Tuesday, September 8, 2009

ਮੈਂ ਵਧੀਆ ਕਿਤਾਬਾਂ ਖਰੀਦਕੇ ਐਸ਼ ਕਰਦਾ ਹਾਂ – ਸਾਗਰ ਸਰਹੱਦੀ

ਮੈਂ ਵਧੀਆ ਕਿਤਾਬਾਂ ਖਰੀਦਕੇ ਐਸ਼ ਕਰਦਾ ਹਾਂ ਸਾਗਰ ਸਰਹੱਦੀ

ਮੁਲਾਕਾਤੀ - ਦਰਵੇਸ਼

ਮੈਂ ਪਿਛਲੇ ਦਿਨੀਂ ਮਨਮੋਹਨ ਸਿੰਘ ਦੀ ਫਿਲਮ ਮੇਰਾ ਪਿੰਡਤੋਂ ਵਿਹਲਾ ਹੋਕੇ ਮੁੰਬਈ ਵਿੱਚ ਸਾਂ, ਕਿਉਂਕਿ ਇਹੋ ਵਕਤ ਸੀ ਜਦੋਂ ਮੈਂ ਹੋਰ ਕੰਮ ਧੰਦੇ ਦੇ ਲੋਕਾਂ ਨੂੰ ਮਿਲ਼ਣ ਦੇ ਨਾਲ ਨਾਲ ਸਾਗਰ ਸਰਹੱਦੀ ਜੀ ਤੋਂ ਵਾਅਦਾ ਲਿਆ ਹੋਇਆ ਸੀ ਕਿ ਉਹ ਆਪਣੀ ਜ਼ਿੰਦਗੀ ਦੇ ਕੁੱਝ ਪਲ ਮੇਰੇ ਨਾਲ਼ ਬਿਤਾਉਣਗੇ ਇਸ ਤੋਂ ਬਾਦ ਤਾਂ ਪਤਾ ਨਹੀਂ ਕਦੋਂ ਅਤੇ ਕਿਸ ਵੇਲੇ ਉਹਨਾਂ ਨੂੰ ਆਪਣੇ ਬਿਨ ਬੁਲਾਏ ਮਹਿਮਾਨਾਂ ਵਰਗੇ ਰੁਝੇਵਿਆਂ ਨੇ ਘੇਰ ਲੈਣਾ ਸੀ

----

ਬਹੁਤ ਸਾਰੇ ਲੋਕ ਜਾਣਦੇ ਵੀ ਨੇ ਅਤੇ ਨਹੀਂ ਵੀ ਜਾਣਦੇ ਕਿ ਸਾਗਰ ਸਾਹਿਬ ਦੀ ਚਰਚਾ ਹਮੇਸ਼ਾ ਨੁੱਕੜ ਨਾਟਕਾਂ ਅਤੇ ਜਾਂ ਫਿਰ ਕਭੀ ਕਭੀ’, ‘ਸਿਲਸਿਲਾ’, ‘ਚਾਂਦਨੀ’, ‘ਨੂਰੀ’ , ‘ਬਾਜ਼ਾਰ’, ਆਦਿ ਫਿਲਮਾਂ ਦੇ ਸਫ਼ਲ ਲੇਖਕ ਵਜੋਂ ਕਿਧਰੇ ਨਾ ਕਿਧਰੇ ਹੁੰਦੀ ਹੀ ਰਹਿੰਦੀ ਹੈ ਲੇਖਕ -ਨਿਰਦੇਸ਼ਕ ਵਜੋਂ ਬਾਜ਼ਾਰ ਉਹਨਾਂ ਪਹਿਲੀ ਫਿਲਮ ਸੀ ਇਹ ਫਿਲਮ ਬਾਕਸ ਆਫਿਸ ਉਪਰ ਤਾਂ ਬੇਸ਼ੱਕ ਬਹੁਤੀ ਕਾਮਯਾਬ ਨਹੀਂ ਰਹੀ ਪਰ ਇਸ ਨਾਲ ਉਹ ਫਿਲਮ ਨਿਰਦੇਸ਼ਕ ਵਜੋਂ ਜ਼ਰੂਰ ਰੌਸ਼ਨੀ ਵਿੱਚ ਆ ਗਏ ਦੂਸਰਾ ਆਦਮੀ, ਅਨੁਭਵ, ਸਵੇਰਾ, ਕਰਮਯੋਗੀ, ਦੀਵਾਨਾ, ਕਹੋ ਨਾ ਪਿਆਰ ਹੈ, ਵਰਗੀਆਂ ਫਿਲਮਾਂ ਦੇ ਸਫਲ ਲੇਖਕ ਸਾਗਰ ਸਰਹੱਦੀ ਨੇ ਅਗਲਾ ਮੌਸਮ, ਤੇਰੇ ਸ਼ਹਿਰ ਮੇਂ, ਅਤੇ ਵਗਦੇ ਪਾਣੀ (ਪੰਜਾਬੀ) ਵਰਗੀਆਂ ਫਿਲਮਾਂ ਵੀ ਨਿਰਦੇਸ਼ਿਤ ਕੀਤੀਆਂ ਜ੍ਹਿਨਾਂ ਦੇ ਰਿਲੀਜ਼ ਨਾ ਹੋਣ ਦਾ ਉਹਨਾਂ ਨੂੰ ਬਹੁਤ ਦੁੱਖ ਹੈ

