Friday, September 24, 2010

ਪੈੜਾਂ ਤੇ ਪਰਛਾਵੇਂ / ਦਰਸ਼ਨ ਦਰਵੇਸ਼

ਮੈਂ ਦੋਬਾਰਾ ਪੜ੍ਹਨਾਂ ਚਾਹੁੰਦਾ ਹਾਂ-ਗੁਰਨਾਮ ਗਿੱਲ
ਦਰਸ਼ਨ ਦਰਵੇਸ਼: ਤੁਹਾਡਾ ਪਹਿਲਾ ਸਕੂਲ ਅਤੇ ਪਹਿਲਾ ਮਨਪਸੰਦ ਕਾਲਜ ਜਿੱਥੇ ਤੁਸੀਂ ਲੱਖ ਚਾਹਕੇ ਵੀ ਨਹੀਂ ਜਾ ਸਕੇ ?
ਗੁਰਨਾਮ ਗਿੱਲ: ਲਾਇਲਪੁਰ ਖਾਲਸਾ ਕਾਲਿਜ, ਜਲੰਧਰ।
ਦਰਵੇਸ਼: ਤੁਸੀਂ ਜਿਸ ਵੀ ਸਕੂਲ ਜਾਂ ਕਾਲਜ ਵਿੱਚ ਪੜ੍ਹੇ ਉਸ ਵਿੱਚ ਕਿੰਨਾਂ ਕੁੱਝ ਅਣਮੰਨੇ ਮਨ ਨਾਲ ਕੀਤਾ ?
ਗਿੱਲ: ਸਧਾਰਣ ਕਿਸਾਨ ਪ੍ਰਵਾਰ ਵਿੱਚ ਜਨਮ ਲਿਆ ਅਤੇ ਜ਼ਿੰਦਗੀ ਪ੍ਰਤੀ ਸੇਧ ਨਾ ਹੋਣ ਕਰ ਕੇ, ਸਭ ਕੁੱਝ ਅਣਮੰਨੇ ਮਨ ਨਾਲ਼ ਹੀ ਹੋਇਆ। ਘਰੇਲੂ ਵਾਤਾਵਰਣ ਹੀ ਇਹੋ ਜਿਹਾ ਸੀ, ਫਿਰ ਮੇਰਾ ਕੀ ਕਸੂਰ?

ਦਰਵੇਸ਼: ਜਦੋਂ ਤੁਹਾਨੂੰ ਪਹਿਲੀ ਵਾਰ ਪਾਕੇੱਟ ਮਨੀਂ ਮਿਲੀ ਤਾਂ ਤੁਹਾਡੇ ਮਨ ਦੀ ਖੁਸ਼ੀ ਕਿਹੋ ਜਿਹੀ ਸੀ ?
ਗਿੱਲ: ਪਾਕੇਟ ਮਨੀ ਮੈਨੂੰ ਮਿਲੀ ਨਹੀਂ ਸੀ, ਮੈਂ ਆਪਣੀ ਮਾਂ ਦੇ ਸੰਦੂਕ ਵਿੱਚੋਂ ਚੋਰੀ ਕੀਤੀ ਸੀ। ਖਾਲਸਾ ਹਾਈ ਸਕੂਲ ਸਮਰਾਏ-ਜੰਡਿਆਲਾ ਦੀ ਕੰਟੀਨ ਅੱਗੇ ਖੜ੍ਹਕੇ ਪਕੌੜੇ ਖਾਂਦਿਆਂ, ਮੈਂ ਵੀ ਹਮਜਮਾਤੀਆਂ ‘ਚ ਖੜਾ ਮਾਣ ਮਹਿਸੂਸ ਕਰ ਰਿਹਾ ਸੀ, ਅਮੀਰ ਮਾਂ-ਬਾਪ ਦੇ ਬੱਚਿਆਂ ਵਾਂਗੂ!

ਦਰਵੇਸ਼: ਜੇਕਰ ਤੁਹਾਨੂੰ ਦੋਬਾਰਾ 16 ਸਾਲ ਦਾ ਹੋਣ ਦਾ ਮੌਕਾ ਦਿੱਤਾ ਜਾਵੇ ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰੋਗੇ ?
ਗਿੱਲ: ਮੈਨੂੰ ਤੁਸੀਂ ਹੁਣ 16 ਸਾਲ ਵਿੱਚ ਦੋਬਾਰਾ ਜਾਣ ਦਾ ਮੌਕਾ ਨਾ ਹੀ ਦਿਓ ਤਾਂ ਅੱਛਾ ਰਹੇਗਾ। ਜੇਕਰ ਤੁਹਾਡੀ ਜ਼ਿਦ ਹੈ ਤਾਂ ਫੇਰ ਮੈਂ ਆਪਣੇ ਮਾਂ-ਬਾਪ ਨੂੰ ਬੇਨਤੀ ਕਰਾਂਗਾ ਕਿ ਮੈਨੂੰ ਪੜ੍ਹਨ ਦਾ ਮੌਕਾ ਦੇਣ ਅਤੇ ਮੇਰੇ ਆਪਣੇ ਸੁਪਨਿਆਂ ਅਨੁਸਾਰ।

ਦਰਵੇਸ਼: ਤੁਹਾਡਾ ਅੱਜ ਤੱਕ ਦਾ ਸਭ ਤੋਂ ਯਾਦਗਾਰੀ ਅਤੇ ਕੌੜਾ ਪਲ ਕਿਹੜਾ ਹੈ ?
ਗਿੱਲ: ਬਹੁਤਾ ਯਾਦਗਾਰੀ ਤਾਂ ਨਹੀਂ ਪਰ ਕੌੜਾ ਜ਼ਰੂਰ ਹੈ। ਬਾਪ ਦੇ ਰੁੱਖੇ ਵਤੀਰੇ ਤੋਂ ਤੰਗ ਆ ਕੇ, ਆਪਣੇ ਗੁਆਢੀ ਹਮਜਮਾਤੀ ਸੁਭਾਸ਼ਬੀਰ ਸਿੰਘ ਮਲਹੋਤਰਾ ਨਾਲ਼, ਸਕੂਲ ਦੀਆਂ ਕਿਤਾਬਾਂ ਵੇਚ ਕੇ ਜਲੰਧਰੋਂ, ਅੰਬਾਲ਼ੇ ਚਲੇ ਜਾਣਾ ਅਤੇ ਮਾਯੂਸੀ ਵਿੱਚ ਵਾਪਸ ਪਰਤ ਆਉਣਾ। ਦੂਸਰੇ ਦਿਨ ਸ਼ਰਮਿੰਦਾ ਜਿਹਾ ਹੋਇਆ ਆਪਣੇ ਸਕੂਲ ਦੇ ਮਾਸਟਰ ਸ੍ਰ ਬਲਵਿੰਦਰ ਸਿੰਘ ਸਮਰਾ ਸਾਹਮਣੇ ਹਾਜ਼ਰ ਹੋਣਾ ਪਿਆ ਸੀ। ਸਕੂਲੋਂ ਵਾਪਸ ਆਣ ਕੇ ਚੁਬਾਰੇ ਵਿੱਚ ਬੈਠਾ ਸੀ ਜਦੋਂ ਸੁਭਾਸ਼ ਦੀ ਭੈਣ, ਸੁਰਜੀਤ ਆ ਕੇ ਮੈਨੂੰ ਘਰੋਂ ਭੱਜ ਜਾਣ ਦਾ ਕਾਰਣ ਪੁੱਛਣ ਲੱਗੀ, ਮੈਂ ਕੀ ਦੱਸਦਾ? ਉਹ ਮੈਨੂੰ ਗਲ਼ ਨਾਲ਼ ਲਾ ਕੇ ਰੋਣ ਲੱਗ ਪਈ ਅਤੇ ਮੈਂ ਵੀ ਰੋਣ ਲੱਗ ਪਿਆ ਸਾਂ। ਫੇਰ ਇੱਕ ਵਾਰੀ ਗੱਡੀ ਥੱਲੇ ਆ ਕੇ ਆਤਮ ਹੱਤਿਆ ਕਰਨੀ ਚਾਹੀ; ਮੌਲ਼ੀ ਦੇ ਫਾਟਕ ਕੋਲ਼ ਖੜਾ ਰਿਹਾ, ਜਦੋਂ ਗੱਡੀ ਆਈ ਉਦੋਂ ਤੱਕ ਗੁੱਸਾ ਠੰਡਾ ਹੋ ਚੁੱਕਾ ਸੀ। ਫਿਰ ਸਾਈਕਲ ਉੱਤੇ ਆਪਣੇ ਪਿੰਡ ਵੱਲ ਚਾਲੇ ਪਾ ਲਏ ਕਿਉਂ ਕਿ ਖੁਦਕੁਸ਼ੀ ਲਈ, ਨਿਰੀ ਬੁਜ਼ਦਿਲੀ ਨਹੀਂ ਸਗੋਂ ਬਹਾਦਰੀ ਦੀ ਵੀ ਲੋੜ ਹੁੰਦੀ ਹੈ!

ਦਰਵੇਸ਼: ਤੁਹਾਡੇ ਮਨਪਸੰਦ ਖਾਣੇਂ ਕਿਹੜੇ ਹਨ ਅਤੇ ਉਹੀ ਕਿਉਂ ਹਨ ?
ਗਿੱਲ: ਮੈਂ ਵਧੇਰੇ ਕਰਕੇ ਵੈਸ਼ਨੋ ਖਾਣਾ, ਆਪਣੇ ਹੀ ਸੁਆਦ ਅਨੁਸਾਰ, ਖੁਦ ਬਣਾ ਕੇ ਖਾਣਾ ਪਸੰਦ ਕਰਦਾ ਹਾਂ। ਸਾਦਾ, ਪੌਸ਼ਟਿਕ ਅਤੇ ਸੁਆਦੀ। ਅੱਜ ਕਲ੍ਹ ਤਲ਼ੇ ਹੋਏ ਖਾਣੇ ਮੈਂ ਬਿਲਕੁਲ ਪਸੰਦ ਨਹੀਂ ਕਰਦਾ।

ਦਰਵੇਸ਼: ਤੁਹਾਡੀ ਅਦਾ ਕਿਸ ਤਰਾਂ ਅਤੇ ਕਿਹੋ ਜਿਹੇ ਰੂਪ ਵਿੱਚ ਝਲਕਦੀ ਹੈ ?
ਗਿੱਲ: ਤੁਸੀਂ ਤਾਂ ਮੇਰੇ ਨਾਲ਼ ਮੁੰਬਈ ਵਿੱਚ ਰਹਿ ਕੇ ਚੰਗੀ ਤਰ੍ਹਾਂ ਦੇਖ ਚੁੱਕੇ ਹੋ! ਸ਼ਇਦ ਸਾਦ-ਮੁਰਾਦੇ, ਨਿਮਰ, ਪਾਰਦਰਸ਼ੀ ਵਿਅੱਕਤੀ ਦੇ ਰੂਪ ਵਿੱਚ। ਨਿਮਰ ਅਤੇ ਨਿਰਵੈਰ ਹਾਂ ਪਰ ਬੁਜ਼ਦਿਲ ਬਿਲਕੁਲ ਨਹੀਂ। ਬਾਕੀ ਤੁਸੀਂ ਜਾਣਦੇ ਹੋ।

ਦਰਵੇਸ਼: ਆਪਣਾਂ ਮਨਪਸੰਦ ਸੰਗੀਤ ਸੁਣਨ ਵੇਲੇ ਤੁਹਾਡੇ ਆਲੇ ਦੁਆਲੇ ਦਾ ਮਹੌਲ ਕਿਹੋ ਜਿਹਾ ਹੁੰਦਾ ਹੈ ?
ਗਿੱਲ: ਖ਼ਾਮੋਸ਼-ਇਕਾਂਤ ਦੀ ਹੋਂਦ ਵਰਗਾ! ਆਪਣੀ ਚੋਣ ਅਤੇ ਸੁਆਦ ਨੂੰ ਮਾਨਣ ਵਾਲੇ ਸਾਥੀ ਦੀ ਹੋਂਦ ਦੇ ਭੁਲੇਖੇ ਵਰਗਾ! (ਚਲਦਾ)

No comments: