Sunday, May 16, 2010

ਧਰਮ, ਗਿਆਨ ਅਤੇ ਵਿਗਿਆਨ -ਗੁਰਨਾਮ ਗਿੱਲ


ਮੈਂ ਪੜ੍ਹਿਆ-ਲਿਖਿਆ, ਗਿਆਨਵਾਨ ਜਾਂ ਵਿਦਵਾਨ ਬਿਲਕੁਲ ਨਹੀਂ ਹਾਂ। ਇਸ ਲਈ ਮੈਂ ਆਪਣੇ ਹੀ ਆਪ ਨਾਲ ਸੰਵਾਦ ਰਚਾਉਣ ਦਾ ਉਪਰਾਲਾ ਕਰ ਰਿਹਾ ਹਾਂ। ਆਰੰਭ, ਮੈਂ ਆਪਣੀ ਹੀ ਇਕ ਰੁਬਾਈ ਨਾਲ ਕਰਦਾ ਹਾਂ!ਮੈਨੂੰ ਮੇਰੀ ਆਪਣੀਂ ਹੀ ਆਤਮਾਂ ਦੀ ਖੋਜ ਹੈ।ਮਨ 'ਚ ਕਿਧਰੇ ਗੁੰਮ ਜੋ, ਉਸ ਆਤਮਾਂ ਦੀ ਖੋਜ ਹੈ।ਸਮਝਦੇ ਉਹ ਗਲਤ ਮੈਨੂੰ ਕਿਉਂਕਿ ਮੇਰੇ ਵਾਸਤੇ,ਬ੍ਰਹਿਮੰਡ ਦੀ ਖੋਜ ਹੀ ਪ੍ਰਮਾਤਮਾਂ ਦੀ ਖੋਜ ਹੈ।ਸੰਸਾਰ ਦੇ ਬਹੁਤ ਸਾਰੇ ਧਰਮ ਜੋ ਹਜ਼ਾਰਾਂ ਸਾਲ ਪੁਰਾਣੇ ਹਨ, ਮਾਨਵ ਲਈ ਸਮਾਜਿਕ ਤੇ ਅਧਿਆਤਮਿਕ ਪ੍ਰੇਰਣਾ ਦਾ ਸ੍ਰੋਤ ਮੰਨੇ ਜਾਂਦੇ ਹਨ। ਵੱਖੋ-ਵੱਖਰੀਆਂ ਵਿਧੀਆਂ ਰਾਹੀਂ, ਉਸ ਕਰਤਾ ਨਾਲ ਅਭੇਦ ਹੋਣ ਦੀ ਗੱਲ ਕਰਦੇ ਹਨ।ਸਰੀਰ ਤੇ ਆਤਮਾ ਦੀ ਸੁਤੰਤਰ ਹੋਂਦ ਬਾਰੇ ਪ੍ਰਸ਼ਨ ਖੜੇ ਕਰਦੇ ਹਨ।ਸੰਸਾਰ ਨੂੰ ਕਈ ਦੁੱਖਾਂ ਦਾ ਘਰ ਦਸਦੇ ਹਨ।ਦੇਹੀ ਨੂੰ ਤਸੀਹੇ ਦੇ ਕੇ, ਸਨਿਆਸ ਰਾਹੀਂ ਮੁਕਤੀ ਦਾ ਮਾਰਗ ਖੋਜਣ ਲਈ ਉਪਦੇਸ਼ ਦਿੰਦੇ ਹਨ।ਪਰ ਸਿੱਖ ਧਰਮ ਵਹਿਮਾਂ-ਭਰਮਾਂ, ਊਚ-ਨੀਚ, ਜ਼ਾਤ-ਪਾਤ, ਰੰਗ-ਨਸਲ ਅਤੇ ਲਿੰਗ ਵਖਰੇਵੇਂ ਤੋਂ ਉੱਚਾ ਉੱਠ ਕੇ, ਸਮੁੱਚੀ ਮਾਨਵਤਾ ਦੇ ਭਲੇ, ਵਿਸ਼ਵ ਸ਼ਾਂਤੀ ਅਤੇ ਮਾਨਵੀ ਏਕੇ ਦੀ ਗੱਲ ਕਰਦਾ ਹੈ।ਪਰ ਕਿੰਨੇ ਕੁ ਮੰਨਦੇ ਹਨ ਜਾਂ ਸੁਣਦੇ ਹਨ, ਇਹ ਵਿਸ਼ਾ ਵਖਰਾ ਹੈ।ਗੁਰੁ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ, ਭਾਈ ਗੁਰਦਾਸ ਜੀ ਦਾ ਸਹਿਯੋਗ ਲੈਂਦਿਆਂ, ਗੁਰੂ ਅਰਜਨ ਦੇਵ ਜੀ ਇਹਨਾਂ ਗੱਲਾਂ ਪ੍ਰਤੀ ਬੜੇ ਸੁਚੇਤ ਜਾਪਦੇ ਹਨ।ਉਸ ਸਮੇਂ ਦੇ ਸਮਾਜਿਕ ਢਾਂਚੇ ਅਨੁਸਾਰ, ਜਿਨ੍ਹਾਂ ਭਗਤਾਂ ਨੂੰ ਨੀਚ ਜਾਤੀ ਦੇ ਸਮਝਿਆ ਜਾਂਦਾ ਸੀ, ਪਰ ਉਨ੍ਹਾਂ ਦੀ ਬਾਣੀ ਗੁਰ-ਆਸ਼ੇ ਅਨੁਕੂਲ ਸੀ, ਗੁਰੁ ਅਰਜਨ ਦੇਵ ਜੀ ਨੇ ਭਗਤ ਰਵੀਦਾਸ ਅਤੇ ਭਗਤ ਕਬੀਰ ਵਰਗੇ ਭਗਤਾਂ ਦੀ ਬਾਣੀ ਵਿੱਚ, ਸਮਾਜਵਾਦੀ ਬੀਜ ਵੇਖਕੇ ਹੀ ਸਿੱਖ ਧਰਮ ਦੇ ਬੁਨਿਆਦੀ ਸਿਧਾਂਤ ਨੂੰ ਮੱਦੇ-ਨਜ਼ਰ ਰੱਖਿਆ ਸੀ।ਰਾਗ ਆਸਾ ਵਿਚ ਗੁਰੂ ਨਾਨਕ ਜੀ ਫੁਰਮਾਉਂਦੇ ਹਨ (ਪੰਨਾ-349)
" ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨਾ ਹੋ॥ "ਜਿੰਨਾਂ ਚਿਰ ਅਸੀਂ ਊਚ-ਨੀਚ ਅਤੇ ਜ਼ਾਤ-ਪਾਤ ਦੀ ਜਿਲ੍ਹਣ ਵਿੱਚੋਂ ਨਿਕਲ ਨਹੀਂ ਸਕਦੇ, ਓਨੀ ਦੇਰ ਅਸੀਂ ਸਿੱਖ ਧਰਮ ਅਨੁਸਾਰ ਚਲਣ ਦਾ ਦਾਅਵਾ ਨਹੀਂ ਕਰ ਸਕਦੇ।ਸਿੱਖ ਪ੍ਰਵਾਰ ਵਿੱਚ ਜਨਮ ਲੈਣ ਨਾਲ ਹੀ ਬੰਦਾ ਸਿੱਖ ਨਹੀਂ ਬਣ ਜਾਂਦਾ।ਸਿੱਖ ਬਣਨ ਲਈ ਸਿੱਖੀ ਸਿਧਾਂਤਾ ਨੂੰ ਅਮਲ ਵਿੱਚ ਲਿਆਉਣਾ ਲਾਜ਼ਮੀ ਹੈ।ਵੈਸੇ ਵੀ ਦੇਸ਼ ਜਾਂ ਵਿਸ਼ਵ-ਪੱਧਰ ਤੇ ਕਿੰਨੇ ਪ੍ਰਤੀਸ਼ਤ ਲੋਕ ਸਿੱਖ ਹਨ ? ਦੱਖਣ ਵਿੱਚ ਨਾਨਕ-ਪੰਥੀ ਤੇ ਹੋਰ ਲੋਕ ਹਨ ਜੋ ਸਿੱਖੀ ਪ੍ਰਤੀ ਸ਼ਰਧਾ ਰੱਖਦੇ ਹਨ।ਪੰਜਾਬ ਤੇ ਪੰਜਾਬ ਤੋਂ ਬਾਹਰ ਅਨੇਕਾਂ ਲੋਕ ਹਨ ਜੋ ਹੋਰਾਂ ਧਰਮਾਂ ਵੱਲ ਝੁਕਣ ਲਈ ਮਜਬੂਰ ਹੋ ਰਹੇ ਹਨ ਕਿਉਂਕਿ ਸਿੱਖ ਧਰਮ ਦੇ ਕੁੱਝ ਠੇਕੇਦਾਰਾਂ, ਉਨ੍ਹਾਂ ਤੇ "ਮਜ਼੍ਹਬੀ ਸਿੱਖ" ਆਦਿ ਹੋਣ ਦਾ ਵੱਖਰਾ ਲੇਬਲ ਲਾਕੇ, ਉਹਨਾਂ ਨੂੰ ਆਪਣੀਆਂ ਵੋਟਾਂ ਵਿੱਚ ਸ਼ਾਮਿਲ ਨਹੀਂ ਕੀਤਾ।ਇਸ ਗੱਲ ਦਾ ਨੁਕਸਾਨ ਆਖਰ ਸਿੱਖਾਂ ਨੂੰ ਹੀ ਹੋਣਾ ਹੈ, ਕਿਸੇ ਹੋਰ ਨੂੰ ਨਹੀਂ । ਅਸੀਂ ਸਿੱਖ ਲੋਕ, ਜੇ ਆਪਣੇ ਆਪ ਨੂੰ ਦੁਨੀਆਂ ਵਿੱਚ ਵਿਕਸਤ ਹੋਣਾ ਵੇਖਣਾ ਚਾਹੁੰਦੇ ਹਾਂ ਅਤੇ ਨੇੜਲੇ ਭਵਿੱਖ ਵਿੱਚ, ਆਪਣੀ ਸੰਤਾਨ ਨੂੰ ਸਿੱਖੀ ਕਦਰਾਂ-ਕੀਮਤਾਂ ਨਾਲ ਲੈਸ ਵੇਖਣਾਂ ਚੁਹੁੰਦੇ ਹਾਂ, ਤਾਂ ਫਿਰ ਸਾਨੂੰ ਵਕਤ ਦੀ ਰਮਜ਼ ਪਛਾਨਣ ਤੋਂ ਦੇਰ ਨਹੀਂ ਕਰਨੀ ਚਾਹੀਦੀ।ਸ਼੍ਰੋਮਣੀ ਸਿੱਖ ਸੰਸਥਾਵਾਂ ਲਈ ਇਹ ਗੱਲ ਬਹੁਤ ਹੀ ਧਿਆਨਯੋਗ ਤੇ ਚਿਤਾਵਨੀ ਵਰਗੀ ਹੋਣੀ ਚਾਹੀਦੀ ਹੈ।ਅਸੀਂ ਓਨਾ ਚਿਰ ਦੂਜਿਆਂ ਦਾ ਦਰਦ ਮਹਿਸੂਸ ਨਹੀਂ ਕਰ ਸਕਦੇ ਜਿੰਨਾ ਚਿਰ ਉਹਨਾਂ ਦੀ ਜਗ੍ਹਾਂ ਤੇ ਖੜੋ ਕੇ ਨਹੀਂ ਵੇਖਦੇ।ਭਗਤ ਰਵੀਦਾਸ ਜੀ ਦਾ ਹੇਠਲਾ ਕਥਨ ਇਸੇ ਗੱਲ ਦੀ ਪੁਸ਼ਟੀ ਕਰਦਾ ਹੈ। ਸੋ ਕਤ ਜਾਨੈ ਪੀਰ ਪਰਾਈ ॥ ਜੈ ਕੇ ਅੰਤਰਿ ਦਰਦ ਨਾ ਪਾਈ ॥ (ਰਾਗ ਸੂਹੀ ਪੰਨਾ-੭੯੩)ਸਰਬਤ ਦਾ ਭਲਾ ਸਿਰਫ ਮੰਗਣ ਨਾਲ ਹੀ ਨਹੀਂ, ਸਗੋਂ ਧੁਰ-ਦਿਲੋਂ ਚਾਹੁਣ ਨਾਲ਼, ਮਨੁੱਖੀ ਬਰਾਬਰਤਾ ਦਾ ਅਹਿਸਾਸ ਹੁੰਦਾ ਹੈ।ਅੱਜ ਕਲ੍ਹ ਦੇ ਦਹਿਸ਼ਤ ਭਰੇ ਯੁਗ ਵਿੱਚ, ਰੰਗ-ਨਸਲ, ਲੁੱਟ-ਖਸੁੱਟ ਅਤੇ ਜ਼ੁਲਮ ਰਹਿਤ ਸਮਾਜ ਦੀ ਕਲਪਨਾ ਕਰਨ ਲੱਗਿਆਂ, ਕਬੀਰ ਜੀ ਦੇ ਨੂਰੀ ਸੰਦੇਸ਼ ਨੂੰ ਮਨ ਵਿੱਚ ਵਸਾਉਣਾ ਜ਼ਰੂਰੀ ਹੈ।
ਅਵਲਿ ਅਲਾਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੈ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥
(ਬਿਭਾਸ ਪ੍ਰਭਾਤੀ ਬਾਣੀ ਪੰਨਾ-1349) ਸਿੱਖ ਧਰਮ ਸਿਰਫ ਪੰਜ ਸੌ ਸਾਲ ਪੁਰਾਣਾ ਹੋਣ ਕਰਕੇ, ਮਿਥਿਹਾਸੀ ਮਿਲਾਵਟਾਂ ਤੋਂ ਕਾਫੀ ਬਚਿਆ ਹੋਇਆ ਹੈ।ਇਸ ਧਰਮ ਤੇ "ਪ੍ਰਤੱਖ ਨੂੰ ਪ੍ਰਮਾਣ ਕੀ" ਵਾਲੀ ਕਹਾਵਤ ਬਿਲਕੁਲ ਢੁੱਕਵੀਂ ਸਾਬਤ ਹੁੰਦੀ ਹੈ।ਸ਼ਬਦ "ਸਿੱਖ" ਦਾ ਮਤਲਬ ਹੀ ਜਗਿਆਸੂ ਮਾਰਗ ਦਾ ਮੁਸਾਫਿਰ ਹੋਣਾ ਹੈ।ਸਿਖਿਆਰਥੀ, ਵਿਦਿਆਰਥੀ, ਚੇਲਾ ਜਾਂ ਸ਼ਿਸ਼ ਦੇ ਅਰਥ ਹੀ ਸਿੱਖ ਹਨ।ਸਿਖ ਦਾ ਪਾਰਦਰਸ਼ੀ ਹੋਣਾ ਹੀ ਧਰਮੀ ਹੋਣਾ ਹੈ।ਗੁਰੁ ਗ੍ਰੰਥ ਸਾਹਿਬ ਸਿੱਖੀ ਜੀਵਨ ਲਈ ਸੇਧ ਹੈ।ਜਿਸ ਤਰ੍ਹਾਂ ਅਸੀਂ ਮੜ੍ਹੀਆਂ-ਮਸੀਤਾਂ , ਪੀਰਾਂ-ਫ਼ਕੀਰਾਂ ਜਾਂ ਦੇਵੀ-ਦੇਵਤਿਆਂ ਅੱਗੇ ਭੈਅ ਨਾਲ ਮੱਥਾ ਟੇਕਦੇ ਹਾਂ, ਕਈ ਲੋਕ ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੇ ਵੇਖੇ ਜਾਂਦੇ ਹਨ।ਗੁਰੁ ਗ੍ਰੰਥ ਸਾਹਿਬ ਤੋਂ ਭੈਅ ਖਾਣ ਦੀ ਲੋੜ ਨਹੀਂ, ਸਗੋਂ ਪਿਆਰ ਕਰਨ ਦੀ ਲੋੜ ਹੈ; ਜਿਵੇਂ ਅਸੀਂ ਆਪਣੇ ਮਾਨਯੋਗ ਬਜ਼ੁਰਗਾਂ ਜਾਂ ਮਾਂ-ਬਾਪ ਨੂੰ ਕਰਦੇ ਹਾਂ।ਗੁਰਬਾਣੀ ਵਿਚਲੀ ਸਿਖਿਆ ਤੋਂ ਅਣਜਾਣ ਜਾਂ ਬੇਮੁੱਖ ਰਹਿਣਾ, ਨਿਰੀ ਓਪਰੀ ਸ਼ਰਧਾ, ਸਿਰਫ ਦਿਖਾਵਾ ਬਣਕੇ ਰਹਿ ਜਾਂਦੀ ਹੈ।ਇਹੋ ਜਿਹੀ ਸ਼ਰਧਾ ਨਾਲ ਤਾਂ ਲੋਕ ਡੇਰਿਆਂ ਅਤੇ ਮੜ੍ਹੀਆਂ ਤੇ ਵੀ ਮੱਥੇ ਰਗੜਦੇ ਵੇਖੇ ਜਾ ਸਕਦੇ ਹਨ।ਸਮੂਹਕ ਗੁਰਬਾਣੀ ਦਾ 'ਜਪੁ ਜੀ', ਮੂਲ ਮੰਤਰ ਆਖਿਆ ਜਾ ਸਕਦਾ ਹੈ।ਇਸ ਵਿੱਚ ਗੁਰੂ ਨਾਨਕ ਦੇਵ ਜੀ ਵਲੋਂ ਸੱਚਾ ਤੇ ਸੁੱਚਾ ਜੀਵਨ (ਪਾਖੰਡ ਰਹਿਤ) ਜੀਉਣ ਦਾ ਉਪਦੇਸ਼ ਦਿੱਤਾ ਗਿਆ ਹੈ।ਤਨੋ-ਮਨੋ ਉਸ ਇੱਕ ਪ੍ਰਮਾਤਮਾ ਨਾਲ, ਇੱਕ ਸੁਰਤਾ ਕਾਇਮ ਕਰਨ ਤੇ ਜ਼ੋਰ ਦਿੱਤਾ ਗਿਆ ਹੈ।ਗੁਰੂ ਨਾਨਕ ਦੇਵ ਦਾ ਇਹ ਉਪਦੇਸ਼ ਕਿਸੇ ਖ਼ਾਸ ਵਰਗ, ਧਰਮ ਜਾਂ ਫਿਰਕੇ ਤੱਕ ਸੀਮਤ ਨਹੀਂ ਹੈ।ਇਹ ਤਾਂ ਦੁਨੀਆਂ ਦੇ ਸਾਰੇ ਲੋਕਾਂ ਵਾਸਤੇ ਹੈ।