Thursday, June 17, 2010

ਅਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ - ਸਰਬਜੀਤ ਕੌਰ


ਗੱਲ ਬਹੁਤ ਪੁਰਾਣੀ ਹੈ. ਜਦ ਮੈ ਨਵੀਂ ਨਵੀਂ ਯੂ. ਕੇ. ਆਈ ਤਾਂ ਮੇਰੀ ਉਮਰ 19 ਸਾਲ ਦੀ ਸੀ. ਉਹਨਾਂ ਦਿਨਾਂ ਵਿੱਚ ਆਮ ਫੋਨ ਨਹੀ ਸੀ ਹੁੰਦੇ. ਤੇ ਇੰਟਰਨੈਸ਼ਨਲ ਕਾਲ ਲਈ ਤਾ ਲੁਧਿਆਣੇ ਜਾ ਕੇ ਕਾਲ ਬੁੱਕ ਕਰਵਾਉਣੀ ਪੈਂਦੀ ਸੀ ਤੇ ਫਿਰ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪੈਂਦਾ ਸੀ ਕਿ ਕਦ ਕਾਲ ਮਿਲੇ. ਸੋ ਉਦੋਂ ਫੋਨ ਸਿਰਫ ਮੁਸੀਬਤ ਵੇਲੇ ਵਰਤਿਆ ਜਾਂਦਾ ਸੀ. ਟੈਲੀਗਰਾਮ ਫੋਨ ਤੋਂ ਜਲਦੀ ਮਿਲ ਜਾਂਦੀ ਸੀ. ਸੋ ਚਿੱਠੀਆਂ ਹੀ ਘੱਲੀਆਂ ਜਾਂਦੀਆਂ ਸਨ.ਮੇਰੇ ਪੇਰੈਂਟਸ ਇੰਡੀਆ ਚ ਸਨ ਉਦੋਂ ਤੇ ਮੈ ਇਕੱਲੀ ਇੰਗਲੈਂਡ ਵਿੱਚ ਸੀ ਅਤੇ ਸਹੁਰੇ ਘਰ ਦਾ ਮਾਹੌਲ ਬਹੁਤ ਹੀ ਸਾਹ ਘੁੱਟਵਾਂ ਸੀ. ਮੇਰਾ ਬਹੁਤ ਸਾਲ ਦਿਲ ਨਹੀ ਲੱਗਿਆ. ਮੈ ਸਟੋਰ ਤੇ ਹੁੰਦੀ ਸੀ ਤੇ ਉੱਥੇ ਚਿੱਠੀਆਂ ਲਿਖਦੀ ਰਹਿੰਦੀ ਸੀ.ਜਦ ਖਤ ਘੱਲਣਾ, ਤੇ ਉਸ ਤੋਂ 15 ਦਿਨ ਗਿਣ ਕੇ ਸੋਲਵੀ ਤਰੀਕ ਤੇ ਕੈਲੰਡਰ ਤੇ ਨਿਸ਼ਾਨ ਲਾਇਆ ਹੁੰਦਾ ਸੀ.ਸੱਤ ਦਿਨ ਖਤ ਜਾਣ ਦੇ, ਇੱਕ ਦਿਨ ਉਨਾ ਦਾ ਜਵਾਬ ਲਿਖਣ ਦਾ ਤੇ ਫਿਰ ਸੱਤ ਦਿਨ ਉਹਨਾਂ ਵੱਲੋਂ ਖਤ ਆਉਣ ਨੂੰ ਲੱਗਣੇ ਹੁੰਦੇ ਸੀ. ਤੇ ਡਾਕ ਤਾਰ ਵਿਭਾਗ ਦੇ ਲੇਟ ਹੋਣ ਦਾ ਇੱਕ ਦਿਨ.ਏਦਾਂ ਹਰ ਰੋਜ਼ ਕੈਲੰਡਰ ਤੇ ਦਿਨ ਗਿਣ ਲੈਣੇ ਕਿ ਏਨੇ ਦਿਨ ਰਹਿ ਗਏ ਚਿੱਠੀ ਆਉਣ ਚ....ਤੇ ਸੱਚੀ ਉਸ ਤਰੀਕ ਤੱਕ ਖਤ ਆ ਜਾਂਦਾ ਹੁੰਦਾ ਸੀ........ਚਿੱਠੀਆਂ ਵੀ ਲੰਬੀਆਂ ਲੰਬੀਆਂ ਹੁੰਦੀਆਂ ਸੀ, ੮-੧੦ ਸਫਿਆਂ ਦੀਆਂ ਚਿੱਠੀਆਂ ਵਿੱਚ ਬੜਾ ਕੁਝ ਹੁੰਦਾ ਸੀ ਪਿਆਰ, ਵੈਰਾਗ, ਗਿਲੇ ਸ਼ਿਕਵੇ ਖਬਰਾਂ ਹਰ ਖਤ ਕਿੰਨੀ ਕਿੰਨੀ ਵਾਰ ਪੜ੍ਹਨਾ ਤੇ ਹਰ ਵਾਰ ਅੱਖਾਂ ਭਰ ਭਰ ਡੁੱਲਣੀਆਂ..... ਹਰ ਖਤ ਲਿਖਣ ਵੇਲੇ ਵੀ ਰੋਣਾ ਤੇ ਪੜ੍ਹਨ ਵੇਲੇ ਵੀ ਰੋਣਾ...... ਜਦ ਕਦੀ ਖਤ ਆਉਣ ਵਿੱਚ ਦੇਰੀ ਹੋ ਜਾਣੀ ਤਾਂ ਪੁਰਾਣੇ ਹੀ ਕੱਢ ਕੱਢ ਪੜ੍ਹੀ ਜਾਣੇ...... ਸਵੇਰੇ ਕੰਮ ਤੇ ਤੁਰਨ ਲੱਗਿਆਂ ਜਾਣ ਬੁੱਝ ਕੇ ਲੇਟ ਹੋਣ ਲਈ ਇੱਧਰ ਓੁਧਰ ਪੈਰ ਜਿਹੇ ਮਲੀ ਜਾਣੇ ਤਾ ਕਿ ਘਰੋਂ ਤੁਰਨ ਤੋਂ ਪਹਿਲਾਂ ਪੋਸਟਮੈਨ ਆ ਜੀ ਜਾਵੇ.. ਫੇਰ ਹੌਲੀ ਹੌਲੀ ਚਿੱਠੀਆਂ ਦੀ ਥਾਂ ਫੋਨਾਂ ਨੇ ਲੈ ਲਈ. ਬੜੀ ਖੁਸ਼ੀ ਹੁੰਦੀ ਸੀ ਕਿ ਹੁਣ ਆਵਾਜ਼ ਸੁਣ ਸਕਿਆ ਕਰਾਂਗੇ... ਜਦ ਦੂਜੇ ਪਾਸਿਓਂ ਘਰ ਦਿਆਂ ਦੀ ਆਵਾਜ਼ ਆਉਣੀ ਤਾਂ ਬੜਾ ਚੰਗਾ ਲਗਣਾ.... ਫੇਰ ਟੈਲੀਫੋਨ ਵੀ ਆਮ ਹੋ ਗਏ..... ਜੋ ਚੀਜ਼ ਆਮ ਹੋ ਜਾਂਦੀ ਹੈ ਓਸ ਦੀ ਅਹਿਮੀਅਤ ਓਹ ਨਹੀ ਰਹਿੰਦੀ.. ਹੁਣ ਕਦੀ ਕਦੀ ਫੋਨ ਵੱਜਦਾ ਤੇ ਨੰਬਰ ਦੇਖ ਕੇ ਕਹਿ ਦੇਈਦਾ,''ਜ਼ਰੂਰੀ ਨਹੀ ਫੇਰ ਕਰ ਲਵਾਂਗੇ'' ਤੇ ਫੋਨ ਚੁੱਕੀਦਾ ਵੀ ਨਹੀਂ.... ਹੁਣ ਡਾਕੀਏ ਦੀ ਉਡੀਕ ਨਹੀਂ ਰਹਿੰਦੀ.... ਨਾ ਹੀ ਕਦੀ ਕੋਈ ਨੀਲੇ ਰੰਗ ਦੀ ਚਿੱਠੀ ਆਉਦੀ ਹੈ........ ਬਰਾਊਨ ਜਾਂ ਚਿੱਟੇ ਰੰਗ ਦੇ ਲਿਫਾਫਿਆਂ ਚ ਬਿੱਲ ਹੀ ਆਉਦੇ ਨੇ... ਹੁਣ ਲਗਦਾ ਹੈ ਉਹਨਾ ਚਿੱਠੀਆਂ 'ਚ ਜੋ ਲੁਤਫ ਹੁੰਦਾ ਸੀ ਓੁਸ ਦਾ ਆਪਣਾ ਹੀ ਮਜ਼ਾ ਹੁੰਦਾ ਸੀ, ਸੱਚ ਹੀ ਅਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ.....................

No comments: