Thursday, July 1, 2010

ਡੰਡੀਆਂ-ਪਗਡੰਡੀਆਂ/ਦਰਸ਼ਨ ਦਰਵੇਸ਼


ਜੇ ਥੀਏਟਰ ਨਾਂ ਹੁੰਦਾ ਤਾਂ ਮੇਰਾ ਅੱਜ ਨਾਂ ਹੁੰਦਾ- ਰਾਣਾਂ ਰਣਬੀਰ


ਮੁਲਾਕਾਤੀ – ਦਰਸ਼ਨ ਦਰਵੇਸ਼


ਰਾਣਾਂ ਰਣਬੀਰ ਇੱਕ ਅਣਲਿਖਿਆ ਮੀਲ-ਪੱਥਰ ਹੈ।ਬਿਨ ਰੁਕਿਆਂ ਤੁਰੇ ਰਹਿਣ ਦਾ ਨਾਂਅ।ਸ਼ਬਦ,ਸਟੇਜ ਤੇ ਸਿਨੇਮਾ ਉਸਦੀ ਪਨਾਹਗਾਹ ਨੇ।ਕਈ ਵਾਰ ਉਸਦੇ ਹਾਸੇ ਵਿੱਚ ਸਮਾਜ ਦੀਆਂ ਤੰਗ ਗਲੀਆਂ ਦੇ ਅੱਥਰੂ ਛੁਪੇ ਹੁੰਦੇ ਨੇ ਤੇ ਕਦੇ ਕਦੇ ਉਸਦੇ ਮੱਥੇ ਦੀ ਸ਼ਿਕਨ ਵਿੱਚ ਬੇਤਰਤੀਬ ਸਮਾਜ ਦੇ ਤਹਿਖਾਨਿਆਂ ਦਾ ਕਰੂਰ ਹਾਸਾ ਛੁਪਿਆ ਹੁੰਦਾ ਹੈ।ਮੈਂ ਬਿਨਾਂ ਝਿਜਕ ਬੜੇ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇੱਕ ਸਮਰਪਣ ਦਾ ਨਾਂਅ ਹੈ ਰਾਣਾਂ ਰਣਬੀਰ।ਮੰਗਣ ਲੱਗਿਆਂ ਉਸਨੂੰ ਸ਼ਰਮ ਕਾਹਦੀ ? ਕਿਉਂਕਿ ਇਵਜ਼ ਵਿੱਚ ਦੇਣ ਵਾਲੇ ਨੂੰ ਦੇਣ ਲਈ ਉਸ ਕੋਲ ਵੀ ਬਹੁਤ ਕੁੱਝ ਹੈ।ਲੇਕਿਨ ਰੋਟੀ ਖੋਹਣ ਵਾਲੇ ਨੂੰ ਉਸਦੇ ਸ਼ਬਦਾਂ ਦੀ ਤਲਵਾਰ ਏਨਾਂ ਕੁ ਕਹਿਕੇ ਮਰਿਆਂ ਵਰਗਾ ਕਰ ਦਿੰਦੀ ਹੈ ‘ਜਾਹ ਰੱਬ ਤੈਨੂੰ ਸੁਮੱਤ ਬਖਸ਼ੇ’।
ਏਨੇ ‘ਉੱਚੇ ਕੱਦ’ ਵਾਲਾ ਵਿਅਕਤੀ ਮੈਨੂੰ ਪਹਿਲੀ ਵਾਰ ਮਿਲਿਆ ਹੈ।ਜਿਸਦੇ ਸਾਹਾਂ ‘ਚੋਂ ਮਾਲਵੇ ਦੀ ਮਿੱਟੀ ਦੀ ਮਹਿਕ ਖਤਮ ਹੋਣ ਦਾ ਨਾਂਅ ਹੀ ਨਹੀਂ ਲੈਂਦੀ।ਪਹਿਲੀ ਮਿਲਣੀਂ ਵਿੱਚ ਹੀ ਮੈਂ ਉਸਦੇ ਲੰਬੇ ਸੰਘਰਸ਼ ਦੇ ਨਿਸ਼ਾਨ ਮੈਂ ਉਸਦੇ ਮੱਥੇ ਦੀਆਂ ਤਿਊੜੀਆਂ ਵਿੱਚ ਵੇਖ ਲਏ ਸਨ ਅਤੇ ਉਸਦੇ ਤੁਰੇ ਰਹਿਣ ਦੀ ਆਦਤ ਮੈਨੂੰ ਆਪਣੇਂ ਜਿੰਨੀ ਹੀ ਪਸੰਦ ਆਈ ਸੀ।ਰਾਣਾਂ ਜੀ ਦੀਆਂ ਜਲਦੀ ਰੀਲੀਜ਼ ਹੋਣ ਵਾਲੀਆਂ ਫਿਲਮਾਂ ਵਿੱਚ ਹੈ ‘ਇੱਕ ਕੁੜੀ ਪੰਜਾਬ ਦੀ’। ਪਿਛਲੇ ਦਿਨੀਂ ਇਸ ਘੁਲਣਸ਼ੀਲ ਪਦਾਰਥ ਵਰਗੇ ਇਨਸਾਨ ਕਲਾਕਾਰ ਨਾਲ ਕਈ ਸਾਰੀਆਂ ਗੱਲਾਂ ਕਰਨ ਦਾ ਸਬੱਬ ਬਣ ਗਿਆ ਤਾਂ ਆਉ ਦੇਖਦੇ ਹਾਂ ਫੇਰ ਕੀ ਕਹਿੰਦੈ ਰਾਣਾਂ ਰਣਬੀਰ :-