ਉਨ੍ਹਾਂ ਦੀ ਬਾਣੀ ਸੰਪਰਦਾਈ ਭੇਖਾਂ ਦੀ ਭਟਕਣ ਚੋਂ ਨਿਕਲ ਕੇ, ਗ੍ਰਹਿਸਥ ਦੇ ਸੱਚੇ ਮਾਰਗ ਤੇ ਚਲਦਿਆਂ, ਕਿਰਤ ਕਰਨੀ ਤੇ ਵੰਡ ਕੇ ਸ਼ਕਣ ਦਾ ਸੁਨੇਹਾ ਦਿੰਦੀ ਹੈ।ਕਰਮ-ਕਾਂਡ ਤਿਆਗ ਕੇ, ਅਮਲੀ ਜੀਵਨ ਜੀਉਣ ਦੀ ਪ੍ਰੇਰਣਾ ਦਿੰਦੀ ਹੈ। ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਹੀ ਕਰਹਿ ਬਿਭੂਤਿ ॥ ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥ (ਜਪੁ ਜੀ, ਗ੍ਰੰਥ ਸਾਹਿਬ ਦਾ ਛੇਵਾਂ ਪੰਨਾ)ਪਰ ਅਸੀਂ ਗੁਰੁ ਨਾਨਕ ਦੇਵ ਜੀ ਦਾ ਸੰਦੇਸ਼, ਨਾ ਉਸ ਵੇਲੇ ਸੁਣਿਆ ਸੀ ਅਤੇ ਨਾ ਹੁਣ ਹੀ ਸੁਣ ਰਹੇ ਹਾਂ।ਅਸੀਂ ਤਾਂ ਸਿਰਫ ਮੱਥਾ ਟੇਕਣਾ ਹੀ ਸਿੱਖਿਆ ਹੈ।ਸ਼ਾਇਦ ਸਾਨੂੰ ਏਨਾ ਹੀ ਸਿਖਾਇਆ ਜਾਂਦਾ ਹੋਵੇ, ਕਿਉਂ ਕਿ ਇਸ ਵਿਚ ਪਰਚਾਰਕਾਂ ਦਾ ਹਿਤ ਹੀ ਜਾਪਦਾ ਹੈ!ਬਾਕੀ ਗੱਲ ਤਾਂ ਇੱਕ ਪਾਸੇ ਰਹੀ, ਇਹੀ ਵੇਖ ਲਓ ਪਈ ਗੁਰੂ ਨਾਨਕ ਦੇਵ ਜੀ ਦੇ ਇਸ ਜਹਾਨ ਤੋਂ ਤੁਰਦੇ ਸਾਰ ਹੀ, ਅਸਾਂ ਝਗੜਾ ਸ਼ੁਰੂ ਕਰ ਦਿੱਤਾ ਸੀ।ਸਾਡਾ ਤਕਰਾਰ ਸੀ ਕਿ ਉਹ ਸਾਡੇ ਗੁਰੁ ਹਨ।ਮੁਸਲਮਾਨ ਕਹਿਣ ਕਿ ਉਹ ਉਹਨਾਂ ਦੇ ਪੀਰ ਸਨ।ਇੱਕ ਧਿਰ ਆਖੇ ਸੰਸਕਾਰ ਕਰਨਾ, ਦੂਜੀ ਆਖੇ ਦਫਨ ਕਰਨਾ! ਕੀ ਉਨ੍ਹਾਂ ਦੀ ਸਿੱਖਿਆ ਦਾ ਅਸਰ, ਦੋ ਦਿਨ ਵੀ ਨਹੀਂ ਸੀ ਰਹਿ ਸਕਿਆ ? ਉਹ ਤਾਂ ਸਭ ਦੇ ਸਾਂਝੇ ਗੁਰੁ ਸਨ ! ਹਾਲੇ ਵੀ ਸਾਡੇ ਬਹੁਤੇ ਲੋਕਾਂ ਦੀ ਸੋਚ ਇਸੇ ਸੰਕੀਰਣਤਾ ਵਿੱਚ ਕੈਦ ਹੈ।ਗੁਰੂ ਜੀ ਨੇ ਤਾਂ 'ਜਪੁ ਜੀ' ਦੇ ਸ਼ੁਰੂ ਵਿੱਚ ਹੀ '<' ਲਿਖ ਕੇ, ਸਾਰੇ ਝਗੜੇ ਹੀ ਖਤਮ ਕਰ ਦਿੱਤੇ ਸਨ ਕਿ ਪ੍ਰਮਾਤਮਾ ਇੱਕੋ ਹੈ।ਵੱਖੋ-ਵੱਖਰੀਆਂ ਭਾਸ਼ਾਵਾਂ ਵਿੱਚ ਓਸਦੇ ਨਾਂ ਹੀ ਵੱਖਰੇ ਹਨ।ਸੰਸਾਰ ਦੇ ਸਾਰੇ ਜੀਵ ਉਸ ਲਈ ਬਰਾਬਰ ਹਨ।ਉਹ ਕਿਸੇ ਨੂੰ ਭੁੱਲਦਾ ਨਹੀਂ।ਸਾਨੂੰ ਵੀ ਉਸ ਨੂੰ ਭੁਲਣਾ ਨਹੀਂ ਚਾਹੀਦਾ ਜੋ ਜਲਾਂ-ਥਲਾਂ ਤੇ ਪੱਥਰਾਂ ਵਿੱਚ ਵੀ ਸਭ ਜੀਵਾਂ ਦੇ ਅਹਾਰ ਬਾਰੇ ਸੋਚਦਾ ਹੈ। ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨਾ ਜਾਈ ॥ (ਜਪੁ ਜੀ- ਦੂਜਾ ਪੰਨਾ)ਵਿਸ਼ਵ ਭਾਈਚਾਰੇ ਦਾ ਸੰਕਲਪਅਜੋਕੇ ਯੁੱਗ ਵਿੱਚ, ਵਿਸ਼ਵ ਸ਼ਾਂਤੀ ਹਰ ਮਨੁੱਖ ਦਾ ਸੁਪਨਾ ਬਣਦੀ ਜਾ ਰਹੀ ਹੈ।ਇਸ ਆਪੋ-ਧਾਪੀ ਤੇ ਲੁੱਟ-ਖਸੁੱਟ ਦੇ ਯੁਗ ਪਿੱਛੋਂ, ਹੋ ਸਕਦੈ ਸ਼ਾਂਤੀ, ਪਿਆਰ, ਸਹਿਯੋਗ ਤੇ ਸਦਭਾਵਨਾ ਦਾ ਜ਼ਮਾਨਾ ਆ ਜਾਵੇ।ਸੁਪਨਾ, ਪਹਿਲਾਂ ਮਨੁੱਖੀ ਸੋਚ ਦਾ ਹਿੱਸਾ ਬਣਦਾ ਹੈ।ਫੇਰ ਮਨੁੱਖ ਉਸ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਤਾਂਘਣ ਲਗਦਾ ਹੈ।ਹਰ ਜਤਨ ਕਰਦਾ ਹੈ।ਜੇਕਰ ਅਸੀਂ ਆਪਣੇ ਮਨ ਅੰਦਰ ਸ਼ਾਂਤੀ ਪੈਦਾ ਕਰ ਸਕਦੇ ਹਾਂ, ਤਾਂ ਫਿਰ ਇਸ ਵਿਸ਼ਵ ਦੇ ਮਾਹੌਲ ਵਿੱਚ ਕਿਉਂ ਨਹੀਂ ?ਪੂਰਣ ਤੌਰ ਤੇ ਜੇਕਰ ਅਸੀਂ ਇਹ ਮਨੋ ਸਵੀਕਾਰ ਕਰ ਲਈਏ ਕਿ ਅਸੀਂ ਉਸ ਸਰਬ-ਸ਼ਕਤੀਮਾਨ ਦਾ ਹੀ ਇੱਕ ਕਣ ਹਾਂ, ਤਾਂ ਧਰਤੀ ਦੇ ਸਮੂਹ ਲੋਕਾਂ ਵੱਲ, ਏਕੇ ਦੀ ਨਜ਼ਰ ਨਾਲ ਵੇਖਦਿਆਂ, ਵਿਸ਼ਵ ਭਾਈਚਾਰੇ ਦਾ ਸੰਕਲਪ ਸਿਰਜਿਆ ਜਾ ਸਕਦਾ ਹੈ।ਸਿਰਫ ਸੰਕਲਪ ਹੀ ਕਾਫੀ ਨਹੀਂ, ਇਸ ਨੂੰ ਅਮਲੀ ਰੂਪ ਦੇਣ ਦੀ ਕ੍ਰਿਆ ਨਾਲ ਵਿਸ਼ਵਾਸ ਤੇ ਏਕਤਾ ਪੱਕੇ ਕੀਤੇ ਜਾ ਸਕਦੇ ਹਨ।ਬ੍ਰਹਮ ਗਿਆਨ:- ਬ੍ਰਹਮ ਵਿਦਵਾਨਾਂ ਲਈ ਇੱਕ ਰਹਸ ਹੈ।ਕੁਦਰਤ ਦੇ ਇਸ ਪਸਾਰੇ, ਉਸ ਸਰਬ ਸ਼ਕਤੀਵਾਨ ਦਾ ਗਿਆਨ ਹੀ ਬ੍ਰਹਮ ਗਿਆਨ ਹੈ।ਬਾਣੀ ਵਿੱਚ ਅਨੇਕਾਂ ਹੀ ਧਰਤੀਆਂ , ਚੰਨ ਤੇ ਸੁਰਜਾਂ ਦਾ ਜ਼ਿਕਰ ਹੈ।ਪਰ ਹਾਲੇ ਤਾਈਂ ਸਾਨੂੰ ਇੱਕ ਧਰਤੀ ਤੇ ਇੱਕ ਸੂਰਜ ਦਾ ਵੀ ਪੂਰਣ ਗਿਆਨ ਨਹੀਂ ਹੋ ਸਕਿਆ।
ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥
ਨਾਨਕ ਜੇ ਕੌ ਆਪੌ ਜਾਣੈ ਅਗੈ ਗਇਆ ਨ ਸੋਹੈ॥
ਜਾਂ
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥ (ਜਪੁ ਜੀ –ਸਫਾ ਪੰਜਵਾਂ)ਜਪੁ ਜੀ ਦੀਆਂ ਉਪਰੋਕਤ ਤੁਕਾਂ ਵੀ, ਇਸੇ ਰਹਸ ਵੱਲ ਸੰਕੇਤ ਕਰਦੀਆਂ ਹਨ।ਅੱਖਰਾਂ ਜਾਂ ਸ਼ਬਦ ਦੇ ਮਾਧਿਅਮ ਰਾਹੀਂ ਸਾਨੂੰ ਗੁਰੂ ਤੋਂ ਗਿਆਨ ਤਾਂ ਹਾਸਿਲ ਹੋ ਸਕਦਾ ਹੈ ਪਰ ਜਿੱਥੋਂ ਗੁਰੂ ਨੇ ਗਿਆਨ ਹਾਸਿਲ ਕਰਨਾ ਹੈ, ਉਥੇ ਸਿੱਧੀ ਪਹੁੰਚ ਨਹੀਂ ਕੀਤੀ ਜਾ ਸਕਦੀ! ਉਸ ਬ੍ਰਹਮ ਦਾ ਭੇਦ ਕਿਵੇਂ ਜਾਣਿਆ ਜਾ ਸਕਦਾ ਹੈ? ਇਸ ਗਿਆਨ ਦੇ ਚਾਨਣ ਬਾਰੇ ਗੁਰਬਾਣੀ ਸੰਵਾਦ ਰਚਾਉਂਦੀ ਹੈ।ਪਰ ਕਿਸੇ ਗੁਰੂ ਤੋਂ ਬਿਨਾਂ ਅੰਤਰ ਆਤਮਾ ਦੇ ਖ਼ਜ਼ਾਨੇ ਦੀ ਸਾਰ ਪਾਉਣੀ ਬੜੀ ਮੁਸ਼ਕਿਲ ਹੁੰਦੀ ਹੈ।ਮੇਰੀ ਸੋਚ ਅਨੁਸਾਰ ਹਰ ਜਗਿਆਸੂ, ਰਾਜ-ਯੋਗ ਦੀ ਸਾਧਨਾ ਅਤੇ ਅਭਿਆਸ ਰਾਹੀਂ, ਇਸ ਸ਼ਕਤੀ ਨਾਲ਼ ਇਕ-ਸੁਰ ਹੋ ਸਕਦਾ ਹੈ।ਕੁਦਰਤੀ ਵਾਤਾਵਰਣ ਅਤੇ ਅਭਿਆਸ ਦੀ ਲੋੜ ਹੈ।ਅਗ ਦਾ ਦਰਿਆ ਅਗਰ ਤੂੰ ਪਾਰ ਕਰਨਾ, ਮਨ ਬਣਾ,ਮੰਨਿਆ ਔਖਾ ਬੜਾ, ਪਰ ਏਨਾ ਵੀ ਮੁਸ਼ਕਿਲ ਨਹੀਂ!ਜਦੋਂ ਦਾ ਮਨੁੱਖ ਇਸ ਧਰਤੀ ਉੱਪਰ ਆਇਆ ਹੈ, ਧਰਮ ਦਾ ਪਰਛਾਵਾਂ ਕਿਸੇ ਨਾ ਕਿਸੇ ਰੂਪ ਵਿੱਚ, ਉਸ ਦੇ ਨਾਲ ਹੀ ਰਿਹਾ ਹੈ।ਇਸ ਪਰਛਾਵੇਂ ਹੇਠ ਮਨੁੱਖ ਧਰਮੀ ਨਹੀਂ ਬਣ ਸਕਿਆ, ਇਹ ਗੱਲ ਵੱਖਰੀ ਹੈ।ਇਸਦਾ ਕਾਰਣ ਇਹੋ ਹੈ ਕਿ ਅੱਜ ਦੇ ਆਮ ਮਨੁੱਖ ਵਾਂਗ, ਉਹ ਕੇਵਲ ਕਰਮ-ਕਾਂਡਾਂ ਨੁੰ ਹੀ ਧਰਮ ਸਮਝਦਾ ਰਿਹਾ ਹੈ।ਕੇਵਲ ਜਪੁ-ਤਪੁ, ਧੂਫ-ਬੱਤੀਆਂ, ਪਾਠ-ਪੂਜਾ, ਤੀਰਥਾਂ ਤੇ ਗੁਰਧਾਮਾਂ ਦੀਆਂ ਯਾਤਰਾਵਾਂ ਅਤੇ ਸਾਧੂ-ਸੰਤਾਂ ਦੇ ਚਰਣ ਘੁਟੱਣ ਨਾਲ, ਕੋਈ ਵੀ ਧਰਮੀ ਨਹੀਂ ਬਣ ਸਕਦਾ।ਇਹ ਸਭ ਕਰਮ-ਕਾਂਡ ਹਨ।ਇਹ ਨਿਰੇ ਦਿਖਾਵੇ ਹਨ, ਜਿਨ੍ਹਾਂ ਦਾ ਸਾਡੇ ਗੁਰੂਆਂ ਨੇ ਡੱਟ ਕੇ ਖੰਡਨ ਕੀਤਾ ਹੈ।ਜੀਵਨ ਨੂੰ ਧਰਮ ਦੇ ਨਿਯਮਾਂ ਅਨੁਸਾਰ ਢਾਲ ਕੇ, ਜੀਉਣ ਨਾਲ ਹੀ ਮਨੁੱਖ ਧਰਮੀ ਬਣ ਸਕਦਾ ਹੈ।ਵਿਗਿਆਨਿਕ ਦ੍ਰਿਸ਼ਟੀ : ਜੇ ਰੱਬੀ ਨਿਯਮਾਂ ਦੇ ਗਿਆਨ ਦਾ ਨਾਂ ਹੀ ਵਿਗਿਆਨ ਹੈ ਤਾਂ ਫਿਰ ਧਰਮ ਤੇ ਵਿਗਿਆਨ ਇੱਕ ਦੂਜੇ ਦੇ ਪੂਰਕ ਹੋਣੇ ਚਾਹੀਦੇ ਹਨ।ਸੰਸਾਰ ਦੇ ਸੁਪ੍ਰਸਿੱਧ ਵਿਗਿਆਨੀ ਅਲਬਰਟ ਆਈਨਸਟਾਈਨ ਨੇ ਵੀ ਅਜਿਹੀ ਗੱਲ ਆਖੀ ਹੈ।" ਕਈ ਵਾਰੀ ਮੇਰੀ ਸੋਚ, ਅਜਿਹੇ ਵਿਚਾਰਾਂ ਤੇ ਸੁਆਲੀਆ ਨਿਸ਼ਾਨ ਕਿਉਂ ਲਾ ਦਿੰਦੀ ਹੈ? ਮੈਂ ਖੁਦ ਹੈਰਾਨ ਹਾਂ!ਇੱਕ ਹੋਰ ਵਿਗਿਆਨੀ ਜੇਮਜ਼ ਜੀਨ ਲਿਖਦਾ ਹੈ ਕਿ ਆਧੁਨਿਕ ਵਿਗਿਆਨਿਕ ਸੋਚ, ਸਾਨੂੰ ਉਸ ਸ਼ਕਤੀ ਨੂੰ ਸਮਝਣ ਲਈ ਮਜਬੂਰ ਕਰ ਰਹੀ ਹੈ, ਜਿਸਦੇ ਹੁਕਮ ਨਾਲ ਇਹ ਸੰਸਾਰ ਚਲ ਰਿਹਾ ਹੈ।ਅਜਿਹੇ ਵਿਗਿਆਨਿਕਾਂ ਦੀ ਸੋਚ, ਉਸ ਕਰਤਾ ਦੇ ਨਿਯਮਾਂ ਨੂੰ ਜਾਨਣ ਲਈ ਉਤਸੁਕ ਜਾਪਦੀ ਹੈ।ਅੱਜ ਦੇ ਸਧਾਰਣ-ਸੁਚੇਤ ਬੰਦੇ ਵਾਂਗ, ਇਹ ਵਿਗਿਆਨੀ ਵੀ ਓਵੋਲੁਟਿਨ ਦੇ ਹੀ ਹਮਾਇਤੀ ਹਨ।ਅਜਿਹੀ ਸੋਚ ਵਾਲੇ ਵਿਗਿਆਨੀ ਇਹ ਵੀ ਮੰਨਦੇ ਹਨ ਕਿ ਊਰਜਾ ਸਦੀਵੀ ਰਹਿੰਦੀ ਹੈ।ਇਹ ਬਿਜਲਈ-ਚੁੰਬਕੀ ਊਰਜਾ ਹੀ ਬ੍ਰਹਮੰਡ ਦੀ ਚਾਲਕ ਹੈ।ਇਸ ਨੂੰ ਚਾਹੋ ਤਾਂ ਰੱਬੀ ਸ਼ਕਤੀ ਕਹਿ ਲਵੋ, ਚਾਹੋ ਤਾਂ ਬ੍ਰਹਮ ਜਾਂ ਪ੍ਰਮਾਤਮਾ ਇਸਦਾ ਖੇਤਰ ਮਨੁੱਖੀ ਸਰੀਰ ਦੇ ਇਰਦ-ਗਿਰਦ ਮਹਿਸੂਸ ਕੀਤਾ ਜਾ ਸਕਦਾ ਹੈ, ਬਿਜਲੌਨਿਕ ਤਰੰਗਾਂ ਦੇ ਰੂਪ ਵਿੱਚ।ਅਤੇ ਇਹ ਤਰੰਗਾਂ ਹੀ, ਰੌਸ਼ਨੀ ਦੇ ਰੰਗਾਂ ਵਿੱਚ ਪਰਵਰਤਿਤ ਹੁੰਦੀਆਂ ਹਨ।ਇਸ ਸ਼ਕਤੀ ਦਾ ਕੋਈ ਨਿਸਚਿਤ ਰੂਪ ਨਹੀਂ।ਕੋਈ ਆਕਾਰ ਨਹੀਂ।ਫਿਰ ਵੀ ਇਹ ਕਈ ਤਰ੍ਹਾਂ ਦੇ ਰੂਪਾਂ ਵਿੱਚ ਉਜਾਗਰ ਹੁੰਦੀ ਰੰਿਹੰਦੀ ਹੈ।ਧਾਰਮਿਕ ਗ੍ਰੰਥਾਂ ਵਿੱਚ ਇਸ ਤਰ੍ਹਾਂ ਦੀ ਊਰਜਾ ਨੂੰ ਆਤਮਾ ਜਾਂ ਚੇਤਨਾ ਦੇ ਨਾਂ ਦਿੱਤੇ ਗਏ ਹਨ।ਵਿਗਿਆਨਿਕ ਦ੍ਰਿਸ਼ਟੀ ਅਨੁਸਾਰ, ਮਨ ਵੀ ਸਰੀਰ ਦਾ ਹੀ ਹਿੱਸਾ ਹੈ।ਸਰੀਰ ਦੀ ਮੌਤ ਨਾਲ ਮਨ ਦੀ ਵੀ ਮੌਤ ਹੋ ਜਾਂਦੀ ਹੈ।ਪੈਰਾਸਾਈਕਾਲੋਜੀ ਅਤੇ ਹੋਰ ਚਕਿਤਸਾਵਾਂ ਨੇ, ਮਨ ਨੂੰ ਆਤਮਾ ਜਾਂ ਸੂਖਮ ਸਰੀਰ ਦੇ ਸੰਦਰਭ ਹੇਠ ਮੱਤ-ਭੇਦ ਪੈਦਾ ਕਰ ਲਿਆ ਹੈ।ਆਤਮਾ ਦੇ ਮਾਧਿਅਮ ਰਾਹੀਂ, ਇਸ ਗਿਆਨ ਦੀ ਅਵਸਥਾ ਤੱਕ ਪੁਜੱਣ ਲਈ ਗੁਰੂ ਅਤੇ ਲੰਬੇ ਅਭਿਆਸ ਦੀ ਲੋੜ ਲਾਜ਼ਮੀ ਹੈ। ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥ ਤਿਥੈ ਨਾਦ ਬਿਨੋਦ ਕੋਡ ਅਨੰਦੁ ॥ (ਜਪੁ ਜੀ-੫)ਰੱਬ ਦੇ ਸੰਕਲਪ ਬਾਰੇ ਵਿਗਿਆਨੀਆਂ ਨੇ 17ਵੀਂ ਸਦੀ ਵਿੱਚ ਹੀ ਖੋਜ ਸ਼ੁਰੂ ਕਰ ਦਿੱਤੀ ਸੀ।ਅਠਾਰਵੀਂ ਸਦੀ ਦੇ ਅੱਧ ਤੱਕ, ਜੀਵ ਵਿਗਿਆਨੀ ਥਾਮਸ ਹਕਸਲੇ ਨੇ ਸ਼ਬਦ ਅਗਨੋਸਟਚਿਸਿਮ ਨਾਲ ਆਪਣੀ ਹੈਰਾਨੀ ਦਾ ਪ੍ਰਗਟਾਵਾ ਕੀਤਾ, ਅਤੇ ਡਾਰਵਿਨ ਦੀ ਥਿਊਰੀ ਦੀ ਹਿਮਾਇਤ ਕੀਤੀ ਸੀ।ਸਿਗਮੰਡ ਫ਼ਰਾਈਡ ਨੇ ਵੀ (1856-1939) ਰੱਬ ਦੇ ਸੰਕਲਪ ਨੂੰ ਮਨੁੱਖੀ ਮਨ ਦੀ ਕਾਲਿਪਨਿਕ ਤਸਵੀਰ ਹੀ ਆਖਿਆ ਸੀ।ਬਾਦ ਵਿੱਚ ਵੱਖ-ਵੱਖ ਵਿਗਿਆਨਿਕ ਆਪੋ-ਆਪਣੀ ਰਾਇ ਪ੍ਰਗਟ ਕਰਦੇ ਰਹੇ ਹਨ।ਕਰੋਪੀਆਂ ਤੇ ਪੁੰਨ-ਪਾਪ :ਹੁਣ ਤੱਕ ਬਹੁਤ ਸਾਰੇ ਵਿਗਿਆਨੀ ਅਤੇ ਫਿਲਾਸਫਰ, ਰੱਬ ਦੀ ਹੋਂਦ ਬਾਰੇ ਮੱਤ-ਭੇਦ ਰੱਖਦੇ ਆਏ ਹਨ।ਕੁਦਰਤੀ ਸਾੜ੍ਹਸਤੀਆਂ ਨੂੰ ਕਈ ਲੋਕ ਰੱਬ ਦੀ ਕਰੋਪੀ ਜਾਣ ਕੇ, ਬਲੀਆਂ ਦਿੰਦੇ ਰਹੇ ਹਨ।ਕਈਆਂ ਦਾ ਹਾਲੇ ਵੀ ਇਹੋ ਵਿਸ਼ਵਾਸ ਹੈ।ਬੜੇ ਲੋਕ ਹਾਲੇ ਵੀ ਮਾਤਾ ਦੀ ਕਰੋਪੀ ਅੱਗੇ, ਉਸਨੂੰ ਖੁਸ਼ ਜਾਂ ਮਿਹਰਬਾਨ ਕਰਨ ਲਈ, ਕਿਸੇ ਜੀਵ ਜਾਂ ਬੱਚੇ ਦੀ ਬਲੀ ਦਿੰਦੇ ਸੁਣੇ ਜਾਂਦੇ ਰਹੇ ਹਨ।ਇਹ ਅੰਧ-ਵਿਸ਼ਵਾਸ ਦੀ ਅਸੀਮਤਾ ਹੈ।ਉਹ ਇਹ ਨਹੀਂ ਜਾਣਦੇ ਕਿ ਕੋਈ ਵੀ ਮਾਂ, ਕਦੇ ਵੀ ਕਿਸੇ ਬੱਚੇ ਦੀ ਬਲੀ ਨਾਲ ਖੁਸ਼ ਨਹੀਂ ਹੋ ਸਕਦੀ! ਜਾਂ ਫਿਰ ਉਹ ਮਾਂ ਨਹੀਂ, ਡੈਣ ਹੋ ਸਕਦੀ ਹੈ।ਕੋਈ ਇਨ੍ਹਾਂ ਕੁਦਰਤੀ ਕਰੋਪੀਆਂ ਨੂੰ, ਰੱਬ ਵਲੋਂ ਸਜ਼ਾ ਸਮਝਦਾ ਹੈ ਤੇ ਕੋਈ ਹੋਰ ਕੁੱਝ ! ਮੰਨ ਲਿਆ ਕਿ ਸਜ਼ਾ ਪਾਪੀਆਂ ਨੂੰ ਹੁੰਦੀ ਹੈ।ਇੱਕ ਸ਼ਹਿਰ ਜਾਂ ਇਲਾਕਾ ਜੋ ਭੁਚਾਲ ਨਾਲ ਤਬਾਹ ਹੋ ਜਾਂਦਾ ਹੈ ਜਾਂ ਧਰਤੀ ਦਾ ਕੋਈ ਵਿਸ਼ੇਸ਼ ਹਿੱਸਾ, ਸਮੁੰਦਰੀ ਤੁਫਾਨ ਨਾਲ ਬਰਬਾਦ ਹੋ ਜਾਂਦਾ ਹੈ; ਕੀ ਉਸ ਹਿੱਸੇ ਵਿੱਚ ਸਾਰੇ ਪਾਪੀ ਹੀ ਵਸਦੇ ਹੋਣਗੇ ਤੇ ਦੂਜਿਆਂ ਭਾਗਾਂ ਵਿੱਚ ਸਾਰੇ ਧਰਮੀ ਜਾਂ ਪੁੰਨ ਕਰਨ ਵਾਲੇ ?? ਇਹ ਸਭ ਸਾਡੇ ਮਨਾਂ ਦੇ ਵਹਿਮ ਦੀ ਇਕ ਕਾਲਪਨਿਕ ਦਾਸਤਾਂ ਹੈ।ਵਿਗਿਆਨਿਕ ਸੱਚਾਈ ਨਹੀਂ। *****************(ਨੋਟ: ਇਹ ਲੇਖ ਸ਼ਾਇਦ 2004 ਜਾਂ 2005ਦੇ ਵਿਚਕਾਰ ਲਿਖਿਆ ਗਿਆ ਲਗਦਾ ਹੈ!)1985 ਵਿੱਚ ਮੈਕਸੀਕੋ ਵਿਚ 10 ਹਜ਼ਾਰ ਲੋਕ ਭੁਚਾਲ ਨਾਲ, ਜੂਨ 1990 ਵਿੱਚ 50 ਹਜ਼ਾਰ ਈਰਾਨ ਵਿੱਚ, 1999 ਵਿੱਚ ਟਰਕੀ ਵਿੱਚ 16 ਹਜ਼ਾਰ ਦੇ ਕਰੀਬ, 1988 ਵਿੱਚ ਬੰਗਲਾ ਦੇਸ਼ ਦਾ ਅੱਧੇ ਤੋਂ ਵੱਧ ਹਿੱਸਾ ਪਾਣੀ ਦੀ ਲਪੇਟ ਵਿੱਚ, ( ਇਸੇ ਸਾਲ ਬੰਗਲਾ ਦੇਸ਼ ਵਿੱਚ ਅਨੇਕਾਂ ਲੋਕ ਜੀਵਨ ਲਈ ਤਰਸ ਰਹੇ ਸਨ ਜਦੋਂ ਕਿ ਇੰਗਲੈਂਡ ਵਿੱਚ 18 ਪ੍ਰਤੀਸ਼ਤ ਲੋਕਾਂ ਨੇ ਜੀਵਨ ਦੇ ਦੁੱਖਾਂ ਤੋਂ ਸਤ ਕੇ ਯੂਥੇਨੇਜ਼ੀਆ ਕਾਨੂੰਨੀ ਕਰਨ ਲਈ ਵੋਟਾਂ ਪਾਈਆਂ ਸਨ।ਭਾਰੀ ਬਾਰਸ਼ਾਂ ਕਾਰਣ 19999 ਵਿੱਚ ਹੀ ਵੈਂਜੂਏਲਾ ਵਿੱਚ 50 ਹਜ਼ਾਰ ਲੋਕ ਚਿੱਕੜ ਦੇ ਹੜ੍ਹ ਹੇਠ ਆਣਕੇ ਮਰੇ, 26 ਦਸੰਬਰ 2004 ਵਿੱਚ ਸੁਨਾਮੀ ਨਾਲ ਅਣਗਿਣਤ ਤਬਾਹੀ ਹੋਈ।ਪਾਣੀ ਹੇਠਲੇ ਹਿੱਸੇ ਵਿੱਚ ਭੁਚਾਲ ਕਾਰਣ ਆਏ, ਇਸ ਸਮੁੰਦਰੀ ਤੂਫਾਨ ਦੀ ਕਹਾਣੀ ਕਦੇ ਭੁਲਾਈ ਨਹੀਂ ਜਾ ਸਕਦੀ।ਇਸੇ ਮਹੀਨੇ ਭਾਰਤ-ਪਾਕ (ਕਸ਼ਮੀਰ) ਵਿੱਚ ਆਏ ਭੁਚਾਲ ਨਾਲ ਹਜ਼ਾਰਾਂ ਮੌਤਾਂ ਹੋਈਆ ਹਨ।ਲੱਖਾਂ ਲੋਕ ਬੇਘਰ ਹੋ ਗਏ।ਇਹ ਸਭ ਕੁੱਝ ਕਿਸੇ ਪੁੰਨ-ਪਾਪ ਦਾ ਨਤੀਜਾ ਨਹੀਂ, ਬਲਕਿ ਪ੍ਰਕਿਰਤਕ ਖੇਡ ਦਾ ਹੀ ਇੱਕ ਸਿਲਸਿਲਾ ਹੈ।

No comments: