਨਾਲ ਅੱਖਾਂ ਚਾਰ ਕੀਤੀਆਂ ਨੇ ਮੈਨੂੰ ਮਹਿਸੂਸ ਹੋਇਆ ਹੈ ਨਸ਼ੇ ਦੀ ਘੁੱਟ ਕਦੇ ਵੀ ਡੀਕ ਲਾ ਕੇ ਨਹੀਂ ਸੜ੍ਹਾਕੀ ਜਾ ਸਕਦੀ। ਉਸਦੀ ਸ਼ਾਇਰੀ ਵਿੱਚ ਤੇਹ ਅਤੇ ਚੁੰਮਣ ਦਾ ਜੁਗਰਾਫ਼ੀਆ ਮੈਂ ਬਗਲਗੀਰ ਹੁੰਦੇ ਵੇਖਿਆ ਹੈ ਬਹੁਤ ਨੇੜਿਉਂ.. .. ਅੱਜ ਕੌਫ਼ੀ ਦਾ ਪਿਆਲਾ ਠੰਡਾ ਕਰਕੇ ਅਸੀਂ ਉਸ ਵਿੱਚੋਂ ਸਾਡੀ ਤੇਹ ਦੇ ਅਰਥ ਤਲਾਸ਼ੇ ਨੇ, ਕਿੰਝ ਲੱਗੇ ਦੱਸਿਉ ਜ਼ਰਾ...

1. ਸਭ ਤੋਂ ਵੱਡੀ ਖੁਸ਼ੀ ਸਭ ਤੋਂ ਪਹਿਲਾਂ ਕਿਸ ਨਾਲ ਸਾਂਝੀ ਕਰਦੇ ਹੋ ?
ਪਹਿਲਾਂ ਆਪਣੇ ਆਪ ਨਾਲ।ਫਿਰ ਜੋ ਆਸ ਪਾਸ ਹੋਵੇ ।ਫਿਰ ਪਰਿਵਾਰ ਤੇ ਮਿੱਤਰਾਂ ਪਿਆਰਿਆਂ ਨਾਲ।

... 2. ਆਪਣੇਂ ਆਪ ਨਾਲ ਸੰਵਾਦ ਕਰਕੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ ?
-ਬਹੁਤੀ ਵਾਰ ਅਸੀਂ ਬਾਹਰੀ ਸੰਸਾਰ ਤੇ ਹਾਲਾਤਾਂ ਨਾਲ ਹੀ ਸੰਵਾਦ 'ਚ ਪਏ ਰਹਿੰਦੇ ਹਾਂ। ਪਰ ਜਦੋਂ ਆਪਣੇ ਆਪ ਨਾਲ ਸੰਵਾਦ ਸ਼ੁਰੂ ਹੋ ਜਾਵੇ ਤਾਂ ਸਹਿਜ ਹੋ ਜਾਂਦਾ ਹਾਂ।

3. ਕਦੇ ਵੀ ਪ੍ਰਭਾਵਿਤ ਵਿਅਕਤੀ ਕਰਦਾ ਹੈ ਜਾਂ ਉਸਦਾ ਵਿਅਕਤੀਤਵ ?
- ਵਿਅਕਤੀ ਅਤੇ ਉਸਦਾ ਵਿਅਕਤੀਤਵ ਵੱਖ-ਵੱਖ ਵਰਤਾਰੇ ਨਹੀਂ ਹੁੰਦੇ। ਦੋਵੇਂ ਇੱਕੋ ਚੀਜ਼ ਹੁੰਦੇ ਨੇ। ਇਸ ਲਈ ਜਦੋਂ ਕਿਸੇ ਨੂੰ ਮਿਲਣ ਜਾਣਨ ਦਾ ਮੌਕਾ ਮਿਲੇ ਤਾਂ ਪ੍ਰਭਾਵਿਤ ਹੋ ਜਾਂਦਾ ਹਾਂ।

 


 4. ਕੋਈ ਘਟਨਾਂ ਰੋਣ ਲਈ ਮਜ਼ਬੂਰ ਕਰਦੀ ਹੈ ਜਾਂ ਕੋਈ ਯਾਦ ?
- ਯਾਦ ਕਿਹੋ ਜਿਹੀ ਵੀ ਹੋਵੇ ਰੁਆ ਨਹੀਂ ਸਕਦੀ।ਯਾਦ ਸੱਚ ਨਹੀਂ ਹੁੰਦੀ,ਮਹਿਜ਼ ਸਿਮਰਤੀ ਦਾ ਹਿੱਸਾ ਹੁੰਦੀ ਹੈ।ਘਟਨਾ ਹੁਣ ਵਾਲੇ ਪਲ 'ਚ ਵਾਪਰਦੀ ਹੈ ਇਸ ਲਈ ਤਨ-ਮਨ 'ਤੇ ਅਸਰ ਕਰ ਸਕਦੀ ਹੈ।

5. ਕਿਹੜੀ ਆਦਤ ਹੈ ਜਿਹੜੀ ਕਿਸੇ ਵਿੱਚ ਵੇਖਦੇ ਹੋ ਤਾਂ ਜਲਨ ਮਹਿਸੂਸ ਹੁੰਦੀ ਹੈ ?
-ਗੁੱਸੇ 'ਚ ਵੀ ਸਹਿਜ ਬਣਾਈ ਰਖਣ ਵਾਲੀ ਆਦਤ।

6. ਜਾਗਦੀਆਂ ਅੱਖਾਂ ਨਾਲ ਕਿਹੋ ਜਿਹਾ ਸੁਪਨਾਂ ਵੇਖਣਾਂ ਪਸੰਦ ਕਰਦੇ ਹੋ ?
-ਜਾਗਦੀਆਂ ਅੱਖਾਂ ਨਾਲ ਸੁਪਨਾ ਨਹੀਂ ਦੇਖਦਾ ।ਉਂਝ ਕਾਮਨਾ ਕਰਦਾ ਹਾਂ ਕਿ ਅਸੀਂ ਆਪਣੀਆਂ ਪਾਸ਼ਵੀ ਬਿਰਤੀਆਂ ਤੋਂ ਪਾਰ ਹੋਕੇ ਸੋਹਣਾ-ਨਿੱਘਾ-ਮੋਹ ਭਰਿਆ ਸੰਸਾਰ ਸਿਰਜੀਏ।

7. ਕਿਹੋ ਜਿਹੇ ਰੰਗਾਂ ਦੀ ਪੁਸ਼ਾਕ ਵਿੱਚ ਆਪਣੇਂ ਆਪ ਨੂੰ ਚੁਸਤ ਦਰੁਸਤ ਮਹਿਸੂਸ ਕਰਦੇ ਹੋ ?
-ਚੁਸਤੀ ਦਰੁਸਤੀ ਤਨ-ਮਨ ਦੀ ਚੜਦੀ-ਕਲਾ 'ਤੇ ਨਿਰਭਰ ਕਰਦੀ ਹੈ। ਪਰ ਰੰਗ-ਪੁਸ਼ਾਕ...ਨੀਲੀ ਜੀਨਜ਼ ਅਤੇ ਸਫ਼ੇਦ ਕਮੀਜ਼ ਦਾ ਆਸਰਾ ਲੈਣਾ ਚੰਗਾ ਲਗਦਾ ਹੈ ।
 


8. ਅੱਜ ਤੱਕ ਸਭ ਤੋਂ ਵੱਧ ਕਿਸ ਕਿਤਾਬ ਨੇ ਪ੍ਰਭਾਵਿਤ ਕੀਤਾ ?
-ਉਮਰ ਦੇ ਵੱਖੋ-ਵੱਖਰੇ ਪੜਾਵਾਂ 'ਤੇ ਵੱਖੋ-ਵੱਖਰੀਆਂ ਕਿਤਾਬਾਂ ਨੇ ਪ੍ਰਭਾਵਿਤ ਕੀਤਾ, ਪਰ ਬੁੱਧ-ਬਾਣੀ 'ਧੱਮਪਦ' ਨੂੰ ਕਦੇ ਵੀ ਕਿਤੇ ਵੀ ਪੜ੍ਹਨਾ ਚੰਗਾ ਲਗਦਾ ਹੈ ।

9. ਦੇਸ਼ ਅੰਦਰਲੀਆਂ ਕਿਹੜੀਆਂ ਦੁਰਘਟਨਾਵਾਂ ਨੇ ਦੇਸ਼ ਛੱਡ ਦੇਣ ਦਾ ਖਿਆਲ ਮਨ 'ਚ ਪੈਦਾ ਕੀਤਾ ?
- ਕਿਸੇ ਨੇ ਵੀ ਨਹੀਂ । ਦੇਸ਼ ਕਦੇ ਵੀ ਨਹੀਂ ਛਡਿਆ ।ਜਪਾਨ 'ਚ ਰਹਿਣ ਦੇ ਦੋ ਕਾਰਨ ਸਨ ਤੇ ਹਨ ।ਇੱਕ ਆਪਣੀ ਮੁਹਬੱਤ,ਦੂਜਾ ਨਵੇਂ ਸਭਿਆਚਾਰ ਤੇ ਨਵੇਂ ਲੋਕਾਂ ਨੂੰ ਜਾਣਨ-ਮਾਨਣ ਦੀ ਤਾਂਘ।

10. ਕਿਹੋ ਜਿਹੀ ਖੁਸ਼ੀ ਵੇਲ਼ੇ ਬਿੱਲਕੁਲ ਇਕੱਲੇ ਰਹਿਣਾਂ ਪਸੰਦ ਕਰਦੇ ਹੋ ?
-ਜਦੋਂ ਇੱਕਲੇ ਰਹਿਣ ਨੂੰ ਦਿਲ ਕਰੇ ਤਾਂ ਖੁਸ਼ੀ ਕੀ ਤੇ ਦੁੱਖ ਕੀ ! ਉਂਝ ਖੁਸ਼ੀ ਤਾਂ ਹੋਰਾਂ ਨਾਲ ਸਾਂਝੀ ਕਰਨ ਵਾਲੀ ਚੀਜ਼ ਹੁੰਦੀ ਹੈ।

11. ਪੂਰੇ ਹੋਏ ਸੁਪਨੇ ਅਤੇ ਅਪੂਰਤ ਰਹੇ ਸੁਪਨਿਆਂ ਬਾਰੇ ਕੀ ਕੀ ਲਿਖਿਆ ਹੈ ?
-ਹਰ ਲਿਖਤ ਵਿਚ ਮੇਰੀ ਹੱਡ-ਬੀਤੀ,ਜ਼ਿੰਦਗੀ ਨੂੰ ਦੇਖਣ ਪਰਖਣ ਦਾ ਮੇਰਾ ਨਜ਼ਰਿਆ ਤੇ 'ਸਤਿਅਮ-ਸ਼ਿਵਮ-ਸੁੰਦਰਮ' ਭਰੀ ਮਨੁੱਖਤਾ ਦੀ ਕਾਮਨਾ ਸ਼ਾਮਲ ਹੁੰਦੀ ਹੈ।ਪੂਰੇ-ਅਧੂਰੇ ਸੁਪਨਿਆਂ ਬਾਰੇ ਮੈਂ ਮਿੱਥਕੇ ਕੁਝ ਨਹੀਂ ਲਿਖਿਆ ।
 


12. ਕਿਹੜਾ ਗਮ ਹੈ ਜੋ ਉਮਰ ਭਰ ਚੁਭਦਾ ਰਹੇਗਾ ?
- ਕੋਈ ਵੀ ਨਹੀਂ ।
13. ਜੇ ਦੋਬਾਰਾ ਜਨਮ ਮਿਲਿਆ ਤਾਂ ਕਿਸ ਰੂਪ ਵਿੱਚ ਲੈਣਾਂ ਚਾਹੋਗੇ ?
-ਹੁਣ ਵਾਲੇ ਰੂਪ ਵਿਚ ਹੀ ।

14. ਕਿਸ ਰੂਪ 'ਚ ਯਾਦ ਕੀਤਾ ਜਾਣਾਂ ਪਸੰਦ ਕਰੋਗੇ ?
-ਕੋਈ ਮੈਨੂੰ ਕਿਵੇਂ ਯਾਦ ਕਰੇ ਇਹ ਤਾਂ ਯਾਦ ਕਰਨ ਵਾਲੇ ਦੀ ਮਰਜ਼ੀ।ਮੈਂ ਆਮੋ-ਆਮ ਜਿਹਾ ਬੰਦਾ ਹਾਂ ਇਸ ਲਈ ਇਵੇਂ ਹੀ ਪਸੰਦ ਕਰ ਲਵੋਗੇ ਤਾਂ ਧੰਨਵਾਦੀ ਹੋਵਾਂਗਾ,ਬਾਕੀ ਤੇਰੇ ਮੁਹਰੇ ਥਾਨ ਸੁੱਟਿਆ,ਭਾਵੇਂ ਲਹਿੰਗਾ ਸੁਆ ਲੈ ਭਾਵੇਂ ਕੁੜਤੀ...

1 comment:

GURPREET KAUR (EH IK PAL) said...

sawal te jawab dove sohne san...