ਦਰਸ਼ਨ ਦਰਵੇਸ਼-ਸਭ ਤੋਂ ਪਹਿਲਾਂ ਇਹ ਦੱਸੋ ਕਿ ਪਹਿਲੀ ਵਾਰ ਤੁਹਾਨੂੰ ਕਦੋਂ ਮਹਿਸੂਸ ਹੋਇਆ ਕਿ ਤੁਹਾਡੇ ਅੰਦਰ ਵੀ ਕੋਈ ਇੱਕ
ਅਜਿਹਾ ਕਲਾਕਾਰ ਹੈ ਜਿਹੜਾ ਮੰਚ ਉੱਪਰ ਆਮ ਜਾਂ ਖਾਸ ਸਮਾਜਿਕ ਕਿਰਦਾਰਾਂ ਦੀ ਪੇਸ਼ਕਾਰੀ ਕਰ ਸਕਦਾ ਹੈ ?
ਰਾਣਾਂ ਰਣਬੀਰ -ਇਸ ਗੱਲ ਦਾ ਅਹਿਸਾਸ ਮੈਨੂੰ ਦੇਸ਼ ਭਗਤ ਕਾਲਜ ਬਰੜਵਾਲ (ਧੂਰੀ) ਵਿੱਚ ਪਹਿਲੀ ਵਾਰ ਹੋਇਆ। ਉਦੋਂ ਮੈਂ
ਪਲੱਸ ਟੂ ਵਿੱਚ ਪੜ੍ਹਦਾ ਸੀ।ਆਡੀਸ਼ਨ ਹੋ ਰਿਹਾ ਸੀ ਮੈਂ ਵੀ ਹਿੰਮਤ ਕਰਕੇ ਉਸ ਵਿੱਚ ਸ਼ਾਮਿਲ ਹੋ ਗਿਆ ਅਤੇ ਕਾਲਜ ਦੀ ਨਾਟਕ ਟੀਮ ਦਾ ਖੂੰਜੇ ਲੱਗਿਆ ਮੈਂਬਰ ਬਣ ਗਿਆ।ਵੈਸੇ ਮੈਂ ਪੰਜਵੀਂ ਕਲਾਸ ਤੋਂ ਹੀ ਮੰਚ ਨਾਲ ਰਿਸ਼ਤਾ ਗੰਢ ਲਿਆ ਸੀ।ਕਵਿਤਾ ਕਹਿਣੀਂ,ਭਾਸ਼ਣ ਕਰਨੇਂ,ਗੁਰੁ ਘਰ ਜਾਕੇ ਸ਼ਬਦ ਬੋਲਣੇਂ, ਰਾਮਲੀਲਾ ‘ਚ ਹਿੱਸਾ ਲੈਣਾਂ। ਪਰ ਅਸਲ ਨਾਟਕੀ ਸਫਰ ਮੇਰੇ ਉਸ ਪਹਿਲੇ ਕਾਲਜ ਤੋਂ ਹੀ ਸ਼ੁਰੂ ਹੋਇਆ ਸੀ।ਨਾਟਕ ‘ਮਿੱਟੀ ਦਾ ਮੋਹ’ ਨਾਲ ਪੰਜਾਬੀ ਵਿਸ਼ਵਵਿਦਿਆਲੇ ਦੇ ਯੁਵਕ ਮੇਲੇ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਅਤੇ ਸੱਚਾਈ ਤਾਂ ਇਹ ਹੈ ਕਿ ਇਹਨਾਂ ਮਸ਼ਕਾਂ ਨੇ ਹੀ ਆਮ ਅਤੇ ਖਾਸ ਕਿਰਦਾਰ ਨਿਭਾਉਣ ਦੇ ਸਮਰੱਥ ਕੀਤਾ।

ਦਰਸ਼ਨ ਦਰਵੇਸ਼-ਸਭ ਤੋਂ ਪਹਿਲੀ ਵਾਰ ਕਿਹੜਾ ਕਿਰਦਾਰ ਜਿਉਂਕੇ ਵੇਖਿਆ ਸੀ ? ਅਤੇ ਕਿਹੋ ਜਿਹੀ ਖੁਸ਼ੀ ਮਹਿਸੂਸ ਕੀਤੀ ਸੀ?
ਰਾਣਾਂ ਰਣਬੀਰ -ਰਾਮਲੀਲਾ ਵਿੱਚ ਸਰੂਪਨਖਾ ਦਾ ਅਤੇ ਨਾਟਕ ਵਿੱਚ ਸਭ ਤੋਂ ਪਹਿਲਾ ਕਿਰਦਾਰ ਪ੍ਰੋ: ਅਜਮੇਰ ਸਿੰਘ ਔਲਖ ਦੇ
ਨਾਟਕ ‘ਅੰਨ੍ਹੇਂ ਨਿਸ਼ਾਨਚੀ’ ਵਿਚਲੇ ਛੋਟੇ ਬੱਚੇ ਦਾ ਕਿਰਦਾਰ ਜਿਊਣ ਦਾ ਪਹਿਲਾ ਮੌਕਾ ਮਿਲਿਆ ਸੀ। ਖੁਸ਼ੀ ਤਾਂ ਉਸਵਕਤ ਏਨੀਂ ਸੀ ਕਿ ਮੈਂ ਮੁਹੱਲੇ ਵਿੱਚ ਵੱਖਰਾ ਮਹਿਸੂਸ ਕਰਦਾ ਸੀ। ਲੋਕ ਪੁੱਛਦੇ ਸਨ ਅਤੇ ਤਾਰੀਫ ਕਰਦੇ ਸਨ।ਸੰਗਦੇ ਸੰਗਦੇ ਖੁਸ਼ ਹੋਣ ਦਾ ਸੁਆਦ ਹੀ ਵੱਖਰਾ ਸੀ।

ਦਰਸ਼ਨ ਦਰਵੇਸ਼-ਇੱਕ ਕਿਰਦਾਰ ਨੂੰ ਆਪਣੇਂ ਅੰਦਰ ਉਤਾਰਨ ਲਈ ਤੁਹਾਨੂੰ ਕਿਹੋ ਜਿਹੀ ਜੱਦੋ-ਜਹਿਦ ਵਿੱਚੋਂ ਗੁਜ਼ਰਨਾਂ ਪੈਂਦਾ ਹੈ ?
ਰਾਣਾਂ ਰਣਬੀਰ -ਮੈਂ ਥੀਏਟਰ ਦੀ ਐੱਮ.ਏ. ਕਰਨ ਵੇਲੇ ਜਾਂ ਬਾਦ ਵਿੱਚ ਆਪਣੇਂ ਵਿਦਿਆਰਥੀਆਂ ਨਾਲ ਵੀ ਇਹ ਗੱਲ ਸਾਂਝੀ ਕਰਦਾ
ਰਿਹਾਂ।ਕਿ ਮੈਨੂੰ ਕੋਈ ਜ਼ਿਆਦਾ ਹੀ ਤਰੱਦਦ ਜਾਂ ਜੱਦੋਜਹਿਦ ਨਹੀਂ ਕਰਨੀਂ ਪੈਂਦੀ ਕਿਉਂਕਿ ਮੈਂ ਸਵਿੱਚ ਆੱਨ ਆਫ ਐਕਟਰ ਹਾਂ,ਮੈਂ ਚਾਰ ਵਕਤ ਰੱਜਵੀਂ ਰੋਟੀ ਖਾਕੇ ਵੀ ਚਾਰ ਮਹੀਨੇ ਤੋਂ ਭੁੱਖੇ ਬੈਠੇ ਪਾਤਰ ਨੂੰ ਬੜੀ ਆਸਾਨੀਂ ਨਾਲ ਸਟੇਜ ਉੱਪਰ ਜਿਊਂ ਕੇ ਵਿਖਾ ਸਕਦਾਂ। ਸ਼ਾਇਦ ਇਹ ਮੇਰੇ ਅੰਦਰਲਾ ਕਲਾਕਾਰ ਹੀ ਸੀ ਕਿ ਅੰਨ੍ਹੇ ਨਿਸ਼ਾਨਚੀ ਦਾ ਕਿਰਦਾਰ ਨਿਭਾਉਣ ਵੇਲੇ, ਮੈਂ ਜਿਹੜਾ ਕਿ ਸਭ ਤੋਂ ਛੋਟੇ ਕੱਦ ਦਾ ਕਲਾਕਾਰ ਸੀ ਨਾਟਕ ਖੇਡਣ ਤੋਂ ਬਾਦ ਸਭ ਤੋਂ ਉੱਚੇ ਕੱਦ ਦਾ ਕਲਾਕਾਰ ਬਣ ਗਿਆ ਸੀ।

ਦਰਸ਼ਨ ਦਰਵੇਸ਼-ਆਮ ਤੌਰ ਉੱਤੇ ਮੰਚ ਉੱਪਰ ਕਿਹੋ ਜਿਹੇ ਕਿਰਦਾਰ ਜਿਊਂਕੇ ਤੁਹਾਨੂੰ ਆਤਮ ਸਕੂਨ ਪ੍ਰਾਪਤ ਹੋਇਆ ?
ਰਾਣਾਂ ਰਣਬੀਰ -ਮੰਚ ਉੱਪਰ ਮੈਨੂੰ ਗੁਰਦਿਆਲ ਸਿੰਘ ਦੇ ਨਾਟਕ ‘ਅੱਧ ਚਾਨਣੀਂ ਰਾਤ’ ਦਾ ਪਾਤਰ ਰੁਲਦੂ ਨਿਭਾਕੇ ਬੜਾ ਸਕੂਨ
ਮਿਲਿਆ।ਉਹ ਨਾਟਕ ਅਸੀਂ ਰੈਪਰਟਰੀ ‘ਚ ਹੁੰਦਿਆਂ ਬਹੁਤ ਵਾਰੀ ਖੇਡਿਆ। ਤੇ ਇੱਕ ਪਾਤਰ ਸੀ ਭਾਬੀ ਮੈਨਾਂ ਨਾਟਕ ਦਾ ‘ਕਾਕਾ’। ਜਿਹੜਾ ਅੱਜ ਵੀ ਵਾਰ ਵਾਰ ਕਰਨ ਨੂੰ ਦਿਲ ਕਰਦਾ [

ਦਰਸ਼ਨ ਦਰਵੇਸ਼-ਥੀਏਟਰ ਕਰਦਿਆਂ ਤੁਸੀਂ ਆਪਣੀਂ ਨਿੱਜੀ ਜ਼ਿੰਦਗੀ ਵਿੱਚ ਕਿਹੋ ਜਿਹਾ ਕੋਈ ਬਦਲਾਉ ਮਹਿਸੂਸ ਕੀਤਾ ?
ਰਾਣਾਂ ਰਣਬੀਰ -ਮੇਰੀ ਨਿੱਜੀ ਜ਼ਿੰਦਗੀ ਬਣਾਈ ਹੀ ਥੀਏਟਰ ਨੇ ਹੈ।ਮੈਂ ਥੀਏਟਰ ਨੂੰ ਕਦੇ ਵੀ ਆਪਣੇਂ ਤੋਂ ਵੱਖ ਕਰਕੇ ਨਹੀਂ ਵੇਖ
ਸਕਦਾ।ਮੇਰਾ ਅੱਜ ਤੱਕ ਦਾ ਸਭ ਤੋਂ ਵੱਧ ਸਮਾਂ ਸਟੇਜਾਂ ਉੱਪਰ ਹੀ ਬੀਤਿਆ ਹੈ।ਨਾਟਕਾਂ ਰਾਹੀਂ ਮਿਲੇ ਕੁੱਝ ਵਧੀਆ ਕਿਰਦਾਰਾਂ ਦੇ ਸੁਭਾਅ ਮੈਂ ਆਪਣੇਂ ਨਿੱਜ ਵਿੱਚ ਵੀ ਜਿਊਣ ਦੀ ਕੋਸ਼ਿਸ਼ ਕਰਦਾ ਹਾਂ।

ਦਰਸ਼ਨ ਦਰਵੇਸ਼-ਤੁਸੀਂ ਇੱਕ ਕਲਾਕਾਰ ਹੋ,ਲੇਖਕ ਹੋ, ਕਿਸ ਖੇਤਰ ਵਿੱਚ ਮੰਜ਼ਿਲ ਛੂਹਣ ਦਾ ਇਰਾਦਾ ਧਾਰਿਆ ਹੋਇਆ ਹੈ ?
ਰਾਣਾਂ ਰਣਬੀਰ -ਹੁਣ ਤਾਂ ਸਿਰਫ ਐਕਟਿੰਗ ਵਿੱਚ ਹੀ ਅੱਗੇ ਵਧਣ ਦੀ ਲਾਲਸਾ,ਕਾਮਨਾਂ ਅਤੇ ਇਰਾਦਾ ਹੈ।ਹਾਂ ਲਿਖਣਾਂ ਬਾਦਸਤੂਰ
ਜਾਰੀ ਹੈ ਅਤੇ ਅਗਾਂਹ ਨੂੰ ਵੀ ਜਾਰੀ ਰਹੇਗਾ।

ਦਰਸ਼ਨ ਦਰਵੇਸ਼-ਅੱਜ ਤੱਕ ਜਿੰਨੇ ਵੀ ਨਾਟਕ ਕੀਤੇ ਉਹਨਾਂ ‘ਚੋਂ ਕਿਹੜੀਆਂ ਕਿਰਤਾਂ ਬਾਰ ਬਾਰ ਮੰਚਿਤ ਕਰਨ ਨੂੰ ਦਿਲ ਕਰਦਾ ਹੈ
ਰਾਣਾਂ ਰਣਬੀਰ -ਹਿੰਦੀ ਦਾ ਇੱਕ ਨਾਟਕ ਖੁਦ ਹੀ ਨਿਰਦੇਸ਼ਿਤ ਅਤੇ ਐਕਟ ਕੀਤਾ ਸੀ ‘ਫੰਦੀ’ ਤੇ ਦੂਜਾ ੧੯੯੫ ‘ਚ ਪਾਸ਼ ਦੀ
ਪੋਇਟਰੀ, ਚਿੱਠੀਆਂ ਅਤੇ ਡਾਇਰੀ ਨੂੰ ਲੈਕੇ ਕੰਪਾਈਲ ਕੀਤਾ ਸੀ-‘ਉਦਾਸ ਪਹਿਰ ਦੀ ਸਾਂ ਸਾਂ’। ਇਸਨੂੰ ਤਾਂ ਹੁਣ ਵੀ ਮੰਚਿਤ ਕਰਨ ਨੂੰ ਦਿਲ ਕਰਦੈ।

ਦਰਸ਼ਨ ਦਰਵੇਸ਼-ਜੇਕਰ ਉਸਤਾਦ-ਸ਼ਾਗਿਰਦ ਦੀ ਰਿਵਾਇਤ ਨੂੰ ਮੰਨਦੇ ਹੋ ਤਾਂ ਆਪਣੇਂ ਉਸਤਾਦ ਬਾਰੇ ਦੱਸਦੇ ਹੋਏ ਇਹ ਵੀ ਦੱਸੋ ਕਿ
ਉਹਨਾਂ ਨੇ ਸਫਲਤਾ ਦੀ ਪੌੜੀ ਦਾ ਰਾਜ਼ ਤੁਹਾਨੂੰ ਕੀ ਅਤੇ ਕਿਵੇਂ ਸਮਝਾਇਆ ਸੀ?
ਰਾਣਾਂ ਰਣਬੀਰ -ਮੈਂ ਜਿੰਨ੍ਹਾਂ ਤੋਂ ਪੜ੍ਹਿਆ, ਜਿੰਨ੍ਹਾਂ ਨਾਲ ਕੰਮ ਕੀਤਾ। ਜਿਹੜੀਆਂ ਕਿਤਾਬਾਂ ਪੜ੍ਹੀਆਂ,ਗਿਣਤੀ ਦੇ ਕੁੱਝ ਦੋਸਤ ਅਤੇ
ਦੁਸ਼ਮਣ, ਸਭ ਮੇਰੇ ਉਸਤਾਦ ਨੇ।ਕਿਸੇ ਤੋਂ ਕੁੱਝ ਸਿੱਖਿਆ ਕਿਸੇ ਤੋਂ ਕੁੱਝ। ਕਿਸੇ ਤੋਂ ਸਿੱਖਿਆ ਕਿ ਕੀ ਕਰਨਾਂ ਹੈ ਅਤੇ ਕਿਵੇਂ ਜਿਊਣਾਂ ਹੈ। ਕਿਸੇ ਨੇ ਦੱਸਿਆ ਕਿ ਕੀ ਨਹੀਂ ਕਰਨਾਂ।ਕਿਸੇ ਤੋਂ ਸਿੱਖਿਆ ਲਈ ਕਿ ਇਹਦੇ ਵਾਂਗ ਨਹੀਂ ਕਰਨਾਂ।ਸਫਲਤਾ ਦਾ ਸਬਕ ਖੁਦ ਨੂੰ ਆਪ ਹੀ ਪੜ੍ਹਾਇਆ।ਕੰਮ ਕਰਦਾ ਰਹਿ ਮਿਹਨਤ ਅਤੇ ਇਮਾਨਦਾਰੀ ਨਾਲ।

ਦਰਸ਼ਨ ਦਰਵੇਸ਼-ਸਿਨੇਮਾ ਅਤੇ ਸਟੇਜ ਦਾ ਮਨੋਰੰਜਨ ਇਕੱਠੇ ਕਿੱਥੇ ਹਨ ਅਤੇ ਵੱਖ ਵੱਖ ਕਿੱਥੇ ਹਨ ?
ਰਾਣਾਂ ਰਣਬੀਰ -ਸਿਨੇਮਾਂ ਅਤੇ ਸਟੇਜ ਵਿੱਚ ਮੈਂ ਬਹੁਤ ਅੰਤਰ ਵੇਖਦਾਂ।ਹਰ ਪਹਿਲੂ ਉੱਪਰ ਇੱਕਸਾਰ ਹੋਕੇ ਵੀ ਵੱਖਰੇ ਹਨ।ਇਸ
ਉੱਪਰ ਬਹੁਤ ਵੱਡੀ ਚਰਚਾ ਹੋ ਸਕਦੀ ਹੈ।ਮੇਰੇ ਖਿਆਲ ਵਿੱਚ ਸਿਨੇਮਾ ਚੱਲੀ ਹੋਈ ਦੁਕਾਨ ਵਰਗਾ ਹੁੰਦਾ ਹੈ। ਐਕਟਰ ਲਈ ਥੀਏਟਰ ਬਹੁਤ ਜਰੂਰੀ ਹੈ।ਇਹ ਵੀ ਕਹਿ ਸਕਦੇ ਹਾਂ ਕਿ ਥੀਏਟਰ ਮੇਰਾ ਰਿਆਜ਼ ਐ ਅਤੇ ਸਿਨੇਮਾ ਮੇਰੀ ਦੁਕਾਨ ਐ।ਵੱਡੀ ਦੁਕਾਨ ਹਮੇਸ਼ਾ ਵੱਡੀ ਆਡੀਐਂਸ ਦਿੰਦੀ ਐ।ਸਕਰੀਨ ਉੱਪਰ ਜੋ ਨਿਰਦੇਸ਼ਕ ਦਿਖਾਵੇਗਾ ਉਹ ਨਜ਼ਰ ਆਵੇਗਾ ਅਤੇ ਸਟੇਜ ਉੱਪਰ ਜੋ ਮੈਂ ਦਿਖਾਵਾਂਗਾ ਉਹ ਦਿੱਸੇਗਾ।ਸਟੇਜ ਇੱਕ ਕਲਾਕਾਰ ਨੂੰ ਤੁਰੰਤ ਰਿਸਪਾਂਸ ਦਿੰਦੀ ਹੈ ਅਤੇ ਸਟੇਜ ਦੇਰ ਬਾਦ।

ਦਰਸ਼ਨ ਦਰਵੇਸ਼-ਪਹਿਲਾਂ ਵੀਡੀਓ ਫਿਲਮਾਂ ਅਤੇ ਫੇਰ ਫੀਚਰ ਫਿਲਮਾਂ ਵੱਲ ਆਉਣ ਦਾ ਸਬੱਬ ਕਿਵੇਂ ਬਣਿਆ ?
ਰਾਣਾਂ ਰਣਬੀਰ-ਵੀਡੀਓ ਅਤੇ ਥੀਏਟਰ ਕਰਦੇ ਹੋਏ ਸਿਨੇਮਾ ਦੀ ਭੁੱਖ ਤਾਂ ਸੀਗੀ ਹੀ।‘ਦਿਲ ਆਪਣਾਂ ਪੰਜਾਬੀ’ ਰਾਹੀਂ ਪਹਿਲੀ ਵਾਰ
ਮਨਮੋਹਨ ਸਿੰਘ ਹੋਰਾਂ ਨੇ ਮੌਕਾ ਦਿੱਤਾ ਅਤੇ ਮੈਂ ਕੋਸ਼ਿਸ਼ ਕੀਤੀ ਕਿ ਘੱਟ ਤੋਂ ਘੱਟ ਤੇਤੀ ਪ੍ਰਤੀਸ਼ਤ ਨੰਬਰ ਲੈਕੇ ਤਾਂ ਪਾਸ ਹੋਵਾਂ ਹੀ ਹੋਵਾਂ।ਨੰਬਰ ਕਿੰਨੇ ਲੈਕੇ ਪਾਸ ਹੋਇਆਂ ਇਹ ਤਾਂ ਮੈਨੂੰ ਪਤਾ ਨੀਂ ਪਰ ਫਿਲਮਾਂ ਕਰ ਰਿਹਾ ਹਾਂ।

ਦਰਸ਼ਨ ਦਰਵੇਸ਼-ਹੁਣ ਤੱਕ ਫਿਲਮਾਂ ਵਿੱਚ ਜਿਹੜੇ ਵੀ ਕਿਰਦਾਰ ਨਿਭਾਏ ਉਹਨਾਂ ਵਿੱਚੋਂ ਕਿਹੜੇ ਕਿਰਦਾਰਾਂ ਨੇ ‘ਗੱਲ ਬਣਜੂ’
ਵਰਗਾ ਸ਼ਬਦ ਮਸਤਕ ਅੰਦਰ ਜਿਊਂਦਾ ਕੀਤਾ ?
ਰਾਣਾਂ ਰਣਬੀਰ-ਫਿਲਮਾਂ ਤਾਂ ਮੈਂ ਕਈ ਕਰ ਲਈਆਂ ਪਰ ਸਭ ਤੋਂ ਪਹਿਲੀ ਵਾਰ ਦਿਲ ਆਪਣਾਂ ਪੰਜਾਬੀ ਦੇ ‘ਲੱਕੜਚੱਬ’ ਨੇ ਹੀ
ਦਸਤਕ ਦੇ ਦਿੱਤੀ ਸੀ ਕਿ ਗੱਲ ਬਣਜੂ ।

ਦਰਸ਼ਨ ਦਰਵੇਸ਼-ਇੱਕ ਕਲਾਕਾਰ ਲਈ ਸਿਨੇਮਾਂ ਅਤੇ ਸਟੇਜ ਵਿੱਚੋਂ ਅਹਿਮ ਕੀ ਹੁੰਦਾ ਹੈ ?
ਰਾਣਾਂ ਰਣਬੀਰ -ਮੇਰੇ ਲਈ ਦੋਵੇਂ ਹੀ ਅਹਿਮ ਨੇ।ਸੁੱਖ ਸਹੂਲਤ ਨਾਲ ਜਿਊਣ ਲਈ ਸਿਨੇਮਾ ਅਤੇ ਰਿਆਜ਼ ਲਈ ਥੀਏਟਰ।ਬਾਕੀ
ਸਟੇਜ ਦੀ ਮਸ਼ਕ ਮੇਰੀ ਹਰ ਰੋਜ਼ ਹੀ ਹੋ ਜਾਂਦੀ ਐ। ਮੈਂ ਲੱਕੀ ਹਾਂ ਕਿ ਸਿਨੇਮਾ ਦੇ ਨਾਲ ਨਾਲ ਸਟੇਜ ਸ਼ੋਅ ਕਰਦਾਂ, ਸਟੈਂਡਅੱਪ ਕਾਮੇਡੀ। ਕੱਲਾ ਈ ਮੇਰੀ ਪਰਫਾਰਮੈਂਸ ਓਥੇ ਵੀ ਥੀਏਟਰੀਕਲ ਹੀ ਹੁੰਦੀ ਐ।ਲੋਕ ਪਸੰਦ ਕਰਦੇ ਨੇ।

ਦਰਸ਼ਨ ਦਰਵੇਸ਼-ਰਾਣਾਂ ਰਣਬੀਰ ਨੇ ਸਫਲਤਾ ਦੀ ਉਡਾਣ ਭਰਨ ਲਈ ਜ਼ਿੰਦਗੀ ਵਿੱਚ ਕਿਹੋ ਕਿਹੋ ਜਿਹੇ ਸੁਆਲੀਆ ਨਿਸ਼ਾਨਾਂ ਅਤੇ
ਰੁਕਾਵਟਾਂ ਦਾ ਸਾਹਮਣਾਂ ਕੀਤਾ ?
ਰਾਣਾਂ ਰਣਬੀਰ -ਮੁਆਫ ਕਰਨਾਂ ਫੁਕਰਾ ਨਾਂ ਸਮਝ ਲੈਣਾਂ ਇਸ ਇਕੱਲੇ ਸੁਆਲ ਉੱਪਰ ਹੀ ਮੇਰੀ ਪੂਰੀ ਗੱਲਬਾਤ ਹੋ ਸਕਦੀ ਹੈ।ਸੋ
ਦਰਵੇਸ਼ ਜੀ ਸੁਆਲੀਆ ਨਿਸ਼ਾਨ ਅਤੇ ਰੁਕਾਵਟਾਂ ਹੁਣ ਤਾਂ ਬੱਸ ਏਨਾਂ ਹੀ ਕਹਾਂਗਾ---ਮੁਖਾਲਫਤ ਸੇ ਮੇਰੀ ਤਬੀਅਤ ਔਰ ਸੰਵਰਤੀ ਹੈ,ਮੈਂ ਦੁਸ਼ਮਨੋਂ ਕਾ ਬੜਾ ਅਹਿਤਰਾਮ ਕਰਤਾ ਹੂੰ ।

ਦਰਸ਼ਨ ਦਰਵੇਸ਼-ਤੁਹਾਡੀ ਨਜ਼ਰ ਵਿੱਚ ਪੰਜਾਬੀ ਸਟੇਜ ਅਤੇ ਸਿਨੇਮਾ ਨੂੰ ਊਣਤਾਈਆਂ ਵਿੱਚੋਂ ਉਭਾਰਕੇ ਬੁਲੰਦੀਆਂ ਉੱਪਰ ਕਿਵੇਂ
ਪੁਚਾਇਆ ਜਾ ਸਕਦਾ ਹੈ ?
ਰਾਣਾਂ ਰਣਬੀਰ -ਸਿਨੇਮਾ ਹੁਣ ਤਕਨੀਕ ਪੱਖੋਂ ਪਰਪੱਕ ਅਤੇ ਸੁਲਝੇ ਲੋਕਾਂ ਦੇ ਹੱਥਾਂ ਵਿੱਚ ਹੈ।ਬੁਲੰਦੀ ਦੀ ਪੌੜੀ ਉੱਪਰ ਕਦਮ ਵਧਾ
ਚੁੱਕਿਆ ਹੈ। ਸਟੇਜ ਦੇ ਕਾਮੇਂ ਲਗਾਤਾਰ ਆਪਣੇਂ ਸਫਰ ਉੱਤੇ ਬਿਨਾਂ ਕਿਸੇ ਥਕਾਵਦ ਦੇ ਤੁਰੇ ਹੋਏ ਨੇ। ਅੰਮ੍ਰਿਤਸਰ ਵਿੱਚ ਲਗਾਤਾਰ ਥੀਏਟਰ ਹੋ ਰਿਹਾ ਹੈ।ਰੰਗਸ਼ਾਲਾ ਅਤੇ ਪ੍ਰਬੰਧਕਾਂ ਅਤੇ ਕਾਮਿਆਂ ਨੂੰ ਸਲਾਮ ਹੈ ਮੇਰੀ।ਗੁਰਸ਼ਰਨ ਸਿੰਘ ਹੋਰਾਂ ਦੀ ਪੈੜ ਦੀ ਪਛਾਣ ਕਰਦਿਆਂ, ਕੋਸ਼ਿਸ਼ ਕਰਨ ਅਤੇ ਕੰਮ ਕਰਨ ਵਾਲੇ ਰੰਗਕਰਮੀਂ ਥੀਏਟਰ ਨੂੰ ਅਤੇ ਖੁਦ ਨੂੰ ਬੜੀ ਆਸਾਨੀ ਨਾਲ ਬੁਲੰਦੀ ਵੱਲ ਲੈਕੇ ਜਾ ਸਕਦੇ ਨੇ।

ਦਰਸ਼ਨ ਦਰਵੇਸ਼-ਕਿਹੜਾ ਸੁਪਨਾਂ ਹੈ ਜਿਹੜਾ ਅੱਜ ਤੱਕ ਵੀ ਤੁਹਾਡੇ ਮੱਥੇ ਅੰਦਰਲੀ ਸ਼ਿਕਨ ਦੂਰ ਕਰਨ ਵਿੱਚ ਕਾਮਯਾਬ ਨਹੀਂ ਹੋ
ਸਕਿਆ ?
ਰਾਣਾਂ ਰਣਬੀਰ-ਸੁਪਨੇ ਹਰ ਦਿਨ ਜਨਮ ਲੈਂਦੇ ਨੇ।ਸੱਚ ਦੱਸਾਂ ਕੋਈ ਸ਼ਿਕਨ ਨਹੀਂ ਪਰ ਤਸੱਲੀ ਕਦੇ ਹੋਣੀਂ ਨਹੀਂ ।ਜਿਸ ਦਿਨ ਤਸੱਲੀ
ਹੋਈ ਉਸ ਦਿਨ ਰਾਣਾਂ ਰਣਬੀਰ ਖਤਮ।ਮੈਂ ਹੀ ਕਦੇ ਲਿਖਿਆ ਸੀ ‘ਮੈਂ ਮਿੱਟੀ ਮੇਰੇ ਸੁਪਨੇ ਮਿੱਟੀ, ਮਿੱਟੀ ਦੀ ਜਿੰਦ ਉਸਾਰੀ ਮੈਂ’
ਦਰਸ਼ਨ ਦਰਵੇਸ਼-ਹੁਣ ਤੱਕ ਕਿਹੜੀਆਂ ਕਿਹੜੀਆਂ ਫਿਲਮਾਂ ਵਿੱਚ ਤੁਸੀਂ ਲੋਕਾਂ ਦੀਆਂ ਨਜ਼ਰਾਂ ਵਿੱਚ ਚੜ੍ਹ ਚੁੱਕੇ ਹੋ ?
ਰਾਣਾਂ ਰਣਬੀਰ-ਦਿਲ ਆਪਣਾਂ ਪੰਜਾਬੀ, ਮਿੱਟੀ ਵਾਜ਼ਾਂ ਮਾਰਦੀ, ਹਸ਼ਰ, ਮੇਰਾ ਪਿੰਡ, ਮੁੰਡੇ ਯੂ.ਕੇ. ਦੇ, ਮੈਂ ਤੂੰ ਅਸੀਂ ਤੁਸੀਂ, ਰੱਬ ਨੇ
ਬਣਾਈਆਂ ਜੋੜੀਆਂ, ਮਹਿੰਦੀ ਵਾਲੇ ਹੱਥ, ਲੱਗਦੈ ਇਸ਼ਕ ਹੋ ਗਿਆ, ਅੱਖੀਆਂ ਉਡੀਕਦੀਆਂ, ਤੇਰਾ ਮੇਰਾ ਕੀ ਰਿਸ਼ਤਾ,
ਦਰਸ਼ਨ ਦਰਵੇਸ਼-ਤੁਸੀਂ ਆਉਣ ਵਾਲੇ ਸਮੇਂ ਵਿੱਚ ਕਿਹੜੀਆਂ ਕਿਹੜੀਆਂ ਫਿਲਮਾਂ ਵਿੱਚ ਨਜ਼ਰੀਂ ਪਵੋਗੇ ?
ਰਾਣਾਂ ਰਣਬੀਰ -ਚੱਕ ਜਵਾਨਾਂ, ਸਰਪੰਚ, ਇੱਕ ਕਬੱਡੀ ਇੱਕ ਮੁਹੱਬਤ, ਇੱਕ ਕੁੜੀ ਪੰਜਾਬ ਦੀ, ਛੇਵਾਂ ਦਰਿਆ, ਏਕਨੂਰ, ਚੰਨਾਂ
ਸੱਚੀਂ ਮੁੱਚੀਂ……
ਦਰਸ਼ਨ ਦਰਵੇਸ਼ -ਜੇ ਮੈ ਗਲਤ ਨਾਂ ਹੋਵਾਂ ਤਾਂ ਸ਼ਾਇਦ ਲੇਖਕ ਦੇ ਤੌਰ ਉੱਤੇ ਤੁਹਾਡੇ ਕੋਈ ਨਾਂ ਕੋਈ ਪਰੋਜੈਕਟ ਵੀ ਤਾਂ ਆਉਣ ਵਾਲੇ
ਹੋਣਗੇ ?
ਰਾਣਾਂ ਰਣਬੀਰ -ਵੈਸੇ ਤਾਂ ਮੈਨੂੰ ਮਨਮੋਹਨ ਸਿੰਘ ਜੀ ਨੇ ਪਹਿਲੀ ਵੱਡੀ ਬਰੇਕ ਲੇਖਕ ‘ਮੁੰਡੇ ਯੂ.ਕੇ.ਦੇ’ ਰਾਹੀਂ ਦਿੱਤੀ ਸੀ ਅਤੇ ਮੈਂ ਉਹਨਾਂ ਦੀ ਆਉਣ ਵਾਲੀ ਫਿਲਮ ‘ਇੱਕ ਕੁੜੀ ਪੰਜਾਬ ਦੀ’ ਦੇ ਸੰਵਾਦ ਵੀ ਲਿਖੇ ਨੇ। ਇਸ ਦੇ ਨਾਲ ਹੀ ਮੈਂ ਕੁੱਝ ਹੋਰ ਫਿਲਮਾਂ ਵੀ ਲਿਖ ਰਿਹਾ ਹਾਂ ਜਿਹੜੀਆਂ ਆਉਣ ਵਾਲੇ ਸਮੇਂ ਵਿੱਚ ਸਿਨੇਮਾਂ ਦਾ ਸ਼ਿੰਗਾਰ ਬਣਨਗੀਆਂ।

੦੦੦੦੦੦੦੦੦੦੦੦੦

No comments: