Monday, November 23, 2009

ਧਮਾਲਾਂ ਦੇ ਸਿੱਕੇ ਦਾ ਦੂਜਾ ਪਾਸਾ – ਗੁਰਦਾਸ ਮਾਨ - ਲੇਖ

ਦਰਵੇਸ਼

ਲੇਖ

ਦੂਰੋਂ ਕਿਤਿਓਂ ਇੱਕ ਆਵਾਜ਼ ਆ ਰਹੀ ਸੀ...ਜਾਵੋ ਨੀਂ ਕੋਈ ਮੋੜ ਲਿਆਵੋ ਨੀਂ ਮੇਰੇ ਨਾਲ ਗਿਆ ਅੱਜ ਲੜ ਕੇ... ਅੱਲਾ ਕਰੇ ਆ ਜਾਵੇ ਸੋਹਣਾਂ ਮੈਂ ਦੇਵਾਂ ਜਾਨ ਕਦਮਾਂ ਵਿੱਚ ਧਰ ਕੇ......ਇਹ ਗੀਤ ਦੇ ਬੋਲ ਸਨਇਨ੍ਹਾਂ ਨੂੰ ਕਿਸੇ ਗਾਇਕ ਦੀ ਆਵਾਜ਼ ਮਿਲੀ ਸੀ

-----

ਬੋਲਾਂ ਵਿੱਚ ਅੰਤਾਂ ਦੀ ਉਦਾਸੀ ਸੀ ਅਤੇ ਅੰਤਾਂ ਦੀ ਉਦਾਸੀ ਨਾਲ ਆਵਾਜ਼ ਅੰਦਰ ਜਿਵੇਂ ਕੋਈ ਕਿਸੇ ਡੂੰਘੇ ਖੂਹ ਵਿੱਚ ਬਿਨਾਂ ਪੌੜੀਆਂ ਹੀ ਉੱਤਰ ਰਿਹਾ ਹੋਵੇਪਾਣੀ ਵਿੱਚ ਤੱਕਦਾ ਹੋਵੇਪਾਣੀ ਵਿੱਚੋਂ ਕੁੱਝ ਲੱਭਦਾ ਹੋਵੇ ਮੈਂ ਆਵਾਜ਼ ਦੇ ਕੋਲ ਗਿਆ ਤਾਂ ਇਹ ਪਾਕਿਸਤਾਨ ਦਾ ਬੂਟਾ ਸ਼ੌਕਤ ਅਲੀ ਸੀ।

-----

ਫਿਰ ਕਈ ਵਰ੍ਹੇ ਬੀਤ ਗਏ ਇਹ ਬੋਲ (ਛੱਲਾ )ਗਿੱਦੜਬਾਹੇ ਦਾ ਇੱਕ ਕਾਲਜੀਏਟ ਮੁੰਡਾ ਐਨ. ਆਈ. ਐਸ. ਪਟਿਆਲਾ ਦੇ ਸਪੋਰਟਸ ਵਿੰਗ ਦੇ ਵਿਦਿਆਰਥੀਆਂ ਨਾਲ ਸਾਂਝੇ ਕਰਨ ਲੱਗਨ ਪਿਆ ਉਸਦੀ ਆਵਾਜ਼ ਹਵਾਵਾਂ ਦੇ ਹੱਥ ਲੱਗ ਗਈ ਕਲੱਬਾਂ, ਸੰਸਥਾਵਾਂ ਵਾਲੇ ਉਸ ਮੁੰਡੇ ਨੂੰ ਡਫ਼ਲੀਵਾਲਾ ਕਹਿਣ ਲੱਗ ਪਏ ਅਤੇ ਗੁਰਦਾਸ ਮਾਨ ਸਮਝ ਕੇ ਉਸਦੇ ਗੀਤਾਂ ਦੀ ਰੂਹ ਉਪਰ ਹੱਥ ਧਰਨ ਲੱਗ ਪਏ ਉਹ ਉਨ੍ਹਾਂ ਗੀਤਾਂ ਦੇ ਜ਼ਖ਼ਮਾਂ ਨੂੰ ਪਲੋਸਣ ਲੱਗ ਪਿਆ

-----

ਗੁਰਦਾਸ ਦੇ ਗੀਤ ਮੈਨੂੰ ਢਕੀ ਹੋਈ ਕਬਰ ਦੇ ਧੁਰ ਅੰਦਰ ਤੀਕ ਲੈ ਜਾਂਦੇ ਹਨ, ਜਿੱਥੇ ਹੌਕੇ, ਗ਼ਮ ਜੁਦਾਈਆਂ, ਬੇਵਤਨੀਆਂ ,ਛੱਲੇ ,ਮੁੰਦੀਆਂ, ਟੁੱਟੀਆਂ ਵੰਗਾਂ ਅਤੇ.. ਅਤੇ ਕਿੰਨੀਆਂ ਹੀ ਜਿਉਂਦੀਆਂ ਔਸੀਆਂ ਦਫ਼ਨ ਹੋਈਆਂ ਪਈਆਂ ਨੇ ,ਜਿਹਨਾਂ ਦਾ ਚਿਹਰਾ ਵੇਖਕੇ ਸੰਵਾਦ ਕਰਦੇ ਹਾਂ ਤਾਂ ਜ਼ੁਬਾਨ ਬੰਦ ਹੋ ਜਾਂਦੀ ਹੈ

-----

ਚਿਹਰੇ ਦਾ ਚਿੱਤਰ ਬਣਾਉਣ ਬਾਰੇ ਸੋਚੀਏ ਤਾਂ ਬੁਰਸ਼ ਆਪਣੀ ਹੀ ਛੋਹ ਦੇ ਨੇੜੇ ਨਹੀਂ ਆ ਸਕਦਾ ਗੁਰਦਾਸ ਦੇ ਗੀਤਾਂ ਅੰਦਰ ਅੱਥਰੂ ਤੁਰਦੇ ਨੇ, ਸਾਲਮ ਸਬੂਤੇ ਜਿਊਂਦੇ ਜਦ ਅੱਥਰੂ ਜੂਨ ਹੰਢਾਉਂਦੇ ਬੰਦਿਆਂ ਵਾਂਗ ਤੁਰਨ ਦੀ ਜੂਨ ਪੈ ਜਾਂਦਾ ਹੈ ਤਾਂ ਕਈ ਵੇਰ ਤਿੱਖੀਆਂ ਸੂਲਾਂ ਸਾਡੇ ਮੱਥੇ ਉਪਰ ਦਸਤਖ਼ਤ ਕਰਦੀਆਂ ਨੇ ਅੰਤ ਕਈ ਵੇਰ ਮਨ ਦਾ ਗੁਲਾਬ ਰੰਗ ਵਿਹੂਣਾ ਹੋ ਜਾਂਦਾ ਹੈ ਕਈ ਵੇਰ ਧੁਖਦੇ ਬੋਲਾਂ ਦੀ ਜ਼ਮੀਨ ਸਾਡੀ ਜ਼ੁਬਾਨ ਬਣਦੀ ਏ ਤੇ ਕਦੇ-ਕਦੇ ਆਪਣਾ ਆਪ ਸਾਨੂੰ ਪੱਤੇ ਵਾਂਗ ਮਹਿਸੂਸ ਹੋਣ ਲੱਗ ਪੈਂਦਾ ਹੈ

-----

ਇਹ ਸਾਰਾ ਕੁਝ ਮੇਰੇ ਮਨ ਨਾਲ ਵਾਪਰਿਆ ਹੈ ਜੇਕਰ ਤੁਹਾਡੇ ਨਾਲ ਵੀ ਵਾਪਰਿਆ ਹੈ ਤਾਂ ਸਮਝੋ ਤੁਹਾਡਾ ਅੱਥਰੂ ਵੀ ਤੁਰਨ ਦੀ ਜੂਨ ਪੈ ਚੁੱਕਾ ਹੈ। ਇਹੋ ਹੀ ਸਭ ਜਦੋਂ ਗੁਰਦਾਸ ਦੇ ਗੀਤ ਆਪਣੀ ਰੂਹ ਤੇ ਜਰਦੇ ਨੇ ਤੇ ਜਦੋਂ ਜ਼ਖ਼ਮ ਉੱਚੜ ਜਾਂਦੇ ਨੇ ਤਾਂ ਗੁਰਦਾਸ ਆਪਣੇ ਹਾਸਿਆਂ ਵਿੱਚੋਂ ਆਪ ਹੀ ਮਨਫ਼ੀ ਹੋ ਜਾਂਦਾ ਹੈ

ਗਾਉਂਣਾ ਗੁਰਦਾਸ ਦੀ ਮੰਜ਼ਿਲ ਹੈ ਅਤੇ ਗੀਤ ਉਸਦਾ ਧਰਮ

----

ਗੀਤ ਆਪਣੇ ਆਪ, ਮੇਰੇ ਕੋਲ ਮੇਰੇ ਅੰਦਰ ਆ ਰਿਹਾ ਹੈ –'ਤੈਨੂੰ ਵੀ ਕਦੇ ਯਾਦ ਵਤਨ ਦੀ ਆਉਂਦੀ ਹੋਵੇਗੀਸੁਪਨੇ ਵਿੱਚ ਜਦ ਮਾਂ ਕੋਈ ਤਰਲੇ ਪਾਉਂਦੀ ਹੋਵੇਗੀ ' ਪਤਾ ਨਹੀਂ ਕਿਉਂ ਲਿਖਣਾ ਪਿਆ ਇਹ ਗੀਤ ਗੁਰਦਾਸ ਨੂੰ ਜਦੋਂ ਆਪਣੇ ਪਿੰਡ ਦੀ ਮਿੱਟੀ ਦਾ ਮੋਹ ਸਤਾਉਂਦਾ ਹੈ ਤੇ ਇਹ ਗੀਤ ਉਹਨਾਂ ਸਾਰਿਆਂ ਦੇ ਮਨ ਉਪਰ ਉਕਰਿਆ ਜਾਂਦਾ ਹੈ, ਜਿਹੜੇ ਇਸ ਗੀਤ ਦਾ ਨਸੀਬ ਹਨ ਇਹ ਗੀਤ ਉਹਨਾਂ ਦੀ ਕਾਰਨਸ ਦਾ ਸੱਜਰਾ ਫੁੱਲ ਬਣ ਗਿਆ ਹੈਅਤੇ ਇਸਦੇ ਨਾਲ ਹੀ ਡੂੰਘੇ ਜਿਹੇ ਇੱਕ ਹੋਰ ਗੀਤ ਦੇ ਬੋਲ ਉਭਰਦੇ ਹਨ :-

'ਬਚਪਨ ਚਲਾ ਗਿਆ, ਜਵਾਨੀ ਚਲੀ ਗਈ ,

ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ '

ਕਿੰਨਾਂ ਉਦਰੇਵਾ ਹੈ ,ਇਨ੍ਹਾਂ ਬੋਲਾਂ ਅੰਦਰ ਅਜਿਹੇ ਅਹਿਸਾਸਾਂ ਨੂੰ ਗੁਰਦਾਸ ਪੱਥਰ ਵਿੱਚ ਉੱਗੀ ਘਾਹ ਦੀ ਇੱਕ ਤਿੜ੍ਹ ਵਾਂਗ ਉਗਾ ਲੈਂਦਾ ਹੈ ਅਤੇ ਫਿਰ ਜਦ ਕਾਗਜ਼ ਦੀ ਹਿੱਕ ਉਪਰ ਉਗਾਉਂਦਾ ਹੈ ਤਾਂ ਸ਼ਬਦ ਆਪਣੇ ਆਪ ਤੁਰਨ ਲੱਗ ਪੈਂਦੇ ਹਨ :-

"ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚਲੇ ਹਾਂ ,

ਦੋਸਤਾਂ ਦੀ ਦੋਸਤੀ ਦੇ ਨਾਮ ਕਰ ਚਲੇ ਹਾਂ ।"

-----

ਉਹ ਕੁਝ ਵੀ ਆਪਣੇ ਕੋਲ ਨਹੀਂ ਰੱਖਣਾ ਚਾਹੁੰਦਾਵਕਤ ਦੇ ਮਨ ਉਪਰ ਅਤੇ ਵਰਤਮਾਨ ਦੇ ਰਾਹ ਵਿੱਚ ਪਿਆ ਜ਼ਖ਼ਮ ਜਦ ਉਸ ਦੀਆਂ ਅੱਖਾਂ ਵਿੱਚ ਧੂੰਆਂ ਬਣਕੇ ਉਤਰਦਾ ਹੈ ਤਾਂ ਉਹ ਚੀਕ ਉਠਦਾ ਹੈ :-

"ਮੇਰੇ ਸੋਹਣੇ ਵਤਨ ਪੰਜਾਬ ਲਈ ਕੋਈ ਕਰੇ ਦੁਆਵਾਂ ,

ਸੁੱਖਣਾ ਸੁੱਖੋ ਪੀਰ ਦੀ, ਟਲ ਜਾਣ ਬਲਾਵਾਂ ।"

-----

ਸਧਾਰਨ ਪੱਧਰ ਉਤੇ ਸੋਚਣ ਵਾਲਿਆਂ ਨੇ ਸੋਚਿਆ ਸੀ ਕਿ ਗੁਰਦਾਸ ਵੀ ਕੀ ਗਾਉਣ ਲੱਗ ਪਿਆ ਹੈ ਅਤੇ ਉਹ ਅਜੀਬ ਜਿਹੀਆਂ ਅਵਾਜ਼ਾਂ ਕੱਸਣ ਲੱਗ ਪਏ ਸਨ ਅਜਿਹੇ ਲੋਕ ਇਹ ਕਦੇ ਨਹੀਂ ਸੋਚਦੇ ਕਿ ਗੁਰਦਾਸ ਇੱਕ ਸ਼ਾਇਰ ਵੀ ਹੈਸ਼ਾਇਰੀ ਉਸਦਾ ਧਰਮ ਹੈਸਾਧਾਰਨ ਸਰੋਤਿਆਂ ਨੇ ਕਿਹਾ ਸੀ ਕਿ ਅਜਿਹੇ ਗੀਤਾਂ ਨਾਲ ਲੋਕ ਗੁਰਦਾਸ ਨੂੰ ਭੁੱਲ ਜਾਣਗੇ।

-----

ਗੱਲਾਂ ਗੁਰਦਾਸ ਕੋਲ ਵੀ ਪਹੁੰਚੀਆਂ ਉਸਨੇ ਆਪਣੀ ਸ਼ਾਇਰੀ ਅਤੇ ਆਪਣੀ ਗਾਇਕੀ ਨਾਲ ਪਾਏ ਰਿਸ਼ਤੇ ਦੀ ਲਾਜ ਰੱਖੀ –"ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ , ਫਿੱਕੀ ਪੈ ਗਈ ਚਿਹਰੇ ਦੀ ਨੁਹਾਰ.. ....ਮੈਂ ਧਰਤੀ ਪੰਜਾਬ ਦੀ, ਵੇ ਮੈਂ ਵਸਦੀ ਉਜੜ ਗਈ ।"

ਗੁਰਦਾਸ ਲੋਕਾਂ ਦੇ ਹੋਰ ਨੇੜੇ ਹੋ ਗਿਆ ਸਾਡੇ ਕੰਪਨੀ ਵਾਲਿਆਂ ਨੂੰ ਨਾ ਤਾਂ ਗਾਇਕੀ ਨਾਲ ਲਗਾਓ ਹੈ ਨਾ ਗਾਇਕ ਨਾਲ ਕਲਾ ਨੂੰ ਪਰਖਣ ਵਾਲੀ ਉਨ੍ਹਾਂ ਦੀ ਅੱਖ ਸਿਰਫ ਪੈਸੇ ਨੂੰ ਪਰਖਦੀ ਹੈ ਉਹ ਬਹੁਤ ਘੱਟ ਲਾ ਕੇ ਬਹੁਤ ਕਮਾਉਂਦੇ ਨੇ ਅਤੇ ਮਨਮਰਜ਼ੀ ਦਾ ਗਵਾਉਂਦੇ ਹਨ ਪਰ ਗੁਰਦਾਸ ਨੇ ਉਹ ਗਾਇਆ ਹੈ ਜਿਸ ਲਈ ਉਸਦੀ ਰੂਹ ਰਾਜ਼ੀ ਹੋਈ ਹੈ ਅਤੇ ਅਜਿਹਾ ਗਾ ਕੇ ਉਸਨੇ ਉਸ ਧਾਰਨਾ ਨੂੰ ਗਲਤ ਸਾਬਤ ਕੀਤਾ ਹੈ ਕਿ ਸਿਰਫ਼ ਹਲਕੇ ਗੀਤ ਬਨੇਰਿਆਂ (ਚੈਨਲਾਂ)ਉਪਰ ਵਜਦੇ ਹਨ

-----

ਪਿੱਛੇ ਜਿਹੇ ਚੰਡੀਗੜ੍ਹ ਉਹ ਕਿਸੇ ਦੋਸਤ ਦੀ ਰਸਮ 'ਤੇ ਮਿਲਿਆ ਸੀ ਗੱਲ ਭਾਵੇਂ ਕੋਈ ਵੀ ਕਰਦਾ ਸੀ ਉਹਦਾ ਮਨ ਕਹਿ ਰਿਹਾ ਸੀ ..ਸੱਚੀਂ ਹੀ ਸਭ ਕੁਝ ਹੀ ਉਜੜੇ ਗਿਐ, ਏਥੇ ਤਾਂ ਸਭ ਕੁਝ ਹੀ ਅੱਗ ਵਰਗਾ ਹੋ ਗਿਐਮੋਹ ਦੇ ਲਲਕਰਿਆਂ ਦਾ ਅਸੀਂ ਅਸਲੋਂ ਹੀ ਕਿਸੇ ਨਾਲ ਵਣਜ ਕਮਾ ਆਏ ਹਾਂ ਸਾਡੇ ਗੀਤਾਂ ਦੀ ਲੋਥ ਜੋਗਾ ਕਿਤੋਂ ਵੀ ਕੱਫ਼ਣ ਨਹੀਂ ਲੱਭਾ ਉਸ ਦੀਆਂ ਗੱਲਾਂ ਵਿੱਚ ਅੱਥਰੂ ਸਨ ਉਸਦੇ ਹੌਕਿਆਂ ਵਿੱਚ ਹਾਸਾ ਸੁੱਤਾ ਹੋਇਆ ਸੀ, ਅਤੇ ਉਹ ਹਾਸਾ ਕਹਿ ਰਿਹਾ ਸੀ ,ਮੈਂ ਆਪਣੀਆਂ ਚੀਖਾਂ ਨੂੰ ਗੀਤ ਕਿਵੇਂ ਕਹਿ

ਚੀਖਾਂ ਤਾਂ ਚੀਖਾਂ ਹੀ ਹੋਣਗੀਆਂ ,ਜਿਸਦੇ ਵੀ ਵਿਹੜੇ ਉਤਰਨਗੀਆਂ ਉਹਦੇ ਵਿੱਚ ਹਿੰਮਤ ਹੋਏਗੀ ਤਾਂ ਉਹ ਆਪਣੇ ਆਪ ਸਾਂਭ ਲਏਗਾ

-----

ਉਸ ਦਿਨ ਮੁੰਬਈ ਪਹੁੰਚਦਿਆਂ ਉਸਨੇ 'ਹੀਰ' ਲਿਖੀ –"ਕੀ ਖੱਟਿਆ ਮੈਂ ਤੇਰੀ ਹੀਰ ਬਣਕੇ" ਅਤੇ ਮੈਂ ਘਰ ਆ ਕੇ ਗੀਤ ਲਿਖਿਆ

"ਕੰਜਕਾਂ ਜਿਹੀ ਰਚਨਾ ਦਾ ,ਕਰਨ ਬਲਾਤਕਾਰ ,ਪੱਛਮੀ ਧੁਨਾਂ ਦੇ ਠੇਕੇਦਾਰ

ਚੋਰਾਂ ਦੇ ਬਾਜ਼ਾਰ ਅਤੇ ਗੀਤਾਂ ਦੇ ਵਪਾਰ ਵਿੱਚ , ਕੱਖੌਂ ਹੌਲਾ ਹੋਇਆ ਗੀਤਕਾਰ

ਐਸੀ ਪੈ ਗਈ ਸ਼ਬਦਾਂ ਨੂੰ ਮਾਰ.."

ਮੈਂ ਗੁਰਦਾਸ ਦੇ ਬੋਲਾਂ ਸੁਣਦਾ ਹਾਂ ,ਉਸਦੀ ਕਲਮ ਵੱਲ ਤੱਕਦਾ ਹਾਂ

ਹਵਾ ਨੂੰ ਆਪਣੇ ਵਿੱਚੋਂ ਹੀ ਰੰਗ ਚੁਰਾ ਲੈਣ ਦੀ ਫੁਰਸਤ ਮਿਲ ਗਈ ਹੈ

ਗੀਤਾਂ ਨੂੰ ਆਪਣੇ ਵਿੱਚੋਂ ਹੀ ਆਪਣਾ ਚਿਹਰਾ ਦੇਖਣ ਦਾ ਵੱਲ ਆ ਗਿਆ ਹੈ

ਗੀਤਾਂ ਦੇ ਸਿਰਨਾਵੇਂ ਉਪਰ ਤ੍ਰੇਲ ਪਵੇ ਜਾਂ ਰੇਤ ,ਗੁਰਦਾਸ ਦਾ ਨਾਮ ਨਾ ਮਿਟਾ ਸਕਦੇ ਨੇ ਨਾ ਢਕ ਸਕਦੇ ਨੇ

ਜਿੱਥੇ ਸ਼ਾਮਾਂ ਆ ਕੇ ਈਦ ਮਨਾਉਂਦੀਆਂ ਹੋਣ,

ਜਿੱਥੇ ਸ਼ਾਮਾਂ ਸਾਹ ਲੈਂਦੀਆਂ ਹੋਣ ,

ਜਿੱਥੇ ਸ਼ਾਮਾਂ ਨੂੰ ਕੋਈ ਮੁਖ਼ਾਤਿਬ ਹੁੰਦਾ ਹੋਵੇ ,

ਜਿੱਥੇ ਸ਼ਾਮਾਂ ਨਾਲ ਕੋਈ ਰਿਸ਼ਤਾ ਜੋੜਦਾ ਹੋਵੇ

ਅਜਿਹੇ ਵਿਹੜੇ 'ਤੇ ਵਿਛ ਜਾਣ ਲਈ ਅਜੇ ਕੋਈ ਚਾਦਰ ਤਿਆਰ ਈ ਨਹੀਂ ਹੋਈ ਤਾਂ ਫਿਰ ਕਢਾਈ ਦੀ ਕਿਸਮ ਕਿਵੇਂ ਬਦਲੀ ਜਾ ਸਕਦੀ ਹੈ ?


2 comments:

Rajinderjeet said...

Gurdas da ik mukammal shabad chitar.....shayri varge suche shabdan 'ch. Tuhadi qalm jeeve.

ਜੀਤੀ said...

ਬਹੁਤ ਹੀ ਵਧੀਆ ਲਿਖਿਆ ਹੈ ਜੀ,,,ਦਿਲ ਚੋ ਲਿਖਿਆ ਹੈ ਜੀ ਜੋ ਵੀ ਲਿਖਿਆ ਹੈ ,,ਪੁਰਾ ਇਨ੍ਸਾਫ਼ ਕੀਤਾ ਜੀ