----

ਤਨਹਾਈ (ਨਾਟਕ) ਖ਼ਿਆਲ ਦਸਤਕ (ਛੇ ਇਕਾਂਗੀ) ,ਆਵਾਜ਼ੋਂ ਕਾ ਮਿਊਜ਼ੀਅਮ (20ਮਿੰਨੀ ਕਹਾਣੀਆਂ ) , ਜੀਵ ਜਾਨਵਰ (ਕਹਾਣੀ ਸੰਗ੍ਰਹਿ ) ਭਗਤ ਸਿੰਘ ਦੀ ਵਾਪਸੀ , ਮਸੀਹਾ (ਪੰਜਾਬੀ ਨਾਟਕ) ਕਿਤਾਬਾਂ ਦੇ ਲੇਖਕ ਸਾਗਰ ਸਰਹੱਦੀ ਜਦੋਂ ਵੀ ਕੋਈ ਨਵੀਂ ਫਿਲਮ ਲਿਖਦੇ ਹਨ, ਤਾਂ ਉਸ ਫਿਲਮ ਦੀ ਆਪਣੀ ਇੱਕ ਅਲੱਗ ਪਹਿਚਾਣ ਬਣ ਜਾਂਦੀ ਹੈ

----

ਮੈਰੀਨ ਡਰਾਈਵ ਦੇ ਸਭ ਤੋਂ ਆਖਰੀ ਤੋਂ ਪਹਿਲਾਂ ਵਾਲ਼ੇ ਅੱਧਘੜੇ ਜਿਹੇ ਪੱਥਰ ਉੱਤੇ ਤੱਤੀ ਕੌਫੀ ਦਾ ਕੱਪ ਲਈ ਬੈਠੇ ਸਾਗਰ ਸਾਹਿਬ ਇੱਕ ਦਿਨ ਰੱਬ ਸਬੱਬੀਂ ਹੀ ਮਿਲ ਗਏ ਅਤੇ ਮੈਂ ਉਹਨਾਂ ਦੇ ਗੀਝੇ ਵਿੱਚ ਹੱਥ ਪਾਕੇ ਥੋੜ੍ਹੀ ਜਿਹੀ ਚੁੰਗ ਭਰ ਲਈ ਅਤੇ ਉਸ ਚੁੰਗ ਵਿੱਚ ਜਿੰਨੇ ਕੁ ਦਾਣੇ ਮਿਲਦੇ ਸੀ ਉਹ ਸਾਗਰ ਸਾਹਿਬ ਲਈ ਇਕੱਠੇ ਕਰ ਲਏ ਅਤੇ ਉਹਨਾਂ ਦੀ ਇਜ਼ਾਜ਼ਤ ਨਾਲ ਹੀ ਖਿਲੇਰਨ ਲੱਗਿਆ ਹਾਂ, ਓਵੇਂ ਹੀ, ਜਿਵੇਂ ਦਾਣੇ ਖਿਲਰਦੇ ਨੇ..

----

ਦਰਵੇਸ਼ - ਤੁਹਾਡੇ ਲਈ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਕਿਹੜੀ ਹੈ ?

ਸਰਹੱਦੀ - ਲੋਕਾਂ ਲਈ ,ਆਮ ਲੋਕਾਂ ਲਈ ਕੰਮ ਕਰਕੇ ਮੈਂ ਆਤਮਿਕ ਖੁਸ਼ੀ ਮਹਿਸੂਸ ਕਰਦਾ ਹਾਂ

----

ਦਰਵੇਸ਼ -ਆਪਣੇ ਜੀਵਨ ਵਿੱਚ ਤੁਸੀਂ ਕਿਸ ਵਿਆਕਤੀ ਜਾਂ ਘਟਨਾ ਤੋਂ ਪ੍ਰਭਾਵਿਤ ਹੋਏ ਹੋ?

ਸਰਹੱਦੀ - ਵਿਅਕਤੀ ਦੇ ਤੌਰ ਤੇ ਮੈਨੂੰ ਮੇਘਾ ਪਾਟਕਰ ਕੰਮਾਂ ਨੇ ਅਤੇ ਘਟਨਾ ਦੇ ਤੌਰ ਤੇ ਮੈਨੂੰ 1947 ਦੀ ਵੰਡ ਨੇ ਬਹੁਤ ਪ੍ਰਭਾਵਿਤ ਕੀਤਾ ਹੈ

----

ਦਰਵੇਸ਼ - ਤੁਸੀਂ ਕਦੇ ਸੋਚਿਆ ਹੈ ਕਿ ਆਖਰ ਤੁਹਾਡਾ ਜਨਮ ਕਿੰਨ੍ਹਾਂ ਕੰਮਾਂ ਵਾਸਤੇ ਹੋਇਆ ਹੈ ?

ਸਰਹੱਦੀ - ਅੱਛੇ ਨਾਟਕ ਲਿਖਣ, ਖੇਡਣ ਅਤੇ ਵਧੀਆ ਫਿਲਮਾਂ ਬਣਾਉਣ ਵਾਸਤੇ

----

ਦਰਵੇਸ਼ - ਤੁਹਾਡੀ ਜ਼ਿੰਦਗੀ ਵਿੱਚ ਕਦੇ ਕੋਈ ਮਰਦ ਜਾਂ ਕੋਈ ਔਰਤ ਤੁਹਾਥੋਂ ਪ੍ਰਭਾਵਿਤ ਹੋਇਆ ਹੈ ਜਾਂ ਨਹੀਂ ?

ਸਰਹੱਦੀ - ਇਸ ਬਾਰੇ ਮੈਂ ਕੋਈ ਬਹੁਤੇ ਯਕੀਨ ਨਾਲ ਨਹੀਂ ਕਹਿ ਸਕਦਾ ਹਾਂਕਈ ਲੋਕ ਖ਼ੁਦ ਹੀ ਕਹਿ ਦਿੰਦੇ ਨੇ ਕਿ ਅਸੀਂ ਤੁਹਾਥੋਂ ਪ੍ਰਭਾਵਿਤ ਹਾਂ

----

ਦਰਵੇਸ਼ - ਤੁਸੀਂ ਕਿਸ ਗੱਲ ਤੋਂ ਸਭ ਤੋਂ ਵੱਧ ਡਰਦੇ ਹੋ ?

