Tuesday, May 25, 2010

ਡੰਡੀਆਂ-ਪਗਡੰਡੀਆਂ


ਅੱਜ ਬਹੁਤਾ ਸਾਹਿਤ ਆਲੋਚਕਾਂ ਨੂੰ ਖੁਸ਼ ਕਰਨ ਵਾਸਤੇ ਲਿਖਿਆ ਜਾਂਦਾ ਹੈ – ਮੇਜਰ ਮਾਂਗਟ
ਗੱਲਬਾਤ - ਦਰਸ਼ਨ ਦਰਵੇਸ਼
ਮੇਜਰ ਮਾਂਗਟ ਪੰਜਾਬੀ ਦਾ ਸਮਰੱਥ ਕਹਾਣੀਕਾਰ ਹੈ। ਪ੍ਰਵਾਸੀ ਪੰਜਾਬੀ ਲੇਖਕਾਂ ਦਾ ਜਦੋਂ ਵੀ ਸਾਰਥਿਕ ਮੁਲਾਂਕਣ ਜਾਂ ਜ਼ਿਕਰ ਕੀਤਾ ਜਾਵੇਗਾ ਤਾਂ ਮੇਜਰ ਦਾ ਨਾਂ ਉਹਨਾਂ ਕਹਾਣੀਕਾਰਾਂ ਦੀ ਪਹਿਲ਼ੀ ਮੰਜ਼ਿਲ ਉੱਤੇ ਖੜ੍ਹਾ ਕੀਤਾ ਜਾਵੇਗਾ ਜਿਹਨਾਂ ਨੇ ਆਪਣੀਂ ਕਹਾਣੀਂ ਅੰਦਰ ਸਮਾਜ ਦੇ ਬਹੁਪਰਤੀ ਰੰਗਾਂ ਵਾਲੇ ਕਿਰਦਾਰਾਂ ਨੂੰ ਆਪਣੀਂ ਕਲਮ ਦੀ ਤੀਸਰੀ ਅੱਖ ਤੋਂ ਕਦੇ ਵੀ ਓਝਲ ਨਹੀਂ ਹੋਣ ਦਿੱਤਾ।ਉਸਦੇ ਨਜ਼ਰੀਏ ਅੰਦਰ ਪਰਤਾਂ ਨੂੰ ਉਹਨਾਂ ਦੀ ਸਮਰੱਥਾ ਅਤੇ ਅਸਹਿਜਤਾ ਮੁਤਾਬਿਕ ਪੇਸ਼ ਕਰਨ ਦੀ ਜੁਗਤ ਹਰ ਵੇਲੇ ਛੁਪੀ ਰਹਿੰਦੀ ਹੈ।ਉਹ ਤੀਰਾਂ ਨਾਲ ਵਾਰ ਕਰਨ ਨਹੀਂ ਰੋਕਣ ਦੀ ਹਾਮੀਂ ਭਰਨ ਵਾਲਾ ਮਲਵਈ ਮਿੱਟੀ ਦੇ ਸਿਆੜਾਂ ਦਾ ਲੇਖਕ ਹੈ।ਇਸ ਵੇਲੇ ਮੈਂ ਉਸਨੂੰ ਅਦਬਲੋਕ ਰਾਹੀਂ ਸਾਂਝੇ ਤੌਰ ਉੱਤੇ ਉਹਨਾਂ ਦੇ ਪਾਠਕਾਂ ਨਾਲ ਮਿਲਾਉਣ ਦੀ ਖੁਸ਼ੀ ਲੈ ਰਿਹਾ ਹਾਂ :-
ਦਰਵੇਸ਼ - ਸਭ ਤੋਂ ਪਹਿਲਾਂ ਇਹ ਦੱਸੋ ਕਿ ਸਾਹਿਤ ਨਾਲ ਤੁਹਾਡੀ ਸਭ ਤੋਂ ਪਹਿਲੀ ਯਾਰੀ ਕਦੋ ਪਈ ਸੀ
ਮੇਜਰ - ਉਦੋਂ ਮੈਂ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ।ਸਭ ਤੋਂ ਪਹਿਲਾਂ ਮੈਂ ਇੱਕ ਗੀਤ ਲਿਖ ਕੇ ਆਪਣੇ ਇੱਕ ਦੋਸਤ ਨੂੰ ਸੁਣਾਇਆ ਤਾਂ ਉਸ ਨੇ ਬਹੁਤ ਹੱਲਾ ਸ਼ੇਰੀ ਦਿੱਤੀ।ਇਹ ਗੀਤ ਮੇਰੀ ਇੱਕ ਪਾਸੜ ਚਾਹਤ ‘ਚੋਂ ਜਨਮਿਆ ਸੀ।ਜੋ ਸਹਿਤ ਨਾਲ ਯਾਰੀ ਪੈਣ ਦਾ ਸਬੱਬ ਬਣਿਆ।
ਦਰਵੇਸ਼ - ਜਦੋਂ ਤੁਸੀਂ ਪਹਿਲੀ ਵਾਰ ਕੋਈ ਵੀ ਸਾਹਿਤਕ ਰਚਨਾਂ ਪੜ੍ਹੀ ਤਾਂ ਉਸ ਰਚਨਾਂ ਅਤੇ ਉਸਦੇ ਲੇਖਕ ਬਾਰੇ ਕਿਹੋ ਜਿਹੇ ਵਿਚਾਰ ਮਨ ਵਿੱਚ ਆਏ ਸੀ ?
ਮੇਜਰ - ਪਹਿਲੀ ਵਾਰ ਸਿਲੇਬਸ ਵਿੱਚ ਲੱਗੀ ਸੰਤੋਖ ਸਿੰਘ ਧੀਰ ਜੀ ਦੀ ਕਹਾਣੀ ‘ਕੋਈ ਇੱਕ ਸਵਾਰ’ ਅਤੇ ਨਾਨਕ ਸਿੰਘ ਦਾ ਨਾਵਲ ‘ਚਿੱਟਾ ਲਹੂ’ਮੇਰੇ ਮਨ ਵਿੱਚ ਬਹੁਤ ਡੂੰਘੇ ਉੱਤਰੇ।ਮੈਨੂੰ ਪੜ੍ਹ ਕੇ ਕੱੁਝ ਅਜ਼ੀਬ ਜਿਹਾ ਨਸ਼ਾ ਮਹਿਸੂਸ ਹੋਇਆ।ਬੱਸ ਏਥੋਂ ਹੀ ਪੜ੍ਹਨ ਦੀ ਲੱਤ ਲੱਗ ਗਈ।ਸੋਚਿਆ ਇਹ ਕਿਹੋ ਜਿਹੇ ਸ਼ਬਦਾਂ ਦੇ ਜਾਦੂਗਰ ਨੇ,ਜੋ ਆਪਣੀ ਕਲਾ ਦੇ ਕਮਾਲ ਨਾਲ ਸਭ ਕੁੱਝ ਅਸਲ ਵਾਂਗੂ ਵਾਪਰਦਾ ਮਹਿਸੂਸ ਕਰਵਾ ਦਿੰਦੇ ਨੇ।
ਦਰਵੇਸ਼ - ਪਹਿਲੀ ਵਾਰ ਸਾਹਿਤ ਨਾਲ ਜੁੜਨਾਂ ਆਪਣੇਂ ਆਪ ਵਿੱਚ ਕਿਹੋ ਜਿਹਾ ਲੱਗਿਆ ਸੀ ?
ਮੇਜਰ - ਬਹੁਤ ਵਧੀਆ ਲੱਗਿਆ ਸੀ।ਚੰਗੀ ਰਚਨਾ ਪੜ੍ਹ ਕੇ ਇੱਕ ਖੁਮਾਰੀ ਜਿਹੀ ਮਹਿਸੂਸ ਹੁੰਦੀ ਅਤੇ ਲਿਖ ਕੇ ਆਪਣੇ ਅੰਦਰਲਾ ਖਲਾਅ ਭਰ ਗਿਆ ਲੱਗਦਾ।ਜੋ ਗੱਲ ਮੇਰੇ ਤੋਂ ਬੋਲ ਕੇ ਨਹੀਂ ਸੀ ਕਹੀ ਜਾਂਦੀ ਆਪਣੀ ਰਚਨਾ ਵਿੱਚ ਮੈਂ ਸਹਿਜੇ ਹੀ ਕਹਿ ਜਾਂਦਾ ਸਾਂ।ਸੰਗਾਊ ਅਤੇ ਅੰਤਰਮੁੱਖੀ ਹੋਣ ਕਰਕੇ ਲਿਖਣਾ ਮਨ ਦੇ ਕਥਾਰਸਿਸ ਦਾ ਵਸੀਲਾ ਬਣ ਗਿਆ।
ਦਰਵੇਸ਼ - ਇਸ ਗੱਲ ਦੀ ਤੁਹਾਡੀ ਨਜ਼ਰ ਵਿੱਚ ਕੀ ਅਹਿਮੀਅਤ ਹੈ ਕਿ ਕਿਸੇ ਵੀ ਲੇਖਕ ਦਾ ਲੇਖਕ ਤੋਂ ਵੱਧ ਪਾਠਕ ਹੋਣਾਂ ਜ਼ਿਆਦਾ ਜਰੂਰੀ ਹੁੰਦਾ ਹੈ?
ਮੇਜਰ - ਇਹ ਗੱਲ ਬਹੁਤ ਹੀ ਜਰੂਰੀ ਹੈ ਕਿ ਲੇਖਕ ਇੱਕ ਵਧੀਆ ਪਾਠਕ ਹੋਵੇ।ਲੇਖਕ ਗਿਆਨ ਦਾ ਸਮੁੰਦਰ ਹੋਣਾ ਚਾਹੀਦਾ ਹੈ।ਇਹ ਗਿਆਨ ਉਸ ਨੂੰ ਪੜ੍ਹਿਆਂ ਹੀ ਪ੍ਰਾਪਤ ਹੋਣਾ ਹੈ।ਜੇ ਕਰ ਉਸ ਦਾ ਆਪਣਾ ਭਾਂਡਾ ਹੀ ਖਾਲੀ ਹੈ ਤਾਂ ਉਹ ਪਾਠਕਾਂ ਨੂੰ ਕੀ ਦੇ ਸਕੇਗਾ? ਆਪਣੀਆਂ ਰਚਨਾਵਾਂ ਵੀ ਉਸ ਨੂੰ ਪਾਠਕ ਦੇ ਤੌਰ ਪੜ੍ਹਨੀਆਂ ਚਾਹੀਦੀਆਂ ਹਨ।ਇੱਕ ਚੰਗਾ ਪਾਠਕ ਹੀ ਰਚਨਾ ਦਾ ਨਿਰਣਾ ਬਾਖੂਬੀ ਕਰ ਸਕਦਾ ਹੈ।
ਦਰਵੇਸ਼ - ਤੁਸੀਂ ਹੁਣ ਤੱਕ ਕਿੰਨਾਂ ਕੁ ਸਾਹਿਤ ਕਿਹੜੀ ਵਿਧਾ ਵਿੱਚ ਜ਼ਿਆਦਾ ਪੜ੍ਹਿਆ ਹੈ?
ਮੇਜਰ - ਵੈਸੇ ਤਾਂ ਮੈਂ ਸਾਹਿਤ ਦਾ ਹਰ ਰੂਪ ਹੀ ਪੜ੍ਹਦਾ ਹਾਂ।ਪਰ ਗਲਪ ਜਾਂ ਵਾਰਤਿਕ ਨੂੰ ਮੈਂ ਜ਼ਿਆਦਾ ਪੜ੍ਹਦਾ ਹਾਂ।ਮੈਨੂੰ ਨਾਵਲ,ਕਹਾਣੀਆਂ ਦੇ ਨਾਲ ਨਾਲ ਸਵੈ-ਜੀਵਨੀਆਂ,ਸਫਰਨਾਮੇ ਅਤੇ ਖਾਸ ਵਿਸ਼ਿਆਂ ਤੇ ਲਿਖੇ ਨਿਬੰਧ ਵੀ ਬਹੁਤ ਚੰਗੇ ਲੱਗਦੇ ਹਨ।
ਦਰਵੇਸ਼ - ਉਹ ਕਿਹੜੀਆਂ ਸਾਹਿਤਕ ਕਿਰਤਾਂ ਨੇ ਜਿਹੜੀਆਂ ਕਦੇ ਵੀ ਤੁਹਾਡੇ ਮਨ-ਮਸਤਕ ਤੋਂ ਨਹੀਂ ਮਿਟ ਸਕਦੀਆਂ ?
ਮੇਜਰ - ਰਸੂਲ ਹਮਜ਼ਾਤੋਵ ਦਾ ‘ਮੇਰਾ ਦਾਗਿਸਤਾਨ’।ਮੈਕਸਮ ਗੋਰਕੀ ਦਾ ‘ਮਾਂ’ ‘ਮੇਰਾ ਬਚਪਨ’ ‘ਮੇਰੇ ਵਿਸ਼ਵ ਵਿਦਿਆਲੇ’ ਅਤੇ ‘ਜੀਵਨ ਕੀ ਔਰ’।ਅਕਸਦ ਮੁਖਤਾਰ ਦਾ ‘ਭੈਣਾਂ’।ਬੋਰਿਸ ਪੋਲੇਵੋਈ ਦਾ ‘ਅਸਲੀ ਇਨਸਾਨ ਦੀ ਕਹਾਣੀ’।ਇ: ਸ: ਤੁਨਗੇਨੇਵ ‘ਪੂਰਬਲੀ ਸੰਧਿਆ’ ਅਤੇ ‘ਅਲਵਿਦਾ ਗੁਲਸਾਰੀ’।ਜਾਨ ਰੀਡ ‘ਦਸ ਦਿਨ ਜਿਨਾਂ ਦੁਨੀਆ ਹਿਲਾ ਦਿੱਤੀ’।ਐੱਮ ਖਰਾਪਚੈਂਕੋ ਦੀ ‘ਲੇਖਕ ਦੀ ਰਚਨਈ ਸਖਸ਼ੀਅਤ ਅਤੇ ਸਾਹਿਤ ਦਾ ਵਿਕਾਸ’।ਗੈਨਰਿਖ ਵਾਲਕੋਵ ‘ਇੱਕ ਪ੍ਰਤਿੱਭਾ ਦਾ ਜਨਮ’।ਮਿਖਾਈਲ ਸ਼ੋਲੋਖੋਵ ਦੀਆਂ ਕਹਾਣੀਆਂ।ਓ ਯਾਕੂਤ ਦੀ ‘ਅਫਲਾਤੂਨ ਤੋਂ ਲੈਨਨ ਤੱਕ’।ਲੂਸ਼ਨ ਦੀ ‘ਸਾਹਿਤ ਅਤੇ ਇਨਕਲਾਬ’।ਵੀ ਗੌਟ ਦੀ ‘ਅਦਭੁਤ ਸੰਸਾਰ ਪਰ ਜਾਨਣ ਯੋਗ’।ਏਂਗਲਜ਼ ‘ਟੱਬਰ ਨਿੱਜੀ ਜਾਇਦਾਦ ਅਤੇ ਰਾਜ ਦੀ ਉਤਪਤੀ’।ਵ੍ਰਿ ਗ੍ਰਿ ਆਫਾਨਾਮੀਏਵ ‘ਦਾਰਸ਼ਨਿੱਕ ਗਿਆਨ ਦੇ ਮੁੱਢਲੇ ਨਿਯਮ’।ਲਿਊ ਤਾਲਸਤਾਏ ‘ਐਨਾ ਕਰਨੀਨਾ’ ਅਤੇ ‘ਜੰਗ ਤੇ ਅਮਨ’।ਅੰਤੋਨ ਚੈਖੋਵ ਦੀਆਂ ਕਹਾਣੀਆਂ(ਤਿੰਨ ਵਰੇ)।ਅਰਨੈਸਟ ਹੈਮਿੰਗਵੇਅ ‘ਬੁੱਢਾ ਤੇ ਸਮੁੰਦਰ’ਅਤੇ ‘ਸਾਸ਼ਤਰਾਂ ਤੋਂ ਵਿਦਾਇਗੀ’।ਜੀਨ ਪਾਲ ਸਾਰਤਰ ਦਾ‘ਮੱਖੀਆਂ’।ਅਲੈਕਲ ਹੈਲੀ ਦਾ ਨਾਵਲ ‘ਰੂਟਸ’।ਸ੍ਰੀ ਲਾਲ ਸ਼ੁਕਲ ਦਾ ‘ਰਾਗ ਦਰਬਾਰੀ’।ਅਫਜ਼ਲ ਅਹਿਸਾਨ ਰੰਧਾਵਾ ਦਾ ‘ਦੁਆਬਾ’।ਕਮਲੇਸ਼ਵਰ ਦੀਆਂ ਕਹਾਣੀਆਂ।ਕਮਲਾ ਦਾਸ ਦੀ ‘ਮੇਰੀ ਕਹਾਣੀ’।ਪੰਜਾਬੀ ਸਾਹਿਤ ਵਿੱਚੋਂ ਨਾਨਕ ਸਿੰਘ ਦਾ ‘ਚਿੱਟਾ ਲਹੂ’,ਜਸਵੰਤ ਕੰਵਲ ਦੇ ਤਿੰਨ ਨਾਵਲ ‘ਮਿੱਤਰ ਪਿਆਰੇ ਨੂੰ’ ‘ਪਾਲੀ’ ਅਤੇ ‘ਪੂਰਨਮਾਸ਼ੀ’।ਬੂਟਾ ਸਿੰਘ ਸ਼ਾਦ ਦਾ ‘ਅੱਧੀ ਰਾਤ ਪਹਿਰ ਦਾ ਤੜਕਾ’।ਇਸ ਤੋਂ ਇਲਾਵਾ ਕੁੱਝ ਸ਼ਾਇਰੀ ਦੀਆਂ ਪੁਸਤਕਾਂ,ਜਿਨਾਂ ਵਿੱਚ ਕਈ ਮੇਰੇ ਮਨਪਸੰਦ ਸ਼ਾਇਰ ਹਨ।ਵਿਗਿਆਨ,ਖਗ਼ੋਲ,ਭੂਗੋਲ,ਦੁਨੀਆਂ ਦੇ ਸਾਰੇ ਮਹਾਨ ਗਰੰਥ,ਫਿਲਾਸਫੀ,ਪੁਰਾਤਨ ਇਤਿਹਾਸ ਨਾਲ ਸਬੰਧਤ ਅਨੇਕਾਂ ਪੁਸਤਕਾਂ ਨੇ ਜੋ ਮੇਰੇ ਮਨ ਦੇ ਦਸਤਕ ਦਿੰਦੀਆਂ ਰਹਿੰਦੀਆਂ ਨੇ ਪਰ ਏਥੇ ਮੈਂ ਸਭ ਦਾ ਵਰਨਿਣ ਨਹੀਂ ਕਰ ਸਕਦਾ।
ਦਰਵੇਸ਼ - ਇੱਕ ਸਾਹਿਤਕਾਰ ਦੇ ਤੌਰ ਉੱਤੇ ਅੱਜ ਤੁਸੀਂ ਆਪਣੇਂ ਆਪ ਨੂੰ ਕਿੱਥੇ ਕੁ ਖੜ੍ਹਾ ਕਰਕੇ ਦੇਖਦੇ ਹੋ ?
ਮੇਜਰ - ਆਪਣੇ ਬਾਰੇ ਇਸ ਤਰ੍ਹਾਂ ਮੈਂ ਕਦੇ ਸੋਚਿਆ ਹੀ ਨਹੀਂ।ਮੇਰਾ ਕੰਮ ਤਾਂ ਲਿਖਦੇ ਰਹਿਣਾ ਹੈ।ਕਿੱਥੇ ਕੁ ਖੜਾ ਹਾਂ ਇਹ ਫੈਸਲਾ ਤਾਂ ਪਾਠਕਾਂ ਜਾਂ ਅਲੋਚਕਾਂ ਨੇ ਕਰਨਾ ਹੈ।ਲੇਖਕ ਕਿੱਥੇ ਕੁ ਖੜਾ ਹੈ ਅਸਲ ਵਿੱਚ ਇਹ ਫੈਸਲਾ ਤਾਂ ਉਸ ਦੀਆਂ ਰਚਨਾਵਾਂ ਹੀ ਕਰਦੀਆਂ ਹਨ।ਵਿੰਗੇ ਟੇਢੇ ਜੁਗਾੜ ਉਸ ਨੂੰ ਜੀਂਦੇ ਜੀ ਤਾਂ ਕੋਈ ਝੂਠਾ ਮੂਠਾ ਸਥਾਨ ਦੁਆ ਸਕਦੇ ਹਨ ਪਰ ਉਸ ਦੇ ਤੁਰ ਜਾਣ ਤੋਂ ਬਾਅਦ ਨਹੀਂ।ਭਰਾਵਾ ਮੈਂ ਤਾਂ ਅਜੇ ਗੋਹੜੇ ‘ਚੋਂ ਪੂਣੀ ਕੱਤੀ ਵੀ ਮਹਿਸੂਸ ਨਹੀਂ ਕਰਦਾ।ਬਾਅਦ ‘ਚ ਆਪੇ ਪਾਠਕ ਫੈਸਲਾ ਕਰਦੇ ਰਹਿਣਗੇ…।
ਦਰਵੇਸ਼ - ਜਦੋਂ ਕਿਸੇ ਵੀ ਨਵੀਂ ਰਚਨਾਂ ਦਾ ਤਾਣਾਂ ਬਾਣਾਂ ਤੁਹਾਡੇ ਮਨ ਅੰਦਰ ਫੁੱਟਦਾ ਹੈ, ਤਾਂ ਕਿੰਨੇ ਕੁ ਸਮੇਂ ਤੱਕ ਉਲਝਣ ਤੋਂ ਬਾਦ ਉਹ ਸਫਿਆਂ ਦੀ ਜ਼ਮੀਨ ਉੱਪਰ ਆਉਂਦਾ ਹੈ?
ਮੇਜਰ - ਇਹ ਹਰ ਰਚਨਾ ਤੇ ਨਿਰਭਰ ਕਰਦਾ ਹੈ।ਕਈ ਗੀਤ ਜਾਂ ਕਵਿਤਾਵਾਂ ਤੇਜ਼ ਹਨੇਰੀ ਵਾਂਗ ਸ਼ੂਕਦੀਆਂ ਆੳਂੁਦੀਆਂ ਨੇ ਭਾਵੇਂ ਅੱਧੀ ਰਾਤ ਦਾ ਸਮਾਂ ਹੋਵੇ।ਜੇ ਇਹ ਉਸੇ ਵਕਤ ਸਫਿਆਂ ਦੀ ਜ਼ਮੀਨ ਤੇ ਨਾ ਉਤਰਨ ਤਾਂ ਮੁੜਕੇ ਹੱਥ ਨਹੀਂ ਆਂਉਦੀਆਂ।ਕਈ ਕਹਾਣੀਆਂ ਦਾ ਮੰਥਨ ਸਾਲਾਂ ਬੱਧੀ ਹੁੰਦਾ ਰਹਿੰਦਾ ਹੈ ਤਾਂ ਕਿਤੇ ਜਾਕੇ ਉਹ ਪਕੜ ਵਿੱਚ ਆੳਂੁਦੀਆਂ ਹਨ ਤੇ ਉਨ੍ਹਾਂ ਦੀ ਆਮਦ ਹੁੰਦੀ ਹੈ।ਇੱਕ ਨਾਵਲ ਦੇ ਵਿਸ਼ੇ ਤੇ ਕੰਮ ਕਰਦਿਆਂ ਮੈਂਨੂੰ ਵੀਹ ਸਾਲ ਹੋ ਗਏ ਨੇੇ।੧੯੯੧ ਤੋਂ ਲੱਗਿਆ ਹੋਇਆ ਹਾਂ ਪਰ ਅਜੇ ਵੀ ਪੂਰਾ ਨਹੀਂ ਹੋਇਆ।ਹਰ ਰਚਨਾ ਵਿਚਲੀ ਸ਼ਿੱਦਤ ਤੇ ਵੀ ਨਿਰਭਰ ਕਰਦਾ ਹੈ।ਕਈ ਰਚਨਾਵਾਂ ਮਨ ਅੰਦਰ ਏਸ ਤਰ੍ਹਾਂ ਹੁੱਜਾਂ ਮਾਰ ਕੇ ਪੀੜ੍ਹ ਪੈਦਾ ਕਰਦੀਆਂ ਨੇ ਜਿਵੇਂ ਕਿਸੇ ਔਰਤ ਨੂੰ ਪ੍ਰਸੂਤਾ ਪੀੜਾਂ ਹੋ ਰਹੀਆਂ ਹੋਣ।ਫੇਰ ਕਾਰ ਚਲਾਉਂਦਿਆਂ ਰਸਤੇ ਭੁੱਲਣ ਲੱਗ ਪੈਂਦੇ ਹਨ।ਕੰਮ ‘ਚ ਮਨ ਨਹੀਂ ਲੱਗਦਾ……।ਫੇਰ ਜਦੋਂ ਇਕਾਂਤ ਮਿਲੇ ਅਤੇ ਮਹੌਲ ਬਣਦਿਆਂ ਹੀ ਇਸ ਰਚਨਾ ਦਾ ਜਨਮ ਹੋ ਜਾਂਦਾ ਹੈ।ਇੱਕ ਪੀੜ ਤੋਂ ਮੁਕਤੀ ਮਿਲਦੀ ਹੈ।ਮਨ ਨੂੰ ਇਸੇ ਤਰਾਂ ਸਤੁੰਸ਼ਟੀ ਮਿਲਦੀ ਹੈ ਜਿਵੇਂ ਇੱਕ ਔਰਤ ਨੂੰ ਬੱਚਾ ਜੰਮਕੇ ਅਤੇ ਕਿਸਾਨ ਨੂੰ ਪੱਕੀ ਫਸਲ ਸੰਭਾਲਕੇ।ਪਹਿਲਾਂ ਮਨ ਵਿੱਚ ਰਚਨਾ ਦਾ ਬੀਜ ਪੁੰਗਰਦਾ ਹੈ ਪਰ ਇਸ ਨੂੰ ਪੱਕੀ ਫਸਲ ਬਣਨ ਦਾ ਕੋਈ ਸਮਾਂ ਵੀ ਨਿਸਚਿਤ ਨਹੀਂ ਹੁੰਦਾ।ਇਸ ਨੂੰ ਵੱਢਾਂ ਕਿ ਨਾਂ ਵੱਢਾਂ ਦੀ ਉਲਝਣ ਬਹੁਤ ਲੰਬੀ ਵੀ ਹੋ ਸਕਦੀ ਹੈ ਤੇ ਛੋਟੀ ਵੀ।ਇਹ ਤਾਂ ਰਚਨਾ ਤੇ ਹੀ ਨਿਰਭਰ ਕਰਦਾ ਹੈ।
ਦਰਵੇਸ਼ - ਆਪਣੀਂ ਕੋਈ ਵੀ ਰਚਨਾਂ ਤੁਸੀਂ ਕਿੰਨੀਆਂ ਕੁ ਬੈਠਕਾਂ ਵਿੱਚ ਪੂਰੀ ਕਰਦੇ ਹੋ ?
ਮੇਜਰ - ਗੀਤ ਅਤੇ ਕਵਿਤਾਵਾਂ ਤਾਂ ਤੁਰਦਿਆਂ ਫਿਰਦਿਆਂ ਹੀ ਜਾਂ ਬੱਸ ‘ਚ ਸਫਰ ਕਰਦਿਆਂ,ਕੰਮ ਦੇ ਨਾਲ ਨਾਲ ਤੇ ਕਦੇ ਇੱਕ ਦੋ ਬੈਠਕਾਂ ਵਿੱਚ ਵੀ ਪੂਰੇ ਹੋ ਜਾਂਦੇ ਨੇ।ਪਹਿਲੀਆਂ ਕੁੱਝ ਕਹਾਣੀਆਂ ਮੈਂ ਇੱਕ ਜਾਂ ਦੋ,ਹੱਦ ਤਿੰਨ ਬੈਠਕਾਂ ਵਿੱਚ ਵੀ ਪੂਰੀਆਂ ਕਰਦਾ ਰਿਹਾ ਹਾਂ।ਪਰੰਤੂ ਹੁਣ ਕੁੱਝ ਵਧੇਰੇ ਹੀ ਸਮਾਂ ਲਗਦਾ ਹੈ।ਕਈ ਵਾਰ ਲਗਾਤਾਰ ਬੈਠਣ ਦਾ ਸਮਾਂ ਵੀ ਨਹੀਂ ਹੁੰਦਾ।ਛੇ ਸੱਤ ਬੈਠਕਾਂ ਵਿੱਚ ਵੀ ਰਚਨਾ ਪੂਰੀ ਹੁੰਦੀ ਹੈ।ਪਰ ਜਿਵੇਂ ਕਹਾਣੀ ਹੈ,ਉਸ ਵਿੱਚ ਮਾਨਸਿਕਤਾ ਦਾ ਪੱਧਰ ਇੱਕ ਹੋਣਾ ਚਾਹੀਦਾ ਹੈ।ਜੇ ਤੁਸੀਂ ਉਸ ਨੂੰ ਜਿਆਦਾ ਲਮਕਾਵੋਂਗੇ ਤਾਂ ਹੋ ਸਕਦਾ ਹੈ ਇਸ ਵਿੱਚ ਕੁੱਝ ਅਜਿਹੀਆਂ ਘਟਨਾਵਾਂ ਵਾਪਰ ਜਾਣ ਕਿ ਤੁਸੀਂ ਜੋ ਲਿਖਣਾ ਚਾਹੁੰਦੇ ਸੀ,ਉਹ ਲਿਖ ਹੀ ਨਾ ਸਕੋ।ਤੁਹਾਡਾ ਵਿਸ਼ਾ ਕਿਸੇ ਹੋਰ ਹੀ ਦਿਸ਼ਾ ਵਿੱਚ ਤੁਰ ਪਏ।ਮੈਂ ਫੇਰ ਉਹ ਹੀ ਗੱਲ ਕਹਾਂਗਾ ਕਿ ਸਿਰਜਣਾ ਕਰਨਾ ਕੋਈ ਨਿਸਚਿਤ ਸਮੇਂ ਵਾਲਾ ਇਮਤਿਹਾਨ ਨਹੀਂ ਤੇ ਨਾਂ ਹੀ ਇਸ ਵਿੱਚ ਕੋਈ ਸਮੇਂ ਦਾ,ਜਾਂ ਬੈਠਕਾਂ ਦੀ ਬੰਦਿਸ਼ ਹੈ।ਹਰ ਰਚਨਾ ਵਿੱਚਲੀ ਸ਼ਿੱਦਤ,ਲੇਖਕ ਦਾ ਸਮਾਂ,ਮਹੌਲ ਅਤੇ ਮਾਨਸਿਕਤਾ ਅਤੇ ਨਿਰਭਰ ਕਰਦਾ ਹੈ।
ਦਰਵੇਸ਼ - ਕਿਸੇ ਵੀ ਰਚਨਾਂ ਦੀ ਸ਼ੁਰੂਆਤ ਅਤੇ ਅੰਤ ਕਰਨ ਲੱਗਿਆਂ ਤੁਸੀਂ ਉਸਦੀ ਸ਼ੁਰੂਆਤ ਅਤੇ ਅੰਤ ਦਾ ਫੈਸਲਾ ਕਿਵੇਂ ਕਰਦੇ ਹੋ ?
ਮੇਜਰ - ਮੈਨੰੂ ਸੱਭ ਤੋਂ ਪਹਿਲਾਂ ਮੱਛੀ ਦੀ ਅੱਖ ਹੀ ਦਿਸਦੀ ਹੈ।ਉਹ ਨਿਸ਼ਾਨਾ ਜਿਸ ਨੂੰ ਮੈਂ ਫੁੰਡਣਾ ਹੁੰਦਾ ਹੈ।ਉਹ ‘ਪੰਚ ਪੁਆਇੰਟ’ ਜਿਸ ਨੂੰ ਮੈਂ ਹੈਮਰ ਕਰਨਾ ਹੈ।ਇੱਕ ਸ਼ਿਕਾਰੀ ਵਾਂਗ ਪੋਲੇ ਪੈਰੀ ਸਹਿਜ ਹੋਕੇ ਮੈਂ ਸ਼ਬਦਾਂ ਦੀ ਸੋਟੀ ਚਲਾ ਦਿੰਦਾ ਹਾਂ।ਸ਼ਬਦ ਜੋ ਪਾਠਕ ਦੇ ਮਨ ਵਿੱਚ ਝਾੜ ਪਾਉਣ ਦੀ ਸਮਰੱਥਾ ਰੱਖਦੇ ਹੋਣ।ਫੇਰ ਕੀ ਹੋਵੇਗਾ ਸ਼ਿਕਾਰ ਉਠਾਲਣਾ ਹੁੰਦਾ ਹੈ।ਜੋ ਪਾਠਕ ਦੇ ਮਨ ਜੰਗਲ ਵਿੱਚ ਦੌੜਨਾ ਸ਼ੁਰੂ ਕਰ ਦੇਵੇ।ਕਹਾਣੀ ਲਿਖਣ ਵੇਲੇ ਇਹ ਮੇਰੀ ਰਚਨਾ ਦੀ ਸ਼ੁਰੂਆਤ ਹੁੰਦੀ ਹੈ।ਫੇਰ ਮੈਂ ਆਪਣੇ ਵੇਗ ਦਾ ਘੋੜਾ ਸਿਰਪੱਟ ਦੁੜਾਉਣਾ ਸ਼ੁਰੂ ਕਰ ਦਿੰਦਾ ਹਾਂ।ਉਦੋਂ ਮੇਰੀ ਉਂਗਲ ਬੰਦੂਕ ਦੇ ਘੋੜੇ ਤੇ ਹੁੰਦੀ ਹੈ।ਪਰ ਇਹ ਘੋੜਾ ਮੈਂ ਉਦੋਂ ਤੱਕ ਨਹੀਂ ਨੱਪਦਾ ਜਦੋਂ ਤੱਕ ਨਿਸ਼ਾਨਾ ਪੂਰੀ ਤਰ੍ਹਾਂ ਮੇਰੀ ਮਾਰ ਵਿੱਚ ਨਾ ਆ ਜਾਵੇ।ਉਸ ਵਕਤ ਮੇਰੀ ਮਾਨਸਿਕਤਾ ਐਨੀ ਕੁ ਜੁੜ ਚੁੱਕੀ ਹੁੰਦੀ ਹੈ ਕਿ ਫੇਰ ਜਿੰਨਾ ਮਰਜੀ ਸ਼ੋਰ ਸ਼ਰਾਬਾ ਹੋਵੇ ਢੋਲ ਵੱਜਦੇ ਹੋਣ ਕੋਈ ਹਾਕਾਂ ਮਾਰਦਾ ਰਹੇ ਮੈਨੂੰ ਕੁੱਝ ਪਤਾ ਨਹੀਂ ਚੱਲਦਾ।ਮੈਂ ਇੱਕੋ ਵਾਰ ਨਿਸ਼ਾਨਾ ਲਾਉਣ ਵਿੱਚ ਯਕੀਨ ਰੱਖਦਾ ਹਾਂ।ਉਸ ਤੋਂ ਪਹਿਲਾਂ ਮੈਂ ਵਿਸ਼ੇ ਰੂਪੀ ਸ਼ਿਕਾਰ ਨੂੰ ਏਧਰ ਉਧਰ ਭਜਾਉਂਦਾ ਰਹਿੰਦਾ ਹਾਂ।ਕਦੇ ਝਕਾਨੀਆਂ ਦਿੰਦਾ ਹਾਂ ਤੇ ਸ਼ਿਕਾਰ ਨਾਲ ਲੁਕਣਮੀਟੀ ਵੀ ਖੇਡਦਾ ਹਾਂ।ਫੇਰ ਇੱਕ ਅਜਿਹਾ ਸਮਾਂ ਹੁੰਦਾ ਹੈ,ਜਦੋਂ ਮੈਂ ਤੇ ਮੇਰਾ ਨਿਸ਼ਾਨਾ ਆਹਮੋ ਸਾਹਮਣੇ ਹੁੰਦੇ ਨੇ।ਬੱਸ ਇਹ ਹੀ ਵਕਤ ਹੈ ਜੋ ਮੈਂ ਖੁੰਝਣ ਨਹੀ ਦਿੰਦਾ ਤੇ ਸਾਹ ਸੂਤ ਕੇ ਘੋੜਾ ਨੱਪ ਦਿੰਦਾ ਹਾਂ।ਤੇ ਇਹ ਹੀ ਮੇਰੀ ਰਚਨਾ ਦਾ ਅੰਤ ਹੁੰਦਾ ਹੈ।
ਦਰਵੇਸ਼ - ਕੋਈ ਵੀ ਰਚਨਾਂ ਲਿਖੇ ਜਾਣ ਅਤੇ ਬਾਰ ਬਾਰ ਸੋਧੇ ਜਾਣ ਤੋਂ ਬਾਦ ਕਿੰਨੇ ਕੁ ਸਮੇਂ ਅੰਦਰ ਪਾਠਕਾਂ ਦੇ ਦਰਬਾਰ ਲਈ ਵਿਦਾ ਹੋ ਜਾਂਦੀ ਹੈ ?
ਮੇਜਰ - ਜਿੰਨਾ ਚਿਰ ਮੇਰੇ ਆਪਣੇ ਮਨ ਦੀ ਤਸੱਲੀ ਨਾ ਹੋ ਜਾਵੇ।ਕਈ ਵਾਰ ਰਚਨਾ ਲਿਖ ਕੇ ਪੰਜ ਛੇ ਮਹੀਨੇ ਲਈ ਉਸ ਨੂੰ ਭੁੱਲ ਹੀ ਜਾਈਦਾ ਹੈ।ਉਦੋਂ ਤੱਕ ਉਸ ਨਾਲ ਭਾਵੁਕ ਸਾਂਝ,ਘਟਨਾਵਾਂ ਦਾ ਮੋਹ ਤੇ ਹੋਰ ਕਈ ਤਲਿੱਸਮ ਟੁੱਟ ਜਾਂਦੇ ਨੇ।ਉਦੋਂ ਮਨ ਵੀ ਥੋੜਾ ਹੋਰ ਵਿਕਾਸ ਕਰ ਲੈਂਦਾ ਹੈ।ਫੇਰ ਉਸ ਨੂੰ ਪਾਠਕੀ ਅੱਖ ਨਾਲ ਪੜ੍ਹਦਾ ਹਾਂ।ਬਹੁਤ ਸਾਰੀਆਂ ਹੋਛੀਆਂ ਗੱਲਾਂ ਅਤੇ ਤਰੁੱਟੀਆਂ ਤਾਂ ਉਦੋਂ ਹੀ ਨਿੱਕਲ ਜਾਂਦੀਆਂ ਨੇ।ਫੇਰ ਇੱਕ ਆਲੋਚਕ ਦੇ ਤੌਰ ਅੱਖਰ ਅੱਖਰ ਪੜ੍ਹ ਕੇ ਦੇਖਦਾ ਹਾਂ।ਜਿਸ ਨਾਲ ਵਾਕ ਬਣਤਰ,ਮੁਹਾਵਰੇ ਅਤੇ ਸ਼ਬਦ ਜੋੜ ਸੁਧਾਰਦਾ ਹਾਂ।ਫੇਰ ਰਚਨਾ ਕਿਸੇ ਦੋਸਤ ਕੋਲ,ਮੀਟਿੰਗਾਂ ਵਿੱਚ,ਜਾਂ ਸਮੂਹਿਕ ਤੌਰ ਤੇ ਪੜ੍ਹੀਦੀ ਹੈ।ਕੁੱਝ ਲੋਕਾਂ ਨੂੰ ਵਿਅੱਕਤੀਗਤ ਤੌਰ ਤੇ ਵੀ ਪੜ੍ਹਨ ਲਈ ਦਿੰਦਾ ਹਾਂ।ਉਨ੍ਹਾਂ ਦੀ ਰਾਇ ਜਾਣਕੇ ਜੇ ਕੋਈ ਵਿਚਾਰ ਮੈਨੂੰ ਟੁੰਬਣ ਤਾਂ ਉਸ ਅਨੁਸਾਰ ਸੋਧ ਕਰ ਲੈਂਦਾ ਹਾਂ।ਰਚਨਾ ਦੇ ਕਿਸੇ ਪਰਚੇ ਵਿੱਚ ਛਪਣ ਜਾਂ ਇੰਟਰਨੈੱਟ ਉੱਤੇ ਆਉਣ ਤੋਂ ਬਾਅਦ ਵੀ ਇਹ ਸਿਲਸਲਾ ਉਨੀ ਦੇਰ ਤੱਕ ਜਾਰੀ ਰਹਿ ਸਕਦਾ ਹੈ ਜਿਨੀ ਦੇਰ ਤੱਕ ਉਹ ਪੁਸਤਕ ਲਈ ਨਾ ਜਾਵੇ।ਆਖਰੀ ਰੂਪ ਮੈਂ ਉਸ ਨੂੰ ਪਬਲਿਸ਼ਰ ਨੂੰ ਭੇਜਣ ਤੋਂ ਦਿੰਦਾ ਹਾਂ।ਤੇ ਉਸ ਤੋਂ ਬਾਅਦ ਉਹ ਰਚਨਾ ਮੇਰੇ ਵਸ ਤੋਂ ਬਾਹਰ ਹੋ ਜਾਂਦੀ ਹੈ ਅਤੇ ਸੰਪੂਰਨ ਤੌਰ ਤੇ ਮੇਰੇ ਪਾਠਕਾਂ ਦੀ ਹੋ ਜਾਂਦੀ ਹੈ।
ਦਰਵੇਸ਼ - ਇੱਕੋ ਸਮੇਂ ਕਿੰਨੀਆਂ ਲਿਖਤਾਂ ਉੱਪਰ ਕੰਮ ਕਰਦੇ ਹੋ ?
ਮੇਜਰ - ਕੋਸ਼ਿਸ਼ ਕਰਦਾ ਹਾਂ ਇੱਕ ਸਮੇਂ ਇੱਕੋ ਰਚਨਾ ਤੇ ਕੰਮ ਕਰਾਂ।ਪਰ ਹੁਣ ਅਜਿਹਾ ਸੰਭਵ ਨਹੀਂ ਲੱਗਦਾ।ਜਦੋਂ ਇਕਾਂਤ ਅਤੇ ਸਾਜ਼ਗਾਰ ਮਹੌਲ ਹੋਵੇ ਤਾਂ ਕਹਾਣੀ ਲਿਖਦਾ ਹਾਂ।ਜਦੋਂ ਆਪਣੀ ਜੌਬ ਤੇ ਇੱਕ ਦੋ ਘੰਟੇ ਵਿਹਲਾ ਹੋਵਾਂ ਤਾਂ ਲੰਚ ਰੂਮ ਜਾਂ ਕੌਫੀ ਪੀਂਦਿਆ ਕੋਈ ਫਿਲਮੀ ਕਹਾਣੀ,ਸਫਰਨਾਮੇ ਦੇ ਅੰਸ਼ ਜਾਂ ਕੋਈ ਨਿਬੰਧ ਵੀ ਲਿਖ ਲੈਂਦਾ ਹਾਂ।ਨਾਵਲ ਮੈਂ ਉਦੋਂ ਲਿਖਦਾ ਹਾਂ ਜਦੋਂ ਮੇਰੇ ਕੋਲ ਖੁੱਲਾ ਟਾਈਮ ਹੋਵੇ,ਛੁੱਟੀਆਂ ਹੋਣ ਤੇ ਮੈਂ ਘਰ ਹੋਵਾਂ।ਨਾਵਲ ਮੈਂ ਸਿੱਧਾ ਆਪਣੇ ਕੰਮਪਿਊਟਰ ਤੇ ਹੀ ਲਿਖਦਾ ਹਾਂ।ਗੀਤ ਕਵਿਤਾਵਾਂ ਤਾਂ ਬਹੁਤ ਘੱਟ ਹੀ ਲ਼ਿਖਦਾ ਹਾਂ ਤੇ ਉਹ ਵੀ ਫਿਰਦਾ ਤੁਰਦਾ ਹੀ।ਇਹ ਸਾਰਾ ਕੁੱਝ ਨਾਲੋ ਨਾਲ ਚੱਲਦਾ ਰਹਿੰਦਾ ਹੈ।ਮੇਰੇ ਮਨ ਦੀ ਸਥਿਤੀ,ਵਕਤ ਅਤੇ ਮਹੌਲ ਤੇ ਨਿਰਭਰ ਕਰਦਾ ਹੈ ਕਿ ਉਸ ਵਕਤ ਮੇਰਾ ਮਨ ਕੀ ਬਿਆਨਣਾ ਚਾਹੁੰਦਾ ਹੈ।
ਦਰਵੇਸ਼ - ਜਦੋਂ ਤੱਕ ਰਚਨਾਂ ਪਾਠਕਾਂ ਦੀ ਨਹੀਂ ਹੋ ਜਾਂਦੀ, ਉਸ ਬਾਰੇ ਲਏ ਆਖਰੀ ਫੈਸਲਿਆਂ ਵਿੱਚ ਕਿੰਨੀ ਕੁ ਵਾਰ ਤਬਦੀਲ਼ੀਆਂ ਕਰਦੇ ਹੋ ?
ਮੇਜਰ - ਰਚਨਾਵਾਂ ਬਾਰੇ ਆਖਰੀ ਫੈਸਲਾ ਮੈਂ ਪਬਲਿਸ਼ਰ ਨੂੰ ਭੇਜਣ ਤੱਕ ਕਰ ਸਕਦਾ ਹਾਂ ਪਰ ਜੇ ਮੇਰਾ ਅੰਦਰਲਾ ਮੈਨੂੰ ਅਜਿਹਾ ਕਰਨ ਲਈ ਮਜ਼ਬੂਰ ਕਰ ਦੇਵੇ।ਉਦੋਂ ਤੱਕ ਕੋਈ ਵੀ ਢੁਕਵੀ ਤਬਦੀਲੀ ਜੋ ਰਚਨਾ ਨੂੰ ਉੱਚ ਪੱਧਰ ਦੀ ਬਣਾਉਣ ਵਿੱਚ ਸਹਾਈ ਹੋਵੇ ਕੀਤੀ ਜਾ ਸਕਦੀ ਹੈ।ਕਈ ਵਾਰ ਇੱਕ ਸਧਾਰਨ ਪਾਠਕ ਵੀ ਤੁਹਾਨੂੰ ਅਜਿਹੀ ਰਾਇ ਦੇ ਜਾਂਦਾ ਹੈ,ਜੋ ਗੱਲ ਤੁਸੀਂ ਸੋਚੀ ਵੀ ਨਹੀਂ ਹੁੰਦੀ।ਕੋਈ ਵੀ ਰਚਨਾ ਕਦੀ ਵੀ ਅੰਤਿਮ ਰੂਪ ਵਿੱਚ ਨਹੀਂ ਹੁੰਦੀ ਕਿ ਉਸ ਵਿੱਚ ਸੋਧ ਦੀ ਕੋਈ ਗੁਜ਼ਾਇਸ਼ ਹੀ ਨਾ ਬਚੇ।ਮੈਂ ਇਹ ਮੰਨ ਨੇ ਚੱਲਦਾ ਹਾਂ ਤੇ ਆਪਣੇ ਮਨ ਦੇ ਦਰਵਾਜ਼ੇ ਹਮੇਸ਼ਾਂ ਖੁੱਲੇ ਰੱਖਦਾ ਹਾਂ।ਪਰ ਕਿਤਾਬ ਛਪਣ ਤੋਂ ਬਾਅਦ ਤੁਸੀਂ ਕੁਛ ਨਹੀਂ ਕਰ ਸਕਦੇ।
ਦਰਵੇਸ਼ - ਤੁਹਾਡੀਆਂ ਉਹ ਕਿਹੜੀਆਂ ਰਚਨਾਵਾਂ ਨੇ ਜਿਹੜੀਆਂ ਅਖਬਾਰਾਂ, ਰਸਾਲਿਆਂ ਜਾਂ ਕਿਤਾਬੀ ਰੂਪ ਵਿੱਚ ਛਪਣ ਤੋਂ ਬਾਦ ਅੱਜ ਵੀ ਕਿਸੇ ਤਬਦੀਲੀ ਦੀ ਮੰਗ ਕਰਦੀਆਂ ਨੇ? ਜਾਣੀਂ ਤੁਹਾਨੂੰ ਹੁਣ ਵੀ ਲੱਗਦਾ ਹੈ ਕਿ ਤੁਸੀਂ ਆਪਣੇਂ ਕਿਰਦਾਰ ਨਾਲ ਇਨਸਾਫ ਨਹੀਂ ਕਰ ਸਕੇ ?
ਮੇਜਰ - ਦੇਖੋ ਮਨੁੱਖੀ ਮਨ ਦੇ ਵਿਕਾਸ ਦੀ ਗਤੀ ਬਹੁਤ ਤੇਜ਼ ਹੈ।ਜੋ ਰਚਨਾ ਤੁਸੀਂ ਅੱਜ ਕੀਤੀ ਹੈ ਤੇ ਤੁਹਾਨੂੰ ਬਹੁਤ ਚੰਗੀ ਜਾਂ ਅੰਤਿਮ ਪੜ੍ਹਾਅ ਤੇ ਪੁੱਜੀ ਜਾਪਦੀ ਹੈ ਜੇਕਰ ਉਸੇ ਰਚਨਾ ਨੂੰ ਤੁਸੀਂ ਸਾਲ ਬਾਅਦ ਪੜ੍ਹੋਂ ਤਾਂ ਤੁਹਾਨੂੰ ਉਸ ਵਿੱਚ ਹਜ਼ਾਰਾਂ ਨੁਕਸ ਲੱਭ ਪੈਣਗੇ ਤੇ ਸਤਹੀ ਵਰਨਣ ਵੀ।ਜਿਸ ਦਿਨ ਤੁਹਾਡੀ ਸੋਚ ਵਿੱਚ ਇੱਕ ਫਰਕ ਦਿਸਣਾ ਬੰਦ ਹੋ ਗਿਆ ਤਾਂ ਸਮਝ ਲੈਣਾ ਕਿ ਤੁਹਾਡਾ ਮਾਨਸਿਕ ਵਿਕਾਸ ਰੁਕ ਗਿਆ ਹੈ।ਤੇ ਉਦੋਂ ਲੇਖਕ ਦੀ ਮਾਨਸਿਕ ਤੌਰ ਤੇ ਮੌਤ ਹੋ ਜਾਂਦੀ ਹੈ।ਫੇਰ ਉਹ ਆਪਣੀ ਕਹੀ ਹਰ ਗੱਲ ਨੂੰ ਅੰਤਿਮ ਜਾਂ ਉੱਚ ਪਾਏ ਦੀ ਸਮਝਣ ਲੱਗ ਪੈਂਦਾ ਹੈ।ਭਾਵੇਂ ਮੈਂ ਆਪਣੇ ਕਿਰਦਾਰਾਂ ਨਾਲ ਤਾਂ ਬਹੁਤ ਹੱਦ ਤੱਕ ਇਨਸਾਫ ਕੀਤਾ ਪਰ ਉਨ੍ਹਾਂ ਦੀ ਮਾਨਸਿਕਤਾ ਬਦਲੀ ਵੀ ਜਾ ਸਕਦੀ ਹੈ।ਇਸੇ ਤਰ੍ਹਾਂ ਤਕਨੀਕ,ਵਰਨਣ ਜਾਂ ਬੋਲੀ ਨੂੰ ਲੈ ਕੇ ਜਰੂਰ ਕੁੱਝ ਰਚਨਾਵਾਂ ਅਜਿਹੀਆਂ ਹੋਣਗੀਆਂ ਜੇਕਰ ਮੈਂ ਉਨ੍ਹਾਂ ਨੂੰ ਹੁਣ ਲਿਖਦਾ ਤਾਂ ਕਿਸੇ ਹੋਰ ਢੰਗ ਨਾਲ ਲਿਖਦਾ।ਇਹ ਕੋਈ ਨੁਕਸ ਨਹੀਂ ਇੱਕ ਲੇਖਕ ਦਾ ਮਾਨਸਿਕ ਵਿਕਾਸ ਹੈ।ਆਮ ਜੀਵਨ ਵਿੱਚ ਵੀ ਜੋ ਅਸੀਂ ਕੁੱਝ ਵਰ੍ਹੇ ਪਹਿਲਾਂ ਕਰਦੇ ਸੀ ਜੇ ਉਹ ਹੀ ਅੱਜ ਕਰਨਾ ਹੋਵੇ ਤਾਂ ਵੱਖਰੇ ਤਰੀਕੇ ਨਾਲ ਅਤੇ ਵਧੀਆ ਤਰੀਕੇ ਨਾਲ ਕਰਾਂਗੇ।ਤਜ਼ਰਬਾ ਮਨੁੱਖ ਨੂੰ ਪਰਪੱਕ ਬਣਾਉਂਦਾ ਹੈ।ਫੇਰ ਰਚਨਾਵਾਂ ਲਈ ਇਹ ਮਾਪ ਦੰਡ ਕਿਵੇਂ ਨਹੀ ਲਾਗੂ ਹੋ ਸਕਦਾ?
ਦਰਵੇਸ਼ - ਆਪਣੀਆਂ ਰਚਨਾਵਾਂ ਬਾਰੇ ਪਾਠਕਾਂ ਦੀ ਰਾਏ ਉੱਪਰ ਕਿੰਨਾਂ ਕੁ ਅਸਰ ਕਬੂਲਦੇ ਹੋ ?
ਮੇਜਰ - ਜੇ ਪਾਠਕਾਂ ਦੀ ਰਾਇ ਮੈਨੂੰ ਟੁੰਬ ਜਾਵੇ ਤੇ ਮੇਰਾ ਅੰਤਹਕਰਨ ਕਹੇ ਕਿ ਹਾਂ ਇਹ ਗੱਲ ਠੀਕ ਹੈ ਮੈਂ ਮੰਨ ਲੈਂਦਾ ਹਾਂ।ਪਰ ਜੇ ਕਿਸੇ ਨੂੰ ਰਚਨਾ ਦੀ ਸਮਝ ਹੀ ਨਾ ਆਵੇ ਤੇ ਜਾਂ ਐਵੇਂ ਕੋਈ ਧੜੇਬੰਦੀ ਅਧੀਨ ਤੁਹਾਨੂੰ ਨੀਵਾਂ ਦਿਖਾਉਣ ਲਈ ਕੁਹਾੜਾ ਚੁੱਕ,ਊਈਂ ਧੂੜ ‘ਚ ਟੱਟੂ ਭਜਾਈਂ ਫਿਰੇ… ਫੇਰ ਮੈਂ ਪ੍ਰਵਾਹ ਵੀ ਨਹੀਂ ਕਰਦਾ,ਭਾਵੇਂ ਉਹ ਆਪਣੇ ਆਪ ਨੂੰ ਜਿੰਨਾ ਵੱਡਾ ਮਰਜ਼ੀ ਖੱਬੀ ਖਾਨ ਸਮਝੇ।ਅੰਤਿਮ ਫੈਸਲਾ ਮੇਰੇ ਮਨ ਦੀ ਸਤੁੰਸ਼ਟੀ ਤੇ ਹੀ ਨਿਰਭਰ ਕਰਦਾ ਹੈ।
ਦਰਵੇਸ਼ - ਸਾਹਿਤ ਤੁਹਾਡੇ ਵਾਸਤੇ ਕੀ ਹੈ , ਇਸ਼ਕ ਜਾਂ ਸ਼ੀਸ਼ਾ ?
ਮੇਜਰ - ਸਾਹਿਤ ਮੇਰਾ ਇਸ਼ਕ ਹੈ…ਜੇ ਹੁਣ ਇਸ ਨਾਲੋਂ ਟੁੱਟਾਂਗਾ ਤਾਂ ਮਰ ਜਾਵਾਂਗਾ…।ਬੱਸ ਇੱਕੋ ਚੀਜ਼ ਤਾਂ ਹੈ ਜਿਸ ਨਾਲ ਸਾਰੀ ਉਮਰ ਨਿਭਾਈ ਹੈ……।ਇਸ ਨੂੰ ਸ਼ੀਸਾ ਬਣਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ।ਜਿਸ ਵਿੱਚੋਂ ਆਪਣਾ ਤੇ ਆਪਣੇ ਸਮਾਜ ਦਾ ਚਿਹਰਾ ਮੁਹਰਾ ਵੇਖ ਸਕਾਂ।ਏਸ ਸ਼ੀਸੇ ਵਿੱਚ ਆਪਣੇ ਪਾਠਕਾਂ ਨੂੰ ਉਹਨਾਂ ਦੇ ਅਸਲ ਚਿਹਰੇ ਦਿਖਾਉਣਾ ਹੀ ਮੇਰੇ ਲਿਖਣ ਦਾ ਮਕਸਦ ਹੈ।ਮੇਰੀ ਕੋਸ਼ਿਸ਼ ਹਮੇਸ਼ਾਂ ਇਹ ਹੀ ਰਹੀ ਹੈ ਕਿ ਇਹ ਸ਼ੀਸ਼ਾ ਕਦੇ ਧੰੁਦਲਾ ਨਾ ਪਏ।ਜਿਸ ਵਿੱਚੋਂ ਪਾਠਕ ਨੂੰ ਆਪਣੇ ਨਕਸ਼ ਹੀ ਨਜ਼ਰ ਨਾ ਆਉਣ।ਇਸ ਨੂੰ ਸਾਫ ਅਤੇ ਦੇਖਣਯੋਗ ਰੱਖਣਾ ਹੀ ਮੇਰਾ ਇਸ਼ਕ ਹੈ।
ਦਰਵੇਸ਼ - ਉਹ ਕਿਹੜੀ ਰਚਨਾਂ ਸੀ ਜਿਸਨੂੰ ਪੜ੍ਹਕੇ ਤੁਸੀਂ ਸਭ ਤੋਂ ਵੱਧ ਡਿਸਟਰਬ ਹੋਏ, ਹਾਂ ਪੱਖੀ ਜਾਂ ਨਾਂਹ ਪੱਖੀ ?
ਮੇਜਰ - ਜਦੋਂ ਕੋਈ ਰਚਨਾ ਸਨਸਨੀ ਫੈਲਾਉਣ ਲਈ ਲਿਖੀ ਗਈ ਹੋਵੇ ਤਾਂ ਡਿਸਟਰਬੈਂਸ ਹੁੰਦੀ ਹੈ।ਪਹਿਲਾਂ ਪਹਿਲ ਪੰਜਾਬੀ ਦੇ ਨਾਮਵਰ ਲੇਖਕ ਵੀ ਆਪਣੀਆਂ ਸਵੈ-ਜੀਵਨੀਆਂ ਲਿਖਣ ਵੇਲੇ ਏਹੋ ਕਰਦੇ ਰਹੇ ਰਹੇ ਨੇ।ਜਿਵੇਂ ਬਲਵੰਤ ਗਾਰਗੀ ਦੀ ‘ਨੰਗੀ ਧੁੱਪ’ ਅਮ੍ਰਿਤਾ ਪ੍ਰੀਤਮ ਦੀ ‘ਰਸੀਦੀ ਟਿਕਟ’ ਅਤੇ ਅਜੀਤ ਕੌਰ ਦੀ ‘ਕੂੜਾ ਕਬਾੜਾ’ਵੀ ਮੈਨੂੰ ਕੁੱਝ ਅਜਿਹੀਆਂ ਹੀ ਰਚਨਾਵਾਂ ਲੱਗੀਆਂ।ਦਿੱਲੀ ਦੰਗਿਆਂ ਤੇ ਲਿਖੀ ਕਿਤਾਬ ‘ਦੋਸ਼ੀ ਕੌਣ ਹੈ’ ਅਤੇ ਅਡੋਲਫ ਹਿਟਲਰ ਦੀ ਸਵੈ ਜੀਵਨੀ ‘ਮੇਨ ਕੈਮਫ’ਪੜ੍ਹ ਕੇ ਵੀ ਮੈਂ ਬਹੁਤ ਡਿਸਟਰਬ ਹੋਇਆ ਸੀ।ਗੁਰੂ ਗੋਬਿੰਦ ਸਿੰਘ ਵਲੋਂ ਔਰੰਗਜ਼ੇਬ ਨੂੰ ਭੇਜੀ ਫਤਿਹ ਦੀ ਚਿੱਠੀ ‘ਜ਼ਫਰਨਾਮਾ’ਪੜ੍ਹ ਕੇ ਵੀ ਮੈਂ ਧੁਰ ਅੰਦਰ ਤੱਕ ਹਿੱਲ ਜਾਂਦਾ ਹਾਂ।ਅਜਿਹੀਆਂ ਹੋਰ ਵੀ ਬਹੁਤ ਰਚਨਾਵਾਂ ਨੇ ਜੋ ਮੇਰੇ ਮਨ ਤੇ ਹਾਂ ਪੱਖੀ ਜਾਂ ਨਾਂ ਪੱਖੀ ਡੂੰਘਾ ਪ੍ਰਭਾਵ ਛੱਡ ਜਾਂਦੀਆਂ ਨੇ।
ਦਰਵੇਸ਼ - ਬਹੁਤ ਕਿਸਮ ਦਾ ਸਾਹਿਤ ਲਿਖਿਆ ਜਾ ਰਿਹਾ ਹੈ ਅਸਲ ਵਿੱਚ ਤੁਹਾਡੀ ਨਜ਼ਰ ਵਿੱਚ ਕਿਹੋ ਜਿਹਾ ਸਾਹਿਤ ਲਿਖਿਆ ਜਾਣਾਂ ਚਾਹੀਦਾ ਹੈ ?
ਮੇਜਰ - ਅੱਜ ਕੱਲ ਜਿਹੜਾ ਬਹੁਤਾ ਸਾਹਿਤ ਲਿਖਿਆ ਜਾ ਰਿਹਾ ਹੈ ਉਹ ਅਲੋਚਕਾਂ ਨੂੰ ਰੀਝਾਉਣ ਲਈ,ਕਿਸੇ ਵਿਚਾਰਧਾਰਾ ਅਧੀਨ ਆਪਣੀ ਹਿੰਡ ਪੁਗਾਉਣ ਲਈ,ਆਪਣੀ ਹਉਮੈ ਨੂੰ ਪੱਠੇ ਪਾਉਣ ਲਈ,ਆਪਣਾ ਨਾਂ ਬਣਾਉਣ ਲਈ ਤੇ ਜਾਂ ਕੋਈ ਮਾਣ ਸਨਮਾਨ ਹਥਿਆਉਣ ਲਈ ਹੀ ਲਿਖਿਆ ਜਾ ਰਿਹਾ ਹੈ।ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਚੰਗਾ ਨਹੀਂ ਲਿਖਿਆ ਜਾ ਰਿਹਾ,ਪਰ ਬਹੁਤ ਹੀ ਘੱਟ।ਸਾਹਿਤ ਆਪਣੇ ਸਮਾਜ ‘ਚ ਵਸਦੇ ਲੋਕਾਂ ਨੂੰ ਮੁੱਖ ਰੱਖ ਕੇ ਲਿਖਿਆ ਜਾਣਾ ਚਾਹੀਦਾ ਹੈ।ਅਸਲ ਸਾਹਿਤਕਾਰ ਉਹੀ ਹੈ ਜੋ ਸਦੀਆਂ ਤੱਕ ਆਪਣੇ ਲੋਕਾਂ ਵਿੱਚ ਆਪਣੀ ਰਚਨਾ ਦੇ ਆਸਰੇ ਜਿਊਂਦਾ ਹੈ।ਪਾਠਕ ਇਸੇ ਕਰਕੇ ਅਜੋਕੇ ਸਮੇਂ ਵਿੱਚ ਰਚੇ ਜਾ ਰਹੇ ਸਾਹਿਤ ਨਾਲੋਂ ਟੁੱਟ ਰਹੇ ਹਨ ਕਿਉਂਕਿ ਇਹ ਤਾਂ ਉਨਾਂ ਦੀ ਗੱਲ ਹੀ ਨਹੀਂ ਕਰਦਾ…।ਕੀ ਸਾਡੇ ਸਾਹਿਤਕਾਰਾਂ ਦੇ ਲਿਖਣ ਲਈ ‘ਵਰਜਿਤ ਕਾਮ ਰਿਸ਼ਤੇ’ ਜਾਂ ਅਸ਼ਲੀਲ ਕਿਸਮ ਦੀਆਂ ਗਾਲ਼ਾਂ ਵਰਗੀ ਭਾਸ਼ਾ ਹੀ ਰਹਿ ਗਈ ਹੈ?ਕੀ ਲੋਕਾਂ ਦੇ ਨਿਤ ਪ੍ਰਤੀ ਦੇ ਸਾਰੇ ਮਸਲੇ ਹੱਲ ਹੋ ਗਏ ਹਨ।ਕੀ ਸਾਹਿਤ ਹੁਣ ਆਮ ਪਾਠਕਾਂ ਦਾ ਨਹੀਂ ਰਿਹਾ? ਧੜਾ ਧੜ ਛਪ ਰਹੀਆਂ ਕਿਤਾਬਾਂ ਤਾਂ ਇਹ ਹੀ ਸਿੱਧ ਕਰ ਰਹੀਆਂ ਹਨ।ਪੱਲਿਉਂ ਪੈਸੇ ਦੇ ਕੇ ਕਿਤਾਬ ਛਪਵਾਉ,ਆਪੇ ਫੰਕਸ਼ਨ ਕਰਵਾਉ,ਫੇਰ ਕੋਈ ਜੁਗਾੜ ਫਿੱਟ ਕਰਕੇ ਕੋਈ ਮਾਣ ਸਨਮਾਨ ਵੀ ਕਰਵਾ ਲਵੋ।ਜੇ ਕਿਤਾਬ ਕਿਸੇ ਕਲਾਸ ਦੇ ਸਿਲੇਬਸ ਵਿੱਚ ਵੀ ਲੱਗ ਜਾਵੇ ਤਾਂ ਸੋਨੇ ਤੇ ਸੁਹਾਗਾ।ਲੋਕ ਪੈਣ ਢੱਠੇ ਖੂਹ ਵਿੱਚ।ਆਪੇ ਮੈਂ ਰੱਜੀ ਪੁੱਜੀ ਤੇ ਆਪੇ ਮੇਰੇ ਬੱਚੇ ਜੀਣ।ਕੀ ਇਹ ਹੀ ਰਹਿ ਗਿਆ ਹੈ ਲਿਖਣ ਦਾ ਮਕਸਦ? ਸਾਹਿਤ ਦੇ ਨਾਂ ਹੇਠ ਹੋ ਰਹੇ ਇਹ ਡਰਾਮੇ ਤੁਰੰਤ ਬੰਦ ਹੋਣੇ ਚਾਹੀਦੇ ਨੇ।ਨਹੀਂ ਤਾਂ ਪੰਜਾਬੀ ਜ਼ੁਬਾਨ ਕਦੀ ਵੀ ਵਿਸ਼ਵ ਪੱਧਰ ਦੀ ਕੋਈ ਰਚਨਾ ਨਹੀਂ ਪੈਦਾ ਕਰ ਸਕੇਗੀ।ਨੋਬਲ ਪ੍ਰਾਈਜ਼ ਤੱਕ ਪਹੁੰਚਣਾ ਤਾਂ ਅਜੇ ਬਹੁਤ ਦੂਰ ਦੀ ਗੱਲ ਹੈ।ਸਾਰਾ ਪਾਣੀ ਹੀ ਬਹੁਤ ਗੰਧਲ ਚੁੱਕਾ ਹੈ।
ਦਰਵੇਸ਼ - ਤੁਸੀਂ ਸਾਹਿੱਤ ਨੂੰ ਘਰ ਘਰ ਪੁਚਾਉਣ ਅਤੇ ਪਾਠਕ ਪੈਦਾ ਕਰਨ ਲਈ ਕੀ ਜੁਗਤ ਘੜ ਸਕਦੇ ਹੋ ?
ਮੇਜਰ - ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਹਿਤ ਲੋਕਾਂ ਲਈ ਹੋਵੇ ਅਤੇ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਹੋਵੇ।ਤਾਂ ਜੋ ਉਨ੍ਹਾਂ ਨੂੰ ਆਪਣੀ ਗੱਲ ਜਾਪੇ।ਤਾਂ ਹੀ ਉਹ ਇਸ ਵਿੱਚ ਦਿਲਚਸਪੀ ਲੈਣਗੇ।ਹੁਣ ਦਾ ਸਹਿਤ ਆਮ ਬੰਦੇ ਨੂੰ ਤਾਂ ਸਮਝ ਹੀ ਨਹੀਂ ਪੈਦਾ।ਅਸੀਂ ਜ਼ੋਰ ਲਾ ਲਾ ਅਕਾਦਮਿਕ ਭਾਸ਼ਾ, ਜੋ ਬੋਝਲ ਅੱਖਰ ਲਿਖ ਲਿਖ ਆਪਣੀ ਵਿਦਵਤਾ ਦਾ ਪ੍ਰਭਾਵ ਪਾਉਣਾ ਚਾਹੁੰਦੇ ਹਾਂ ਉਹ ਪਾਠਕਾਂ ਨਾਲੋਂ ਸਾਨੂੰ ਤੋੜ ਰਿਹਾ ਹੈ।ਦੂਸਰੀ ਗੱਲ ਹੈ ਸਰਕਾਰ ਦੀਆਂ ਮੀਡੀਏ ਪ੍ਰਤੀ ਗੈਰਜਿੰਮੇਵਾਰਾਨਾ ਨੀਤੀਆਂ। ਪੰਜਾਬੀ ਵਿੱਚ ਕਿੰਨੇ ਹੀ ਟੀ.ਵੀ. ਚੈਨਲ ਚੱਲਦੇ ਨੇ ਪਰ ਉਨ੍ਹਾਂ ਕੋਲ ਬੇਹੂਦਾ ਕਿਸਮ ਦੇ ਨਾਚ ਗਾਣੇ ਪੇਸ਼ ਕਰਨ ਤੋਂ ਬਗੈਰ ਕੋਈ ਨੀਤੀ ਨਹੀਂ ਹੈ।ਵਧੀਆ ਰਚਨਾਵਾਂ ਨੂੰ ਪ੍ਰਮੋਟ ਨਹੀਂ ਕੀਤਾ ਜਾਂਦਾ,ਨਾਂ ਹੀ ਉਨ੍ਹਾਂ ਤੇ ਕੋਈ ਦਸਤਾਵੇਜ਼ੀ ਫਿਲਮਾਂ ਬਣਦੀਆਂ ਨੇ ਤੇ ਨਾਂ ਹੀ ਕਿਸੇ ਚੰਗੇ ਲੇਖਕ ਉੱਪਰ ਕੋਈ ਫਿਲਮ ਬਣਦੀ ਹੈ।ਅੱਜ ਦਾ ਲੇਖਕ ਇਲੈਕਟ੍ਰਾਨਿਕ ਮੀਡੀਏ ਨਾਲੋਂ ਪੂਰੀ ਤਰ੍ਹਾਂ ਟੁੱਟਿਆ ਹੋਇਆ ਹੈ।ਜਦ ਕਿ ਜ਼ਮਾਨਾ ਹੁਣ ਇਸੇ ਦਾ ਹੈ।ਤੇ ਏਸੇ ਕਰਕੇ ਲੇਖਕ ਪਛੜ ਗਿਆ ਹੈ।ਪਿੰਡਾਂ ਵਿੱਚ ਲਾਇਬ੍ਰੇਰੀਆਂ ਹੋਣ, ਸਾਹਿਤ ਉਪਲੱਭਦ ਹੋਵੇ।ਲੋਕਾਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਵੇ। ਹੁਣ ਕੀ ਹੁੰਦਾ ਹੈ,ਸਾਹਿਤਕ ਮੀਟਿੰਗਾਂ ਵਿੱਚ ਉਹੋ ਲੋਕ ਲਿਖਣ ਵਾਲੇ ਹੁੰਦੇ ਹਨ ਤੇ ਉਹੋ ਉਨ੍ਹਾਂ ਨੂੰ ਸੁਣਨ ਵਾਲੇ…।ਮੈਂ ਤਾਂ ਕਦੇ ਕੋਈ ਸਧਾਰਨ ਪਾਠਕ ਅਜਿਹੀਆਂ ਮੀਟਿੰਗਾਂ ਵਿੱਚ ਜਾਂਦਾ ਵੇਖਿਆ ਨਹੀਂ।ਸਾਨੂੰ ਸਵੈ ਪੜਚੋਲ ਕਰਨੀ ਚਾਹੀਦੀ ਹੈ ਕਿ ਨਾਨਕ ਸਿੰਘ,ਜਸਵੰਤ ਸਿੰਘ ਕੰਵਲ ਗੁਰਬਖਸ਼ ਸਿੰਘ ਪ੍ਰੀਤ ਲੜੀ ਨੂੰ ਪੜ੍ਹਨ ਅਤੇ ਉਨ੍ਹਾਂ ਦੀ ਇੱਕ ਝਲਕ ਤੱਕ ਦੇਖਣ ਵਾਲੇ ਪਾਠਕ ਕਿੱਤੇ ਚਲੇ ਗਏ।ਜਦੋਂ ਚੰਗੀਆਂ ਰਚਨਾਵਾ ਪੈਦਾ ਹੋਣਗੀਆਂ ਪਾਠਕ ਖੁਦ ਬਾ ਖੁਦ ਪੈਦਾ ਹੋ ਜਾਣਗੇ।ਜੇ ਅਸੀਂ ਇੱਕ ਦੂਜੇ ਦੀ ਪਿੱਠ ਥਾਪੜ,ਸ਼ਾਮ ਨੂੰ ਸ਼ਰਾਬ ਪੀ,ਔਰਤਾਂ ਨੂੰ ਹਰਾਸ ਕਰ,ਅਸ਼ਲੀਲ ਚੁਟਕਲਾ ਸੁਣਾ ਘਰਾ ਨੂੰ ਪਰਤਦੇ ਰਹਾਂਗੇ ਤਾਂ ਪਾਠਕ ਪੈਦਾ ਨਹੀਂ ਹੋ ਸਕਦੇ।ਇਸ ਲਈ ਸੁਹਿਰਦ ਯਤਨਾਂ ਦੀ ਅਤੇ ਆਪਣੀ ਪੀੜੀ ਹੇਠ ਸੋਟਾ ਫੇਰਨ ਦੀ ਲੋੜ ਹੈ।
ਦਰਵੇਸ਼ - ਲੇਖਕ, ਪਾਠਕ, ਪਬਲਿਸ਼ਰ ਅਤੇ ਵਿਕਰੇਤਾ ਦਾ ਰਿਸ਼ਤਾ ਵੱਧ ਤੋਂ ਵੱਧ ਪਾਠਕ ਪੈਦਾ ਕਰਨ ਵਾਸਤੇ ਕੀ ਭੂਮਿਕਾ ਨਿਭਾ ਸਕਦਾ ਹੈ ?
ਮੇਜਰ - ਲੇਖਕ,ਪਾਠਕ,ਪਬਲਿਸ਼ਰ ਅਤੇ ਵਿਕਰੇਤਾ ਦਾ ਰਿਸ਼ਤਾ ਪਾਠਕ ਪੈਦਾ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਸਕਦਾ ਹੈ,ਅਗਰ ਉਨ੍ਹਾਂ ਦਾ ਮਕਸਦ ਚੰਗਾ ਸਾਹਿਤ ਪੈਦਾ ਕਰਨਾ,ਛਾਪਣਾ ਅਤੇ ਵੇਚਣਾ ਬਣ ਜਾਵੇ।ਹਾਲ ਦੀ ਘੜੀ ਤਾਂ ਲੇਖਕ ਨੂੰ ਰਾਤੋ ਰਾਤ ਸ਼ੋਹਰਤ ਪ੍ਰਾਪਤ ਕਰਨ ਦੀ ਤਲਬ ਲੱਗੀ ਹੋਈ ਹੈ ਅਤੇ ਛਾਪਕ ਅਤੇ ਵਿਕਰੇਤਾ ਨੂੰ ਪੈਸਾ ਬਣਾਉਣ ਦੀ।ਪੰਜਾਬੀ ਵਿੱਚ ਪਬਲਿਸ਼ਰ ਤਾਂ ਅਜੇ ਪੈਦਾ ਹੀ ਨਹੀਂ ਹੋਏ।ਜੇ ਪਬਲਿਸ਼ਰ ਦੇਖਣੇ ਹਨ ਅੰਗਰੇਜ਼ੀ ਦੇ ਦੇਖੋ।ਉਹ ਹੀ ਰਚਨਾ ਛਾਪਣਗੇ ਜੋ ਉਨ੍ਹਾਂ ਦੇ ਮਿਆਰ ਦੀ ਅਤੇ ਉੱਚ ਪਾਏ ਦੀ ਹੈ।ਤੁਸੀ ਜਿੰਨੇ ਮਰਜੀ ਪੈਸੇ ਦਵੋ ਉਹ ਨੇੜੇ ਵੀ ਨਹੀਂ ਫਟਕਣ ਦੇਣਗੇ।ਚੁਣੇ ਲੇਖਕ ਨੂੰ ਉਹ ਉਸਦਾ ਭਰਪੂਰ ਮਿਹਨਤਾਨਾ ਦੇਣਗੇ ਤਾਂ ਕਿ ਅਗਲੀ ਰਚਨਾ ਵਿੱਚ ਉਹ ਹੋਰ ਵੀ ਵਧੀਆ ਕੰਮ ਕਰ ਸਕੇ।ਪਰ ਸਾਡੇ ਤਾਂ ਲੇਖਕ ਦੀ ਹੀ ਜੇਬ ਕੱਟੀ ਜਾਂਦੀ ਹੈ ਤੇ ਘਰੋਂ ਵੀ ਛਿੱਤਰ ਪੈਂਦੇ ਨੇ ਕਿ ਇਹ ਤੂੰ ਚੰਗਾ ਕੰਮ ਫੜਿਆਂ ਕਿ ਤੇਰੀਆਂ ਜੁੱਤੀਆਂ,ਤੇਰੇ ਹੀ ਸਿਰ। ਫੇਰ ਦੂਸਰੀਆਂ ਭਾਸ਼ਾਵਾਂ ਦੇ ਪਬਲਿਸ਼ਰ ਸਖਤੀ ਨਾਲ ਆਪਣੇ ਖਰਚੇ ਤੇ ਪੁਸਤਕ ਦੀ ਐਡੀਟਿੰਗ ਕਰਵਾਉਂਦੇ ਨੇ,ਮਜ਼ਾਲ ਹੈ ਕੋਈ ਸ਼ਬਦ,ਵਾਕ ਬਣਤਰ ਜਾਂ ਵਿਆਕਾਰਨ ਦੀ ਗਲਤੀ ਰਹਿ ਜਾਵੇ।ਕੀ ਸਾਡੇ ਅਜਿਹਾ ਹੁੰਦਾ ਹੈ?ਕੀ ਸਾਡਾ ਪਬਲਿਸ਼ਰ ਕਿਤਾਬ ਨੂੰ ਪਾਠਕਾਂ ਤੱਕ ਪਹੁੰਚਾਣ ਲਈ ਉਸ ਦੇ ਪ੍ਰਚਾਰ ਵਾਸਤੇ ਕੋਈ ਹੋਰ ਵੀ ਭੂਮਿਕਾ ਨਿਭਾਉਂਦਾ ਹੈ।ਸਿਵਾਏ ਏਸ ਦੇ ਕਿ ਕੁੱਝ ਕੁ ਕਿਤਾਬਾਂ ਸਕੂਲਾਂ ਕਾਲਜਾਂ ਦੀਆਂ ਲਾਇਬ੍ਰੇਰੀਆਂ ਨੂੰ ਦੇਕੇ (ਜਿੱਥੋਂ ਪੈਸੇ ਮਿਲਦੇ ਹੋਣ), ਬਾਕੀ ਸਾਰੀਆਂ ਲੇਖਕ ਨੂੰ ਮੜ੍ਹ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਪੈਸਾ ਤਾਂ ਪਹਿਲਾਂ ਹੀ ਲੈ ਲਿਆ ਗਿਆ ਹੁੰਦਾ ਹੈ।ਫੇਰ ਉਹ ਚਾਹੇ ਮੁਫਤ ਵੰਡਦਾ ਫਿਰੇ ਜਾਂ ਪਾਠਕ ਪੈਦਾ ਕਰੇ…।ਇਸ ਗੱਲ ਵਿੱਚ ਸਾਰੇ ਹੀ ਜਿੰਮੇਵਾਰ ਨੇ।ਜਿਸ ਦਾ ਖਮਿਆਜ਼ਾ ਅੱਜ ਦਾ ਲੇਖਕ ਭੁਗਤ ਰਿਹਾ ਹੈ।ਅਗਰ ਚੰਗੇ ਸਾਹਿਤ ਨੂੰ ਮੁੱਖ ਰੱਖ ਪਾਠਕਾਂ ਤੱਕ ਪਹੁੰਚਾਣ ਲਈ ਸਾਰੇ ਆਪੋ ਆਪਣੀ ਭੂਮਿਕਾ ਇਮਾਨਦਾਰੀ ਨਾਲ ਅਦਾ ਕਰਨ ਤਾਂ ਮੇਰਾ ਦਾਹਵਾ ਹੈ ਪੰਜਾਬੀ ਸਾਹਿਤ ਤੋਂ ਵੀ ਪਾਠਕ ਸੰਭਾਲੇ ਨਹੀਂ ਜਾਣੇ।ਤੇ ਸਾਡੀਆਂ ਪੁਸਤਕਾਂ ਦੇ ਛਪਣ ਦੀ ਗਿਣਤੀ ਵੀ ਢਾਈ ਸੌ ਤੋਂ ਉੱਠ ਕੇ ਹਜ਼ਾਰਾਂ ਲੱਖਾਂ ਤੱਕ ਪਹੁੰਚ ਸਕਦੀ ਹੈ।ਪਰ ਲੋੜ ਹੈ ਆਪੋ ਆਪਣੇ ਫਰਜ਼ ਪਛਾਨਣ ਦੀ। 


No comments: