ਅਸੀਂ ਸਾਂ ਫ਼ਿਲਮ ਦੇ ...........‘ਡੀਲਕਸ ਕਲਾਕਾਰ’
ਜਦ ਫ਼ਿਲਮ ‘ਇੱਕ ਕੁੜੀ ਪੰਜਾਬ ਦੀ’ ਦੀ ਸ਼ੂਟਿੰਗ ਲਈ ਮੈਂ 14 ਜਨਵਰੀ ਨੂੰ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿਖੇ ਪਹੁੰਚਿਆ ਤਾਂ ਮੈਨੂੰ ਸਭ ਤੋਂ ਪਹਿਲਾਂ ਮੇਰਾ ਇੱਕ ਪੁਰਾਣਾ ਮਿੱਤਰ ਗਗਨ ਗਿੱਲ ਹੋਟਲ ਵਿੱਚ ਮੇਰਾ ਹੀ ਇੰਤਜ਼ਾਰ ਕਰਦਾ ਮਿਲਿਆ। ਗਗਨ ਦੀ ਚੋਣ ਵੀ ਇਸ ਫ਼ਿਲਮ ਵਿੱਚ ਇੱਕ ਭੂਮਿਕਾ ਨਿਭਾਉਣ ਲਈ ਹੋਈ ਸੀ। ਕੁਝ ਦੇਰ ਬਾਅਦ ਸਾਹਮਣੇ ਵਾਲੇ ਹੋਟਲ ‘ਸ਼ਾਮ ਰੀਜੈਂਸੀ’ ਵਿੱਚੋਂ ਅਮਰਦੀਪ ਗਿੱਲ ਦਾ ਫ਼ੋਨ ਆਇਆ ਕਿ ਮੇਰੇ ਕਮਰੇ ਵਿੱਚ ਆ ਜਾਓ ਜਦ ਅਸੀਂ ਅਮਰਦੀਪ ਗਿੱਲ ਦੇ ਕਮਰੇ ਵਿੱਚ ਪਹੁੰਚੇ ਤਾਂ ਉਥੇ ਉਸਨੇ ਸਾਨੂੰ ਕੋਟਕਪੂਰੇ ਦੇ ਇੱਕ ਹੋਰ ਕਲਾਕਾਰ ਪ੍ਰਿੰਸ ਕੇ.ਜੇ.ਸਿੰਘ ਨੂੰ ਮਿਲਵਾਇਆ। ਮਿਲਣ ਤੋਂ ਬਾਅਦ ਪਤਾ ਲੱਗਾ ਕਿ ਪ੍ਰਿੰਸ ਵੀ ਸਾਡੇ ਨਾਲ ਹੀ ਇਸ ਫ਼ਿਲਮ ਵਿੱਚ ਅਦਾਕਾਰੀ ਕਰੇਗਾ। ਕੁਝ ਦੇਰ ਬਾਅਦ ਇੱਕ ਭਲਵਾਨਾਂ ਵਰਗੇ ਜੁੱਸੇ ਵਾਲਾ ਮੁੰਡਾ ਉਸ ਕਮਰੇ ਵਿੱਚ ਆਇਆ ਇਹ ‘ਮਨ ਜੀ’ ਦੇ ਹੀ ਸ਼ਹਿਰ ਸਿਰਸੇ ਤੋਂ ਆਇਆ ਕਰਮਜੀਤ ਸਿੰਘ ਸਿਰਸਾ ਸੀ ਪਤਾ ਲੱਗਾ ਕਿ ਇਸ ਫ਼ਿਲਮ ਰਾਹੀਂ ‘ਮਨ ਜੀ’ ਨੇ ਇਸ ਮੁੰਡੇ ਦੀ ਅਦਾਕਾਰੀ ਕਰਨ ਵਾਲੀ ਮਨ ਦੀ ਮੁਰਾਦ ਪੂਰੀ ਕੀਤੀ ਹੈ। ਅਜੇ ਅਸੀਂ ਗੱਲਾਂ ਕਰ ਹੀ ਰਹੇ ਸੀ ਕਿ ਇੱਕ ਹੋਰ ਸੰਘਰਸ਼ਸ਼ੀਲ ਕਲਾਕਾਰ ਸੁਖਵਿੰਦਰ ਰਾਜ ਦਾ ਉਸ ਕਮਰੇ ਵਿੱਚ ਦਾਖਲਾ ਹੋਇਆ। ਸੁਖਵਿੰਦਰ ਰਾਜ ਪਟਿਆਲਾ ਯੂਨੀਵਰਸਿਟੀ ਵਿਖੇ ਗਗਨ ਗਿੱਲ ਨਾਲ ਥੀਏਟਰ ਵਿਭਾਗ ਵਿੱਚ ਪੜ੍ਹਦਾ ਰਿਹਾ ਸੀ ਸੋ ਇਸ ਕਰਕੇ ਉਹਨਾਂ ਦੀ ਵੀ ਪੁਰਾਣੀ ਜਾਣ-ਪਹਿਚਾਣ ਸੀ। ਮੁੱਢਲੀ ਜਾਣ-ਪਛਾਣ ਤੋਂ ਬਾਅਦ ਇੱਕ ਕਾਫ਼ੀ ਭਾਰੇ ਪਰ ਕਮਾਏ ਹੋਏ ਸਰੀਰ ਵਾਲਾ ਅੱਧਖੜ ਜਿਹੀ ਉਮਰ ਦਾ ਬੰਦਾ ਕਮਰੇ ਵਿੱਚ ਆਇਆ ਜੋ ਕਿ ਅੰਬਾਲੇ ਵਾਲੇ ਟਿੰਮੀ ਜੀ ਸੀ। ਉਸਨੇ ਆਉਂਦਿਆਂ ਹੀ ਸਾਨੂੰ ਇਹ ਕਿਹਾ ਕਿ ਸਾਡਾ ਪੰਜਾਂ ਦਾ ਕਿਸੇ ਹੋਰ ਹੋਟਲ ਵਿੱਚ ਇੰਤਜ਼ਾਮ ਕੀਤਾ ਗਿਆ ਹੈ ਸੋ ਅਸੀਂ ਓਧਰ ਨੂੰ ਚਾਲੇ ਪਾਈਏ। ਅਸੀਂ ਬਿਨਾਂ ਕੋਈ ਹੀਲ-ਹੁੱਜਤ ਕੀਤਿਆਂ ਗੱਡੀ ਵਿੱਚ ਬੈਠ ਗਏ ਤੇ ਗੱਡੀ ਸਾਨੂੰ ਲੈ ਕੇ ਰੇਲਵੇ ਸਟੇਸ਼ਨ ਦੇ ਬਿਲਕੁਲ ਨਜ਼ਦੀਕ ਪੈਂਦੇ ਇੱਕ ਹੋਟਲ ‘ਹੋਟਲ ਡੀਲਕਸ’ ਦੇ ਸਾਹਮਣੇ ਰੁਕ ਗਈ। ਇਸ ਹੋਟਲ ਵਿੱਚ ਸਾਡੇ ਰਹਿਣ ਦਾ ਸਾਡੀ ਸੋਚ ਤੋਂ ਵਧੀਆ ਇੰਤਜ਼ਾਮ ਸੀ। ਅਸੀਂ ਉਂਝ ਤਾਂ ਇਸ ਹੋਟਲ ਵਿੱਚ ਸਿਰਫ਼ ਸੱਤ ਦਿਨ ਹੀ ਰਹੇ ਪਰ ਸਾਰੀ ਸ਼ੂਟਿੰਗ ਇਸ ‘ਡੀਲਕਸ’ ਸ਼ਬਦ ਨੇ ਸਾਡਾ ਪਿੱਛਾ ਨਹੀਂ ਛੱਡਿਆ ਕਿਉਂਕਿ ਘੁੱਗੀ ਭਾਅ ਨੇ ਸਾਡਾ ਪੰਜਾਂ ਦਾ ਤਖੱਲਸ ਹੀ ‘ਡੀਲਕਸ ਕਲਾਕਾਰ’ ਰੱਖ ਦਿੱਤਾ ਸੀ ਇਸ ਕਰਕੇ ਸਾਰਾ ਯੂਨਿਟ ਹੀ ‘ਔਹ ਆ ਗਏ ਡੀਲਕਸ ਕਲਾਕਾਰ’ ਕਹਿ ਕੇ ਸਾਨੂੰ ਛੇੜ ਕੇ ਆਪਣਾ ਮਨੋਰੰਜਨ ਕਰਦਾ ਰਿਹਾ। ਕਦੇ-ਕਦੇ ਤਾਂ ਅਸੀਂ ਪੰਜੇ ਹੀ ਇੱਕ ਦੂਜੇ ਨੂੰ ਹਰ ਸ਼ਾਟ ਬਾਅਦ ਇਹ ਕਹਿ ਦਿੰਦੇ ਕਿ ‘ਵਾਹ ਉਸਤਾਦ ਕਿਆ ਡੀਲਕਸ ਸ਼ਾਟ ਦਿੱਤਾ ਹੈ, ਇਹਦੇ ਵਿੱਚ ਤਾਂ ਤੂੰ ਘੁੱਗੀ ਨੂੰ ਵੀ ਖਾ ਗਿਆ’ (ਚਲਦਾ)
No comments:
Post a Comment