ਸਰਹੱਦੀ - ਕਿ ਕਿਧਰੇ ਜਿੰਦਗੀ ਚ ਆਲਸੀ, ਸੁਸਤ ਨਿਕੰਮਾ ਨਾ ਹੋ ਜਾਵਾਂ

----

ਦਰਵੇਸ਼ - ਉਹ ਕਿਹੜਾ ਲੇਖਕ ਹੈ, ਜਿਸਤੋਂ ਤੁਸੀਂ ਕਦੇ ਪ੍ਰਭਾਵਿਤ ਹੋਏ ਅਤੇ ਕਿਉਂ ਹੋਏ ?

ਸਰਹੱਦੀ - ਰੂਸੀ ਲੇਖਕ ਦੋਸਤੋਵਸਕੀ ,ਉਹਨਾਂ ਦੀ ਰਚਨਾਵਾਂ ਵਿੱਚ ਕਰਾਈਮ ਅਤੇ ਮਨੋਵਿਗਿਆਨ ਦਾ ਤਾਲਮੇਲ ਲਾਜਵਾਬ ਹੁੰਦਾ ਸੀ

----

ਦਰਵੇਸ਼ - ਉਹ ਕਿਹੜਾ ਸੁਪਨਾ ਹੈ ਜਿਸ ਨੂੰ ਪੂਰਾ ਕਰਨ ਲਈ ਤੁਸੀਂ ਅੱਜ ਤੱਕ ਲੜ ਰਹੇ ਹੋ ?

ਸਰਹੱਦੀ - ਆਮ ਆਦਮੀ ਦੀ ਖੁਸ਼ੀ ਲਈ ਮੈਂ ਆਖਰੀ ਦਮ ਤੱਕ ਲੜਦਾ ਰਹਾਂਗਾ

----

ਦਰਵੇਸ਼ - ਤਹਾਨੂੰ ਵੱਡਾ ਝੂਠ ਬੋਲਣ ਦੀ ਜ਼ਰੂਰਤ ਕਦੋਂ ਪੈਂਦੀ ਹੈ ?

ਸਰਹੱਦੀ - ਜਦੋਂ ਸਾਹਮਣੇ ਵਾਲੇ ਨੂੰ ਕੋਈ ਤਕਲੀਫ਼ ਨਾ ਹੋਵੇ ਅਤੇ ਮੈਂ ਕਿਸੇ ਕਿਸਮ ਦਾ ਸਮਝੌਤਾ ਕਰਨ ਤੋਂ ਬਚ ਜਾਵਾਂ

----

ਦਰਵੇਸ਼ - ਉਹ ਕਿਹੜਾ ਸ਼ਰਮਨਾਕ ਹਾਦਸਾ ਸੀ ਜਿਸ ਨੇ ਤਹਾਨੂੰ ਬੁਰੀ ਤਰ੍ਹਾਂ ਤੋੜਿਆ ਹੋਵੇ ?

ਸਰਹੱਦੀ - ਕਚਹਿਰੀ ਵਿੱਚ ਲੰਮੀ ਖੱਜਲ ਖੁਆਰੀ ਤੋਂ ਬਾਅਦ ਇੱਕ ਕੇਸ ਹਾਰ ਜਾਣਾ ਅਤੇ ਆਪਣੀ ਫਿਲਮ ਤੇਰੇ ਸ਼ਹਿਰ ਮੇਂਰੀਲੀਜ਼ ਨਾ ਕਰ ਸਕਣਾ

----

ਦਰਵੇਸ਼ - ਆਪਣੇ ਵਿਅਕਤੀਤਵ ਵਿੱਚ ਤੁਸੀਂ ਕੀ ਪਸੰਦ ਕਰਦੇ ਹੋ ਅਤੇ ਕੀ ਨਾਂ-ਪਸੰਦ ?

ਸਰਹੱਦੀ - ਮਨਪਸੰਦ ਖਾਣਾ, ਸ਼ਰਾਬ ,ਔਰਤ ਅਤੇ ਕੁਦਰਤ ਨੂੰ ਬਹੁਤ ਪਸੰਦ ਕਰਦਾ ਹਾਂ ਰੁਕਣਾ, ਠਹਿਰ ਜਾਣਾ ਅਤੇ ਕਿਸੇ ਵੀ ਤਰਾਂ ਦੀ ਪਾਬੰਦੀ ਮੈਂ ਕਦੇ ਵੀ ਆਪਣੇ ਉਪਰ ਲਾਗੂ ਨਹੀਂ ਹੋਣ ਦਿੰਦਾ

----

ਦਰਵੇਸ਼ - ਜਿੰਦਗੀ ਦਾ ਕੋਈ ਕੋਈ ਕੌੜਾ ਸੱਚ, ਜਿਸਨੂੰ ਤੁਸੀਂ ਕਦੇ ਭੁਲਾ ਨਹੀਂ ਸਕੇ ?

ਸਰਹੱਦੀ - ਲੋਰੀਫਿਲਮ ਦਾ ਫਲਾਪ ਹੋ ਜਾਣਾ ਅਗਲਾ ਮੌਸਮਅਤੇ ਅੱਜ ਤੇਰੇ ਸ਼ਹਿਰ ਮੇਂ’ (ਜਿਹੜੀ ਸਮਿਤਾ ਪਾਟਿਲ ਦੀ ਆਖਰੀ ਫਿਲਮ ਸੀ) ਦਾ ਰੀਲੀਜ਼ ਨਾ ਹੋ ਸਕਣਾ

----

ਦਰਵੇਸ਼ - ਅੱਜ ਤੱਕ ਪੜ੍ਹੇ ਅਤੇ ਲਿਖੇ ਨਾਟਕਾਂ ਵਿੱਚੋਂ ਤਹਾਨੂੰ ਸਭ ਤੋਂ ਵਧੀਆਂ ਨਾਟਕ ਕਿਹੜਾ ਅਤੇ ਕਿਉਂ ਲੱਗਿਆ ?

ਸਰਹੱਦੀ - ਅੰਧਾ ਯੁੱਗ ਕਿਉਂਕਿ ਇਸ ਨਾਟਕ ਵਿੱਚ ਆਦਮੀ ਦੀ ਬੇਵਸੀ ਅਤੇ ਇਸ ਤੋਂ ਪੈਦਾ ਹੋਏ ਦਰਦ ਨੂੰ ਬਹੁਤ ਹੀ ਸ਼ਿੱਦਤ ਨਾਲ ਪੇਸ਼ ਕੀਤਾ ਗਿਆ ਹੈ

----

ਦਰਵੇਸ਼ - ਕਿਹੋ ਜਿਹੇ ਕੱਪੜੇ ਪਹਿਨਕੇ ਤੁਸੀਂ ਆਪਣੇ ਆਪ ਨੂੰ ਰੁਮਾਂਟਿਕ ਮਹਿਸੂਸ ਕਰਦੇ ਹੋ ?

ਸਰਹੱਦੀ - ਸਫੈਦ ਕੱਪੜੇ ਪਹਿਨ ਕੇ ਜਿਵੇਂ ਮੈਂ ਉਡੂੰ-ਉਡੂੰ ਹੀ ਕਰਨ ਲੱਗ ਜਾਂਦਾ ਹਾਂ

----

ਦਰਵੇਸ਼ - ਆਪਣੀ ਮਿਹਨਤ ਦੇ ਪੈਸੇ ਨਾਲ ਤੁਸੀਂ ਕਿਸ ਕਿਸਮ ਦੀ ਐਸ਼ ਕਰਦੇ ਹੋ ?

ਸਰਹੱਦੀ - ਮੈਂ ਕੁਦਰਤ ਨੂੰ ਬਹੁਤ ਨੇੜਿਓ ਹੋ ਕੇ ਵੇਖਦਾ ਹਾਂ ਅਤੇ ਬਹੁਤ ਸਾਰੀਆਂ ਵਧੀਆ ਕਿਤਾਬਾਂ ਖਰੀਦ ਲੈਂਦਾ ਹਾਂ

----

ਦਰਵੇਸ਼ - ਜੇਕਰ ਤੁਹਾਥੋਂ ਕਲਮ ਅਤੇ ਮੰਚ ਖੋਹ ਲਿਆ ਜਾਵੇ ਤਾਂ ਤੁਸੀਂ ਕੀ ਕਰੋਗੇ ?

ਸਰਹੱਦੀ - ਮੈਂ ਖੋਹਣ ਵਾਲੇ ਦਾ ਖ਼ੂਨ ਕਰ ਦਿਆਂਗਾ

----

ਦਰਵੇਸ਼ - ਤੁਸੀਂ ਆਪਣੀਆਂ ਗਲਤੀਆਂ ਨੂੰ ਕਿਸ ਤਰ੍ਹਾਂ ਨਜ਼ਰ ਅੰਦਾਜ਼ ਕਰਦੇ ਹੋ ?

ਸਰਹੱਦੀ - ਨਜ਼ਰ ਅੰਦਾਜ਼ ਨਹੀਂ ਕਰਦਾ ,ਬਲਕਿ ਉਨ੍ਹਾਂ ਤੋਂ ਕੁਝ ਸਿੱਖਦਾ ਹਾਂ

----

ਦਰਵੇਸ਼ - ਭਾਰਤੀ ਇਤਿਹਾਸ ਵਿੱਚੋਂ ਤਹਾਨੂੰ ਕਿਹੜਾ ਕਿਰਦਾਰ ਸਭ ਤੋਂ ਜ਼ਿਆਦਾ ਪਸੰਦ ਹੈ ?

ਸਰਹੱਦੀ - ਭਗਤ ਸਿੰਘ

----

ਦਰਵੇਸ਼ - ਕਿਸੇ ਜ਼ਬਰਦਸਤੀ ਦੇ ਖ਼ਿਲਾਫ਼ ਤੁਹਾਡੇ ਵਿਰੋਧ ਦੀ ਸੁਰ ਕਿਹੋ ਜਿਹੀ ਹੁੰਦੀ ਹੈ ?

ਸਰਹੱਦੀ - ਮੈਂ ਆਪਣੀ ਤਰਕਪੂਰਣ ਆਵਾਜ਼ ਬੁਲੰਦ ਕਰਦਾ ਹਾਂ ਅਤੇ ਕੋਸ਼ਿਸ਼ ਕਰਦਾ ਹਾਂ ਕਿ

ਅਜਿਹੀ ਜ਼ਬਰਦਸਤੀ ਦੋਬਾਰਾ ਨਾ ਹੋਵੇ

----

ਦਰਵੇਸ਼ - ਨਾਟਕ ਜਾਂ ਫਿਲਮ ਦੇ ਖੇਤਰ ਵਿੱਚ ਤੁਸੀਂ ਆਪਣਾ ਦਖਲ ਕਿਸ ਹੱਦ ਤੱਕ ਮਹਿਸੂਸ

ਕਰਦੇ ਹੋ ?

ਸਰਹੱਦੀ - ਕਦੇ ਘੱਟ, ਕਦੇ ਜ਼ਿਆਦਾ ਇਹ ਤਾਂ ਸਭ ਰੁਝੇਵਿਆਂ ਉਪਰ ਹੀ ਨਿਰਭਰ ਕਰਦਾ ਹੈ

----

ਦਰਵੇਸ਼ - ਬਾਲੀਵੁੱਡ ਦੀ ਵਧੀਆ ਫਿਲਮ ?

ਸਰਹੱਦੀ - ਮਦਰ ਇੰਡੀਆ

----

ਦਰਵੇਸ਼ - ਤੁਸੀਂ ਲਗਾਤਾਰ ਸੁਰਖੀਆਂ ਵਿੱਚ ਰਹਿਣਾ ਕਿਉਂ ਪਸੰਦ ਨਹੀਂ ਕਰਦੇ ?

ਸਰਹੱਦੀ - ਇਹੋ ਜਿਹਾ ਕੁੱਝ ਵੀ ਕਰਨਾ ਵਲਗਰ ਲੱਗਦਾ ਹੈ

----

ਦਰਵੇਸ਼ - ਤੁਸੀਂ ਅਜਿਹਾ ਕਿਹੜਾ ਕੰਮ ਕੀਤਾ ਜਾਵੇ ਜਿਸ ਨਾਲ ਕੁੱਝ ਖ਼ਾਸ ਲੋਕਾਂ ਨੂੰ ਜਲਨ ਹੋਈ

ਹੋਵੇ ?

ਸਰਹੱਦੀ - ਬਾਜ਼ਾਰਫਿਲਮ ਬਣਨ ਨਾਲ ਬਹੁਤ ਸਾਰੇ ਖ਼ਾਸ ਨੇ ਖਾਸ-ਖਾਸ ਮੀਟਿੰਗਾਂ ਅਮਲ

ਵਿੱਚ ਲਿਆਂਦੀਆਂ ਸਨ

----

ਦਰਵੇਸ਼ - ਤੁਸੀਂ ਕਿਹੋ ਜਿਹੀ ਕੁੜੀ ਨਾਲ ਸਬੰਧ ਬਨਾਉਣਾ ਚਾਹੁੰਦੇ ਹੋ ?

ਸਰਹੱਦੀ - ਜਿਹੜੀ ਮੇਰੀਆਂ ਸਾਰੀਆਂ ਗਲਤੀਆਂ ਨੂੰ ਮੁਆਫ਼ ਕਰ ਦੇਵੇ

----

ਦਰਵੇਸ਼ - ਤੁਸੀਂ ਸੰਘਰਸ਼ ਨੂੰ ਕਿਸ ਤਰ੍ਹਾਂ ਪ੍ਰੀਭਾਸ਼ਿਤ ਕਰੋਗੇ?

ਸਰਹੱਦੀ - ਕ੍ਰਾਂਤੀਕਾਰੀ ਸਾਹਿਤ ਪੜ੍ਹਨਾ ਅਤੇ ਲਿਖਣਾ ਅਤੇ ਵਿਵਸਥਾ ਨਾਲ ਲੜਨਾ

----

ਦਰਵੇਸ਼ - ਤੁਸੀਂ ਸਬੰਧਾਂ ਨੂੰ ਕਿਸ ਤਰ੍ਹਾਂ ਵਿਸ਼ਲੇਸ਼ਿਤ ਕਰੋਗੇ ?

ਸਰਹੱਦੀ - ਦੇਖਣ, ਸੁਨਣ ਅਤੇ ਜੀਅ ਕੇ ਵੇਖਣ ਤੋਂ ਬਿਨਾਂ ਸਬੰਧ ਵਿਸ਼ਲੇਸ਼ਿਤ ਕੀਤੇ ਨਹੀਂ ਜਾ ਸਕਦੇ

----

ਦਰਵੇਸ਼ - ਤੁਸੀਂ ਕਿਹੜਾ ਕੰਮ ਪੂਰਾ ਨਾ ਹੋਣ ਤੱਕ ਜਿਉਂਦੇ ਰਹਿਣਾ ਚਾਹੋਗੇ ?

ਸਰਹੱਦੀ - ਹਜ਼ਾਰੋਂ ਖ਼ਾਹਿਸ਼ੇ ਐਸ਼ੀ ਕਿ ਹਰ ਇੱਕ ਖ਼ਾਹਿਸ਼ ਪੇ ਦਮ ਨਿਕਲੇ


1 comment:

Gurmeet Brar said...

Down the memory lane....I have the previlige to meet Sarhaddi Sahib on the sets of Agla Mausam ( vagde paani was its Punjabi version)way back in late eighties while I was in college and one of my acquaintance Navtej Hundal was playing lead role in it.
thanks Darvesh for the interview.